.

ਸ਼ਹੀਦ ਭਗਤ ਸਿੰਘ ਅਤੇ ਮਾਨਵਵਾਦ

(ਭਾਗ ਦੂਸਰਾ)

ਮਾਨਵਵਾਦ

ਮਾਨਵਵਾਦ (Humanism) ਮਨੁੱਖੀ ਹਿਤਾਂ ਨੂੰ ਸਮਰਪਿਤ ਸਰਵੋਤਮ ਫਲਸਫਾ ਹੈ। ਇਹ ਇੱਕ ਧਰਮ ਨਿਰਪੇਖ ਅਤੇ ਤਰਕ-ਅਧਾਰਿਤ ਵਿਚਾਰਧਾਰਾ ਹੈ ਜਿਸ ਦੇ ਮੁੱਖ ਟੀਚੇ ਮਨੁੱਖੀ ਬਰਾਬਰੀ, ਮਨੁੱਖੀ ਹੱਕ, ਮਨੁੱਖੀ ਭਲਾਈ, ਮਨੁੱਖੀ ਕਦਰਾਂ-ਕੀਮਤਾਂ ਅਤੇ ਮਨੁੱਖੀ ਸਵੈ-ਸਨਮਾਣ ਹਨ। ਮਾਨਵਵਾਦ ਦਾ ਫਲਸਫਾ ਮਨੁੱਖ ਲਈ ਇੱਕ ਆਦਰਸ਼ਕ ਜੀਵਨ-ਜਾਚ ਦਾ ਮਾਡਲ ਪੇਸ਼ ਕਰਦਾ ਹੈ। ਆਓ ਹੁਣ ਵੇਖੀਏ ਕਿ ਭਗਤ ਸਿੰਘ ਨੇ ਆਪਣੀ ਮਾਨਵਵਾਦੀ ਵਿਚਾਰਧਾਰਾ ਰਾਹੀਂ ਲੋਕ ਹਿਤਾਂ ਸਬੰਧੀ ਕੀ ਯੋਗਦਾਨ ਪਾਇਆ ਅਤੇ ਇਸ ਦਾ ਲੋਕਾਂ ਤੇ ਮਨ ਤੇ ਕੀ ਪ੍ਰਭਾਵ ਪਿਆ।

1. ਸਵੈਰਾਜ ਲਈ ਜੱਦੋ ਜਹਿਦ

ਮਾਨਵਵਾਦੀ ਸੋਚ ਰੱਖਣ ਵਾਲੇ ਭਲੇ ਪੁਰਸ਼ ਭਗਤ ਸਿੰਘ ਨੇ ਮਨੁੱਖੀ ਸਰੋਕਾਰਾਂ ਦੇ ਵਿਰੁੱਧ ਕੰਮ ਕਰ ਰਹੀਆਂ ਧਿਰਾਂ ਨੂੰ ਵੰਗਾਰਿਆ ਜਿਸ ਕਰਕੇ ਉਸ ਨੂੰ ਭਾਰੀ ਦੁੱਖ-ਕਸ਼ਟ ਸਹਿਣੇ ਪਏ। ਸਾਰੀ ਦੁਨੀਆਂ ਦੇ ਇਤਿਹਾਸ ਵਿੱਚੋਂ ਇਹ ਪਰਤੱਖ ਹੋ ਗਿਆ ਹੈ ਕਿ ਬਿਨਾਂ ਸਘੰਰਸ਼ ਕੀਤੇ ਮਨੁੱਖਤਾ ਤੱਕ ਮਾਨਵਵਾਦੀ ਵਿਚਾਰਧਾਰਾ ਦਾ ਲਾਭ ਪਹੁੰਚਾਇਆ ਨਹੀ ਜਾ ਸਕਦਾ। ਇਸ ਲਈ ਸਘੰਰਸ਼ ਦੌਰਾਨ ਆਪਣੀ, ਆਪਣੇ ਹਿਤਾਂ ਅਤੇ ਆਪਣੇ ਸਹਿਯੋਗੀਆਂ ਦੀ ਕੁਰਬਾਨੀ ਦੇਣੀ ਪੈਂਦੀ ਹੈ। ਜਦੋ ਭਗਤ ਸਿੰਘ ਜਵਾਨ ਹੋਇਆ ਤਦ ਉਸਨੇ ਭਾਰਤੀ ਲੋਕਾਂ ਲਈ ਬਦੇਸ਼ੀ ਹਕੂਮਤ ਦਾ ਖਾਤਮਾ ਕਰਕੇ ਸਵੈਰਾਜ ਦੀ ਪਰਾਪਤੀ ਲਈ ਸਘੰਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਆਰੰਭ ਕਰ ਦਿਤਾ। ਇਸ ਲਈ ਭਗਤ ਸਿੰਘ ਨੇ ਜਵਾਨੀ ਦੇ ਜੋਸ਼ ਵਿੱਚ ਇਸ ਬਸਤੀਵਾਦ ਅਤੇ ਸਰਮਾਏਦਾਰੀ ਦੇ ਤਾਣੇ ਬਾਣੇ ਨੂੰ ਖਤਮ ਕਰਨ ਲਈ ਕੁੱਝ ਹਿੰਸਕ ਕਾਰਵਾਈਆਂ ਵੀ ਕੀਤੀਆਂ ਤਾਂ ਜੋ ਬਰਤਾਨਵੀ ਸਰਕਾਰ ਨੂੰ ਭਾਰਤ ਵਿੱਚੋਂ ਬਾਹਰ ਕੱਢ ਸਕੇ ਜਿਸ ਨਾਲ ਭਾਰਤ ਦਾ ਹਰ ਇੱਕ ਵਿਅਕਤੀ ਸੁਖ ਦਾ ਸਾਹ ਲੈ ਸਕੇ। ਬਾਦ ਵਿੱਚ ਉਸ ਨੂੰ ਇਹਨਾਂ ਕਾਰਵਾਈਆਂ ਉਤੇ ਪਛਤਾਵਾ ਵੀ ਹੋਇਆ। ਭਗਤ ਸ਼ਿੰਘ ਨੇ ਮੰਨਿਆ ਹੈ ਕਿ ਇਨਕਲਾਬ ਦੇ ਸ਼ੁਰੂਆਤੀ ਦਿਨਾਂ ਵਿੱਚ ਕਈ ਹਿੰਸਕ ਕਾਰਵਾਈਆਂ ਕੀਤੀਆਂ ਪਰੰਤੂ ਇਹ ਕਾਰਵਾਈਆਂ ਲੋਕ ਹਿਤ ਲਈ ਕੀਤੀਆਂ ਸਨ। ਉਸ ਨੇ ਕਿਹਾ “ਨਾ ਤਾਂ ਮੈ ਦਹਿਸ਼ਤ ਪਸੰਦ ਹਾਂ ਅਤੇ ਨਾ ਹੀ ਕਦੇ ਸੀ, ਸਿਰਫ ਇਨਕਲਾਬੀ ਜੀਵਨ ਦੇ ਸ਼ੁਰੂ ਵਾਲੇ ਦਿਨਾਂ ਦੇ ਸਿਵਾਏ ਅਤੇ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਹਿੰਸਕ ਤਰੀਕਿਆਂ ਰਾਹੀਂ ਕੁੱਝ ਵੀ ਪ੍ਰਾਪਤ ਨਹੀ ਕਰ ਸਕਦੇ” (ਸਰੋਤ: ‘ਇਨਕਲਾਬੀ ਪ੍ਰੋਗਰਾਮ ਦਾ ਖਰੜਾ` 2 ਫਰਵਰੀ 1931)।

