.

ਧਰਮ ਦਾ ਧੰਦਾ

ਹਰ ਧੰਦੇ ਦਾ ਮੁਖ ਮਨੋਰਥ, ਘੱਟ ਤੋਂ ਘੱਟ ਖ਼ਰਚ ਕਰਕੇ, ਵੱਧ ਤੋਂ ਵੱਧ ਮਾਇਕ ਮੁਨਾਫ਼ਾ ਹਾਸਿਲ ਕਰਨਾ ਹੁੰਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਧਰਮ ਦਾ ਧੰਦਾ ਸੰਸਾਰ ਦੇ ਹੋਰ ਸਾਰੇ ਧੰਦਿਆਂ ਵਿੱਚੋਂ ਸੱਭ ਤੋਂ ਜ਼ਿਆਦਾ ਲਾਹੇਵੰਦ ਜਾਂ ਫ਼ਾਇਦੇਮੰਦ ਧੰਦਾ ਹੈ। ਆਓ! ਇਸ ਕਥਨ ਦੀ ਸੱਚਾਈ ਨੂੰ ਤੱਥਾਂ ਦੇ ਆਧਾਰ `ਤੇ, ਬਿਬੇਕਤਾ ਨਾਲ ਬੀਚਾਰੀਏ। {ਧੰਦਾ: ਵਣਜ, ਵਾਪਾਰ, ਬਿਉਹਾਰ, ਕਾਰੋਬਾਰ (business), ਲੈਣ-ਦੇਣ; ਖ਼ਰੀਦ-ਓ-ਫ਼ਰੋਖ਼ਤ, ਮਾਇਆ ਕਮਾਉਣ ਦਾ ਸਾਧਨ/ਵਸੀਲਾ ਜਾਂ ਜੁਗਾੜ।}

