.
ਗੱਲ ਸੁਣੋ ਬਈ ਦੇਵੀ ਭਗਤੋ, ਇਤਰਾਜ਼ ਤੁਹਾਡੇ ਠੀਕ ਨਹੀਂ
ਪਿਛਲੇ ਕੁੱਝ ਦਿਨਾ ਤੋਂ ਸ਼ੋਸ਼ਲ ਮੀਡੀਏ ਤੇ ਕੁੱਝ ਪੋਸਟਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਵਿੱਚ ਇਹ ਇਤਰਾਜ਼ ਜਿਤਾਇਆ ਜਾ ਰਿਹਾ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਨੂੰ ਦਿੱਲੀ ਕਮੇਟੀ ਅਧੀਨ ਚੱਲਦੇ ਸਕੂਲ ਦੀ ਪੰਜਵੀਂ ਜਮਾਤ ਦੀ ਕਿਤਾਬ ਵਿੱਚ ਮਹਾਂਕਾਲ ਦੇਵਤੇ ਦੇ ਪੁਜਾਰੀ ਦੱਸਿਆ ਗਿਆ ਹੈ। ਇਸ ਬਾਰੇ ਇੱਕ ਛੋਟੀ ਜਿਹੀ ਰਿਪੋਰਟ ਕੱਲ ਦੇ ਸਪੋਕਸਮੈਨ ਵਿੱਚ ਵੀ ਛਪੀ ਸੀ ਜੋ ਕਿ ਗੁਰਿੰਦਰ ਸਿੰਘ ਕੋਟਕਪੂਰੇ ਦੀ ਲਿਖੀ ਹੋਈ ਹੈ। ਲਓ ਪਹਿਲਾਂ ਉਹ ਰਿਪੋਰਟ ਪੜ੍ਹ ਲਓ ਸ਼ਾਇਦ ਕਈਆਂ ਨੇ ਨਹੀਂ ਪੜ੍ਹੀ ਹੋਵੇਗੀ:
ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ‘ਹਿੰਦੂ ਮਿਥਿਹਾਸ ਕੋਸ਼' ਅਨੁਸਾਰ ‘ਮਹਾਂਕਾਲ' ਸ਼ਿਵ ਜੀ ਦਾ ਇਕ ਵਿਨਾਸ਼ਕਾਰੀ ਰੂਪ ਹੈ।
 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਪੰਜਵੀਂ ਜਮਾਤ ਦੀ ਪੰਜਾਬੀ ਦੀ ਕਿਤਾਬ ਵਿਚ ਤਸਵੀਰ ਸਮੇਤ ‘ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ’ ਦੇ ਸਿਰਲੇਖ ਹੇਠ ਗੁਰੂ ਨਾਨਕ-ਜੋਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਮਹਾਂਕਾਲ’ ਦੇਵਤੇ ਦੇ ਪੁਜਾਰੀ ਦਸਿਆ ਹੈ। ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ‘ਹਿੰਦੂ ਮਿਥਿਹਾਸ ਕੋਸ਼’ ਅਨੁਸਾਰ ‘ਮਹਾਂਕਾਲ’ ਸ਼ਿਵ ਜੀ ਦਾ ਇਕ ਵਿਨਾਸ਼ਕਾਰੀ ਰੂਪ ਹੈ। ਮਹਾਂਰਾਸ਼ਟਰ ਵਿਖੇ ਐਲੀਫੈਂਟਾ ਦੀਆਂ ਗੁਫ਼ਾਵਾਂ ਵਿਚ ਸ਼ਿਵ ਜੀ ਦੇ ਉਪਰੋਕਤ ਭਿਆਨਕ ਰੂਪ ਦਾ ਅੱਠ ਬਾਹਵਾਂ ਨਾਲ ਨਿਰੂਪਣ ਕੀਤਾ ਗਿਆ ਹੈ।
ਉਨ੍ਹਾਂ ਦੇ ਇਕ ਹੱਥ ਵਿਚ ਮਨੁਖੀ ਪਿੰਜਰ, ਦੂਜੇ ਵਿਚ ਤਲਵਾਰ, ਤੀਜੇ ਵਿਚ ਲਹੂ ਦਾ ਬਾਟਾ, ਚੌਥੇ ਵਿਚ ਪੂਜਾ ਦਾ ਟੱਲ, ਦੋ ਹੱਥਾਂ ਨਾਲ ਉਨ੍ਹਾਂ ਨੂੰ ਅਪਣੇ ਵੱਲ ਪਰਦਾ ਖਿਚਦਾ ਵਿਖਾਇਆ ਹੈ, ਜਿਹੜਾ ਸੂਰਜ ਨੂੰ ਨੰਗਾ ਕਰ ਦਿੰਦਾ ਹੈ। ਦੋ ਹੱਥ ਟੁੱਟੇ ਹੋਏ ਹਨ। ਗਲ ਵਿਚ ਲਹੂ ਚੋਂਦੇ ਮਨੁੱਖੀ ਸਿਰਾਂ ਦੀ ਮਾਲਾ ਹੈ। ਬਚਿੱਤਰ ਨਾਟਕ ਵਿਚ ‘ਸ਼੍ਰੀ ਕਾਲ ਜੀ ਕੀ ਉਸਤਤਿ’ ਸਿਰਲੇਖ ਹੇਠਲੀ ਰਚਨਾ ਵੀ ਐਸੇ ਭੈਰਵੀ ਰੂਪ ਦੀ ਪ੍ਰੋੜਤਾ ਕਰਦੀ ਹੈ। ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਉਕਤ ਜਾਣਕਾਰੀ ਦਿੰਦਿਆਂ ਦੇਸ਼-ਵਿਦੇਸ਼ ਤੇ ਖ਼ਾਸ ਕਰ ਕੇ ਦਿੱਲੀ ਦੀਆਂ ਧਾਰਮਕ ਅਤੇ ਰਾਜਨੀਤਕ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੁੱਪ ਨਾ ਰਹਿਣ ਤੇ ਸੁਚਾਰੂ ਢੰਗ ਨਾਲ ਸੁਧਾਰਵਾਦੀ ਯਤਨ ਕਰਨ। ਕਾਰਨ ਹੈ ਕਿ ਪੁਸਤਕ ਦਾ ਉਪਰੋਕਤ ਲੇਖ ਸਿੱਖ ਬੱਚੇ-ਬੱਚੀਆਂ ਨੂੰ ਦੇਵੀ-ਦੇਵਤਿਆਂ ਦੀ ਪੂਜਾ ਉਪਾਸ਼ਨਾ ਦ੍ਰਿੜ ਕਰਵਾਉਂਦਾ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਰਾਹੀਂ ਅਜਿਹੀ ਪ੍ਰੇਰਨਾ ਮਿਲਣੀ ਤਾਂ ਵਾੜ ਦੇ ਖੇਤ ਨੂੰ ਖਾਣ ਵਾਲੀ ਚਿੰਤਾਜਨਕ ਕਾਰਗੁਜ਼ਾਰੀ ਹੈ, ਕਿਉਂਕਿ ਐਸੀ ਸਿਖਿਆ ਸਿੱਖੀ ਦੇ ਆਧਾਰ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦਾ ਬਿਲਕੁਲ ਉਲਟ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਪੱਥਰ ਦੇ ਦੇਵੀ-ਦੇਵਤੇ ਕਿਸੇ ਨੂੰ ਕੁਝ ਦੇਣ ਜੋਗੇ ਨਹੀਂ। ਪਾਣੀ ਵਿਚ ਧੋਂਦਿਆਂ ਜਿਹੜੇ ਆਪ ਡੁੱਬਦੇ ਹੋਣ, ਉਨ੍ਹਾਂ ਨੇ ਸ਼ਰਧਾਲੂਆਂ ਨੂੰ ਕਿੱਥੋਂ ਤਾਰਨਾ? ਪਾਵਨ ਗੁਰਵਾਕ ਹੈ: ‘ਦੇਵੀ ਦੇਵਾ ਪੂਜੀਐ ਭਾਈ! ਕਿਆ ਮਾਗੳ, ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ! ਜਲ ਮਹਿ ਬੂਡਹਿ ਤੇਹਿ॥’ (ਗੁਰੂ ਗ੍ਰੰਥ ਸਾਹਿਬ-ਪੰ। 