.

ਬੇ ਅਦਬੀ

(4)

ਲੇਖ ਦੇ ਪਹਿਲੇ ਤਿੰਨ ਭਾਗਾਂ ਵਿੱਚ ਗੁਰੂਦਵਾਰਿਆਂ ਵਿੱਚ ਨਿਤਨਿਤ ਹੋ ਰਹੀ ਗੁਰੂਆਂ ਦੀ ਬੇਅਦਬੀ ਅਤੇ ਉਨ੍ਹਾਂ ਦੁਆਰਾ ਫ਼ਰਮਾਏ ਗਏ ਸਿੱਧਾਂਤਾਂ/ਫ਼ਰਮਾਨਾਂ ਦੀ ਨਾਫ਼ਰਮਾਂਬਰਦਾਰੀ ਦਾ ਸੰਖੇਪ ਜਿਹਾ ਜ਼ਿਕਰ ਕੀਤਾ ਗਿਆ ਹੈ। ਪਰ ਜੇ ਬ੍ਰਹਮਗਿਆਨੀ ਬਾਣੀਕਾਰਾਂ ਦੁਆਰਾ ਸੁਝਾਏ ਗਏ ਸਿੱਧਾਂਤਾਂ ਨੂੰ ਕਸੌਟੀ ਬਣਾ ਕੇ ਬਿਬੇਕਤਾ ਨਾਲ ਬਿਸਤਾਰ ਵਿੱਚ ਬੀਚਾਰੀਏ ਤਾਂ, ਨਿਰਸੰਦੇਹ, ਸਾਬਤ ਹੋ ਜਾਂਦਾ ਹੈ ਕਿ ਸੰਸਾਰ ਦੇ ਸਾਰੇ ਗੁਰੂਦਵਾਰਿਆਂ ਵਿੱਚ ਗੁਰੂਆਂ ਅਤੇ ਉਨ੍ਹਾਂ ਦੁਆਰਾ ਸੁਝਾਏ ਗਏ ਸਿੱਧਾਂਤਾਂ ਅਤੇ ਆਦਰਸ਼ਾਂ ਦੀ ਬੇਅਦਬੀ ਦੇ ਬਿਨਾਂ ਹੋਰ ਕੁੱਝ ਹੁੰਦਾ ਹੀ ਨਹੀਂ! ਇਸ ਬੇਅਦਬੀ ਦੇ ਵਿਸ਼ੇ `ਤੇ ਇੱਕ ਵੱਡਾ ਪੋਥਾ ਲਿਖਿਆ ਜਾ ਸਕਦਾ ਹੈ। ਪਰੰਤੂ, ਟਕਸਾਲਾਂ ਅਤੇ ਡੇਰਿਆਂ ਆਦਿ ਵਿੱਚ ਗੁਰੂਆਂ ਅਤੇ ਗੁਰਹੁਕਮਾਂ ਦੀ ਕੀਤੀ/ਕਰਵਾਈ ਜਾ ਰਹੀ ਘੋਰ ਬੇਅਦਬੀ ਦਾ ਸੱਚ ਲਿਖਣ ਤੋਂ ਬਿਨਾਂ ਇਹ ਪੋਥਾ ਵੀ ਅਧੂਰਾ ਹੀ ਹੋਵੇਗਾ! ਸੋ, ਲੇਖ ਦੇ ਇਸ ਭਾਗ ਵਿੱਚ ਇਸ ਨੁਕਤੇ `ਤੇ ਸੰਖੇਪ ਜਿਹੀ ਵਿਚਾਰ ਕਰਨ ਦਾ ਯਤਨ ਕਰਾਂਗੇ।