ਕੋਈ ਵੀ ਧੰਦਾ/ਕਾਰੋਬਾਰ ਸਥਾਪਿਤ ਕਰਨ ਵਾਸਤੇ ਤਿੰਨ ਮੂਲ ਲੋੜਾਂ ਹੁੰਦੀਆਂ ਹਨ: ਪਹਿਲੀ, ਵਿਓਂਤਬੰਦੀ (planning); ਦੂਜੀ, ਨਿਵੇਸ਼ (investment) ਅਤੇ ਤੀਜੀ, ਧੰਦੇ `ਤੇ ਕੰਮ ਕਰਨ ਵਾਲੇ ਕਾਰਿੰਦੇ ਜਾਂ ਕਰਮਚਾਰੀ। ਪਹਿਲੀਆਂ ਦੋ ਲੋੜਾਂ {ਵਿਓਂਤਬੰਦੀ (planning) ਅਤੇ ਨਿਵੇਸ਼ (investment)} ਧੰਦੇ ਜਾਂ ਵਾਪਾਰ ਦਾ ਮਾਲਿਕ ਪੂਰੀਆਂ ਕਰਦਾ ਹੈ; ਅਤੇ, ਤੀਜੀ ਲੋੜ ਕਾਰੋਬਾਰ ਨੂੰ ਚਲਾਉਣ ਵਾਸਤੇ ਰੱਖੇ ਗਏ ਤਨਖ਼ਾਹਦਾਰ ਕਰਮਚਾਰੀ ਜਾਂ ਕਾਰਿੰਦੇ ਪੂਰੀ ਕਰਦੇ ਹਨ। ਧਰਮ ਦੇ ਧੰਧੇ (ਵਾਪਾਰ) ਦੇ ਠਗਵਾੜੇ ਧਾਂਦਲੀ (ਬਿਉਹਾਰੀ) ਕੇਵਲ ਪਹਿਲੀ ਜ਼ਰੂਰਤ ਹੀ ਪੂਰੀ ਕਰਦੇ ਹਨ; ਅਤੇ ਦੂਜੀਆਂ ਦੋ ਲੋੜਾਂ ਉਹ, ਵਲ-ਛਲ ਨਾਲ, ਅੰਧਵਿਸ਼ਵਾਸੀ ਜਨਤਾ ਤੋਂ ਪੂਰੀਆਂ ਕਰਵਾਉਂਦੇ ਹਨ। ਧਰਮ ਦੇ ਧੰਦੇ ਵਿੱਚ ਨਿਵੇਸ਼ ਸ਼੍ਰੱਧਾਲੂਆਂ ਦਾ ਅਤੇ ‘ਸੇਵਾ’ ਵੀ ਸ਼੍ਰੱਧਾਲੂਆਂ ਦੀ ਹੀ ਹੁੰਦੀ ਹੈ! ਪਰੰਤੂ, ਅੰਧਵਿਸ਼ਵਾਸੀ ਸ਼੍ਰੱਧਾਲੂਆਂ ਤੋਂ ਛਲ-ਕਪਟ ਨਾਲ ਠੱਗੀ ਹੋਈ ਮਾਇਆ ਦੇ ਨਿਵੇਸ਼ ਨਾਲ ਸਥਾਪਿਤ ਕੀਤੇ ਇਸ ਅਤਿਅੰਤ ਲਾਹੇਵੰਦ ਧੰਦੇ ਦੇ ਮਾਲਿਕ ਹੁੰਦੇ ਹਨ: ਪੁਜਾਰੀ (ਨਾਮਧਰੀਕ ਸੇਵਾਦਾਰ) ਅਤੇ ਪੁਜਾਰੀਆਂ ਦੇ ਸਰਪਰਸਤ ਸਮੇਂ ਦੇ ਸ਼ਾਸਕ/ਸਿਆਸਤਦਾਨ (ਜ਼ਾਲਿਮ ਖ਼ਾਨ ਅਤੇ ਮਲਿਕ ਭਾਗੋ)। ਇਹ ਦੋਵੇਂ ਧਰਮ ਦੇ ਧੰਦੇ ਦੀ ਕਮਾਈ ਨਾਲ ਜੋ ਜੋ ਅਯਾਸ਼ੀਆਂ ਕਰਦੇ ਅਤੇ ਮੌਜਾਂ ਮਾਣਦੇ ਹਨ, ਉਹ ਸਾਰਾ ਜੱਗ ਜਾਣਦਾ ਹੈ। “ਹਿੰਙ ਲੱਗੇ ਨਾ ਫਟਕੜੀ ਰੰਗ ਵੀ ਚੋਖਾ ਹੋਏ” ਕਹਾਵਤ ਇਨ੍ਹਾਂ ਹੱਡ-ਰੱਖ ਮੁਰਦਾਰ-ਖ਼ੋਰਾਂ ਵਾਸਤੇ ਹੀ ਘੜੀ ਗਈ ਸੀ। ਇਸ ਅਕਟ ਸੱਚਾਈ ਨੂੰ ਜੇ ਕੋਈ ਸੱਜਨ ਗ਼ਲਤ ਸਾਬਤ ਕਰ ਸਕਦਾ ਹੋਵੇ ਤਾਂ ਜ਼ਰੂਰ ਕਰੇ; ਅਸੀਂ ਉਸ ਦੇ ਧੰਨਵਾਦੀ ਹੋਵਾਂਗੇ!

ਧਰਮ ਦਾ ਧੰਦਾ ਉਤਨਾ ਹੀ ਪੁਰਾਣਾ ਹੈ ਜਿਤਨਾ ਪੁਰਾਣਾ ਪ੍ਰਭੂ-ਪਰਮਾਤਮਾ ਦਾ ਸੰਕਲਪ। ਇਸ ਸੰਕਲਪ ਦੇ ਆਧਾਰ `ਤੇ ਸਾਰੇ ਸੰਸਾਰ ਵਿੱਚ ਅਨੇਕ ਸੰਪਰਦਾਈ ਧਰਮ ਜਾਂ ਫ਼ਿਰਕੂ ਮਜ਼੍ਹਬ (ਹਿੰਦੂ, ਯਹੂਦੀ, ਜੈਨ, ਬੋਧੀ, ਈਸਾਈ, ਨਾਥ/ਯੋਗ ਮੱਤ ਅਤੇ ਇਸਲਾਮ ਆਦਿਕ) ਸਥਾਪਿਤ ਕੀਤੇ ਗਏ। ਇਨ੍ਹਾਂ ਸੰਪਰਦਾਈ ਧਰਮਾਂ (sectarian religions) ਦਾ ਮੂਲ ਮਿਥਿਹਾਸ (mythology), ਮਾਇਆ ਅਤੇ ਸਰਗੁਣ ਭਗਤੀ ਹੈ। ਮਿਥਿਹਾਸ ਰਚਨ ਵਾਲੇ ਵਿੱਦਵਾਨ ਲੇਖਕ, ਬਿਨਾਂ ਸ਼ੱਕ, ਅਗਿਆਨੀ, ਬੇਸਮਝੀ ਦੇ ਬਾਪ, ਅਹੰਬੁੱਧਿ ਦੇ ਰੋਗੀ, ਮੱਕਾਰ ਅਤੇ ਖ਼ੁਦਗ਼ਰਜ਼ ਹੁੰਦੇ ਸਨ/ਹਨ। ਅਤੇ, ਸੰਪਰਦਾਇਕ ਧਰਮਾਂ ਨੂੰ ਮੰਨਣ ਵਾਲੇ ਲੋਕ, ਕੁਦਰਤਨ, ਬਿਬੇਕ-ਹੀਣ, ਬੂਝੜ ਅਤੇ ਅੰਧਵਿਸ਼ਵਾਸੀ ਹੀ ਸਨ/ਹਨ!

(ਮਿਥਿਆ: ਜੋ ਸੱਚ ਨਹੀਂ, ਝੂਠ, ਦਰੋਗ਼, ਸੁਧੀ ਕਲਪਨਾ, ਮਨ-ਘੜਤ ਝੂਠਾ ਕਿੱਸਾ/ਕਹਾਣੀ।)

ਸੰਸਾਰ ਦੇ, ਲਗ ਪਗ, ਸਾਰੇ ਧਰਮ ਅਸੀਮ ਸ੍ਰਿਸ਼ਟੀ ਦੇ ਸ੍ਰਿਸਟਾ/ਸਿਰਜਨਹਾਰ/ਕਰਤਾਰ (Creator) ਜਾਂ ਕਾਦਿਰ ਦੀ ਹੋਂਦ ਅਤੇ ਉਸ ਕਾਦਿਰ ਦੀ ਕੁਦਰਤ (ਪਰਮ ਸ਼ਕਤੀ) ਨੂੰ ਮੰਨਦੇ ਹਨ। ਇਸ ਨਿਰਾਕਾਰ, ਅਮੂਰਤ ਅਤੇ ਅਦ੍ਰਿਸ਼ਟ ਹੋਂਦ/ਸ਼ਕਤੀ ਨੂੰ ਅਨੇਕ ਨਾਮ ਦਿੱਤੇ ਗਏ ਹਨ ਜਿਵੇਂ: ਪ੍ਰਭੂ, ਪਰਮਾਤਮਾ, ਹਰਿ, ਭਗਵਾਨ, ਰੱਬ, ਅਲ੍ਹਾ, ਖ਼ੁਦਾ ਅਤੇ ਗੌਡ (God) ਆਦਿਕ। ਧਰਮ ਦੇ ਧੰਦੇ ਦਾ ਮੂਲ ਵੀ ਇਸ ਅਦ੍ਰਿਸ਼ਟ, ਅਮੂਰਤ, ਅਲਖ ਅਤੇ ਨਿਰਗੁਣ ਕਰਤਾਰ ਨੂੰ ਹੀ ਬਣਾਇਆ ਜਾਂਦਾ ਹੈ। ਅਦ੍ਰਿਸ਼ਟ, ਅਮੂਰਤ ਅਤੇ ਅਲਖ ਕਰਤਾਰ ਦਾ ਕੋਈ ਸਥੂਲ ਵਜੂਦ (ਦੇਹ) ਨਹੀਂ ਹੈ! (ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ; ਅਗਮ ਅਗੋਚਰੁ ਅਲਖ ਅਪਾਰਾ॥)। ਅਜਿਹੇ ਦੇਹ-ਰਹਿਤ, ਸੂਖਮ, ਅਮੂਰਤ ਅਤੇ ਅਦ੍ਰਿਸ਼ਟ ਇਸ਼ਟ ਦੀ ਪੂਜਾ-ਭਗਤੀ ਵੀ ਸੂਖਮ ਮਨ ਨਾਲ ਹੀ ਕੀਤੀ ਜਾ ਸਕਦੀ ਹੈ! ਮਨ/ਹਿਰਦੇ/ਅੰਤਹਕਰਣ ਨਾਲ ਕੀਤੀ ਜਾਣ ਵਾਲੀ ਸੇਵਾ-ਭਗਤੀ ਵਾਸਤੇ ਸਰੀਰਕ ਅੰਗਾਂ ਨਾਲ ਕੀਤੇ ਜਾਂਦੇ ਪਾਖੰਡਾਂ, ਮਾਇਆ ਅਤੇ ਬਾਹਰੀ ਆਡੰਬਰਾਂ ਦੀ ਉੱਕਾ ਹੀ ਕੋਈ ਲੋੜ ਨਹੀਂ ਹੁੰਦੀ! ਪਰੰਤੂ, ਠਗਵਾੜੇ ਪੁਜਾਰੀਆਂ ਨੂੰ ਤਾਂ ਉਸ ਪੂਜਾ-ਭਗਤੀ ਦੀ ਜ਼ਰੂਰਤ ਸੀ/ਹੈ ਜਿਸ ਸਦਕਾ ਸਿੱਧੜ ਲੋਕਾਈ ਤੋਂ ਛਲ-ਕਪਟ ਨਾਲ ਮਾਇਆ ਠੱਗੀ ਜਾ ਸਕੇ! ਇਸ ਤੁੱਛ ਮਕਸਦ ਦੀ ਪੂਰਤੀ ਵਾਸਤੇ ਪਹਿਲਾਂ ਮਿਥਿਹਾਸਕ ਗ੍ਰੰਥਾਂ ਦੀ ਰਚਨਾ ਕੀਤੀ/ਕਰਵਾਈ ਗਈ। ਇਨ੍ਹਾਂ ਗ੍ਰੰਥਾਂ ਵਿੱਚ ਕਈ ਕਾਲਪਨਿਕ ਦੇਵੀ-ਦੇਵਤੇ ਅਤੇ ਫ਼ਰਿਸ਼ਤੇ (Angels, demigods) ਆਦਿਕ ਨੂੰ ਨਾਇਕ, ਇਸ਼ਟ ਜਾਂ ਪੂਜਯ ਪਾਤਰ ਬਣਾਇਆ ਗਿਆ। ਇਨ੍ਹਾਂ ਕਾਲਪਨਿਕ ਪੂਜਯ ਪਾਤਰਾਂ/ਇਸ਼ਟਾਂ ਦੀਆਂ ਕਾਲਪਨਿਕ ਮੂਰਤੀਆਂ ਕਿਆਸੀਆਂ ਤੇ ਤਰਾਸ਼ੀਆਂ ਗਈਆਂ। ਮਨੁੱਖ ਦੁਆਰਾ ਪੱਥਰਾਂ ਵਿੱਚੋਂ ਤਰਾਸ਼ੀਆਂ ਗਈਆਂ ਦੇਵੀ/ਦੇਵਤਿਆਂ ਦੀਆਂ ਇਨ੍ਹਾਂ ਸਥੂਲ ਮੂਰਤੀਆਂ ਦੀ ਸਥਾਪਨਾ ਕਰਕੇ ਪੂਜਾ ਕਰਨ/ਕਰਵਾਉਣ ਵਾਸਤੇ ਦੇਵ/ਦੇਵੀ ਮੰਦਿਰ ਉਸਾਰ ਲਏ ਗਏ। ਇਨ੍ਹਾਂ ਦੇਵਮੰਦਿਰਾਂ ਵਿੱਚ ਕਾਲਪਨਿਕ ਪੂਜਯ ਪਾਤਰਾਂ/ਇਸ਼ਟਾਂ ਦੀਆਂ ਨਿਰਜਿੰਦ ਮੂਰਤੀਆਂ ਦੀ ਦੇਖ-ਰੇਖ ਅਤੇ ਪੂਜਾ-ਭਗਤੀ ਕਰਨ-ਕਰਵਾਉਣ ਵਾਸਤੇ ਪੁਜਾਰੀ ਸ਼੍ਰੇਣੀ ਹੋਂਦ ਵਿੱਚ ਆਈ। ਇਸ ਪੁਜਾਰੀ ਸ਼੍ਰੇਣੀ ਨੇ ਲੋਕਾਂ ਨੂੰ ਠੱਗਣ/ਲੁੱਟਣ ਲਈ ਅਣਗਿਣਤ ਤਰ੍ਹਾਂ ਦੇ ਕਰਮਕਾਂਡ (rituals) ਈਜਾਦ ਕਰ ਲਏ। ਇਨ੍ਹਾਂ ਨਿਰਾਰਥਕ ਕਰਮਕਾਂਡਾਂ ਦੀ ਸੰਪੱਨਤਾ ਵਾਸਤੇ ਕਰਮਾਕਾਰੀ (ਕਰਮਕਾਂਡੀ) ਪੁਜਾਰੀ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਨੂੰ, ਪੱਥਰ ਦੀਆਂ ਮੂਰਤੀਆਂ ਲਈ, ਭੇਟਾ ਦੇ ਨਾਮ `ਤੇ ਬੇਰਹਿਮੀ ਨਾਲ ਠੱਗਦੇ ਸਨ/ਹਨ! !

