ਕੀ ਸਿੱਖਾਂ ਦੇ ਗੁਰੂ ਮੁਸਲਮਾਨਾ ਤੋਂ ਡਰਦੇ ਸਨ ਅਤੇ ਦੋਗਲੇ ਸਨ?
ਪਿਛਲੇ ਕਾਫੀ ਸਮੇ ਤੋਂ ਮੇਰੇ ਹਿਰਦੇ ਵਿਚੋਂ ਇੱਕ ਅਵਾਜ਼ ਉੱਠ ਰਹੀ ਹੈ ਜਿਹੜੀ ਕਿ ਮੈਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਇਹ ਗੱਲ ਕਿਸੇ ਸਿੱਖ ਨੂੰ ਚੰਗੀ ਲੱਗੇ ਜਾਂ ਨਾ ਲੱਗੇ ਮੈਂਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਜੋ ਮੈਨੂੰ ਸੱਚ ਦੀ ਸਮਝ ਆਈ ਹੈ ਉਹ ਮੈਂ ਸਮਾ ਮਿਲਣ ਤੇ ਕਹਿ ਹੀ ਦੇਣੀ ਹੈ ਅਤੇ ਕਹਿੰਦਾ ਆ ਰਿਹਾ ਹਾਂ। ਮੈਂ ਭਾਂਵੇਂ ਸਿੱਖ ਨਹੀਂ ਹਾਂ ਪਰ ਸਿੱਖ ਗੁਰੂਆਂ ਦਾ ਸਤਿਕਾਰ ਕਰਦਾ ਹਾਂ ਅਤੇ ਆਪਣੇ ਸਮੇ ਦੇ ਬਹੁਤ ਸਿਆਣੇ ਪੁਰਸ਼ ਸਮਝਦਾ ਹਾਂ। ਮੇਰੀ ਸੋਚ ਮੁਤਾਬਕ ਨਾ ਤਾਂ ਉਹ ਕਿਸੇ ਇਸਲਾਮ ਧਰਮ ਵਾਲਿਆਂ ਤੋਂ ਭਾਵ ਕਿ ਮੁਸਲਮਾਨਾ ਤੋਂ ਡਰਦੇ ਸਨ ਅਤੇ ਨਾ ਹੀ ਉਹ ਹੁਣ ਦੇ ਸਿੱਖਾਂ ਵਰਗੇ ਦੋਗਲੇ ਜਿਹੇ ਹੋ ਸਕਦੇ ਹਨ। ਮੈਂ ਗੱਲ ਕਰਨ ਲੱਗਿਆ ਹਾਂ ਬਾਬਾ ਫਰੀਦ ਜੀ ਦੇ ਕੁੱਝ ਸਲੋਕਾਂ ਦੀ। ਜਿਸ ਦੀ ਵਿਆਖਿਆ ਸਿੱਖ ਵਿਦਵਾਨਾ ਨੇ ਜੋ ਕੀਤੀ ਹੈ ਅਤੇ ਕਰ ਰਹੇ ਹਨ ਉਹ ਕਤਈ ਤੌਰ ਤੇ ਗੁਰਬਾਣੀ ਦੇ ਮੁੱਢਲੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਇਹ ਸਾਰੀ ਗੱਲ ਮਨੁੱਖੀ ਹੱਕਾਂ ਦੇ ਬਿੱਲਕੁੱਲ ਬਿਪਰੀਤ/ਉਲਟ ਜਾਂਦੀ ਹੈ। ਸ਼ੋਸ਼ਲ ਮੀਡੀਏ ਤੇ ਅਤੇ ਇੰਟਰਨੈੱਟ ਦੀਆਂ ਹੋਰ ਕਈ ਥਾਵਾਂ ਤੇ ਜੋ ਇਸ ਦੀ ਵਿਆਖਿਆ ਕਰਕੇ ਜੋ ਮਖੌਲ ਉਡਾਇਆ ਜਾ ਰਿਹਾ ਹੈ ਉਹ ਮੇਰੇ ਲਈ ਬਰਦਾਸ਼ਤ ਕਰਨਾ ਥੋੜਾ ਔਖਾ ਹੋ ਰਿਹਾ ਹੈ। ਇਸ ਲਈ ਇਹ ਕੁੱਝ ਸਤਰਾਂ ਲਿਖਣ ਲਈ ਮਜ਼ਬੂਰ ਹੋਣਾ ਪਿਆ ਹੈ। ਲਓ ਪਹਿਲਾਂ ਉਹ ਸਲੋਕ ਅਤੇ ਉਨ੍ਹਾਂ ਦੀ ਵਿਆਖਿਆ ਪੜ੍ਹ ਲਓ ਜੋ ਕਿ ਪ੍ਰੋ: ਸਾਹਿਬ ਸਿੰਘ ਜੀ ਦੀ ਕੀਤੀ ਹੋਈ ਹੈ ਫਿਰ ਗੱਲ ਅਗਾਂਹ ਤੋਰਦੇ ਹਾਂ:
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥ {ਪੰਨਾ 1381}
ਪਦ ਅਰਥ: ਰੀਤਿ = ਤਰੀਕਾ, ਜੀਊਣ ਦਾ ਤਰੀਕਾ। ਕਬ ਹੀ = ਕਦੇ ਭੀ। ਚਲਿ ਨ ਆਇਆ = ਚੱਲ ਕੇ ਨਹੀਂ ਆਏ, ਉੱਦਮ ਕਰ ਕੇ ਨਹੀਂ ਆਏ। ਬੇਨਿਵਾਜਾ = ਜੋ ਨਿਮਾਜ਼ ਨਹੀਂ ਪੜ੍ਹਦੇ, ਜੋ ਬੰਦਗੀ ਨਹੀਂ ਕਰਦੇ।
ਅਰਥ: ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਜੋ ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ। 70।
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥ {ਪੰਨਾ 1381}
ਪਦ ਅਰਥ: ਉਜੂ = ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਪੈਰ ਧੋਣੇ। ਉਜੂ ਸਾਜਿ = ਉਜ਼ੂ ਕਰ, ਮੂੰਹ ਹੱਥ ਧੋ। ਸੁਬਹ = ਸਵੇਰ ਦੀ। ਨਿਵਾਜ ਗੁਜਾਰਿ = ਨਿਮਾਜ਼ ਪੜ੍ਹ। ਕਪਿ = ਕੱਟ ਕੇ।
ਅਰਥ: ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ। ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) । 71।
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥ ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥ {ਪੰਨਾ 1381}
ਪਦ ਅਰਥ: ਕੀਜੈ ਕਾਂਇ = ਕੀਹ ਕਰੀਏ? ਕੀਹ ਬਣਾਈਏ? ਕੁੰਨਾ = ਹਾਂਡੀ। ਸੰਦੈ = ਦੇ।
ਅਰਥ: ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ। ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) । 72।
ਇਹ ਉਪਰ ਵਾਲੇ ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ। ਤਕਰੀਬਨ ਸਾਰੇ ਵਿਦਵਾਨਾ ਨੇ ਅਰਥ ਲੱਗ-ਭੱਗ ਇਸੇ ਤਰ੍ਹਾਂ ਦੇ ਹੀ ਕੀਤੇ ਹੋਏ ਹਨ। ਬਾਬਾ ਫਰੀਦ ਜੀ ਦੇ ਸਲੋਕ ਦੀ ਇੱਕ ਪੰਗਤੀ ਜਦੋਂ ਤੁਸੀਂ ਸਰਚ ਕਰਦੇ ਹੋ ਤਾਂ ਇਸ ਨਾਲ ਸੰਬੰਧਿਤ ਵਿਆਖਿਆ ਦੇ ਕਾਫੀ ਲਿੰਕ ਤੁਹਾਨੂੰ ਮਿਲ ਜਾਣਗੇ। ਇਨ੍ਹਾਂ ਵਿੱਚ ਹੀ ਵੀਰ ਭੁਪਿੰਦਰ ਸਿੰਘ ਦਾ ਵੀਡੀਓ ਦਾ ਲਿੰਕ ਵੀ ਮਿਲ ਜਾਵੇਗਾ। ਉਹ ਵਿਆਖਿਆ ਕਾਫੀ ਲੰਮੀ ਹੈ ਮੈਂ ਤਕਰੀਬਨ ਪਹਿਲੇ 20ਕੁ ਮਿੰਟ ਹੀ ਸੁਣੀ ਸੀ ਜਿਸ ਤੋਂ ਅੰਦਾਜ਼ਾ ਲੱਗ ਗਿਆ ਸੀ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਉਹ ਗੱਲ ਅੰਦਰਲੇ ਹਿਰਦੇ ਜਾਂ ਸਰੀਰ ਦੀ ਗੱਲ ਕਰਦੇ ਹਨ। ਉਹ ਸਰੀਰ ਨੂੰ ਹੀ ਮਸੀਤ ਜਾਂ ਗੁਰਦੁਆਰਾ ਸਮਝਦੇ ਹਨ। ਉਹ ਸਾਰੀ ਗੁਰਬਾਣੀ ਦੀ ਵਿਆਖਿਆ ਇਸੇ ਅਧਾਰ ਤੇ ਕਰਦੇ ਹਨ। ਮੇਰੇ ਖਿਆਲ ਮੁਤਾਬਕ ਹਰ ਥਾਂ ਇਸੇ ਅਧਾਰ ਤੇ ਕੀਤਾ ਜਾਣਾ ਮੈਨੂੰ ਬਹੁਤਾ ਠੀਕ ਨਹੀਂ ਲੱਗਿਆ ਪਰ ਕਈ ਹੋਰ ਵਿਆਖਿਆਵਾਂ ਨਾਲੋਂ ਫਿਰ ਵੀ ਕੁੱਝ ਹੱਦ ਤੱਕ ਠੀਕ ਹੈ। ਬਾਬਾ ਫਰੀਦ ਜੀ ਦੇ ਇਨ੍ਹਾਂ ਸਲੋਕਾਂ ਵਿੱਚ ਪੰਜ ਵਖ਼ਤ ਮਸੀਤ ਵਿੱਚ ਜਾ ਕੇ ਨਿਵਾਜ ਪੜ੍ਹਨ ਦੀ ਗੱਲ ਕੀਤੀ ਗਈ ਹੈ। ਜਿਹੜੇ ਇਸ ਤਰ੍ਹਾਂ ਨਹੀਂ ਕਰਦੇ ਉਨ੍ਹਾਂ ਨੂੰ ਕੁੱਤੇ ਕਿਹਾ ਗਿਆ ਹੈ। ਜਿਹੜੇ ਸਵੇਰੇ ਉਠ ਕੇ ਨਿਵਾਜ ਨਹੀਂ ਪੜ੍ਹਦੇ ਉਨ੍ਹਾਂ ਦੇ ਸਿਰ ਕੱਟਣ ਦੀ ਗੱਲ ਕਹੀ ਗਈ ਹੈ। ਜਿਹੜਾ ਸਾਂਈ ਅੱਗੇ ਸਿਰ ਨਹੀਂ ਝੁਕਾਉਂਦਾ ਉਨ੍ਹਾਂ ਦੇ ਸਿਰਾਂ ਨੂੰ ਲੱਕੜਾਂ ਦੀ ਥਾਂ ਬਾਲਣ ਬਣਾ ਕੇ ਬਾਲ ਦੇਣਾ ਚਾਹੀਦਾ ਹੈ। ਜਦੋਂ ਸਿੱਖਾਂ ਦੇ ਪੜ੍ਹੇ ਲਿਖੇ ਨਿਆਣੇ ਜਿਹੜੇ ਅੰਗ੍ਰੇਜ਼ੀ ਦੀ ਚੰਗੀ ਮਹਾਰਤ ਰੱਖਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਧਾਰਮਿਕ ਕੱਟੜਤਾ ਨਾਲ ਭਰੇ ਗਏ ਹੋਵਣ ਉਹ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੋਰ ਲੋਕਾਂ ਵਿੱਚ ਕਰਦੇ ਹਨ ਤਾਂ ਮੇਰੇ ਖਿਆਲ ਮੁਤਾਬਕ ਉਹ ਅਣਜਾਣੇ ਵਿੱਚ ਹੀ ਆਪਣੇ ਧਰਮ ਅਤੇ ਗੁਰੂਆਂ ਦੀ ਬੇ-ਇਜ਼ਤੀ ਕਰ ਰਹੇ ਹੁੰਦੇ ਹਨ। ਇਸ ਦੀਆਂ ਅਨੇਕਾਂ ਉਦਾਹਰਣਾ ਤੁਹਾਨੂੰ ਇੰਟਰਨੈੱਟ ਤੇ ਮਿਲ ਜਾਣਗੀਆਂ। ਰੈੱਡਡਿੱਟ ਦੀ ਇੱਕ ਸਾਈਟ ਤੇ ਇਸੇ ਤਰ੍ਹਾਂ ਦੀ ਇੱਕ ਵਿਚਾਰ ਪੜ੍ਹੀ ਜਾ ਸਕਦੀ ਹੈ ਜੋ ਕਿ ਕਈ ਸਾਲ ਪਹਿਲਾਂ ਦੀ ਹੈ ਜਿਸ ਵਿੱਚ ਤਰਕ ਕਰਨ ਵਾਲਾ ਇੱਕ ਵਿਆਕਤੀ ਕਹਿ ਰਿਹਾ ਸੀ ਕਿ ਤੁਹਾਡਾ ਧਰਮ ਵੱਖਰੇ ਵਿਚਾਰਾਂ ਵਾਲਿਆਂ ਨੂੰ ਜਾਂ ਧਰਮ ਨੂੰ ਨਾ ਮੰਨਣ ਵਾਲਿਆਂ ਨੂੰ ਸਿਰ ਵੱਢਣ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਨੇ ਇਹ ਗੱਲ ਆਪਣੇ ਤੇ ਲਾ ਕੇ ਵੀ ਕਹੀ ਸੀ। ਸ਼ੋਸ਼ਲ ਮੀਡੀਏ ਤੇ ਕਈ ਮਖੌਲ ਵਜੋਂ ਇਸ ਨੂੰ ਸਿੱਖਾਂ ਦੇ ਨੌਵੇਂ ਗੁਰੂ ਨਾਲ ਵੀ ਜੋੜਦੇ ਹਨ ਕਿ ਔਰੰਗਜੇਬ ਨੇ ਤਾਂ ਫਿਰ ਠੀਕ ਹੀ ਕੀਤਾ ਸੀ। ਹੋਰ ਵੀ ਬਹੁਤ ਕੁੱਝ ਕਿਹਾ ਜਾ ਰਿਹਾ ਹੈ।
ਇਹ ਸਾਰਾ ਕੁੱਝ ਤਾਂ ਹੀ ਹੋ ਰਿਹਾ ਹੈ ਕਿਉਂਕਿ ਇੱਕ ਤਾਂ ਇਹ ਸਿੱਖਾਂ ਦੇ ਧਾਰਮਿਕ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਦੂਸਰਾ ਇਸ ਦੀ ਵਿਆਖਿਆ ਜੋ ਕੀਤੀ ਜਾ ਰਹੀ ਹੈ ਉਹ ਵੀ ਇਸ ਦਾ ਕਾਰਨ ਹੈ। ਫਿਰ ਇਸ ਦੀ ਵਿਆਖਿਆ ਕੀ ਹੋ ਸਕਦੀ ਹੈ? ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜਾ ਬਾਬਾ ਫਰੀਦ ਰੱਬ ਨੂੰ ਹਿਰਦੇ ਵਿੱਚ ਹੀ ਵਸਿਆ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਜੰਗਲਾਂ ਵਿੱਚ ਜਾ ਕੇ ਰੱਬ ਨੂੰ ਲੱਭਣ ਦੀ ਕੋਈ ਲੋੜ ਨਹੀਂ ਹੈ। ਫਿਰ ਉਹ ਇਹ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਰੱਬ ਮਸੀਤਾਂ ਵਿੱਚ ਵਸਦਾ ਹੈ। ਦੂਸਰਾ ਇਤਨੇ ਕਠੋਰ ਸ਼ਬਦ ਦੂਸਰਿਆਂ ਪ੍ਰਤੀ ਵਰਤਣੇ ਕਿਸੇ ਧਾਰਮਿਕ ਪੁਰਸ਼ ਦਾ ਸੁਭਾਅ ਨਹੀਂ ਹੋ ਸਕਦਾ। ਬਾਬਾ ਫਰੀਦ ਤਾਂ ਖੁਦ ਕਹਿੰਦਾ ਹੈ ਕਿ:
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ਜਿਹੜਾ ਰੱਬ ਸਾਰਿਆਂ ਵਿੱਚ ਵਸਦਾ ਹੈ ਫਿਰ ਉਨ੍ਹਾਂ ਨਾਲ ਐਨੀ ਨਫਰਤ ਕੋਈ ਕਿਉਂ ਕਰੇਗਾ? ਸੋ ਇਨ੍ਹਾਂ ਸਲੋਕਾਂ ਵਿੱਚ ਬਾਬਾ ਫਰੀਦ ਜੀ ਦੇ ਕਹਿਣ ਦਾ ਮਤਲਬ ਕੋਈ ਹੋਰ ਹੋ ਸਕਦਾ ਹੈ। ਉਹ ਕੀ ਹੋ ਸਕਦਾ ਹੈ? ਉਸ ਨੂੰ ਸੌਖਾ ਸਮਝਣ ਲਈ ਪੰਜ ਵਖਤਾਂ ਦੀਆਂ ਨਿਵਾਜਾਂ ਬਾਰੇ ਗੁਰਬਾਣੀ ਦਾ ਜੋ ਨਜ਼ਰੀਆ ਹੈ ਪਹਿਲਾਂ ਉਹ ਸਮਝ ਲਓ। ਹੇਠਾਂ ਕੁੱਝ ਸ਼ਬਦ ਪਾ ਰਿਹਾ ਹਾਂ:
ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ {ਪੰਨਾ 141}
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥ ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥ {ਪੰਨਾ 24}
ਸਲੋਕੁ ਮਃ ੧ ॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ {ਪੰਨਾ 140}
ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥ ਭਗਤ ਨਾਮਦੇਵ॥