ਟਕਸਾਲ (mint) ਉਸ ਸੰਸਥਾਨ ਨੂੰ ਕਹਿੰਦੇ ਹਨ ਜਿੱਥੇ ਖਰੇ ਸਿੱਕੇ (ਟਕੇ) ਘੜੇ ਜਾਂਦੇ ਹਨ। ਧਰਮ ਦੇ ਪ੍ਰਸੰਗ ਵਿੱਚ, ਟਕਸਾਲ ਉਸ ਸੰਸਥਾ ਨੂੰ ਕਿਹਾ ਜਾਂਦਾ ਹੈ ਜਿੱਥੇ ਸਿੱਖਿਆਰਥੀਆਂ (ਸਿੱਖਾਂ/ਸ਼ਿਸ਼ਾਂ) ਦੀ ਸੁਰਤਿ, ਮਤਿ ਮਨਿ, ਬੁੱਧਿ ਦੀ ਸੁੰਦਰ ਘਾੜਤ ਘੜ ਕੇ ਉਨ੍ਹਾਂ ਨੂੰ ਖਰੇ (ਸੁਚਿਆਰ) ਇਨਸਾਨ ਬਣਾਇਆ ਜਾਂਦਾ ਹੈ। ਇਸ ਰੂਹਾਨੀ ਅਤੇ ਮਾਨਸਿਕ ਘਾੜਤ ਦਾ ਸੰਬੰਧ, ਸਿਰਫ਼ ਅਤੇ ਸਿਰਫ਼, ਬਿਬੇਕ ਬੁੱਧਿ, ਆਤਮਗਿਆਨ, ਸਚਿਆਰਤਾ, ਇਨਸਾਨੀਅਤ ਅਤੇ ਨੈਤਿਕਤਾ ਆਦਿ ਨਾਲ ਹੈ। ਸ਼ਿਸ਼ਾਂ/ਸਿੱਖਾਂ ਦੇ ਮਨ-ਆਤਮਾ ਦੀ ਇਸ ਸੁੰਦਰ ਘਾੜਤ ਦਾ ਆਧਾਰ ਸਚੀ ਬਾਣੀ (ਗੁਰਬਾਣੀ) ਵਿੱਚੋਂ ਮਿਲਦਾ ਆਤਮਗਿਆਨ ਹੈ। ਸਚੀ ਟਕਸਾਲ ਦਾ ਸੰਸਾਰਕਤਾ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ। ਪਰੰਤੂ, ‘ਸਿੱਖ ਧਰਮ’ ਨਾਲ ਸੰਬੰਧਿਤ ਟਕਸਾਲਾਂ ਸੰਸਾਰਕ ਹਨ! ਇਨ੍ਹਾਂ ਸੰਸਾਰਕ ਸੰਸਥਾਵਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਦਾ ਆਧਾਰ ਗੁਰਬਾਣੀ-ਗਿਆਨ ਨਹੀਂ ਸਗੋਂ ਕੂੜ ਗ੍ਰੰਥਾਂ (ਖ਼ਾਸ ਕਰਕੇ ਕਥਿਤ ਦਸਮ ਗ੍ਰੰਥ) ਦੀ ਕੱਚੀ ਬਾਣੀ ਹੈ। ਕੱਚੀ ਬਾਣੀ ਦੀ ਸਿੱਖਿਆ ਇਨ੍ਹਾਂ ਟਕਸਾਲਾਂ ਵਿੱਚ ਆਏ ਸਿਖਿਆਰਥੀਆਂ ਨੂੰ ਮੂੜ੍ਹਮਤੀਏ ਬੂਝੜ ਬਣਾ ਕੇ ਉਨ੍ਹਾਂ ਦੇ ਆਪੇ ਵਿੱਚੋਂ ਆਤਮ-ਗਿਆਨ, ਸੁਰਤਿ, ਮਤਿ ਮਨਿ, ਬਿਬੇਕਬੁੱਧਿ ਅਤੇ ਇਨਸਾਨੀਅਤ ਦੇ ਨੈਤਿਕ ਗੁਣਾਂ ਨੂੰ ਮਾਰ ਕੇ ਉਨ੍ਹਾਂ ਨੂੰ ਝੂਠ, ਕਪਟ, ਕੱਟੜਤਾ, ਆਤੰਕ, ਦਹਿਸ਼ਤਗਰਦੀ, ਗੁੰਡਾਗਰਦੀ, ਨਿਰਦਯਤਾ ਅਤੇ ਅਸਹਿਣਸ਼ੀਲਤਾ ਵਗੈਰਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਨਤੀਜਤਨ ਉਹ ਖੋਟੇ ਸਿੱਕੇ ਬਣ ਕੇ ਰਹਿ ਜਾਂਦੇ ਹਨ! ਇਸ ਕੌੜੇ ਕਥਨ ਦਾ ਪ੍ਰਮਾਣ ਪੰਜਾਬ ਅਤੇ ਭਾਰਤ ਵਿੱਚ ੧੯੭੮ ਤੋਂ ਅੱਜ ਤੀਕ ਘਟੀਆਂ ਦੁੱਖਦਾਈ ਘਟਨਾਵਾਂ ਹਨ!

