.

ਧਰਮ ਦਾ ਧੰਦਾ

(6)

ਕਰਮਕਾਂਡ ਧਰਮ ਦੇ ਧੰਦੇ ਦਾ ਸਭ ਤੋਂ ਵਧੇਰੇ ਲਾਹੇਵੰਦ ਵਖਰ ਹਨ। ‘ਸਿੱਖ ਧਰਮ’ ਵਿੱਚ ਅੱਜ ਜੋ ਕੁੱਝ ਵੀ ਹੋ ਰਿਹਾ ਹੈ, ਉਹ ਸੱਭ ਧਰਮ ਦੇ ਧੰਦੇ ਨੂੰ ਪ੍ਰਫ਼ੁੱਲਿਤ ਕਰਨ ਲਈ ਕੀਤੇ/ਕਰਵਾਏ ਜਾਂਦੇ ਦਿਖਾਵੇ ਦੇ ਕਰਮਕਾਂਡ ਹੀ ਹਨ। ਇਸ ਲਈ, ਲੇਖ ਦੇ ਇਸ ਭਾਗ ਵਿੱਚ ਕਰਮਕਾਂਡਾਂ ਬਾਰੇ ਥੋੜਾ ਹੋਰ ਵਿਸਥਾਰ ਵਿੱਚ ਲਿਖਣ ਦਾ ਯਤਨ ਕਰਾਂ ਗੇ।

ਕਰਮਕਾਂਡ ਦਾ ਭਾਵ ਅਰਥ ਹੈ:

ਕਰਮਕਾਂਡ: ਸ਼ਾਸਤ੍ਰ ਦਾ ਉਹ ਕਾਂਡ (ਭਾਗ), ਜਿਸ ਵਿੱਚ ਕਰਮ ਦਾ ਵਰਣਨ ਹੈ. ਕਿਹੜੇ ਕਰਮ ਵਿਹਿਤ ਹਨ ਕਿਹੜੇ ਨਿਸ਼ਿੱਧ, ਕਿਸ ਕਿਸ ਨੂੰ ਕੇਹੜੇ ਕੇਹੜੇ ਕਰਮ ਕਿਸ ਕਿਸ ਸਮੇਂ ਕਰਨੇ ਚਾਹੀਏ ਇਤਿਯਾਦਿਕ ਵਰਣਨ ਵਾਲਾ ਹਿੱਸਾ”। ਗੁਰੁਸ਼ਬਦ ਰਤਨਾਕਰ ਮਹਾਨ ਕੋਸ਼।

(ਵਿਹਿਤ: ਜਾਇਜ਼ ਜਾਂ ਕਰਨਯੋਗ। ਨਿਸ਼ਿੱਧ: ਨਾਜਾਇਜ਼, ਮਨ੍ਹਾ ਜਾਂ ਵਿਵਰਜਿਤ।)

ਕਰਮਕਾਂਡ ਸੰਪਰਦਾਈ ਸੰਸਾਰਕ ਧਰਮਾਂ ਦੇ ਦਿਖਾਵੇ ਦੇ ਉਹ ਬਾਹਰੀ ਕਰਮ ਹਨ ਜਿਨ੍ਹਾਂ ਦਾ ਮਨੁੱਖ ਦੇ ਧਾਰਮਿਕ ਜਾਂ ਅਧਿਆਤਮਿਕ ਜੀਵਨ, ਆਤਮਗਿਆਨ, ਸਚਿਆਰ ਸੁਭਾਉ ਅਤੇ ਇਨਸਾਨੀਯਤ ਦੇ ਨੈਤਿਕ ਗੁਣਾਂ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ! ਪਰੰਤੂ, ਧਰਮ ਦੇ ਧੰਦੇ ਦਾ ਦਾਰ ਮਦਾਰ ਹੋਣ ਕਰਕੇ, ਇਹ ਕਰਮਕਾਂਡ ਸੰਸਾਰ ਦੇ ਹਰ ਸੰਪਰਦਾਈ ਧਰਮ/ਫ਼ਿਰਕੂ ਮਜ਼੍ਹਬ (sectarian religion) ਦਾ ਜ਼ਰੂਰੀ ਅੰਗ ਹਨ। ਇਨਸਾਨੀਅਤ ਲਈ ਘਾਤਿਕ ਅਤੇ ਮਨੁੱਖ ਦੇ ਸੰਸਾਰਕ ਤੇ ਧਾਰਮਿਕ ਜੀਵਨ ਵਾਸਤੇ ਨਿਰਾਰਥਕ ਹੋਣ ਕਰਕੇ, ਗੁਰਬਾਣੀ ਵਿੱਚ ਕਰਮਕਾਂਡਾਂ ਨੂੰ ਮੂਲੋਂ ਹੀ ਰੱਦ ਕੀਤਾ ਗਿਆ ਹੈ! ਇਸ ਕਥਨ ਦੀ ਪੁਸ਼ਟੀ ਲਈ ਗੁਰੂ ਨਾਨਕ ਦੇਵ ਜੀ ਦਾ ਰਾਗ ਸੋਰਠਿ ਵਿੱਚ ਲਿਖਿਆ ਸ਼ਬਦ, ਸੁਣਿ ਪੰਡਿਤ ਕਰਮਾਕਾਰੀ…॥ ਹੀ ਕਾਫ਼ੀ ਹੈ। ਪਰੰਤੂ, ਗੁਰਸਿੱਖਿਆ ਦੇ ਬਿਲਕੁਲ ਉਲਟ, ‘ਸਿੱਖ ਧਰਮ’ ਦੇ ਮਾਇਆਧਾਰੀ ਧਾਂਦਲੀਆਂ ਦੀ ਕਰਮਾਂਕਾਰੀ ਠੱਗਮੰਡਲੀ ਦਾ ਮਾਨਵ-ਘਾਤਿਕ ਕਰਮਕਾਂਡਾਂ ਅਥਵਾ ਸੰਸਾਰਕ ਸੰਸਕਾਰਾਂ (rituals) ਨਾਲ ਡੂੰਘਾ ਤੇ ਅਟੁੱਟ ਰਿਸ਼ਤਾ ਹੈ। ਕਰਮਕਾਂਡ (ਦਿਖਾਵੇ ਦੀਆਂ ਧਾਰਮਿਕ ਰਸਮਾਂ) ਸੰਪੰਨ ਕਰਨ ਦੇ ਬਹਾਨੇ, ਭਰਮਜਾਲ ਵਿੱਚ ਫਸਾਏ ਹੋਏ, ‘ਸਿੱਖਾਂ’ ਤੋਂ ਮਾਇਆ ਠੱਗਣਾ ਉਨ੍ਹਾਂ (ਪੁਜਾਰੀਆਂ) ਦਾ ਪਰਮ ਧਰਮ ਹੈ। ਜੇ ਇਹ ਵੀ ਕਹਿ ਦਿੱਤਾ ਜਾਵੇ ਕਿ, ਮਾਇਆ ਠੱਗਣ ਦਾ ਵੱਡਾ ਜੁਗਾੜ ਹੋਣ ਕਰਕੇ, ਕਰਮਕਾਂਡ ਇਸ ਠਗਮੰਡਲੀ (ਪੁਜਾਰੀਆਂ ਤੇ ਪ੍ਰਬੰਧਕਾਂ ਆਦਿ) ਦੀ ਜਿੰਦ-ਜਾਨ ਹਨ, ਤਾਂ ਇਹ ਵੀ ਅਤਿਕਥਨੀ ਨਹੀਂ ਹੋਵੇਗੀ!

ਗੁਰਮਤਿ ਦੇ ਸਹੀ ਗਿਆਨ ਨਾਲ ਮਨੁੱਖ ਨੂੰ ਬਿਬੇਕ ਬੁੱਧਿ ਪ੍ਰਾਪਤ ਹੁੰਦੀ ਹੈ, ਬਿਬੇਕ ਬੁੱਧਿ ਸਦਕਾ ਸਿੱਖਿਆਰਥੀ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਆਤਮਗਿਆਨ ਦੀ ਪ੍ਰਾਪਤੀ ਵੀ ਹੁੰਦੀ ਹੈ। ਪਰੰਤੂ, ਇਹ ਤਿੰਨੋਂ ਆਤਮਿਕ ਗੁਣ ਧਰਮ ਦੇ ਧੰਦੇ ਵਾਸਤੇ ਘਾਤਿਕ ਹਨ। ਇਸ ਲਈ, ਇਨ੍ਹਾਂ ਗੁਣਾਂ ਨੂੰ ਮੇਸਣ ਵਾਸਤੇ ਧਰਮ ਦੇ ਧਾਂਦਲੀਆਂ ਨੇ, ਗੁਰਮਤਿ ਦੇ ਮਾਨਵਵਾਦੀ ਸਿੱਧਾਂਤਾਂ ਨੂੰ ਪਰੋਖੇ ਰੱਖ ਕੇ, “ਸਿੱਖ ਰਹਿਤ ਮਰਯਾਦਾ” ਬਣਾਈ ਅਤੇ ਇਸ ਗੁਰਮਤਿ ਵਿਰੋਧੀ ਕਰਮਕਾਂਡੀ ਰਹਿਤ ਮਰਯਾਦਾ ਨੂੰ ‘ਗੁਰ ਮਰਿਆਦਾ’ ਘੋਸ਼ਿਤ ਕਰਕੇ ‘ਸਿੱਖਾਂ’ ਦੇ ਸਿਰ ਮੜ੍ਹ ਦਿੱਤਾ ਹੈ। ਇਸ ਰਹਿਤ ਮਰਯਾਦਾ ਵਿੱਚ ਗੁਰਮਤਿ ਦਾ ਕੋਈ ਵੀ ਹਵਾਲਾ ਨਜ਼ਰ ਨਹੀਂ ਆਉਂਦਾ! ਗੁਰਬਾਣੀ ਵਿੱਚ ਜਿਨ੍ਹਾਂ ਕਰਮਕਾਂਡਾਂ/ਨਿਰਾਰਥਕ ਕਾਰਜਾਂ ਨੂੰ ਤਰਕਮਈ ਢੰਗ ਨਾਲ ਨਿਸ਼ਿੱਧ ਜਾਂ ਨਾਜਾਇਜ਼ ਸਾਬਤ ਕਰਕੇ ਮੂਲੋਂ ਹੀ ਰੱਦ ਕੀਤਾ ਗਿਆ ਹੈ, ਉਨ੍ਹਾਂ ਹੀ ਕਰਮਕਾਂਡਾਂ ਨੂੰ “ਸਿੱਖ ਰਹਿਤ ਮਰਯਾਦਾ” ਦੇ ਹਵਾਲੇ ਨਾਲ ‘ਸਿੱਖਾਂ’ ਦੇ ਸਿਰ ਉੱਤੇ ਜ਼ਬਰਦਸਤੀ ਥੋਪਿਆ ਗਿਆ ਹੈ। ਸੰਖੇਪ ਵਿੱਚ, ਇਹ ਰਹਿਤ ਮਰਯਾਦਾ ਨਿਰਾਰਥਕ ਕਰਮਕਾਂਡਾਂ/ਸੰਸਾਰਕ ਸੰਸਕਾਰਾਂ ਜਾਂ ਦਿਖਾਵੇ ਦੇ ਬਾਹਰੀ ਧਰਮ ਕਰਮਾਂ ਦੀ ਭਾਰੀ ਪੰਡ ਹੈ ਜਿਸ ਨੂੰ, ਕਰਮਕਾਂਡੀ ਪੁਜਾਰੀਆਂ ਦੇ ਭਰਮਾਏ ਅਤੇ ਪਸ਼ੂਆਂ ਵਾਂਙ ਸਿਧਾਏ ਹੋਏ, ਅਸੀਂ ਸਾਰੇ ‘ਸਿੱਖ’ ਆਪਣੇ ਸਿਰਾਂ ਉੱਤੇ ਚੁੱਕੀ ਫਿਰਦੇ ਹਾਂ।

ਇਹ ਕਰਮਕਾਂਡ ਅਥਵਾ ਸੰਸਾਰਕ ਸੰਸਕਾਰ (ਜਨਮ ਸੰਸਕਾਰ, ਨਾਮ-ਕਰਨ ਸੰਸਕਾਰ, ਦਸਤਾਰਬੰਦੀ, ਅੰਮ੍ਰਿਤ ਸੰਸਕਾਰ, ਅਨੰਦ ਸੰਸਕਾਰ, ਮਿਰਤਕ ਅਥਵਾ ਅੰਤਿਮ ਸੰਸਕਾਰ……ਵਗੈਰਾ ਵਗੈਰਾ) ਜਨਮ ਤੋਂ ਲੈ ਕੇ ਮਰਨ ਤੱਕ, ਇੱਥੋਂ ਤਕ ਕਿ ਮਰਨ ਉਪਰੰਤ ਵੀ ਬਰਸੀਆਂ, ਪਾਠਾਂ, ਅਰਦਾਸਾਂ, ਸ਼੍ਰਧਾਂਜਲੀਆਂ, ਸਮਾਗਮਾਂ ਅਤੇ ਪੁਜਾਰੀਆਂ ਦੁਆਰਾ ਪਿਤਰਾਂ ਲਈ ਕਰਵਾਏ ਜਾਂਦੇ ਤਰ੍ਹਾਂ-ਤਰ੍ਹਾਂ ਦੇ ਭੋਜਾਂ, ਸਰਾਧਾਂ, ਸਮਾਗਮਾਂ, ਪੁੰਨ-ਦਾਨ ਅਤੇ ਦਸਵੰਧ ਆਦਿ ਦੇ ਰੂਪ ਵਿੱਚ ਮਨੁੱਖ ਦਾ ਪਿੱਛਾ ਨਹੀਂ ਛੱਡਦੇ। ‘ਸਿੱਖਾਂ’ ਨੂੰ ਹਰ ਸੰਸਕਾਰ (ritual) ਦੇ ਸੰਪੰਨ ਕਰਵਾਉਣ ਦਾ ਭਾੜਾ (ਮੁੱਲ, ਕੀਮਤ) ਦੇਣਾ ਪੈਂਦਾ ਹੈ! ਅੱਜ ਦੇ ਸਮੇਂ ਵਿੱਚ ਇਹ ਭਾੜਾ ਹਜ਼ਾਰਾਂ-ਲੱਖਾਂ ਰੁਪਏ ਹੈ!