2. ਮਨੁੱਖੀ ਹੱਕ

ਮਨੁੱਖੀ ਹੱਕ ਹਰ ਮਨੁੱਖ ਨੂੰ ਮਨੁੱਖ ਹੋਣ ਕਰਕੇ ਹੀ ਪ੍ਰਾਪਤ ਹਨ ਅਤੇ ਸਭਨਾਂ ਲਈ ਇੱਕੋ ਜਿਹੇ ਹਨ ਭਾਵੇਂ ਉਹਨਾਂ ਦਾ ਕੋਈ ਵੀ ਧਰਮ, ਦੇਸ਼, ਲਿੰਗ, ਜਾਤ, ਕਿੱਤਾ, ਨਸਲ, ਰੰਗ, ਭਾਸ਼ਾ ਆਦਿਕ ਹੋਵੇ। ਮਨੁੱਖੀ ਹੱਕਾਂ ਉੱਤੇ ਸੰਸਾਰ ਦੇ ਸਭਨਾਂ ਨਾਗਰਿਕਾਂ ਦਾ ਬਰਾਬਰ ਦਾ ਹੱਕ ਹੈ। ਉਦਾਹਾਰਨ ਦੇ ਤੌਰ ਤੇ ਵਿੱਦਿਆ ਪ੍ਰਾਪਤ ਕਰਨਾ, ਰੋਜੀ ਰੋਟੀ ਕਮਾਉਣਾ, ਆਪਣੇ ਵਿਚਾਰ ਪ੍ਰਗਟ ਕਰਨਾ, ਸਰਕਾਰ ਦੀ ਚੋਣ ਕਰਨੀ ਜਾਂ ਸਰਕਾਰ ਨੂੰ ਸਵਾਲ ਜਵਾਬ ਕਰਨੇ ਇਹ ਸਾਰੇ ਮਨੁੱਖੀ ਹੱਕ ਹਨ। ਭਗਤ ਸਿੰਘ ਭਾਰਤ ਵਿੱਚ ਬਦੇਸ਼ੀ ਸਰਕਾਰ ਦੇ ਖਾਤਮੇ ਰਾਹੀਂ ਆਪਣੇ ਦੇਸ਼ ਦੇ ਲੋਕਾਂ ਨੂੰ ਸਵੈਰਾਜ ਦਾ ਹੱਕ ਦਿਵਾਉਣਾ ਚਾਹੁੰਦਾ ਸੀ। ਇਸ ਤੋਂ ਅੱਗੇ ਬਦੇਸ਼ੀ ਸਰਕਾਰ ਨੇ ਭਾਰਤ ਵਿੱਚ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਊਟ ਬਿਲ ਪੂੰਜੀਦਾਰਾਂ ਦੇ ਹੱਕ ਵਿੱਚ ਬਣਾਏ ਜਿਸ ਦਾ ਸਿੱਧਾ ਮਤਲਬ ਇਹ ਸੀ ਕਿ ਕਿਰਤੀਆਂ ਦੀ ਕਿਰਤ ਉੱਪਰ ਜਦੋ ਮਰਜੀ ਡਾਕਾ ਮਾਰਿਆ ਜਾ ਸਕਦਾ ਸੀ ਬਦਲੇ ਵਿੱਚ ਕਿਰਤੀ ਕਾਮੇ ਇਸ ਦਾ ਵਿਰੋਧ ਵੀ ਨਹੀ ਸੀ ਕਰ ਸਕਦੇ। ਇਸ ਲਈ ਭਗਤ ਸਿੰਘ ਨੇ ਕਿਰਤੀਆਂ ਦੇ ਹੱਕਾਂ ਦੀ ਆਵਾਜ ਸਰਕਾਰ ਤੱਕ ਪਹੁੰਚਾਉਣ ਲਈ ਭਾਰਤ ਦੀ ਕਾਂਉਸਲ ਭਵਨ (ਅਸੈਂਬਲੀ ਹਾਲ) ਵਿੱਚ ਧਮਾਕਾ ਕੀਤਾ ਸੀ। ਇਸ ਧਮਾਕੇ ਦਾ ਮੰਤਵ ਕਿਸੇ ਦੀ ਜਾਨ ਲੈਣਾ ਨਹੀ ਬਲਕਿ ਮਨੁੱਖੀ ਹੱਕਾਂ ਦੀ ਬਹਾਲੀ ਲਈ ਸਰਕਾਰ ਨੂੰ ਜਗਾਉਣਾ ਸੀ। ਇਸ ਲਈ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਆਪਣੀ ਗਿਰਫਤਾਰੀ ਦਿੱਤੀ ਤਾਂ ਜੋ ਮਨੁੱਖੀ ਹੱਕਾਂ ਲਈ ਉਠਾਈ ਆਵਾਜ ਪੂਰੇ ਦੇਸ਼ ਵਿੱਚ ਪਹੁੰਚ ਸਕੇ।