ਜੇ ਕਰ ਗੁਰਬਾਣੀ ਇੱਕ ਯੂਨੀਵਰਸਲ ਮੈਸਿਜ ਹੈ ਅਤੇ ਹਰ ਥਾਂ ਅਤੇ ਹਰ ਵਿਆਕਤੀ ਤੇ ਲਾਗੂ ਹੋ ਸਕਦਾ ਹੈ ਫਿਰ ਪੰਜ ਨਿਵਾਜਾਂ ਨੂੰ ਪੰਜ ਵੇਰੀ ਪੜ੍ਹਨ ਲਈ ਮਸੀਤ ਵਿੱਚ ਜਾਣ ਦੀ ਗੱਲ ਤਾਂ ਕਦੀ ਵੀ ਲਾਗੂ ਨਹੀਂ ਕੀਤੀ ਜਾ ਸਕਦੀ। ਕੰਮਾ ਕਾਰਾਂ ਤੇ ਜਾਣ ਵਾਲੇ ਕਈ ਲੋਕ ਕਈ ਘੰਟੇ ਦੀ ਡਰਾਈਵ ਕਰਕੇ ਜਾਂਦੇ ਹਨ। ਉਹ ਵੀ ਉਹ ਜਿਹੜੇ ਹਰ ਰੋਜ਼ ਜਾਦੇ ਹਨ। ਕਈ ਟਰੱਕਾਂ ਵਾਲੇ ਤਾਂ ਕਈ-ਕਈ ਦਿਨ ਜਾਂ ਹਫਤੇ ਬਾਹਰ ਰਹਿੰਦੇ ਹਨ ਫਿਰ ਉਨ੍ਹਾਂ ਤੇ ਇਹ ਬਾਬੇ ਫਰੀਦ ਵਾਲੀ ਗੱਲ ਕਿਸ ਤਰ੍ਹਾਂ ਲਾਗੂ ਹੋ ਸਕਦੀ ਹੈ? ਅੱਜ ਤੋਂ ਤਕਰੀਬਨ 50 ਸਾਲ ਤੋਂ ਵੀ ਪਹਿਲਾਂ ਦੀ ਗੱਲ ਹੈ ਮੈਂ ਆਪ ਇਸ ਤਰ੍ਹਾਂ ਦਾ ਕੰਮ ਕਰ ਚੁੱਕਿਆ ਹਾਂ। ਕੀ 2 ਘੰਟੇ ਦੀ ਡਰਾਈਵ ਕਰਕੇ ਹਰ ਰੋਜ ਪੰਜ ਵਾਰੀ ਕੋਈ ਵਿਆਕਤੀ ਪੰਜ ਵਾਰੀ ਮਸੀਤ ਵਿੱਚ ਜਾ ਕੇ ਨਿਵਾਜ਼ ਪੜ੍ਹ ਸਕਦਾ ਹੈ? ਉਂਜ ਤਾਂ ਗੁਰਬਾਣੀ ਵਿੱਚ ਕਿਸੇ ਵੀ ਧਾਰਮਿਕ ਕੱਟੜਤਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਇਸ ਤਰ੍ਹਾਂ ਦੀਆਂ ਕੱਟੜਵਾਦੀ ਗੱਲਾਂ ਦਾ ਖੰਡਨ ਕੀਤਾ ਗਿਆ ਹੈ ਜਿਹੜਾ ਕਿ ਉਪਰ ਲਿਖੇ ਸ਼ਬਦਾਂ ਵਿੱਚ ਦੇਖਿਆ ਜਾ ਸਕਦਾ ਹੈ। ਸਿੱਖ ਇਹੀ ਸਮਝਦੇ ਹਨ ਕਿ ਭਗਤਾਂ ਦੀ ਸਾਰੀ ਬਾਣੀ ਗੁਰੂਆਂ ਨੇ ਖੁਦ ਇਕੱਠੀ ਕੀਤੀ ਅਤੇ ਸੰਪਾਦਿਤ ਕਰਕੇ ਗ੍ਰੰਥ ਤਿਆਰ ਕੀਤਾ ਸੀ। ਜਿਸ ਧਾਰਮਿਕ ਮੁਤੱਸਵੀ ਕੱਟੜਤਾ ਕਰਕੇ ਗੁਰੂਆਂ ਨੂੰ ਸ਼ਹੀਦ ਕੀਤਾ ਗਿਆ ਅਤੇ ਲੜਾਈਆਂ ਲੜੀਆਂ ਗਈਆਂ ਫਿਰ ਅਜਿਹੀ ਕੱਟੜਤਾ ਫੈਲਾਉਣ ਵਾਲੀ ਗੱਲ ਕੋਈ ਬੇ-ਗੈਰਤ ਹੀ ਕਰ ਸਕਦਾ ਹੈ। ਗੁਰੂ ਸਾਹਿਬ ਤਾਂ ਇੰਤਨੇ ਬੇ-ਗੈਰਤ ਅਤੇ ਡਰਪੋਕ ਨਹੀਂ ਹੋ ਸਕਦੇ। ਹੁਣ ਮੇਰਾ ਖਿਆਲ ਹੈ ਕਿ ਮੇਰੀ ਗੱਲ ਤੁਹਾਨੂੰ ਸੌਖਿਆਂ ਸਮਝ ਆ ਜਾਵੇਗੀ ਕਿ ਮੈਂ ਕਹਿਣਾ ਕੀ ਚਾਹੁੰਦਾ ਹਾਂ ਅਤੇ ਇਨ੍ਹਾਂ ਸਲੋਕਾਂ ਦੇ ਅਰਥ ਕੀ ਹੋ ਸਕਦੇ ਹਨ?
