.

ਸ਼ਹੀਦ ਕਿਸ ਨੂੰ ਕਹੀਏ


ਦੁਨੀਆਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਅਸੀ ਵੇਖਾਂਗੇ ਕਿ ਸਮੇਂ-ਸਮੇਂ ਤੇ ਬਹੁਤ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਹਨ। ਉਂਜ ਵੀ ਦੁਨੀਆਂ ਵਿੱਚ ਜਿਸ ਨੇ ਵੀ ਜਨਮ ਲਿਆ ਹੈ ਉਸਨੇ ਇੱਕ ਦਿਨ ਦੁਨੀਆਂ ਤੋਂ ਜਾਣਾ ਵੀ ਹੈ। ਇਸ ਕਰਕੇ ਆਮ ਮਨੁੱਖ ਦੀ ਸਾਧਾਰਨ ਮੌਤ ਵਿੱਚ ਅਣਹੋਣੀ ਵਾਲੀ ਕੋਈ ਗੱਲ ਨਹੀ ਲਗਦੀ। ਪਰੰਤੂ ਅਚੰਭੇ ਅਤੇ ਦੁੱਖ ਵਾਲੀ ਗੱਲ ਓਦੋ ਬਣ ਜਾਂਦੀ ਹੈ ਜਦੋ ਮਨੁੱਖ ਦੇ ਹੱਥੋਂ ਕੋਈ ਦੂਸਰਾ ਮਨੁੱਖ ਮਾਰਿਆ ਜਾਵੇ। ਜਦੋ ਕੋਈ ਫੌਜੀ ਜੰਗ ਵਿੱਚ ਆਪਣੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਦਾ ਹੈ ਤਾਂ ਉਸ ਦੇਸ਼ ਦੇ ਵਸਨੀਕ ਉਸ ਫੌਜੀ ਨੂੰ ‘ਸ਼ਹੀਦ’ ਕਰਾਰ ਦਿੰਦੇ ਹਨ। ਜੇਕਰ ਕੋਈ ਵਿਅਕਤੀ ਆਪਣੇ ਧਰਮ
(religion) ਲਈ ਜਾਨ ਦੇ ਦੇਵੇ ਤਾਂ ਉਸ ਧਰਮ ਦੇ ਲੋਕ ਉਸ ਵਿਅਕਤੀ ਨੂੰ ਵੀ ‘ਸ਼ਹੀਦ’ ਹੀ ਕਹਿੰਦੇ ਹਨ। ਜਦੋ ਕਿਸੇ ਦੇਸ਼ ਦੇ ਆਜ਼ਾਦੀ ਘੁਲਾਟੀਏ ਹਾਕਮ ਸਰਕਾਰਾਂ ਨਾਲ ਆਜ਼ਾਦੀ ਪ੍ਰਾਪਤ ਕਰਨ ਲਈ ਸਘੰਰਸ਼ ਕਰਦੇ ਹੋਏ ਜਾਨਾਂ ਵਾਰ ਜਾਂਦੇ ਹਨ ਤਾਂ ਉਸ ਦੇਸ਼ ਦੇ ਲੋਕਾਂ ਵੱਲੋ ਉਹਨਾਂ ਨੂੰ ‘ਸ਼ਹੀਦ’ ਮੰਨਿਆ ਜਾਂਦਾ ਹੈ। ਅਜਿਹੀਆਂ ਪ੍ਰਸਥਿੱਤੀਆਂ ਵਿੱਚ ‘ਸ਼ਹੀਦ’ ਸ਼ਬਦ ਦੀ ਵਰਤੋ ਆਮ ਹੋ ਗਈ ਹੈ, ਖਾਸ ਕਰਕੇ ਭਾਰਤ ਅਤੇ ਪੰਜਾਬ ਦੇ ਵਿੱਚ। ਏਸੇ ਕਰਕੇ ‘ਸ਼ਹੀਦ’ ਸ਼ਬਦ ਦੀ ਦੁਰਵਰਤੋਂ ਹੁੰਦੀ ਵੀ ਆਮ ਹੀ ਵੇਖੀ ਜਾਂਦੀ ਹੈ ਜਿਵੇਂ ਕਿ ਕਈ ਵਾਰੀ ਬਿਮਾਰੀ, ਦੁਰਘਟਨਾ ਜਾਂ ਜਾਤੀ ਦੁਸਮਣੀ ਦੇ ਕਾਰਨ ਹੋਈ ਮੌਤ ਵੇਲੇ ਵੀ ਸੰਬੰਧਤ ਵਿਅਕਤੀ ਨੂੰ ‘ਸ਼ਹੀਦ’ ਕਹਿ ਦਿੱਤਾ ਜਾਂਦਾ ਹੈ।

ਆਮ ਕਰਕੇ ‘ਸ਼ਹੀਦ’ ਸ਼ਬਦ ਨੂੰ ਫਾਰਸੀ ਭਾਸ਼ਾ ਦੇ ਸ਼ਬਦ ‘ਸ਼ਹਾਦਤ’ ਨਾਲ ਜੋੜ ਦਿੱਤਾ ਜਾਂਦਾ ਹੈ ਇਹ ਸੋਚਦੇ ਹੋਏ ਕਿ ‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦੀ ਮੌਤ ਹੋਣ ਵੇਲੇ ਖੁਦਾ ਖੁਦ ਆ ਕੇ ਗਵਾਹ (ਸ਼ਾਹਦ) ਬਣਦਾ ਹੈ। ਪਰੰਤੂ ਇਸ ਵਿਚਾਰ ਦੇ ਪਿੱਛੇ ਕੇਵਲ ਇਕ ਵਿਸ਼ੇਸ਼ ਧਾਰਮਿਕ ਭਾਵਨਾ ਜੋੜੀ ਗਈ ਹੁੰਦੀ ਹੈ। ਇਸ ਲਈ ਸਾਨੂੰ ‘ਸ਼ਹੀਦ’ ਸ਼ਬਦ ਬਾਰੇ ਡੂੰਘੀ ਵਿਚਾਰ ਅਤੇ ਘੋਖ ਕਰਦੇ ਹੋਏ ਇਸ ਸ਼ਬਦ ਦੇ ਤਰਕ-ਅਧਾਰਿਤ ਅਰਥ ਨਿਸਚਤ ਕਰਨ ਦੀ ਲੋੜ ਹੈ। ‘ਸ਼ਹੀਦ’ ਸ਼ਬਦ ਨੂੰ ਠੀਕ ਢੰਗ ਨਾਲ ਪ੍ਰੀਭਾਸ਼ਤ ਕਰਨ ਲਈ ਇਹ ਦੇਖਣਾ ਪਵੇਗਾ ਕਿ ‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦੀ ਸ਼ਖਸੀਅਤ ਵਿੱਚ ਕਿਹੜੀਆਂ-ਕਿਹੜੀਆਂ ਵਿਸੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ। ਇਹ ਵਿਸ਼ੇਸ਼ਤਾਵਾਂ ਹੇਠਾਂ ਦਿੱਤੇ ਅਨੁਸਾਰ ਕਿਆਸੀਆਂ ਜਾ ਸਕਦੀਆਂ ਹਨ:-

1-ਆਦਰਸ਼
ਸਮਾਜ ਵਿੱਚ ਵਿਚਰਨ ਵਾਲੇ ਹਰ ਮਨੁੱਖ ਦਾ ਕੋਈ ਨਾ ਕੋਈ ਆਦਰਸ਼ ਭਾਵ ਨਿਸ਼ਾਨਾ
(target) ਤਾਂ ਹੁੰਦਾ ਹੀ ਹੈ ਪਰੰਤੂ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਿਸੇ ਵਿਅਕਤੀ ਦਾ ਨਿਸ਼ਾਨਾ ਕਿਹੋ ਜਿਹਾ ਹੈ ਅਤੇ ਉਹ ਇਸ ਪ੍ਰਤੀ ਕਿਸ ਹੱਦ ਤਕ ਗੰਭੀਰ ਹੈ। ‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦਾ ਵੀ ਨਿਸ਼ਾਨਾ (target) ਜ਼ਰੂਰ ਹੋਵੇਗਾ। ਅਜਿਹਾ ਵਿਅਕਤੀ ਆਪਣੇ ਨਿਸ਼ਾਨੇ ਪ੍ਰਤੀ ਚੰਗੀ ਤਰ੍ਹਾਂ ਸਪੱਸ਼ਟ ਵੀ ਹੁੰਦਾ ਹੈ ਅਤੇ ਇਸ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਵਚਨਬੱਧ ਵੀ ਹੋਵੇਗਾ। ਅਜਿਹਾ ਵਿਅਕਤੀ ਯੋਜਨਾਬੱਧ ਤਰੀਕੇ (strategy) ਨਾਲ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਅੱਗੇ ਵਧੇਗਾ। ਅਜਿਹੇ ਨਿਸ਼ਾਨੇ ਨੂੰ ਹੋਰ ਸੁਧਰੇ ਹੋਏ ਲਹਿਜੇ ਵਿਚ ਆਦਰਸ਼ ਵੀ ਕਹਿ ਦਿੱਤਾ ਜਾਂਦਾ ਹੈ। ‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਆਪਣੇ ਜੀਵਨ-ਕਾਲ ਵਿਚ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਆਪਣੀ ਜਾਨ ਤਕ ਕੁਰਬਾਨ ਕਰਨ ਲਈ ਵੀ ਤਿਆਰ ਰਹਿੰਦਾ ਹੈ।

2-ਚੰਗਿਆਈ
‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦਾ ਆਦਰਸ਼ ਇਕ ਸਾਕਾਰਾਤਮਕ ਨਿਸ਼ਾਨਾ ਹੁੰਦਾ ਹੈ। ਇਹ ਨੇਕ-ਨੀਤੀ ਉੱਤੇ ਅਧਾਰਿਤ ਹੁੰਦਾ ਹੈ ਅਤੇ ਇਸ ਦੀ ਪ੍ਰਾਪਤੀ ਵਿੱਚੋਂ ਲਾਹੇਵੰਦ ਸਿੱਟੇ ਨਿਕਲਣ ਦੀ ਆਸ ਹੁੰਦੀ ਹੈ, ਨਾਕਾਰਾਤਮਕ ਸਿੱਟੇ ਨਹੀਂ। ਨਿਸ਼ਾਨੇ ਤਾਂ ਅਪਰਾਧ ਜਗਤ ਵਿਚ ਸ਼ਾਮਲ ਲੋਕਾਂ ਦੇ ਵੀ ਹੁੰਦੇ ਹਨ ਪਰੰਤੂ ਉਹ ਆਦਰਸ਼ ਨਹੀਂ ਅਖਵਾ ਸਕਦੇ। ‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦਾ ਨਿਸ਼ਾਨਾ ਚੰਗਿਆਈ ਦੇ ਗੁਣ ਉੱਤੇ ਕੇਂਦ੍ਰਿਤ ਹੁੰਦਾ ਹੈ ਅਤੇ ਉਸ ਵਿਚ ਬਦੀ ਜਾਂ ਬੁਰਿਆਈ ਭਾਵ ਅਨੈਤਿਕਤਾ ਦਾ ਅੰਸ਼ ਦਾਖਲ ਨਹੀਂ ਹੋ ਸਕਦਾ।