637) ਭਗਤ ਬਾਬਾ ਨਾਮਦੇਵ ਜੀ ਸ਼ਿਵਜੀ (ਮਹਾਂਦੇਉ) ਦੇ ਉਪਰੋਕਤ ਡਰਾਉਣੇ ਰੂਪ ਤੇ ਸਰਾਪ ਦੇਣ ਵਾਲੇ ਕ੍ਰੋਧੀ ਸੁਭਾਅ ਨੂੰ ਆਧਾਰ ਬਣਾ ਕੇ ਸੁਆਲ ਖੜਾ ਕਰਦੇ ਹਨ ਕਿ ਸ਼ਰਧਾਲੂ ਲੋਕ ਐਸੇ ਮਹਾਂਕਾਲ ਨਾਲ ਪਿਆਰ ਭਰੀ ਸਾਂਝ ਕਿਵੇਂ ਬਣਾ ਸਕਦੇ ਹਨ। ਉਨ੍ਹਾਂ ਦੇ ਬੇਬਾਕ ਬੋਲ ਹਨ: ‘ਪਾਂਡੇ ਤੁਮਰਾ ਮਹਾਦੇਉ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ; ਵਾ ਕਾ ਲੜਕਾ ਮਾਰਿਆ ਥਾ॥ (ਕੋਟਕਪੂਰਾ ਤੋਂ ਗੁਰਿੰਦਰ ਸਿੰਘ ਦੀ ਰਿਪੋਰਟ)
ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਸਿੱਖ ਬਚਿੱਤਰ ਨਾਟਕ ਅਥਵਾ ਦਸਮ ਗ੍ਰੰਥ ਨੂੰ ਮੰਨਦੇ ਹਨ। ਸਿੱਖਾਂ ਦੀਆਂ ਨਿੱਤਨੇਮ ਦੀਆਂ ਤਿੰਨ ਬਾਣੀਆਂ ਇਸ ਦਸਮ ਗ੍ਰੰਥ ਵਿਚੋਂ ਹੀ ਹਨ। ਸਿੱਖਾਂ ਦੇ ਸੋ ਕਾਲਡ ਬ੍ਰਹਮ ਗਿਆਨੀ ਅਤੇ ਡੇਰਿਆਂ ਵਾਲੇ ਸਾਧ ਅਤੇ ਉਨ੍ਹਾਂ ਦੇ ਚੇਲੇ ਤਕਰੀਬਨ 100% ਹੀ ਇਸ ਨੂੰ ਦਸਵੇਂ ਗੁਰੂ ਨਾਲ ਜੋੜਦੇ ਹਨ। ਕਈ ਤਾਂ ਸਾਰੇ ਦਸਮ ਗ੍ਰੰਥ ਨੂੰ ਹੀ ਗੁਰੂ ਦੀ ਕਿਰਤ ਮੰਨਦੇ ਹਨ ਅਤੇ ਕਈ ਇਹ ਮੰਨਦੇ ਹਨ ਕਿ ਇਨ੍ਹਾਂ ਲਿਖਤਾਂ ਵਿੱਚ ਕੁੱਝ ਲਿਖਤਾਂ ਗੁਰੂ ਜੀ ਦੀਆਂ ਆਪਣੀਆਂ ਹਨ ਅਤੇ ਬਾਕੀ ਸਾਰਾ ਕੁੱਝ ਸਨਾਤਨ ਧਰਮ ਨਾਲ ਸੰਬੰਧਿਤ ਗ੍ਰੰਥਾਂ ਦਾ ਉਲਥਾ ਹੈ। ਗਿ: ਸੰਤ ਸਿੰਘ ਮਸਕੀਨ ਵੀ ਇਸੇ ਤਰ੍ਹਾਂ ਸੋਚਦੇ ਸਨ। ਉਹ ਦਸਮ ਗ੍ਰੰਥ ਵਿਚੋਂ ਇੱਕ ਪੰਗਤੀ ਆਮ ਹੀ ਬੋਲਦੇ ਹੁੰਦੇ ਸਨ- ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ। ਲਾਂਬੇ ਅਤੇ ਪਿੰਦਰਪਾਲ ਵਰਗੇ ਤਾਂ ਉਸ ਦਸਮ ਗ੍ਰੰਥੀ ਗੁੰਡੇ ਸਾਧ ਦੀ ਧੌਂਸ ਦੇਣ ਤੋਂ ਵੀ ਨਹੀਂ ਝਿਜਕਦੇ ਕਿ ਉਸ ਸਾਧ ਦੇ ਜੀਂਉਂਦੇ ਜੀਅ ਕਿਸੇ ਦੀ ਹਿੰਮਤ ਨਹੀਂ ਪਈ ਦਸਮ ਗ੍ਰੰਥ ਦਾ ਵਿਰੋਧ ਕਰਨ ਦੀ। ਭਾਵ ਕਿ ਇਹ ਆਪ ਹੀ ਸਾਬਤ ਕਰ ਰਹੇ ਹਨ ਕਿ ਅਸੀਂ ਗੁੰਡੇ ਹੰਦੇ ਹਾਂ ਅਤੇ ਸਾਡਾ ਸਾਧ ਵੀ ਨਿਰਾ ਗੁੰਡਾ ਸੀ ਜਿਹੜਾ ਧੱਕੇ ਨਾਲ ਕੂੜ ਗ੍ਰੰਥਾਂ ਨੂੰ ਮਾਨਤਾ ਦਿਵਾਉਣੀ ਚਾਹੁੰਦਾ ਸੀ ਜਿਵੇਂ ਅਸੀਂ ਚਾਹੁੰਦੇ ਹਾਂ।
