ਹਰ ਵੇਲੇ ਗੁਲਾਮੀ ਦਾ ਅਰਾਟ ਪਉਣ ਵਾਲੇ ਵੱਖਰੇ ਵਿਚਾਰਾਂ ਵਾਲਿਆਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ
ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਸਿੱਖ ਕਿਸੇ ਨਾ ਕਿਸੇ ਕਥਿਤ ਮਹਾਂਪੁਰਸ਼, ਸਾਧ, ਸੰਤ, ਡੇਰੇ, ਜਥੇਬੰਦੀ ਜਾਂ ਸੰਸਥਾ ਨਾਲ ਜੁੜੇ ਹੋਏ ਹਨ। ਜਿਸ ਤਰ੍ਹਾਂ ਇੱਕ ਮੁਹਾਵਰਾ ਹੈ ਕਿ ਸਉਣ ਦੇ ਅੰਨੇ ਨੂੰ ਸਾਰਾ ਕੁੱਝ ਹਰਾ-ਹਰਾ ਹੀ ਦਿਸਦਾ ਹੁੰਦਾ ਹੈ। ਇਸੇ ਤਰ੍ਹਾਂ ਇਨ੍ਹਾਂ ਨੂੰ ਆਪਣੇ ਸਾਧ ਹੀ ਬਾਕੀਆਂ ਨਾਲੋਂ ਮਹਾਨ ਅਤੇ ਉਤਮ ਦਿਸਦਾ ਹੁੰਦਾ ਹੈ। ਉਸ ਸਾਧ ਦੀ ਹਰ ਗੱਲ ਸੱਚ ਹੀ ਲਗਦੀ ਹੈ ਭਾਂਵੇਂ ਕਿ ਉਹ 100% ਕੋਰਾ ਝੂਠ ਹੀ ਕਿਉਂ ਨਾ ਹੋਵੇ। ਪਿਛਲੇ 30ਕੁ ਸਾਲਾਂ ਤੋਂ ਜਦੋਂ ਦੇ ਮੈਂ ਇੰਟਰਨੈੱਟ ਤੇ ਆਪਣੇ ਵਿਚਾਰ ਦੇਣੇ ਸ਼ੁਰੂ ਕੀਤੇ ਹਨ ਉਸ ਵੇਲੇ ਤੋਂ ਹੀ ਸਾਧਾਂ ਦੇ ਚੇਲਿਆਂ ਨੂੰ ਢਿੱਡੀਂ ਪੀੜਾਂ ਪੈਣੀਆਂ ਸ਼ੁਰੂ ਹੋਈਆਂ ਹੋਈਆਂ ਹਨ। ਜਦੋਂ ਕੋਈ ਜ਼ਿਆਦਾ ਤਕਲੀਫ ਵਧ ਜਾਵੇ ਫਿਰ ਉਲਟੀਆਂ ਸ਼ੁਰੂ ਕਰ ਦਿੰਦੇ ਹਨ। ਇਹ ਉਲਟੀਆਂ ਕਿਸੇ ਰੂਪ ਵਿੱਚ ਵੀ ਹੋ ਸਕਦੀਆਂ ਹਨ। ਕਦੀ ਈ-ਮੇਲ ਰਾਂਹੀਂ ਧਮਕੀਆਂ ਅਤੇ ਕਦੀ ਹੋਰ ਅਦਾਰਿਆਂ ਜਾਂ ਸ਼ੋਸ਼ਲ ਮੀਡੀਏ ਰਾਹੀਂ। ਇਨ੍ਹਾਂ ਨੂੰ ਦੋ ਗੱਲਾਂ ਬਾਰੇ ਸਭ ਤੋਂ ਵੱਧ ਤਕਲੀਫ ਹੁੰਦੀ ਹੈ। ਇੱਕ ਹੈ ਦਸਮ ਗ੍ਰੰਥ ਅਥਵਾ ਬਚਿੱਤਰ ਨਾਟਕ ਅਤੇ ਹੋਰ ਕੂੜ ਗ੍ਰੰਥਾਂ ਦੀ ਅਸਲੀਅਤ ਅਤੇ ਦੂਸਰਾ ਹੈ ਭਿੰਡਰਾਂਵਾਲੇ ਸਾਧ ਦੀ ਗੁੰਡਾ ਗਰਦੀ। ਜੇ ਕਰ ਮੈਂ ਕੋਈ ਗਲਤ ਗੱਲ ਲਿਖੀ ਹੈ ਤਾਂ ਮੈਂ ਉਹ ਠੀਕ ਕਰ ਲਵਾਂਗਾ। ਪਰ ਉਸ ਬਾਰੇ ਉਹ ਦਲੀਲ ਨਾਲ ਦੱਸਣ ਕਿ ਆਹ ਗੱਲ ਗਲਤ ਹੈ ਇਸ ਤਰ੍ਹਾਂ ਦੀ ਕੋਈ ਗੱਲ ਤਾਂ ਦਸਮ ਗ੍ਰੰਥ ਵਿੱਚ ਹੈ ਹੀ ਨਹੀਂ ਅਤੇ ਸਾਧ ਬਾਰੇ ਵੀ ਇਹ ਗੱਲ ਗਲਤ ਹੈ। ਪਰ ਨਹੀਂ ਉਨ੍ਹਾਂ ਨੂੰ ਸੱਚ ਤੋਂ ਤਕਲੀਫ ਹੈ ਜੇ ਕਰ ਉਹ ਹਜਮ ਹੋਣਾ ਔਖਾ ਹੈ ਤਾਂ ਮੈਂ ਕੁੱਝ ਨਹੀਂ ਕਰ ਸਕਦਾ। ਉਨ੍ਹਾਂ ਨੂੰ ਕਿਸੇ ਮਨੋ ਵਿਗਿਆਨੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਅੱਜ ਤੋਂ ਕੋਈ 12ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੁਹਾਲੀ ਜਾਂ ਇਸ ਦੇ ਆਸ ਪਾਸ ਰਹਿੰਦਿਆਂ ਕੁੱਝ ਵਿਆਕਤੀਆਂ ਨੂੰ ਸਿੱਖ ਮਾਰਗ ਤੇ ਛਪਣ ਵਾਲੀਆਂ ਲਿਖਤਾਂ ਨੂੰ ਪੜ੍ਹ ਕੇ ਬੜੀ ਤਕਲੀਫ ਹੋਈ ਸੀ। ਫਿਰ ਉਸ ਤਕਲੀਫ ਤੋਂ ਛੁਟਕਾਰਾ ਪਉਣ ਲਈ ਉਲਟੀਆਂ ਦੇ ਰੂਪ ਵਿੱਚ ਲੇਖ ਲਿਖ ਕੇ ਬਹੁਤਿਆਂ ਨੂੰ ਭੇਜਿਆ ਗਿਆ ਸੀ ਜਿਸ ਵਿੱਚ ਕੂੜ ਤੋਂ ਸਿਵਾਏ ਕੁੱਝ ਨਹੀਂ ਸੀ। ਕਈ ਗੱਲਾਂ ਤਾਂ 100% ਕੋਰਾ ਬਕਵਾਸ ਸਨ। ਜਿਵੇਂ ਕਿ ਲਿਖਿਆ ਸੀ ਮੈਂ ਕਈ ਲੇਖ ਆਪਣੇ ਕੋਲੋਂ ਹੀ ਲਿਖ ਕੇ ਹੋਰਨਾ ਦੇ ਨਾਮ ਹੇਠ ਛਾਪ ਰਿਹਾ ਹਾਂ। ਇੱਕ ਲੇਖਕ ਦਾ ਉਨ੍ਹਾਂ ਨੇ ਨਾਮ ਵੀ ਲਿਖਿਆ ਸੀ ਕਿ ਇਸ ਨਾਮ ਹੇਠ ਇਸ ਨੇ ਭਾਵ ਕਿ ਮੈਂ ਆਪ ਹੀ ਲੇਖ ਲਿਖ ਕੇ ਪਾਇਆ ਹੈ। ਇਸ ਬਾਰੇ ਥੋੜਾ ਹੋਰ ਵਿਸਥਾਰ ਨਾਲ ਪਾਠਕਾਂ ਦੇ ਪੰਨੇ ਤੇ ਜਾ ਕੇ ਪੜ੍ਹਿਆ ਜਾ ਸਕਦਾ ਹੈ। ਬਹੁਤੇ ਪਾਠਕਾਂ ਦੇ ਤਾਂ ਇਹ ਚੇਤੇ ਵਿੱਚ ਵੀ ਹੋਵੇਗਾ। ਉਨ੍ਹਾਂ ਦੇ ਨਾਮ ਮੈਂ ਜਾਣ ਕੇ ਨਹੀਂ ਲਿਖ ਰਿਹਾ ਪਰ ਉਥੇ ਪਾਠਕਾਂ ਦੇ ਪੰਨੇ ਤੇ ਸਭ ਕੁੱਝ ਮੌਜੂਦ ਹੈ। ਜਾਣ ਕੇ ਇਸ ਕਰਕੇ ਨਹੀਂ ਲਿਖ ਰਿਹਾ ਕਿ ਜਿਸ ਸਾਧ ਬਾਰੇ ਮੈਂ ਕਾਫੀ ਕੁੱਝ ਲਿਖਦਾ ਆ ਰਿਹਾ ਹਾਂ ਅਤੇ ਉਨ੍ਹਾਂ ਨੂੰ ਤਕਲੀਫ ਹੁੰਦੀ ਸੀ ਹੁਣ ਉਹ ਆਪ ਵੀ ਉਸ ਤੋਂ ਵੀ ਕਈ ਕਦਮਾ ਅੱਗੇ ਜਾ ਕੇ ਉਸ ਸਾਧ ਬਾਰੇ ਲਿਖ ਰਹੇ ਹਨ। ਅੱਜ ਤੋਂ ਤਕਰੀਬਨ 9 ਸਾਲ ਪਹਿਲਾਂ ਮੈਂ ਇੱਕ ਲੇਖ ਲਿਖਿਆ ਸੀ ਕਿ ‘ਟਰੰਪ ਤਾਂ ਜਿੱਤ ਗਿਆ ਹੁਣ ਕੀ ਹੋਵੇਗਾ’ ਇਹ ਲੇਖ ਮੇਰੇ ਪੁਰਾਣੇ ਲੇਖਾਂ ਵਿੱਚ ਪੜ੍ਹਿਆ ਜਾ ਸਕਦਾ ਹੈ। ਉਸ ਵੇਲੇ ਮੈਂ ਦੁਨੀਆ ਵਿੱਚ ਨਸਲਵਾਦ ਵਧਣ ਦੀ ਗੱਲ ਕਹੀ ਸੀ ਜੋ ਕਿ ਵਧਿਆ ਵੀ ਸੀ ਅਤੇ ਹੁਣ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਵਧ ਗਿਆ ਹੈ। ਮੈਂ ਕੋਈ ਪੁੱਛਾਂ ਦੇਣ ਵਾਲਾ ਤਾਂ ਹਾਂ ਨਹੀਂ ਪਰ ਦੁਨੀਆਂ ਦੇ ਪੜ੍ਹੇ ਲਿਖੇ ਬੰਦਿਆਂ ਦੀ ਗੱਲਬਾਤ ਸੁਣ ਕੇ ਅੰਦਾਜਾ ਲਾਇਆ ਸੀ। ਕਿਉਂਕਿ ਉਸ ਵੇਲੇ ਮੈਂ ਕੰਮ ਕਰਦਾ ਹੁੰਦਾ ਸੀ ਅਤੇ ਮੇਰੀ ਜੋਬ ਤੇ ਰੇਡੀਓ (ਸੀ: ਬੀ: ਸੀ: ) ਸੁਣਨ ਦੀ ਸੁਬਿਧਾ ਸੀ ਜਿਸ ਤੋਂ ਬਹੁਤ ਸਾਰਾ ਗਿਆਨ ਹਾਸਲ ਹੁੰਦਾ ਸੀ। ਹੇਠਾਂ ਹੈ ਉਸ ਦੇ ਜਵਾਬ ਵਿੱਚ ਲਿਖਿਆ ਕੁੱਝ ਹਿੱਸਾ ਜਿਨ੍ਹਾਂ ਨੂੰ ਸਿੱਖ ਮਾਰਗ ਦੇ ਪੜ੍ਹਨ ਤੋਂ ਤਕਲੀਫ ਹੋਈ ਸੀ ਅਤੇ ਹੁਣ ਕਾਫੀ ਬਦਲ ਗਏ ਹਨ। ਹੋ ਸਕਦਾ ਹੈ ਹੋਰ ਵੀ ਕਈ ਬਦਲ ਜਾਣ:
ਮੁਆਫ ਕਰਨਾ ਮੈਂ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਸੀ ਵਰਤਣੀ ਚਾਹੁੰਦਾ ਜਿਸ ਤਰ੍ਹਾਂ ਦੀ ਵਰਤਣੀ ਪਈ ਹੈ। ਇਸ ਤਰ੍ਹਾਂ ਦੇ ਝੂਠੇ ਤੇ ਮਕਾਰੀਆਂ ਨੂੰ ਮੈਂ ਬਹੁਤਾ ਕਰਕੇ ਹਊ ਪਰੇ ਕਰ ਦਿੰਦਾ ਹਾਂ। ਇਨ੍ਹਾਂ ਪਖੰਡੀਆਂ ਦੇ ਢਿੱਡ ਵਿੱਚ ਪਿਛਲੇ 17 ਸਾਲਾਂ ਤੋਂ ਜਦੋਂ ਦਾ ‘ਸਿੱਖ ਮਾਰਗ’ ਰਾਹੀ ਸੱਚ ਦਾ ਪ੍ਰਚਾਰ ਸ਼ੁਰੂ ਹੋਇਆ ਹੈ ਉਦੋਂ ਦੇ ਹੀ ਸੂਲ ਉਠਦੇ ਹਨ ਜੋ ਕਿ ਸੱਚ ਨੂੰ ਬਰਦਸ਼ਤ ਨਹੀਂ ਕਰ ਸਕਦੇ। ਇਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਤੁਹਾਡੇ ਵਰਗੇ ਪਖੰਡੀ ਝੂਠੇ ਤੇ ਮਕਾਰੀ ਨਹੀਂ ਹਨ। ਸੱਚ ਨੂੰ ਜਾਨਣ ਵਾਲੇ ਵੀ ਬਥੇਰੇ ਹਨ ਜੋ ਕਿ ਹੁਣ ਤੱਕ ਦੀ ਸਚਾਈ ਨੂੰ ਜਾਣ ਚੁੱਕੇ ਹਨ। ਦਸਮ ਗ੍ਰੰਥ ਦੇ ਝੂਠ ਤੇ ਗੰਦ ਨੂੰ ਸਭ ਤੋਂ ਪਹਿਲਾਂ ਇੰਟਰਨੈੱਟ ਤੇ ‘ਸਿੱਖ ਮਾਰਗ’ ਰਾਹੀਂ ਹੀ ਨੰਗਿਆਂ ਕੀਤਾ ਗਿਆ ਸੀ। ਝੂਠੇ ਤੇ ਪਖੰਡੀ ਸਾਧਾਂ ਦਿਓ ਚੇਲੇ ਚੇਲੀਓ ਤੁਹਾਡੇ ਮਹਾਨ ਨਾਇਕ ਬਿਪਰ ਦੇ ਏਜੰਟ ਬਿਪਰ ਸਾਧਾਂ ਦਿਆਂ ਡੇਰਿਆਂ ਵਿੱਚ ਤਾਂ ਇਸ ਲੁੱਚੇ ਗ੍ਰੰਥ ਦਾ ਪ੍ਰਕਾਸ਼ ਕਰਕੇ ਸਿੱਧੀ ਹੀ ਗੁਰੂ ਗ੍ਰੰਥ ਸਾਹਿਬ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਹੇ ਮਰੀ ਹੋਈ ਜ਼ਮੀਰ ਵਾਲੇ ਪਖੰਡੀਓ ਤੁਸੀਂ ਕਦੀ ਉਨ੍ਹਾਂ ਵਿਰੁੱਧ ਵੀ ਆਪਣੀ ਜ਼ਬਾਨ ਖੋਲੀ ਹੈ?
ਉਪਰ ਵਾਲਾ ਪਹਿਰਾ ਪੜ੍ਹ ਕੇ ਕਈਆਂ ਨੂੰ ਸ਼ਾਇਦ ਚੇਤਾ ਆ ਜਾਵੇਗਾ ਕਿ ਮੈਂ ਕਿਨ੍ਹਾਂ ਬਾਰੇ ਲਿਖਿਆ ਸੀ। ਐਸ ਵੇਲੇ ਜਿਨ੍ਹਾਂ ਨੂੰ ਕੁੱਝ ਜਿਆਦਾ ਹੀ ਤਕਲੀਫ ਹੁੰਦੀ ਹੈ ਸ਼ਾਇਦ ਕਿਸੇ ਸਮੇਂ ਉਨ੍ਹਾਂ ਨੂੰ ਵੀ ਅਕਲ ਆ ਹੀ ਜਾਵੇ। ਜਿਨ੍ਹਾਂ ਦੀ ਮਾੜੀ ਮੋਟੀ ਵੀ ਅਕਲ ਕੰਮ ਕਰਦੀ ਹੈ ਉਨ੍ਹਾਂ ਨੂੰ ਇੱਕ ਵਾਰੀ ਹੀ ਦਸਮ ਗ੍ਰੰਥ ਪੜ੍ਹ ਕੇ ਸਮਝ ਆ ਜਾਵੇਗੀ ਕਿ ਅਜਿਹੀ ਰਚਨਾ ਦਾ ਲਿਖਾਰੀ ਕੋਈ ਅਕਲ ਵਾਲਾ ਧਾਰਮਿਕ ਪੁਰਸ਼ ਨਹੀਂ ਹੋ ਸਕਦਾ। ਜਿਵੇਂ ਕਿ ਰੱਬ ਇਸਤਰੀ ਨੂੰ ਸਾਜ ਕੇ ਪਛਤਾਇਆ ਸੀ ਭਾਵ ਕਿ ਅੱਧੀ ਦੁਨੀਆ ਨਾਲ ਨਫਰਤ। ਹੁਣ ਤੱਕ ਸਾਰੇ ਇਸਤਰੀਆਂ ਨੇ ਹੀ ਜੰਮੇ ਹਨ ਜਾਂ ਕਿ ਇਸੇ ਤਰ੍ਹਾਂ ਬਣੇ ਬਣਾਏ ਅਸਮਾਨ ਵਿਚੋਂ ਡਿੱਗੇ ਸੀ? ਫਿਰ ਜੇ ਕਰ ਇਸਤਰੀਆਂ ਇਤਨੀਆਂ ਹੀ ਮਾੜੀਆਂ ਹਨ ਅਤੇ ਉਨ੍ਹਾਂ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਦਿਲ ਦੀ ਗੱਲ ਦੱਸੀ ਜਾ ਸਕਦੀ ਹੈ ਫਿਰ ਦਸਮ ਗ੍ਰੰਥ ਦਾ ਲਿਖਾਰੀ ਭੇਸ ਬਦਲ ਕੇ ਉਹ ਵੀ ਰਾਤ ਨੂੰ ਕਿਸੇ ਇਸਤਰੀ ਕੋਲ ਮੰਤਰ ਲੈਣ ਲਈ ਕਿਉਂ ਗਿਆ ਸੀ? ਉਹ ਕਿਹੜਾ ਮੰਤਰ ਸੀ ਜਿਹੜਾ ਸਿਰਫ ਰਾਤ ਨੂੰ ਹੀ ਕਿਸੇ ਇਸਤਰੀ ਕੋਲੋਂ ਮਿਲਣਾ ਸੀ? ਫਿਰ ਰਾਤ ਨੂੰ ਆਪਣੀ ਜੁੱਤੀ ਤੇ ਕੰਬਲ ਛੱਡ ਕੇ ਭੱਜ ਆਇਆ ਸੀ। ਫਿਰ ਲੋਕਾਈ ਨੂੰ ਧੋਖਾ ਦੇ ਕੇ ਮੂਰਖ ਬਣਾਉਣ ਲਈ ਇਹ ਡੌਂਡੀ ਪਟਵਾ ਦਿੱਤੀ ਕਿ ਮੇਰੀਆਂ ਆਹ ਚੀਜਾਂ ਕਿਸੇ ਨੇ ਚੋਰੀ ਕਰ ਲਈਆਂ ਹਨ। ਫਿਰ ਉਸੇ ਇਸਤਰੀ ਨਾਲ ਰਾਜੀਨਾਮਾ ਕਰਕੇ ਉਸ ਨੂੰ ਪੈਨਸ਼ਨ ਲਾ ਦਿੰਦਾ ਹੈ। ਕਈ ਇਸ ਨੂੰ ਗੁਰੂ ਦੀ ਹੱਡਬੀਤੀ ਕਹਿੰਦੇ ਹਨ। ਕਿਤੇ ਇਹ ਲਿਖਾਰੀ/ਪਾਤਰ/ਗੁਰੂ ਸਿੱਖਾਂ ਨੂੰ ਸਿਰੋਪੇ ਦੇਣ ਲਈ ਧਾਰਮਿਕ ਅਸਥਾਨ ਦੇ ਲਾਗੇ ਮੂਤਰ ਕਰਦਿਆਂ ਦੀਆਂ ਪੱਗਾਂ ਲਾਹ ਲੈਂਦਾ ਹੈ। ਜਿਹੜੀਆਂ ਬਚ ਜਾਂਦੀਆਂ ਹਨ ਉਨ੍ਹਾਂ ਨੂੰ ਬਜ਼ਾਰ ਵਿੱਚ ਵੇਚ ਦਿੰਦਾ ਹੈ। ਹੋਰ ਬਹੁਤ ਕੁੱਝ ਊਟ ਪਟਾਂਗ ਹੈ ਇਸ ਕਿਤਾਬ ਵਿਚ। ਜਿਸ ਨੂੰ ਬਹੁਤੇ ਸਿੱਖ ਖਾਸ ਕਰਕੇ ਡੇਰਿਆਂ ਨਾਲ ਸੰਬੰਧਿਤ ਗੁਰੂ ਕੀ ਬਾਣੀ ਕਹਿੰਦੇ ਹਨ। ਜਦੋਂ ਇਸ ਦੀ ਅਸਲੀਅਤ ਦੱਸੀ ਜਾਂਦੀ ਹੈ ਤਾਂ ਫਿਰ ਇਨ੍ਹਾਂ ਨੂੰ ਤਕਲੀਫ ਹੁੰਦੀ ਹੈ। ਦਰਅਸਲ ਗੱਲ ਇਹ ਸੀ ਕਿ ਇਸ ਤਰਹਾਂ ਦੇ ਗ੍ਰੰਥ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਸਨ। ਡੇਰਿਆਂ ਵਿੱਚ ਹੀ ਅਜਿਹੇ ਗ੍ਰੰਥ ਪੜਾਏ ਜਾਂਦੇ ਸਨ ਅਤੇ ਜੋ ਕੁੱਝ ਸਿਖਾਇਆ ਜਾਂਦਾ ਸੀ ਉਸ ਨੂੰ ਹੀ ਅੰਤਮ ਸੱਚ ਮੰਨ ਲਿਆ ਜਾਂਦਾ ਸੀ। ਕਿਸੇ ਸਮੇ ਅਜਿਹੇ ਪ੍ਰਚਾਰਕਾਂ ਅਤੇ ਡੇਰੇਦਾਰਾਂ ਨੂੰ ਇਹ ਲਗਦਾ ਸੀ ਕਿ ਅਸੀਂ ਜੋ ਕੁੱਝ ਮਰਜੀ ਕਹੀ ਜਾਈਏ ਸੰਗਤਾਂ ਨੇ ਸੱਚ ਮੰਨੀ ਜਾਣਾ। ਅਤੇ ਨਾਲ ਇਹ ਵੀ ਸੀ ਕਿ ਕਥਿਤ ਤਖਤਾਂ ਦੇ ਕਥਿਤ ਜਥੇਦਾਰ ਵੀ ਬਹੁਤੇ ਕਰਕੇ ਡੇਰਿਆਂ ਨਾਲ ਸੰਬੰਧਿਤ ਹੀ ਹੁੰਦੇ ਸਨ। ਆਪਣੇ ਪੰਥ ਵਿਚੋਂ ਛੇਕਣ ਦੇ ਡਰਾਵੇ ਦੀ ਤਲਵਾਰ ਵੀ ਲਟਕਦੀ ਰਹਿੰਦੀ ਸੀ। ਇਸੇ ਕਰਕੇ ਵਿਦਵਾਨ ਸੱਚ ਬੋਲਣ ਤੋਂ ਝਿਜਕਦੇ ਰਹਿੰਦੇ ਸਨ/ਹਨ। ਉਸ ਸਮੇਂ ਉਨ੍ਹਾਂ ਨੂੰ ਇਹ ਨਹੀ ਸੀ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਰਾ ਕੁੱਝ ਆਮ ਲੋਕਾਂ ਦੀ ਪਹੁੰਚ ਵਿੱਚ ਹੋ ਜਾਣਾ ਹੈ ਫਿਰ ਹੋਰ ਲੋਕਾਂ ਨੂੰ ਬਹੁਤਾ ਚਿਰ ਬੁੱਧੂ ਨਹੀਂ ਬਣਾਇਆ ਜਾ ਸਕਦਾ। ਅਤੇ ਤੁਹਾਡੇ ਛੇਕੂ ਹੁਕਨਾਮਿਆਂ ਦੀ ਵੀ ਕਿਸੇ ਦਿਨ ਫੂਕ ਨਿਕਲ ਜਾਣੀ ਹੈ।