3-ਆਦਰਸ਼ਕ ਵਿਵਹਾਰ
‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਆਪਣੇ ਵਿਵਹਾਰ ਨੂੰ ਆਪਣੇ ਆਦਰਸ਼ ਦੀਆਂ ਲੀਹਾਂ ਦੇ ਅਨੁਸਾਰ ਸੁਨਿਸਚਿਤ ਕਰਦਾ ਹੈ। ਉਹ ਨਾ ਕੇਵਲ ਸਮਾਜ ਵਿੱਚ ਇੱਕ ਜ਼ਿੰਮੇਵਾਰ ਵਿਅਕਤੀ ਦੇ ਤੌਰ ਤੇ ਵਿਚਰਦਾ ਹੈ ਸਗੋਂ ਉਹ ਸਿਹਤਮੰਦ ਸਮਾਜਿਕ ਵਾਤਾਵਰਨ ਦੀ ਵੀ ਸਿਰਜਣਾ ਕਰਦਾ ਹੈ। ਉਸ ਵਿਅਕਤੀ ਵਿੱਚ ਕੁੱਝ ਵੀ ਨਾਕਾਰਾਤਮਕ ਨਹੀ ਹੁੰਦਾ। ਅਜਿਹਾ ਵਿਅਕਤੀ ਉੱਦਮ ਕਰਕੇ ਮਨੁੱਖੀ ਵਿਕਾਰਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਅਡੋਲ-ਚਿੱਤ ਰਹਿੰਦਾ ਹੈ।
ਉਦਮੁ ਕਰਤ ਸੀਤਲ ਮਨ ਭਏ॥
ਮਾਰਗਿ ਚਲਤ ਸਗਲ ਦੁਖ ਗਏ॥ (ਗੁਰੂ ਅਰਜਨ ਜੀ)

4-ਨਿਸਵਾਰਥ ਕਾਰਜ
ਭਾਵੇਂ ‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਆਪਣੇ ਆਦਰਸ਼ ਪ੍ਰਤੀ ਤਹਿਦਿਲੋਂ ਸਮਰਪਿਤ ਹੁੰਦਾ ਹੈ ਉਸ ਦਾ ਇਹ ਕਾਰਜ ਪੂਰੀ ਤਰ੍ਹਾਂ ਨਿਰਸਵਾਰਥ ਹੁੰਦਾ ਹੈ। ਉਸ ਵਿਅਕਤੀ ਨੂੰ ਆਪਣੇ ਆਦਰਸ਼ ਦੀ ਪ੍ਰਾਪਤੀ ਵਿੱਚੋਂ ਕਿਸੇ ਕਿਸਮ ਦਾ ਕੋਈ ਲੋਭ-ਲਾਲਚ ਨਹੀ ਹੁੰਦਾ ਭਾਵ ਉਸ ਦਾ ਇਸ ਨਾਲ ਕੋਈ ਪਦਾਰਥਕ ਜਾਂ ਦੁਨਿਆਵੀ ਹਿਤ ਨਹੀਂ ਜੁੜਿਆ ਹੁੰਦਾ। ਜੋ ਕੁਝ ਵੀ ਉਸ ਨੇ ਪ੍ਰਾਪਤ ਕਰਨਾ ਹੁੰਦਾ ਹੈ ਉਹ ਦੂਸਰਿਆਂ ਦੇ ਫਾਇਦੇ ਖਾਤਰ ਹੀ ਹੋਣਾ ਹੁੰਦਾ ਹੈ ਨਾ ਕਿ ਉਸ ਦੇ ਆਪਣੇ ਜਾਂ ਆਪਣੇ ਸਕੇ-ਸਬੰਧੀਆਂ ਦੀ ਖਾਤਰ। ਉਸ ਨੇ ਤਾਂ ਬੱਸ ਆਪਣੇ ਹਿਤਾਂ ਦੀ ਕੁਰਬਾਨੀ ਹੀ ਦੇਣੀ ਹੁੰਦੀ ਹੈ ਤਾਂ ਕਿ ਦੂਸਰਿਆਂ ਨੂੰ ਖੁਸ਼ੀ ਅਤੇ ਲਾਭ ਪਰਾਪਤ ਹੋ ਸਕੇ।

