ਸੰਤ ਭਿੰਡਰਾਂਵਾਲ਼ੇ ਅਤੇ ਸਾਬਕਾ ਜਨਰਲ ਸ਼ੁਬੇਗ ਸਿੰਘ ਨੇ ਮਿੱਥ ਕੇ ਸਰਕਾਰ ਨੂੰ ਅਕਾਲ ਤਖ਼ਤ `ਤੇ ਹਮਲਾ ਕਰਨ ਲਈ ਮਜਬੂਰ ਕੀਤਾ: ਖਾੜਕੂ ਨਰਾਇਣ ਸਿੰਘ ਚੌੜਾ
ਹਰਚਰਨ ਸਿੰਘ ਪ੍ਰਹਾਰ Email: hparharwriter@gmail.com
1984 ਤੋਂ ਹੁਣ ਤੱਕ ਖਾਲਿਸਤਾਨੀ ਧਿਰਾਂ ਵੱਲੋਂ ਮਿੱਥ ਕੇ ਬ੍ਰਿਤਾਂਤ ਸਿਰਜਿਆ ਗਿਆ ਸੀ ਕਿ ਭਾਰਤ ਦੀ ਹਿੰਦੂ ਸਟੇਟ ਨੇ ਸਿੱਖਾਂ ਅਤੇ ਸਿੱਖੀ ਨਾਲ਼ 5 ਸਦੀਆਂ ਦਾ ਵੈਰ ਪੁਗਾਉਂਦੇ ਹੋਏ, ਬੜੀ ਸਾਜ਼ਿਸ਼ ਨਾਲ਼ ਅਕਾਲ ਤਖ਼ਤ `ਤੇ ਹਮਲਾ ਕੀਤਾ ਗਿਆ। ਜਿਸ ਲਈ ਇੱਕ ਸਾਲ ਪਹਿਲਾਂ ਕਿਸੇ ਮਿਲਟਰੀ ਦੇ ਟਿਕਾਣੇ `ਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਹਮਲੇ ਦੀ ਟ੍ਰੇਨਿੰਗ ਵੀ ਦਿੱਤੀ ਗਈ ਸੀ। ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਟੈਂਕਾਂ ਤੋਪਾਂ ਨਾਲ਼ ਹਮਲਾ ਕਰਕੇ ਇਹ ਘੱਲੂਘਾਰਾ ਵਰਤਾਇਆ।
ਪਰ ਹੁਣ 40 ਸਾਲ ਬਾਅਦ ਸੰਤ ਭਿੰਡਰਾਂਵਾਲ਼ਿਆਂ ਨਾਲ਼ 1978 ਤੋਂ ਜੁੜੇ ਰਹੇ ਖਾੜਕੂ ਨਰਾਇਣ ਸਿੰਘ ਚੌੜਾ ਨੇ ਆਪਣੀ ਨਵੀਂ ਕਿਤਾਬ ‘ਖਾਲਿਸਤਾਨ ਵਿਰੁੱਧ ਸਾਜ਼ਿਸ਼’ ਵਿੱਚ ਬੜੇ ਸਨਸਨੀਖੇਜ਼ ਖੁਲਾਸੇ ਕੀਤੇ ਹਨ ਕਿ ਅਪ੍ਰੈਲ 1978 ਤੋਂ ਜੂਨ 1984 ਤੱਕ ਪੰਜਾਬ ਵਿੱਚ ਜੋ ਵੀ ਹਿੰਸਾ ਦੀਆਂ ਵਾਰਦਾਤਾਂ ਹੋਈਆਂ, ਸਭ ਸੰਤਾਂ ਦੀ ਸਲਾਹ ਅਤੇ ਪਲੈਨਿੰਗ ਨਾਲ਼ ਹੁੰਦੀਆਂ ਸਨ ਕਿਉਂਕਿ ਜਨਰਲ ਸ਼ੁਬੇਗ ਸਿੰਘ ਦਾ ਕਹਿਣਾ ਸੀ ਕਿ ਜਦੋਂ ਤੱਕ ਅਸੀਂ ਸਰਕਾਰ ਨੂੰ ਮਜਬੂਰ ਨਹੀਂ ਕਰਦੇ ਕਿ ਉਹ ਦਰਬਾਰ ਸਾਹਿਬ `ਤੇ ਹਮਲਾ ਕਰੇ, ਉਦੋਂ ਤੱਕ ਖਾਲਿਸਤਾਨ ਦੀ ਲਹਿਰ ਨਹੀ ਚੱਲਣੀ। ਉਨ੍ਹਾਂ ਅਨੁਸਾਰ ਸੰਤਾਂ ਦਾ ਅਕਾਲ ਤਖ਼ਤ `ਤੇ ਜਾਣਾ ਵੀ ਪਲੈਨ ਦਾ ਹਿੱਸਾ ਸੀ ਕਿਉਂਕਿ ਜੇ ਸੰਤ ਬਾਹਰ ਕਿਤੇ ਸ਼ਹੀਦੀ ਪਾਉਂਦੇ ਤਾਂ ਉਸਦਾ ਕੋਈ ਮੁੱਲ ਨਹੀਂ ਪੈਣਾ ਸੀ, ਸਿੱਖਾਂ ਵਿੱਚ ਉਹ ਰੋਹ ਨਹੀਂ ਜਾਗਣਾ ਸੀ, ਜੋ ਜੂਨ ਚੁਰਾਸੀ ਤੋਂ ਬਾਅਦ ਜਾਗਿਆ।
ਇੱਥੇ ਇਹ ਵਰਨਣਯੋਗ ਹੈ ਕਿ ਨਰਾਇਣ ਸਿੰਘ ਚੌੜਾ ਨੇ ਆਪਣੀ ਕਿਤਾਬ, ਭਾਰਤੀ ਖੁਫੀਆ ਏਜੰਸੀ ਰਾਅ ਦੇ ਸਾਬਕਾ ਪ੍ਰਮੁੱਖ ਅਧਿਕਾਰੀ ਜੀ ਬੀ ਸਿੱਧੂ ਦੀ ਕਿਤਾਬ ‘ਖਾਲਿਸਤਾਨ ਦੀ ਸਾਜ਼ਿਸ਼’ ਦੇ ਜਵਾਬ ਵਿੱਚ ਲਿਖੀ ਸੀ ਕਿ ਜੀ ਬੀ ਸਿੱਧੂ ਦੇ ਸਾਰੇ ਇਲਜਾਮ ਝੂਠੇ ਅਤੇ ਬੇ-ਬੁਨਿਆਦ ਹਨ ਕਿ ਸਰਕਾਰ ਨੇ ਸੰਤ ਭਿੰਡਰਾਂਵਾਲਿਆਂ ਨੂੰ ਖੜਾ ਕੀਤਾ ਸੀ ਜਾਂ ਜੋ ਕੁੱਝ ਦਰਬਾਰ ਸਾਹਿਬ ਅੰਦਰ ਹੋ ਰਿਹਾ ਸੀ, ਉਹ ਕਿਸੇ ਸਾਜ਼ਿਸ਼ ਦਾ ਹਿੱਸਾ ਸੀ। ਸ. ਚੌੜਾ ਅਨੁਸਾਰ ਅਜਿਹਾ ਕੁੱਝ ਨਹੀਂ ਸੀ, ਸੰਤ ਅਤੇ ਉਨ੍ਹਾਂ ਦੇ ਸਾਥੀ ਸਭ ਕੁੱਝ ਆਪਣੀ ਪਲੈਨਿੰਗ ਅਨੁਸਾਰ ਹੀ ਕਰਦੇ ਸਨ।
ਉਸਦਾ ਕਹਿਣਾ ਹੈ ਕਿ ਜੋ ਇਹ ਪ੍ਰਾਪੋਗੰਡਾ ਕੀਤਾ ਜਾਂਦਾ ਹੈ ਕਿ ਸੰਤਾਂ ਨੂੰ ਕਾਂਗਰਸ ਨੇ ਖੜਾ ਕੀਤਾ ਜਾਂ ਜੋ ਹਿੰਸਾ ਦਾ ਦੌਰ ਚੱਲ ਰਿਹਾ ਸੀ, ਉਹ ਸੰਤਾਂ ਨੂੰ ਬਦਨਾਮ ਕਰਨ ਲਈ ਏਜੰਸੀਆਂ ਕਰਵਾ ਰਹੀਆਂ ਸਨ, ਉਹ ਸਭ ਝੂਠ ਹੈ। ਉਸਨੇ ਨਾਂਵਾਂ ਸਮੇਤ ਦੱਸਿਆ ਕਿ ਕਿਸਨੇ ਕਿਹੜੀਆਂ ਵਾਰਦਾਤਾਂ ਦਰਬਾਰ ਸਾਹਿਬ ਦੇ ਅੰਦਰੋਂ ਕੀਤੀਆਂ। ਉਨ੍ਹਾਂ ਵਿੱਚ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ, ਲਾਲਾ ਜਗਤ ਨਰਾਇਣ, ਡੀ ਆਈ ਜੀ ਅਵਤਾਰ ਸਿੰਘ ਅਟਵਾਲ, ਢਿੱਲਵਾਂ ਕਾਂਡ (ਜਿਸ ਵਿੱਚ ਪਹਿਲੀ ਵਾਰ ਪੰਜਾਬ `ਚ 6 ਹਿੰਦੂਆਂ ਨੂੰ ਬਾਕੀ ਸਿੱਖ ਸਵਾਰੀਆਂ ਤੋਂ ਵੱਖ ਕਰਕੇ ਗੋਲ਼ੀਆਂ ਨਾਲ਼ ਭੁੰਨ ਦਿੱਤਾ ਗਿਆ ਸੀ) ਆਦਿ ਸਭ ਇਸੇ ਪਲੈਨਿੰਗ ਦਾ ਹਿੱਸਾ ਸੀ। ਹੁਣ ਤੱਕ ਇਹ ਕਿਹਾ ਜਾਂਦਾ ਸੀ, ਜਦੋਂ ਸੰਤਾਂ ਦੇ ਸਮਰਥਕਾਂ ਅਤੇ ਬੱਬਰਾਂ ਵਿੱਚ ਮੱਤਭੇਦ ਵਧ ਗਏ ਸਨ ਤਾਂ ਨੌਬਤ ਮਰਨ ਮਰਾਉਣ ਤਕ ਪਹੁੰਚ ਗਈ ਸੀ, ਉਸ ਵਕਤ ਸੰਤਾਂ ਨੇ ਲੜਾਈ ਟਾਲਣ ਲਈ ਅਕਾਲ ਤਖਤ ਸ਼ਰਣ ਲਈ ਸੀ। ਪਰ ਚੌੜਾ ਅਨੁਸਾਰ ਅਜਿਹਾ ਨਹੀਂ ਸੀ, ਸੰਤ ਲੌਂਗੋਵਾਲ਼ ਤੇ ਹੋਰ ਅਕਾਲੀ ਲੀਡਰਾਂ ਨੇ ਵਿੱਚ ਪੈ ਕੇ ਸਮਝੌਤਾ ਕਰਾ ਦਿੱਤਾ ਸੀ, ਪਰ ਸ਼ੁਬੇਗ ਸਿੰਘ ਨੇ ਸਲਾਹ ਦਿੱਤੀ ਸੀ ਕਿ ਇਹੀ ਸਹੀ ਮੌਕਾ ਹੈ ਕਿ ਹੁਣ ਸਮਝੌਤਾ ਨਾ ਕਰੋ, ਇਸੇ ਬਹਾਨੇ ਅਕਾਲ ਤਖਤ `ਤੇ ਬੈਠ ਜਾਉ।
ਹੁਣ ਦਰਬਾਰ ਸਾਹਿਬ `ਤੇ ਫੌਜੀ ਕਾਰਵਾਈ ਬਾਰੇ ਅੰਦਰਲੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਕੀ ਖਾਲਿਸਤਾਨੀ ਧਿਰਾਂ ਕੋਲ਼ ਇਹ ਕਹਿਣ ਦਾ ਕੋਈ ਇਖਲਾਕੀ ਹੱਕ ਰਹਿ ਜਾਂਦਾ ਹੈ ਕਿ ਇੰਦਰਾ ਗਾਂਧੀ ਜਾਂ ਭਾਰਤ ਦੀ ਹਿੰਦੂ ਸਟੇਟ ਨੇ ਸਾਜ਼ਿਸ਼ ਤਹਿਤ ਸਿੱਖਾਂ ਤੇ ਸਿੱਖੀ ਨੂੰ ਖਤਮ ਕਰਨ ਲਈ ਹਮਲਾ ਕੀਤਾ ਸੀ? ਕੀ ਹੁਣ ਇਹ ਕਹਿਣ ਦੀ ਕੋਈ ਤੁਕ ਬਣਦੀ ਹੈ ਕਿ ਭਾਰਤੀ ਸਟੇਟ ਸਿੱਖਾਂ ਦੀ ਨਸਲਕੁਸ਼ੀ ਕਰਨਾ ਚਾਹੁੰਦੀ ਸੀ ਜਾਂ ਅਜੇ ਵੀ ਕਰ ਰਹੀ ਹੈ? ਕੀ ਹੁਣ ਵਿਦੇਸ਼ਾਂ ਵਿੱਚ ਸਿੱਖ ਨਸਲਕੁਸ਼ੀ ਪਵਾਉਣ ਦੇ ਮਤੇ ਵੀ ਕਿਸੇ ਹੋਰ ਸਾਜ਼ਿਸ਼ ਦਾ ਹੀ ਹਿੱਸਾ ਹਨ?
ਕੀ ਹੁਣ ਪੰਥਕ ਜਥੇਬੰਦੀਆਂ ਆਪਣੇ ਚਹੇਤੇ ਖਾੜਕੂ ਨਰਾਇਣ ਸਿੰਘ ਚੌੜਾ ਨੂੰ ਸਵਾਲ ਕਰਨਗੀਆਂ? ਜਿਹੜਾ ਆਪਣੀਆਂ ਵੀਡੀਓਜ਼ ਅਤੇ ਕਿਤਾਬ ‘ਖਾਲਿਸਤਾਨ ਵਿਰੁੱਧ ਸਾਜ਼ਿਸ਼’ ਵਿੱਚ ਸਪੱਸ਼ਟ ਲਿਖਦਾ ਹੈ ਕਿ ਸੰਤ ਭਿੰਡਰਾਂਵਾਲ਼ਿਆਂ, ਸ਼ੁਬੇਗ ਸਿੰਘ ਅਤੇ ਹੋਰ ਮੋਹਰੀ ਸਿੰਘਾਂ ਨੇ ਇਹ ਫੈਸਲਾ ਕੀਤਾ ਸੀ ਕਿ ਅਕਾਲ ਤਖ਼ਤ `ਤੇ ਸ਼ਰਣ ਲੈ ਕੇ ਹਿੰਸਾ ਦਾ ਅਜਿਹਾ ਦੌਰ ਚਲਾਇਆ ਜਾਵੇ, ਜਿਸ ਨਾਲ਼ ਸਰਕਾਰ ਨੂੰ ਦਰਬਾਰ ਸਾਹਿਬ `ਤੇ ਹਮਲਾ ਕਰਨ ਲਈ ਮਜਬੂਰ ਕੀਤਾ ਜਾਵੇ। ਇਸ ਨਾਲ਼ ਹੀ ਸਿੱਖ ਜਾਗਣਗੇ ਅਤੇ ਖਾਲਿਸਤਾਨ ਦੀ ਲਹਿਰ ਅੱਗੇ ਤੁਰੇਗੀ। ਉਸਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਿਹੜੇ ਹਥਿਆਰ ਅੰਦਰ ਆਏ ਸਨ, ਉਹ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ (ਸਾਬਕਾ ਆਈ ਏ ਐਸ ਗੁਰਤੇਜ ਅਨੁਸਾਰ ਭੁੱਲਰ ‘ਰਾਅ’ ਦਾ ਏਜੰਟ ਸੀ, ਜਿਸਨੇ ਹਥਿਆਰ ਅੰਦਰ ਪਹੁੰਚਾਏ ਸਨ, ਪਹਿਲਾਂ ਉਹ ਗੁਰਤੇਜ ਸਿੰਘ ਰਾਹੀਂ ਇਹ ਹਥਿਆਰ ਪਹੁੰਚਾਣਾ ਚਾਹੁੰਦਾ ਸੀ, ਪਰ ਗੁਰਤੇਜ ਸਿੰਘ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਸੀ) ਵਲੋਂ ਨਹੀਂ ਭੇਜੇ ਗਏ ਸਨ, ਸਗੋਂ ਇਹ ਹਥਿਆਰ ਜਨਰਲ ਸ਼ੁਬੇਗ ਸਿੰਘ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੁਕੋ ਲਏ ਸਨ, ਜਿਹੜੇ ਦਰਬਾਰ ਸਾਹਿਬ `ਤੇ ਹਮਲਾ ਕਰਾਉਣ ਲਈ ਮੋਰਚਾਬੰਦੀ ਵਿੱਚ ਵਰਤੇ ਗਏ। ਹੁਣ ਕਿਹੜਾ ਮੂਰਖ ਹੋਵੇਾ, ਜੋ ਇਹ ਕਿਤਾਬ ਪੜ੍ਹ ਕੇ ਕਹੇਗਾ ਕਿ ਸਰਕਾਰ ਨੇ ਸਾਜ਼ਿਸ਼ ਨਾਲ਼ ਹਮਲਾ ਕਰਵਾਇਆ? ਸਗੋਂ ਇਸ ਤੋਂ ਸਾਬਿਤ ਹੁੰਦਾ ਹੈ ਕਿ ਅੰਦਰ ਬੈਠੇ ਹਥਿਆਰਬੰਦ ਖਾੜਕੂ ਹੀ ਅਜਿਹਾ ਆਪ ਚਾਹੁੰਦੇ ਸਨ? ਚੌੜਾ ਅਨੁਸਾਰ ਬਹੁਤ ਸਾਰੇ ਹਥਿਆਰ ਸਮਗਲਰਾਂ ਰਾਹੀਂ ਪਾਕਿਸਤਾਨ ਤੋਂ ਵੀ ਆਏ ਸਨ, ਜਦਕਿ ਹੁਣ ਤੱਕ ਇਹ ਕਿਹਾ ਜਾਂਦਾ ਸੀ ਕਿ ਸਰਕਾਰ ਸਿੱਖਾਂ ਨੂੰ ਬਦਨਾਮ ਕਰਦੀ ਸੀ ਕਿ ਦਰਬਾਰ ਸਾਹਿਬ ਅੰਦਰੋਂ ਵਿਦੇਸ਼ੀ ਹਥਿਆਰ ਮਿਲ਼ੇ ਸਨ।
ਇਸੇ ਤਰ੍ਹਾਂ ਇੱਕ ਹੋਰ ਖਾਲਿਸਤਾਨੀ ਵਿਦਵਾਨ ਬਲਜੀਤ ਸਿੰਘ ਖਾਲਸਾ ਆਪਣੀ ਕਿਤਾਬ ‘ਰੌਸ਼ਨ ਦਿਮਾਗ: ਭਾਈ ਹਰਮਿੰਦਰ ਸਿੰਘ ਸੰਧੂ’ ਵਿੱਚ ਵੀ ਅਜਿਹੇ ਹੀ ਖੁਲਸਾੇ ਕਰਦੇ ਹਨ ਕਿ ਪੰਜਾਬ ਵਿੱਚ ਜਿਤਨੇ ਵੀ ਕਤਲ ਹੋਏ, ਹਿੰਸਾ ਤੇ ਅਗਜਨੀ ਦੀਆਂ ਘਟਨਾਵਾਂ ਹੋਈਆਂ, ਉਹ ਸਭ ਹਰਮਿੰਦਰ ਸੰਧੂ ਵਲੋਂ ਗੁਪਤ ਰੂਪ `ਚ ਬਣਾਈ ਖਾੜਕੂ ਜਥੇਬੰਦੀ ‘ਦਸ਼ਮੇਸ਼ ਰੈਜਮੈਂਟ’ ਨੇ ਕੀਤੀਆਂ ਸਨ, ਜਿਸਦਾ ਉਹ ਆਪ ਮੁੱਖੀ ਸੀ ਅਤੇ ਫਰਜੀ ਨਾਮ ਸਰਦੂਲ ਸਿੰਘ ਰੱਖਿਆ ਹੋਇਆ ਸੀ। ਉਸਨੇ ਫੈਡਰੇਸ਼ਨ ਆਗੂਆਂ ਵਿਰਸਾ ਸਿੰਘ ਵਲਟੋਹਾ, ਹਰਮਿੰਦਰ ਸਿੰਘ ਗਿੱਲ, ਅਮਰਜੀਤ ਚਾਵਲਾ, ਗੁਰਿੰਦਰ ਸਿੰਘ ਭੋਲਾ, ਅਵਤਾਰ ਸਿੰਘ ਪੱਧਰੀ ਦੇ ਨਾਮ ਵੀ ਲਿਖੇ ਹਨ ਕਿ ਕਿਸਨੇ ਕਿਹੜੀਆਂ ਵਾਰਦਾਤਾਂ ਕੀਤੀਆਂ ਸਨ। ਬੇਗੁਨਾਹ ਹਿੰਦੂਆਂ ਦੇ ਕਤਲ ਆਦਿ ਕਿਸੇ ਏਜੰਸੀ ਨੇ ਨਹੀਂ, ਸਭ ਅੰਦਰ ਬੈਠੇ ਖਾੜਕੂ ਕਰਦੇ ਸਨ।
ਜਦੋਂ ਸਾਰੇ ਪੰਜਾਬ ਵਿੱਚ ਇਤਨੀ ਕਤਲੋਗਾਰਤ ਅਤੇ ਹਿੰਸਾ ਹੋ ਰਹੀ ਸੀ ਅਤੇ ਸਾਰੇ ਕਥਿਤ ਮੁਜਰਮ ਦਰਬਾਰ ਸਾਹਿਬ ਅੰਦਰ ਛੁਪੇ ਬੈਠੇ ਸਨ ਤਾਂ ਦੁਨੀਆਂ ਦੀ ਕਿਹੜੀ ਸਰਕਾਰ ਅਤੇ ਕਿਤਨਾ ਚਿਰ ਚੁੱਪ ਬੈਠਦੀ? ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਪਤਾ ਹੈ ਕਿ ਕਿਸੇ ਗੁਰਦੁਆਰੇ ਜਾਂ ਪਬਲਿਕ ਸਥਾਨ ਤਾਂ ਬਹੁਤ ਦੂਰ ਅਗਰ ਤੁਸੀਂ ਆਪਣੇ ਘਰ ਅੱਗੇ ਵੀ ਚਾਕੂ ਫੜ ਕੇ ਖੜ ਜਾਉ ਕਿ ਮੈਂ ਇੱਥੋਂ ਕਿਸੇ ਨੂੰ ਲੰਘਣ ਨਹੀਂ ਦੇਣਾ ਤਾਂ ਪੁਲਿਸ 3 ਵਾਰ ਕਹਿੰਦੀ ਹੈ ਕਿ ‘ਡਰੌਪ ਯੂਅਰ ਵੈਪਨ’, ਚੌਥਾ ਮੌਕਾ ਨਹੀਂ ਦਿੰਦੀ, ਸਿੱਧੀ ਮੱਥੇ `ਚ ਗੋਲ਼ੀ ਮਾਰਦੀ ਹੈ। ਪਤਾ ਨਹੀਂ ਸਾਡੇ ਲੀਡਰ ਤੇ ਵਿਦਵਾਨ ਕਿਸ ਅਧਾਰ `ਤੇ ਕਹਿ ਰਹੇ ਸਨ ਕਿ ਸਰਕਾਰ ਨੇ ਹਮਲੇ ਦੀ ਸਾਜ਼ਿਸ਼ ਰਚੀ, ਜਦੋਂ ਕਿ ਦਰਬਾਰ ਸਾਹਿਬ ਵਿੱਚ ਮਿਲਟਰੀ ਨਾਲ਼ ਲੜਨ ਵਾਲ਼ੇ ਹਥਿਆਰਾਂ ਨਾਲ਼ ਮਿਲਟਰੀ ਦੇ ਸਾਬਕਾ ਜਨਰਲ ਨੇ ਮੋਰਚੇਬੰਦੀ ਕੀਤੀ ਹੋਈ ਸੀ, ਅੰਦਰੋਂ ਕਤਲਾਂ ਦੀ ਪਲੈਨ ਬਣਦੀ ਸੀ, ਕਤਲ ਕਰਕੇ ਬੰਦੇ ਵਾਪਿਸ ਆ ਜਾਂਦੇ ਸਨ। ਪਹਿਲਾਂ ਤਾਂ ਇਹ ਗੱਲਾਂ ਸਰਕਾਰ ਜਾਂ ਪੁਲਿਸ ਕਹਿੰਦੀ ਸੀ, ਹੁਣ ਖਾੜਕੂ ਆਪ ਵੀ ਲਿਖਤੀ ਰੂਪ `ਚ ਕਿਤਾਬਾਂ ਅੰਦਰ ਦਰਜ ਕਰ ਰਹੇ ਹਨ ਜਾਂ ਆਪਣੀ ਯੂ ਟਿਊਬ ਵੀਡੀਓਜ਼ ਵਿੱਚ ਖੁਲਾਸੇ ਕਰ ਰਹੇ ਹਨ।
ਇੱਥੋਂ ਤੱਕ ਕਿ ਸੁਖਦੇਵ ਸਿੰਘ ਬੱਬਰ ਅਤੇ ਸਾਥੀਆਂ ਨੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੂੰ ਬਿਆਨ ਦੇ ਕੇ ਮੰਨਿਆ ਸੀ ਕਿ ਪੰਜਾਬ `ਚ 35 ਨਿਰੰਕਾਰੀ ਉਨ੍ਹਾਂ ਮਾਰੇ ਸਨ, ਭਿੰਡਰਾਂਵਾਲ਼ਾ ਐਵੇਂ ਹੀਰੋ ਬਣ ਰਿਹਾ। ਇਹ ਉਨ੍ਹਾਂ ਨੇ ਆਪਣੀ ਕਿਤਾਬ ‘ਸੰਤ ਭਿੰਡਰਾਂਵਾਲ਼ਿਆਂ ਦੇ ਰੂ-ਬ-ਰੂ, ਜੂਨ 84 ਦੀ ਪੱਤਰਕਾਰੀ’ `ਚ ਦਰਜ ਕੀਤਾ ਹੈ।
ਫਿਰ ਸਰਕਾਰ ਦੋਸ਼ੀ ਕਿਵੇ? ਇਸ ਹਿਸਾਬ ਨਾਲ਼ ਤਾਂ ਸਰਕਾਰ ਨੇ ਫੌਜੀ ਕਾਰਵਾਈ ਕਰਕੇ ਬੇਗੁਨਾਹਾਂ ਦੇ ਕਤਲ ਹੀ ਰੋਕੇ ਸਨ? ਇਹ ਕਹਿਣਾ ਕਿਤਨਾ ਜਾਇਜ਼ ਸੀ ਕਿ ਸਰਕਾਰ ਨੇ ਅਬਦਾਲ਼ੀ ਵਾਂਗ ਦਰਬਾਰ ਸਾਹਿਬ `ਤੇ ਹਮਲਾ ਕੀਤਾ? ਇਨ੍ਹਾਂ ਇੰਕਸ਼ਾਫਾਂ ਤੋਂ ਬਾਅਦ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੇ ਤਾਂ ਸਗੋ ਅੰਦਰ ਛੁਪ ਕੇ ਬੇਗੁਨਾਹਾਂ ਦੇ ਕਤਲ ਕਰ ਰਹੇ ਮੁਜਰਮਾਂ `ਤੇ ਕਾਰਵਾਈ ਕੀਤੀ ਸੀ? ਨਾ ਕਿ ਕਿਸੇ ਵੈਰ ਭਾਵਨਾ ਨਾਲ਼ ਹਮਲਾ ਕੀਤਾ ਸੀ?