ਉਪਰੋਕਤ ਕਥਨ ਦੀ ਹੋਰ ਪੁਸ਼ਟੀ ਵਾਸਤੇ ਟਕਸਾਲਾਂ (ਵਿਸ਼ੇਸ਼ ਕਰਕੇ ਦਮਦਮੀ ਟਕਸਾਲ ਚੌਕ ਮਹਿਤਾ, ਅੰਮ੍ਰਿਤਸਰ) ਦਾ ਸੱਚ ਅਤੇ ਇਨ੍ਹਾਂ ਟਕਸਾਲਾਂ ਦੇ ਜਥੇਦਾਰਾਂ ਦੇ ਪਿੋਛਕੜ, ਯੋਗਤਾ, ਕਿਰਦਾਰ, ਕਾਰਗੁਜ਼ਾਰੀ ਅਤੇ ਉਨ੍ਹਾਂ ਦੇ ਗੁਰਮਤਿ-ਗਿਆਨ ਬਾਰੇ ਜਾਣਨਾ ਜ਼ਰੂਰੀ ਹੈ। ਟਕਸਾਲਾਂ ਦੇ ਮੁਖੀਆਂ ਵੱਲੋਂ ਹਰ ਟਕਸਾਲ ਦਾ ਮੋਢੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਜਾਂਦਾ ਹੈ ਜੋ ਕਿ ਕੋਰਾ ਕਪਟ ਤੇ ਚਿੱਟਾ ਝੂਠ ਹੈ! ਟਕਸਾਲਾਂ ਦੇ ਸਾਬਕਾ ਜਾਂ ਮੌਜੂਦਾ ਜਥੇਦਾਰਾਂ ਦੇ ਪਿਛੋਕੜ ਉੱਤੇ ਸਰਸਰੀ ਜਿਹੀ ਨਿਗ੍ਹਾ ਮਾਰਿਆਂ ਇਹ ਸੱਚ ਸਪਸ਼ਟ ਹੋ ਜਾਂਦਾ ਹੈ ਕਿ ਉਹ ਸਾਰੇ ਆਤਮ-ਪ੍ਰੇਮੀ ਸਨ/ਹਨ ਅਤੇ ਆਪਣੇ ਪੈਰੋਕਾਰਾਂ ਅਤੇ ਆਮ ਲੋਕਾਂ ਤੋਂ ਨਿਜ ਦੀ ਪੂਜਾ ਕਰਵਾ ਕੇ ਖ਼ੁਸ਼ ਹੁੰਦੇ ਸਨ/ਹਨ। ਇਹ ਸਾਰੇ ਦੇ ਸਾਰੇ ਵਿੱਦਿਅਕ ਯੋਗਤਾ ਪੱਖੋਂ ਕੋਰੇ ਅਤੇ ਆਤਮਗਿਆਨ ਵੱਲੋਂ ਥੋਥੇ ਸਨ/ਹਨ! ਆਪਣੀ ਗਿਆਨ-ਵਿਹੂਣਤਾ ਅਤੇ ਥੋਥਾਪਣ ਛੁਪਾਉਣ ਵਾਸਤੇ ਇਹ ਭੇਖਾਂ ਤੇ ਪਾਖੰਡਾਂ ਦਾ ਸਹਾਰਾ ਲੈਂਦੇ ਹਨ। ਸਾਰਟਕਸਾਲੀਏ, ਗੁਰੂਆਂ ਦੁਆਰਾ ਖੰਡਿਤ, ਭੇਖਾਂ ਦੇ ਕੱਟੜ ਪੁਜਾਰੀ ਹਨ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਉਨ੍ਹਾਂ ਨੂੰ ਟਕਸਾਲ ਵੱਲ ਲੁਭਾਉਣ ਵਾਸਤੇ ਹਰ ਟਕਸਾਲ ਦਾ ਕੇਂਦਰ ਇੱਕ ਗੁਰੂਦਵਾਰੇ ਨੂੰ ਬਣਾਇਆ ਜਾਂਦਾ ਹੈ, ਜਿਵੇਂ: ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਅਤੇ ਗੁਰਦਵਾਰਾ ਨਾਨਕ ਪ੍ਰਕਾਸ਼ ਆਦਿਕ। ਭਾਵੇਂ ਟਕਸਾਲਾਂ ਦੇ ਗੁਰੂਦਵਾਰਿਆਂ ਵਿੱਚ ਗੁਰੂ ਦੇ ਦਰਸ਼ਨਾਂ ਦੀ ਬਜਾਏ ਟਕਸਾਲ ਦੇ ਮੁਖੀਏ ਦੇ ਦਰਸ਼ਨ ਹੀ ਕੀਤੇ/ਕਰਵਾਏ ਜਾਂਦੇ ਹਨ ਅਤੇ ਪ੍ਰਕਾਸ਼ ਦੀ ਬਜਾਏ ਅੰਧਵਿਸ਼ਵਾਸ ਅਤੇ ਅਗਿਆਨਤਾ ਦਾ ਅੰਧੇਰਾ ਹੀ ਹੁੰਦਾ ਹੈ! ਗੁਰਮਤਿ ਨੂੰ ਨਜ਼ਰਅੰਦਾਜ਼ ਕਰਕੇ, ਮਨਮੱਤੀਏ ਟਕਸਾਲੀਆਂ ਦੀ ਆਪਣੀ ਵੱਖਰੀ ਕਰਮਕਾਂਡੀ ਰਹਿਤ ਮਰਿਆਦਾ ਬਣਾਈ ਹੋਈ ਹੈ। ਇਸ ਮਨਮਤੀ ਰਹਿਤ ਮਰਿਆਦਾ ਨੂੰ ਉਹ ਆਤੰਕ, ਦਹਿਸ਼ਤ ਅਤੇ ਗੁੰਡਾਗਰਦੀ ਨਾਲ ਹਰ ‘ਸਿੱਖ’ ਦੇ ਸਿਰ ਥੋਪਦੇ ਹਨ। ਦਾਅਵਾ ਉਹ ਇਹ ਕਰਦੇ ਹਨ ਕਿ ਉਹ ਗੁਰਸਿੱਖੀ ਦੇ ਪ੍ਰਚਾਕ ਹਨ; ਪਰੰਤੂ ਸੱਚ ਤਾਂ ਇਹ ਹੈ ਕਿ ਉਨ੍ਹਾਂ ਨੂੰ ਸੱਚੀ ਗੁਰਸਿੱਖੀ ਦਾ ਕੱਖ ਨਹੀਂ ਪਤਾ! ਉਨ੍ਹਾਂ ਦਾ ਪ੍ਰਚਾਰ ਸੱਚੀ ਸਿੱਖੀ ਦਾ ਘੋਰ ਅਪਮਾਨ ਹੈ।

ਟਕਸਾਲੀਆਂ ਦੀ ਕਾਰਗੁਜ਼ਾਰੀ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਇਹ ਕੌੜਾ ਸੱਚ, ਨਿਰਸੰਦੇਹ, ਸਾਬਤ ਹੋ ਜਾਂਦਾ ਹੈ ਕਿ ਟਕਸਾਲੀਏ ਰੱਜ ਕੇ ਬੇਅਦਬ ਅਤੇ ਗੁਸਤਾਖ਼ ਲੋਕ ਹਨ ਜੋ ਆਪਣੇ ਪ੍ਰਚਾਰ ਵਿੱਚ ਗੁਰਫ਼ਲਸਫ਼ੇ ਨੂੰ ਨਜ਼ਰਅੰਦਾਜ਼ ਕਰਕੇ ਨਾਂ ਕੇਵਲ ਗਰੂਆਂ ਦੀ ਬੇਅਦਬੀ ਕਰਦੇ ਹਨ ਸਗੋਂ ਆਪਣੀਆਂ ਕਰਤੂਤਾਂ ਨਾਲ ਉਹ ਗੁਰੂਆਂ ਦੇ ਪਵਿਤ੍ਰ ਮਾਨਵਵਾਦੀ ਫ਼ਲਸਫ਼ੇ ਦਾ ਮੌਜੂ ਵੀ ਉਡਾਉਂਦੇ ਹਨ।