ਦਸਮ ਗ੍ਰੰਥ ਵਿੱਚ ਜਿੱਥੇ ਵੀ ਚੰਡੀ ਜਾਂ ਦੇਵੀ ਦੀ ਉਸਤਤ ਦਾ ਵਰਨਣ ਆਉਂਦਾ ਹੈ ਉੱਥੇ ਦਸਮ ਗ੍ਰੰਥੀਏ ਉਸ ਦੇ ਅਰਥ ਤੋਰ-ਮਰੋੜ ਕੇ ਅਕਾਲ ਪੁਰਖ ਜਾਂ ਕਾਲ ਨੂੰ ਵੀ ਖਾ ਜਾਣ ਵਾਲਾ ਮਹਾਂਕਾਲ ਕਰਦੇ ਹਨ। ਪਰ ਜਿੱਥੇ ਕੋਈ ਚਾਰਾ ਨਾ ਚੱਲੇ ਉਥੇ ਮਜਬੂਰੀ ਵੱਸ ਚੰਡੀ ਜਾਂ ਦੇਵੀ ਹੀ ਕਰਨੇ ਪੈਂਦੇ ਹਨ। ਇਸ ਦੀ ਮਿਸਾਲ ਤੁਸੀਂ ਹੇਠ ਲਿਖੀ ਲਿਖਤ ਵਿੱਚ ਦੇਖ ਸਕਦੇ ਹੋ ਜੋ ਕਿ ਸਿੱਖਾਂ ਦਾ ਇੱਕ ਜੰਗ ਜੁੱਧ ਵਾਲਾ ਸਲੋਗਨ ਹੈ:
ਸਵੈਯਾ
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।
ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤੁਬ ਜੂਝ ਮਰੋ। ੨੩੧।
ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ।
ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ।
ਕਉਤਕ ਹੋਤੁ ਕਰੀ ਕਵਿ ਨੋ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ। ੨੩੨।
ਡਾ: ਜੱਗੀ ਨੇ ਅਤੇ ਕਈ ਹੋਰ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਨੇ ਇੱਥੇ ਅਖੀਰਲੇ ਚਾਰ ਪਦਾਂ ਦੇ ਅਰਥ ਚੰਡੀ ਅਤੇ ਦੇਵੀ ਹੀ ਕੀਤੇ ਹਨ।
ਡਾ: ਜੱਗੀ ਵਲੋਂ ਵਿਆਖਿਆ:
ਚੰਡੀ-ਚਰਿਤ੍ਰ ਕਵਿਤਾ ਵਿੱਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ) ਰੌਦਰ-ਰਸ ਵਿੱਚ ਲਿਖੀ ਹੈ। ਇੱਕ ਤੋਂ ਇੱਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ। ਕਵੀ ਨੇ ਮਾਨਸਿਕ ਵਿਲਾਸ (ਕਉਤਕ) ਲਈ ਇੱਕ ਕਾਵਿ-ਰਚਨਾ ਕੀਤੀ ਹੈ। ‘ਸਤਸਈ’ ਦੀ ਇਹ ਪੂਰੀ ਕਥਾ ਵਰਣਿਤ ਹੈ। ਜਿਸ (ਮਨੋਰਥ) ਲਈ (ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ। ੨੩੨।
