ਪੰਜਾਬ ਅਤੇ ਸਮਾਜ ਦਿਓ ਦੁਸ਼ਮਣੋ ਕੁੱਝ ਅਕਲ ਨੂੰ ਹੱਥ ਮਾਰੋ
ਉਹ ਸਾਰੇ ਲੋਕ ਪੰਜਾਬ ਅਤੇ ਸਮਾਜ ਦੇ ਦੁਸ਼ਮਣ ਹਨ ਜੋ ਪੰਜਾਬ ਨੂੰ ਕੰਗਾਲ ਕਰਨਾ ਚਾਹੁੰਦੇ ਹਨ ਤਾਂ ਕਿ ਇਹ ਸਿੱਧਾ ਹੀ ਕੇਂਦਰ ਦੇ ਅਧੀਨ ਚਲਾ ਜਾਵੇ। ਇਸ ਵਿੱਚ ਤਕਰੀਬਨ ਸਾਰੀਆਂ ਹੀ ਧਿਰਾਂ ਦੋਸ਼ੀ ਹਨ। ਜਿਨ੍ਹਾਂ ਵਿੱਚ ਖਾਸ ਕਰਕੇ, ਸਿਆਸੀ ਲੀਡਰ, ਧਾਰਮਿਕ ਲੀਡਰ, ਪੰਜਾਬ ਦੇ ਕਥਿਤ ਬੁੱਧੀਜੀਵੀ, ਖਾਲਿਸਤਾਨੀ ਧਿਰਾਂ ਅਤੇ ਕਿਸਾਨ ਯੂਨੀਅਨਾ ਵਾਲੇ। ਜਿਹੜੇ ਭੇਡਾਂ ਵਾਂਗ ਇਨ੍ਹਾ ਦੇ ਮਗਰ ਲੱਗ ਕੇ ਨਾਅਰੇ ਮਾਰ ਰਹੇ ਹਨ ਅਤੇ ਸ਼ੋਸ਼ਲ ਮੀਡੀਏ ਤੇ ਇਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਕ ਰਹੇ ਹਨ ਉਹ ਵੀ ਸਾਰੇ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਸਾਰੇ ਲੀਡਰ ਅਤੇ ਜਨਤਾ ਆਪਣੀ ਸੋਚ ਨੂੰ ਸਦੀਆਂ ਪੁਰਾਣੀ ਸੋਚਣੀ ਵਿਚੋਂ ਬਾਹਰ ਕੱਢਣ ਲਈ ਤਿਆਰ ਹੀ ਨਹੀਂ ਹਨ। ਆਓ ਇਨ੍ਹਾਂ ਸਾਰਿਆਂ ਬਾਰੇ ਸੰਖੇਪ ਜਿਹੀ ਵਿਚਾਰ ਕਰੀਏ:
ਸਿਆਸੀ ਲੀਡਰ:- ਇਹ ਸਿਆਸੀ ਲੀਡਰ ਭਾਂਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਇਹ ਸਾਰੇ ਹੀ ਮੁਫਤ ਦੀਆਂ ਸਹੂਲਤਾਂ ਦੇ ਕੇ ਪੰਜਾਬੀਆਂ ਨੂੰ ਮੰਗਖਾਣੀ ਮੁਫਤਖੋਰੀ ਵਾਲੀ ਬਿਰਤੀ ਦੇ ਧਾਰਨੀ ਬਣਾ ਰਹੇ ਹਨ। ਇਹ ਇੱਕ ਕਿਸਮ ਦੀ ਰਿਸ਼ਵਤ ਦੇ ਲਾਲਚ ਨਾਲ ਵੋਟਾਂ ਖਰੀਦਣ ਵਾਲੀ ਗੱਲ ਹੈ। ਪੰਜਾਬ ਵਿਚੋਂ ਰਿਸ਼ਵਤ ਖੋਰੀ ਖਤਮ ਨਾ ਹੋਣ ਦਾ ਇਹ ਵੀ ਇੱਕ ਕਾਰਨ ਹੈ। ਕਿਸੇ ਵੀ ਸਿਆਸੀ ਲੀਡਰ ਨੇ ਇਹ ਸਹੂਲਤਾਂ ਆਪਣੀ ਜੇਬ ਵਿਚੋਂ ਤਾਂ ਦੇਣੀਆਂ ਨਹੀਂ ਹਨ, ਇਹ ਤਾਂ ਟੈਕਸ ਨਾਲ ਜਾਂ ਕਰਜਾ ਚੁੱਕ ਹੀ ਦੇਣੀਆਂ ਪੈ ਰਹੀਆਂ ਹਨ। ਸਿਆਸੀ ਲੀਡਰ ਵੋਟਾਂ ਦੇ ਲਾਲਚ ਅਧੀਨ ਧਾਰਮਿਕ ਫਿਰਕਿਆਂ ਨੂੰ ਆਪਸ ਵਿੱਚ ਲੜਾਉਂਦੇ ਵੀ ਹਨ ਅਤੇ ਪੁਸ਼ਤਪਨਾਹੀ ਵੀ ਕਰਦੇ ਹਨ। ਇਹ ਸਕੇ ਕਿਸੇ ਦੇ ਵੀ ਨਹੀਂ ਹੁੰਦੇ। ਇਹ ਸਾਰੇ ਮੌਕਾ ਪ੍ਰਸਤ ਹੁੰਦੇ ਹਨ ਅਤੇ ਹਵਾ ਦਾ ਰੁੱਖ ਦੇਖ ਕੇ ਆਪਣੇ ਵਿਚਾਰ ਬਦਲਦੇ ਇੱਕ ਮਿੰਟ ਵੀ ਨਹੀਂ ਲਉਂਦੇ। ਸਮਾ ਕਿਤਨੀ ਤੇਜੀ ਨਾਲ ਬਦਲ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿੱਚ ਪੰਜਾਬ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਜਾਂ ਹੋਣਾ ਚਾਹੀਦਾ ਹੈ ਇਸ ਬਾਰੇ ਇਨਹਾਂ ਨੂੰ ਉੱਕਾ ਹੀ ਕੋਈ ਫਿਕਰ ਨਹੀਂ ਹੈ।
ਧਾਰਮਿਕ ਲੀਡਰ:- ਇਹ ਕਦੀ ਵੀ ਸਿੱਧੀ ਅਤੇ ਸਮਸ਼ਟ ਗੱਲ ਨਹੀਂ ਕਰਨਗੇ। ਇਨ੍ਹਾਂ ਦੇ ਲਿੰਕ ਇੱਕ ਪਾਸੇ ਪੁਜਾਰੀਵਾਦ ਨਾਲ ਜੁੜੇ ਹੋਏ ਹਨ ਅਤੇ ਦੂਸਰੇ ਪਾਸੇ ਰਾਜਨੀਤਕ ਲੋਕਾਂ ਨਾਲ। ਇਹ ਜੋ ਵੀ ਬਿਆਨਬਾਜੀ ਜਾਂ ਫੈਸਲਾ ਕਰਨਗੇ ਇਹ ਇਨ੍ਹਾਂ ਦੋਹਾਂ ਦੀ ਸਲਾਹ ਨਾਲ ਕਰਨਗੇ ਨਾ ਕਿ ਸੱਚ ਦੇ ਅਧਾਰ ਤੇ। ਇੱਥੇ ਮੇਰੇ ਕਹਿਣ ਦਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੈ। ਇਸ ਬਾਰੇ ਸੈਂਕੜੇ ਨਹੀਂ ਹਜਾਰਾਂ ਹੀ ਮਿਸਾਲਾਂ ਤੁਹਾਨੂੰ ਇਤਿਹਾਸ ਵਿਚੋਂ ਮਿਲ ਜਾਣਗੀਆਂ। ਬੀਤੇ ਸਮੇ ਦੀਆਂ ਦੋ ਖਾਸ ਘਟਨਾਵਾ ਦਾ ਮੈਂ ਜ਼ਿਕਰ ਕਰਦਾ ਹਾਂ। ਇੱਕ ਘਟਨਾ ਹੁੱਲੜਵਾਜ ਅੰਮ੍ਰਿਤਪਾਲ ਅਤੇ ਉਸ ਦੇ ਆਪਣੇ ਸਾਥੀਆਂ ਵਲੋਂ ਮੰਡੀਰ ਇਕੱਠੀ ਕਰਕੇ ਅਜਨਾਲੇ ਥਾਨੇ ਦੇ ਹਮਲੇ ਵਾਲੀ ਹੈ। ਇਸ ਬਾਰੇ ਲੋਕਾਂ ਨੇ ਪੁੱਛਿਆ ਸੀ ਕਿ ਗੁਰੂ ਗ੍ਰੰਥ ਨੂੰ ਢਾਲ ਬਣਾ ਕੇ ਕਿਸੇ ਠਾਣੇ ਤੇ ਹਮਲਾ ਕਰਨਾ ਠੀਕ ਹੈ? ਇਸ ਬਾਰੇ ਕਮੇਟੀ ਬਣਾ ਕੇ ਗੱਲ ਆਈ ਗਈ ਕਰ ਦਿੱਤੀ ਗਈ ਸੀ। ਜੇ ਕਰ ਉਸ ਤਰ੍ਹਾਂ ਹਮਲਾ ਕਰਨਾ ਠੀਕ ਸੀ ਤਾਂ ਫਿਰ ਹੁਣ ਸ਼੍ਰੋਮਣੀ ਕਮੇਟੀ ਵਾਲੇ ਆਪ ਮੂਹਰੇ ਹੋ ਕੇ ਇਹ ਕੰਮ ਕਿਉਂ ਨਹੀਂ ਕਰਦੇ? ਕਿਉਂ ਨਹੀਂ ਇਕੱਠੇ ਹੋ ਕੇ ਡਿਬੜੂਗੜ ਜੇਲ ਤੇ ਧਾਵਾ ਕਰਕੇ ਅੰਮ੍ਰਿਤਪਾਲ ਨੂੰ ਛੁਡਾ ਕੇ ਲਿਆਉਂਦੇ? ਜੇ ਕਰ ਉਸ ਨੇ ਗਲਤ ਕੀਤਾ ਸੀ ਤਾਂ ਸਿੱਧੀ ਤੇ ਸਪਸ਼ਟ ਗੱਲ ਕਰਕੇ ਇਸ ਦੀ ਨਿੰਦਾ ਕਿਉਂ ਨਹੀਂ ਕੀਤੀ?
