ਕੀ ਰੱਬ ਕੁਛ ਵੀ ਨਹੀ ਹੈ?
ਰੱਬ ਦਾ ਕੋਈ ਪ੍ਰਤੱਖ ਪ੍ਰਮਾਣ ਨਾ ਹੋਣ ਕਾਰਨ ਉਸ ਦੇ ਕਿਸੇ ਅਸਲੀ ਰੂਪ, ਰੰਗ, ਅਤੇ ਰੇਖ ਭੇਖ ਨੂੰ ਕਿਆਸਿਆ ਨਹੀ ਜਾ ਸਕਦਾ ਕਿਉਂਕਿ ਇੱਕ ਹੁੰਦਾ ਹੋਇਆ ਉਹ ਅਨੇਕਤਾ ਵਿੱਚ ਵੀ ਵਸਦਾ ਮੰਨਿਆ ਜਾਂਦਾ ਹੈ। ਇਹ ਵਿਸ਼ਾ ਇੱਕ ਆਪਾਵਿਰੋਧੀ ਗੁੰਝਲਦਾਰ ਬੁਝਾਰਤ ਹੈ ਤੇ ਆਮ ਤੌਰ ਤੇ ਇਸ ਗੁੰਝਲਦਾਰ ਬੁਜਾਰਤ ਨੂੰ ਖੋਲਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਨਾਸਤਕ ਜਾਂ ਪਾਗਲ ਦਾ ਫਤਵਾ ਲਾਇਆ ਜਾਂਦਾ ਹੈ। ਇਹ ਇੱਕ ਹਕੀਕਤ ਹੈ ਕਿ:- ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਧਾ, ਪੇਚ ਏਸ ਦੇ ਖੋਲਣ ਲੱਗਾ ਕਾਫਰ ਹੋ ਜਾਏ ਬੰਦਾ, ਕੀ ਦੁਨੀਆਂ ਨੇ ਵਡ੍ਹੇ ਵਡ੍ਹੇ ਵਿਦਵਾਨਾਂ ਤੇ ਵਿਚਾਰਵਾਨਾਂ ਨੂੰ ਪਾਗਲ ਦਾ ਫਤਵਾ ਨਹੀ ਲਾਇਆ? ਇਸ ਲਈ ਇਹ ਲਿਖਤ ਇਸ ਗੁੰਝਲਦਾਰ ਬੁਝਾਰਤ ਨੂੰ ਵੇਖਣ ਦਾ ਹੀ ਇੱਕ ਨਜ਼ਰੀਆ ਹੈ ਜੋ ਸ਼ਾਇਦ ਸਭਨਾ ਨੂੰ ਰਾਸ ਨਾ ਆਵੇ:-
ਬ੍ਰਹਿਮੰਡਾਂ ਦੀ ਰਚਨਾ ਬਾਰੇ ਵਿਗਿਆਨੀਆਂ ਦਾ ਕਹਿਣਾ ਹੈ ਕਿ: “Nothing” caused the Big Bang (Stephen Hawkings) ਭਾਵ ਕਿ ਇਸ ਦਿਸ ਰਹੇ ਬ੍ਰਹਿਮੰਡ ਪਸਾਰੇ ਦਾ ਮੂਲ “ਕੁਛ ਵੀ ਨਹੀ” ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਕੁਛ ਵੀ ਨਹੀ ਸੀ, ਉਸ “ਕੁਛ ਵੀ ਨਹੀ” ਵਿਚੋਂ ਇਕੋ ਕਵਾਉ (ਧਮਾਕਾ) ਹੋਇਆ ਜੋ ਅਜ ਦਿਸਦੇ ਸਭ ਪਸਾਰੇ (ਲੱਖਾਂ ਦਰਿਆਵਾਂ) ਦਾ ਮੂਲ ਦਸਿਆ ਜਾਂਦਾ ਹੈ, ਭਾਵ “ਕੁਛ ਵੀ ਨਹੀ” ਵਿਚੋਂ ਸਭ ਕੁਛ ਪੈਦਾ ਹੋਇਆ ਹੈ ਜਿਵੇਂ ਗੁਰਬਾਣੀ ਦਾ ਵੀ ਫੁਰਮਾਨ ਹੈ ਕਿ ਨਿਰੰਕਾਰਿ ਆਕਾਰੁ ਉਪਾਇਆ ॥1066 ਨਿਰੰਕਾਰ, ਆਕਾਰ ਰਹਿਤ ਹੈ ਤੇ ਜੋ ਆਕਾਰ ਰਹਿਤ ਹੈ ਉਸ ਵਿਚੋਂ ਕੁਛ ਪੈਦਾ ਹੋਣਾ ਸੰਭਵ ਨਹੀ ਜਾਪਦਾ। ਇੱਕ ਪਾਸੇ ਤਾਂ ਇਹ ਤਰਕ ਹੈ, ਕਿ “ਕੁਛ ਵੀ ਨਹੀ” ਵਿਚੋਂ ਕੁੱਛ ਪੈਦਾ ਕਿਵੇਂ ਹੋ ਸਕਦਾ ਹੈ? ਪਰ ਦੂਜੇ ਪਾਸੇ ਵਿਗਿਆਨੀਆਂ ਨੇ ਸਬੂਤ ਸਹਿਤ, ਸਾਬਤ ਕੀਤਾ ਹੈ ਕਿ ਨਿਰੰਕਾਰ (non-matter) ਵਿਚੋਂ ਹੀ ਆਕਾਰ (matter) ਪੈਦਾ ਹੋਇਆ ਹੈ। ਕਹਿਣ ਤੋਂ ਭਾਵ ਹੈ ਕਿ “ਕੁਛ ਵੀ ਨਹੀ” ਵਿਚੋਂ ਹੀ ਸਭ ਕੁਛ ਦਾ ਪਸਾਰਾ ਹੋਇਆ ਹੈ। ਇਹ ਦੋਵੇਂ ਆਪਾ ਵਿਰੋਧੀ ਤੇ ਅਸੰਭਵ ਗੱਲਾਂ ਲਗਦੀਆਂ ਹਨ। ਵਿਗਿਆਨੀ ਕਿਸੇ ਰੱਬ ਨੂੰ ਨਹੀ ਮੰਨਦੇ, ਉਹ ਕੇਵਲ ਊਰਜਾ (Electro Magnetic Energy, Gravity, weak nuclear and strong nuclear) ਦੀ ਹੋਂਦ ਨੂੰ ਹੀ ਮੰਨਦੇ ਹਨ ਤੇ ਜਦੋਂ ਊਰਜਾ ਦੀ ਪਰਿਭਾਸ਼ਾ ਵੇਖੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਊਰਜਾ “ਕੁਛ ਵੀ ਨਹੀ” (ਕਿੳਂਕਿ ਉਹ ਅਦ੍ਰਿਸ਼ਟ ਹੈ), ਨਾ ਪੈਦਾ ਕੀਤੀ ਜਾ ਸਕਦੀ ਹੈ ਤੇ ਨਾ ਨਸ਼ਟ ਕੀਤੀ ਜਾ ਸਕਦੀ ਹੈ। ਉਹ ਆਪਣੇ ਆਪ ਹੀ ਹੋਂਦ ਵਿੱਚ ਆਈ ਹੈ, ਤੇ ਸਮੁਚੇ ਪਸਾਰੇ ਦੀ ਹੋਂਦ ਦਾ ਮੂਲ ਵੀ ਹੈ। ਸੋ ਅਸਲੀਅਤ ਵਿੱਚ ਕੀ ਇਹ ਕਿਹਾ ਜਾ ਸਕਦਾ ਹੈ ਕਿ ਉਹ ਊਰਜਾ ਜੋ “ਕੁਛ ਵੀ ਨਹੀ” ਹੀ “ਸਭ ਕੁਛ” ਹੈ, ਜਾਂ ਫਿਰ ਦੂਸਰੇ ਪਖੋਂ “ਸਭ ਕਿਛ” ਕੁਛ ਵੀ ਨਹੀ? ਵਿਗਿਆਨੀ ਕਣਾਂ (atoms) ਦੀ ਭੰਨ ਤੋੜ ਕਰਦੇ ਹੋਏ ਜਦੋਂ ਫੋਟੋਨ (photon) ਤਕ ਪਹੁੰਚੇ ਤਾਂ ਵੇਖਿਆ ਗਿਆ ਕਿ ਫੋਟੋਨ ਹਿਲਦੇ ਤੋਂ ਤਾਂ ਉਸ ਦੀ ਹੋਂਦ ਦਾ ਸਕਰੀਨ (screen) ਤੇ ਅਕਸ ਵੇਖਿਆ ਜਾ ਸਕਦਾ ਹੈ ਪਰ ਜਦੋਂ ਉਹ ਥਿਰ ਹੋ ਜਾਂਦਾ ਹੈ ਤਾਂ ਉਸ ਦੀ ਹੋਂਦ ਦਾ ਕੋਈ ਪਤਾ ਨਹੀ ਲਗਦਾ, ਗੁਪਤ ਹੋ ਜਾਂਦਾ ਹੈ, ਹੋਂਦ ਮਿਟ ਜਾਂਦੀ ਹੈ, ਉਹ “ਕੁਛ ਵੀ ਨਹੀਂ” ਰਹਿ ਜਾਂਦਾ ਹੈ ਤੇ ਨਾ ਉਸ ਦਾ ਕੋਈ ਅਕਸ ਦਿਸਦਾ ਹੈ। ਤਾਂ ਕੀ ਹੁਣ ਇਸ ਤੋਂ ਇਹ ਸਮਝਿਆ ਜਾਵੇ ਕਿ:- “ਕੁਛ ਵੀ ਨਹੀ” ਹੀ ਸਭ ਕੁਛ ਹੈ ਜਾਂ ਫੇਰ ਦੂਸਰੇ ਪਖੋਂ ਸਭ ਕੁਛ ਅਸਲੀਅਤ ਵਿੱਚ “ਕੁਛ ਵੀ ਨਹੀ” ਹੈ। ਕੀ ਨਿਰੰਕਾਰ ਹੀ ਆਕਾਰ ਤੇ ਆਕਾਰ ਹੀ ਨਿਰੰਕਾਰ ਹੈ? “ਕੁਛ ਵੀ ਨਹੀ” ਹੀ ਦਿਸਦੀ ਕੁਦਰਤ ਹੈ ਜਾਂ ਦਿਸਦੀ ਕੁਦਰਤ ਕੁਛ ਵੀ ਨਹੀ ਹੈ?
ਨਿਰਗੁਨ ਕਰਤਾ ਸਰਗੁਨ ਕਰਤਾ ॥862)। ਕੀ ਏਸੇ “ਕੁਛ ਵੀ ਨਹੀ” ਨੂੰ ਹੀ ਅਨੇਕਾਂ ਰੱਬੀ ਨਾਮ ਦਿਤੇ ਗਏ ਹਨ? ਹੈਰਾਨੀ ਵਾਲੀ ਗਲ ਹੈ ਕਿ ਸਾਰੇ ਰੂਪ, ਰੰਗ, ਰੇਖ, ਭੇਖ, ਬੋਲੀਆਂ ਆਦਿਕ ਉਸ ਵਿਚੋਂ ਆਈਆਂ ਹਨ ਜਿਸ ਦਾ ਆਪਣਾ ਕੋਈ ਰੂਪ, ਰੰਗ, ਰੇਖ, ਭੇਖ ਜਾਂ ਬੋਲੀ ਨਹੀ। ਗੁਰਬਾਣੀ ਤੋਂ ਸੂਝ ਮਿਲਦੀ ਹੈ ਕਿ ਬਿਨਾ ਦੇਖੇ ਤੋਂ ਕੋਈ ਚੀਜ਼ ਧਿਆਨ ਵਿੱਚ ਨਹੀ ਆ ਸਕਦੀ “ਬਿਨੁ ਪੇਖੇ ਕਹੁ ਕੈਸੋ ਧਿਆਨੁ ॥