3. ਜਾਤ-ਪਾਤ ਨੂੰ ਨਕਾਰਨਾ

ਵੱਖ-ਵੱਖ ਧਰਮਾਂ/ਵਰਗਾਂ ਦੇ ਲੋਕ ਭਗਤ ਸਿੰਘ ਦੇ ਸਾਥੀ ਸਨ ਜਿਹਨਾਂ ਨਾਲ ਮਿਲਕੇ ਉਸਨੇ ਦੇਸ਼ ਵਿੱਚ ਭਾਰਤੀ ਲੋਕਾਂ ਨੂੰ ਆਜ਼ਾਦੀ ਦਾ ਹੱਕ ਦਿਵਾਉਣ ਲਈ ਸਘੰਰਸ਼ ਕੀਤਾ। ਜੇਲ੍ਹ ਵਿੱਚ ਪਖਾਨੇ ਸਾਫ ਕਰਨ ਵਾਲੇ ਵਿਅਕਤੀ ਬੋਘੇ ਨੂੰ ਭਗਤ ਸਿੰਘ ਬੇਬੇ ਕਹਿ ਕੇ ਸੰਬੋਧਨ ਕਰਦਾ ਸੀ ਤੇ ਉਸਦੇ ਹੱਥ ਦੀ ਬਣੀ ਰੋਟੀ ਖਾਣ ਦੀ ਇੱਛਾ ਵੀ ਜਾਹਿਰ ਕਰਦਾ ਸੀ। ਭਗਤ ਸਿੰਘ ਉੱਚੀ ਵਿਚਾਰਧਾਰਾ ਵਾਲਾ ਇਨਸਾਨ ਸੀ ਜੋ ਮਨੁੱਖੀ ਬਰਾਬਰੀ ਦੇ ਸਕੰਲਪ ਨੂੰ ਹੀ ਤਰਜੀਹ ਦਿੰਦਾ ਸੀ। ਭਗਤ ਸਿੰਘ ਦਾ ਇਹ ਵਿਵਹਾਰ ਗੁਰਬਾਣੀ ਦੇ ਇਸ ਸੰਦੇਸ਼ ਨੂੰ ਸਾਕਾਰ ਕਰਦਾ ਸੀ:

ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਗੁਰਬਾਣੀ-ਗ੍ਰੰਥ ਪੰਨਾਂ 97 )

4. ਛੂਆ-ਛੂਤ ਦਾ ਵਿਰੋਧ

ਸੱਭਿਅਤਾ ਦੇ ਵਿਕਾਸ ਹੋਣ ਦੇ ਨਾਲ-ਨਾਲ ਸਮਾਜ ਕਈ ਵਰਗਾਂ ਵਿੱਚ ਵੀ ਵੰਡਿਆ ਗਿਆ ਜਿਸ ਨਾਲ ਊਚ-ਨੀਚ ਦੀ ਸਥਿਤੀ ਬਣੀ ਹੋਈ ਹੈ। ਇਸ ਸਥਿਤੀ ਕਾਰਨ ਆਪਸੀ ਮਿਲਵਰਤਨ ਅਤੇ ਪਿਆਰ ਦੀ ਭਾਵਨਾ ਬਣ ਨਹੀ ਸਕਦੀ। ਇਸ ਪਛੜੇਪਣ ਵਾਲੇ ਵਰਤਾਰੇ ਦੀ ਭਗਤ ਸਿੰਘ ਨੇ ਜੋਰ ਨਾਲ ਨਿਖੇਧੀ ਕੀਤੀ ਹੈ। ਭਗਤ ਸਿੰਘ ਨੇ ਆਪਣੇ ਲੇਖ ‘ਅਛੂਤ ਦਾ ਸਵਾਲ` ( ‘ਕਿਰਤੀ` ਜੂਨ 1928) ਵਿੱਚ ਛੂਆ-ਛੂਤ ਦੀ ਨਿਖੇਧੀ ਕੀਤੀ ਹੈ। ਪੁਰਾਣੇ ਸਮਿਆਂ ਵਿੱਚ ਪਛੜੀਆਂ ਜਾਤੀਆਂ ਨੂੰ ਅਛੂਤ ਕਹਿ ਕੇ ਬੁਲਾਇਆ ਜਾਂਦਾ ਸੀ। ਅਛੂਤ ਤੋਂ ਭਾਵ ਛੂਹਿਆ ਨਾ ਜਾਣ ਵਾਲਾ। ਇਸ ਵਰਗ ਨੂੰ ਘਿਰਣਾਂ ਵਾਲੀ ਨਜਰ ਨਾਲ ਦੇਖਿਆ ਜਾਂਦਾ ਸੀ, ਇਸ ਵਿਚਲੇ ਲੋਕਾਂ ਦੀ ਧਾਰਮਿਕ ਸਥਾਨਾਂ ਤੇ ਜਾਣ ਦੀ ਮਨਾਹੀ ਹੁੰਦੀ ਸੀ ਤਾਂ ਕਿ ਦੇਵਤੇ ਭਿੱਟੇ ਨਾ ਜਾਣ, ਖੂਹ ਤੋਂ ਪਾਣੀ ਕੱਢਣ ਦੀ ਮਨਾਹੀ ਹੁੰਦੀ ਸੀ ਤਾਂ ਕਿ ਪਾਣੀ ਪੁਲੀਤ ਨਾ ਹੋ ਜਾਵੇ। ਇਹ ਸਾਰੇ ਸਵਾਲ 20ਵੀ ਸਦੀ ਦੇ ਹਨ ਜਿੰਨਾਂ ਨੂੰ ਸੁਣ ਕੇ ਸ਼ਰਮ ਆਉਦੀ ਹੈ। ਇਸ ਲਤਾੜੀ ਹੋਈ ਸ਼੍ਰੇਣੀ ਦੇ ਲੋਕਾਂ ਨੂੰ ਭੱਦੇ ਸ਼ਬਦ ਬੋਲ ਕੇ ਦੁਰਕਾਰਿਆ ਜਾਂਦਾ ਸੀ। ਅਖੌਤੀ ਉੱਚੇ ਲੋਕਾਂ ਵੱਲੋਂ ਇਹਨਾਂ ਨੂੰ ਨੀਚ, ਗਰੀਬ, ਮੈਲੇ-ਕੁਚੈਲੇ ਕਿਹਾ ਜਾਂਦਾ ਸੀ। ਇਹ ਸਾਰੀਆਂ ਗੱਲਾਂ ਮਨੁੱਖੀ ਕਦਰਾਂ ਕੀਮਤਾਂ ਦੇ ਵਿਰੁੱਧ ਸਨ। ਸਿਆਸੀ ਲੀਡਰਾਂ ਨੇ ਰਾਜਨੀਤਿਕ ਲਾਹਾ ਲੈਣ ਲਈ ਅਛੂਤ ਕਹੇ ਜਾਣ ਵਾਲੇ ਲੋਕਾਂ ਨੂੰ ਹਿੰਦੂ ਅਤੇ ਇਸਲਾਮ ਵਿੱਚ ਤਬਦੀਲ ਹੋਣ ਲਈ ਕਿਹਾ। ਧਰਮ ਤਬਦੀਲ ਕਰਨ ਵਾਲੇ ਨੂੰ ਖਰਚਾ ਵੀ ਦਿੱਤਾ ਜਾਣ ਦਾ ਭਰੋਸਾ ਦਿਤਾ ਜਾਂਦਾ ਸੀ। ਉਸ ਸਮੇ ਭਗਤ ਸਿੰਘ ਨੇ ਇਹ ਲੇਖ ਲਿਖਿਆ ਤਾਂ ਜੋ ਅਛੂਤ ਕਹੇ ਜਾਣ ਵਾਲੇ ਲੋਕ ਸੁਚੇਤ ਹੋ ਜਾਣ ਅਤੇ ਆਪਣੀ ਤਰੱਕੀ ਲਈ ਖੁਦ ਠੋਸ ਕਦਮ ਉਠਾ ਸਕਣ। ਭਗਤ ਸਿੰਘ ਨੇ ਅਛੂਤ ਕਹੇ ਜਾਣ ਵਾਲੇ ਲੋਕਾਂ ਲਈ ਅੰਗਰੇਜ ਸਰਕਾਰ ਅਤੇ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਅੱਗੇ ਆਵਾਜ ਉਠਾਈ ਕਿ ਇਸ ਲਿਤਾੜੇ ਵਰਗ ਨੂੰ ਸਿੱਖਿਅਤ ਹੋਣ ਲਈ ਮਹੌਲ ਦਿਤਾ ਜਾਵੇ, ਉਹਨਾਂ ਨੂੰ ਰੋਜਗਾਰ ਮਿਲੇ ਅਤੇ ਗਰੀਬੀ ਦਾ ਇਲਾਜ ਹੋਵੇ। ਭਗਤ ਸਿੰਘ ਨੇ ਇਹ ਵੀ ਜੋਰ ਦੇ ਕੇ ਕਿਹਾ ਕਿ ਜੇਕਰ ਮਾਵਾਂ ਬੱਚੇ ਦੀ ਗੰਦਗੀ ਚੁੱਕਣ ਨਾਲ ਅਛੂਤ ਨਹੀ ਹੁੰਦੀਆਂ ਤਾਂ ਲੋਕਾਂ ਦੇ ਘਰਾਂ ਵਿੱਚੋਂ ਗੰਦਗੀ ਸਾਫ ਕਰਨ ਵਾਲੇ ਲੋਕ ਅਛੂਤ ਕਿਵੇ ਹੋਏ।

5. ਤਰਕਸੀਲਤਾ

ਭਗਤ ਸਿੰਘ ਨਾਸਤਿਕ ਵਿਚਾਰਧਾਰਾ ਦਾ ਸਮਰਥਨ ਕਰਦਾ ਸੀ ਕਿਉਕਿ ਉਹ ਇੱਕ ਜਾਗਰੂਕ ਅਤੇ ਤਰਕਸ਼ੀਲ ਨੌਜਵਾਨ ਸੀ। ਭਗਤ ਸਿੰਘ ਸਮਝ ਗਿਆ ਸੀ ਕਿ ਧਰਮ ਨੂੰ ਮੰਨਣ ਨਾਲ ਨੈਤਿਕਤਾ ਵਿੱਚ ਗਿਰਾਵਟ ਆ ਜਾਂਦੀ ਹੈ। ਧਰਮ ਦੀ ਫੁਲਕਾਰੀ ਹੇਠ ਗਿਆਨ ਦਾ ਫੈਲਾਅ ਨਹੀ ਹੁੰਦਾ ਸਗੋਂ ਸੀਮਿਤ ਹੀ ਰਹਿ ਜਾਂਦਾ ਹੈ। ਭਗਤ ਸਿੰਘ ਦਾ ਵਿਚਾਰ ਸੀ ਕਿ ਜੇ ਰੱਬ ਕਣ-ਕਣ ਵਿੱਚ ਹੈ, ਜੇਕਰ ਉਸਦੀ ਮਰਜੀ ਨਾਲ ਪੱਤਾ ਨਹੀ ਹਿਲਦਾ ਤਾਂ ਹਿੰਦੁਸਤਾਨ ਉੱਪਰ ਬਰਤਾਨਵੀ ਹਕੂਮਤ ਖਿਲਾਫ ਲੜਨ ਦਾ ਕੀ ਲਾਭ ਹੈ। ਉਸ ਦਾ ਮੰਨਣਾ ਸੀ ਕਿ ਦੇਸ਼ ਦੀ ਗੁਲਾਮੀ ਰੱਬ ਦੀ ਮਰਜੀ ਕਾਰਨ ਨਹੀ ਸਗੋਂ ਇਸ ਕਰਕੇ ਹੈ ਕਿ ਭਾਰਤੀਆਂ ਵਿੱਚ ਬਦੇਸ਼ੀ ਰਾਜ ਦਾ ਵਿਰੋਧ ਕਰਨ ਦੀ ਹਿੰਮਤ ਨਹੀ ਹੈ। ਅਸਲ ਵਿੱਚ ਧਾਰਮਿਕ ਵਿਚਾਰਧਾਰਾ ਕੱਟੜਤਾ ਨੂੰ ਜਨਮ ਦਿੰਦੀ ਹੈ, ਇਸ ਨਾਲ ਮਨੁੱਖੀ ਜਾਗ੍ਰਿਤੀ ਵਿੱਚ ਖੜੋਤ ਆ ਜਾਂਦੀ ਹੈ। ਅਗਰ ਮਨੁੱਖ ਨੇ ਤਰੱਕੀ ਕਰਨੀ ਹੈ ਤਾਂ ਰੱਬ ਦੇ ਵਿਸ਼ਵਾਸ ਨੂੰ ਪਰੇ ਸੁੱਟਣਾ ਪਵੇਗਾ। ਜੋ ਧਰਮ/ਮਜਹਬ ਮਨੁੱਖਤਾ ਦੀ ਭਲਾਈ ਕਰਨ ਵਿੱਚ ਅੜਚਣ ਬਣੇ ਤਾਂ ਹਰ ਧਰਮ/ਮਜਹਬ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਭਗਤ ਸਿੰਘ ਨੇ ਆਪਣੇ ਆਪ ਨੂੰ ਨਾਸਤਿਕ ਅਤੇ ਯਥਾਰਥਵਾਦੀ ਦੇ ਤੌਰ ਤੇ ਪੇਸ਼ ਕੀਤਾ ਹੈ। ਭਗਤ ਸਿੰਘ ਨੇ ਕਿਹਾ ਕਿ ਇਹ ਉਸ ਦਾ ਹੰਕਾਰ ਨਹੀਂ ਸੀ, ਸਗੋਂ ਉਹ ਆਪਣੀ ਤਰਕਸ਼ੀਲਤਾ ਅਧਾਰਿਤ ਸੋਚਣ ਸ਼ਕਤੀ ਨਾਲ ਨਾਸਤਿਕ ਬਣਿਆ ਸੀ।

6. ਸਹੂਲਤਾਂ ਲਈ ਜੱਦੋ ਜਹਿਦ

ਜਦ ਭਗਤ ਸਿੰਘ ਆਪਣੇ ਸਾਥੀਆਂ ਸਮੇਤ ਜੇਲ੍ਹ ਵਿੱਚ ਸਨ ਤਾਂ ਕੈਦੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ ਸੀ। ਉਹਨਾਂ ਨੂੰ ਗਲਿਆ ਸੜਿਆ ਖਾਣਾ ਦਿੱਤਾ ਜਾਂਦਾ ਸੀ ਅਤੇ ਜਿਆਦਾ ਸਮੇਂ ਲਈ ਮਿਹਨਤ ਮਜਦੂਰੀ ਕਰਾਈ ਜਾਂਦੀ ਸੀ ਜਿਸ ਨਾਲ ਕੈਦੀਆਂ ਦੀ ਸਿਹਤ ਖਰਾਬ ਹੀ ਰਹਿੰਦੀ ਸੀ। ਡਾਕਟਰੀ ਸਹੂਲਤਾਂ ਨਾ ਦੇ ਬਰਾਬਰ ਸਨ। ਉਸ ਦੌਰਾਨ ਭਗਤ ਸਿੰਘ ਨੇ ਜੇਲ਼੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ। ਭਗਤ ਸਿੰਘ ਦੇ ਸਾਥੀਆਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਭਗਤ ਸਿੰਘ ਦਾ ਸਾਥ ਦਿੱਤਾ। ਇਸ ਦੌਰਾਨ ਸਰਕਾਰ ਵੱਲੋਂ ਭੁੱਖ ਹੜਤਾਲ ਜਬਰੀ ਤੋੜਨ ਲਈ ਤਸ਼ੱਸਦ ਕੀਤੇ ਗਏ। ਲੰਬੀ ਭੁੱਖ ਹੜਤਾਲ ਤੋਂ ਬਾਅਦ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਸਨ। ਇਹ ਭੁੱਖ ਹੜਤਾਲ ਕਰਨ ਦਾ ਸਿਰਫ ਇੱਕ ਹੀ ਮਕਸਦ ਸੀ ਕਿ ਮਨੁੱਖ ਨਾਲ ਮਨੁੱਖ ਵਾਲਾ ਵਤੀਰਾ ਕੀਤਾ ਜਾਵੇ ਕਿੳਂਕਿ ਗੁਨਾਹਗਾਰ ਸਮਝਿਆ ਜਾਣ ਵਾਲਾ ਵਿਅਕਤੀ ਵੀ ਪਹਿਲਾ ਇੱਕ ਇਨਸਾਨ ਹੀ ਹੁੰਦਾ ਹੈ।

7. ਮਨੁੱਖੀ ਭਲਾਈ

ਮਨੁੱਖੀ ਭਲਾਈ ਵਿੱਚ ਉਹ ਕਾਰਜ ਆਉਦੇ ਹਨ ਜੋ ਬਗੈਰ ਧਰਮ, ਜਾਤ, ਲਿੰਗ, ਇਲਾਕੇ ਦੇ ਭੇਦ-ਭਾਵ ਦੇ ਦੂਸਰੇ ਮਨੁੱਖ ਜਾਂ ਮਨੁੱਖਾਂ ਦੀ ਦਸ਼ਾ ਸੁਧਾਰਨ ਵਾਸਤੇ ਕੀਤੇ ਜਾਣ। ਭਗਤ ਸਿੰਘ ਦਾ ਵਿਸ਼ਵਾਸ ਸੀ ਕਿ ਮੁਲਕ `ਚ ਜਾਤ-ਪਾਤ ਦਾ ਖਾਤਮਾ, ਸਰਮਾਏਦਾਰੀ ਅਤੇ ਤਾਨਾਸਾਹੀ ਅਧਿਕਾਰਾਂ ਦਾ ਭੋਗ ਇਨਕਲਾਬ ਨਾਲ ਹੀ ਪਏਗਾ। ਭਗਤ ਸਿੰਘ ਆਪਣੀਆਂ ਕਾਰਵਾਈਆਂ ਨਾਲ ਆਮ ਸਮਾਜ ਨੂੰ ਸਿੱਖਿਅਤ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਆਪਣੇ ਪੈਰਾਂ ਤੇ ਆਪ ਖੜ੍ਹ ਸਕਣ। ਇਸ ਨਾਲ ਨਵੀ ਸਮਾਜਿਕ ਵਿਵਸਥਾ ਉੱਭਰ ਕੇ ਸਾਹਮਣੇ ਆਵੇਗੀ। ਜਿਸ ਨਾਲ ਮਿਹਨਤਕਸ਼ ਲੋਕਾਂ ਦੀ ਸਰਦਾਰੀ ਸਥਾਪਤ ਹੋਵੇਗੀ। ਭਗਤ ਸਿੰਘ ਦਾ ਵਿਚਾਰ ਸੀ ਕਿ ਮਨੁੱਖੀ ਜੀਵਨ ਤਦ ਹੀ ਸੁਖਾਲਾ ਹੋਵੇਗਾ ਜਦ ਕਿਰਤੀ ਆਰਥਿਕ ਅਤੇ ਮਾਨਸਿਕ ਪੱਧਰ ਤੇ ਸੰਤੁਸ਼ਟ ਹੋਵੇਗਾ। ਉਹ ਚਾਹੁੰਦੇ ਸਨ ਕਿ ਲੋਕ ਐਨੇ ਸਮਰੱਥ ਹੋ ਜਾਣ ਕੇ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋ ਜਾਣ।

