.

ਸਾਰੀਆਂ ਲਿਖਤਾਂ ਨਾ ਛਾਪਣ ਦੀ ਖਿਮਾ

ਸਿੱਖ ਮਾਰਗ ਨੂੰ ਪੜ੍ਹਨ ਵਾਲੇ ਕਈ ਨਵੇਂ ਅਤੇ ਕਈ ਪੁਰਾਣੇ ਪਾਠਕ/ਲੇਖਕ ਕਦੀ-ਕਦੀ ਆਪਣੀਆਂ ਲਿਖਤਾਂ ਛਪਣ ਲਈ ਭੇਜਦੇ ਰਹਿੰਦੇ ਹਨ। ਜਦੋਂ ਦਾ ਮੈਂ ਆਪਣੇ ਆਪ ਨੂੰ ਸਿੱਖਾਂ ਦੇ ਧਰਮ ਤੋਂ ਬਾਹਰ ਕੀਤਾ ਹੈ ਅਤੇ ਸਿੱਖ ਮਾਰਗ ਨੂੰ ਹਫਤਾਵਾਰੀ ਅਤੇ ਆਮ ਹੀ ਅੱਪਡੇਟ ਹੋਣ ਵਾਲਾ ਪਾਠਕਾਂ ਦਾ ਪੰਨਾ ਅੱਪਡੇਟ ਕਰਨਾ ਬੰਦ ਕੀਤਾ ਹੈ ਉਸ ਤੋਂ ਬਾਅਦ ਮੈਂ ਸਿਰਫ ਉਹੀ ਲਿਖਤਾਂ ਛਾਪਦਾ ਹਾਂ ਜਿਨ੍ਹਾਂ ਤੋਂ ਸਮਾਜ ਨੂੰ ਕੋਈ ਚੰਗੀ ਸੇਧ ਮਿਲ ਸਕੇ। ਇਤਿਹਾਸ ਅਤੇ ਗੁਰਬਾਣੀ ਬਾਰੇ ਪਹਿਲਾਂ ਹੀ ਬਹੁਤ ਕੁੱਝ ਛਪ ਚੁੱਕਾ ਹੈ ਇਸ ਲਈ ਬਾਰ-ਬਾਰ ਉਹੀ ਗੱਲਾਂ ਨੂੰ ਦੁਹਰਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੈ। ਹਾਂ, ਕਿਸੇ ਖਾਸ ਨੁਕਤੇ ਨੂੰ ਸਪਸ਼ਟ ਕਰਨ ਬਾਰੇ ਗੱਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਮੈਂ ਗੁਰਬਾਣੀ ਵਿੱਚ ਆਏ ਰਾਮ ਸ਼ਬਦ ਬਾਰੇ ਅਤੇ ਬਾਬਾ ਫਰੀਦ ਦੀ ਨਿਵਾਜ਼ਾਂ ਪੜ੍ਹਨ ਵਾਲੀ ਗੱਲ ਕੀਤੀ ਸੀ।

ਅੱਜ 31 ਅਕਤੂਬਰ ਦਾ ਦਿਨ ਹੈ ਅਤੇ ਅੱਜ ਦੇ ਦਿਨ ਅੱਜ ਤੋਂ 41 ਸਾਲ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ। ਉਸ ਕਤਲ ਤੋਂ ਬਾਅਦ ਦਿੱਲੀ ਵਿੱਚ ਅਤੇ ਹੋਰ ਕਈ ਥਾਵਾਂ ਤੇ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ। ਬਲਾਤਕਾਰ ਕੀਤੇ ਗਏ ਅਤੇ ਜੀਂਉਂਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ। ਹੋਰ ਵੀ ਬਹੁਤ ਘਿਨਾਉਂਣੇ ਜ਼ੁਲਮ ਹੋਏ। ਇਸ ਬਾਰੇ ਹੁਣ ਤੱਕ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ ਅਤੇ ਹੁਣ ਵੀ ਕੁੱਝ ਦਿਨ ਸ਼ੋਸ਼ਲ ਮੀਡੀਏ ਤੇ ਇਸ ਬਾਰੇ ਪੋਸਟਾਂ ਪਉਣ ਦੀ ਭਰਮਾਰ ਹੋਵੇਗੀ। ਇਸ ਸਾਰੇ ਬਿਰਤਾਂਤ ਬਾਰੇ ਇੱਕ ਪਾਸੇ ਰੱਜ ਕੇ ਫੁਕਰੀਆਂ ਮਾਰੀਆਂ ਜਾਣਗੀਆਂ, ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਵੇਗਾ ਅਤੇ ਦੂਜੇ ਪਾਸੇ ਨਾਲ ਹੀ ਨਸਲਕੁਸ਼ੀ ਦਾ ਅਰਾਟ ਪਾਇਆ ਜਾਵੇਗਾ। ਇਹ ਸਾਰਾ ਕੁੱਝ ਕਿਉਂ ਹੋਇਆ? ਕੀ ਇਸ ਵਿੱਚ ਸਿੱਖਾਂ ਦਾ ਅਤੇ ਸਿੱਖ ਲੀਡਰਾਂ ਦਾ ਵੀ ਕੋਈ ਕਸੂਰ ਸੀ ਜਾਂ ਨਹੀਂ ਇਸ ਬਾਰੇ ਸੱਚ ਬੋਲਣ ਲੱਗਿਆਂ ਮੂੰਹ ਨੂੰ ਛਿੱਕਲੀ ਲੱਗ ਜਾਵੇਗੀ? ਕੋਈ ਵਿਰਲਾ-ਵਿਰਲਾ ਮਾਈ ਦਾ ਲਾਲ ਜਰੂਰ ਗੱਲ ਕਰੇਗਾ।