1140” ਜਾਂ ਅਦਿਸਟੁ ਦਿਸੈ ਤਾ ਕਹਿਆ ਜਾਇ ॥ ਬਿਨੁ ਦੇਖੇ ਕਹਣਾ ਬਿਰਥਾ ਜਾਇ ॥222 ਇਸ ਲਈ ਜਿਥੇ ਇਹ ਵਰਨਨ ਹੈ ਕਿ ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ 862 ਉਥੇ ਦਿਸਦੀ ਵਸਤੂ ਦਾ ਤਾਂ ਧਿਆਨ ਹੋ ਸਕਦਾ ਹੈ ਪਰ ਅਦ੍ਰਿਸ਼ਟ, ਜੋ ਦਿਸਦਾ ਨਹੀ, ਉਹ ਧਿਆਨ ਵਿੱਚ ਨਹੀ ਅਤੇ ਜੋ ਧਿਆਨ ਵਿੱਚ ਨਹੀ ਉਹ “ਕੁਛ ਵੀ ਨਹੀ”। ਸ਼ਾਇਦ ਇਹੀ ਗਲ ਬਾਬਾ ਨਾਨਕ ਪੀਰ ਦਸਤਗੀਰ ਨੂੰ ਸਮਝਾ ਰਹੇ ਸਨ ਜਦੋਂ ਹੀਰਿਆਂ ਦੀ ਗਿਣਤੀ ਕਰਨ ਵਾਲੇ ਨੂੰ ਪੁੱਛ ਲਿਆ ਕਿ ਗਿਣਤੀ ਵਿੱਚ ਇੱਕ ਤੋਂ ਪਹਿਲਾਂ ਕੀ ਹੈ? ਜਵਾਬ ਮਿਲਿਆ ਕੁਛ ਵੀ ਨਹੀ। ਸਪਸ਼ਟ ਹੈ ਕਿ ਇੱਕ (ਰੱਬ) ਦਾ ਮੂਲ ਵੀ “ਕੁਛ ਵੀ ਨਹੀ) ਹੀ ਹੈ। ਰਾਤ ਦਾ ਸੁਪਨਾ ਜਾਗ ਖੁਲਦਿਆਂ ਝੂਠ ਜਾਪਦਾ ਹੈ, ਹਕੀਕਤ ਵਿੱਚ ਕੁਛ ਵੀ ਨਹੀ ਹੁੰਦਾ, ਪਰ ਕਿਤੇ ਐਸਾ ਤਾਂ ਨਹੀ ਕਿ ਇਹ ਸਚ ਜਾਪਦਾ ਜਗ ਵੀ ਇੱਕ (ਝੂਠਾ) ਸੁਪਨਾ ਹੈ ਜੋ ਆਖਰ ਕੁਛ ਵੀ ਨਹੀ ਹੀ ਰਹਿ ਜਾਂਦਾ ਹੈ?
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥1427 ਗੁਰਬਾਣੀ ਦਾ ਇੱਕ ਹੋਰ ਫੁਰਮਾਨ ਹੈ ਕਿ:- ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ 657 ਜਦੋਂ ਤਕ ਹਉਮੈ (ਵਖਰੀ ਹੋਂਦ,) ਮੌਜੂਦ ਹੈ ਤਦੋਂ ਤਕ ਤੂੰ (ਨਿਰੰਕਾਰ) ਨਹੀ, ਅਤੇ ਜਦੋਂ ਆਪਾ ਪਰਕਾ ਮਿਟ ਜਾਂਦਾ ਹੈ (ਹਉਮੈ ਦੀ ਹੋਂਦ ਮਿਟ ਜਾਂਦੀ ਹੈ), , ਤਦੋਂ ਕੇਵਲ ਤੂੰ ਹੀ ਤੂੰ (ਕੁਛ ਵੀ ਨਹੀ) ਹੀ ਰਹਿ ਜਾਂਦਾ ਹੈ। ਨਾ ਥਾ ਕੁਛ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ॥ ਡਬੋਆ ਮੁੱਝ ਕੋ “ਹੋਨੇ” ਨੇ, ਨਾ ਹੋਤਾ ਮੈ ਤੋ ਕਿਆ ਹੋਤਾ॥ (ਗਾਲਿਬ) ਅਸਲ ਵਿੱਚ ਜਦੋਂ ਜਾਨਣ ਵਾਲਾ ਕੋਈ ਦੂਜਾ ਹੈ ਹੀ ਨਹੀ ਤਾ “ਸਭ ਕੁਛ” ਜਾਂ “ਕੁਛ ਵੀ ਨਹੀ” ਦਾ ਸਵਾਲ ਬੇਅਰਥ ਹੋ ਜਾਂਦਾ ਹੈ। ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਨਿਰਵਿਚਾਰ ਹੋਣਾ ਹੀ ਸਮਾਧੀ (meditation) ਹੈ ਅਤੇ ਕਿਉਂਕਿ ਵਿਚਾਰਾਂ ਦੇ ਇਕੱਠ ਨੂੰ ਹੀ ਮਨੁਖ ਕਿਹਾ ਜਾਂਦਾ ਹੈ ਇਸ ਲਈ ਸਮਾਧੀ ਵਿੱਚ ਲੀਨ (ਨਿਰਵਿਚਾਰ) ਹੋਣ ਦਾ ਭਾਵ ਆਪਣੀ ਹੋਂਦ ਨੂੰ ਮਿਟਾਉਣਾ ਹੈ ਅਤੇ ਇਸੇ ਨੂੰ ਹੀ ਰੱਬੀ ਮੇਲ ਕਿਹਾ ਜਾਂਦਾ ਹੈ। ਭਾਵ ਕਿ ਖੁਦੀ ਨੂੰ ਮਿਟਾ ਕੇ “ਕੁਛ ਵੀ ਨਹੀ” ਹੋ ਜਾਣਾ ਹੀ ਰੱਬੀ ਮੇਲ ਸਮਝਿਆ ਜਾਂਦਾ ਹੈ। ਇਹ ਸਮਾਧੀ ਦੀ ਵਿਧੀ ਗੁਰਮਤ ਵਿੱਚ ਮਹੱਦਤਾ ਨਹੀ ਰਖਦੀ ਕਿਉਂਕਿ ਇਹ ਵਿਕਾਰਾਂ ਤੋਂ ਮੁਕਤੀ ਦਾ ਉਪਾਉ ਨਹੀ। ਸਮਾਧੀਆਂ ਲਾਉਣ ਵਾਲੇ ਭੀ ਵਿਕਾਰਾਂ ਦੀ ਗ੍ਰਿਫਤ ਤੋਂ ਬਚ ਨਹੀ ਸਕੇ। ਗੁਰਬਾਣੀ ਰੱਬੀ ਨਿਯਮਾਂ ਤੇ ਚਲ ਕੇ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥522 ਨੂੰ ਹੀ ਮਹੱਦਤਾ ਦਿੰਦੀ ਹੈ।
