.

ਪੰਜਾਬ ਵਾਸੀਓ ਹੁਸ਼ਿਆਰ ਅਤੇ ਖਬਰਦਾਰ ਰਹੋ

ਆਮ ਲੋਕਾਂ ਨੂੰ ਧਰਮ ਦੇ ਨਾਮ ਤੇ ਹਿੰਸਕ ਬਣਾ ਕੇ ਗਲਤ ਪਾਸੇ ਧੱਕਣ ਵਾਲੇ ਲੋਕਾਂ ਤੋਂ ਸੁਚੇਤ ਰਹੋ। ਇਹ ਕਥਿਤ ਵਿਦਵਾਨ ਪੜ੍ਹੇ ਲਿਖੇ ਹੋਣ ਕਰਕੇ ਸਾਧਾਰਣ ਲੋਕ ਇਨ੍ਹਾਂ ਦੇ ਚੁਗਲ ਵਿੱਚ ਬਹੁਤ ਛੇਤੀਂ ਫਸ ਜਾਂਦੇ ਹਨ। ਇਹ ਸ਼ਬਦਾਵਲੀ ਬੜੀ ਮਨਮੋਹਣੀ ਵਰਤਦੇ ਹਨ ਪਰ ਉਸ ਦੇ ਪਿੱਛੇ ਇਨ੍ਹਾਂ ਦੀ ਮਨਸ਼ਾ ਕੋਈ ਹੋਰ ਹੁੰਦੀ ਹੈ। ਇਹ ਹਮੇਸ਼ਾਂ ਹੀ ਪੰਜਾਬ ਨੂੰ ਬਲਦੀ ਦੇ ਬੂਥੇ ਰੱਖਣਾ ਚਾਹੁੰਦੇ ਹਨ। ਇਹ ਇਤਿਹਾਸ ਅਤੇ ਗੁਰਬਾਣੀ ਨੂੰ ਲੋਕਾਈ ਨੂੰ ਗੁਮਰਾਹ ਕਰਨ ਲਈ ਵਰਤਦੇ ਹਨ। ਆਮ ਲੋਕ ਇਹੀ ਸੋਚਦੇ ਹਨ ਕਿ ਜੇ ਕਰ ਅਸੀਂ ਇਨ੍ਹਾਂ ਦੇ ਮਗਰ ਲੱਗੀਏ ਤਾਂ ਸਾਡਾ ਖਾਲਿਸਤਾਨ, ਅਜ਼ਾਦੀ ਜਾਂ ਸਿੱਖੀ ਦਾ ਬੋਲਬਾਲਾ ਵਾਲੀ ਗੱਲ ਤਾਂ ਵੱਟ ਤੇ ਪਈ ਹੈ। ਸ਼ੋਸ਼ਲ ਮੀਡੀਏ ਦੀ ਬਹੁਤ ਸਾਰੀ ਮੰਡੀਰ ਇਨ੍ਹਾਂ ਨੂੰ ਸੁਣਦੀ ਹੈ। ਇਨ੍ਹਾਂ ਤੋਂ ਉਲਟੇ ਵਿਚਾਰ ਰੱਖਣ ਵਾਲਿਆਂ ਨੂੰ ਧਮਕੀਆਂ ਅਤੇ ਗਾਲ੍ਹਾਂ ਦਾ ਪ੍ਰਸ਼ਾਦ ਵੰਡਦੀ ਹੈ। ਇਨ੍ਹਾਂ ਵਿਚੋਂ ਕੁੱਝ ਕੁ ਦੇ ਨਾਮ ਇਹ ਹਨ:
1- ਅਜਮੇਰ ਸਿੰਘ
2- ਕਰਮਜੀਤ ਸਿੰਘ ਪੱਤਰਕਾਰ
3- ਡਾ: ਸੁਖਪ੍ਰੀਤ ਸਿੰਘ ਉਦੋਕੇ
4- ਗੁਰਬਚਨ ਸਿੰਘ
5- ਹਰਿਸਿਮਰਨ ਸਿੰਘ

ਇਨ੍ਹਾਂ ਨਾਲ ਦਾ ਇੱਕ ਹੋਰ ਹੁੰਦਾ ਸੀ, ਦਲਬੀਰ ਸਿੰਘ ਪੱਤਰਕਾਰ, ਜਿਸ ਦੀ ਕਿ ਮੌਤ ਹੋ ਚੁੱਕੀ ਹੈ। ਜੇ ਕਰ ਉਹ ਜਿਉਂਦਾ ਹੁੰਦਾ ਤਾਂ ਉਸ ਨੇ ਵੀ ਇਹੀ ਕੁੱਝ ਕਹਿਣਾ ਸੀ ਜੋ ਇਹ ਕਹਿੰਦੇ ਆ ਰਹੇ ਹਨ। ਗੁਰਬਚਨ ਸਿੰਘ ਅਤੇ ਅਜਮੇਰ ਸਿੰਘ ਨਿਕਸਲਾਈਟ ਲਹਿਰ ਨਾਲ ਸੰਬੰਧਿਤ ਰਹੇ ਹੋਣ ਕਰਕੇ ਇਨ੍ਹਾਂ ਦੀ ਸੋਚਣੀ ਮਾਰ-ਮਰਾਈ ਨਾਲ ਸਹਿਮਤੀ ਵਾਲੀ ਹੈ। ਇਨ੍ਹਾਂ ਦਾ ਕੰਮ ਹਰ ਗਲਤ ਹਿੰਸਕ ਕਾਰਵਾਈ ਨੂੰ ਵੀ ਜਾਇਜ ਠਹਿਰਾਉਣਾ ਹੁੰਦਾ ਹੈ। ਇਨ੍ਹਾਂ ਦਾ ਕੰਮ ਪਿੱਛੇ ਰਹਿ ਕਿ ਇਸ ਤਰ੍ਹਾਂ ਦਾ ਵਾਤਾਵਰਣ ਸਿਰਜਣਾ ਹੁੰਦਾ ਹੈ ਕਿ ਆਮ ਲੋਕ ਉਨ੍ਹਾਂ ਹਿੰਸਕ ਲੋਕਾਂ ਨੂੰ ਬਹੁਤ ਹੀ ਮਹਾਨ ਅਤੇ ਕੋਈ ਖਾਸ ਰੱਬੀ ਰੂਹਾਂ ਸਮਝਣ ਜਿਨ੍ਹਾਂ ਦੀਆਂ ਇਹ ਸਿਫਤਾਂ ਕਰਦੇ ਹੋਣ। ਭਿੰਡਰਾਂਵਾਲਾ ਸਾਧ, ਦੀਪ ਸਿੱਧੂ ਅਤੇ ਅੰਮ੍ਰਿਤਪਾਲ ਵਰਗਿਆਂ ਦੇ ਵਰਤਾਰੇ ਨੂੰ ਇਹ ਆਪਣੇ ਹੀ ਰੰਗ ਵਿੱਚ ਰੰਗ ਕੇ ਪੇਸ਼ ਕਰਦੇ ਹਨ ਜੋ ਕਿ ਅਸਲੀਅਤ ਨਹੀਂ ਹੁੰਦੀ। ਕਿਸਾਨ ਮੋਰਚੇ ਵੇਲੇ ਇਨ੍ਹਾਂ ਦੀ ਕੀ ਭੂਮਿਕਾ ਰਹੀ ਹੈ ਉਸ ਬਾਰੇ ਸਾਰੇ ਭਲੀਭਾਂਤ ਜਾਣੂ ਹਨ। 26 ਜਨਵਰੀ 2021 ਨੂੰ ਦੀਪ ਸਿੱਧੂ ਦੀ ਅਗਵਾਈ ਵਿੱਚ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲੀ ਕਾਰਵਾਈ ਨੂੰ ਇਨ੍ਹਾਂ ਨੇ ਕਿਸ ਤਰ੍ਹਾਂ ਪੇਸ਼ ਕੀਤਾ ਅਤੇ ਹਾਲੇ ਵੀ ਕਰ ਰਹੇ ਹਨ ਉਸ ਬਾਰੇ ਤੁਸੀਂ ਸਾਰੇ ਜਾਣਦੇ ਹੋ। ਜਿਸ ਨੂੰ ਇਹ ਅਤੇ ਇਨ੍ਹਾਂ ਦੇ ਸਾਰੇ ਲਾਈਲੱਗ ਮਾਣ ਵਾਲੀ ਗੱਲ ਕਹਿੰਦੇ ਹਨ ਅਸਲ ਵਿੱਚ ਉਹ ਕਿਸਾਨ ਮੋਰਚੇ ਨੂੰ ਖਿੰਡਾਉਣ ਵਾਲੀ ਗੱਲ ਸੀ। ਉਹ ਤੇ ਭਲਾ ਹੋਵੇ ਰਿਕੇਸ਼ ਟਿਕੈਤ ਦਾ ਜਿਸ ਦੇ ਹੰਝੂਆਂ ਨੇ ਮੋਰਚੇ ਨੂੰ ਬਚਾ ਲਿਆ ਸੀ ਨਹੀਂ ਤਾਂ ਇਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਉਸ ਨੂੰ ਫੇਲ ਕਰਨ ਦੀ। ਜੇ ਕਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਰਾਜਭਾਗ ਦੇ ਮਾਲਕ ਬਣ ਸਕਦੇ ਹੋ ਫਿਰ ਤਾਂ ਪਾਰਲੀਮਿੰਟ ਵਿੱਚ ਜਾ ਕੇ ਕਾਨੂੰਨ ਵੀ ਆਪੇ ਹੀ ਪਾਸ ਕਰ ਲੈਣੇ ਸਨ।
ਜਿਹੜੇ ਆਪਣੇ ਪੰਥ ਜਾਂ ਸਿੱਖ ਹਿਤੈਸ਼ੀ ਦੇ ਗੋਲੇ ਇਹ ਸਾਂਝੇ ਕਿਸਾਨ ਮੋਰਚੇ ਦੇ ਮੋਢੇ ਤੇ ਰੱਖ ਕੇ ਚਲਣਾਉਣਾ ਚਾਹੁੰਦੇ ਸਨ ਇਹ ਉਹੀ ਗੋਲੇ ਹੁਣ ਕਿਉਂ ਨਹੀਂ ਦਾਗਦੇ? ਉਹ ਮੋਰਚਾ ਤਾਂ ਸਾਰੇ ਦੇਸ਼ ਦੇ ਕਿਸਾਨਾ ਦਾ ਸਾਂਝਾ ਮੋਰਚਾ ਸੀ ਹੁਣ ਤਾਂ ਨਿਰੋਲ ਇਨ੍ਹਾਂ ਦਾ ਆਪਣਾ ਸਿੱਖਾਂ ਦਾ ਮੋਰਚਾ ਲੱਗਿਆ ਹੋਇਆ ਹੈ ਜੋ ਕਿ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਹੈ। ਜਿਹੜਾ ਕੰਮ ਇਹ ਉਥੇ ਕਰਨਾ ਚਾਹੁੰਦੇ ਸਨ ਹੁਣ ਕਿਉਂ ਨਹੀਂ ਕਰਦੇ? ਹੁਣ ਤਾਂ ਇੱਥੇ ਇਨ੍ਹਾਂ ਦੀ ਵਿਰੋਧਤਾ ਕਰਨ ਵਾਲੇ ਕੋਈ ਕਾਮਰੇਡ ਨਹੀਂ ਹਨ।
ਉਂਜ ਤਾਂ ਪੰਜਾਬ ਵਿੱਚ ਮੈਨੂੰ ਤਾਂ ਹਾਲੇ ਤੱਕ ਕੋਈ ਇੱਕ ਵੀ ਅਜਿਹਾ ਪੱਤਰਕਾਰ ਜਾਂ ਵਿਦਵਾਨ ਨਹੀਂ ਦਿੱਸਆ ਜਿਹੜਾ ਨਿਰੋਲ ਸੱਚ ਦੇ ਅਧਾਰ ਤੇ ਗੱਲ ਕਰਦਾ ਹੋਵੇ। ਹਾਂ, ਅਧੂਰਾ ਸੱਚ ਕਾਫੀ ਸੱਜਣ ਬੋਲਦੇ ਹਨ। ਜਿਨ੍ਹਾਂ ਵਿੱਚ ਕਈ ਪੱਤਰਕਾਰ ਵੀ ਹਨ ਅਤੇ ਹੋਰ ਵੀ। ਜਿਵੇਂ ਕਿ ਹਮੀਰ ਸਿੰਘ ਅਤੇ ਜਗਤਾਰ ਸਿੰਘ ਸਿੱਧੂ, ਇਹ ਦੋਵੇ ਚੰਗੀ ਸ਼ਬਦਾਵਲੀ ਵਰਤ ਕੇ ਅਧੂਰਾ ਸੱਚ ਬੋਲਣ ਵਾਲੇ ਹਨ। ਕੁੱਝ ਸਾਬਕਾ ਕੈਪਟਨ ਅਤੇ ਸਾਬਕਾ ਖਾੜਕੂ ਵੀ ਹਨ ਜਿਹੜੇ ਅਧੂਰਾ ਸੱਚ ਬੋਲਦੇ ਹਨ। ਅਧੂਰੇ ਸੱਚ ਤੋਂ ਮੇਰਾ ਭਾਵ ਇਹ ਹੈ ਕਿ ਅੰਮ੍ਰਿਤਪਾਲ ਦੇ ਵਰਤਾਰੇ ਨੂੰ ਇਹ ਮੁੱਢ ਤੋਂ ਹੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਆਏ ਹਨ ਅਤੇ ਇਸ ਦੇ ਪਿੱਛੇ ਕਿਸੇ ਹੋਰ ਖਾਸ ਤਾਕਤ ਦਾ ਹੱਥ ਹੋਣਾ ਮੰਨਦੇ ਹਨ। ਇਹ ਸਾਰੇ ਇਹ ਵੀ ਮੰਨਦੇ ਹਨ ਕਿ ਜੋ ਪੰਜਾਬ ਦੇ ਹਾਲਾਤ ਹੁਣ ਪੈਦਾ ਹੋ ਰਹੇ ਹਨ ਜਾਂ ਜਾਣ ਬੁੱਝ ਕੇ ਪੈਦਾ ਕੀਤੇ ਜਾ ਰਹੇ ਹਨ, ਇਸ ਦੇ ਪਿੱਛੇ ਕੋਈ ਗਹਿਰੀ ਸਾਜਿਸ਼ ਕੰਮ ਕਰਦੀ ਨਜ਼ਰ ਆਉਂਦੀ ਹੈ। ਇਨ੍ਹਾਂ ਨੂੰ ਇਹ ਵੀ ਖਦਸ਼ਾ ਹੈ ਕਿ 1984 ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਵਿੱਚ ਕਤਲੇਆਮ ਹੋਇਆ ਸੀ ਕਿਤੇ ਮੁੜ ਕੇ ਉਸੇ ਤਰ੍ਹਾਂ ਨਾ ਹੋ ਜਾਵੇ। ਇਹ ਸਾਰੇ ਹੁਣ ਵਾਲੇ ਵਰਤਾਰੇ ਨੂੰ 1984 ਵਾਲੇ ਵਰਤਾਰੇ ਨਾਲ ਜੋੜ ਕੇ ਦੇਖਣ ਦਾ ਯਤਨ ਕਰਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਇਸ ਪਿੱਛੇ ਕੇਂਦਰ ਸਰਕਾਰ ਦੀ ਮਨਸ਼ਾ ਠੀਕ ਨਹੀਂ ਲਗਦੀ। ਇਨ੍ਹਾਂ ਨੂੰ ਸਭ ਪਤਾ ਹੈ ਕਿ ਜਿਸ ਤਰ੍ਹਾਂ ਕੋਈ ਗੁੱਝੀਆਂ ਤਾਕਤਾਂ ਅੰਮ੍ਰਿਤਪਾਲ ਨੂੰ ਉਭਾਰ ਰਹੀਆਂ ਹਨ ਉਸੇ ਤਰ੍ਹਾਂ ਭਿੰਡਰਾਂਵਾਲੇ ਸਾਧ ਨੂੰ ਵੀ ਉਭਾਰਿਆ ਸੀ। ਪਰ ਭਿੰਡਰਾਂਵਾਲੇ ਸਾਧ ਨੂੰ ਗਲਤ ਕਹਿਣ ਲੱਗਿਆ ਇਨ੍ਹਾਂ ਦੀ ਜੁਬਾਨ ਨੂੰ ਲਕਬਾ ਮਾਰ ਜਾਂਦਾ ਹੈ ਇਸ ਲਈ ਇਹ ਅਧੂਰਾ ਸੱਚ ਬੋਲਣ ਵਾਲੇ ਵਿਦਵਾਨ ਅਤੇ ਪੱਤਰਕਾਰ ਹਨ।