ਸਾਰੀ ਦੁਨੀਆ ਦੇ ਸਿੱਖ ਇਹ ਰੌਲਾ ਪਉਂਦੇ ਹਨ ਕਿ ਭਾਰਤ ਦੀ ਨਿਆ ਪਾਲਕਾ ਵੀ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀ ਕਿਉਂਕਿ ਸਿੱਖ ਭਾਰਤ ਵਿੱਚ ਗੁਲਾਮ ਹਨ। ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀ ਸਜਾ ਪੂਰੀ ਵੀ ਕਰ ਲਈ ਹੈ ਉਨ੍ਹਾਂ ਨੂੰ ਵੀ ਰਿਹਾ ਨਹੀਂ ਕਰ ਰਹੀ। ਇਸ ਲਈ ਸਿੱਖ ਭਾਰਤ ਵਿੱਚ ਗੁਲਾਮ ਹਨ। ਪਰ ਇਸ ਬਾਰੇ ਨਾ ਤਾਂ ਕੋਈ ਸੱਚ ਦੱਸਣਾ ਚਾਹੁੰਦਾ ਹੈ ਅਤੇ ਨਾ ਹੀ ਬੋਲਣਾ ਚਾਹੁੰਦਾ ਹੈ। ਕਈ ਵਾਰੀ ਰਾਜੀਵ ਗਾਂਧੀ ਦੇ ਕਾਤਲਾਂ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਕਾਨੂੰਨੀ ਨੁਕਤੇ ਬਾਰੇ ਤਾਂ ਮੈਂ ਕੁੱਝ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਪਰ ਸਾਰੀ ਦੁਨੀਆ ਦਾ ਮੰਨਿਆ ਪਰਮੰਨਿਆ ਜੋ ਸਿਧਾਂਤ ਹੈ ਉਸ ਬਾਰੇ ਜਰੂਰ ਕਹਿ ਸਕਦਾ ਹਾਂ। ਜਦੋਂ ਕਿਸੇ ਵੀ ਵਿਆਕਤੀ ਨੇ ਕੋਈ ਵੀ ਅਪਰਾਧ ਕੀਤਾ ਹੁੰਦਾ ਹੈ ਤਾਂ ਨਿਆਪਾਲਕਾ ਉਸ ਅਪਰਾਧੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੀ ਹੈ ਕਿ ਉਸ ਨੇ ਇਹ ਅਪਰਾਧ ਕਿਉਂ ਕੀਤਾ ਹੈ? ਇਹ ਕੋਈ ਅਚਾਨਕ ਹੀ ਘਟੀ ਘਟਨਾ ਹੈ ਜਾਂ ਜਾਣਬੁੱਝ ਕੇ ਅਤੇ ਮਿੱਥ ਕੇ ਘਟਨਾ ਨੂੰ ਇੰਜ਼ਾਮ ਦਿੱਤਾ ਹੈ। ਉਸ ਅਨੁਸਾਰ ਹੀ ਉਹ ਸਜਾ ਦਾ ਹੱਕਦਾਰ ਹੁੰਦਾ ਹੈ। ਜੇ ਕਰ ਅਪਰਾਧੀ ਆਪਣੀ ਗਲਤੀ ਮੰਨਦਾ ਹੈ ਅਤੇ ਅਗਾਂਹ ਨੂੰ ਇਸ ਤਰ੍ਹਾਂ ਨਾ ਕਰਨ ਬਾਰੇ ਕਹਿੰਦਾ ਹੈ ਤਾਂ ਉਸ ਨੂੰ ਸਜਾ ਆਮ ਨਾਲੋਂ ਕੁੱਝ ਘੱਟ ਦਿੱਤੀ ਜਾਂਦੀ ਹੈ। ਅਤੇ ਜੇ ਕਰ ਉਹ ਆਪਣੀ ਗਲਤੀ ਵੀ ਨਹੀਂ ਮੰਨਦਾ ਅਤੇ ਜ਼ੁਰਮ ਵੀ ਬਹੁਤ ਘਿਨਾਉਣਾ ਕੀਤਾ ਹੋਵੇ ਤਾਂ ਉਹ ਵੱਧ ਤੋਂ ਵੱਧ ਸਜਾ ਦਾ ਹੱਕਦਾਰ ਹੁੰਦਾ ਹੈ। ਸਾਰੀ ਦੁਨੀਆ ਵਿੱਚ ਬਹੁਤ ਸਾਰੇ ਐਸੇ ਅਪਰਾਧੀ ਹਨ ਜਿਨ੍ਹਾਂ ਨੂੰ ਮੌਤ ਤੱਕ ਹੀ ਜੇਲ ਵਿੱਚ ਰਹਿਣਾ ਪੈਂਦਾ ਹੈ।
ਸਿੱਖਾਂ ਦੀ ਕਥਿਤ ਖਾੜਕੂ ਲਹਿਰ ਵਿੱਚ ਸ਼ਾਮਲ ਰਹੇ ਅਨੇਕਾਂ ਹੀ ਕਤਲ ਕਰਨ ਵਾਲੇ ਜਿਹੜੇ ਹੁਣ ਜੇਲ ਤੋਂ ਬਾਹਰ ਹਨ ਅਤੇ ਆਮ ਜਿੰਦਗੀ ਜੀਅ ਰਹੇ ਹਨ ਫਿਰ ਉਨ੍ਹਾਂ ਸਿੱਖਾਂ ਨੂੰ ਨਿਆਂ ਪਾਲਕਾ ਨੇ ਇਨਸਾਫ ਕਿਸ ਤਰ੍ਹਾਂ ਦੇ ਦਿੱਤਾ ਜੇ ਕਰ ਸਿੱਖਾਂ ਲਈ ਕੋਈ ਹੋਰ ਕਾਨੂੰਨ ਹੈ ਅਤੇ ਬਾਕੀਆਂ ਲਈ ਹੋਰ ਹੈ? ਜਾਂ ਫਿਰ ਕੀ ਇਹ ਸਮਝਿਆ ਜਾਵੇ ਕਿ ਇਹ ਸਾਰੇ ਸਰਕਾਰ ਨਾਲ ਅੰਦਰੋਂ ਮਿਲੇ ਹੋਏ ਹਨ/ਸਨ? ਹਾਂ, ਕੁੱਝ ਹੋ ਸਕਦਾ ਹੈ ਕਿ ਮਿਲੇ ਹੋਏ ਹੋਵਣ ਪਰ ਸਾਰੇ ਨਹੀਂ। ਕੁੱਕੀ ਗਿੱਲ ਦਾ ਕੇਸ ਤੁਹਾਡੇ ਸਾਹਮਣੇ ਹੈ। ਕੋਰਟ ਵਿੱਚ ਅਤੇ ਲਲਿਤ ਮਾਕਨ ਦੀ ਲੜਕੀ ਨੂੰ ਉਸ ਨੇ ਜੋ ਕੁੱਝ ਕਿਹਾ ਸੀ ਉਸ ਬਾਰੇ ਉਹ ਆਪ ਕਈ ਵਾਰੀ ਦੱਸ ਚੁੱਕਾ ਹੈ। ਭਾਵ ਕਿ ਕਤਲ ਵਿੱਚ ਸ਼ਮੂਲੀਅਤ ਵੀ ਮੰਨੀ ਹੈ, ਜੇਲ ਵੀ ਕੱਟੀ ਹੈ, ਜਜਬਾਤੀ ਅਤੇ ਸਮੇ ਦੇ ਹਾਲਤਾਂ ਨੂੰ ਦਰਸਾ ਕੇ ਇੱਕ ਕਿਸਮ ਦੀ ਗਲਤੀ ਵੀ ਮੰਨੀ ਹੈ। ਹੁਣ ਆਮ ਜਿੰਦਗੀ ਵੀ ਜੀਅ ਰਿਹਾ ਹੈ ਅਤੇ ਇਸ ਪਾਸੇ ਨਾ ਜਾਣ ਦੀਆਂ ਸਲਾਹਾਂ ਵੀ ਦੇ ਰਿਹਾ ਹੈ। ਮਾਰ ਲਓ ਚੁੱਕ ਲਓ ਕਰਨ ਵਾਲਿਆਂ ਤੋਂ ਧਮਕੀਆਂ ਵੀ ਮਿਲ ਰਹੀਆਂ ਹਨ ਜਿਸ ਵਿਚੋਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਮਾਨਸਿਕਤਾ ਦੀ ਸਮਝ ਵੀ ਪੈਂਦੀ ਹੈ। ਸੰਨ 1947 ਤੋਂ ਬਾਅਦ ਕਿਸੇ ਹਿੰਦੂ ਲੀਡਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਿਹਾ ਹੈ ਜਾਂ ਨਹੀਂ ਇਸ ਬਾਰੇ ਚਰਚਾ ਚਲਦੀ ਰਹਿੰਦੀ ਹੈ। ਪਰ ਸਿੱਖ ਜੋ ਕਰਦੇ ਹਨ ਉਸ ਤੋਂ ਤਾਂ ਆਪਣੇ ਆਪ ਹੀ ਸਿੱਧ ਹੋਈ ਜਾਂਦਾ ਹੈ ਕਿ ਇਹ ਜ਼ਰਾਇਮ ਬਿਰਤੀ ਇਨ੍ਹਾਂ ਦਾ ਮੁੱਢਲਾ ਸੁਭਾਅ ਹੈ। ਸ਼ੋਸ਼ਲ ਮੀਡੀਏ ਤੇ ਜੇ ਕਰ ਕਿਸੇ ਦੇ ਵਿਚਾਰ ਦੂਸਰੇ ਨਾਲੋਂ ਭਿੰਨ ਹੋਵਣ ਤਾਂ ਇੱਕ ਦਮ ਧਮਕੀਆਂ ਅਤੇ ਗਾਲੀ ਗਲੋਚ ਵਿੱਚ ਬਦਲ ਦਿੰਦੇ ਹਨ।