ਸਿੱਖਾਂ ਦੇ ਕੂੜ ਗ੍ਰੰਥਾਂ ਵਿਚੋਂ ਭਾਵੇਂ ਦਸਮ ਗ੍ਰੰਥ ਹੈ ਤੇ ਭਾਵੇਂ ਸੂਰਜ ਪ੍ਰਕਾਸ਼ ਹੈ ਇਨ੍ਹਾਂ ਗ੍ਰੰਥਾਂ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਨੂੰ ਦੇਵੀ ਨੂੰ ਮੰਨਣ ਵਾਲੇ ਅਤੇ ਦੇਵੀ ਦੀ ਪੂਜਾ ਕਰਕੇ ਵਰ ਮੰਗਣ ਵਾਲੇ ਦਰਸਾਇਆ ਗਿਆ ਹੈ। ਇਹ ਕੌੜਾ ਸੱਚ ਕਿਸੇ ਨੂੰ ਹਜਮ ਹੋਵੇ ਜਾਂ ਨਾ ਹੋਵੇ ਪਰ ਅਸਲੀਅਤ ਇਹੋ ਹੀ ਹੈ। ਜਿਹੜੇ ਵੀ ਸਿੱਖਾਂ ਨੂੰ ਦਸਮ ਗ੍ਰੰਥ ਦੀਆਂ ਲਿਖਤਾਂ ਦੇ ਅਧਾਰ ਤੇ ਪਾਠ ਪੁਸਤਕਾਂ ਵਿੱਚ ਅਤੇ ਹੋਰ ਮੀਡੀਏ ਵਿੱਚ ਕੁੱਝ ਛਪਣ ਤੋਂ ਠੇਸ ਲਗਦੀ ਹੈ ਜਾਂ ਉਹ ਆਪਣੇ ਗੁਰੂ ਦੀ ਨਿਰਾਦਰੀ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਹੇਠ ਲਿਖੇ ਕੁੱਝ ਸਵਾਲ ਹਨ। ਕੀ ਉਹ ਆਪਣੇ ਆਪ ਨੂੰ ਸਵਾਲ ਕਰਨਗੇ ਜਾਂ ਆਪਣੇ ਅੰਦਰ ਝਾਤੀ ਮਾਰਨਗੇ ਕਿ ਉਨ੍ਹਾਂ ਨੇ ਇਸ ਨੂੰ ਰੋਕਣ ਵਾਰੇ ਹੁਣ ਤੱਕ ਕਿਤਨੇ ਕੁ ਠੋਸ ਉਪਰਾਲੇ ਕੀਤੇ ਹਨ?
1- ਜਦੋਂ ਹੇਮਕੁੰਡ ਗੁਰਦੁਆਰਾ ਹੋਂਦ ਵਿੱਚ ਆਇਆ ਸੀ ਤਾਂ ਕੀ ਉਸ ਵੇਲੇ ਦਸਮ ਗ੍ਰੰਥ ਦੀ ਅਸਲੀਅਤ ਸਮਝਣ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਸੀ? ਚਲੋ ਮੰਨ ਲੈਂਦੇ ਹਾਂ ਕਿ ਉਸ ਵੇਲੇ ਤੁਹਾਨੂੰ ਨਹੀਂ ਸੀ ਪਤਾ ਜਾਂ ਤਹਾਡੀ ਉਮਰ ਨਿਆਣੀ ਸੀ ਜਾਂ ਹਾਲੇ ਜੰਮੇ ਹੀ ਨਹੀਂ ਸੀ। ਤਾਂ ਕੀ ਹੁਣ ਤੁਸੀਂ ਇਸ ਨੂੰ ਬਣਾਉਣ ਵਾਲਿਆਂ ਭਾਈ ਵੀਰ ਸਿੰਘ ਵਰਗਿਆਂ ਨੂੰ ਆਪਣੇ ਗੁਰੂਆਂ ਦੇ ਦੋਖੀ ਮੰਨਦੇ ਹੋ? ਜੇ ਕਰ ਮੰਨਦੇ ਹੋ ਤਾਂ ਹੁਣ ਤੱਕ ਇਨ੍ਹਾਂ ਵਿਰੁੱਧ ਕਿਤਨੀ ਕੁ ਅਵਾਜ਼ ਉਠਾਈ ਹੈ? ਗਰਮੀਆਂ ਵਿੱਚ ਜਿਹੜੇ ਸਿੱਖ ਹੇਮਕੁੰਟ ਦੀ ਯਾਤਰਾ ਤੇ ਜਾਂਦੇ ਹਨ ਕੀ ਤੁਸੀਂ ਉਨ੍ਹਾਂ ਨੂੰ ਇਹ ਦੱਸਣ ਦੀ ਕਦੀ ਖੇਚਲ ਕੀਤੀ ਹੈ ਕਿ ਇਹ ਇੱਕ ਨਕਲੀ ਤੀਰਥ ਹੈ ਸਿੱਖਾਂ ਦੇ ਦਸਵੇਂ ਗੁਰੂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ?