ਬਾਕੀ ਬਹੁਤ ਸਾਰੇ ਵਿਦਵਾਨ ਅਤੇ ਪੱਤਰਕਾਰ ਦੋਗਲੇ ਜਿਹੇ ਹਨ ਜਿਹੜੇ ਹਵਾ ਦਾ ਰੁੱਖ ਦੇਖ ਕੇ ਥਾਲੀ ਦੇ ਬੈਂਗਣ ਵਾਂਗ ਹਰ ਪਾਸੇ ਘੁੰਮ ਜਾਦੇ ਹਨ। ਬਿਦੇਸ਼ਾਂ ਵਿੱਚ ਕੋਈ ਵਿਰਲਾ-ਵਿਰਲਾ ਜਰੂਰ ਸੱਚ ਬੋਲਣ ਲੱਗ ਪਿਆ ਹੈ। ਸੋ ਪੰਜਾਬੀ ਭਰਾਵੋ ਹੁਸ਼ਿਆਰ ਅਤੇ ਖਬਰਦਾਰ ਰਹੋ। ਜਿਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਸੁਹਣਾ ਰੰਗਲਾ ਪੰਜਾਬ ਦੇਖਣ ਦੇ ਸੁਪਨੇ ਲੈ ਰਹੇ ਹੋ ਅਸਲ ਵਿੱਚ ਉਹ ਪੰਜਾਬ ਨੂੰ ਕੰਗਾਲੀ ਵੱਲ, ਡਰੱਗ ਅਤੇ ਹੋਰ ਨਸ਼ਿਆਂ ਵੱਧ ਧਕੇਲ ਰਹੇ ਹਨ। ਜੇ ਕਰ ਪੰਜਾਬ ਦਾ ਮਹੌਲ ਠੀਕ ਰਹੇ ਤਾਂ ਪੰਜਾਬ ਵਿੱਚ ਇੰਡਸਟਰੀ ਆਵੇਗੀ, ਜੌਬਾਂ ਮਿਲਣਗੀਆਂ ਵਿਹਲੇ ਲੋਕ ਕੰਮਾਂ ਵਿੱਚ ਰੁੱਝਣਗੇ ਅਤੇ ਨਸ਼ਿਆਂ ਦੀ ਲੱਤ ਤੋਂ ਵੀ ਬਚਣਗੇ। ਜੇ ਕਰ ਪੰਜਾਬ ਵਿੱਚ ਗੜਵੜੀ ਵਾਲਾ ਮਹੌਲ ਰਹੇਗਾ ਤਾਂ ਇੱਥੇ ਇਨਵੈਸਮਿੰਟ ਘਟੇਗੀ, ਫੌਜ ਅਤੇ ਨੀਮ ਫੌਜ ਦਾ ਖਰਚਾ ਪੰਜਾਬ ਸਿਰ ਚੜ੍ਹੇਗਾ। ਫਿਰ ਪੰਜਾਬ ਹੋਰ ਕਰਜਾਈ ਹੋਵੇਗਾ ਲੋਕਾਂ ਕੋਲ ਜੌਬਾਂ ਹੋਰ ਘਟਣਗੀਆਂ ਅਤੇ ਵਿਹਲੇ ਲੋਕ ਨਸ਼ਿਆਂ ਦਾ ਸਹਾਰਾ ਲੈਣਗੇ। ਪੰਜਾਬ ਵਿੱਚ ਭਾਂਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਲਾਅ ਐਂਡ ਆਰਡਰ ਕਾਇਮ ਰੱਖਣਾ ਉਸ ਦਾ ਫਰਜ ਹੁੰਦਾ ਹੈ। ਭਗਵੰਤ ਮਾਨ ਦੀ ਸਰਕਾਰ ਵੀ ਉਹੀ ਕੁੱਝ ਕਰ ਰਹੀ ਹੈ। ਇਸ ਨੂੰ ਬੇ-ਬਜਾ ਭੰਡਣਾਂ ਠੀਕ ਨਹੀਂ। ਜੇ ਕਰ ਲੋਕ ਇਨ੍ਹਾਂ ਤੋਂ ਨਿਰਾਜ ਹੋਣਗੇ ਤਾਂ ਅਗਲੀਆਂ ਚੋਣਾਂ ਵਿੱਚ ਆਪੇ ਹੀ ਇਨ੍ਹਾਂ ਨੂੰ ਲਾਂਭੇ ਕਰ ਦੇਣਗੇ। ਸੋ ਕਿਸੇ ਦੇ ਮਗਰ ਲੱਗਣ ਨਾਲੋਂ ਆਪਣਾ ਦਿਮਾਗ ਵਰਤੋ। ਜਾਣ ਬੁੱਝ ਕੇ ਗੁਮਰਾਹ ਕਰਨ ਵਾਲੇ ਵਿਦਵਾਨਾ ਤੋਂ ਸੁਚੇਤ ਰਹੋ। ਉਨ੍ਹਾਂ ਦੀ ਸੁਹਾਵਣੀ ਅਤੇ ਮਨਮੋਹਣੀ ਸ਼ਬਦਾਵਲੀ ਖੰਡ ਵਿੱਚ ਲਪੇਟੀ ਜ਼ਹਿਰ ਦੀ ਤਰ੍ਹਾਂ ਹੈ। ਸੋ ਪੰਜਾਬੀਓ ਸੰਭਲ ਜਾਓ ਅਤੇ ਸੁਚੇਤ ਰਹੋ। ਪੜਾਈ ਲਿਖਾਈ ਬਹੁਤ ਜਰੂਰੀ ਹੈ। ਇਸ ਵੇਲੇ ਜਿਹੜਾ ਪੱਗ ਵਾਲਾ ਵਿਆਕਤੀ ਵਰਡ ਬੈਂਕ ਦਾ ਮੁਖੀ ਬਣਨ ਜਾ ਰਿਹਾ ਹੈ ਉਸ ਤੇ ਤੁਸੀਂ ਸਾਰੇ ਮਾਣ ਮਹਿਸੂਸ ਕਰ ਰਹੇ ਹੋ। ਉਸ ਕੋਲ ਉਚ ਵਿਦਿਆ ਸੀ ਤਾਂ ਉਹ ਇਸ ਮੁਕਾਮ ਤੇ ਪਹੁੰਚ ਸਕਿਆ ਹੈ। ਇਸ ਦੇ ਉਲਟ ਤੁਹਾਡਾ ਯੋਧਾ ਤਾਂ ਕਹਿ ਰਿਹਾ ਹੈ ਕਿ ਪੜ੍ਹਾਈ ਲਿਖਾਈ ਦੀ ਬਹੁਤੀ ਜਰੂਰਤ ਨਹੀਂ ਕਿਉਂਕਿ ਪੜ੍ਹਿਆ ਲਿਖਿਆ ਬੰਦਾ ਕਾਨੂੰਨ ਦਾ ਸਹਾਰਾ ਭਾਲੇਗਾ ਪਰ ਅਨਪੜ ਜਾਂ ਥੋੜਾ ਪੜ੍ਹਿਆ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਮੌਕੇ ਤੇ ਹੀ ਫੈਸਲਾ/ਜਵਾਬੀ ਕਾਰਵਾਈ ਕਰ ਦੇਵੇਗਾ। ਭਾਵ ਕਿ ਹੁਲੜਬਾਜ਼ੀ ਉਸ ਦਾ ਮੁੱਖ ਕੰਮ ਹੋਵੇਗਾ। ਜਿਹੜਾ ਕਿ ਖੁਦ ਉਹ ਆਪ ਅਤੇ ਆਪਣੇ ਸਾਥੀਆਂ ਤੋਂ ਕਰਵਾ ਰਿਹਾ ਸੀ। ਸੋ ਸੰਭਲ ਜਾਓ ਭਾਈ ਸੰਭਲ ਜਾਓ। ਮਾੜਾ ਮੋਟਾ ਕੋਈ ਅਕਲ ਨੂੰ ਹੱਥ ਮਾਰ ਲਓ। ਜਿਸ ਬਾਦਲ ਨੂੰ ਤੁਸੀਂ ਦਹਾਕਿਆਂ ਤੋਂ ਕੋਸ ਰਹੇ ਹੋ ਉਸ ਦੀ ਨੂੰਹ ਅਤੇ ਉਸ ਦੇ ਭਰਾ ਦੀ ਅਜਨਾਲੇ ਦੇ ਥਾਣੇ ਵਾਲੀ ਗੁੰਡਾਗਰਦੀ ਤੋਂ ਬਾਅਦ ਕੀ ਸੋਚ ਸੀ ਅਤੇ ਹੁਣ ਕੀ ਹੈ। ਇਹ ਸਾਰੀ ਗੇਮ ਰਲ-ਮਿਲ ਕੇ ਖੇਲੀ ਜਾ ਰਹੀ ਹੈ। ਸੋ ਇਸ ਦੇ ਪਾਤਰਾਂ ਤੋਂ ਸੁਚੇਤ ਰਹੋ ਜੀ।
ਮੱਖਣ ਪੁਰੇਵਾਲ,
ਅਪ੍ਰੈਲ 02, 2023




.