8. ਮਾਨਸਿਕ ਵਿਕਾਸ

ਮਾਨਵਵਾਦੀ ਵਿਅਕਤੀ ਦਾ ਵਿਸ਼ੇਸ਼ ਗੁਣ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ਜੋ ਤਜਰਬੇ ਰਾਹੀਂ ਗਿਆਨ ਪ੍ਰਾਪਤੀ ਅਤੇ ਸੋਝੀ-ਗ੍ਰਹਿਣ ਦੀ ਕਿਰਿਆ ਦਾ ਨਾਮ ਹੈ। ਇਸ ਦੇ ਦਾਇਰੇ ਵਿੱਚ ਗਿਆਨ, ਯਾਦ ਸ਼ਕਤੀ, ਮੁਲਾਂਕਣ, ਨਿਰਣਾ, ਦਲੀਲਬਾਜੀ ਅਤੇ ਗਿਣਤੀ-ਮਿਣਤੀ ਦੇ ਨਾਲ-ਨਾਲ ਸਮੱਸਿਆ ਦਾ ਹੱਲ ਕੱਢਣਾ, ਫੈਸਲਾ ਲੈਣਾ, ਦਸਤਾਵੇਜ ਤਿਆਰ ਕਰਨਾ ਸ਼ਾਮਲ ਹੈ। ਭਗਤ ਸਿੰਘ ਮਿਹਨਤੀ ਅਤੇ ਇਮਾਨਦਾਰ ਵਿਦਿਆਰਥੀ ਹੋਣ ਦੇ ਨਾਲ-ਨਾਲ ਇਤਿਹਾਸ ਦੇ ਵਿਗਿਆਨਕ ਅਸੂਲਾਂ ਦੀ ਡੂੰਘੀ ਸਮਝ ਰੱਖਦਾ ਸੀ। ਭਗਤ ਸਿੰਘ ਨੇ ਆਪਣੇ ਭੂਤਕਾਲ ਨੂੰ ਪਰਖ ਕੇ ਵਰਤਮਾਨ ਨੂੰ ਸਮਝਦੇ ਹੋਏ ਆਪਣੇ ਭਵਿੱਖ ਲਈ ਪ੍ਰੋਗਰਾਮ ਉਲੀਕੇ ਹੋਏ ਸਨ। ਭਗਤ ਸਿੰਘ ਦਾ ਕਹਿਣਾ ਸੀ ਕਿ ਵਿਚਾਰਧਾਰਾ ਵਿੱਚ ਜਜਬਿਆਂ ਦੀ ਕੋਈ ਥਾਂ ਨਹੀ ਹੁੰਦੀ ਕਿਉਂਕਿ ਜਜਬਾਤੀ ਹੋ ਕੇ ਕੋਈ ਵਿਅਕਤੀ ਠੋਸ ਦਲੀਲ ਨਹੀ ਦੇ ਸਕਦਾ। ਉਹ ਨਾਲ-ਨਾਲ ਇਹ ਵੀ ਕਹਿੰਦੇ ਸਨ ਕਿ ਅਸਲੀ ਇਨਕਲਾਬੀ ਉਹੀ ਹੁੰਦਾ ਹੈ ਜੋ ਪੜਾਈ ਅਤੇ ਅਧਿਐਨ ਨੂੰ ਆਪਣਾ ਪੱਕਾ ਕਰਤਵ ਬਣਾ ਲੈਂਦਾ ਹੈ। ਭਗਤ ਸਿੰਘ ਨੇ ਇਹ ਵੀ ਕਿਹਾ ਕਿ ਆਲੋਚਨਾ ਅਤੇ ਸੁਤੰਤਰ ਚਿੰਤਨ ਇੱਕ ਇਨਕਲਾਬੀ ਦੀਆਂ ਦੋ ਜਰੂਰੀ ਵਿਸ਼ੇਸ਼ਤਾਵਾਂ ਹਨ। ਭਗਤ ਸਿੰਘ ਨੇ 23 ਸਾਲ ਦੀ ਉਮਰ ਤੱਕ ਵੱਡੀ ਗਿਣਤੀ ਵਿੱਚ ਕਿਤਾਬਾਂ ਦਾ ਅਧਿਐਨ ਕਰ ਲਿਆ ਸੀ ਅਤੇ ਖੁਦ ਵੀ ਕਈ ਕਿਤਾਬਾਂ ਲਿਖ ਲਈਆਂ ਸਨ ਜਿੰਨਾਂ ਵਿੱਚੋਂ ਉਹਨਾਂ ਦੀ ਮਹੱਤਵਪੂਰਨ ਕਿਤਾਬਾਂ ‘ਜੇਲ੍ਹ ਡਾਇਰੀ`, ‘ਜੇਲ੍ਹ ਚਿੱਠੀਆਂ` ਅਤੇ ‘ਇਨਕਲਾਬੀ ਲੇਖ` ਹਨ। ਭਗਤ ਸਿੰਘ ਨੇ ਮਾਰਕਸ, ਟਰਾਸਕੀ, ਲੈਨਿਨ ਦਾ ਵੀ ਅਧਿਐਨ ਕੀਤਾ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਸੀ। ਭਗਤ ਸ਼ਿੰਘ ਨੇ ਜੇਲ੍ਹ ਵਿੱਚ ਰਹਿੰਦੇ ਸਮੇਂ ਹੀ 300 ਦੇ ਲੱਗਪਗ ਕਿਤਾਬਾਂ ਪੜ੍ਹ ਲਈਆਂ ਸਨ ਅਤੇ ਕਈ ਕਿਤਾਬਾਂ ਦਾ ਅੰਗਰੇਜੀ ਤੋਂ ਹਿੰਦੀ ਅਤੇ ਪੰਜਾਬੀ ਵਿੱਚ ਤਰਜੁਮਾ ਕੀਤਾ। ਭਗਤ ਸ਼ਿੰਘ ਲੱਗਪਗ ਛੇ ਭਾਸ਼ਾਵਾਂ (ਹਿੰਦੀ, ਪੰਜਾਬੀ, ਅੰਗਰੇਜੀ, ਬੰਗਾਲੀ, ਆਇਰਸ਼ ਅਤੇ ਫਰੈਂਚ) ਦੇ ਜਾਣੂ ਸਨ।

ਭਗਤ ਸਿੰਘ ਦੇ ਕੀਤੇ ਵਿਸ਼ਲੇਸ਼ਣ ਅਤੇ ਕ੍ਰਤਤੱਵ ਵਿੱਚ ਸਾਨੂੰ ਉਹਨਾਂ ਦੀ ਸ਼ਕਤੀਸ਼ਾਲੀ ਵਿਚਾਰ ਸ਼ਕਤੀ, ਇਨਕਲਾਬੀ ਵਚਨਬੱਧਤਾ, ਇਤਿਹਾਸਕ ਭੌਤਿਕਵਾਦ ਅਤੇ ਵਿਗਿਆਨਕ ਅਧਾਰਿਤ ਸੋਚਣ ਸ਼ਕਤੀ ਦੀ ਝਲਕ ਮਿਲਦੀ ਹੈ।

ਇਸ ਤਰ੍ਹਾਂ ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਉਚ ਦਰਜੇ ਦਾ ਮਾਨਸਿਕ ਵਿਕਾਸ ਹਾਸਲ ਕਰ ਲਿਆ ਸੀ। ਭਗਤ ਸਿੰਘ ਦਾ ਵਿਚਾਰ ਸੀ ਕਿ ਪਿਸਤੌਲ ਅਤੇ ਬੰਬ ਇਨਕਲਾਬ ਨਹੀ ਲਿਆਉਂਦੇ ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈ। (ਸਰੋਤ: ‘ਇਨਕਲਾਬ ਜਿੰਦਾਬਾਦ ਦਾ ਨਾਅਰਾ ਕਿਉਂ` ਦਸੰਬਰ 1929)।

9. ਮਨੁੱਖੀ ਸਵੈ-ਸਨਮਾਣ

ਸਵੈ-ਸਨਮਾਣ ਇੱਕ ਹਾਂ-ਪੱਖੀ ਪ੍ਰਬਲ ਮਨੁੱਖੀ ਭਾਵਨਾ ਹੈ। ਇਸ ਭਾਵਨਾ ਰਾਹੀਂ ਮਨੁੱਖ ਆਪਣੇ ਪ੍ਰਤੀ ਗੌਰਵ ਮਹਿਸੂਸ ਕਰਦਾ ਹੈ ਉਹ ਆਪਣੇ ਆਪ ਨੂੰ ਸਵੈਮਾਣ ਦੀ ਸਥਿਤੀ ਵਿੱਚ ਰੱਖ ਕੇ ਸਮਾਜ ਵਿੱਚ ਵਿਚਰਦਾ ਹੋਇਆ ਹੀਣ ਭਾਵਨਾ ਦੇ ਅਹਿਸਾਸ ਤੋਂ ਬਚਿਆ ਰਹਿੰਦਾ ਹੈ। ਲੰਬੇ ਸਮੇਂ ਤੋਂ ਦਬਾਈਆਂ, ਲਿਤਾੜੀਆਂ ਅਤੇ ਕੁਚਲੀਆਂ ਜਾ ਰਹੀਆਂ ਕੌਮਾਂ ਦੇ ਲੋਕਾਂ ਵਿੱਚ ਹੌਲੀ-ਹੌਲੀ ਵਕਾਰ ਦੀ ਭਾਵਨਾ ਖਤਮ ਹੋ ਜਾਂਦੀ ਹੈ ਅਤੇ ਉਹ ਆਪਣੇ-ਆਪ ਨੂੰ ਮਾੜੇ ਹਾਲਾਤ ਦੇ ਭਾਗੀ ਸਮਝ ਕੇ ਜੀਵਨ ਬਸਰ ਕਰਦੇ ਰਹਿੰਦੇ ਹਨ। ਅਜਿਹਾ ਦੁਰਵਿਵਹਾਰ ਅਖੌਤੀ ਉੱਚੇ ਵਰਗਾਂ ਦੇ ਲੋਕਾਂ ਵੱਲੋਂ ਅਖੌਤੀ ਨੀਵੇਂ ਵਰਗਾਂ ਦੇ ਲੋਕਾਂ ਨਾਲ ਆਦਿ ਕਾਲ ਤੋਂ ਕੀਤਾ ਜਾਂਦਾ ਰਿਹਾ ਹੈ। ਅਜਿਹੇ ਘਟੀਆ ਵਤੀਰੇ ਨੂੰ ਭਗਤ ਸਿੰਘ ਨੇ ਆਪਣੀ ਕੈਦ ਦੇ ਅਖੀਰ ਵਾਲੇ ਦਿਨਾਂ ਵਿੱਚ ਜਿਉੇਂਦੀ ਜਾਗਦੀ ਉਦਾਹਾਰਨ ਦੇ ਕੇ ਖਾਰਜ ਕੀਤਾ। ਉਹ ਅਖੌਤੀ ਨੀਵੀਂ ਜਾਤੀ ਵਾਲੇ ਕਰਮਚਾਰੀ ਬੋਘੇ ਨੂੰ ਸਨਮਾਨ ਭਰਿਆ ਵਿਵਹਾਰ ਦਿਆ ਕਰਦਾ ਸੀ। ਬੋਘਾ ਜੇਲ੍ਹ ਵਿੱਚ ਭਗਤ ਸਿੰਘ ਦਾ ਪਖਾਨਾ ਸਾਫ ਕਰਨ ਵਾਲੇ ਕਰਮਚਾਰੀ ਦਾ ਨਾਮ ਸੀ। ਭਗਤ ਸਿੰਘ ਬੋਘੇ ਨੂੰ ਬੇਬੇ ਕਹਿ ਕੇ ਬਲਾਉਦਾ ਸੀ ਕਿਉਕਿ ਜਿਵੇ ਮਾਂ ਬਚਪਨ ਵਿੱਚ ਆਪਣੇ ਬੱਚੇ ਦੀ ਗੰਦਗੀ ਸਾਫ ਕਰਦੀ ਹੈ ਉਵੇ ਹੀ ਬੋਘਾ ਭਗਤ ਸਿੰਘ ਲਈ ਮਾਂ ਬਰਾਬਰ ਸੀ। 23 ਮਾਰਚ 1931 ਈਸਵੀ ਨੂੰ ਬੋਘੇ ਨੇ ਭਗਤ ਸਿੰਘ ਨੂੰ ਪੁੱਛਿਆ ਕਿ ਖਾਣੇ ਵਿੱਚ ਉਹ ਕੀ ਖਾਵੇਗਾ ਤਾਂ ਭਗਤ ਸਿੰਘ ਨੇ ਕਿਹਾ ਕਿ ਬੇਬੇ ਭਾਵ ਬੋਘੇ ਦੇ ਹੱਥ ਦੀ ਪੱਕੀ ਰੋਟੀ। ਬੋਘਾ ਝਾੜੂ ਟੋਕਰੀ ਚੁੱਕਦਾ ਹੋਇਆ ਭਗਤ ਸਿੰਘ ਲਈ ਆਪਣੇ ਹੱਥ ਦੀ ਬਣੀ ਹੋਈ ਰੋਟੀ ਲੈਣ ਚਲਾ ਗਿਆ ਪਰੰਤੂ ਉਸ ਦੇ ਵਾਪਸ ਆਉਣ ਤੋਂ ਪਹਿਲਾਂ ਭਗਤ ਸਿੰਘ ਨੂੰ ਫਾਂਸੀ ਹੋ ਚੁਕੀ ਹੁੰਦੀ ਹੈ। ਭਗਤ ਸਿੰਘ ਦਾ ਬੋਗੇ ਨਾਲ ਵਿਵਹਾਰ ਗੁਰੁ ਨਾਨਕ ਜੀ ਦੇ ਉਸ ਸੰਦੇਸ਼ ਨੂੰ ਸਾਕਾਰ ਕਰਦਾ ਹੈ ਜੋ ਉਹਨਾਂ ਨੇ ਹੇਠਾਂ ਦਿੱਤੀਆਂ ਪੰਕਤੀਆਂ ਵਿੱਚ ਦਿੱਤਾ ਸੀ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼॥ (ਗੁਰਬਾਣੀ-ਗ੍ਰੰਥ ਪੰਨਾਂ 15)