2- ਕੀ ਤੁਸੀਂ ਅਗਲੇ ਪਿਛਲੇ ਜਨਮਾਂ ਨੂੰ ਮੰਨਦੇ ਹੋ? ਜੇ ਕਰ ਮੰਨਦੇ ਹੋ ਤਾਂ ਦਸਮ ਗ੍ਰੰਥ ਅਥਵਾ ਬਚਿੱਤਰ ਨਾਟਕ ਵਿਚਲੀ ਆਤਮ ਕਥਾ ਦਾ ਵਿਰੋਧ ਕਿਉਂ ਕਰਦੇ ਹੋ? ਫਿਰ ਤਾ ਕਿਤਾਬਾਂ ਵਿੱਚ ਜੋ ਛਪਦਾ ਹੈ ਉਹ ਠੀਕ ਹੀ ਹੈ ਉਸ ਦਾ ਵਿਰੋਧ ਕਿਉਂ? ਫਿਰ ਲਵ ਕੁਸ਼ ਦੀ ਔਲਾਦ ਕਹਿਲਉਣ ਵਿੱਚ ਕੀ ਦਿੱਕਤ ਹੈ? ਜੇ ਕਰ ਨਹੀਂ ਮੰਨਦੇ ਤਾਂ ਇਸ ਨੂੰ ਰੱਦ ਕਰਕੇ ਆਪਣੇ ਕਥਿਤ ਜਥੇਦਾਰਾਂ ਤੇ ਸਵਾਲ ਕਿਉਂ ਨਹੀਂ ਕਰਦੇ? ਜੇ ਕਰ ਉਹ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਤੋਂ ਡਰਦੇ ਕਿਉਂ ਹੋ? ਜੋ ਕਹਿਣਾ ਹੈ ਉਹ ਗੱਜ-ਵੱਜ ਕੇ ਕਿਉਂ ਨਹੀਂ ਕਹਿੰਦੇ ਕਿ ਅਸੀਂ ਆਪਣੇ ਗੁਰੂਆਂ ਦੀ ਬੇ-ਇਜ਼ਤੀ ਕਰਨ ਵਾਲੇ ਗ੍ਰੰਥਾਂ ਨੂੰ ਨਹੀਂ ਮੰਨਦੇ?
3- ਤਕਰੀਬਨ ਸਾਰੇ ਹੀ ਡੇਰੇਦਾਰ ਅਤੇ ਜਥੇਬੰਦੀਆਂ ਵਾਲੇ ਦਸਮ ਗ੍ਰੰਥ ਨੂੰ ਮੰਨਦੇ ਹਨ ਅਤੇ ਕਈ ਤਾਂ ਆਪਣੇ ਡੇਰਿਆਂ ਵਿੱਚ ਇਸ ਦਾ ਪ੍ਰਕਾਸ਼/ਹਨੇਰਾ ਵੀ ਕਰਦੇ ਹਨ। ਕੀ ਤੁਸੀਂ ਉਨ੍ਹਾਂ ਨੂੰ ਉਚੀ ਅਵਸਥਾ ਵਾਲੇ ਪਹੁੰਚੇ ਹੋਏ ਅਧਿਆਤਮਿਕਵਾਦੀ ਮੰਨਦੇ ਹੋ? ਜੇ ਕਰ ਮੰਨਦੇ ਹੋ ਤਾਂ ਦਸਮ ਗ੍ਰੰਥ ਵਿਚਲੀਆਂ ਲਿਖਤਾਂ ਦਾ ਵਿਰੋਧ ਕਿਉਂ? ਜੇ ਕਰ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਵੀ ਪਖੰਡੀ ਅਤੇ ਗੁਰੂ ਨਿੰਦਕ ਕਿਉਂ ਨਹੀਂ ਕਹਿੰਦੇ?