5-ਮਨੁੱਖਤਾ ਦੀ ਭਲਾਈ
ਅਸਲ ਵਿਚ ‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦਾ ਅਸਲੀ ਨਿਸ਼ਾਨਾਂ ਸਮੁੱਚੀ ਮਨੁੱਖਤਾ ਦੀ ਭਲਾਈ ਹੁੰਦਾ ਹੈ ਭਾਵੇਂ ਉਸ ਨੇ ਕਿਸੇ ਵੀ ਕਾਰਜ-ਖੇਤਰ ਦੀ ਚੋਣ ਕੀਤੀ ਹੋਈ ਹੋਵੇ। ਉਸ ਦਾ ਇਹ ਆਦਰਸ਼ ਮਨੁੱਖੀ ਸਾਂਝੀਵਾਲਤਾ ਉੱਤੇ ਅਧਾਰਿਤ ਹੁੰਦਾ ਹੈ।
ਨਾ ਕੋ ਬੈਰੀ ਨਹੀ ਬਿਗਾਨਾ॥
ਸਗਲ ਸੰਗਿ ਹਮ ਕਉ ਬਨ ਆਈ॥ (ਗੁਰੂ ਅਰਜਨ ਜੀ)

ਸ਼ਹੀਦ ਅਖਵਾਉਣ ਵਾਲਾ ਵਿਅਕਤੀ ਆਪਣੇ ਨਿਸ਼ਾਨੇ ਦੀ ਪਰਾਪਤੀ ਦੇ ਨਾਲ-ਨਾਲ ਸਦਾ ਮਨੁੱਖਤਾ ਦੇ ਸਰਵਪੱਖੀ ਵਿਕਾਸ ਲਈ ਯਤਨਸੀਲ ਰਹਿੰਦਾ ਹੈ।

6-ਸੰਘਰਸ਼ ਵਾਲਾ ਜੀਵਨ
‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਨੂੰ ਆਪਣੇ ਆਦਰਸ਼ ਨੂੰ ਪੂਰਾ ਕਰਨ ਦਾ ਕਾਰਜ ਕਰਦੇ ਸਮੇਂ ਅਨੇਕਾਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਹ ਮਨੁੱਖੀ ਸਰੋਕਾਰਾਂ ਦੇ ਵਿਰੁੱਧ ਕੰਮ ਕਰ ਰਹੀਆਂ ਧਿਰਾਂ ਨੂੰ ਵੰਗਾਰਦਾ ਹੈ ਜਿਸ ਕਰਕੇ ਉਸ ਨੂੰ ਭਾਰੀ ਕਸ਼ਟ ਸਹਿਣੇ ਪੈਦੇ ਹਨ। ਵੱਖਰੀਆਂ ਵੱਖਰੀਆਂ ਧਿਰਾਂ ਨਾਲ ਦੁਸ਼ਮਣੀਆਂ ਪੈ ਜਾਂਦੀਆਂ ਹਨ। ਜੇਲਾਂ ਵੀ ਕੱਟਣੀਆਂ ਪੈਦੀਆਂ ਹਨ। ਮਨੁੱਖਤਾ ਦੀ ਸੇਵਾ ਲਈ ਜਗਹ-ਜਗਹ ਘੁੰਮਣਾ ਫਿਰਨਾ ਪੈਦਾ ਹੈ ਜਿਸ ਨਾਲ ਆਰਥਿਕ ਤੰਗੀ ਵੀ ਝੱਲਣੀ ਪੈਦੀ ਹੈ। ਸਾਰੇ ਸੰਸਾਰ ਦੇ ਵੱਖ ਵੱਖ ਹਿੱਸਿਆਂ ਦੇ ਇਤਿਹਾਸ ਵਿੱਚੋਂ ਇਹ ਪਰਤੱਖ ਹੁੰਦਾ ਹੈ ਕਿ ਬਗੈਰ ਸਘੰਰਸ਼ ਕੀਤੇ ਕਿਸੇ ਉੱਚੇ ਨਿਸ਼ਾਨੇ ਦੀ ਪ੍ਰਾਪਤੀ ਨਹੀ ਹੁੰਦੀ। ਗੁਰੂ ਨਾਨਕ ਜੀ ਨੇ ਏਸੇ ਸਥਿਤੀ ਨੂੰ ਸਾਹਮਣੇ ਰੱਖਦੇ ਹੋਏ ਨਾਰ੍ਹਾ ਦਿੱਤਾ ਸੀ
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰ ਧਰਿ ਤਲੀ ਗਲੀ ਮੇਰੀ ਆਉ॥ (ਗੁਰੂ ਨਾਨਕ ਜੀ)