ਸ਼੍ਰੋਮਣੀ ਕਮੇਟੀ ਦੇ ਲੀਡਰਾਂ ਦੀ ਅਕਾਲੀ ਦਲ ਬਾਦਲ ਨਾਲ ਨੇੜਤਾ ਹੈ। ਇਹ ਸਾਰੇ ਰਲ ਕੇ ਦੂਹਰੀਆਂ ਤੀਹਰੀਆਂ ਗੇਮਾਂ ਖੇਲਦੇ ਹਨ। ਬੰਦੀ ਸਿੰਘਾਂ ਦੀ ਰਹਾਈ ਵੀ ਮੰਗਦੇ ਹਨ, ਭੁੱਲਰ ਵਰਗਿਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਲਿਆਉਣ ਦਾ ਵਿਰੋਧ ਵੀ ਕਰਦੇ ਰਹੇ ਹਨ, ਇਨ੍ਹਾਂ ਦੀ ਪਿੱਠ ਵੀ ਥਾਪਰਦੇ ਹਨ ਅਤੇ ਕਾਤਲ ਤੱਕ ਵੀ ਕਹਿੰਦੇ ਹਨ। ਭਾਵ ਕਿ ਹਰ ਗੱਲ ਸੱਚ ਦੇ ਅਧਾਰ ਤੇ ਨਹੀਂ ਬਲਕਿ ਆਪਣੀਆਂ ਨਿੱਜੀ ਮੁਫਾਦਾਂ ਨੂੰ ਸਾਹਮਣੇ ਰੱਖ ਕੇ ਕਰਦੇ ਹਨ। ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਹਾਂ ਇਹ ਤੁਹਾਨੂੰ ਸਾਰਿਆਂ ਨੂੰ ਕੌੜੀ ਜਰੂਰ ਲੱਗਣੀ ਹੈ ਪਰ ਹੈ ਇਹ ਸਚਾਈ। ਹੁਣ ਸੁਣੋ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਜਾਂ ਹੋ ਸਕਦੀ। ਇਸ ਵਿੱਚ ਸਿੱਖਾਂ ਦੇ ਸਾਰੇ ਲੀਡਰ ਅਤੇ ਵਿਦਵਾਨ ਦੋਸ਼ੀ ਹਨ। ਇਨ੍ਹਾਂ ਦੇ ਸਿਰਾਂ ਵਿਚੋਂ ਸਦੀਆਂ ਪੁਰਾਣੀ ਸੋਚ ਨਹੀਂ ਨਿੱਕਲ ਸਕਦੀ। ਕੀ ਇਨ੍ਹਾਂ ਸਾਰਿਆਂ ਨੇ ਸ਼ਰੇਆਮ ਉਹ ਗੱਲ ਆਪ ਕਹੀ ਹੈ ਅਤੇ ਇਨ੍ਹਾਂ ਬੰਦੀ ਸਿੰਘਾਂ ਨੂੰ ਸਮਝਾਈ ਹੈ ਜਿਹੜੀ ਕਿ ਕੁੱਕੀ ਗਿੱਲ ਜਾਂ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਦਾ ਕਾਰਨ ਬਣੀ? ਜਵਾਬ ਸਾਫ ਹੈ, ਨਹੀਂ ਬਿੱਲਕੁੱਲ ਨਹੀਂ। ਫਿਰ ਦੱਸੋ ਭਲਾ ਜੋ ਇਨ੍ਹਾਂ ਦੇ ਵਿਕਟਮ ਹਨ ਜਾਂ ਕਾਨੂੰਨ ਹੈ ਉਹ ਇਨ੍ਹਾਂ ਦੇ ਪੱਖ ਵਿੱਚ ਕਿਉਂ ਕੋਈ ਆਵੇਗਾ? ਇਨ੍ਹਾਂ ਨਾਲ ਹਮਦਰਦੀ ਕਿਉਂ ਕੋਈ ਜਿਤਾਵੇਗਾ? ਜੇ ਕਰ ਅਜਿਹੇ ਲੋਕ ਬਾਹਰ ਆ ਕੇ ਵੀ ਉਨ੍ਹਾਂ ਗੱਲਾਂ ਨੂੰ ਇੰਜਾਮ ਦੇਣਗੇ ਜੋ ਪਹਿਲਾਂ ਕੀਤੀਆਂ ਸਨ ਫਿਰ ਤਾਂ ਸ਼ਾਇਦ ਹੀ ਕਾਨੂੰਨ ਇਨ੍ਹਾਂ ਲਈ ਕੋਈ ਹਮਦਰਦੀ ਦਿਖਾਵੇ। ਜੇ ਕਰ ਜੇਲ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੀ ਅਪਰਾਧਿਕ ਸੋਚ ਨਹੀਂ ਬਦਲ ਸਕਦੇ ਤਾਂ ਬਾਹਰ ਆ ਕੇ ਕਿਵੇਂ ਬਦਲ ਲੈਣਗੇ? ਇੱਥੇ ਇੱਕ ਗੱਲ ਹੋਰ ਅਪਰਾਧਿਕ ਕਹਾਣੀ ਵਾਲੀ ਤੁਹਾਨੂੰ ਯਾਦ ਕਰਵਾ ਦੇਵਾਂ ਜੋ ਕਿ ਇੱਕ ਪੱਤਰਕਾਰ ਨਾਲ ਸੰਬੰਧ ਰੱਖਦੀ ਹੈ। ਉਸ ਪੱਤਰਕਾਰ ਦਾ ਨਾਮ ਹੈ ਕੰਵਰ ਸੰਧੂ। ਇਹ ਇੱਕ ਬਹੁਤ ਹੀ ਸੁਲਝਿਆ ਹੋਇਆ ਪੱਤਰਕਾਰ ਹੈ। ਇਹ ਹਮੇਸ਼ਾਂ ਹੀ ਸੰਤੁਲਨ ਵਿਚਾਰ ਪੇਸ਼ ਕਰਦਾ ਹੈ। ਦੋਹਾਂ ਧਿਰਾਂ ਦੇ ਵਿਚਾਰ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਇਹ ਆਮ ਪਾਰਟੀ ਦਾ ਐਮ: ਐਲ: ਏ: ਵੀ ਰਿਹਾ ਹੈ। ਬਲਿਊ ਸਟਾਰ ਓਪਰੇਸ਼ਨ ਬਾਰੇ ਵੀ ਇਸ ਨੇ ਕਈ ਐਪੋਸੋਡ ਬਣਾ ਕੇ ਪੇਸ਼ ਕੀਤੇ ਸਨ। ਇਹ ਇੱਕ ਵਾਰੀ ਜੇਲ ਵਿੱਚ ਉਸ ਬੰਦੀ ਸਿੰਘ ਕੋਲ ਗਿਆ ਸੀ ਜਿਸ ਦੀ ਪਿੱਠ ਤੇ ਸ਼੍ਰੋਮਣੀ ਕਮੇਟੀ ਖੜੀ ਹੈ। ਸ਼ਾਇਦ ਕੋਈ ਇੰਟਵਿਊ ਕਰਨੀ ਸੀ। ਕੰਵਰ ਸੰਧੂ ਤੇ ਉਸ ਨੇ ਜੇਲ ਵਿੱਚ ਹੀ ਹਮਲਾ ਕਰ ਦਿੱਤਾ ਸੀ। ਉਸ ਦੀ ਪੱਗ ਲਾਹ ਦਿੱਤੀ ਸੀ ਅਤੇ ਲਹੂ ਲੁਹਾਣ ਕਰ ਦਿੱਤਾ ਸੀ। ਉਹ ਵਿਚਾਰਾ ਮਸਾਂ ਹੀ ਜਾਨ ਬਚਾ ਕੇ ਬਾਹਰ ਆਇਆ ਸੀ। ਇਸ ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਇਸ ਬਾਰੇ ਸਿੱਖਾਂ ਦੇ ਧਾਰਮਿਕ ਜਾਂ ਸਿਆਸੀ ਲੀਡਰ ਕਿਤਨਾ ਕੁ ਖੁੱਲ ਕੇ ਬੋਲੇ ਸਨ, ਇਹ ਸਭ ਨੂੰ ਪਤਾ ਹੈ। ਮੇਰਾ ਖਿਆਲ ਹੈ ਕਿ ਜੋ ਗੱਲ ਮੈਂ ਸਮਝਾਉਣਾਂ ਚਾਹੁੰਦਾ ਸੀ ਉਹ ਸਮਝ ਆ ਗਈ ਹੋਵੇਗੀ ਅਤੇ ਥੋੜੀ ਜਿਹੀ ਤਕਲੀਫ ਵੀ ਹੋਈ ਹੋਵੇਗੀ।
