.

ਇੱਕ ਛੋਟੀ ਜਿਹੀ ਕੁੜੀ ਵਲੋਂ ਪਸ਼ੂ ਬਿਰਤੀ ਵਾਲੇ ਖਾਲਿਸਤਾਨੀਆਂ ਦੀਆਂ ਚੀਕਾਂ

ਇਹ ਇੱਕ ਛੋਟੇ ਜਿਹੇ ਕੱਦ ਵਾਲੀ ਅਤੇ ਛੋਟੀ ਜਿਹੀ ਉਮਰ ਵਾਲੀ, ਪੜ੍ਹੀ ਲਿਖੀ ਬੱਚੀ ਹੈ। ਇਸ ਦੇ ਪੂਰੇ ਨਾਮ ਦਾ ਤਾਂ ਮੈਨੂੰ ਪਤਾ ਨਹੀਂ ਪਰ ਇਸ ਦੇ ਛੋਟੇ-ਛੋਟੇ ਕੁੱਝ ਵੀਡੀਓ ਕਲਿਪ ਦੇਖ ਕੇ ਜਾਣਕਾਰੀ ਮਿਲੀ ਹੈ ਕਿ ਇਹ ਕਨੇਡਾ ਵਿੱਚ ਸਟੂਡਿੰਟ ਵੀਜ਼ਾ ਲੈ ਕੇ ਪੜ੍ਹਨ ਆਈ ਸੀ। ਹੁਣ ਪੜ੍ਹ ਕੇ ਚੰਗੀ ਨੌਕਰੀ ਕਰਦੀ ਹੈ। ਕੁੱਝ ਹਫਤੇ ਪਹਿਲਾਂ ਇੰਡੀਆ ਜਾ ਕੇ, ਵਿਆਹ ਕਰਵਾ ਕੇ ਆਈ ਹੈ। ਇਸ ਕੋਲ ਕੌਮਨ ਸੈਂਸ ਬਹੁਤ ਜਿਆਦਾ ਹੈ। ਹਰ ਗੱਲ ਲੌਜ਼ਿਕ ਨਾਲ ਕਰਦੀ ਹੈ। ਇਹ ਗੁਰਬਾਣੀ ਬਾਰੇ ਵੀ ਕਾਫੀ ਸੋਝੀ ਰੱਖਦੀ ਹੈ। ਪੰਜਾਬੀ ਅਤੇ ਅੰਗ੍ਰੇਜ਼ੀ ਦੀਆਂ ਭਾਸ਼ਾਵਾਂ ਚੰਗੀ ਤਰ੍ਹਾਂ ਜਾਣਦੀ ਹੈ। ਟਿੱਕ-ਟੌਕ ਤੇ ਇਸ ਨੇ ਦੁਨੀਆਂ ਭਰ ਵਿੱਚ ਰਹਿਣ ਵਾਲੇ, ਪਸ਼ੂ ਬਿਰਤੀ ਵਾਲੇ ਖਾਲਿਸਤਾਨੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਸ ਨੂੰ ਵੱਧ ਤੋਂ ਵੱਧ ਮੰਦਾ ਬੋਲ ਕੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਹ ਇਕੱਲੀ ਹੀ ਵਿਚਾਰਾਂ ਦੇ ਰੜੇ ਮੈਦਾਨ ਵਿੱਚ ਸਿੱਝ ਰਹੀ ਹੈ। ਇਸ ਤਰ੍ਹਾਂ ਦੀਆਂ ਦੋ ਤਿੰਨ ਬੀਬੀਆਂ ਹੋਰ ਹਨ ਜਿਹੜੀਆਂ ਕਿ ਸਿੱਖ ਵਿਰਸਾ ਰੇਡੀਓ ਨਾਲ ਸੰਬੰਧ ਰੱਖਦੀਆਂ ਹਨ। ਜੇ ਕਰ ਇਸ ਤਰ੍ਹਾਂ ਦੀਆਂ ਪੰਜ ਸੱਤ ਬੀਬੀਆਂ ਇਕੱਠੀਆਂ ਹੋ ਕੇ ਕੰਮ ਕਰਨ ਤਾਂ ਸਮਾਜ ਨੂੰ ਚੰਗਾ ਬਣਾਉਣ ਵਿੱਚ ਇੰਨਕਲਾਬ ਲਿਆ ਸਕਦੀਆਂ ਹਨ।