ਮਨੁਖ “ਕੁਛ ਵੀ ਨਹੀ” ਵਿਚੌਂ ਆਉਂਦਾ ਹੈ ਤੇ “ਕੁਛ ਵੀ ਨਹੀ” ਵਿੱਚ ਹੀ ਸਮਾ ਜਾਂਦਾ ਹੈ ਤੇ ਕੀ ਇਹ “ਕੁਛ ਵੀ ਨਹੀ ਹੀ ਰੱਬ ਹੈ ਜਾਂ ਰੱਬ ਕੁਛ ਵੀ ਨਹੀ? ਉਸ (ਕੁਛ ਵੀ ਨਹੀ ਜਾਂ ਰੱਬ) ਦੀ ਕੋਈ ਮਸਾਲ ਨਹੀ (ਕਿਉਂਕਿ ਉਹ ਨਿਰੰਕਾਰ ਹੈ), ਕੋਈ ਸ਼ਰੀਕ ਨਹੀ (ਕਿਉਂਕਿ ਉਹ ਨਿਰੰਕਾਰ ਹੈ) , ਕੋਈ ਸੀਮਾ ਨਹੀ (ਕਿਉਂਕਿ ਉਹ ਨਿਰੰਕਾਰ ਹੈ) , ਇਸ ਲਈ ਉਸ ਦਾ ਕਿਆਸ ਨਹੀ ਹੋ ਸਕਦਾ ਤੇ ਉਸ ਨੂੰ ਬੇਅੰਤ (limitless) ਹੀ ਕਿਹਾ ਗਿਆ ਹੈ। “ਕੁਛ ਵੀ ਨਹੀ” ਦੇ ਆਦਿ ਅੰਤ ਦਾ ਕੀ ਅੰਦਾਜ਼ਾ ਲਗ ਸਕਦਾ ਹੈ? ਸਮੁੰਦਰ ਵਿੱਚ ਪੈਦਾ ਹੋਈ ਮੱਛੀ ਅਗਰ ਸਵਾਲ ਕਰੇ ਕਿ ਸਮੁੰਦਰ ਕਿਥੇ ਹੈ ਤਾਂ ਉਸ ਨੂੰ ਕਿਵੇਂ ਸਮਝਾਇਆ ਜਾਵੇ ਕਿ ਸਮੁੰਦਰ ਤੇਰੇ ਅੰਦਰ ਤੇ ਬਾਹਰ ਹੈ, ਤੂੰ ਸਮੁੰਦਰ ਵਿੱਚ ਪੈਦਾ ਹੋਈ ਹੈਂ, ਤੂੰ ਛੋਟੀ ਹੈਂ ਤੇ ਬੇਅੰਤ (ਸਮੁੰਦਰ) ਦਾ ਅੰਤ ਨਹੀ ਲੈ ਸਕਦੀ। ਸੀਮਾ ਵਿੱਚ ਪੈਦਾ ਹੋਣ ਵਾਲਾ ਅਸੀਮ ਨੂੰ ਕਿਵੇਂ ਜਾਣ ਜਾਂ ਬਿਆਨ ਸਕਦਾ ਹੈ? ਤੇ ਜੋ ਅਸੀਮ ਉਸ ਦੇ ਧਿਆਨ ਵਿੱਚ ਨਹੀ ਆ ਸਕਦਾ ਉਹ “ਕੁਛ ਵੀ ਨਹੀ”। ਬਹੁਤਾਤ ਵਿੱਚ ਧਰਮਾਂ ਦੀ ਮਨੌਤ ਹੈ ਕਿ ਰੱਬ ਮਨੁਖ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ (ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥695) ਅਤੇ ਉਹ ਅਸੀਮ (ਬੇਅੰਤ) ਵੀ ਹੈ ਤਾਂ ਫਿਰ ਜਿਸ ਅਸੀੰਮ ਨੂੰ ਧਿਆਨ ਵਿੱਚ ਨਹੀ ਲਿਆਇਆ ਜਾ ਸਕਦਾ ਉਹ “ਕੁਛ ਵੀ ਨਹੀ”। ਅਨੇਕਾਂ ਧਰਮਾਂ ਦੇ ਧਿਆਨੀ, ਜਪ ਤਪ, ਸਿਮਰਨ, ਪਾਠ ਪੂਜਾ ਜਾਂ ਵੱਖ ਵੱਖ ਰੀਤਾਂ ਰਸਮਾਂ ਤੇ ਕਰਮ ਕਾਂਡ ਕਰਨ ਵਾਲਿਆਂ ਨੇ ਉਸ ਪ੍ਰਭੂ ਦੇ ਮਿਲਾਪ ਦੇ ਦ੍ਹਾਵੇ ਤਾਂ ਕੀਤੇ ਹਨ ਪਰ ਜੋ ਆਪਾ ਨਹੀ ਮਿਟਾ ਸਕਿਆ, ਆਪਣੀ ਹੋਂਦ (ਹੳਮੈ) ਨੂੰ ਮਿਟਾ ਨਹੀ ਸਕਿਆ, ਹਰੀ ਵਰਗਾ “ਕੁਛ ਵੀ ਨਹੀ” ਨਹੀ ਹੋ ਸਕਿਆ ਤਾਂ ਉਸ ਨੇ ਅਜੇ ਰੱਬ ਨੂੰ ਜਾਣਿਆ ਹੀ ਨਹੀ ਅਤੇ ਜਿਸ ਨੂੰ ਕੁਛ ਸੋਝੀ ਹੋਈ ਉਹ ਅਸੀਮ ਨੂੰ ਕਿਵੇਂ ਦਰਸਾਏਗਾ? ਬੇਅੰਤ, ਤੇ ਅਸੀੰਮ (ਕੁਛ ਵੀ ਨਹੀ) ਦੀ ਕਲਪਨਾ ਹਰ ਮਨੁਖ ਦੀ (ਬੁਧੀ ਅਨੁਸਾਰ) ਵਖ ਵਖ ਹੀ ਹੈ, ਇਸ ਲਈ ਉਹ ਸਦਾ “ਕੁਛ ਵੀ ਨਹੀ” ਤੇ “ਸਭ ਕਿਛ” ਹੀ ਹੋਵੇਗਾ ਤੇ ਉਸ ਦੀ ਹੋਂਦ ਅਤੇ ਅਣਹੋਂਦ ਦਾ ਸਵਾਲ ਕਦੇ ਵੀ ਹਲ ਨਹੀ ਹੋ ਸਕਦਾ। ਗੁਰਬਾਣੀ ਉਸ ਨੂੰ ਬੇਅੰਤ ਕਹਿੰਦੀ ਹੈ, ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥98 ਜਿਸ ਬੇਅੰਤ ਬਾਰੇ ਕੋਈ ਪੂਰਨ ਵਿਖਿਆਨ ਨਹੀ ਹੋ ਸਕਦਾ, ਕਥਿਆ ਨਹੀ ਜਾ ਸਕਦਾ, ਕਿਉਂਕਿ ਉਸ ਬੇਅੰਤ, ਅਸੀਮ ਤੇ ਅਦ੍ਰਿਸ਼ਟ ਦਾ ਧਿਆਨ ਕਿਵੇਂ ਹੋ ਸਕਦਾ ਅਤੇ ਜੋ ਧਿਆਨ ਵਿੱਚ ਨਹੀ ਉਹ ਕੁਛ ਵੀ ਨਹੀ। ਹਕੀਕੀ ਤੌਰ ਤੇ ਸਮੁਚੇ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਰੂਹ, ਜੋਤ, ਜਿੰਦ, ਜਾਨ, (soul), ਆਦਿਕ (ਜਿਸ ਨੂੰ ਕਦੇ ਕਿਸੇ ਅਜ ਤਕ ਵੇਖਿਆ ਹੀ ਨਹੀ) ਮੰਨਦੇ ਹਨ ਪਰ ਇਸ ਨੂੰ ਮਨੁੱਖ ਦਾ ਸੰਕਲਪ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਜਿਸ ਨੂੰ ਕਦੇ ਵੇਖਿਆ ਨਹੀ ਉਸ ਦੀ ਸਹੀ ਪੂਰਨ ਵਿਆਖਿਆ ਨਹੀ ਹੋ ਸਕਦੀ।
ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥674 ਜਿਸ ਦੇ ਆਦਿ ਅੰਤ ਤੇ ਰੂਪ, ਰੰਗ, ਰੇਖ, ਭੇਖ ਦੀ ਸੂਝ ਬੂਝ ਨਹੀ ਉਸ ਬਾਰੇ ਕੁਛ ਕਹਿਣਾ ਸਦਾ ਅਧੂਰਾ ਸੰਕਲਪ ਹੀ ਹੋਵੇਗਾ। ਉਹ ਪੂਰਨ ਸਚ ਨਹੀ ਹੋ ਸਕਦਾ। ਤੇਰੀ ਅਕਥ ਕਥਾ ਕਥਨੁ ਨ ਜਾਈ ॥610 ਅਸੀਮ ਨੂੰ ਸੀਮਾ ਵਿੱਚ ਨਹੀ ਲਿਆਇਆ ਜਾ ਸਕਦਾ, ਅਸੀਮ, ਬੇਅੰਤ ਜਾਂ ਨਿਰੰਕਾਰ ਦਾ ਧਿਆਨ ਨਹੀ ਹੋ ਸਕਦਾ ਤੇ ਜੋ ਧਿਆਨ ਵਿੱਚ ਨਹੀ ਉਹ ਕੁਛ ਵੀ ਨਹੀ। ਜੋ, ਕੁਛ ਵੀ ਨਹੀ, ਜਾਂ, ਕੁਛ (ਰੱਬ) ਹੈ, ਉਹ ਮਨੁੱਖ ਦੀ ਮਨੌਤ ਤੇ ਹੀ ਨਿਰਭਰ ਹੈ, ਮਨੁੱਖ ਦਾ ਹੀ ਸੰਕਲਪ ਹੈ, ਮਨੁਖ ਨੇ ਹੀ ਉਸ ਨੂੰ ਚਿਤਵਿਆ ਤੇ ਨਾਮ ਦਿੱਤਾ ਹੈ, ਮਨੁਖ ਨੇ ਹੀ ਉਸ ਨੂੰ ਜਾਨਣ ਦਾ ਮਾਰਗ ਬਣਾਇਆ ਹੈ, ਮਨੁਖ ਨੇ ਹੀ ਜੀਵਨ ਜਾਚ ਬਣਾਈ ਹੈ। ਇਹ ਸਭ ਕੁਛ, “ਕੁਛ ਵੀ ਨਹੀ” ਵਿਚੋਂ ਹੀ ਪ੍ਰਗਟ ਹੋਇਆ ਹੈ। ਹੁਣ ਰੱਬ ਨੂੰ “ਕੁਛ ਵੀ ਨਹੀ” ਕਹਿਣ ਵਾਲੇ ਨਾਸਤਕ ਕਿਵੇਂ ਤੇ “ਸਭ ਕਿਛ” (ੴ) ਕਹਿਣ ਵਾਲੇ ਆਸਤਿਕ ਕਿਵੇਂ? ਉਹ ਦੋਵਾਂ ਧਿਰਾਂ ਦੀ ਗੁੰਝਲ ਜਾਪਦਾ ਹੈ ਜਿਸ ਦੇ ਪੇਚ ਖੋਲਣ ਵਾਲਾ (ਦੁਨੀਆਂ ਵਲੋਂ) ਸਦਾ ਕਾਫਰ (ਨਸਤਿਕ ਜਾਂ ਪਾਗਲ) ਹੀ ਕਹਿਲਾਵੇਗਾ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.