ਪਿਤਰ ਕਰਮ ਦੁੱਖ-ਗ੍ਰਸਤ ਲੋਕਾਂ ਤੋਂ ਮਾਇਆ ਠੱਗਣ ਦਾ ਬਹੁਤ ਹੀ ਵੱਡਾ ਵਸੀਲਾ ਹਨ। ਇਸ ਲਈ, ‘ਸਿੱਖ ਧਰਮ’ ਦੇ ਠੇਕੇਦਾਰਾਂ ਵੱਲੋਂ ਪਿਤਰ ਕਰਮ ਕਰਨ/ਕਰਵਾਉਣ ਵਾਸਤੇ ਪਿਤ੍ਰਿਤੀਰਥਾਂ ਦੀ ਸਥਾਪਨਾ ਵੀ ਕਰ ਲਈ ਗਈ ਹੈ। ਹਿੰਦੂਆਂ ਦੇ ਬਨਾਰਸ ਅਤੇ ਹਰਿਦਵਾਰ ਆਦਿ ਵਾਂਙ ‘ਸਿੱਖਾਂ’ ਵਾਸਤੇ ਕੀਰਤਪੁਰ ਵਿਖੇ ਸਤਲੁਜ ਦਰਿਆ ਦੇ ਕਿਨਾਰੇ ਪਾਤਾਲਪੁਰੀ ਪਿਤਰ ਤੀਰਥ ਬਣਾਇਆ ਗਿਆ ਸੀ! ਇੱਕ ਖ਼ਬਰ ਅਨੁਸਾਰ, ਹੁਣ ਦਿੱਲੀ ਵਿਖੇ ਗੁਰੂਦੁਆਰਾ ਮਜਨੂੰ ਕਾ ਟਿੱਲਾ ਨੇੜੇ ਜਮਨਾਂ ਦੇ ਕੰਢੇ ਅਤੇ ਹਰਿਦਵਾਰ ਵਿੱਚ ਗੰਗਾ ਕਿਨਾਰੇ ‘ਸਿੱਖਾਂ’ ਲਈ ਨਵੇਂ ਪਿਤ੍ਰਿਤੀਰਥਾਂ ਅਤੇ ਅਸਥਾ ਘਾਟਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ! ਅਤੇ, ਭਵਿੱਖ ਵਿੱਚ ਕਈ ਹੋਰ ਪਿਤਰ ਘਾਟਾਂ ਦੀ ਸਥਾਪਨਾਂ ਦੀ ਸੰਭਾਵਨਾ ਵੀ ਹੈ! ! ਇਨ੍ਹਾਂ ਪਿਤਰਾਘਾਟਾਂ ਵਿਖੇ, ਆਪਣੇ ਪਿਤਰਾਂ ਦੇ ਵਿਛੋੜੇ ਦੇ ਦੁੱਖ ਦੇ ਮਾਰੇ, ‘ਸਿੱਖਾਂ’ ਨੂੰ ਤਰ੍ਹਾਂ ਤਰ੍ਹਾਂ ਦੀਆਂ ਰਸਮਾਂ ਵਾਸਤੇ ਭੇਟਾ ਦੇ ਨਾਮ `ਤੇ ਰੱਜ ਕੇ ਲੁੱਟਿਆ ਜਾਂਦਾ ਹੈ।

(ਪਿਤਰ ਜਾਂ ਪਿਤ੍ਰ: ਪਰਿਵਾਰ ਦੇ ਮਰ ਚੁੱਕੇ ਵੱਡੇ-ਵਡੇਰੇ ਜਾਂ ਹੋਰ ਸਦਸਯ/ਮੈਂਬਰ।)

ਤੀਰਥ, ਤੀਰਥਾਂ ਦੇ ਦਰਸ਼ਨ-ਇਸ਼ਨਾਨ ਅਤੇ ਤੀਰਥ-ਯਾਤ੍ਰਾ ਆਦਿਕ ਪਾਖੰਡ ਕਰਮ ਧਰਮ ਦੇ ਕਾਰੋਬਾਰ ਦਾ ਬੇਹੱਦ ਫ਼ਾਇਦੇਮੰਦ ਸੌਦਾ ਹਨ। ਹਿੰਦੂ ਮਤਿ ਵਿੱਚ ਪਾਣੀਆਂ ਕਿਨਾਰੇ ਸਥਾਪਿਤ ਕੀਤੇ ਤੀਰਥਾਂ, ਖ਼ਾਸ ਕਰਕੇ ਅਠਸਠ ਤੀਰਥਾਂ, ਦੇ ਦਰਸ਼ਨ-ਇਸ਼ਨਾਨ ਦੀ ਕਰਮਕਾਂਡੀ ਪਰੰਮਪਰਾ ਪ੍ਰਾਚੀਨ ਕਾਲ ਤੋਂ ਪ੍ਰਚੱਲਿਤ ਹੈ। ਗੁਰਬਾਣੀ ਵਿੱਚ ਪੁਜਾਰੀਆਂ ਦੀ ਬਣਾਈ ਇਸ ਪਾਖੰਡ ਪਰੰਪਰਾ ਅਤੇ ਲੋਕਾਂ ਦੇ ਇਸ ਪਰੰਪਰਾ ਵਿੱਚ ਅੰਧਵਿਸ਼ਵਾਸ ਦਾ ਪੁਰਜ਼ੋਰ ਖੰਡਨ ਕਰਕੇ, ਧਰਮ ਦੇ ਕਾਰੋਬਾਰੀਆਂ ਦੁਆਰਾ ਕੁਰਾਹੇ ਪਾਏ ਹੋਏ ਸ਼੍ਰੱਧਾਲੂਆਂ ਨੂੰ ਨਾਮ ਇਸ਼ਨਾਨ (ਦੈਵੀ ਗੁਣਾਂ ਦੀ ਬੀਚਾਰ) ਕਰਕੇ ਮਨ ਉੱਤੋਂ ਵਿਕਾਰਾਂ ਦੀ ਮੈਲ ਧੋਣ ਅਤੇ ਸੱਚਾ ਇਨਸਾਨ ਬਣਨ ਦਾ ਉਪਦੇਸ਼ ਦਿੱਤਾ ਗਿਆ ਹੈ:

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡਕ ਨਾਵਹਿ॥ ਆਸਾ ਕਬੀਰ ਜੀ

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥

ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ …ਧਨਾਸਰੀ ਮ: ੧

ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਇ॥ ਮ: ੩

ਗੁਰਮਤਿ ਦੇ ਬਿਲਕੁਲ ਵਿਪਰੀਤ, ‘ਸਿੱਖ ਧਰਮ’ ਦੇ ਵਾਪਾਰੀਆਂ ਨੇ ਵੀ ਤੀਰਥਾਂ ਦੀ ਅਧਾਰਮਿਕ ਪਰ ਧਰਮ ਦੇ ਧੰਦੇ ਲਈ ਬੇਹੱਦ ਲਾਭਕਾਰੀ ਪਰੰਪਰਾ ਨੂੰ ਅਪਣਾ ਲਿਆ ਹੈ। ਅਤੇ, ਉਹ ਬੜੀ ਸ਼ਿੱਦਤ ਨਾਲ ‘ਸਿੱਖਾਂ’ ਵਿੱਚ ਇਸ ਕਰਮਕਾਂਡੀ ਪਰੰਪਰਾ ਦਾ ਕੂੜ ਪ੍ਰਚਾਰ ਕਰਦੇ ਰਹਿੰਦੇ ਹਨ! ! ‘ਸਿੱਖ ਧਰਮ’ ਦੇ ਵਾਪਾਰੀਆਂ ਵੱਲੋਂ ਤੀਰਥ ਦੇ ਪ੍ਰਚੱਲਿਤ ਕੀਤੇ ਗਏ ਅਰਥ ਹਨ: ਗੁਰੂਆਂ ਮਹਾਂਪੁਰਖਾਂ ਦੀ ਚਰਣਛੁਹ ਪ੍ਰਾਪਤ ਉਹ ਪਵਿੱਤਰ ਸਥਾਨ ਜਿਸ ਦੇ ਦਰਸ਼ਨ-ਦੀਦਾਰ ਕਰਨ ਅਤੇ ਜਿੱਥੇ ਜਾ ਕੇ ਇਸ਼ਨਾਨ ਕਰਨ ਨਾਲ ਸ਼੍ਰੱਧਾਲੂਆਂ ਨੂੰ ਤਨ ਦੇ ਰੋਗਾਂ ਤੋਂ ਮੁਕਤੀ ਮਿਲਦੀ ਹੈ, ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਅਤੇ ਮਨ/ਆਤਮਾ ਦੇ ਪਾਪ ਵੀ ਧੋਤੇ ਜਾਂਦੇ ਹਨ! ਪਰੰਤੂ, ਸੱਚ ਤਾਂ ਇਹ ਕਿ ਇਨ੍ਹਾਂ ਕਥਿਤ ਤੀਰਥਾਂ ਦੇ ਦਰਸ਼ਨ-ਇਸ਼ਨਾਨ ਕਰਨ ਨਾਲ ਤਨ ਦੇ ਰੋਗ ਹੋਰ ਫ਼ੈਲਦੇ ਹਨ ਅਤੇ ਮਨੁੱਖਾ ਮਨ ਉੱਤੇ ਵਿਕਾਰਾਂ ਦੀ ਮੈਲ ਹੋਰ ਵਧੇਰੇ ਚੜ੍ਹਦੀ ਹੈ।

ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ॥ ਮ: ੫

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਏ॥

ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ ਵਡਹੰਸ ਮ: ੩

ਸ਼੍ਰੱਧਾਲੂਆਂ ਦੇ ਮਨਾਂ ਵਿੱਚ ਤੀਰਥਾਂ ਪ੍ਰਤਿ ਅੰਨ੍ਹੀ ਸ਼੍ਰੱਧਾ ਪੈਦਾ ਕਰਨ ਵਾਸਤੇ ਆਪੂੰ ਬਣਾਏ ਇਨ੍ਹਾਂ ਕਥਿਤ ਤੀਰਥਾਂ ਨੂੰ ਕਿਸੇ ਨਾ ਕਿਸੇ ਇਸ਼ਟਦੇਵ, ਗੁਰੂ; ਜਾਂ ਮਰ-ਖਪ ਚੁੱਕੇ ਮਾਣਸ ਖਾਣੇ ਪਾਖੰਡੀ ਸੰਤੜੇ-ਸਾਧੜੇ ਜਾਂ ਡੇਰੇਦਾਰ ਦੇ ਨਾਮ ਨਾਲ ਜੋੜ ਕੇ ਝੂਠੀਆਂ ਮਨਘੜੰਤ ਕਰਾਮਾਤੀ ਕਹਾਣੀਆਂ ਦੇ ਹਵਾਲੇ ਨਾਲ ਪ੍ਰਸਿੱਧ ਕੀਤਾ ਜਾਂਦਾ ਹੈ। ਅਖੌਤੀ ਤੀਰਥਾਂ ਦੇ ਦਰਸ਼ਨ ਇਸ਼ਨਾਨ ਦਾ ਦਿਖਾਵੇ ਦਾ ਬਾਹਰੀ ਧਰਮ ਕਰਮ ‘ਸਿੱਖਾਂ’ ਉੱਤੇ ਜਬਰੀ ਥੋਪਣ ਵਾਸਤੇ ਗੁਰਬਾਣੀ ਦੀਆਂ ਤੁਕਾਂ ਜਿਵੇਂ ਕਿ: ਰਾਮਦਾਸ ਸਰੋਵਰਿ ਨਾਤੇ॥ ਸਭ ਲਾਥੇ ਪਾਪ ਕਮਾਤੇ॥) ਆਦਿਕ ਦੇ ਗ਼ਲਤ ਅਰਥ ਕਰਕੇ ‘ਸਿੱਖਾਂ’ ਦੀ ਮਤਿ ਮਾਰ (brainwash) ਦਿੱਤੀ ਜਾਂਦੀ ਹੈ; ਅਤੇ, ਅਰਦਾਸ ਵਿੱਚ “ਸ੍ਰੀ ਅੰਮ੍ਰਿਤਸਰ ਜੀ ਦੇ ਦਰਸਨ ਇਸਨਾਨ…।” ਦੀ ਸਤਰ ਜੋੜ ਕੇ ‘ਸਿੱਖਾਂ’ ਨੂੰ ਸਿਧਾਏ ਹੋਏ ਪਾਲਤੂ ਪਸ਼ੂਆਂ ਵਾਂਙ ਕਥਿਤ ਤੀਰਥਾਂ ਵੱਲ ਹੱਕਿਆ ਜਾਂਦਾ ਹੈ।