1984 ਦੇ ਦੁਖਾਂਤ ਅਤੇ ਜੋ ਕੁੱਝ ਉਸ ਵੇਲੇ ਦਰਬਾਰ ਸਾਹਿਬ ਵਿੱਚ ਜਾਂ ਇਸ ਦੇ ਇਰਦ ਗਿਰਦ ਹੋ ਰਿਹਾ ਸੀ ਤਾਂ ਇਸ ਦੇ ਚਸਮਸ਼ੀਦ ਗਵਾਹ ਜੋ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ, ਉਨ੍ਹਾਂ ਦੀਆਂ ਇੰਟਰਵਿਊ ਸੁਣੋਂ। ਇਹ ਦੋ ਨਾਮ ਹਨ ਅਸੰਤ ਕੁੱਲਜਿੰਦਰ ਸਿੰਘ ਢਿੱਲੋਂ ਅਤੇ ਸੁਖਵਿੰਦਰ ਦਿਆਲ ਸਿੰਘ। ਗੁਰਬਾਣੀ ਬਾਰੇ, ਇਤਿਹਾਸ ਬਾਰੇ ਅਤੇ ਖਾਸ ਕਰਕੇ ਦਸਮ ਗ੍ਰੰਥ ਸਮੇਤ ਹੋਰ ਕੂੜ ਗ੍ਰੰਥਾਂ ਬਾਰੇ ਸੱਚ ਜਾਨਣਾ ਚਾਹੁੰਦੇ ਹੋ ਤਾਂ ਸੱਚ ਦੀ ਖੋਜ ਵਾਲੇ ਬਲਦੇਵ ਸਿੰਘ ਐੱਮ: ਏ: ਨੂੰ ਸੁਣੋਂ। ਆਪਣੇ ਅਕਾਲ ਤਖ਼ਤ ਬਾਰੇ ਸੱਚ ਜਾਨਣਾ ਚਾਹੁੰਦੇ ਹੋ ਤਾਂ ਡਾ: ਇਕਬਾਲ ਸਿੰਘ ਢਿੱਲੋਂ ਨਾਲ ਸੰਬਾਦ ਰਚਾਓ। ਜੇ ਕਰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਸਿੱਖ ਮਾਰਗ ਤੇ ਪੜ੍ਹਿਆ ਜਾ ਸਕਦਾ ਹੈ। ਖਾਲਿਸਤਾਨ ਬਾਰੇ ਅਤੇ ਭਿੰਡਰਾਂਵਾਲੇ ਸਾਧ ਬਾਰੇ ਲਾਈਵ ਗੱਲਬਾਤ ਕਰਨਾ ਚਾਹੁਦੇ ਹੋ ਤਾਂ ਸਾਬਕਾ ਖਾਲਿਸਤਾਨੀ ਸੰਘਾ ਸ਼ੋਅ ਤੇ ਜਾਓ। ਉਹ ਬਾਰ-ਬਾਰ ਸੱਦਦਾ ਹੈ ਪਰ ਜਾਂਦੇ ਨਾਮ ਮਾਤਰ ਹੀ ਹਨ। ਇਸ ਸਾਬਕਾ ਖਾਲਿਸਤਾਨੀ ਬਾਰੇ ਇੱਕ ਗੱਲ ਯਾਦ ਰੱਖੋ ਕਿ ਇਹ ਦੋ ਗੱਲਾਂ ਬਾਰੇ ਬਿੱਲਕੁੱਲ ਸਪਸ਼ਟ ਅਤੇ ਠੀਕ ਗੱਲ ਕਰਦਾ ਹੈ ਪਰ ਦੋ ਗੱਲਾਂ ਬਾਰੇ ਬਿੱਲਕੁੱਲ ਗਲਤ ਕਿਉਂਕਿ ਪੁਨੀਤ ਸਾਹਨੀ ਵਰਗਿਆਂ ਦਾ ਇਸ ਤੇ ਪ੍ਰਭਾਵ ਹੈ ਜੋ ਕਿ ਮਿਤਿਹਾਸ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ। ਜਿਸ ਤਰਹਾਂ ਡੇਰਿਆਂ ਨਾਲ ਸੰਬੰਧਿਤ ਸਿੱਖਾਂ ਦੀ ਸਿੱਖੀ ਕੂੜ ਗ੍ਰੰਥਾਂ ਤੇ ਟਿਕੀ ਹੋਈ ਹੈ ਉਸੇ ਤਰ੍ਹਾਂ ਦੀ ਇਨ੍ਹਾਂ ਦੀ ਹੈ। ਇੱਕ ਗੱਲ ਹੋਰ ਜਰੂਰੀ ਚੇਤੇ ਰੱਖੋ। ਜਿਹੜੇ ਸਿੱਖ ਫੁਕਰੀਆਂ ਮਾਰਨ ਵਾਲੇ ਲੋਕਾਂ ਨੂੰ ਬਹੁਤ ਮਹਾਨ ਬਣਾ ਕੇ ਪੇਸ਼ ਕਰਦੇ ਹਨ ਅਤੇ ਝੂਠੇ ਬਿਰਤਾਂਤ ਸਿਰਜ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਉਹ ਕਦੀ ਵੀ ਸਮਾਜ ਦਾ ਅਤੇ ਪੰਜਾਬ ਦਾ ਭਲਾ ਨਹੀਂ ਸੋਚ ਸਕਦੇ।