ਕੀ ਪੰਥ ਦੀਆਂ ਵਾਰਿਸ ਜਥੇਬੰਦੀਆਂ ਕਦੇ ਨਰਾਇਣ ਸਿੰਘ ਚੌੜਾ, ਬਲਜੀਤ ਸਿੰਘ ਖਾਲਸਾ ਦੀਆਂ ਕਿਤਾਬਾਂ ਦਾ ਜਵਾਬ ਲੋਕ ਕਚਿਹਰੀ ਵਿੱਚ ਦੇਣਗੇ? ਕੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਅਜਿਹਿਆਂ ਖੁਲਾਸਿਆਂ ਤੋਂ ਬਾਅਦ ਕੋਈ ਉਚ ਲੋਕ ਕਮਿਸ਼ਨ ਬਿਠਾ ਕੇ ਸੱਚ ਜਨਤਾ ਦੀ ਕਚਹਿਰੀ ਵਿੱਚ ਲਿਆਉਣਗੇ? ਜੇ ਸਭ ਨੂੰ ਸੱਚ ਪਤਾ ਹੈ ਤਾਂ ਸਰਕਾਰ ਨੂੰ ਹਮਲੇ ਦਾ ਦੋਸ਼ੀ ਗਰਦਾਨਣਾ ਕਿਤਨਾ ਕੁ ਜਾਇਜ਼ ਹੈ?
ਫਿਰ ਤਾਂ ਭਾਜਪਾ ਦੀ ਪੰਜਾਬ ਵਿੱਚ ਹੋ ਰਹੇ ਕਤਲ ਰੋਕਣ ਲਈ ਫੌਜ ਭੇਜਣ ਦੀ ਮੰਗ ਜਾਇਜ਼ ਅਤੇ ਲੋਕ ਪੱਖੀ ਸੀ? ਕੀ ਜੂਨ 84 ਦਾ ਹਮਲਾ ਕਰਵਾ ਕਿ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਭੜਕਾ ਕੇ 1984 ਤੋਂ 1994 ਤੱਕ ਹਜਾਰਾਂ ਨੌਜਵਾਨ ਵੀ ਜੂਨ, 84 ਤੋਂ ਪਹਿਲਾਂ ਵਾਂਗ ਜਾਣ-ਬੁੱਝ ਕੇ ਮਰਵਾਏ ਗਏ? ਇਸ ਸੱਚ ਬਾਰੇ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ? ਕਿਤੇ ਅਜਿਹਾ ਤਾਂ ਨਹੀਂ, ਜਿਨ੍ਹਾਂ ਨੂੰ ਪੰਥ ਹੁਣ ਤੱਕ ਹੀਰੋ ਮੰਨਦਾ ਰਿਹਾ ਜਾਂ ਪੰਥ ਕੋਲ਼ੋਂ ਹੀਰੋ ਮੰਨਵਾਏ ਗਏ, ਉਹ ਹੀ ਸਰਕਾਰੀ ਸਾਜ਼ਿਸ਼ ਦੇ ਮੋਹਰੇ ਸਨ? ਜਿਵੇਂ ਕਿ ਰਾਅ ਅਧਿਕਾਰੀ ਜੀ ਬੀ ਸਿੱਧੂ ਨੇ ਆਪਣੀ ਕਿਤਾਬ ‘ਖਾਲਿਸਤਾਨ ਇੱਕ ਸਾਜ਼ਿਸ਼’ ਵਿੱਚ ਆਪਣੇ ਨਿੱਜੀ ਤਜਰਬਿਆਂ ਅਧਾਰਿਤ ਲਿਖਿਆ ਹੈ।
ਕੀ ਪੰਥ ਨੂੰ ਕੋਈ ਜਵਾਬ ਦੇਵੇਗਾ ਕਿ ਉਹ ਸੱਚ ਸੀ, ਜੋ 84 ਤੋਂ ਦੱਸਿਆ ਜਾ ਰਿਹਾ ਸੀ ਜਾਂ ਇਹ ਸੱਚ ਜੋ ਨਰਾਇਣ ਸਿੰਘ ਚੌੜਾ ਤੇ ਬਲਜੀਤ ਸਿੰਘ ਖਾਲਸਾ ਨੇ ਵਰਨਣ ਕੀਤਾ ਹੈ? ਜਾਂ ਉਹ ਸੱਚ ਹੈ, ਜੀ ਬੀ ਸਿੱਧੂ ਨੇ ਲਿਖਿਆ ਹੈ?
00000