‘ਸਿੱਖ ਧਰਮ’ ਦੇ ਖੋਟੇ ਵਾਪਾਰੀਆਂ ਨੇ ਹਰ ਗੁਰੂਦੁਆਰੇ ਨੂੰ ਤੀਰਥ ਬਣਾ ਲਿਆ ਹੈ। ( ‘ਸਿੱਖਾਂ’ ਲਈ ਬਣਾਏ ਗਏ ਤੀਰਥਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ! ! !) ਇਨ੍ਹਾਂ ਅਖੌਤੀ ਤੀਰਥਾਂ ਉੱਤੇ ਕਰਮਾਂਕਾਰੀ ਠੱਗਾਂ ਦੇ ਭਰਮਾਏ ਹੋਏ ਲੱਖਾਂ ਸ਼੍ਰੱਧਾਲੂ ਹਰ ਰੋਜ਼ ਡੱਡੂ-ਡੁਬਕੀਆਂ ਲਾਉਂਦੇ ਹਨ। ਅਤੇ, ਦਰਸ਼ਨ-ਇਸ਼ਨਾਨ ਕਰਨ ਆਏ ਸ਼੍ਰੱਧਾਲੂ ਆਪਣੀ ਕ੍ਰਿਤ-ਕਮਾਈ ਅਜਾਈਂ ਲੁਟਾ ਕੇ ਚਲਦੇ ਬਣਦੇ ਹਨ। ਤੀਰਥ ਯਾਤ੍ਰਾ ਅਤੇ ਤੀਰਥਾਂ ਦੇ ਦਰਸ਼ਨ-ਇਸ਼ਨਾਨਾਂ ਵਾਸਤੇ ਲੋਕਾਂ ਨੂੰ ਲੁਭਾਉਣ ਲਈ ਪ੍ਰਬੰਧਕਾਂ ਵੱਲੋਂ, ਕਪਟੀ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ, ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਜਿਵੇਂ: ਸਪੈਸ਼ਲ ਗੱਡੀਆਂ, ਖ਼ਾਸ ਯਾਤ੍ਰੀ ਬੱਸਾਂ, ਤੀਰਥ-ਯਾਤ੍ਰੀਆਂ ਦੇ ਜਥਿਆਂ ਦਾ ਪ੍ਰਬੰਧ ਅਤੇ ਆਧੁਨਿਕ ਯਾਤ੍ਰੀ ਨਿਵਾਸਾਂ (ਧਰਮਸ਼ਾਲਾਵਾਂ) ਦੀ ਸਥਾਪਨਾ… ਵਗੈਰਾ ਵਗੈਰਾ।

ਲੇਖ ਦੇ ਪਿਛਲੇਰੇ ਭਾਗ ਵਿੱਚ ਦੱਸਿਆ ਗਿਆ ਸੀ ਕਿ ਗੁਰੂਆਂ-ਪੀਰਾਂ ਦੁਆਰਾ ਕੁੱਝ ਇੱਕ ਧਰਮਸ਼ਾਲਾਵਾਂ ਬਣਵਾਈਆਂ ਗਈਆਂ ਸਨ ਜਿਨ੍ਹਾਂ ਨੂੰ ਧਰਮ ਮੰਦਿਰ (ਧਰਮ ਦੀ ਵਿੱਦਿਆ ਪ੍ਰਦਾਨ ਕਰਨ ਦਾ ਸਕੂਲ) ਅਤੇ ਧਰਮਸ਼ਾਲਾ (ਉਹ ਘਰ ਜਿੱਥੇ ਦੂਰ-ਦੁਰਾਡੇ ਤੋਂ ਆਏ ਯਾਤ੍ਰੀਆਂ ਨੂੰ ਬਿਨਾਂ ਖ਼ਰਚੇ ਦੇ ਨਿਵਾਸ ਅਤੇ ਸਾਦੇ ਭੋਜਨ ਦੀ ਸੁਵਿਧਾ ਹੋਵੇ) ਕਿਹਾ ਜਾਂਦਾ ਸੀ। ਮਾਇਆ ਦੀ ਤ੍ਰਿਸ਼ਨਾ ਦੇ ਮਾਰੇ ਧਾਨਕ ਰੂਪ ਪ੍ਰਬੰਧਕਾਂ ਨੇ ਧਰਮ ਮੰਦਿਰਾਂ (ਗੁਰੂਦੁਆਰਿਆਂ) ਨੂੰ ਮਾਇਆ ਮੰਦਿਰ ਬਣਾ ਲਿਆ ਹੈ ਜਿੱਥੇ ਇਹ ਲੋਕ (ਪ੍ਰਬੰਧਕ ਅਤੇ ਪੁਜਾਰੀ) ਲੋਕਾਂ ਤੋਂ ਛਲ-ਕਪਟ ਨਾਲ ਮਾਇਆ ਠੱਗਦੇ ਹਨ। ਅਤੇ, ਧਰਮਸ਼ਾਲਾਵਾਂ ਨੂੰ ਹੁਣ ਹੋਟਲ, ਮੋਟਲ (hotel, motel) ਅਤੇ ਸੁਖਭੋਗੀ ਵਿਲਾਸਮਈ (luxurious) ਯਾਤ੍ਰੀ ਨਿਵਾਸ ਬਣਾ ਦਿੱਤਾ ਹੈ ਜਿੱਥੇ ਇੱਕ ਇੱਕ ਕਮਰੇ ਦਾ ਇੱਕ ਰਾਤ ਦਾ ਕਿਰਾਇਆ ਹਜ਼ਾਰਾਂ ਰੁਪਏ ਤਕ ਹੈ! ਅਜੋਕੀਆਂ ਅਖੌਤੀ ਧਰਮਸ਼ਾਲਾਵਾਂ ਤੋਂ ਧਰਮ ਦੇ ਵਾਪਾਰੀਆਂ ਨੂੰ ਕ੍ਰੋੜਾਂ-ਅਰਬਾਂ ਦੀ ਕਾਲੀ ਕਮਾਈ ਹੁੰਦੀ ਹੈ! ! !

ਸੰਪਰਦਾਇਕ ਧਰਮ ਦੇ ਵਿਸ਼ੇਸ਼ ਪਹਿਨਾਵੇ ਨੂੰ ਭੇਖ ਕਹਿੰਦੇ ਹਨ! ਇਸ ਭੇਖ ਨਾਲ ਹੀ ਕਿਸੇ ਸੰਸਾਰਕ ਧਰਮ ਦੇ ਪੈਰੋਕਾਰ ਦੀ ਪਹਿਚਾਨ ਹੁੰਦੀ ਹੈ। ਸੰਪਰਦਾਈ ਸਿੱਖ ਧਰਮ ਦੇ ਜੁਗਾੜੂ ਸੰਸਥਾਪਕਾਂ ਨੇ ਵੀ ਪਹਿਲਾਂ ਇੱਕ ਭੇਖ ਨਿਰਧਾਰਤ ਕਰ ਕੇ ਇਸ ਭੇਖ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਦੱਸ ਕੇ ਸਿੱਖਾਂ ਦੇ ਸਿਰ ਥੋਪ ਦਿੱਤਾ! ‘ਸਿੱਖਾਂ’ ਦੇ ਮਨਾਂ ਵਿੱਚ ਇਸ ਭੇਖ ਪ੍ਰਤਿ ਨਿਸ਼ਚਾ ਪੱਕਾ ਕਰਨ ਵਾਸਤੇ ਸਾਰੇ ਗੁਰੂਆਂ/ਬਾਣੀਕਾਰਾਂ, ਉਨ੍ਹਾਂ ਦੇ ਸਕੇ-ਸਨਬੰਧੀਆਂ ਅਤੇ ਪੈਰੋਕਾਰਾਂ ਨੂੰ ਵੀ ਕਾਲਪਨਿਕ ਚਿੱਤਰਾਂ ਰਾਹੀਂ ਉਸੇ ਭੇਖ ਵਿੱਚ ਦਿਖਾਇਆ ਜਾ ਰਿਹਾ ਹੈ। ਇਨ੍ਹਾਂ ਮਿਥਿਆ ਚਿਤਰਾਂ ਦੀ ਵਿਕਰੀ ਤੋਂ ਧਰਮ ਦੇ ਕਾਰੋਬਾਰੀਆਂ ਨੂੰ ਕਰੋੜਾਂ ਦੀ ਕਮਾਈ ਹੁੰਦੀ ਹੈ! ਇਸ ਤੋਂ ਬਿਨਾਂ, ਭੇਖ ਨਾਲ ਜੁੜੇ ਕਈ ਵਸਤ੍ਰਾਂ ਅਤੇ ਚਿੰਨ੍ਹਾਂ ਦਾ ਵਾਪਾਰ ਵੀ ਕੀਤਾ ਜਾਣ ਲੱਗ ਪਿਆ ਹੈ!