ਪੰਜਾਬ ਦੇ ਕਥਿਤ ਬੁੱਧੀਜੀਵੀ:- ਇਨ੍ਹਾਂ ਦੇ ਪ੍ਰਵਚਨ ਤੁਸੀਂ ਆਮ ਹੀ ਯੂ-ਟਿਊਬ ਤੇ ਸੁਣਦੇ ਰਹਿੰਦੇ ਹੋ। ਇਨ੍ਹਾਂ ਨੇ ਕਦੀ ਵੀ ਖੁੱਲ ਕੇ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਦੱਸਣ ਦੀ ਖੇਚਲ ਨਹੀਂ ਕੀਤੀ। ਜੇ ਕਰ ਕੋਈ ਥੋੜਾ ਜਿਹਾ ਖੁੱਲ ਕੇ ਬੋਲਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਦਾ ਮੌਜੂ ਉਡਾਇਆ ਜਾ ਰਿਹਾ ਹੈ। ਪੰਜਾਬ ਅਤੇ ਸਮਾਜ ਨਾਲ ਇਨ੍ਹਾਂ ਨੂੰ ਕੋਈ ਦਰਦ ਨਹੀਂ। ਇਨ੍ਹਾਂ ਦੀ ਬੱਲੇ-ਬੱਲੇ ਹੋਣੀ ਚਾਹੀਦੀ ਹੈ ਅਤੇ ਹਉਮੈ ਨੂੰ ਪੱਠੇ ਪੈਣੇ ਚਾਹੀਦੇ ਹਨ। ਜੇ ਕਰ ਕੇਂਦਰ ਦੀ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਹੈ ਉਹ ਭਾਂਵੇਂ ਪਾਣੀਆਂ ਦਾ ਮਸਲਾ ਹੋਵੇ ਜਾ ਕੋਈ ਹੋਰ ਹੋਵੇ, ਕੀ ਇਸ ਬਾਰੇ ਇਨ੍ਹਾਂ ਲੋਕਾਂ ਨੇ ਖੁੱਲ ਕੇ ਅਸਲੀਅਤ ਦੱਸਣ ਦੀ ਖੇਚਲ ਕੀਤੀ ਹੈ? ਸੰਨ 1978 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਜੋ ਕਤਲੋ ਗਾਰਤ ਹੋਈ ਹੈ ਕੀ ਉਸ ਬਾਰੇ ਇਨ੍ਹਾਂ ਲੋਕਾਂ ਨੇ ਕੋਈ ਅਸਲੀਅਤ ਦੱਸਣ ਦੀ ਖੇਚਲ ਕੀਤੀ ਹੈ? ਬਲਦੀ ਤੇ ਤੇਲ ਜਰੂਰ ਪਾਇਆ ਹੋਵੇਗਾ ਜਾਂ ਝੂਠ ਬੋਲ ਕੇ ਗੁਮਰਾਹ ਕੀਤਾ ਹੋਵੇਗਾ। ਮਰਨ ਵਾਲੇ ਸਭ ਇਨਸਾਨ ਹੀ ਸਨ ਉਨ੍ਹਾਂ ਦਾ ਧਰਮ ਭਾਂਵੇ ਕੋਈ ਵੀ ਹੋਵੇ। ਜੇ ਕਰ ਪੁਲੀਸ ਵਾਲੇ ਮਰੇ, ਆਮ ਲੋਕ ਮਰੇ, ਕਥਿਤ ਖਾੜਕੂ ਮਰੇ ਜਾਂ ਹੋਰ ਜਿਤਨੇ ਵੀ ਦੋਸ਼ੀ ਜਾਂ ਨਿਰਦੋਸ਼ੇ ਮਰੇ, ਸਾਰੇ ਹੀ ਕਿਸੇ ਨਾ ਕਿਸੇ ਪਰਵਾਰ ਨਾਲ ਸੰਬੰਧ ਰੱਖਦੇ ਸਨ। ਕਿਤੇ ਛੋਟੇ ਬੱਚੇ ਯਤੀਮ ਹੋਏ। ਕੋਈ ਵਿਧਵਾ ਹੋਈ। ਕਿਸੇ ਮਾਂ ਬਾਪ ਦਾ ਸਹਾਰਾ ਜਾਂਦਾ ਲੱਗਾ। ਸੇਕ ਤਾਂ ਸਾਰਿਆਂ ਨੂੰ ਹੀ ਲੱਗਿਆ ਹੈ। ਨਿਰਦੋਸ਼ਿਆਂ ਦੇ ਕਤਲ ਸਾਰੀਆਂ ਧਿਰਾਂ ਵਲੋਂ ਹੋਏ ਹਨ। ਕਈ ਵੀ ਦੁੱਧ ਧੋਤਾ ਨਹੀਂ ਸੀ। ਕਈ ਗਲਤੀਆਂ ਮੰਨਣ ਲਈ ਤਿਆਰ ਹਨ ਅਤੇ ਕਈ ਬਿੱਲਕੁੱਲ ਨਹੀਂ। ਕਈ ਕੇ: ਪੀ: ਐੱਸ: ਗਿੱਲ ਨੂੰ ਪੰਜਾਬ ਦਾ ਬੁੱਚੜ ਕਹਿੰਦੇ ਹਨ ਅਤੇ ਕਈ ਮਸੀਹਾ। ਕੁੱਝ ਦਿਨ ਪਹਿਲਾਂ ਕੇ: ਪੀ: ਐੱਸ: ਗਿੱਲ ਦੇ ਭਰਾ ਦੀ ਇੱਕ ਇੰਟਰਵਿਊ ਆਈ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਮੌਜੂਦਾ ਸਿਟਿੰਗ ਜੱਜਾਂ ਤੋਂ ਇਸ ਦੀ ਇੰਨਕੁਆਰੀ ਕਰਵਾਓ ਕਿ ਪੰਜਾਬ ਵਿੱਚ ਜੋ ਕਤਲੋਗਾਰਤ ਹੋਈ ਸੀ ਉਸ ਵਿੱਚ ਕਿਸ ਧਿਰ ਦਾ ਕਿਤਨਾ ਕਸੂਰ ਸੀ। ਜਿਸ ਨੇ ਵੀ ਕੋਈ ਗਲਤ ਕੀਤਾ ਹੈ ਤਾਂ ਉਸ ਦੀ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ। ਇਹ ਭਾਂਵੇਂ ਕੋਈ ਵੀ ਹੋਵੇ। ਇਹ ਇੱਕ ਚੰਗੀ ਗੱਲ ਸੀ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕਦਾ। ਪਰ ਨਹੀਂ ਉਸ ਦਾ ਮੌਜੂ ਉਡਾਇਆ ਗਿਆ। ਪੁਲੀਸ ਨੇ ਫਲਾਨੇ ਦੀ ਬੁੱਢੀ ਮਾ ਮਾਰ ਦਿੱਤੀ, ਬੱਚਾ ਮਾਰ ਦਿੱਤਾ ਜਾਂ ਖਾਲੜੇ ਨੇ ਇਤਨੀਆਂ ਲਾਸ਼ਾਂ ਦੀ ਪਛਾਣ ਕੀਤੀ। ਇਹੀ ਤਾਂ ਉਹ ਕਹਿ ਰਿਹਾ ਸੀ ਇਸ ਸਾਰੇ ਕਾਸੇ ਦੀ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ। ਪਰ ਨਹੀਂ, ਸਾਧਾਂ ਦੇ ਚੇਲੇ ਆਪਣੇ ਆਪ ਨੂੰ ਸਹੀ ਹੋਰਨਾ ਨੂੰ ਗਲਤ ਠਹਿਰਾਉਣ ਦਾ ਯਤਨ ਕਰਦੇ ਰਹਿੰਦੇ ਹਨ ਅਤੇ ਕਥਿਤ ਬੁੱਧੀਜੀਵੀ ਇਸ ਵਿੱਚ ਅਹਿਮ ਰੋਲ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਵੀ ਨਿਭਾ ਰਹੇ ਹਨ। ਅਸਲੀਅਤ ਦਾ ਤਾਂ ਸਭ ਨੂੰ ਪਤਾ ਹੈ ਕਿ ਕੌਣ ਕਿਤਨਾ ਠੀਕ ਸੀ ਜਾਂ ਗਲਤ ਸੀ। ਪਰ ਸੱਚ ਦੱਸਣ ਦੀ ਹਿੰਮਤ ਤੋਂ ਸਭ ਹੀਣੇ ਹਨ।