ਜਿਹੜੇ ਅਖੌਤੀ ਵਿਦਵਾਨ ਮਿੱਠੀ ਮਿੱਠੀ ਸ਼ਬਦਾਵਲੀ ਵਰਤ ਕੇ ਜੰਗ ਜਰਨੇਸ਼ਨ ਦੇ ਸਿਰਾਂ ਵਿੱਚ ਜ਼ਹਿਰ ਦੇ ਟੀਕੇ ਲਾ ਰਹੇ ਹਨ ਉਸ ਜ਼ਹਿਰ ਨੂੰ ਇਹ ਆਸਾਨੀ ਨਾਲ ਬਾਹਰ ਕੱਢ ਸਕਦੀਆਂ ਹਨ। ਜਿਹੜਾ ਕੰਮ ਵੱਡੀਆਂ ਵੱਡੀਆਂ ਸੰਸਥਾਵਾਂ ਨਹੀਂ ਕਰ ਸਕਦੀਆਂ ਉਨ੍ਹਾਂ ਨੂੰ ਇਹ ਇਕੱਠੀਆਂ ਹੋ ਕੇ ਕੁੱਝ ਬੀਬੀਆਂ ਹੀ ਕਰ ਸਕਦੀਆਂ ਹਨ। ਥੋੜਾ ਜਿਹਾ ਆਪਸ ਵਿੱਚ ਸਹਿਯੋਗ ਕਰਨ ਦੀ ਲੋੜ ਹੈ। ਕਿਉਂਕਿ ਇਕੱਲਾ ਵਿਆਕਤੀ 24 ਘੰਟੇ ਪਸ਼ੂ ਬਿਰਤੀ ਵਾਲੇ ਮੂਰਖਾਂ ਨਾਲ ਨਹੀਂ ਸਿੱਝ ਸਕਦਾ। ਉਸ ਨੂੰ ਸੌਣ ਲਈ ਅਤੇ ਆਪਣੇ ਕੰਮ ਕਾਰ ਲਈ ਵੀ ਸਮਾ ਚਾਹੀਦਾ ਹੈ। ਬਹੁਤੇ ਵਿਦਵਾਨ ਅਤੇ ਉਨ੍ਹਾਂ ਦੇ ਪਿੱਛਲੱਗ ਤਾਂ ਸਦਾ ਹੀ ਥਾਲੀ ਦੇ ਬੈਂਗਣ ਵਾਂਗ ਘੁੰਮਦੇ ਰਹਿੰਦੇ ਹਨ। ਪਿਛਲੇ ਇੱਕ ਹਫਤੇ ਦੇ ਵਿੱਚ ਹੀ ਇਨ੍ਹਾਂ ਦੇ ਵਿਚਾਰਾਂ ਵਿੱਚ ਆਈ ਤਬਦੀਲੀ ਤੁਸੀਂ ਖੁਦ ਹੀ ਦੇਖ ਸਕਦੇ ਹੋ।
ਸਿਆਣਾਂ ਡਾਕਟਰ ਉਹੀ ਹੁੰਦਾ ਹੈ ਜਿਹੜਾ ਕਿ ਬਿਮਾਰੀ ਸ਼ੁਰੂ ਹੋਣ ਵੇਲੇ ਹੀ ਇਲਾਜ ਕਰਨਾ ਸ਼ੁਰੂ ਕਰ ਦੇਵੇ। ਘਾਤਕ ਬਿਮਾਰੀ ਜਦੋਂ ਫੈਲ ਜਾਵੇ ਤਾਂ ਉਸ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸਿਆਣੀਆਂ ਬੀਬੀਆਂ ਸਮਾਜ ਵਿੱਚ ਫੈਲ ਰਹੀ ਬਿਮਾਰੀ ਨੂੰ ਛੇਤੀਂ ਹੀ ਸਮਝ ਜਾਂਦੀਆਂ ਹਨ। ਜਿਸ ਤਰ੍ਹਾਂ ਇਹ ਛੋਟੀ ਜਿਹੀ ਬੱਚੀ ਕਰ ਰਹੀ ਹੈ ਅਤੇ ਕੁੱਝ ਹੋਰ ਬੀਬੀਆਂ ਵੀ ਹਨ। ਇਨ੍ਹਾਂ ਨੂੰ ਭਾਸ਼ਾ ਦਾ ਗਿਆਨ ਹੈ, ਨਵੀਆਂ ਤਕਨੀਕਾਂ ਦਾ ਗਿਆਨ ਹੈ, ਗੱਲਬਾਤ ਕਰਨ ਦਾ ਸਲੀਕਾ ਹੈ, ਸਹਿਜ ਹੈ ਅਤੇ ਹੋਰ ਵੀ ਬਹੁਤ ਕੁੱਝ ਹੈ ਜੋ ਹੋਣਾ ਚਾਹੀਦਾ ਹੈ। ਇਨ੍ਹਾਂ ਦੇ ਪਰਵਾਰਾਂ ਦਾ ਸਹਿਯੋਗ ਤਾਂ ਹੋਵੇਗਾ ਹੀ ਪਰ ਹੋਰ ਵੀ ਸਿਆਣੇ ਵਿਆਕਤੀਆਂ ਵਲੋਂ ਇਨ੍ਹਾਂ ਨੂੰ ਹੌਂਸਲਾ ਦੇਣ ਦੀ ਲੋੜ ਹੈ ਤਾਂ ਕਿ ਸਮਾਜ ਨੂੰ ਚੰਗੀ ਸੇਧ ਮਿਲਦੀ ਰਹੇ। ਇਹ ਬੱਚੀ ਕਈ ਵਾਰੀ ਦਸਮ ਗ੍ਰੰਥੀਆਂ ਦੇ ਕੁੱਝ ਕਲਿਪ ਸ਼ੇਅਰ ਕਰਦੀ ਹੈ ਜਿਸ ਤੋਂ ਇਸ ਨੂੰ ਸੰਕੋਚ ਕਰਨਾ ਚਾਹੀਦਾ ਹੈ। ਕਿਉਂਕਿ ਦਸਮ ਗ੍ਰੰਥ ਸਮਾਜ ਵਿਰੋਧੀ ਅਤੇ ਇਸਤ੍ਰੀ ਵਿਰੋਧੀ ਗ੍ਰੰਥ ਹੈ।
ਪਸ਼ੂ ਬਿਰਤੀ ਵਾਲੇ ਲੋਕ ਇਤਨੇ ਕਸੂਰਵਾਰ ਨਹੀਂ ਹਨ ਜਿਤਨੇ ਕਿ ਵਿਦਵਾਨ, ਪ੍ਰਚਾਰਕ ਅਤੇ ਗੁਰਦੁਆਰੇ ਹਨ। ਕਿਉਂਕਿ ਪ੍ਰਚਾਰ ਹੀ ਸਾਰਾ ਇਸ ਤਰ੍ਹਾਂ ਦਾ ਕੀਤਾ ਜਾਂਦਾ ਹੈ। ਮੈਂ ਵੀ ਕੁੱਝ ਸਮਾ ਕਰਮਕਾਂਡੀ ਪਸ਼ੂ ਬਿਰਤੀ ਵਾਲਾ ਰਿਹਾ ਹਾਂ ਪਰ ਛੇਤੀਂ ਹੀ ਆਪ ਪੜ੍ਹ ਕੇ ਵਿਚਾਰਨ ਨਾਲ ਸੋਝੀ ਆਉਣੀ ਸ਼ੁਰੂ ਹੋ ਗਈ ਸੀ। ਅੰਮ੍ਰਿਤਪਾਲ ਅਤੇ ਸਾਥੀਆਂ ਵਲੋਂ ਛੇਤੀਂ ਹੀ ਗੁੰਡਾ ਗਰਦੀ ਸ਼ੁਰੂ ਕਰ ਦਿੱਤੀ ਗਈ ਸੀ। ਉਸ ਵੇਲੇ ਹੀ ਖਤਰੇ ਦਾ ਘੁਗੂ ਵੱਜ ਜਾਣਾ ਚਾਹੀਦਾ ਸੀ। ਅਜਨਾਲਾ ਪੁਲੀਸ ਤੇ ਹਮਲਾ ਹੋਣਾਂ ਤਾਂ ਇਸ ਦਾ ਸਿਖਰ ਸੀ। ਪਰ ਉਸ ਵੇਲੇ ਚਰਚਾ ਇਹ ਛਿੜ ਗਈ ਕਿ ਗੁਰੂ ਗ੍ਰੰਥ ਨੂੰ ਢਾਲ ਬਣਾਉਣਾ ਠੀਕ ਸੀ ਜਾਂ ਗਲਤ। ਕਈ ਤਾਂ ਚਾਮਲ ਕੇ ਇਸ ਤਰ੍ਹਾਂ ਦੀਆਂ ਪੋਸਟਾਂ ਪਉਂਦੇ ਸਨ ਜਿਵੇਂ ਕਿ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ। ਜਦੋਂ ਸਰਕਾਰ ਰੱਸਾ ਖੁੱਲਾ ਛੱਡ ਕੇ ਗੁੰਡਾਗਰਦੀ ਦੀ ਖੁੱਲ ਦੇ ਦਿੰਦੀ ਹੈ ਤਾਂ ਬਹਾਦਰ ਸੂਰਮੇ ਬਣ ਜਾਂਦੇ ਹਨ ਅਤੇ ਜਦੋਂ ਸਖਤੀ ਕਰਦੀ ਹੈ ਤਾਂ ਇੱਕ ਦਮ ਧੱਕੇਸ਼ਾਹੀ ਦੇ ਰੋਣੇ ਰੋਣ ਲੱਗ ਜਾਂਦੇ ਹਨ। ਭਿੰਡਰਾਂਵਾਲੇ ਸਾਧ ਵੇਲੇ ਵੀ ਇਹੀ ਕੁੱਝ ਹੋਇਆ ਸੀ ਅਤੇ ਹੁਣ ਵੀ ਇਹੀ ਕੁੱਝ ਹੋ ਰਿਹਾ ਹੈ। ਜਿਹੜੇ ਵਿਦਵਾਨ ਬਣ ਕੇ ਭਿੰਡਰਾਂਵਾਲੇ ਸਾਧ ਦੇ, ਦੀਪ ਸਿੱਧੂ ਦੇ ਅਤੇ ਅੰਮ੍ਰਿਤਪਾਲ ਵਰਗਿਆਂ ਦੇ ਸੋਹਲੇ ਗਉਂਦੇ ਹਨ ਉਹ ਸਮਾਜ ਵਿਰੋਧੀ ਲੋਕ ਹਨ। ਇਹ ਆਪਣੀ ਵਾਹ-ਵਾਹ ਕਰਵਾਉਣ ਲਈ ਨੌਜੁਆਨੀ ਦਾ ਵੱਧ ਤੋਂ ਵੱਧ ਖੂਨ ਚੂਸਣਾ ਚਾਹੁੰਦੇ ਹਨ। ਬਚੋ ਇਨ੍ਹਾਂ ਤੋਂ ਜਿਤਨਾ ਵੀ ਬਚ ਹੁੰਦਾ ਹੈ।
ਕੁੱਝ ਬੀਬੀਆਂ ਜੋ ਚੰਗੀ ਸੇਧ ਦੇ ਰਹੀਆਂ ਹਨ ਇਨ੍ਹਾਂ ਵਿਦਵਾਨਾ ਦੇ ਸਿਖਾਏ ਹੋਏ ਪਸ਼ੂ ਬਿਰਤੀ ਵਾਲੇ ਲੋਕ ਇਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦੇ ਹਨ ਅਤੇ ਵੱਧ ਤੋਂ ਵੱਧ ਗਾਲੀ ਗਲੋਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਹ ਠਰੰਮੇ ਨਾਲ ਇਨ੍ਹਾਂ ਦਾ ਬੂਥਾ ਚੰਗੀ ਤਰ੍ਹਾਂ ਭੰਨ ਰਹੀਆਂ ਹਨ। ਜਿਸ ਨੂੰ ਦੇਖ ਕੇ ਆਪ ਮੁਹਾਰੇ ਮੂੰਹੋਂ ਨਿੱਕਲਦਾ ਹੈ। ਬੱਲੇ ਨੀ ਪੰਜਾਬ ਦੀਓ ਸ਼ੇਰ ਬੱਚੀਓ। ਹੇਠਾਂ ਇਸ ਬੀਬੀ ਦੇ ਤਿੰਨ ਵੀਡੀਓ ਕਲਿਪ ਸ਼ੇਅਰ ਕਰ ਰਿਹਾ ਹਾਂ। ਜਿਨ੍ਹਾਂ ਨੇ ਇਹ ਨਹੀਂ ਦੇਖੇ, ਜਰੂਰ ਦੇਖਣ।
ਮੱਖਣ ਪੁਰੇਵਾਲ,
ਮਾਰਚ 25, 2023


https://www.tiktok.com/@kaurzkorner/video/7213616206522158342

https://www.tiktok.com/@kaurzkorner/video/7213650624083250437

https://www.tiktok.com/@kaurzkorner/video/7214061135308410118




.