ਜਿਹੜੇ ਸਿੱਖ ਭਿੰਡਰਾਂਵਾਲੇ ਸਾਧ ਨੂੰ, ਦੀਪ ਸਿੱਧੂ ਨੂੰ, ਡਿਬਰੂਗੜ ਵਾਲੇ ਅੰਮ੍ਰਿਤਪਾਲ ਨੂੰ ਜਾਂ ਹੋਰ ਇਸ ਤਰ੍ਹਾਂ ਦਿਆਂ ਫੁਕਰਿਆਂ ਨੂੰ ਬਹੁਤ ਮਹਾਨ ਬਣਾ ਕੇ ਪੇਸ਼ ਕਰਦੇ ਹਨ ਅਤੇ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਹਨ ਉਨ੍ਹਾਂ ਨੂੰ ਸਿੱਖ ਮਾਰਗ ਲਈ ਬਿੱਲਕੁੱਲ ਨਹੀਂ ਲਿਖਣਾ ਚਾਹੀਦਾ। ਉਨ੍ਹਾਂ ਨੂੰ ਤਾਂ ਜਿੰਨਾ ਹੋ ਸਕੇ ਸਿੱਖ ਮਾਰਗ ਪੜ੍ਹਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਇੱਕ ਗੱਲ ਹੋਰ ਚੇਤੇ ਰੱਖੋ ਜਿਹੜੀ ਬਹੁਤ ਜਰੂਰੀ ਹੈ। ਉਹ ਇਹ ਹੈ ਕਿ ਜਿਹੜਾ ਵੀ ਕੋਈ ਸੱਜਣ ਸੱਚ ਦੱਸਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਇਹ ਸਾਧਾਂ ਦੇ ਚੇਲੇ ਧਰਮ ਵਿਰੋਧੀ ਜਾਂ ਪੰਥ ਵਿਰੋਧੀ ਗਰਦਾਨਦੇ ਹਨ। ਇਨ੍ਹਾਂ ਦਾ ਪੰਥ ਉਹੀ ਹੈ ਜਿਹੜਾ ਧਰਮ ਦੇ ਨਾਮ ਤੇ ਗੁੰਡਾ ਗਰਦੀ ਅਤੇ ਬਦਮਾਸ਼ੀ ਕਰਨ ਦੀ ਖੁੱਲ ਦਿੰਦਾ ਹੈ। ਡਰੱਗ ਸਮਗਲਿੰਗ ਵੀ ਇਨ੍ਹਾਂ ਦੇ ਪੰਥ ਦਾ ਹੀ ਇੱਕ ਹਿੱਸਾ ਹੈ। ਡਰੱਗ ਖਾਣ ਵਾਲੇ ਅਤੇ ਹੋਰ ਨਸ਼ੇ ਕਰਨ ਵਾਲੇ ਇਨ੍ਹਾਂ ਦੇ ਪੰਥ ਵਿੱਚ ਮੋਹਰੀ ਰੋਲ ਅਦਾ ਕਰਦੇ ਹਨ। ਇਨ੍ਹਾਂ ਦਾ ਚਹੇਤਾ ਦਸਮ ਗ੍ਰੰਥ ਵੀ ਇਹੀ ਗੱਲ ਕਹਿੰਦਾ ਹੈ ਕਿ ਮੈਂ ਆਪਣੇ ਪੰਥ ਵਿੱਚ ਕੋਈ ਸੋਫੀ ਨਹੀਂ ਰਹਿਣ ਦੇਣਾ ਕਿਉਂਕਿ ਸੋਫੀ ਸੂਮ ਹੁੰਦੇ ਹਨ। ਭਾਈ ਸਰਬਜੀਤ ਸਿੰਘ ਨੂੰ ਵੀ ਪੰਥ ਦੇ ਨਾਮ ਤੇ ਜਿਤਾਇਆ ਸੀ ਉਸ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਉਹ ਬਹੁਤ ਸਾਰੇ ਨਸ਼ੇ ਕਰਨ ਦਾ ਆਦੀ ਹੈ। ਪਾਰਲੀਮਿੰਟ ਵਿੱਚ ਜਾ ਕੇ ਉਸ ਨੇ ਪੰਜਾਬ ਦੇ ਮੁੱਦਿਆਂ ਤੇ ਬੋਲ ਕੇ ਧੂੜਾਂ ਪੁੱਟ ਸੁੱਟੀਆਂ ਹਨ ਕਿ ਨਹੀਂ?

ਖਾਸਿਲਤਾਨੀਆਂ ਵਿੱਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਜੋ ਲੀਡਰ ਹੈ ਉਹ ਹੈ ਅਤਿੰਦਰਪਾਲ ਸਿੰਘ ਖਾਲਿਸਤਾਨੀ। ਉਹ ਕਿਸ ਤਰ੍ਹਾਂ ਦੇ ਬਿਰਤਾਂਤ ਸਿਰਜਣ ਵਿੱਚ ਮਾਹਰ ਹੈ ਇਹ ਤੁਸੀਂ ਖੁਦ ਹੀ ਦੇਖ ਸੁਣ ਲੈਣਾ। ਪਹਿਲਾਂ ਮੈਂ ਉਸ ਨੂੰ ਸੁਣ ਲੈਂਦਾ ਸੀ ਪਰ ਹੁਣ ਸੁਣਨ ਤੋਂ ਗੁਰੇਜ ਕਰਦਾ ਹਾਂ। ਉਸ ਦੀਆਂ ਕੁੱਝ ਵੀਡੀਓ ਤੁਸੀਂ ਸੁਣ ਲੈਣੀਆਂ ਪਰ ਮੈਂ ਸੁਣੀਆਂ ਨਹੀਂ ਮੈਂਨੂੰ ਉਸ ਦੇ ਹੈਡਿੰਗ ਤੋਂ ਹੀ ਪਤਾ ਲੱਗ ਗਿਆ ਸੀ ਕਿ ਉਸ ਵਿੱਚ ਕਿਸ ਤਰਹਾਂ ਦੇ ਬਿਰਤਾਂਤ ਸਿਰਜੇਗਾ। ਇੱਕ ਵੀਡੀਓ ਸੂਰਜ ਪਰਕਾਸ਼ ਗ੍ਰੰਥ ਬਾਰੇ ਸੁਣ ਲੈਣੀ ਅਤੇ ਇੱਕ ਅਕਾਲ ਤਖ਼ਤ ਬਾਰੇ। ਫਿਰ ਤੁਸੀਂ ਇਸ ਦੇ ਜਵਾਬ ਵਾਲੀਆਂ ਸ: ਬਲਦੇਵ ਸਿੰਘ ਐੱਮ: ਏ: ਦੀਆਂ ਸੁਣ ਲੈਣੀਆਂ। ਫਰਕ ਤੁਹਾਨੂੰ ਆਪੇ ਸਮਝ ਆ ਜਾਵੇਗਾ। ਸੋ ਅੰਤ ਵਿੱਚ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਆਪਣੀ ਲਿਖਤ ਉਹੀ ਛਪਣ ਲਈ ਭੇਜੇ ਜਿਹੜੀ ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਅਤੇ ਸੱਚ ਦੇ ਅਧਾਰਤ ਹੋਵੇ। ਉਸ ਵਿੱਚ ਇਤਿਹਾਸ ਮਿਥਿਹਾਸ ਵਾਲੀ ਵਾਲੀ ਅੰਨੀ ਸ਼ਰਧਾ ਜਾਂ ਨਿਰੀਆਂ ਝੂਠੇ ਬਿਰਤਾਂਤ ਵਾਲੀਆਂ ਫੁਕਰੀਆਂ ਨਾ ਹੋਵਣ। ਧੰਨਵਾਦ!

ਮੱਖਣ ਪੁਰੇਵਾਲ,

ਅਕਤੂਬਰ 31, 2025.





.