ਕੁੱਝ ਗਿਣਤੀ ਦੇ ਹੀ ਕਥਿਤ ਖਾੜਕੂ ਹੋਣਗੇ ਜਿਹੜੇ ਕਿ ਤਨੋਂ ਮਨੋਂ ਧਰਮ ਦਾ ਕੰਮ ਜਾਣ ਕੇ ਲੜੇ ਹੋਣਗੇ। ਉਨ੍ਹਾਂ ਨੂੰ ਇਹੀ ਲਗਦਾ ਸੀ ਕਿ ਸ਼ਾਇਦ ਸਰਕਾਰ ਡਰ ਕੇ ਸਾਨੂੰ ਸਾਰਾ ਕੁੱਝ ਦੇ ਦੇਵੇਗੀ। ਧਰਮ ਦੇ ਨਾਮ ਤੇ ਬੰਦਾ ਛੇਤੀਂ ਹੀ ਗੁਮਰਾਹ ਹੋ ਜਾਂਦਾ ਹੈ। ਅਸੀਂ ਵੀ ਥੋੜਾ ਕੁ ਚਿਰ ਇਸ ਤਰ੍ਹਾਂ ਰਹੇ ਸੀ। ਮੈਂ ਵੀ ਇਹੀ ਸਮਝਦਾ ਸੀ ਕਿ ਧਰਮ ਦੇ ਨਾਮ ਤੇ ਕਿਸੇ ਨੂੰ ਮਾਰ ਦੇਣਾ ਜਾਂ ਆਪ ਮਰ ਜਾਣਾ ਬਸ ਇਹੀ ਅਸਲੀ ਧਰਮ ਹੁੰਦਾ ਹੈ। ਇਸ ਲਹਿਰ ਵਿੱਚ ਦਾਖਲ ਹੋਏ ਬਹੁਤੇ ਲੋਕ ਉਹ ਸਨ ਜਿਹਨਾ ਕੋਲ ਕੋਈ ਨੌਕਰੀ ਜਾਂ ਕਿੱਤਾ ਨਹੀਂ ਸੀ। ਉਹ ਆਮ ਪੇਂਡੂ ਜੱਟਾਂ ਦੇ ਮੁੰਡੇ ਸਨ। ਜੱਟਾਂ ਦੀ ਦੁਸ਼ਮਣੀ ਅਤੇ ਸ਼ਰੀਕੇਬਾਜੀ ਆਮ ਪਿੰਡਾਂ ਵਿੱਚ ਹੁੰਦੀ ਹੀ ਹੈ। ਇਸ ਤਰ੍ਹਾਂ ਦੇ ਮੁੰਡਿਆਂ ਨੇ ਆਪਣੀਆਂ ਦੁਸ਼ਮਣੀਆਂ ਕੱਢੀਆਂ ਸਨ ਅਤੇ ਪੈਸੇ ਲੈ ਕੇ ਵੀ ਮਾਰੇ ਸਨ। ਪੁਲੀਸ ਨੇ ਵੀ ਇਸੇ ਤਰ੍ਹਾਂ ਕੀਤਾ ਹੋਵੇਗਾ। ਕਈਆਂ ਨੇ ਸਿਰਫ ਇਨਾਮ ਲੈਣ ਲਈ ਹੀ ਝੂਠੇ ਪੁਲੀਸ ਮੁਕਾਬਲੇ ਬਣਾਏ ਹੋਣਗੇ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਬਹੁਤ ਕੁੱਝ ਗਲਤ ਹੋ ਰਿਹਾ ਸੀ। ਇਸ ਨੂੰ ਸੌਖਾ ਸਮਝਣ ਲਈ ਕਈ ਸਿੱਖ ਲੀਡਰਾਂ ਦੇ ਮੂਹੋਂ ਇਹ ਸਚਾਈ ਆਮ ਮੁਹਾਰੇ ਬਾਹਰ ਨਿਕਲ ਹੀ ਗਈ ਸੀ ਕਿ ਜੇ ਕਰ ਅਸੀਂ ਵੋਟਾਂ ਦਾ ਬਾਈਕਾਟ ਨਾ ਕਰਦੇ ਤਾਂ ਜਿਹੜਾ ਕੰਮ ਬੇਅੰਤ ਸਿੰਘ ਦੀ ਸਰਕਾਰ ਨੇ ਕੇ: ਪੀ: ਐੱਸ: ਗਿੱਲ ਨਾਲ ਮਿਲ ਕੇ ਕੀਤਾ ਸੀ ਉਹ ਫਿਰ ਸਾਨੂੰ ਕਰਨਾ ਪੈਣਾ ਸੀ।
ਖ਼ਾਲਿਸਤਾਨੀ ਧਿਰਾਂ:- ਇਹ ਲੋਕ ਸਭ ਤੋਂ ਵੱਧ ਪੰਜਾਬ ਦੇ ਅਤੇ ਸਮਾਜ ਦੇ ਦੁਸ਼ਮਣ ਹਨ। ਇਹ ਲੋਕ ਸੀ: ਆਈ: ਏ: ਅਤੇ ਪਾਕਿਸਤਾਨ ਦੇ ਹੱਥਾਂ ਵਿੱਚ ਖੇਲ ਰਹੇ ਹਨ ਅਤੇ ਪੰਜਾਬ ਨੂੰ ਬਲਦੀ ਦੇ ਬੂਥੇ ਵਿੱਚ ਰੱਖਣਾ ਚਾਹੁੰਦੇ ਹਨ। ਕੁੱਝ ਦਿਨ ਪਹਿਲਾਂ 7 ਮਈ ਨੂੰ ਜਦੋਂ ਇੰਡੀਆ ਨੇ ਨਿਰਦੋਸ਼ਿਆਂ ਦੇ ਕਾਤਲਾਂ ਨੂੰ ਸਬਕ ਸਿਖਾਉਣ ਲਈ ਪਾਕਿਸਤਾਨ ਤੇ ਕੁੱਝ ਮਿਜ਼ਾਇਲਾਂ ਦਾਗੀਆਂ ਸਨ ਤਾਂ ਇਹ ਸ਼ਰੇਆਮ ਪਾਕਿਸਤਾਨ ਦੇ ਹੱਕ ਵਿੱਚ ਭੁਗਤੇ ਸਨ। ਰੈਫਰੰਡਮ ਦਾ ਛੁਣਛੁਣਾ ਵਜਾਉਣ ਵਾਲਾ ਪੰਨੂ ਜਿਸ ਤਰ੍ਹਾਂ ਸਿੱਖ ਫੌਜੀਆਂ ਨੂੰ ਉਕਸਾਹਟ ਕਰ ਰਿਹਾ ਸੀ ਉਹ ਬਹੁਤ ਹੀ ਸ਼ਰਮਨਾਕ ਕਾਰਾ ਸੀ। 1984 ਵੇਲੇ ਬਾਦਲ ਵਰਗੇ ਵੀ ਇਹੀ ਕੁੱਝ ਕਰ ਰਹੇ ਸਨ। ਜਿਨ੍ਹਾਂ ਫੌਜੀਆਂ ਨੇ ਉਸ ਵੇਲੇ ਉਕਸਾਹਟ ਵਿੱਚ ਆ ਕੇ ਅਤੇ ਜਜਬਾਤੀ ਹੋ ਕੇ ਬਗਾਵਤ ਕੀਤੀ ਸੀ ਤਾਂ ਬਹੁਤ ਸਾਰੇ ਮਾਰੇ ਗਏ ਸਨ ਅਤੇ ਬਾਕੀ ਬਚੇ ਹੁਣ ਤੱਕ ਨੌਕਰੀਆਂ ਲਈ ਅਤੇ ਸਹਾਇਤਾ ਲਈ ਤਰਲੇ ਕਰ ਰਹੇ ਹਨ। ਬਾਦਲ ਪੰਜਾਬ ਵਿੱਚ ਕਿਤਨੇ ਸਾਲ ਆਪਣੀ ਸਰਕਾਰ ਚਲਾਉਂਦਾ ਰਿਹਾ ਪਰ ਉਸ ਨੇ ਬਗਾਵਤੀ ਫੌਜੀਆਂ ਦੀ ਬਾਂਹ ਨਹੀਂ ਫੜੀ। ਇਨਹਾਂ ਦੀਆਂ ਹਰਕਤਾਂ ਤੋਂ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਵਸਦੇ ਸਿੱਖ ਔਖੇ ਤਾਂ ਬਹੁਤ ਹਨ ਪਰ ਡਰਦੇ ਮਾਰੇ ਬੋਲਦੇ ਘੱਟ ਹਨ। ਕਿਉਂਕਿ ਇਹ ਛੇਤੀਂ ਹੀ ਗਾਲੀ ਗਲੋਚ ਅਤੇ ਧਮਕੀਆਂ ਤੇ ਉਤਰ ਆਉਂਦੇ ਹਨ। ਅਤੇ ਜਾਂ ਫਿਰ ਸਰਕਾਰੀ ਅਤੇ ਗਦਾਰੀ ਦੇ ਫਤਵੇ ਜ਼ਾਰੀ ਕਰਨ ਲੱਗ ਪੈਂਦੇ ਹਨ।
ਖ਼ਾਲਿਸਤਾਨੀ ਮੁੱਲਿਆਂ ਦੇ ਯਾਰ ਹਨ ਅਤੇ ਹਿੰਦੂਆਂ ਨੂੰ ਨਫਰਤ ਕਰਦੇ ਹਨ। ਇਹ ਠੀਕ ਹੈ ਕਿ ਕਈ ਕੱਟੜ ਹਿੰਦੂ ਵੀ ਸਿੱਖਾਂ ਨਾਲ ਅਤੇ ਗੁਰੂਆਂ ਨਾਲ ਨਫਰਤ ਕਰਦੇ ਹੋਣਗੇ ਪਰ ਪਾਕਿਸਤਾਨੀ ਮੁੱਲਿਆਂ ਜਿੰਨੀ ਤਾਂ ਬਿੱਲਕੁੱਲ ਨਹੀਂ ਹੋ ਸਕਦੀ। ਕਿਸੇ ਹਿੰਦੂ ਦੇ ਸਭ ਤੋਂ ਵੱਧ ਨਫਰਤ ਦੀ ਮਿਸਾਲ ਜੋ ਖਾਲਿਸਤਾਨੀ ਦਿੰਦੇ ਹਨ ਉਹ ਸੀ ਹਰਬੰਸ ਲਾਲ ਖੰਨਾ ਜੋ ਕਿ ਬੀ: ਜੇ: ਪੀ: ਦਾ ਅੰਮ੍ਰਿਤਸਰ ਵਿੱਚ ਐਮ: ਐੱਲ: ਏ: ਸੀ। ਉਹ ਕਹਿੰਦਾ ਹੁੰਦਾ ਸੀ “ਦੁੱਕੀ ਤਿੱਕੀ ਖਹਿਣ ਨੀ ਦੇਣੀ, ਸਿਰ ਤੇ ਪਗੜੀ ਰਹਿਣ ਦੀ ਦੇਣੀ। ਕੱਛ ਕੜਾ ਕਿਰਪਾਨ, ਇਨ ਕੋ ਭੇਜੋ ਪਾਕਿਸਤਾਨ। ਸਿਰਗਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ।” ਹਿੰਦੂਆਂ ਦੀ ਭੀੜ ਇਕੱਠੀ ਕਰਕੇ ਇਹ ਨਾਅਰੇ ਲਉਂਦਾ ਹੁੰਦਾ ਸੀ ਅਤੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਅਤੇ ਗੁਰੂ ਰਾਮਦਾਸ ਦੀਆਂ ਤਸਵੀਰਾਂ ਦੀ ਭੰਨਤੋੜ ਵੀ ਕੀਤੀ ਸੀ। ਸੰਨ 1984 ਵਿੱਚ 2 ਅਪਰੈਲ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਆਓ ਹੁਣ ਇਸ ਹਰਬੰਸ ਲਾਲ ਖੰਨੇ ਦੀ ਪਾਕਿਸਤਾਨੀ ਮੁੱਲਿਆਂ ਨਾਲ ਤੁਲਨਾ ਕਰੀਏ। ਇਹ ਮੁੱਲੇ ਸ਼ਰੇਆਮ ਸਿੱਖ ਗੁਰੂਆਂ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਫੋਟੋਆਂ ਤੇ ਜੁੱਤੀਆਂ ਮਾਰਦੇ ਹਨ। ਗੁਰਬਾਣੀ ਨੂੰ ਟੱਟੀਆਂ (ਟੋਆਏਲਟ) ਵਿੱਚ ਸੁੱਟਦੇ ਹਨ ਅਤੇ ਸਿੱਖਾਂ ਦੇ ਦਸਮੇ ਗੁਰੂ, ਨਾਲ ਹੀ ਘਰ ਵਾਲੀ ਤੇ ਬਹੁਤ ਹੀ ਘਟੀਆ ਇਲਜ਼ਾਮ ਲਉਂਦੇ ਹਨ। ਇਸ ਬਾਰੇ ਬਹੁਤ ਸਾਰੀਆਂ ਵੀਡੀਓ ਸ਼ੋਸ਼ਲ ਮੀਡੀਏ ਤੇ ਦੇਖੀਆਂ ਜਾ ਸਕਦੀਆਂ ਹਨ। ਜੇ ਕਰ ਹਾਲੇ ਤੱਕ ਕਿਸੇ ਖਾਲਿਸਤਾਨੀ ਨੇ ਨਹੀਂ ਦੇਖੀਆਂ ਅਤੇ ਦੇਖਣਾ ਚਾਹੁੰਦਾ ਹੈ ਤਾਂ ਉਹ ਅੰਮ੍ਰਿਤਪਾਲ ਦਾ ਜਿਹੜਾ ਵਿਰੋਧੀ ਧੜਾ ਗੁਰਪ੍ਰੀਤ ਸਿੰਘ ਹਰੀ ਨੌਂ ਨਾਲ ਸੰਬੰਧ ਰੱਖਦਾ ਹੈ ਉਨ੍ਹਾਂ ਨਾਲ ਸੰਪਰਕ ਕਰਕੇ ਦੇਖ ਸਕਦਾ ਹੈ। ਇਹ ਪਾਕਿਸਤਾਨੀ ਮੁੱਲੇ ਕਈ ਦਹਾਕਿਆਂ ਤੋਂ ਸਿੱਖਾਂ ਦੀਆਂ ਕੁੜੀਆਂ ਨੂੰ ਵਰਗਲਾ ਕੇ ਇਸਲਾਮ ਕਬੂਲ ਕਰਵਾਉਂਦੇ ਹਨ। ਪਹਿਲਾਂ ਉਨ੍ਹਾਂ ਨੂੰ ਕੁੱਝ ਸਮਾਂ ਵਰਤਦੇ ਹਨ ਫਿਰ ਵੇਸਵਾਂਵਾਂ ਦੇ ਅੱਡਿਆਂ ਤੇ ਵੇਚ ਆਉਂਦੇ ਹਨ। ਇੰਗਲੈਂਡ ਵਿੱਚ ਇੱਕ ਵਾਰੀ ਇਕੱਠੀਆਂ ਹੀ 300 ਕੁੜੀਆਂ ਦਾ ਧਰਮ ਪਰਵਰਤਨ ਕਰਵਾਇਆ ਗਿਆ ਸੀ। ਸਿੱਖਾਂ ਦੀਆਂ ਕੁੜੀਆਂ ਨੂੰ ਇਸਲਾਮ ਵਿੱਚ ਲਿਆਉਣ ਵਾਲੀ ਹਰਕਤ ਨੂੰ ਉਨ੍ਹਾਂ ਨੇ ਕੇ ਟੋ ਕੇ ਦਾ ਨਾਮ ਦਿੱਤਾ ਹੋਇਆ ਹੈ। ਇਸ ਦਾ ਮਤਲਬ ਕੌਰ ਤੋਂ ਇਸਲਾਮ ਦਾ ਕੋਈ ਨਾਮ ਹੈ ਜਿਹੜਾ ਹੁਣ ਚੇਤੇ ਵਿਚੋਂ ਵਿਸਰ ਗਿਆ ਹੈ। ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਦੀਆਂ ਕੁੜੀਆਂ ਕਾਲਜ਼ ਜਾਂ ਯੂਨੀਵਰਸਿਟੀ ਵਿੱਚ ਬਹੁਤ ਹੀ ਘੱਟ ਨਾਮ ਮਾਤਰ ਹੀ ਦਾਖਲ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸੰਨ 1947 ਤੋਂ ਬਾਅਦ ਬਹੁਤ ਹੀ ਤੇਜੀ ਨਾਲ ਪਾਕਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਅਬਾਦੀ ਘਟੀ ਹੈ ਕਿਉਂਕਿ ਬਹੁਤੇ ਕਿਸੇ ਕਾਰਨ ਇਸਲਾਮ ਵਿੱਚ ਤਬਦੀਲ ਹੋ ਚੁੱਕੇ ਹਨ। ਜਿਹੜੇ ਬਹੁਤੇ ਹੁਣ ਗਰੂਮਿੰਗ ਕਰਦੇ ਹਨ ਉਹ ਵੀ ਕਿਹਾ ਜਾਂਦਾ ਹੈ ਕਿ ਸਿੱਖਾਂ ਤੋਂ ਬਣੇ ਇਸਲਾਮੀ ਹਨ।
ਇਨ੍ਹਾਂ ਖਾਲਿਸਤਾਨੀਆਂ ਦਾ ਇਨਸਾਨੀਅਤ ਤੋਂ ਗਿਰਿਆ ਹੋਇਆ ਸਾਧ ਜਿਹੜਾ ਅਕਾਲ ਤਖ਼ਤ ਤੇ ਲੁਕ ਕੇ ਬੈਠਾ ਫੁਕਰੀਆਂ ਮਾਰਦਾ ਹੁੰਦਾ ਸੀ ਅਤੇ ਨਾਲ ਹੀ ਹਿੰਦੂਆਂ ਨੂੰ ਮੇਹਣੇ ਮਾਰਦਾ ਹੁੰਦਾ ਸੀ ਕਿ ਤੁਹਾਡੀਆਂ ਧੀਆਂ ਭੈਣਾਂ ਅਸੀਂ ਅਬਦਾਲੀ ਤੋਂ ਛੁਡਾਉਂਦੇ ਰਹੇ ਹਾਂ। ਹੁਣ ਉਹੀ ਅਬਦਾਲੀ ਦੀ ਸੋਚ ਵਾਲੇ ਲੋਕ ਜਿਨ੍ਹਾਂ ਆਪਣੀਆਂ ਮਿਜ਼ਾਈਲਾਂ ਦੇ ਨਾਮ ਵੀ ਅਬਦਾਲੀ ਦੇ ਨਾਮ ਵਾਲੇ ਰੱਖੇ ਹੋਏ ਹਨ, ਤੁਹਾਡੀਆਂ ਧੀਆਂ ਭੈਣਾ ਨਾਲ ਉਹੀ ਕੁੱਝ ਕਰ ਰਹੇ ਹਨ ਜਿਨ੍ਹਾਂ ਦੇ ਮੇਹਣੇ ਤੁਸੀਂ ਹਿੰਦੂਆਂ ਨੂੰ ਮਾਰ ਰਹੇ ਸੀ। ਪੰਜਾਬ ਵਿੱਚ ਬੇਅਦਵੀਆਂ ਦੇ ਨਾਮ ਤੇ ਕਈ ਕਤਲ ਹੋ ਚੁੱਕੇ ਹਨ ਅਤੇ ਕਈ ਵਿਚਾਰੇ ਨਿਰਦੋਸ਼ੇ ਵੀ ਮਾਰ ਦਿੱਤੇ ਗਏ ਸਨ। ਆਹ ਮੌਲਾਣੇ ਜਿਹੜੇ ਸ਼ਰੇਆਮ ਬੇਅਦਵੀਆਂ ਵੀ ਕਰਦੇ ਹਨ ਅਤੇ ਗਾਲ੍ਹਾਂ ਵੀ ਕੱਢਦੇ ਹਨ ਉਨ੍ਹਾਂ ਨਾਲ ਇਹ ਕਥਿਤ ਖਾਲਿਸਤਾਨੀ ਯਾਰੀਆਂ ਪਾ ਕੇ ਬੈਠੇ ਹਨ। ਅਜਿਹੇ ਢੀਠ ਅਤੇ ਬੇ-ਗੈਰਤ ਖਾਲਿਸਤਾਨੀਆਂ ਦੇ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਉਹ ਪੰਨੂੰ ਦੇ ਰੈਫਰੰਡਮ ਦੇ ਛੁਣਛੁਣੇ ਵਾਲੇ ਦਿਨ ਕਰ ਸਕਦੇ ਹਨ। ਉੱਥੇ ਤੁਹਾਨੂੰ ਇਨਸਾਨੀਅਤ ਤੋਂ ਗਿਰੇ ਹੋਏ ਦਸਮ ਗ੍ਰੰਥੀਏ ਗੁੰਡੇ ਸਾਧ ਦੀ ਫੋਟੋ ਦੇ ਦਰਸ਼ਨ ਵੀ ਹੋਣਗੇ ਅਤੇ ਬੇ-ਗੈਰਤ ਖਾਲਿਸਤਾਨੀ ਦਾੜੀਆ ਕਿਰਪਾਨਾ ਵਾਲੇ ਵੀ ਲੰਮੀਆਂ ਲਾਈਨਾ ਵਿੱਚ ਖੜੇ ਦਿਸਣਗੇ।