7-ਵਿਰੋਧੀ ਧਿਰ
‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਜਦੋਂ ਆਪਣੇ ਨਿਸਾਨੇ ਦੀ ਪ੍ਰਾਪਤੀ ਲਈ ਅੱਗੇ ਵੱਧਦਾ ਹੈ ਤਾਂ ਕੁੱਝ ਵਿਰੋਧੀ ਧਿਰਾਂ ਖੜੀਆਂ ਹੋ ਜਾਂਦੀਆਂ ਹਨ ਜਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ ਜੋ ਉਸ ਵਿਅਕਤੀ ਦਾ ਵਿਰੋਧ ਕਰਨਗੀਆਂ ਤਾਂ ਕਿ ਉਸ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਜਾ ਸਕਣ। ਇਹ ਧਿਰਾਂ ਸਵਾਰਥੀ ਲੋਕਾਂ ਦੀਆਂ ਹੁੰਦੀਆਂ ਹਨ ਜਿਹਨਾਂ ਨੂੰ ਡਰ ਹੁੰਦਾ ਹੈ ਕਿ ਸੰਘਰਸ਼ ਕਰ ਰਿਹਾ ਵਿਅਕਤੀ ਉਹਨਾਂ ਦੇ ਹਿਤਾਂ ਲਈ ਖਤਰਾ ਹੈ। ਕਈ ਵਾਰ ਇਹ ਸਭ ਧਿਰਾਂ ਮਿਲ ਕੇ ਉਸ ਦਾ ਉਹ ਵਿਰੋਧ ਕਰਦੀਆਂ ਹਨ ਤਾਂ ਜੋ ਆਪਣੇ ਆਦਰਸ਼ ਤੋਂ ਭਟਕ ਜਾਵੇ ਤੇ ਉਸ ਦਾ ਮਾਨਵਵਾਦੀ ਸੁਪਨਾ ਚਕਨਾ-ਚੂਰ ਹੋ ਜਾਵੇ।