ਇਹ ਸਾਰੀ ਸਥਿਤੀ ਵਿੱਚ ਭਗਤ ਸਿੰਘ ਦਾ ਮੁੱਖ ਮੰਤਵ ਮਨੁੱਖੀ ਸਵੈ-ਸਨਮਾਣ (Dignity) ਨੂੰ ਉੱਚਾ ਚੁੱਕਣਾ ਤੇ ਹੀਣ ਭਾਵਨਾ ਦਾ ਖਾਤਮਾ ਕਰਨਾ ਸੀ। ਗੁਰੁ ਨਾਨਕ ਜੀ ਦੇ ਸੰਦੇਸ਼ ਨੂੰ ਸਹੀ ਅਰਥਾਂ ਵਿੱਚ ਮੰਨਣ ਵਾਲਾ ਜਾਂ ਤਾਂ ਭਗਤ ਸਿੰਘ ਸੀ ਤੇ ਜਾਂ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਸਨ।

ਸਿੱਟਾ

ਭਗਤ ਸਿੰਘ ਸੰਵੇਦਨਸੀਲ ਅਤੇ ਨਰਮ ਸੁਭਾਅ ਵਾਲਾ ਇਨਸਾਨ ਸੀ। ਉਸ ਨੇ ਲੋਕ ਹਿਤਾਂ ਦੀ ਪੂਰਤੀ ਲਈ ਵੱਡਾ ਸਘੰਰਸ਼ ਕੀਤਾ ਜਿਸ ਦੇ ਕਰਕੇ ਭਗਤ ਸਿੰਘ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਹੈ। ਉਸ ਦੇ ਸਮੁੱਚੇ ਵਿਵਹਾਰ ਅਤੇ ਕਾਰਗੁਜਾਰੀ ਵਿੱਚੋਂ ਇਹ ਸਾਬਤ ਹੋ ਜਾਂਦਾ ਹੈ ਕਿ ਉਹ ਮਾਨਵਵਾਦ ਨੂੰ ਤਹਿਦਿਲੋਂ ਸਮਰਪਿਤ ਸੀ। ਭਗਤ ਸਿੰਘ ਦੀ ਸੋਚ ਇੱਕ ਆਦਰਸ਼ਕ ਵਿਚਾਰਧਾਰਾ ਹੈ ਜੋ ਹਰ ਵਿਅਕਤੀ ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਮਾਨਵਵਾਦ ਅਧਾਰਿਤ ਇਨਕਲਾਬ ਲਈ ਪ੍ਰੇਰਦੀ ਆਈ ਹੈ ਤੇ ਭਵਿੱਖ ਵਿੱਚ ਵੀ ਪ੍ਰੇਰਦੀ ਰਹੇਗੀ।

…………………………………………………

ਨੋਟ:

ਇਸ ਵਿਸ਼ੇ ਉੱਤੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਲਈ ਲੇਖਕ ਮਲਵਿੰਦਰ ਜੀਤ ਸਿੰਘ ਵੜੈਚ ਦੀ ਲਿੱਖੀ ‘ਜੀਵਨੀ ਸ਼ਹੀਦ ਭਗਤ ਸਿੰਘ`, ਪ੍ਰੋ. ਜਗਮੋਹਨ ਸਿੰਘ ਵੱਲੋਂ ਸੰਪਾਦਕ ਕੀਤੀ ਕਿਤਾਬ ‘ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ`, ਲੇਖਕ ਬਲਦੇਵ ਸਿੰਘ ਦੀ ਕਿਤਾਬ ‘ਸਤਲੁਜ ਵਹਿੰਦਾ ਰਿਹਾ` ਅਤੇ ਡਾ. ਇਕਬਾਲ ਸਿੰਘ ਢਿੱਲੋਂ ਦੀ ਕਿਤਾਬ ‘ਗੁਰੂ ਨਾਨਕ ਦਾ ਮਾਨਵਵਾਦ` ਵੇਖੀਆਂ ਜਾ ਸਕਦੀਆਂ ਹਨ।

(ਸਮਾਪਤ)

ਪ੍ਰਦੀਪ ਮਿੱਤਲ ਮਾਨਸਾ




.