‘ਸਿੱਖਾਂ’ ਦੇ ਪਵਿੱਤਰਤਮ ਕਹੇ ਜਾਂਦੇ ਸਥਾਨ ਅਕਾਲ ਤਖ਼ਤ ਅਤੇ ਹੋਰ ਗੁਰਧਾਮਾਂ ਵਿੱਚ ਅਸਲਾ ਇਕੱਠ ਕਰਕੇ ਉਨ੍ਹਾਂ ਨੂੰ ਗੜ੍ਹ/ਗੜ੍ਹੀਆਂ (ਕਿਲ੍ਹੇ/ਛੋਟੇ ਕਿਲ੍ਹੇ) ਵਿੱਚ ਬਦਲ ਕੇ ਆਪਣੀ ਜਾਨ ਬਚਾਉਣ ਵਾਸਤੇ ਪਨਾਹਗਾਹ ਬਣਾਉਣਾ; ਅਤੇ ਗੁਰਬਾਣੀ ਦੀ ਪਵਿੱਤਰ ਬੀੜ (ਦੇਹ) ਨੂੰ ਢਾਲ ਬਣਾ ਕੇ ਗੁੰਡਾਗਰਦੀ ਕਰਨਾ ਬੇਅਦਬੀ ਦੀ ਇੰਤਿਹਾ ਹੈ। ਇਸ ਤੋਂ ਬਿਨਾਂ ਚੋਰੀਆਂ, ਡਕੈਤੀਆਂ, ਫ਼ਿਰੌਤੀਆਂ, ਉਧਾਲੇ ਤੇ ਬਲਾਤਕਾਰ, ਮਾਸੂਮਾਂ ਦੇ ਕਤਲ, ਨਫ਼ਰਤ, ਆਤੰਕ, ਦਹਿਸ਼ਤਗਰਦੀ……ਵਗ਼ੈਰਾ ਉਨ੍ਹਾਂ ਵਾਸਤੇ ਗੁਰਸਿੱਖੀ ਦਾ ਪ੍ਰਚਾਰ ਹੈ। ਇਹ ਇੱਕ ਇਤਿਹਾਸਿਕ ਸੱਚ ਹੈ ਕਿ, ਟਕਸਾਲਾਂ ਦੇ ਮੁਖੀਏ ਸਮੇਂ ਦੀਆਂ ਸਰਕਾਰਾਂ ਦੇ ਹੱਥਠੋਕੇ ਸਨ/ਹਨ। ਜਰਨੈਲ ਸਿੰਘ ਭਿੰਡਰਾਂਵਾਲਾ ਕਾਂਗਰਸੀ ਲੀਡਰਾਂ ਦੁਆਰਾ ਉਭਾਰਿਆ ਗਿਆ ਸੀ। ਉਸ ਦੇ ਧਾਰਮਿਕ ਭਾਸ਼ਣਾਂ ਵਿੱਚ ਕਦੇ ਵੀ ਗੁਰਮਤਿ-ਗਿਆਨ ਦਾ ਭੋਰਾ ਵੀ ਸੁਣਨ ਵਿੱਚ ਨਹੀਂ ਆਇਆ! ਉਸ ਦੇ ਨਫ਼ਰਤਅੰਗੇਜ਼ ਭਾਸ਼ਣਾਂ ਵਿੱਚ “ਸੋਧਾ ਲਾਉਣਾ” ਭਾਵ ਨਿਰਦੋਸ਼ਾਂ ਨੂੰ ਮਾਰਨਾਂ ਉਸ ਦਾ ਤਕੀਆਂ ਕਲਾਮ ਸੀ। ਹਰਨਾਮ ਸਿੰਘ ਧੁਮਾ ਸਮੇਂ ਦੀਆਂ ਸਰਕਾਰਾਂ ਦਾ ਹੱਥਠੋਕਾ ਸੀ/ਹੈ। ਉਹ ੧੯੮੦ਵਿਆਂ ਤੋਂ ਪੰਜਾਬ ਪੁਲਿਸ ਦਾ ਮੁਖ਼ਬਰ ਹੈ। ਖ਼ਬਰਾਂ ਅਨੁਸਾਰ, ਉਸ ਦੀ ਨਿਸ਼ਾਨਦੇਹੀ `ਤੇ ਪੰਜਾਬ ਪੁਲਿਸ ਨੇ ਸੈਂਕੜੇ-ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ! ਜਾਨ ਬਚਾਉਣ ਵਾਸਤੇ ਦੇਸੋਂ ਭੱਜਨ ਵਿੱਚ ਵੀ ਪੰਜਾਬ ਦੇ ਸਿਆਸਤਦਾਨਾਂ ਅਤੇ ਪੁਲਿਸ ਨੇ ਉਸ ਦੀ ਮਦਦ ਕੀਤੀ ਸੀ। ੨੦੦੫ ਵਿੱਚ ਅਮਰੀਕਾ ਤੋਂ ਵਾਪਸ ਲਿਆ ਕੇ ਟਕਸਾਲ ਦਾ ਮੁਖੀਆ ਬਣਾਉਣ ਵਿੱਚ ਵੀ ਪੰਜਾਬ ਸਰਕਾਰ ਅਤੇ ਪੁਲਿਸ ਦਾ ਹੀ ਹੱਥ ਕਿਹਾ ਜਾਂਦਾ ਹੈ!

