.
ਗੁਰਬਾਣੀ ਵਿੱਚ ਆਏ ਰਾਮ ਸ਼ਬਦ ਬਾਰੇ ਵਿਚਾਰ
ਸਨਾਤਨੀ ਧਰਮ ਨੂੰ ਮੰਨਣ ਵਾਲੇ ਲੋਕ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਜੋ ਰਾਮ ਦਾ ਜ਼ਿਕਰ ਆਇਆ ਹੈ ਉਹ ਅਵਤਾਰ/ਭਗਵਾਨ ਰਾਮ ਚੰਦਰ ਦਾ ਹੈ ਅਤੇ ਇਸ ਦੀ ਵਿਆਖਿਆ ਦਸਵੇਂ ਗੁਰੂ ਨੇ ਦਸਮ ਗ੍ਰੰਥ ਵਿੱਚ ਵਿਸਥਾਰ ਨਾਲ ਕੀਤੀ ਹੈ। ਸਿੱਖ ਕਹਿੰਦੇ ਹਨ ਕਿ ਨਹੀਂ। ਗੁਰਬਾਣੀ ਵਿੱਚ ਰਾਮ, ਸਾਰੀ ਸ੍ਰਿਸਟੀ ਵਿੱਚ ਰਮੇ ਹੋਏ ਰਾਮ ਨੂੰ ਕਿਹਾ ਗਿਆ ਹੈ ਅਤੇ ਜਿੱਥੇ ਦਸਰਥ ਦੇ ਪੁੱਤਰ ਰਾਮ ਦਾ ਜ਼ਿਕਰ ਆਇਆ ਹੈ ਉਥੇ ਉਸ ਰਾਮ ਦੀ ਨੁਕਤਾਚੀਨੀ ਕੀਤੀ ਗਈ ਹੈ। ਇਸ ਬਾਰੇ ਹੋਰ ਵਿਚਾਰ ਕਰਨ ਤੋਂ ਪਹਿਲਾਂ ਡਾ: ਰਤਨ ਸਿੰਘ ਜੱਗੀ ਦੇ ਰਾਮ ਚੰਦਰ ਬਾਰੇ ਵਿਚਾਰ ਜਾਣ ਲੈਣੇ ਵੀ ਲਾਹੇਬੰਦ ਹੋਣਗੇ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਈਟ ਤੋਂ ਲਏ ਗਏ ਹਨ:
ਰਾਮ-ਨਾਮ: ਭਾਰਤੀ ਸਾਹਿਤ ਵਿਚ ‘ਰਾਮ’ ਨਾਂ ਵਾਲੇ ਭਾਵੇਂ ਅਨੇਕ ਮਹਾਪੁਰਸ਼ਾਂ ਦੇ ਨਾਂਵਾਂ ਦਾ ਉੱਲੇਖ ਹੋਇਆ ਹੈ, ਪਰ ਸਭ ਤੋਂ ਜ਼ਿਆਦਾ ਪ੍ਰਸਿੱਧੀ ਦਸ਼ਰਥ ਪੁੱਤਰ ਰਾਮ ਨੂੰ ਮਿਲੀ ਹੈ। ਸ਼ੁਰੂ ਵਿਚ ਉਹ ਇਕ ਪਰਾਕ੍ਰਮੀ ਯੋਧਾ ਸਨ। ਪਰ ਹੌਲੀ ਹੌਲੀ ਉਹ ਯੋਧੇ ਤੋਂ ਪੁਰਸ਼ੋਤਮ ਅਤੇ ਫਿਰ ਪੁਰਸ਼ੋਤਮ ਤੋਂ ਬ੍ਰਹਮ ਦੇ ਰੂਪ ਵਿਚ ਲੋਕ-ਮਾਨਸ ਵਿਚ ਸਥਾਪਿਤ ਹੋ ਗਏ। ਕਾਲਾਂਤਰ ਵਿਚ ਸਗੁਣ ਭਗਤਾਂ ਵਿਚ ਉਨ੍ਹਾਂ ਨੂੰ ਵਿਸ਼ਣੂ ਦਾ ਅਵਤਾਰ ਮੰਨ ਕੇ ਉਨ੍ਹਾਂ ਦੀ ਉਪਾਸਨਾ ਸ਼ੁਰੂ ਹੋ ਗਈ ਜਿਸ ਦਾ ਮੁੱਖ ਸ਼੍ਰੇਯ ਦੱਖਣ ਦੇ ਆਲਵਾਰ ਸਾਧਕਾਂ ਅਤੇ ਰਾਮਾਨੁਜਾਚਾਰਯ ਨੂੰ ਹੈ।
ਚੌਦਵੀਂ ਸਦੀ ਵਿਚ ਸੁਆਮੀ ਰਾਮਾਨੰਦ ਨੇ ਰਾਮ- ਉਪਾਸਕਾਂ ਦੀ ਇਕ ਸੁਤੰਤਰ ਸੰਪ੍ਰਦਾਇ ਦਾ ਸੰਗਠਨ ਕੀਤਾ ਅਤੇ ਰਾਮਤਾਰਕ ਜਾਂ ਖਟ-ਅਖਰ (षडक्षरद्ध) ਰਾਮ-ਮੰਤ੍ਰ ‘रां रामाय नम: ‘ਨੂੰ ਵੈਸ਼ਣਵ-ਸਾਧਨਾ ਦੇ ਇਤਿਹਾਸ ਵਿਚ ਪਹਿਲੀ ਵਾਰ ‘ਬੀਜ-ਮੰਤ੍ਰ’ ਦਾ ਗੌਰਵ ਪ੍ਰਦਾਨ ਕੀਤਾ ਅਤੇ ਮਨੁੱਖ-ਮਾਤ੍ਰ ਨੂੰ ਰਾਮ-ਨਾਮ ਦੇ ਜਪ ਦਾ ਅਧਿਕਾਰੀ ਘੋਸ਼ਿਤ ਕੀਤਾ। ਪਰਵਰਤੀ ਸਾਧਕਾਂ ਨੇ ਇਸ ਮੰਤ੍ਰ ਨੂੰ ‘ਮੰਤ੍ਰਰਾਜ’, ‘ਬੀਜਮੰਤ੍ਰ’ ਅਤੇ ‘ਮਹਾਮੰਤ੍ਰ’ ਨਾਂ ਦੇ ਕੇ ਇਸ ਨੂੰ ਕਲਿਯੁਗ ਵਿਚੋਂ ਉਧਰਨ ਦਾ ਇਕ-ਮਾਤ੍ਰ ਉਪਾ ਜਾਂ ਸਾਧਨ ਦਸਿਆ। ‘ਉਨ੍ਹਾਂ ਨੇ ਉਸ ਨੂੰ ਵੇਦਾਂ ਦਾ ਪ੍ਰਾਣ, ਤ੍ਰਿਵੇਦਾਂ ਦਾ ਕਾਰਣ ਅਤੇ ਬ੍ਰਹਮ ਰਾਮ ਤੋਂ ਵੀ ਅਧਿਕ ਮਹਿਮਾ ਯੁਕਤ ਕਹਿ ਕੇ ਨਾਮ-ਆਰਾਧਨਾ ਵਿਚ ਏਕਾਂਤ ਨਿਸ਼ਠਾ ਪ੍ਰਗਟ ਕੀਤੀ। ਸੰਪ੍ਰਦਾਇਕ ਸਾਧਕਾਂ/ਆਚਾਰਯਾਂ ਨੇ ‘ਰਾਮ-ਨਾਮ’ ਦੀਆਂ ਵਖ ਵਖ ਤਰ੍ਹਾਂ ਮਹਾਤਮ-ਸੂਚਕ ਵਿਆਖਿਆਵਾਂ ਵੀ ਕੀਤੀਆਂ।’ ਰਾਮ-ਨਾਮ ਦੀ ਲੋਕਪ੍ਰਿਯਤਾ ਨੇ ‘ਰਾਮ-ਭਗਤੀ’ ਦੇ ਵਿਕਾਸ ਦੇ ਮਾਰਗ ਨੂੰ ਮੋਕਲਾ ਕੀਤਾ। ਨਿਰਗੁਣਵਾਦੀ ਸੰਤਾਂ ਨੇ ਰਾਮ-ਨਾਮ ਨੂੰ ਨਿਰਾਕਾਰ ਬ੍ਰਹਮ ਦਾ ਬੋਧਕ ਮੰਨਿਆ। ਸੰਤ ਕਬੀਰ ਜੀ ਨੇ ਨਿਰਗੁਣ ਬ੍ਰਹਮ ਨਾਲ ਉਸ ਦਾ (ਰਾਮ- ਨਾਮ ਦਾ) ਤਦਾਕਾਰ ਸਥਾਪਿਤ ਕਰਕੇ ਨਾਮ-ਸਾਧਨਾ ਨੂੰ ਇਕ ਨਵਾਂ ਮੋੜ ਦਿੱਤਾ।
ਇਥੇ ਇਹ ਧਿਆਨ ਯੋਗ ਹੈ ਕਿ ਨਿਰਗੁਣ- ਵਾਦੀਆਂ (ਸੰਤਾਂ) ਅਤੇ ਸਗੁਣਵਾਦੀਆਂ (ਵੈਸ਼ਣਵਾਂ) ਦੀ ਨਾਮ-ਸਾਧਨਾ ਵਿਚ ਭਿੰਨਤਾ ਹੈ। ਇਸ ਭਿੰਨਤਾ ਦਾ ਮੂਲ ਕਾਰਣ ਇਸ਼ਟ ਦਾ ਸਰੂਪ ਹੈ। ਸਗੁਣਵਾਦੀ ਸਾਧਕ ਰੂਪ (ਆਕਾਰ) ਤੋਂ ਬਿਨਾ ਨਾਮ ਦੀ ਕਲਪਨਾ ਹੀ ਨਹੀਂ ਕਰ ਸਕਦੇ। ਇਸ ਲਈ ਉਹ ਆਰਾਧੑਯ ਦੇਵ ਦੇ ਅੰਗਿਕ ਸੌਂਦਰਯ ਅਤੇ ਲੀਲਾ ਮਾਧੁਰਯ ਦੇ ਵਰਣਨ ਅਤੇ ਧਿਆਨ ਵਿਚ ਮਗਨ ਹੁੰਦੇ ਹਨ। ਇਸ ਸਥਿਤੀ ਵਿਚ ਉਪਾਸਕ ਦੇ ਹਿਰਦੇ ਵਿਚ ਉਪਾਸੑਯ ਤੋਂ ਆਪਣੀ ਵਖਰੀ ਹੋਂਦ ਦੀ ਅਨੁਭੂਤੀ ਨਿਰੰਤਰ ਹੁੰਦੀ ਰਹਿੰਦੀ ਹੈ। ਪਰ ਰਾਮ-ਨਾਮ ਵਿਚ ਮਗਨ ਤੱਤ੍ਵ-ਗਿਆਨ ਦੇ ਅਭਿਲਾਸ਼ੀ ਨਿਰਗੁਣਵਾਦੀ ਉਪਾਸਕ ਤਰਕ-ਹੀਨ ਸਥਿਤੀ ਵਿਚ ਪਹੁੰਚ ਕੇ ਆਪਣੇ ਆਪ ਨੂੰ ਭੁਲ ਜਾਂਦੇ ਹਨ। ਧਿਆਤਾ (ਧੑਯਾਤਾ) ਅਤੇ ਧੑਯੇਯ ਦੀ ਵਖਰੀ ਹੋਂਦ ਦਾ ਆਭਾਸ ਹੀ ਨਹੀਂ ਹੁੰਦਾ। ਉਨ੍ਹਾਂ ਦੀ ਅੰਤਰਮੁਖੀ ਚੇਤਨਾ ਬ੍ਰਹਮ-ਅਨੁਭਵ ਵਿਚ ਮਗਨ ਹੋ ਕੇ ਤਦ-ਰੂਪ ਹੋ ਜਾਂਦੀ ਹੈ। ਇਸ ਲਈ ਭਗਤ ਰਵਿਦਾਸ (ਰਵਿਦਾਸ ਹਮਾਰੋ ਰਾਮ ਜੀ ਦਸਰਥ ਕਰਿ ਸੁਤ ਨਾਹਿ) ਅਤੇ ਸੰਤ ਕਬੀਰ (ਦਸਰਥ ਸੁਤ ਤਿਹੁੰ ਉਰ ਬਖ਼ਾਨਾ। ਰਾਮ ਨਾਮ ਕਾ ਮਰਮ ਹੈ ਆਨਾ।) ਨੇ ਰਾਮ ਦੇ ਨਾਮ ਨੂੰ ਦਸ਼ਰਥ ਨਾਲੋਂ ਵਿਲਗ ਕਰਕੇ ਨਿਰਗੁਣ ਬ੍ਰਹਮ ਲਈ ਸਵੀਕਾਰਿਆ ਹੈ।
ਗੁਰਬਾਣੀ ਵਿਚ ਰਾਮ-ਨਾਮ ਦੀ ਸਥਿਤੀ ਨਿਰਗੁਣਵਾਦੀ ਸਾਧਕਾਂ ਵਾਲੀ ਹੈ ਅਤੇ ਉਹ ਨਿਰਾਕਾਰ ਬ੍ਰਹਮ ਲਈ ਪ੍ਰਚਲਿਤ ਹੋਏ ‘ਰਾਮ’ ਸ਼ਬਦ ਦੀ ਵਰਤੋਂ ਕਰਦੇ ਹਨ। ਇਸ ਨਾਲ ‘ਦਸ਼ਰਥੀ ਰਾਮ’ ਦਾ ਕੋਈ ਭਾਵਾਤਮਕ ਸੰਬੰਧ ਨਹੀਂ ਹੈ।
ਲੇਖਕ: ਡਾ। ਰਤਨ ਸਿੰਘ ਜੱਗੀ,
ਉਪਰ ਲਿਖੇ ਡਾ: ਰਤਨ ਸਿੰਘ ਜੱਗੀ ਦੇ ਵਿਚਾਰਾਂ ਦੀਆਂ ਅਖੀਰਲੀਆਂ ਦੋ ਪੰਗਤੀਆਂ ਧਿਆਨ ਨਾਲ ਪੜ੍ਹੋ ਅਤੇ ਸਮਝੋ ਕਿ ਗੁਰਬਾਣੀ ਵਿੱਚ ਆਏ ਰਾਮ ਨੂੰ ਕਿਸ ਸੰਧਰਵ ਵਿੱਚ ਲਿਆ ਗਿਆ ਹੈ। ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਨਦੀ ਅਤੇ ਨਾ ਹੀ ਕੋਈ ਰੱਬ ਕਿਸੇ ਬੰਦੇ ਦੇ ਰੂਪ ਵਿੱਚ ਸਰੀਰ ਧਾਰ ਕੇ ਦੁਨੀਆਂ ਦਾ ਕਲਿਆਣ ਕਰਨ ਲਈ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ। ਸਗੋਂ ਸਿੱਖਾਂ ਦੇ ਗੁਰੂ ਤਾਂ ਬੜੀ ਸਖਤ ਸ਼ਬਦਾਵਲੀ ਵਿੱਚ ਕਹਿੰਦੇ ਹਨ ਕਿ ਅਜਿਹੇ ਬੰਦੇ ਦਾ ਮੂੰਹ ਸੜ ਜਾਵੇ ਜਿਹੜਾ ਇਹ ਕਹਿੰਦਾ ਹੈ ਕਿ ਰੱਬ ਜਨਮ ਲੈ ਕੇ ਇਸ ਧਰਤੀ ਤੇ ਆਉਂਦਾ ਹੈ। ਹੇਠਾਂ ਕੁੱਝ ਸ਼ਬਦਾਂ ਦੀਆਂ ਪੰਗਤੀਆਂ ਅਤੇ ਪੰਨਾ ਨੰ: ਲਿਖ ਰਿਹਾ ਹਾਂ। ਪੂਰੇ ਸ਼ਬਦ ਦੇ ਅਰਥ ਜਾਨਣਾ ਚਾਹੁੰਦੇ ਹੋ ਤਾਂ ਇੰਟਰਨੈੱਟ ਤੇ ਜਾ ਕੇ ਪੜ੍ਹ ਲੈਣੇ:
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥  {ਪੰਨਾ 1136}
ਪਉੜੀ ॥ ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥ ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥ ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥ ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥  {ਪੰਨਾ 1095}
ਸੋ ਉਪਰ ਲਿਖੀਆਂ ਪੰਗਤੀਆਂ ਤੋਂ ਸਪਸ਼ਟ ਹੈ ਕਿ ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਨਦੀ ਅਤੇ ਨਾ ਹੀ ਦਸਰਥ ਦੇ ਪੁੱਤਰ ਰਾਮ ਦਾ ਨਾਮ ਜਪਣ ਲਈ ਕਹਿੰਦੀ ਹੈ। ਗੁਰਬਾਣੀ ਵਿੱਚ ਰਾਮ ਸ਼ਬਦ 2000 ਤੋਂ ਵੱਧ ਵਾਰੀ ਆਇਆ ਹੈ। ਉਨ੍ਹਾਂ ਸ਼ਬਦਾਂ ਵਿੱਚ ਬਹੁਤਾ ਕਰਕੇ ਰਮੇ ਹੋਏ ਰਾਮ ਭਾਵ ਕਿ ਕੁਦਰਤੀ ਨਿਯਮਾਂ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਕਾਦਰ ਨੂੰ ਕੁਦਰਤ ਵਿੱਚ ਵਸਿਆ ਮੰਨਦੀ ਹੈ।
ਹੇਠ ਲਿਖੀਆਂ ਗੁਰਬਾਣੀ ਦੀਆਂ ਉਹ ਪੰਗਤੀਆਂ ਹਨ ਜਿਨ੍ਹਾਂ ਵਿੱਚ ਅਸਲੀ ਰਾਮ ਚੰਦਰ ਦਾ ਜ਼ਿਕਰ ਆਇਆ ਹੈ ਅਤੇ ਉਨ੍ਹਾਂ ਵਿੱਚ ਉਸ ਦੇ ਨਾਮ ਜਪਣ ਦੀ ਗੱਲ ਨਹੀਂ ਕੀਤੀ ਸਗੋਂ ਨਿਕਾਰਤਮ ਪੱਖ ਵਿੱਚ ਆਇਆ ਹੈ:
 ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ {ਪੰਨਾ 953-954}
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥ ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥ ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥  {ਪੰਨਾ 1412}
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥ ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥  {ਪੰਨਾ 1412}
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਲੰਕਾ ਲੂਟੀ ਦੈਤ ਸੰਤਾਪੈ ॥ ਰਾਮਚੰਦਿ ਮਾਰਿਓ ਅਹਿ ਰਾਵਣੁ ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥  {ਪੰਨਾ 942}
ਆਓ ਹੁਣ ਭਗਤ ਨਾਮਦੇਵ ਜੀ ਨੂੰ ਪੁੱਛਦੇ ਹਾਂ ਕਿ ਬਾਬਾ ਜੀ ਤੁਸੀਂ ਦੱਸੋ ਕਿ ਤੁਹਾਡੇ ਕੀ ਵਿਚਾਰ ਹਨ ਰਾਮ ਬਾਰੇ। ਬਾਬਾ ਨਾਮਦੇਵ ਜੀ ਇੱਕ ਪਾਸੇ ਸਨਾਤਨੀ ਅਵਤਾਰਾਂ ਦਾ ਪ੍ਰਚੱਲਤ ਇਤਿਹਾਸ/ਮਿਥਿਹਾਸ ਅਨੁਸਾਰ ਮੌਜੂ ਉਡਾਉਂਦੇ ਹਨ ਅਤੇ ਦੂਸਰੇ ਪਾਸੇ ਪੂਰੀ ਸ਼ਰਧਾ ਨਾਲ ਸਾਲਾਹੁੰਦੇ ਵੀ ਹਨ। ਇਹ ਮਾਜਰਾ ਕੀ ਹੈ? ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ ਪਰ ਦੋਵੇਂ ਧਿਰਾਂ ਇਨ੍ਹਾਂ ਦੋਹਾਂ ਸ਼ਬਦਾਂ ਵਿਚੋਂ ਇੱਕ ਸ਼ਬਦ ਨੂੰ ਚੁਣ ਕੇ ਆਪਣਾ ਪੱਖ ਸਿੱਧ ਕਰਦੀਆਂ ਹਨ ਪਰ ਦੂਸਰੇ ਪਾਸੇ ਤੋਂ ਇੱਕ ਕਿਸਮ ਦੀ ਖੇਸਲ ਵੱਟ ਲੈਂਦੀਆਂ ਹਨ। ਭਗਤ ਨਾਮ ਜੀ ਦੇ ਇਹ ਦੋ ਸ਼ਬਦ ਇਸ ਤਰ੍ਹਾਂ ਹਨ:
ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥ ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥  {ਪੰਨਾ 874-875}
ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥  {ਪੰਨਾ 988}
ਉਂਜ ਗੁਰਬਾਣੀ ਨਾ ਤਾਂ ਅਵਤਾਰਵਾਦ ਨੂੰ ਮੰਨਦੀ ਅਤੇ ਹੈ ਅਤੇ ਨਾ ਹੀ ਚਾਰ ਜੁੱਗਾਂ ਨੂੰ ਕੋਈ ਮਾਨਤਾ ਦਿੰਦੀ ਹੈ। ਪਰ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਵਿੱਚ ਰਾਮ ਅਤੇ ਕ੍ਰਿਸ਼ਨ ਦੀ ਉਸਤਤੀ ਕੀਤੀ ਹੋਈ ਹੈ ਇਸੇ ਤਰ੍ਹਾਂ ਭੱਟਾਂ ਨੇ ਵੀ ਚਾਰ ਜੁੱਗਾਂ ਅਨੁਸਾਰ ਇਨਹਾਂ ਦੀ ਉਸਤਤੀ ਕੀਤੀ ਹੈ ਜੋ ਕਿ ਇਸ ਤਰ੍ਹਾਂ ਹੈ:
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ 
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ 
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥  {ਪੰਨਾ 1390}
ਸੋ ਮੁੱਕਦੀ ਗੱਲ ਇਹ ਹੈ ਕਿ 2000 ਤੋਂ ਉਪਰ ਜੋ ਗੁਰਬਾਣੀ ਵਿੱਚ ਰਾਮ ਦਾ ਨਾਮ ਆਇਆ ਹੈ ਉਹ ਦਸਰਥ ਦੇ ਪੁੱਤਰ ਤ੍ਰੇਤਾ ਜੁਗ ਦੇ ਅਵਤਾਰ ਰਾਮ ਦਾ ਨਹੀਂ ਹੈ। ਹਾਂ, ਕੁੱਝ ਥਾਵਾਂ ਤੇ ਆਇਆ ਹੈ ਜਿਸ ਤਾ ਜ਼ਿਕਰ ਉਪਰ ਸ਼ਬਦਾਂ ਵਿੱਚ ਦੱਸ ਦਿੱਤਾ ਹੈ ਅਤੇ ਨਾਲ ਹੀ ਪੰਨਾ ਨੰ: ਵੀ ਲਿਖ ਦਿੱਤਾ ਹੈ। ਜੇ ਕਰ ਇਹ ਮੰਨ ਲਿਆ ਜਾਵੇ ਹਰ ਥਾਂ ਜਿੱਥੇ ਰਾਮ ਦਾ ਨਾਮ ਆਇਆ ਹੈ ਉਹ ਉਹੀ ਰਾਮ ਹੈ ਜਿਸ ਦੀ ਵਿਆਖਿਆ ਬਚਿੱਤਰ ਨਾਟਕ ਵਿੱਚ ਵਿਸਥਾਰ ਨਾਲ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਸੰਬੰਧ ਗੁਰੂ ਕੁੱਲ ਨਾਲ ਜੁੜਦਾ ਹੈ ਤਾਂ ਫਿਰ ਜਦੋਂ ਗੁਰਬਾਣੀ ਇਹ ਕਹਿੰਦੀ ਹੈ ਕਿ ਧਰੂ ਭਗਤ ਅਤੇ ਪ੍ਰਹਿਲਾਦ ਨੇ ਵੀ ਰਾਮ ਦਾ ਨਾਮ ਜਪਿਆ ਸੀ ਫਿਰ ਉਹ ਕਿਹੜਾ ਰਾਮ ਜਪਿਆ ਸੀ? ਰਾਮ ਤਾਂ ਤ੍ਰੇਤੇ ਜੁਗ ਦਾ ਅਵਤਾਰ ਹੈ ਇਹ ਤਾਂ ਉਸ ਤੋਂ ਕਿਤੇ ਪਹਿਲਾਂ ਹੋਏ ਹਨ। ਭਾਂਵੇਂ ਮੈਂ ਸਿੱਖ ਨਹੀਂ ਹਾਂ ਪਰ ਜੋ ਮੈਨੂੰ ਸੱਚ ਲਗਦਾ ਹੈ ਦੱਸਣ ਦੀ ਕੋਸ਼ਿਸ਼ ਕਰਦਾ ਹਾਂ। ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ ਉਹ ਭਾਂਵੇਂ ਭਿੰਡਰਾਂਵਾਲੇ ਪਸ਼ੂ ਬਿਰਤੀ ਵਾਲੇ ਇੱਕ ਸਾਧ ਦੇ ਚੇਲੇ ਖਾਲਿਸਤਾਨੀ ਹਨ ਅਤੇ ਜਾਂ ਫਿਰ ਸਰਕਾਰੀ ਪਾਸੇ ਵੱਲ ਝੁਕਾ ਰੱਖਣ ਵਾਲੇ ਸਨਾਤਨੀ ਵਿਚਾਰਾਂ ਵਾਲੇ ਹਨ। ਇਹ ਦੋਵੇਂ ਧਿਰਾਂ ਰਲ ਕੇ ਨਾਨਕ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਮੈਂ ਬਿਨਾ ਕਿਸੇ ਦੀ ਪਰਵਾਹ ਤੇ ਸੱਚ ਦੱਸਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਸੁਚੇਤ ਵੀ ਕਰਦਾ ਰਹਿੰਦਾ ਹਾਂ। ਕੋਈ ਮੇਰੇ ਵਿਚਾਰਾਂ ਨੂੰ ਪੜ੍ਹਦਾ ਹੈ ਜਾਂ ਨਹੀਂ ਪੜ੍ਹਦਾ ਇਸ ਦੀ ਕੋਈ ਪਰਵਾਹ ਨਹੀਂ। ਇਸ ਦੀ ਵੀ ਕੋਈ ਪਰਵਾਹ ਨਹੀਂ ਕਿ ਕਿਸੇ ਨੂੰ ਚੰਗੇ ਲੱਗਦੇ ਹਨ ਜਾਂ ਨਹੀਂ। ਧੰਨਵਾਦ!
ਮੱਖਣ ਪੁਰੇਵਾਲ,
ਅਕਤੂਬਰ 19, 2025.




.