8-ਸਰੀਰਕ ਹਾਨੀ
‘ਸ਼ਹੀਦ’ ਅਖਵਉਣ ਵਾਲੇ ਵਿਅਕਤੀ ਨੂੰ ਸਰੀਰਕ ਹਾਨੀ ਦਾ ਸਦਾ ਹੀ ਖਤਰਾ ਬਣਿਆ ਰਹਿੰਦਾ ਹੈ ਕਿਉਕਿ ਉਹ ਹਮੇਸ਼ਾ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਕਾਰਜਸ਼ੀਲ ਰਹਿੰਦਾ ਹੈ। ਕੁੱਝ ਕੱਟੜ ਬਿਰਤੀ ਵਾਲੇ ਲੋਕਾਂ ਦੁਆਰਾ ਉਸ ਦੇ ਸੰਘਰਸ਼ ਦੇ ਰਾਹ ਵਿਚ ਰੁਕਾਵਟਾਂ ਪਾਈਆਂ ਜਾਂਦੀਆਂ ਹਨ, ਪਰਿਵਾਰ ਨੂੰ ਜਾਂ ਸਕੇ-ਸੰਬੰਧੀਆਂ ਨੂੰ ਧਮਕਾਇਆ ਜਾਂਦਾ ਹੈ ਤਾਂ ਕਿ ਉਹ ਤੰਗ ਆ ਕੇ ਆਪਣੇ ਆਦਰਸ਼ ਦਾ ਤਿਆਗ ਕਰ ਦੇਵੋ। ਜੇਕਰ ਉਹ ਫੇਰ ਵੀ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਲਗਾਤਾਰ ਅੱਗੇ ਵਧਣਾ ਜਾਰੀ ਰੱਖਦਾ ਹੈ ਤਾਂ ਵਿਰੋਧੀ ਧਿਰਾਂ ਵੱਲੋਂ ਉਸ ਨੂੰ ਸਰੀਰਕ ਹਾਨੀ ਵੀ ਪਹੁੰਚਾਈ ਜਾ ਸਕਦੀ ਹੈ। ਪਰੰਤੂ ਸੱਚ ਦੇ ਮਾਰਗ ਤੇ ਚੱਲਣ ਵਾਲਾ ਅਜਿਹਾ ਵਿਅਕਤੀ ਆਪਣੇ ਆਦਰਸ਼ ਤੇ ਦ੍ਰਿੜ ਰਹਿੰਦਾ ਹੈ ਜਿਸ ਕਰਕੇ ਉਹ ਆਪਣੀ ਸਰੀਰਕ ਹੋਂਦ ਲਈ ਬਣੇ ਖਤਰਿਆਂ ਦਾ ਸਾਹਮਣਾ ਕਰਨ ਲਈ ਸਦਾ ਤਿਆਰ ਰਹਿੰਦਾ ਹੈ। ਤਾਂ ਹੀ ਤਾਂ ਉਹ ਕਹਿ ਉਠਦਾ ਹੈ:
ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ। (ਰਾਮ ਪ੍ਰਸਾਦ ਬਿਸਮਿਲ)

9-ਆਖਰੀ ਚੇਤਾਵਨੀ
‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਲਗਾਤਾਰ ਸਰਗਰਮ ਰਹਿੰਦਾ ਹੈ ਤੇ ਅੱਗੇ ਵੱਧਦਾ ਰਹਿੰਦਾ ਹੈ। ਅੰਤ ਵਿਚ ਵਿਰੋਧੀ ਧਿਰਾਂ ਵੱਲੋਂ ਆਖਰੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਾਂ ਉਹ ਤਾਂ ਆਪਣੇ ਆਦਰਸ਼ ਵਾਲਾ ਰਸਤਾ ਛੱਡ ਦੇਵੇ ਜਾ ਫਿਰ ਮਰਨ ਲਈ ਤਿਆਰ ਹੋ ਜਾਵੇ। ਉਸ ਨੂੰ ਅਗਵਾ ਵੀ ਕੀਤਾ ਜਾ ਸਕਦਾ ਹੈ, ਉਸ ਉੱਤੇ ਅਣਮਨੁੱਖੀ ਤਸ਼ੱਦਦ ਵੀ ਕੀਤਾ ਜਾ ਸਕਦਾ ਹੈ ਪਰੰਤੂ ਅਜਿਹਾ ਵਿਅਕਤੀ ਮਾਨਸਿਕ ਤੌਰ ਤੇ ਬਲਵਾਨ ਹੁੰਦਾ ਹੈ ਅਤੇ ਉਹ ਬਿਨਾਂ ਕਿਸੇ ਡਰ ਤੋਂ ਆਪਣੇ ਆਦਰਸ਼ ਦੀ ਪ੍ਰਾਪਤੀ ਉੱਤੇ ਦ੍ਰਿੜ ਰਹਿੰਦਾ ਹੈ। ‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਆਖਰ ਬਗੈਰ ਝੁਕੇ ਮੌਤ ਨੂੰ ਕਬੂਲਦਾ ਹੈ ਅਤੇ ਉਸ ਦੇ ਸਰੀਰ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਤ ਕਰ ਦਿੱਤਾ ਜਾਂਦਾ ਹੈ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੁ ਨਾ ਛਾਡੈ ਖੇਤ॥ (ਭਗਤ ਕਬੀਰ ਜੀ)