ਡੇਰਿਆਂ ਅਤੇ ਟਕਸਾਲਾਂ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ। ਡੇਰਿਆਂ ਵਿੱਚ ਵੀ ਮਹਾਂਪੁਰਖ ਬਾਣੀਕਾਰਾਂ ਦੀ ਬੇਅਦਬੀ ਅਤੇ ਉਨ੍ਹਾਂ ਦੇ ਹੁਕਮਾਂ ਦੀ ਹੁਕਮਉਦੀਲੀ ਨਿਸੰਗ ਹੋ ਕੇ ਕੀਤੀ/ਕਰਵਾਈ ਜਾਂਦੀ ਹੈ। ਅਧਿਕਤਰ ਡੇਰਿਆਂ ਦਾ ਕੇਂਦਰ ਵੀ ਇੱਕ ਗੁਰੂਦਵਾਰੇ ਨੂੰ ਬਣਾਇਆ ਜਾਂਦਾ ਹੈ ਜਿਵੇਂ: ਗੁਰੂਦੁਆਰਾ ਪ੍ਰਮੇਸ਼ਰ ਦੁਆਰ। ਪਰੰਤੂ, ਡੇਰਿਆਂ ਦੇ ਗੁਰੂਦਵਾਰਿਆਂ ਵਿੱਚ ਨਾਂ ਤਾਂ ਗੁਰੂ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਨਾ ਹੀ ਪ੍ਰਮੇਸ਼ਰ ਦੇ ਦਰਸ਼ਨ ਹੁੰਦੇ ਹਨ! ਡੇਰਿਆਂ ਵਿੱਚ ਸਿਰਫ਼ ਭੇਖੀ ਪਾਖੰਡੀ ਡੇਰੇਦਾਰਾਂ ਦੀ ਪੂਜਾ-ਭਗਤੀ ਹੀ ਕੀਤੀ ਕਰਵਾਈ ਜਾਂਦੀ ਹੈ।

ਡੇਰੇਦਾਰ, ਅਧਿਕਤਰ, ਤੰਤ੍ਰਿਕ ਕਿਸਮ ਦੇ ਮੀਸਣੇ ਜਾਦੂਗਰ ਹੁੰਦੇ ਹਨ ਜੋ ਆਪਣੇ ਜਾਦੂ-ਟੂਣਿਆਂ ਅਤੇ ਜ਼ੁਬਾਨ ਦੀਆਂ ਕਪਟ-ਪੂਰਣ ਕਲਾਬਾਜ਼ੀਆਂ ਨਾਲ ਮਾਸੂਮ ਲੋਕਾਂ ਨੂੰ ਵੱਸ ਵਿੱਚ ਕਰਕੇ ਉਨ੍ਹਾਂ ਨੂੰ ਰੱਜ ਕੇ ਲੁੱਟਦੇ-ਨੋਚਦੇ ਹਨ!

ਦੇਸ-ਬਿਦੇਸ ਵਿੱਚ ਹਜ਼ਾਰਾਂ ਡੇਰੇ ਹਨ। ਇਨ੍ਹਾਂ ਡੇਰਿਆਂ ਦੇ ਡੇਰੇਦਾਰਾਂ ਨੇ ਲੱਖਾਂ ਏਕੜ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਡੇਰਿਆਂ ਵਿੱਚ ਦੱਬੇ ਖ਼ਜ਼ਾਨਿਆਂ ਦਾ ਵੀ ਕੋਈ ਅੰਤ ਨਹੀਂ! ਰੱਬ ਦੇ ਨਾਂ `ਤੇ ਰੱਬ ਦੀ ਭੋਲੀ-ਭਾਲੀ ਰਿਆਇਆ ਨੂੰ ਲੁੱਟਣ ਵਾਲੇ ਡੇਰੇਦਾਰਾਂ ਦੀ ਹੈਸੀਅਤ, ਰੁਤਬਾ ਅਤੇ ਰਹਿਣ-ਸਹਿਣ ਵੀ ਜ਼ਾਲਿਮ ਰਾਜੇ/ਰਜਵਾੜਿਆਂ ਵਾਲਾ ਹੈ। ਦੇਸ਼ ਦੀ ਗ਼ਰੀਬੀ ਦਾ ਇੱਕ ਵੱਡਾ ਕਾਰਣ, ਇਹ ਡੇਰੇ ਵੀ ਹਨ।

ਲਗ-ਪਗ ਸਾਰੇ ਡੇਰੇ ਸੰਪਰਦਾਇਕ ਹਨ। ਹਰ ਡੇਰੇ ਦੀ ਆਪਣੀ ਸੰਪਰਦਾ ਹੈ। ਡੇਰਿਆਂ ਦਾ ਭੇਖ ਤੇ ਰਹਿਤ ਮਰਿਆਦਾ ਵੀ ਅਲੱਗ ਅਲੱਗ ਹੈ ਜਿਸ ਦਾ ਗੁਰਮਤਿ, ਅਧਿਆਤਮਕਤਾ, ਇਨਸਾਨੀਅਤ ਅਤੇ ਨੈਤਿਕਤਾ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ। ਡੇਰਿਆਂ ਅਤੇ ਟਕਸਾਲਾਂ ਦੀ ਸੰਪਰਦਾਇਕਤਾ ਗੁਰਮਤਿ ਦੇ ਸਿੱਧਾਂਤ: “ਮੰਨੈ ਮਗੁ ਨ ਚਲੈ ਪੰਥੁ॥ ਅਤੇ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥” ਦੀ ਭੀਸ਼ਣ ਬੇਅਦਬੀ ਹੈ। ਡੇਰਿਆਂ ਦੀ ਸੰਪਰਦਾਇਕਤਾ ਤੋਂ ਇਹ ਸੱਚ ਵੀ ਸਾਬਤ ਹੁੰਦਾ ਹੈ ਕਿ ਡੇਰੇਦਾਰ ਇੱਕ ਕਰਤਾਰ ਵਿੱਚ ਭਰੋਸਾ ਨਹੀਂ ਰੱਖਦੇ।