ਮੈਂ ਕੋਈ ਗਰਾਂਮਰ ਦਾ ਗਿਆਤਾ ਨਹੀਂ ਹਾਂ ਅਤੇ ਨਾ ਹੀ ਮੈਂਨੂੰ ਬਹੁਤੀਆਂ ਭਾਸ਼ਵਾਂ ਦੀ ਜਾਣਕਾਰੀ ਹੈ। ਮੇਰੀ ਸੋਚਣੀ ਮੁਤਾਬਕ ਜੋ ਮੇਰੇ ਹਿਰਦੇ ਵਿਚੋਂ ਕੋਈ ਸੋਚ ਆ ਰਹੀ ਹੈ ਉਹ ਇਹ ਹੈ ਕਿ ਇਨ੍ਹਾਂ ਸਲੋਕਾਂ ਵਿੱਚ ਬਾਬਾ ਫਰੀਦ ਜੀ ਆਪਣੇ ਜਾਣ ਦੀ ਜਾਂ ਲੋਕਾਂ ਦੇ ਜਾਣ ਦੀ ਗੱਲ ਨਹੀਂ ਕਰ ਰਹੇ। ਉਹ ਗੱਲ ਕਰ ਰਹੇ ਹਨ ਤੁਅੱਸਵੀ/ ਕੱਟੜ ਉਨ੍ਹਾਂ ਮੁਲਿਆਂ ਦੀ ਜਿਹੜੇ ਕਿ ਬਾਬੇ ਫਰੀਦ ਤੇ ਤੰਜ ਕੱਸਦੇ ਹੋਣਗੇ ਕਿ ਤੂੰ ਕਾਹਦਾ ਮੁਸਲਮਾਨ ਹੈ ਤੂੰ ਕਦੀ ਮਸੀਤ ਵਿੱਚ ਤਾਂ ਜਾਂਦਾਂ ਨਹੀਂ ਅਤੇ ਨਾ ਹੀ ਪੰਜ ਨਿਵਾਜਾਂ ਪੜਦਾ ਹੈ ਐਵੇਂ ਹੀ ਕਹੀ ਜਾਂਦਾ ਹੈ ਕਿ ਰੱਬ ਤਾਂ ਹਿਰਦੇ ਵਿੱਚ ਵੱਸਦਾ ਹੈ। ਇਹ ਮੌਲਾਣੇ ਹੀ ਬਾਬੇ ਫਰੀਦ ਨੂੰ ਧਮਕੀਆ ਦਿੰਦੇ ਹੋਣਗੇ ਜਿਹੜੇ ਇਤਨੇ ਨਿਰਦਈ ਅਤੇ ਕਠੋਰ ਸ਼ਬਦ ਵਰਤੇ ਗਏ ਹਨ। ਅੱਜ ਦੇ ਸਮੇਂ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਕੱਟੜਵਾਦੀ ਸਿੱਖ ਕਿਵੇਂ ਵੱਖਰੀ ਸੋਚ ਵਾਲਿਆਂ ਨੂੰ ਧਮਕੀਆਂ ਦਿੰਦੇ ਹਨ ਅਤੇ ਜਾਨੋਂ ਮਾਰਨ ਦੀਆਂ ਗੱਲਾਂ ਕਰਦੇ ਹਨ। ਕਿਸੇ ਤੇ ਵੀ ਗੁਰੂ ਨਿੰਦਾ ਦਾ ਦੋਸ਼ ਲਾ ਕੇ ਨਕਲੀ ਰਹਿਤਨਾਮਿਆਂ ਦੀ ਆੜ ਵਿੱਚ ਭੇਟਤ ਸੰਗ ਕਰੇ ਕਿਰਪਾਨ ਵਰਗੀਆਂ ਗੱਲਾਂ ਕਰਦੇ ਹਨ। ਇਸਲਾਮ ਵਾਲੇ ਤਾਂ ਸਾਰੀ ਦੁਨੀਆ ਵਿੱਚ ਜੋ ਕਰਦੇ ਹਨ ਉਸ ਬਾਰੇ ਸਾਰੇ ਜਾਣਦੇ ਹੀ ਹਨ। ਕਿਸੇ ਵੀ ਵਿਆਕਤੀ ਤੇ ਮੁਹੰਮਦ ਅਤੇ ਕੁਰਾਨ ਦੀ ਨਿੰਦਿਆ ਦਾ ਦੋਸ਼ ਲਾ ਕੇ ਕਤਲ ਕਰ ਸਕਦੇ ਹਨ। ਸੋ ਮੁੱਕਦੀ ਗੱਲ ਇਹ ਹੈ ਕਿ ਬਾਬਾ ਫਰੀਦ ਜੀ ਇੱਕ ਧਾਰਮਿਕ ਪੁਰਸ਼ ਸਨ ਅਤੇ ਉਹ ਕਦੀ ਵੀ ਅਜਿਹੀ ਸੋਚ ਦੂਸਰਿਆਂ ਪ੍ਰਤੀ ਨਹੀਂ ਰੱਖ ਸਕਦੇ ਜੇ ਰੱਖਦੇ ਹੋਣਗੇ ਫਿਰ ਜਾਂ ਤਾਂ ਉਹ ਦੋਗਲੇ ਹੋਣਗੇ ਜਾਂ ਕੱਟੜਵਾਦੀ। ਇਹੀ ਗੱਲ ਫਿਰ ਸਿੱਖਾਂ ਦੇ ਗੁਰੂਆਂ ਤੇ ਵੀ ਢੁਕਦੀ ਹੈ। ਜਿਹੜੀਆਂ ਨਿਵਾਜ਼ਾਂ ਦੀ ਗੁਰਬਾਣੀ ਵਿੱਚ ਖੰਡਨਾ ਹੈ ਫਿਰ ਉਨ੍ਹਾਂ ਨੂੰ ਹੀ ਬਹੁਤ ਨਫਰਤ ਭਰੀ ਸ਼ਬਦਾਵਲੀ ਵਿੱਚ ਥਾਂ ਦੇਣੀ, ਇਹ ਤਾਂ ਫਿਰ ਦੋਗਲੇਪਣ ਦੀ ਨਿਸ਼ਾਨੀ ਹੈ ਅਤੇ ਜਾਂ ਫਿਰ ਡਰ ਕਾਰਨ ਅਜਿਹਾ ਕੀਤਾ ਹੋਵੇਗਾ। ਮੇਰਾ ਮਨ ਤਾਂ ਮੰਨਦਾ ਨਹੀਂ ਕਿ ਗੁਰੂ ਸਾਹਿਬ ਦੋਗਲੇ ਹੋਣਗੇ ਜਾਂ ਡਰ ਗਏ ਹੋਣਗੇ ਜੇ ਕਰ ਤੁਹਾਡਾ ਮੰਨਦਾ ਹੈ ਤਾਂ ਮੰਨੀ ਜਾਓ, ਫਿਰ ਇਹ ਪ੍ਰਚੱਲਤ ਅਰਥ ਵੀ ਮੰਨੀ ਜਾਓ ਅਤੇ ਆਪਣੇ ਗੁਰੂਆਂ ਦੀ ਖਿੱਲੀ ਵੀ ਉਡਾਈ ਜਾਓ, ਜਿਵੇਂ ਕਿ ਮੀਡੀਏ ਵਿੱਚ ਹੁਣ ਉਡਾਈ ਜਾ ਰਹੀ ਹੈ। ਤੁਹਾਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹਨ ਜਾਂ ਨਹੀਂ ਲੱਗੇ ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਇਸ ਬਾਰੇ ਕੁੱਝ ਨਹੀਂ ਕਰ ਸਕਦਾ। ਮੈਂ ਜੋ ਕਹਿਣਾ ਸੀ ਕਹਿ ਦਿੱਤਾ ਇਸ ਬਾਰੇ ਆਉਣ ਵਾਲੇ ਸਮੇ ਵਿੱਚ ਹੋਰ ਕੀ ਨੁਕਸਾਨ ਹੋ ਸਕਦੇ ਹਨ ਇਸ ਬਾਰੇ ਕਿਸੇ ਵੱਖਰੇ ਲੇਖ ਵਿੱਚ ਲਿਖਾਂਗਾ। ਇਸ ਨੂੰ ਪੜ੍ਹਨ ਲਈ ਸਮਾਂ ਦੇਣ ਦਾ ਧੰਨਵਾਦ।
ਮੱਖਣ ਪੁਰੇਵਾਲ,
ਅਕਤੂਬਰ 04, 2025.