ਜਦੋਂ ਗਿ: ਭਾਗ ਸਿੰਘ ਅੰਬਾਲਾ ਨੂੰ ਸੱਚ ਬੋਲਣ ਕਰਕੇ ਛੇਕਿਆ ਗਿਆ ਸੀ ਤਾਂ ਉਸ ਵੇਲੇ ਆਮ ਸਿੱਖਾਂ ਨੂੰ ਇਸ ਕੂੜ ਗ੍ਰੰਥ ਬਾਰੇ ਬਹੁਤ ਘੱਟ ਜਾਣਕਾਰੀ ਸੀ। ਕੁੱਝ ਗਿਣਤੀ ਦੇ ਮਿਸ਼ਨਰੀ ਹੀ ਸਮਝਦੇ ਸਨ। ਜਿਨ੍ਹਾਂ ਵਿਚੋਂ ਗਿ: ਸੁਰਜੀਤ ਸਿੰਘ ਇੱਕ ਸਨ। ਇਹ ਵੀ ਪਹਿਲਾਂ ਕੁੱਝ ਬਾਣੀਆਂ ਨੂੰ ਗੁਰੂ ਲਿਖਤ ਮੰਨਦੇ ਸਨ ਅਤੇ ਟੱਲੀ ਵਾਂਗ ਖੜਕਦੀ ਕਹਿੰਦੇ ਹੁੰਦੇ ਸਨ ਜੋ ਕਿ ਇਸ ਦੇ ਪੁਰਾਣੇ ਲੇਖਾਂ ਵਿੱਚ ਇੱਥੇ ਸਿੱਖ ਮਾਰਗ ਤੇ ਪੜ੍ਹੀ ਜਾ ਸਕਦੀ ਹੈ। ਫਿਰ ਕਾਲੇ ਅਫਗਾਨੇ ਨੇ ਗੱਲ ਹੋਰ ਥੋੜੀ ਜਿਹੀ ਅਗਾਂਹ ਤੋਰੀ ਸੀ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਚਿੱਠੀਆਂ ਲਿਖੀਆਂ ਸਨ। ਉਸ ਸਮੇ ਟੌਹੜਾ ਪ੍ਰਧਾਨ ਹੁੰਦਾ ਸੀ। ਸੀ ਤਾਂ ਭਾਵੇਂ ਉਹ ਰਾਜਨੀਤਕ ਬੰਦਾ ਅਤੇ ਕਈ ਗਲਤੀਆਂ ਵੀ ਕੀਤੀਆ ਹਨ ਪਰ ਉਹ ਗੱਲ ਛੇਤੀਂ ਹੀ ਸਮਝ ਜਾਂਦਾ ਸੀ। ਉਸ ਨੇ ਕਾਲੇ ਅਫਗਾਨੇ ਨੂੰ ਕਿਹਾ ਸੀ ਕਿ ਤੁਸੀਂ ਆ ਜਾਓ ਅਤੇ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਨਾਲ ਬੈਠ ਕੇ ਵਿਚਾਰ ਕਰ ਲਿਓ। ਉਸ ਦੇ ਦੱਸਣ ਮੁਤਾਬਕ ਉਸ ਸਮੇ ਉਹ ਜਾ ਨਹੀਂ ਸਕਦਾ ਸੀ ਇਹ ਗੱਲ ਠੀਕ ਸੀ ਜਾਂ ਕੋਈ ਬਹਾਨਾ ਸੀ ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਪਰ ਬਾਅਦ ਵਿੱਚ ਉਹ ਇੰਡੀਆ ਜਾ ਆਇਆ ਸੀ। ਜਦੋਂ ਟੋਹੜੇ ਨੇ ਇਸ ਬਾਰੇ ਹਾਮੀ ਭਰੀ ਸੀ ਕਿ ਗੱਲਬਾਤ ਸ਼ੁਰੂ ਕਰ ਲਓ ਜੇ ਕਰ ਤੁਸੀਂ ਕਿਸੇ ਇੱਕ ਵਿਆਕਤੀ ਨੂੰ ਕਾਇਲ ਕਰ ਲਵੋਂਗੇ ਤਾਂ ਫਿਰ ਅਗਾਂਹ ਗੱਲ ਤੁਰ ਸਕਦੀ ਹੈ। ਉਸ ਸਮੇਂ ਗਿ: ਭਗਤ ਸਿੰਘ ਦੀ ਚੋਣ ਕੀਤੀ ਗਈ ਸੀ ਕਿ ਉਹ ਖੁਦ ਕਨੇਡਾ ਜਾਵੇਗਾ ਅਤੇ ਕਾਲੇ ਅਫਗਾਨੇ ਨਾਲ ਵਿਚਾਰ ਕਰੇਗਾ। ਗਿ: ਭਗਤ ਸਿੰਘ ਕੁੱਝ ਸਮਾ ਸੰਤ ਸਿਪਾਹੀ ਰਸਾਲੇ ਦਾ ਕੁੱਝ ਸਮਾ ਸੰਪਾਦਕ ਜਾਂ ਸਹਿ ਸੰਪਾਦਕ ਵੀ ਰਿਹਾ ਹੈ ਅਤੇ ਉਸ ਸਮੇ ਸੀ। ਇਹ ਗੱਲ ਬੀਬੀ ਕਿਰਨਜੋਤ ਕੌਰ ਤੋਂ ਵੀ ਤਸਦੀਕ ਕੀਤੀ ਜਾ ਸਕਦੀ ਹੈ। ਗਿ: ਭਗਤ ਸਿੰਘ ਦਸਮ ਗ੍ਰੰਥ ਦਾ ਪੱਕਾ ਹਮਾਇਤੀ ਸੀ ਪਰ ਕੁੱਝ ਕੁ ਡੇਰੇ ਵਾਲਿਆਂ ਦੇ ਖਿਲਾਫ ਵੀ ਸੀ। ਜਦੋਂ ਇਹ ਗੱਲਬਾਤ ਚੱਲ ਹੀ ਰਹੀ ਸੀ ਤਾਂ ਅਚਾਨਕ ਹੀ ਕਿਸੇ ਨੇ ਪਿੱਛਿਉਂ ਟਰੱਕ ਦਾ ਪਿੱਛਾ ਮਾਰ ਕੇ ਸਕੂਟਰ ਤੇ ਜਾਂਦੇ ਗਿ: ਭਗਤ ਸਿੰਘ ਨੂੰ ਜਖਮੀਂ ਕਰ ਦਿੱਤਾ ਸੀ ਅਤੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ ਤਾਂ ਇਹ ਗੱਲ ਵਿਚੇ ਹੀ ਰਹਿ ਗਈ ਸੀ। ਇਸੇ ਤਰ੍ਹਾਂ ਹੀ ਇੱਕ ਮੀਟਿੰਗ ਵਿਚਾਰ ਚਰਚਾ ਲਈ ਕੁੱਝ ਸਾਲ ਪਹਿਲਾਂ ਜਰਮਨੀ ਵਿੱਚ ਵੀ ਤਹਿ ਕੀਤੀ ਗਈ ਸੀ ਪਰ ਦਸਮ ਗ੍ਰੰਥੀਏ ਉਥੇ ਵਿਚਾਰ ਲਈ ਪਹੁੰਚੇ ਹੀ ਨਹੀਂ ਸਨ। ਪਹਿਲਾਂ ਕਹਿੰਦੇ ਪ੍ਰੋ: ਦਰਸ਼ਨ ਸਿੰਘ ਜਰੂਰ ਆਵੇ ਫਿਰ ਕਹਿੰਦੇ ਕਿ ਅਸੀਂ ਛੇਕੇ ਹੋਇਆਂ ਨਾਲ ਵਿਚਾਰ ਨਹੀਂ ਕਰਨੀ। ਇਸੇ ਤਰ੍ਹਾਂ ਇੱਕ ਵਾਰੀ ਨਿਊਯਾਰਕ ਵੀ ਹੋ ਚੁੱਕਿਆ ਹੈ।
ਇਨ੍ਹਾਂ ਸਾਰੇ ਕੂੜ ਗ੍ਰੰਥਾਂ ਦਾ ਕੋਈ ਵੀ ਪੱਕਾ ਹੱਲ ਨਹੀਂ ਕਰਨਾ ਚਾਹੁੰਦਾ ਪਰ ਥੋੜੇ ਕੁ ਜਿਹੇ ਸਮੇਂ ਬਾਅਦ ਸ਼ੁਰਲੀਆਂ ਜਿਹੀਆਂ ਜਰੂਰ ਛੱਡਦੇ ਰਹਿੰਦੇ ਹਨ। ਜਿਵੇਂ ਕਿ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸਾਬਕਾ ਅਤੇ ਮੌਜੂਦਾ ਪ੍ਰਬੰਧਕ ਕਰ ਰਹੇ ਹਨ। ਮੈਨੂੰ ਯਾਦ ਹੈ ਕਿ ਕੁੱਝ ਸਾਲ ਪਹਿਲਾਂ ਕੁਲਦੀਪ ਸਿੰਘ ਜਦੋਂ ਸ਼ੇਰੇ ਪੰਜਾਬ ਰੇਡੀਓ ਤੇ ਪ੍ਰੋਗਰਾਮ ਕਰਿਆ ਕਰਦਾ ਹੁੰਦਾ ਸੀ ਤਾਂ ਉਥੇ ਸਰਨੇ ਨੂੰ ਪੁੱਛਿਆ ਸੀ ਕਿ ਬੇਨਤੀ ਚੌਪਈ ਬਾਰੇ ਤੁਹਾਡੇ ਕੀ ਵਿਚਾਰ ਹਨ। ਉਸ ਦਾ ਜਵਾਬ ਪਤਾ ਕੀ ਸੀ? ਕਹਿੰਦਾ ਕਿ ਸਾਡੇ ਦਾਦੇ ਪੜਦਾਦੇ ਇਹ ਪੜ੍ਹਦੇ ਆ ਰਹੇ ਹਨ ਅਸੀਂ ਇਹ ਕਿਉਂ ਛੱਡੀਏ? ਹੋਰ ਵੀ ਬਹੁਤਿਆਂ ਦੇ ਇਹੀ ਜਵਾਬ ਹੋਣਗੇ। ਉਂਜ ਵੀ ਜਦੋਂ ਗਿ: ਭਾਗ ਸਿੰਘ ਨੂੰ ਛੇਕਿਆ ਗਿਆ ਸੀ ਉਸ ਵੇਲੇ ਵੀ ਕਿਹਾ ਗਿਆ ਸੀ ਕਿ ਇਹ ਸਿੱਖੀ ਦਾ ਥੰਮ ਹੈ। ਭਾਵ ਕਿ ਸਾਡੀ ਸਾਰੀ ਸਿੱਖੀ ਦਾ ਭਾਰ ਇਸ ਚੌਪਈ ਨੇ ਹੀ ਚੁੱਕਿਆ ਹੋਇਆ ਹੈ। ਗਿ: ਭਾਗ ਸਿੰਘ ਨੂੰ ਛੇਕਣ ਵਿੱਚ ਸੰਤ ਸਿੰਘ ਮਸਕੀਨ ਦਾ ਪੂਰਾ ਹੱਥ ਸੀ ਅਤੇ ਉਹ ਸਟੇਜਾਂ ਤੋਂ ਚਟਕਾਰੇ ਲਾ ਕੇ ਇਸ ਬਾਰੇ ਦੱਸਿਆ ਕਰਦਾ ਸੀ ਅਤੇ ਲੋਕਾਈ ਨੂੰ ਮੂਰਖ ਬਣਾਇਆ ਕਰਦਾ ਸੀ।