ਧਾਰਮਿਕ ਚਿੰਨ੍ਹਾਂ ਦਾ ਵਾਪਾਰ:

ਗੁਰਮਤਿ ਅਨੁਸਾਰ, ਧਾਰਮਿਕ ਚਿੰਨ੍ਹ ਖੋਟੇ ਅਤੇ ਦੂਸ਼ਿਤ ਅੰਤਹਕਰਣ (ਸੁਰਤਿ, ਮਤਿ, ਮਨ ਅਤੇ ਬੁੱਧਿ) ਦਾ ਪ੍ਰਤੀਕ ਹਨ। ਪਰੰਤੂ ‘ਸਿੱਖ ਧਰਮ’ ਦੇ ਆਪੂੰ ਬਣੇ, ਮਨ ਦੇ ਖੋਟੇ ਵਾਪਾਰੀਆਂ ਨੇ ਸਥੂਲ ਚਿੰਨ੍ਹਾਂ, ਜਿਨ੍ਹਾਂ ਦਾ ਸੱਚ ਧਰਮ ਅਤੇ ਧਾਰਮਿਕ ਜੀਵਨ ਨਾਲ ਕੋਈ ਸੰਬੰਧ ਨਹੀਂ, ਨੂੰ ਪੂਜਨੀਯ ਬਣਾ ਕੇ ਇਨ੍ਹਾਂ ਦਾ ਵਾਪਾਰ ਕਰਨਾ ਸ਼ੁਰੂ ਕੀਤਾ ਹੋਇਆ ਹੈ!

ਗੁਰੂ ਨਾਨਕ ਦੇਵ ਜੀ ਦੁਆਰਾ ਘੜਿਆ ਇੱਕ ਅਦੁੱਤੀ ਸਿੱਧਾਂਤਕ ਸ਼ਬਦ ਹੈ। ਇਸ ਸ਼ਬਦ ਦੇ ਭਾਵਅਰਥ ਸਮਝ ਕੇ ਉਸ ਉੱਤੇ ਅਮਲ ਕਰਨ ਦੀ ਬਜਾਏ, ਧਰਮ ਦੇ ਧਾਂਦਲੀ ਇਸ ਪਾਕ-ਪਵਿੱਤਰ ਸਿੱਧਾਂਤਕ ਸ਼ਬਦ ਨੂੰ ਇੱਕ ਚਿੰਨ੍ਹ ਦੀ ਤਰ੍ਹਾਂ ਪੇਸ਼ ਕਰਕੇ ਉਸ ਦੀ ਪੂਜਾ ਕਰ/ਕਰਵਾ ਰਹੇ ਹਨ! ਇਸੇ ਤਰ੍ਹਾਂ ਸਤਿਨਾਮ, ਵਾਹਿ ਗੁਰੂ ਆਦਿਕ ਕਈ ਹੋਰ ਸ਼ਬਦਾਂ ਨੂੰ ਸੋਚ-ਸਮਝ ਕੇ ਮਨ ਵਿੱਚ ਵਸਾਉਣ ਦੀ ਬਜਾਏ, ਉਨ੍ਹਾਂ ਦੀ ਚਿੰਨ੍ਹਾਂ ਦੇ ਰੂਪ ਵਿੱਚ ਪੂਜਾ ਕੀਤੀ-ਕਰਵਾਈ ਜਾ ਰਹੀ ਹੈ! ਸੰਸਾਰ ਦੇ ਹਰ ਗੁਰੂਦਵਾਰੇ ਵਿੱਚ, ਗੁਰਬਾਣੀ ਗ੍ਰੰਥ ਦੇ ਮੂਹਰੇ ਇਨ੍ਹਾਂ ਚਿੰਨ੍ਹਾਂ ਦੇ ਕੱਟ ਆਉਟ (cut out) ਰੱਖੇ ਹੋਏ ਹਨ ਜਿਨ੍ਹਾਂ ਨੂੰ ‘ਗੁਰੂ ਕੀਆਂ ਸੰਗਤਾਂ’ ਮਾਇਕ ਭੇਟਾ ਕਰਕੇ ਪੂਰੀ ਸ਼੍ਰੱਧਾ ਨਾਲ ਨਤਮਸਤਕ ਹੁੰਦੀਆਂ ਹਨ! ਕਈ ਅੰਨ੍ਹੀ ਸ਼੍ਰੱਧਾ ਦੇ ਮਾਰੇ ਮਾਇਆਧਾਰੀ ਸ਼੍ਰੱਧਾਲੂ ਸੋਨੇ ਦੇ ਚਿੰਨ੍ਹ ਭੇਟ ਕਰਕੇ ਆਪਣੀ ਹਉਮੈਂ ਦਾ ਦਿਖਾਵਾ ਕਰਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਈ ਗਈ ਫ਼ੌਜ ਦੇ ਨਿਸ਼ਕਾਮੀ ਯੋਧਿਆਂ ਵਾਸਤੇ, ਨਿਰਧਾਰਤ ਕੀਤੀ ਵਰਦੀ, ਖੰਡਾ ਆਦਿਕ ਹਥਿਆਰਾਂ ਅਤੇ ਕਕਾਰਾਂ (ਖ਼ਾਸ ਕਰਕੇ ਕੜਾ, ਕਿਰਪਾਨ) ਆਦਿ ਨੂੰ ਹੁਣ ਕੇਵਲ ‘ਸਿੱਖੀ ਸਰੂਪ’ ਦੀ ਪਹਿਚਾਨ ਲਈ ਸਿਰਫ਼ ਚਿੰਨ੍ਹਾਂ ਦੇ ਤੌਰ `ਤੇ ਹੀ ਵਰਤਿਆ ਜਾਂਦਾ ਹੈ। ਇਨ੍ਹਾਂ ਚਿੰਨ੍ਹਾਂ ਦਾ ਵਾਪਾਰ ਵੀ ਹੁਣ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾਂਦਾ ਹੈ। ਹਰ ਗੁਰੂਦੁਆਰੇ ਦੇ ਬਾਹਰ ਗੰਦੀਆਂ ਗਲੀਆਂ ਅਤੇ ਸੜਿਆਂਧ ਮਾਰਦੀਆਂ ਸੜਕਾਂ ਉੱਤੇ ਇਹ ਚਿੰਨ੍ਹ ਵਿਕਦੇ, ਪ੍ਰਦੂਸ਼ਿਤ ਧੂੜ ਫੱਕਦੇ ਅਤੇ ਰੁਲਦੇ ਦੇਖੇ ਜਾਂਦੇ ਹਨ!