4- ਭੰਗ ਪੀਣੇ ਨਿਹੰਗ ਤਾਂ ਦਸਮ ਗ੍ਰੰਥ ਨੂੰ ਆਦਿ ਗ੍ਰੰਥ ਨਾਲੋਂ ਵੀ ਜਿਆਦਾ ਮਹੱਤਤਾ ਦਿੰਦੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਨਸ਼ੇ ਪਾਣੀ ਕਰਨ ਦੀ ਖੁੱਲ ਦਿੰਦੇ ਹਨ। ਕਿਉਂਕਿ ਦਸਮ ਗ੍ਰੰਥ ਦੇ ਮਹਾਂਕਾਲ ਨੂੰ ਮੰਨਣ ਵਾਲੇ ਲਈ ਜਾਂ ਉਸ ਦਾ ਸਿੱਖ ਬਨਣ ਲਈ ਸ਼ਰਾਬ ਅਤੇ ਭੰਗ ਪੀਣੀ ਜਰੂਰੀ ਹੈ। ਕੀ ਇਨਹਾਂ ਵਿਹਲੜਾਂ ਤੇ ਕਦੀ ਅਵਾਜ਼ ਉਠਾਈ ਹੈ ਕਿ ਇਹ ਧਰਮ ਦੀ ਕਿਰਤ ਕਿਹੜੀ ਕਰਦੇ ਹਨ? ਕਿਸੇ ਵਿਰਲੇ ਨੂੰ ਛੱਡ ਕੇ ਸ਼ਾਇਦ ਹੀ ਕੋਈ ਹੱਥੀਂ ਕਿਰਤ ਕਰਦਾ ਹੋਵੇ।
5- ਕੀ ਤੁਹਾਡੇ ਦਰਬਾਰ ਸਾਹਿਬ ਵਿੱਚ ਦਸਮ ਗ੍ਰੰਥ ਦੀਆਂ ਲਿਖਤਾਂ ਦਾ ਕੀਰਤਨ ਹੁੰਦਾ ਹੈ? ਜੇ ਕਰ ਹੁੰਦਾ ਹੈ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਕੋਲ ਕਿਤਨਾ ਕੁ ਰੋਸ ਜਾਹਰ ਕੀਤਾ ਹੈ? ਜੇ ਕਰ ਨਹੀਂ ਕੀਤਾ ਤਾਂ ਕਿਉਂ ਨਹੀਂ?
6- ਕੀ ਤੁਸੀਂ ਰੋਜ਼ ਅਰਦਾਸ ਕਰਦੇ ਹੋ? ਜੇ ਕਰ ਕਰਦੇ ਹੋ ਤਾਂ ਕਿਹੜੀ ਕਰਦੇ ਹੋ? ਜੇ ਕਰ ਪ੍ਰਚੱਲਤ ਹੀ ਕਰਦੇ ਹੋ ਤਾਂ ਇਹ ਵੀ ਤਾਂ ਚੰਡੀ ਦੇਵੀ ਨੂੰ ਹੀ ਸੰਬੋਧਤ ਹੈ ਭਾਵੇਂ ਤੁਸੀਂ ਮਰਜੀ ਨਾਲ ਇਸ ਦਾ ਸਿਰਲੇਖ ਬਦਲ ਦਿੱਤਾ ਹੈ। ਕੀ ਅਰਦਾਸ ਕਰਨ ਵੇਲੇ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਕਿ ਇੱਕ ਪਾਸੇ ਅਸੀਂ ਦੇਵੀ ਅੱਗੇ ਅਰਦਾਸ ਕਰ ਰਹੇ ਹਾਂ ਅਤੇ ਦੂਸਰੇ ਪਾਸੇ ਇਸ ਦਾ ਵਿਰੋਧ ਵੀ ਕਰ ਰਹੇ ਹਾਂ। ਕੀ ਇਹ ਵਿਰੋਧ ਜਾਂ ਇਤਰਾਜ਼ ਜਾਇਜ ਹੈ? ਇਹ ਅਤੇ ਇਸ ਤਰ੍ਹਾਂ ਦੇ ਹੋਰ ਅਨੇਕਾਂ ਹੀ ਸਵਾਲ ਹਨ ਜੋ ਤੁਸੀਂ ਆਪ ਹੀ ਆਪਣੇ ਮਨ ਕੋਲੋਂ ਪੁੱਛੋ ਕਿ ਤੁਸੀਂ ਕਿਤਨੇ ਕੁ ਅੰਦਰੋਂ ਸੁਹਿਰਦ ਹੋ?
ਮੱਖਣ ਪੁਰੇਵਾਲ,
ਸਤੰਬਰ 21, 2025.




.