ਸਭ ਤੋਂ ਅਚੰਭੇ ਵਾਲੀ ਗੱਲ ਇਹ ਹੈ ਕਿ ਜਿਹੜੇ ਸਿੱਖ ਦਿਨ ਰਾਤ ਗੁਲਾਮੀ ਦਾ ਅਰਾਟ ਪਉਂਦੇ ਨਹੀਂ ਥੱਕਦੇ ਉਹ ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਆਪਣੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਗੁਲਾਮੀ ਦਾ ਸਭ ਤੋਂ ਵੱਧ ਰੌਲਾ ਭਿੰਡਰਾਂਵਾਲੇ ਸਾਧ ਦੇ ਚੇਲੇ ਪਉਂਦੇ ਹਨ। ਪਰ ਜਦੋਂ ਗੱਲ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਦੀ ਆਉਂਦੀ ਹੈ ਫਿਰ ਇਹ ਗੁਲਾਮੀ ਗੈਂਗ ਦੂਸਰਿਆਂ ਨੂੰ ਗੁਲਾਮ ਬਣਾਉਣ ਲਈ ਧਮਕੀਆਂ ਅਤੇ ਗਾਲੀ ਗਲੋਚ ਤੇ ਉੱਤਰ ਆਉਂਦਾ ਹੈ। ਕਈਆਂ ਤੇ ਹਮਲੇ ਵੀ ਕਰ ਚੁੱਕਾ ਹੈ। ਜਿੰਨੀ ਕੁ ਬੋਲਣ ਚੱਲਣ ਦੀ ਅਜ਼ਾਦੀ ਇੰਡੀਆ ਦੀ ਹਿੰਦੂ ਸਰਕਾਰ ਨੇ ਦਿੱਤੀ ਹੋਈ ਹੈ ਇਹ ਤਾਂ ਗੁਲਾਮ ਹੁੰਦੇ ਹੋਏ ਵੀ ਉਤਨੀ ਨਹੀਂ ਦੇਣਾ ਚਾਹੁੰਦੇ। ਜਦੋਂ ਕਦੀਂ ਇਨ੍ਹਾਂ ਦੇ ਹੱਥ ਰਾਜ ਭਾਗ ਆ ਗਿਆ ਫਿਰ ਕੀ ਕਰਨਗੇ? ਦਸਮ ਗ੍ਰੰਥ ਬਾਰੇ ਭਿੰਡਰਾਂਵਾਲੇ ਸਾਧ ਦੀ ਧੌਂਸ ਮੈਂ ਤਕਰੀਬਨ ਪਿਛਲੇ 50 ਸਾਲਾਂ ਤੋਂ ਸੁਣਦਾ ਆ ਰਿਹਾ ਹਾਂ ਉਸ ਵੇਲੇ ਤਾਂ ਮੈਨੂੰ ਖੁਦ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਦਿੱਲੀ ਤੋਂ ਇੱਕ ਰਸਾਲਾ ਨਿੱਕਲਦਾ ਹੁੰਦਾ ਸੀ ‘ਮਿਸ਼ਨਰੀ ਸੇਧਾਂ’ ਉਸ ਵਿੱਚ ਕਈ ਵਾਰੀ ਦਸਮ ਗ੍ਰੰਥ ਬਾਰੇ ਥੋੜਾ ਬਹੁਤ ਲਿਖਿਆ ਹੁੰਦਾ ਸੀ। ਇਹ 50 ਸਾਲ ਪਹਿਲਾਂ ਵੀ ਇਸ ਸਾਧ ਦੀ ਧੌਂਸ ਦਿੰਦੇ ਹੁੰਦੇ ਸਨ ਕਿ ਜਦੋਂ ਕਦੀ ਦਿੱਲੀ ਗੇੜਾ ਲੱਗਿਆ ਤਾਂ ਸਿਖਾ ਦਉਂ ਇਨ੍ਹਾਂ ਨੂੰ ਸਬਕ। ਹੁਣ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਵੇਂ ਧੌਂਸ ਦਿੰਦੇ ਹਨ ਕਿ ਤੁਸੀਂ ਉਸ ਨਾਲੋਂ ਵੀ ਵੱਧ ਸਿਆਣੇ ਹੋ ਗਏ। ਜਿਸ ਪਸ਼ੂ ਬਿਰਤੀ ਵਾਲੇ ਬੰਦੇ ਨੂੰ ਇੱਕ ਇਨਸਾਨ ਕਹਿਣਾ ਵੀ ਗਲਤ ਹੈ ਉਸ ਨੂੰ ਇਹ ਸਭ ਤੋਂ ਮਹਾਨ ਬਣਾ ਕੇ ਪੇਸ਼ ਕਰਦੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਕਿਸੇ ਵੀ ਸਭਿਅਕ ਦੇਸ਼ ਵਿੱਚ ਕਿਸੇ ਵੀ ਇਸਤ੍ਰੀ ਤੋਂ ਪੁੱਛਗਿੱਛ ਕਰਨ ਸਮੇਂ ਅਜਿਹੇ ਘਿਨਾਉਣੇ ਤਸੀਹਿਆਂ ਵਾਲੇ ਜੁਲਮ ਕਿਸੇ ਨੇ ਕੀਤੇ ਹਨ ਜਿਸ ਤਰ੍ਹਾਂ ਬਲਜੀਤ ਕੌਰ ਨਾਲ ਅਕਾਲ ਤਖ਼ਤ ਤੇ ਕੀਤਾ ਗਿਆ ਸੀ? ਜਿਸ ਤਰ੍ਹਾਂ ਛਾਤੀਆਂ ਕੱਟੀਆਂ ਗਈਆਂ ਅਤੇ ਗੁਪਤ ਅੰਗਾਂ ਵਿੱਚ ਸਰੀਏ ਧੱਸੇ ਗਏ ਸਨ ਅਤੇ ਫਿਰ ਬੜੇ ਮਾਣ ਨਾਲ ਕਹਿੰਦਾ ਸੀ ਕਿ ਇਤਨੇ ਘੰਟੇ ਵਿੱਚ ਬਦਲਾ ਲੈ ਲਿਆ ਹੈ। ਜਿਸ ਬੰਦੇ ਨੂੰ ਇਹ ਨਹੀਂ ਸੀ ਪਤਾ ਕਿ ਧਰਤੀ ਤੋਂ ਦੂਰ ਚੰਦਰਮਾਂ ਹੈ ਜਾਂ ਸੂਰਜ ਉਸ ਨੂੰ ਇਹ ਬ੍ਰਹਮਗਿਆਨੀ ਬਣਾ ਕੇ ਪੇਸ਼ ਕਰਦੇ ਹਨ। ਸੰਨ 1982-83 ਦੇ ਦੋਰਾਨ ਪ੍ਰਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲੇ ਇੱਥੇ ਕਨੇਡਾ ਵਿੱਚ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰੀ ਉਥੇ ਇਸ ਨਾਲ ਅਚਾਨਕ ਹੀ ਮੇਲ ਹੋ ਗਿਆ ਅਤੇ ਇਹ ਸਾਧ ਰਾਗਮਾਲਾ ਬਾਰੇ ਵਿਚਾਰ ਕਰਨ ਲੱਗ ਪਿਆ ਸੀ। ਵਿਚਾਰ ਕਾਹਦੀ ਸੀ ਸਿਰ ਵੱਢਣ ਵਢਾਉਣ ਦੀ ਗੱਲ ਕਰਦਾ ਸੀ। ਜੇ ਰਾਗਮਾਲ ਅਕਾਲ ਤਖਤ ਤੇ ਪੜ੍ਹੀ ਜਾਵੇ ਤਾਂ ਮੋਰਚਾ ਫ਼ਤਿਹ ਹੋ ਜਾਣਾ ਜਾਂ ਆਹ ਔਹ ਹੋ ਜਾਣਾ। ਉਸ ਸਮੇਂ ਕਿਸੇ ਸ਼੍ਰੋਮਣੀ ਕਮੇਟੀ ਦੇ ਕਿਸੇ ਸਿਆਣੇ ਬੰਦੇ ਨੇ ਆ ਕਿ ਇਨ੍ਹਾਂ ਨੂੰ ਕਿਹਾ ਕਿ ਚੁੱਪ ਕਰਕੇ ਇੱਥੋਂ ਖਿਸਕ ਜਾਓ ਇਹ ਕਦੀ ਵੀ ਤੁਹਾਡੀ ਬੇਇਜ਼ਤੀ ਕਰ ਸਕਦਾ ਹੈ। ਇਸ ਗੱਲ ਦੀ ਤਸਦੀਕ ਉਸ ਦੇ ਵਿਦਿਆਰਥੀ ਰਹੇ ਸਾਬਕਾ ਜਥੇਦਾਰ ਗਿ: ਕੇਵਲ ਸਿੰਘ, ਪ੍ਰੋ: ਮਨਜੀਤ ਸਿੰਘ ਜਾਂ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਤੋਂ ਕਰ ਸਕਦਾ ਹੈ। ਉਹ ਵੀ ਤਾਂ ਜੇ ਕਰ ਇਹ ਸੱਚ ਬੋਲਣ ਦੀ ਹਿੰਮਤ ਰੱਖਦੇ ਹੋਣਗੇ ਪਰ ਆਸ ਘੱਟ ਹੀ ਹੈ।
ਹੁਣ ਤੁਸੀਂ ਇਹ ਸੋਚੋ ਕਿ ਜਿਹੜੇ ਵੱਖਰੇ ਵਿਚਾਰਾਂ ਵਾਲਿਆਂ ਨੂੰ ਇਸ ਸਾਧ ਦੀਆਂ ਧਮਕੀਆਂ ਪਿਛਲੇ ਲੱਗ-ਭੱਗ 50 ਸਾਲਾਂ ਤੋਂ ਦਿੰਦੇ ਆ ਰਹੇ ਹਨ ਦੱਸੋ ਫਿਰ ਉਸ ਨੂੰ ਗੁੰਡਾ ਨਾ ਕਹੀਏ ਤਾਂ ਹੋਰ ਕੀ ਕਹੀਏ? ਇਹ ਆਪੇ ਹੀ ਸਾਬਤ ਨਹੀਂ ਕਰ ਰਹੇ ਕਿ ਉਹ ਵੀ ਸਿੱਖੀ ਭੇਸ ਵਿੱਚ ਇੱਕ ਗੁੰਡਾ ਸੀ ਅਤੇ ਅਸੀਂ ਵੀ ਗੁੰਡੇ ਹੁੰਦੇ ਹਾਂ। ਜੇ ਕਰ ਨਾਨਕ ਕਿਸੇ ਧਰਮ ਵਿੱਚ ਜੰਮ ਕੇ ਉਸੇ ਧਰਮ ਦੇ ਪਖੰਡ ਨੰਗੇ ਕਰ ਸਕਦਾ ਹੈ ਅਤੇ ਉਨ੍ਹਾਂ ਦੀਆਂ ਰੀਤਾਂ ਰਸਮਾਂ ਨੂੰ ਨਿਕਾਰ ਸਕਦਾ ਹੈ ਤਾਂ ਹੋਰ ਕੋਈ ਕਿਉਂ ਨਹੀਂ ਕਰ ਸਕਦਾ? ਕੀ ਉਸ ਨੂੰ ਸਾਰੀ ਜਿੰਦਗੀ ਕਿਸੇ ਦੇ ਗੁਲਾਮ ਬਣ ਕੇ ਹੀ ਰਹਿਣਾ ਪਵੇਗਾ?
ਮੱਖਣ ਪੁਰੇਵਾਲ,
ਸਤੰਬਰ 28, 2025.