ਅਤਮਗਿਆਨ ਤੋਂ ਕੋਰੇ ‘ਸਿੱਖ’ ਪ੍ਰਬੰਧਕ ਇਨ੍ਹਾਂ ਚਿੰਨ੍ਹਾਂ ਨੂੰ ‘ਸਿੱਖਾਂ’ ਉਪਰ ਜ਼ਬਰਦਸਤੀ ਥੋਪਣ ਵਾਸਤੇ ਕਈ ਪੈਤਰੇ ਲੈਂਦੇ ਰਹਿੰਦੇ ਹਨ! ਇੱਕ ਤਾਜ਼ਾ ਖ਼ਬਰ ਅਨੁਸਾਰ,

“ਚੀਫ਼ ਖ਼ਾਲਸਾ ਦੀਵਾਨ ਦੇ ਵਿੱਦਿਆਰਥੀ ਅਤੇ ਕਰਮਚਾਰੀ ਕੜੇ ਪਾਉਣ”।

(ਨੋਟ:-ਕਕਾਰਾਂ ਦੇ ਵਿਸ਼ੇ `ਤੇ ਅਲੱਗ ਲੇਖ ਲਿਖਣ ਦਾ ਯਤਨ ਕਰਾਂਗੇ।)

ਪੱਗਾਂ ਦਾ ਵਾਪਾਰ

ਪੱਗਾਂ ਦੇ ਵਾਪਾਰ ਬਾਰੇ ਲਿਖਣ ਤੋਂ ਪਹਿਲਾਂ ਮਨੁੱਖਾ ਸਰੀਰ ਦੇ ਇਸ ਵਸਤ੍ਰ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ: ਪੱਗ, ਪੱਗੜੀ ਜਾਂ ਦਸਤਾਰ ਪ੍ਰਾਚੀਨ ਕਾਲ ਤੋਂ ਦੇਸ-ਬਿਦੇਸ ਦੇ ਕਈ ਭੂਗੋਲਿਕ ਇਲਾਕਿਆਂ ਦੇ ਸਭਿਆਚਾਰਕ ਲਿਬਾਸ ਦਾ ਹਿੱਸਾ ਰਹੀ ਹੈ। ਪਗੜੀ ਸਿਰ ਦਾ ਵਸਤਰ ਹੈ। ਸਿੱਧਾਂਤਕ ਭਾਸ਼ਾ ਵਿੱਚ ਸਿਰ ਨੂੰ ਦਸਵਾਂ ਦੁਆਰ ਵੀ ਕਿਹਾ ਜਾਂਦਾ ਹੈ:

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ॥ ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ॥ ਬੇਣੀ ਜੀ

ਦਸਵੇਂ ਦੁਆਰ ਦਾ ਕੱਜਣ ਹੋਣ ਕਰਕੇ ਕਈ ਧਰਮਾਂ ਵਿੱਚ ਪੱਗੜੀ ਨੂੰ ਆਦਰਯੋਗ ਵਸਤ੍ਰ ਸਮਝਿਆ ਜਾਂਦਾ ਹੈ।

(ਦਸਵਾਂ ਦੁਆਰ: ਦਿਮਾਗ਼; ਅੰਤਹਕਰਣ। ਅੰਤਹਕਰਣ: ਸੁਰਤਿ, ਮਤਿ, ਮਨਿ ਅਤੇ ਬੁਧਿ।)

ਦੂਜਾ, ਸਰੀਰ ਦੇ ਸੱਭ ਤੋਂ ਉਪਰਲੇ ਅੰਗ ਸਿਰ ਉੱਤੇ ਬੰਨ੍ਹੇ ਜਾਣ ਕਰਕੇ ਪਗੜੀ ਨੂੰ ਮਨੁੱਖਾ ਸਮਾਜ ਵਿੱਚ ਸੰਸਾਰਕ ਮਾਨ-ਸਨਮਾਨ ਜਾਂ ਇੱਜ਼ਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸੇ ਤੱਥ ਤੋਂ “ਪੱਗ ਲਾਹੁਣੀ” ਮੁਹਾਵਰਾ ਬਣਿਆ ਹੈ। ਪਗੜੀਧਾਰੀ ਦੇ ਪਗੜੀ ਬੰਨ੍ਹਣ ਦੇ ਢੰਗ ਤੋਂ ਉਸ ਦੇ ਚੰਗੇ-ਮੰਦੇ ਕਿਰਦਾਰ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ। ਇਸੇ ਲਈ ਅਕਸਰ ਕਿਹਾ ਜਾਂਦਾ ਹੈ ਕਿ, “ਬੰਦੇ ਦੀ ਪਹਿਚਾਨ ਉਸ ਦੀ ਦਸਤਾਰ, ਗੁਫ਼ਤਾਰ ਅਤੇ ਰਫ਼ਤਾਰ ਤੋਂ ਹੋ ਜਾਂਦੀ ਹੈ”। ਉਕਤ ਕਥਨਾਂ ਦੀ ਪੁਸ਼ਟੀ ਗੁਰਬਾਣੀ ਦੀਆਂ ਕਈ ਤੁਕਾਂ ਤੋਂ ਹੁੰਦੀ ਹੈ; ਜਿਵੇਂ:

ਫਰੀਦਾ ਮੈ ਭੋਲਾਵਾ ਪਗ ਦਾ ਮਤ ਮੈਲੀ ਹੋਇ ਜਾਇ॥ ਸਲੋਕ ਫਰੀਦ ਜੀ

ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ॥ ਬਿਲਾਵਲ ਕਬੀਰ ਜੀ

ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ॥

ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ॥ ਕੇਦਾਰਾ ਕਬੀਰ ਜੀ

ਇੱਥੇ ਇਸ ਸੱਚ ਦਾ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪਗੜੀ ਬੰਨ੍ਹਣ ਜਾਂ ਨਾ ਬੰਨ੍ਹਣ ਦੀ ਹਦਾਇਤ ਨਹੀਂ ਹੈ; ਅਤੇ ਨਾ ਹੀ ਪੱਗ ਪੰਜ ਕਕਾਰਾਂ ਵਿੱਚ ਆਉਂਦੀ ਹੈ! ! ਪਰੰਤੂ ਪੱਗਾਂ ਦੇ ਵਾਪਾਰ ਨੂੰ ਬਢਾਵਾ ਦੇਣ ਲਈ ਧਰਮ ਦੇ ਵਾਪਾਰੀਆਂ ਵੱਲੋਂ ਕਈ ਤਰ੍ਹਾਂ ਦੇ ਹਾਸੋਹੀਣੇ ਹੱਥਕੰਡੇ ਵਰਤੇ ਜਾਂਦੇ ਹਨ:

ਗੁਰਬਾਣੀ ਦੀਆਂ ਪਵਿੱਤਰ ਤੁਕਾਂ/ਸ਼ਬਦਾਂ ਦੇ ਗ਼ਲਤ ਅਰਥ ਕਰਕੇ ਲੋਕਾਂ ਨੂੰ ਭਟਕਾਇਆ ਜਾਂਦਾ ਹੈ।

ਦਸਤਾਰਾਂ (ਪਗੜੀਆਂ) ਦਾ ਲੰਗਰ, ਦਸਤਾਰ ਸਿਖਲਾਈ ਕੈਂਪ, ਸੁੰਦਰ ਦਸਤਾਰਾਂ ਸਜਾਉਣ ਦੇ ਮੁਕਾਬਲੇ…… ਵਗੈਰਾ ਵਗੈਰਾ।

ਦਸਤਾਰ ਦੇ ਰੰਗ ਵਿੱਚ ਲਗਾਤਾਰ ਤਬਦੀਲੀ ਲਿਆਂਦੀ ਜਾਂਦੀ ਹੈ! ਕਦੀ ਨੀਲਾ, ਕਦੀ ਸੁਰਮਈ, ਕਦੀ ਕੇਸਰੀ, ਕਦੇ ਸਫ਼ੇਦ ਅਤੇ ਹੁਣ, ਆਰ: ਐਸ: ਐਸ: ਅਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ, ਦਸਤਰਾਂ ਦਾ ਰੰਗ ਭਗਵਾਂ ਹੁੰਦਾ ਜਾ ਰਿਹਾ ਹੈ! !

ਪਾਉਂਟੇ ਵਿਖੇ ਇੱਕ ਗੁਰੂਦੁਆਰਾ ਬਣਾਇਆ ਗਿਆ ਹੈ ਜਿੱਥੇ, ਕੂੜਿਆਰ ਪੁਜਾਰੀਆਂ ਦੇ ਕੂੜ ਪ੍ਰਚਾਰ ਅਨੁਸਾਰ, ਗੁਰੂ ਗੋਬਿੰਦ ਸਿੰਘ ਜੀ ਵੇਲੇ ਸੁੰਦਰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ! ਅਤੇ, ਉਹ (ਗੁਰੂ ਗੋਬਿੰਦ ਸਿੰਘ ਜੀ) ਸੁੰਦਰ ਨੋਕਦਾਰ ਦਸਤਾਰਾਂ ਸਜਾਉਣ ਦੇ ਮੁਕਾਬਲੇ ਕਰਵਾਇਆ ਕਰਦੇ ਸਨ! ! ਕਹਿਤ ਕਮਲੇ ਸੁਣਤ ਬਾਵਲੇ! ! !

ਕੁਝ ਸਮੇਂ ਤੋਂ ਕਰਮਾਕਾਰੀ ਪ੍ਰਬੰਧਕਾਂ ਅਤੇ ਪੁਜਾਰੀਆਂ ਵੱਲੋਂ ਨੋਕਦਾਰ ਪੱਗ ਬੰਨ੍ਹਣ ਦਾ ਰਿਵਾਜ ਧਾਰਿਆ, ਪ੍ਰਚਾਰਿਆ ਅਤੇ ਪ੍ਰਚੱਲਿਤ ਕੀਤਾ ਗਿਆ ਹੈ। ਲਗ ਪਗ ਸਾਰਾ ਪ੍ਰਬੰਧਕੀ ਤੇ ਪੁਜਾਰੀ ਲਾਣਾ ਨੋਕਦਾਰ ਪਗੜੀ ਬੰਨ੍ਹਣ ਲੱਗ ਗਿਆ ਹੈ। ਇਸ ਪਾਖੰਡ ਵਿੱਚੋਂ ਉਨ੍ਹਾਂ ਦੇ ਦੂਸ਼ਿਤ ਅੰਤਹਕਰਣ, ਹੋਛੀ ਹੈਂਕੜ ਅਤੇ ਛਲ-ਕਪਟ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਅੱਜ ਦੇ ‘ਸਿੱਖ’ ਸਮਾਜ ਵਿੱਚ, ਸਿੱਧੀ-ਸਾਦੀ ਪੱਗ ਬੰਨ੍ਹਣ ਵਾਲੇ ਭਲੇਮਾਣਸ ਭਾਈ ਲਾਲੋ ਵਰਗੇ ਹਮਾਤੜਾਂ ਨੂੰ ਤਾਂ ਝੁੱਡੂ ਹੀ ਸਮਝਿਆ ਜਾਂਦਾ ਹੈ!

(ਨੋਟ:- ਖੋਜ-ਪੜਤਾਲ ਉਪਰੰਤ ਅਸੀਂ ਇਸ ਨਤੀਜੇ `ਤੇ ਪਹੁੰਚੇ ਹਾਂ ਕਿ ਨੋਕਦਾਰ ਪਗੜੀ ਬੰਨ੍ਹਣ ਦਾ ਰਿਵਾਜ ਪਟਿਆਲਾ ਦੇ ਰਾਜੇ ਭੂਪਿੰਦਰ ਸਿੰਘ ਤੋਂ ਸ਼ੁਰੂ ਹੋਇਆ ਹੈ!)

ਖ਼ਬਰਾਂ ਮੁਤਾਬਿਕ, ਕਈ ਜਗ੍ਹਾ ਪ੍ਰਬੰਧਕਾਂ ਨੇ ਅੰਦਰਖਾਤੇ ਪੱਗਾਂ ਦਾ ਧੰਦਾ ਸਥਾਪਿਤ ਕਰ ਲਿਆ ਹੈ! ਉਹ ਥੋਕ ਵਿੱਚ ਪੱਗਾਂ ਖ਼ਰੀਦ ਕੇ ਅੱਗੇ ਮੋਟੇ ਮੁਨਾਫ਼ੇ ਨਾਲ ਦਿੰਦੇ ਹਨ। ਇਸ ਤੋਂ ਬਿਨਾਂ ਦਸਤਾਰਾਂ ਕਿਰਾਏ `ਤੇ ਦੇਣ ਦਾ ਧੰਦਾ ਵੀ ਸ਼ੁਰੂ ਹੋ ਚੁੱਕਾ ਹੈ!

ਚਲਦਾ……

ਗੁਰਇੰਦਰ ਸਿੰਘ ਪਾਲ

ਨਵੰਬਰ 5, 2022.




.