ਕਿਸਾਨ ਯੂਨੀਅਨਾਂ ਵਾਲੇ:- ਜਦੋਂ ਭਾਰਤ ਦੀਆਂ ਸਾਰੀਆਂ ਕਿਸਾਨ ਯੂਨੀਅਨਾ ਨੇ ਇਕੱਠੇ ਹੋ ਕੇ ਇੱਕ ਇਤਿਹਾਸਕ ਬਿਰਤਾਂਤ ਸਿਰਜ ਦਿੱਤਾ ਸੀ ਤਾਂ ਫਿਰ ਇਨ੍ਹਾਂ ਸਾਰਿਆਂ ਨੂੰ ਆਪਣੇ ਘਰ ਦੇ ਕੰਮਾ ਵਿੱਚ ਮਸਰੂਫ ਹੋ ਜਾਣਾ ਚਾਹੀਦਾ ਸੀ। ਹੁਣ ਫਿਰ ਦੁਬਾਰਾ ਇਕੱਲੇ ਇਕੱਲੇ ਹੋ ਕੇ ਕਿਉਂ ਧਰਨੇ ਲਾ ਰਹੇ ਹਨ ਅਤੇ ਆਮ ਜਨਤਾ ਲਈ ਮੁਸ਼ਕਲਾਂ ਖੜੀਆਂ ਕਰ ਰਹੇ ਹਨ? ਇਤਨੇ ਵਿਹਲੜ ਇਹ ਕਿਉਂ ਹਨ? ਵਿਦੇਸ਼ਾਂ ਵਿੱਚ ਵੀ ਕਈ ਵਾਰੀ ਫਾਰਮਰ ਪ੍ਰੋਟੈਸਟ ਕਰਦੇ ਹਨ ਉਹ ਸਿਰਫ ਇੱਕ ਜਾਂ ਦੋ ਦਿਨਾ ਵਾਸਤੇ। ਕਈ ਵਾਰੀ ਰੂੜੀ ਵੀ ਸੜਕਾਂ ਤੇ ਖਿਲਾਰ ਜਾਂਦੇ ਹਨ। ਪਰ ਉਹ ਮਹੀਨਿਆਂ ਸਾਲਾਂ ਬੱਧੀ ਅਜਿਹਾ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਕੋਲ ਇਤਨਾ ਵਿਹਲਾ ਟਾਈਮ ਹੁੰਦਾ ਹੈ। ਜਦੋਂ ਭਾਰਤ ਕੋਲ ਸਾਰੀ ਜਨਤਾ ਦੇ ਢਿੱਡ ਭਰਨ ਜੋਗੇ ਦਾਣੇ ਨਹੀਂ ਸੀ ਹੁੰਦੇ ਤਾਂ ਸਮੇ ਦੀ ਲੋੜ ਮੁਤਾਬਕ ਕੁੱਝ ਫਸਲਾਂ ਤੇ ਐੱਮ: ਐੱਸ: ਪੀ: ਦਿੱਤੀ ਹੋਵੇਗੀ। ਪਰ ਹੁਣ ਉਹ ਸਮਾ ਨਹੀਂ ਰਿਹਾ ਅਤੇ ਨਾ ਹੀ ਭਾਰਤ ਹੁਣ ਭੁੱਖ ਮਰੀ ਵਾਲਾ ਇੱਕ ਪਛੜਿਆ ਦੇਸ਼ ਹੈ। ਸੋ ਕਿਸਾਨਾ ਨੂੰ ਮੌਕੇ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ।
ਸੰਖੇਪ ਜਿਹੀ ਵਿਚਾਰ ਇਨ੍ਹਾਂ ਕੁੱਝ ਜਥੇਬੰਦੀਆਂ ਬਾਰੇ ਉਪਰ ਲਿਖ ਦਿੱਤੀ ਹੈ। ਹੁਣ ਇਹ ਵਿਚਾਰ ਕਰਨੀ ਹੈ ਕਿ ਇਹ ਪੰਜਾਬ ਅਤੇ ਸਮਾਜ ਦੀਆਂ ਦੁਸ਼ਮਣ ਕਿਵੇਂ ਹਨ? ਦੁਨੀਆ ਵਿੱਚ ਜੋ ਵੀ ਸਿਆਸੀ ਹਿੱਲਜੁੱਲ ਹੋ ਰਹੀ ਹੈ ਲੈਣ ਦੇਣ ਦੇ ਸਮੀਕਰਨ ਬਦਲ ਰਹੇ ਹਨ। ਭਾਰਤ ਹੁਣ ਉਹ ਦੇਸ਼ ਨਹੀਂ ਰਿਹਾ ਜਿਸ ਬਾਰੇ ਪੱਛਮੀ ਦੇਸ਼ ਗਰੀਬੀ ਅਤੇ ਪਛੜੇ ਹੋਣ ਦਾ ਮਖੌਲ ਉਡਾਇਆ ਕਰਦੇ ਸਨ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਇੱਕ ਕੰਪਨੀ ਐਪਲ ਹੈ। ਐਸ ਵੇਲੇ ਜਿਸ ਦੇ ਆਈਫੂਨ 80% ਚਾਈਨਾ ਵਿੱਚ ਬਣਦੇ ਹਨ ਅਤੇ 20% ਇੰਡੀਆ ਵਿਚ। ਆਉਣ ਵਾਲੇ ਸਮੇ ਵਿੱਚ ਹੋ ਸਕਦਾ ਹੈ ਕਿ ਬਹੁਤੇ ਇੰਡੀਆ ਵਿੱਚ ਹੀ ਬਣਨ। ਦੁਨੀਆ ਦੀਆਂ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਇੰਡੀਆ ਵਿੱਚ ਇਨਵੈਸਟ ਕਰਨਗੀਆਂ ਪਰ ਪੰਜਾਬ ਵਿੱਚ ਸ਼ਾਇਦ ਹੀ ਕੋਈ ਆਵੇ। ਇੱਕ ਸਾਧਾਰਣ ਬੰਦਾ ਵੀ ਕਿਸੇ ਨੂੰ ਉਧਾਰ ਦੇਣ ਲੱਗਿਆਂ ਸੌ ਵਾਰੀ ਸੋਚਦਾ ਹੈ ਕਿ ਇਹ ਮੁੜਕੇ ਮੇਰੀ ਰਕਮ ਜਾਂ ਚੀਜ ਵਾਪਸ ਵੀ ਕਰ ਸਕਦਾ ਹੈ ਜਾਂ ਨਹੀਂ? ਜੇ ਕਰ ਕੰਪਨੀਆਂ ਨੇ ਅਰਬਾਂ ਡਾਲਰ ਇਨਵੈਸਟ ਕਰਨੇ ਹੋਣ ਤਾਂ ਉਹ ਵੀ ਸੌ ਵਾਰੀ ਸੋਚੇਣਗੀਆਂ ਕਿ ਜਿੱਥੇ ਅਸੀਂ ਇਨਵੈਸਟ ਕਰਨ ਜਾ ਰਹੇ ਹਾਂ ਉੱਥੇ ਦੀ ਸਥਿਤੀ ਕਿਤਨੀ ਕੁ ਸਥਿਰ ਹੈ? ਲਾਅ ਐਂਡ ਆਰਡਰ ਨੂੰ ਲੋਕ ਕਿਤਨਾ ਕੁ ਫੋਲੋ ਕਰਦੇ ਹਨ। ਪੰਜਾਬ ਦੇ ਲੋਕਾਂ ਬਾਰੇ ਇਹ ਖਬਰਾਂ ਆਮ ਛਪਦੀਆਂ ਰਹਿੰਦੀਆਂ ਹਨ ਕਿ ਜਦੋਂ ਪੰਜਾਬ ਦੇ ਲੋਕ ਚੰਡੀਗੜ ਵਿੱਚ ਸ਼ਾਮਲ ਹੁੰਦੇ ਹਨ ਤਾਂ ਬੀਬੇ ਬੱਚੇ ਬਣ ਕੇ ਸਾਰੇ ਕਾਨੂੰਨ ਫੋਲੋ ਕਰਦੇ ਹਨ ਪਰ ਵਾਪਸ ਪੰਜਾਬ ਦੀ ਹੱਦ ਵਿੱਚ ਦਾਖਲ ਹੁੰਦਿਆਂ ਹੀ ਅਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾਉਣ ਲੱਗ ਜਾਂਦੇ ਹਨ।