ਇਸ ਤਰ੍ਹਾਂ ‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦਾ ਹੈ ਕਿਉਕਿ ਉਹ ਅਧਿਆਤਮਿਕ ਪੱਖ ਤੋਂ ਬਹੁਤ ਉੱਚਾ ਉੱਠ ਚੁੱਕਿਆ ਹੁੰਦਾ ਹੈ। ਜਿਸ ਨਾਲ ਉਸਨੂੰ ਮੌਤ ਦੇ ਸਾਹਮਣੇ ਹੋ ਕੇ ਵੀ ਕੋਈ ਭੈਅ ਨਹੀ ਆਉਦਾ। ਉਹ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਜਿਉਦਾ ਹੈ ਅਤੇ ਓਸੇ ਲਈ ਮਰਦਾ ਹੈ। ਗੁਰੂ ਤੇਗ ਬਹਾਦਰ ਜੀ ਮਨੁੱਖੀ ਹੱਕਾਂ
(Human Rights) ਦੀ ਰਖਵਾਲੀ ਦੇ ਆਦਰਸ਼ ਦੀ ਪ੍ਰਾਪਤੀ ਲਈ ਦਿੱਲੀ ਗਏ। ਉੱਥੇ ਉਹਨਾਂ ਨੂੰ ਅਤੇ ਉਹਨਾਂ ਦੇ ਪੈਰੋਕਾਰਾਂ ਨੂੰ ਬੰਦੀ ਬਣਾਇਆ ਗਿਆ। ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰੰਤੂ ਗੁਰੂ ਸਾਹਿਬ ਅਡੋਲ ਰਹੇ ਅਤੇ ਅਖੀਰ ਆਪਣੀ ਜਾਨ ਦੀ ਵੀ ਕੁਰਬਾਨੀ ਦੇ ਦਿੱਤੀ।

ਪਹਿਲਾਂ ਆਈ ਵਿਚਾਰ-ਚਰਚਾ ਦੇ ਵਿੱਚ ਅਸੀ ਦੇਖਿਆ ਹੈ ਕਿ ‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦੀਆਂ ਵਿਲੱਖਣ ਵਿਸੇਸ਼ਤਾਵਾਂ ਹੁੰਦੀਆਂ ਹਨ ਜਿੰਨ੍ਹਾਂ ਦੇ ਕਰਕੇ ਹੀ ਅਜਿਹੇ ਵਿਅਕਤੀਆਂ ਲਈ ਇਹ ਲਕਬ ਜਾਂ ਸ਼ਬਦ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਲਈ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ‘ਸ਼ਹੀਦ’ ਸ਼ਬਦ ਦਾ ਦੁਰਉਪਯੋਗ ਨਾ ਹੋਵੇ ਅਤੇ ਇਸ ਦੇ ਸਹੀ ਅਰਥਾਂ ਅਤੇ ਉਚਿਤ ਸੰਦਰਭ ਵਿੱਚ ਹੀ ਇਸ ਦੀ ਵਰਤੋਂ ਕੀਤੀ ਜਾਵੇ।

----- 0 -----

ਪ੍ਰਦੀਪ ਮਿੱਤਲ ਮਾਨਸਾ
ਚੰਡੀਗੜ੍ਹ
+919115551989




.