ਡੇਰੇਦਾਰਾਂ ਅਤੇ ਟਕਸਾਲਾਂ ਦੇ ਮੁਖੀਆਂ ਦਾ ਆਪਣੇ ਨਾਮ ਨਾਲ ਗੁਰੂ-ਸਤਿਗੁਰੂ, ਬ੍ਰਹਮਗਿਆਨੀ, ਸੰਤ, ਬਾਬਾ, ਭਾਈ, ਸਿੰਘ, ਖ਼ਾਲਸਾ…ਆਦਿਕ ਲਕਬ ਲਾਉਣਾ ਸਾਬਤ ਕਰਦਾ ਹੈ ਕਿ ਉਹ ਸਾਰੇ ਹਉਮੈਂ-ਰੋਗ ਦੇ ਵੱਡੇ ਰੋਗੀ ਹਨ। ਹਉਮੈਂ-ਰੋਗ ਨਾਲ ਗ੍ਰਸਤ ਡੇਰੇਦਾਰਾਂ ਦਾ ਆਪਣੇ ਨਾਵਾਂ ਨਾਲ ਉਕਤ ਲਕਬ ਲਗਾਉਣਾ ਪਵਿੱਤਰ ਗੁਰਬਾਣੀ ਦੇ ਇਨ੍ਹਾਂ ਸਿੱਧਾਂਤਕ ਸ਼ਬਦਾਂ ਦੀ ਘੋਰ ਬੇਅਦਬੀ ਹੈ। ……

ਅੰਤ ਵਿੱਚ ਇਸ ਸ਼ਰਮਨਾਕ ਸੱਚ ਦਾ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ ਗੁਰੂਆਂ ਦੀ ਬੇਅਦਬੀ ਅਤੇ ਗੁਰਸਿੱਧਾਂਤਾਂ ਦੀ ਉਪੇਖਿਆ ਜਾਂ ਨਿਰਾਦਰ ਕਰਨ/ਕਰਵਾਉਣ ਵਾਲਿਆਂ ਦੀ ਇੱਕ ਜੁੰਡਲੀ ਹੈ ਜਿਸ ਦੇ ਮੁਖ ਮੈਂਬਰ ਹਨ: ਸਿਆਸਤਦਾਨ, ਸ਼ਿਰੋਮਣੀ ਕਮੇਟੀਆਂ ਅਤੇ ਸਥਾਨਕ ਕਮੇਟੀਆਂ ਦੇ ਪ੍ਰਧਾਨ ਤੇ ਹੋਰ ਕਾਰਕੁਨ, ਜਥੇਦਾਰ, ਟਕਸਾਲਾਂ ਅਤੇ ਡੇਰਿਆਂ ਦੇ ਮੁਖੀਏ, ਚੋਰਬਾਜ਼ਾਰੀਏ ਤੇ ਕਾਲਾਬਾਜ਼ਾਰੀਏ ਪੂੰਜੀਪਤੀ ਵਗੈਰਾ। ਇਹ ਸਾਰੇ ਰੱਜ ਕੇ ਸੁਆਰਥੀ ਹਨ ਅਤੇ ਨਿਜਸੁਆਰਥ ਦੀ ਖ਼ਾਤਿਰ ਇਹ ਇਕ-ਦੂਜੇ ਦਾ ਪੱਖ ਪੂਰਦੇ ਹਨ ਭਾਵੇਂ ਇਉਂ ਕਰਨ ਨਾਲ ਦੇਸ਼-ਕੌਮ ਤਬਾਹ ਹੋ ਜਾਵੇ!

(ਨੋਟ:- ਇਸ ਵਿਸ਼ੇ `ਤੇ ਅਲੱਗ ਲੇਖ ਲਿਖਣ ਦਾ ਉਪਰਾਲਾ ਕਰਾਂਗੇ।)

ਗੁਰਇੰਦਰ ਸਿੰਘ ਪਾਲ

ਮਈ 7, 2023.




.