ਜਿੱਥੇ ਇੰਡਸਟਰੀ ਆਵੇਗੀ ਉਥੇ ਲੋਕਾਂ ਲਈ ਕੰਮ ਹੋਣਗੇ। ਜਿੱਥੇ ਕੰਮ ਹੋਣਗੇ ਉਥੇ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ ਉੱਚਾ ਹੋਵੇਗਾ। ਟੈਨਸ਼ਨ ਘਟੇਗੀ ਜੀਵਨ ਖੁਸ਼ਹਾਲ ਹੋਵੇਗਾ। ਪੰਜਾਬ ਦੇ ਲੋਕ ਸਭ ਤੋਂ ਵੱਧ ਕਿਉਂ ਬਿਦੇਸ਼ਾਂ ਵੱਲ ਜਾ ਰਹੇ ਹਨ? ਅਸੀਂ ਵੀ ਕਿਸੇ ਸਮੇ ਆਏ ਸੀ। ਜਿਹੜੇ ਕੰਮ ਬਿਦੇਸ਼ਾਂ ਵਿੱਚ ਜਾ ਕੇ ਕਰਨੇ ਹਨ ਤੇ ਜੇ ਕਰ ਉਹੀ ਕੰਮ ਪੰਜਾਬ ਵਿੱਚ ਹੋਣਗੇ ਫਿਰ ਬਾਹਰ ਜਾਣ ਦੀ ਬਹੁਤੀ ਲੋੜ ਨਹੀਂ ਰਹੇਗੀ। ਅਮਰੀਕਾ ਕਿਉਂ ਇਤਨੇ ਸਮੇਂ ਤੋਂ ਦੁਨੀਆ ਦਾ ਲੰਬੜਦਾਰ ਬਣਿਆਂ ਹੋਇਆ ਹੈ। ਇਸ ਦਾ ਇੱਕ ਮੁੱਖ ਕਾਰਨ ਹੈ ਭੂਗੋਲਿਕ ਸਥਿਤੀ ਅਤੇ ਦੂਸਰਾ ਕਾਰਨ ਹੈ ਐਜੂਕੇਸ਼ਨ। ਸਾਰੀ ਦੁਨੀਆ ਵਿੱਚ ਦੋ ਯੂਨੀਵਰਸਿਟੀਆਂ ਬਹੁਤ ਮਸ਼ਹੂਰ ਹਨ। ਇੱਕ ਯੂ: ਕੇ: ਦੀ ਕੈਂਬਰਿਜ਼ ਅਤੇ ਦੂਸਰੀ ਅਮਰੀਕਾ ਦੀ ਹਾਰਵਰਡ ਜੋ ਕਿ ਸਿੱਖਾਂ ਦੇ ਦਸਮੇਂ ਗੁਰੂ ਦੇ ਇਸ ਸੰਸਾਰ ਵਿੱਚ ਆਉਣ ਤੋਂ ਵੀ ਪਹਿਲਾਂ ਦੀ ਬਣੀ ਹੋਈ ਹੈ। ਜਿਹੜੇ ਲੋਕਾਂ ਦੀ ਅਕਲ ਹਾਲੇ ਇੱਥੇ ਤੱਕ ਹੀ ਸੀਮਤ ਹੈ ਕਿ ਖਾਣਾ ਤੱਪੜਾਂ ਤੇ ਖਾਣਾ ਜਾਂ ਕੁਰਸੀਆਂ ਤੇ ਜਾਂ ਫਿਰ ਪੱਗ ਕਿੰਨੀ ਕੁ ਵੱਡੀ ਬੰਨਣੀ ਹੈ। ਇਹ ਅਤੇ ਇਸ ਤਰਹਾਂ ਦੀਆਂ ਹੋਰ ਫਜੂਲ ਗੱਲਾਂ ਨੂੰ ਹੀ ਧਰਮ ਸਮਝੀ ਬੈਠੇ ਹਨ। ਉਨ੍ਹਾਂ ਤੋਂ ਅਕਲ ਦੀਆਂ ਗੱਲਾਂ ਕਰਨ ਦੀ ਕਿਤਨੀ ਕੁ ਆਸ ਕੀਤੀ ਜਾ ਸਕਦੀ ਹੈ? ਇਸ ਕੌਮ ਦਾ ਕਿੰਨਾ ਹਿੱਸਾ ਵਿਹਲੜਾਂ ਦਾ ਹੈ? ਇੱਕ ਵਿਹਲੜ ਰਹਿ ਕੇ ਭੰਗ ਘੋਟਣ ਵਿੱਚ ਮਸਤ ਹਨ ਅਤੇ ਦੂਸਰੇ ਡੇਰਿਆਂ ਵਾਲੇ ਕੂੜ ਗ੍ਰੰਥਾਂ ਦਾ ਘੋਟਾ ਲਉਣ ਵਿਚ। ਫਿਰ ਇਨ੍ਹਾਂ ਦੀ ਸੋਚ ਸਮੇ ਦੀ ਹਾਣੀ ਕਿਸ ਤਰ੍ਹਾਂ ਬਣ ਸਕਦੀ ਹੈ? ਸਦੀਆਂ ਪੁਰਾਣੇ ਇਤਿਹਾਸ ਦੇ ਹਵਾਲੇ ਸਿਰਾਂ ਵਿੱਚ ਭਰੇ ਹੋਏ ਹਨ ਅਤੇ ਉਸ ਅਨੁਸਾਰ ਹੀ ਫੁਕਰੀਆਂ ਮਾਰਨ ਵਿੱਚ ਮਾਹਰ ਹਨ। ਇਨ੍ਹਾਂ ਫੁਕਰੀਆਂ ਨੇ ਹੀ ਪੰਜਾਬ ਤੇ ਸਮਾਜ ਦਾ ਬੇੜਾ ਗਰਕ ਕੀਤਾ ਹੋਇਆ ਹੈ। ਸਾਰਿਆਂ ਦੇ ਸਾਂਝੇ ਕਿਸਾਨ ਮੋਰਚੇ ਵੇਲੇ ਵੀ ਇਨ੍ਹਾਂ ਨੇ ਦੀਪ ਸਿੱਧੂ ਰਾਹੀਂ ਰੱਜ ਕੇ ਫੁਕਰੀਆਂ ਮਾਰੀਆਂ ਸਨ ਅਤੇ ਕਹੇ ਜਾਂਦੇ ਕਾਮਰੇਡਾਂ ਤੇ ਚੰਗਾ ਤਵਾ ਲਾਇਆ ਸੀ। ਅਸਲ ਵਿੱਚ ਇਹ ਆਪਣੇ ਫਿਰਕੂ ਏਜੰਡੇ ਨੂੰ ਉਨ੍ਹਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਣਾ ਚਾਹੁੰਦੇ ਸਨ ਜੋ ਉਨ੍ਹਾਂ ਨੇ ਚੱਲਣ ਨਹੀਂ ਦਿੱਤਾ। ਜੇ ਕਰ ਮੈਂ ਗਲਤ ਨਾ ਹੋਵਾਂ ਤਾਂ ਇਨ੍ਹਾਂ ਫੁਕਰੀਆਂ ਮਾਰਨ ਵਾਲਿਆਂ ਦੀ ਜਿਆਦਾ ਨੇੜਤਾ ਉਨ੍ਹਾਂ ਨਾਲ ਹੀ ਸੀ ਜਿਨ੍ਹਾਂ ਨੇ ਇਕੱਲਿਆਂ ਹੀ ਹਰਿਆਣੇ ਦੇ ਬਾਰਡਰ ਦੇ ਫਿਰ ਮੋਰਚਾ ਲਾਇਆ ਸੀ ਅਤੇ ਵਰਤ ਰੱਖਣ ਦਾ ਪਖੰਡ ਵੀ ਕੀਤਾ ਸੀ। ਜੋ ਕੁੱਝ ਵੀ ਹੋਇਆ ਸਾਰਿਆਂ ਦੇ ਸਾਹਮਣੇ ਹੀ ਹੈ। ਜੇ ਕਰ ਸਾਂਝੇ ਮੋਰਚੇ ਵੇਲੇ ਕਾਮਰੇਡ ਸੋਚ ਵਾਲੇ ਦੀਪ ਸਿੱਧੂ ਦੀ ਸੋਚ ਵਿੱਚ ਰੁਕਾਵਟ ਬਣਦੇ ਸਨ ਤਾਂ ਹੁਣ ਉਹੀ ਕੰਮ ਕਰ ਲੈਣਾ ਸੀ? ਅਗਲਿਆਂ ਨੇ ਹਰਿਆਣੇ ਦਾ ਬਾਡਰ ਵੀ ਨਹੀਂ ਟੱਪਣ ਦਿੱਤਾ। ਜਾਂ ਇੱਕ ਹੋਰ ਵੀ ਤੁਹਾਡਾ ਇਕੱਲਿਆਂ ਦਾ ਇੱਕ ਮੋਰਚਾ ਚੱਲਦਾ ਸੀ ਸ਼ਾਇਦ ਹੁਣ ਵੀ ਚੱਲਦਾ ਹੋਵੇਗਾ। ਉਹ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਉਥੇ ਆਪਣਾ ਏਜੰਡਾ ਲਾਗੂ ਕਰਕੇ ਦਿਖਾ ਦਿੰਦੇ? ਉੱਥੇ ਤਾਂ ਕਾਮਰੇਡ ਰੁਕਾਵਟ ਨਹੀਂ ਸੀ ਬਣਦੇ? ਪਰ ਨਹੀਂ ਤੁਹਾਨੂੰ ਧਰਮ ਦੇ ਨਾਮ ਤੇ ਫੂਕਰੀਆਂ ਮਾਰ ਕੇ ਗੁਮਰਾਹ ਕਰਨ ਦੀ ਆਦਤ ਹੈ ਜੋ ਤੁਸੀਂ ਕਰੀ ਜਾ ਰਹੇ ਹੋ ਅਤੇ ਨਾਲ ਹੀ ਪੰਜਾਬ ਤੇ ਸਮਾਜ ਦਾ ਸੱਤਿਆਨਾਸ ਮਾਰੀ ਜਾ ਰਹੇ ਹੋ।
ਮੱਖਣ ਪੁਰੇਵਾਲ,
ਮਈ 17, 2025.