ਭਾਰਤ ਵਿੱਚ ਪ੍ਰਾਚੀਨਤਮ ਜਾਂ ਮੁੱਢਲਾ ਸੰਪਰਦਾਈ ਧਰਮ ਹਿੰਦੂ ਧਰਮ ਹੈ। ਇਸ ਸੰਪਰਦਾਈ ਸੰਕੀਰਨ ਧਰਮ ਦੀ ਸਥਾਪਨਾ ਦਾ ਵਿਵਸਥਿਤ ਸਿਲਸਿਲਾ ਵੀ ਉਪਰ ਲਿਖੇ ਅਨੁਸਾਰ ਹੀ ਹੈ। ਪਰੰਤੂ, ਗੁਰਬਾਣੀ ਵਿੱਚ ਧੰਦੇ ਵਾਲੇ ਸੰਸਾਰਕ ਧਰਮ ਦੀ ਸਥਾਪਨਾ ਦੇ ਉਪਰੋਕਤ ਸਿਲਸਲੇ ਦਾ ਪੂਰਣ ਤੌਰ `ਤੇ ਖੰਡਨ ਕੀਤਾ ਗਿਆ ਹੈ।

ਇਤਿਹਾਸਿਕ ਯੁੱਗ ਵਿੱਚ ਵਿਚਰੀਆਂ ਕੁੱਝ ਇੱਕ ਹਸਤੀਆਂ ਨੂੰ ਪੁਜਾਰੀਆਂ ਵੱਲੋਂ ਕਈ ਨਾਮ ਦਿੱਤੇ ਗਏ ਹਨ ਜਿਵੇਂ: ਪੈਗ਼ੰਬਰ, ਨਬੀ, ਮਸੀਹਾ, ਰਸੂਲ ਅਤੇ ਅਵਤਾਰ ਆਦਿ। ਪੁਜਾਰੀਆਂ ਨੇ, ਆਪਣੇ ਸਵਾਰਥ ਦੀ ਖ਼ਾਤਿਰ, ਇਨ੍ਹਾਂ ਸ਼ਖ਼ਸੀਅਤਾਂ ਦੇ ਜੀਵਨ ਨਾਲ ਕਈ ਕਾਲਪਨਿਕ ਕਰਾਮਾਤੀ ਕਥਾ-ਕਹਾਣੀਆਂ ਜੋੜ ਕੇ ਇਨ੍ਹਾਂ ਦੀਆਂ ਇਤਿਹਾਸਿਕ ਸ਼ਖ਼ਸੀਅਤਾਂ ਨੂੰ ਮਿਥਿਹਾਸਿਕ ਬਣਾ ਕੇ ਉਨ੍ਹਾਂ ਦੀਆਂ ਵੀ ਮੂਰਤੀਆਂ ਘੜ/ਘੜਵਾ ਲਈਆਂ ਹਨ। ਇਸ ਤਰ੍ਹਾਂ, ਉਨ੍ਹਾਂ ਇਤਿਹਾਸਿਕ ਮਹਾਂਪੁਰਖਾਂ ਦੀ ਨਿਰਜਿੰਦ ਮੂਰਤੀਆਂ ਵਾਂਙ ਹੀ ਪੂਜਾ-ਭਗਤੀ ਕੀਤੀ-ਕਰਵਾਈ ਜਾਂਦੀ ਹੈ।

ਭਾਰਤ ਵਿੱਚ ਕੁੱਝ ਇੱਕ ਮੱਤ (ਫ਼ਲਸਫ਼ੇ) ਅਜਿਹੇ ਹਨ ਜਿਨ੍ਹਾਂ ਦਾ ਆਧਾਰ ਨਿਰਗੁਣ ਭਗਤੀ, ਆਤਮਗਿਆਨ ਅਤੇ ਬਿਬੇਕ-ਬੁੱਧਿ ਹੈ। ਜਿਵੇਂ ਕਿ, ਸੂਫ਼ੀ ਮੱਤ; ਅਤੇ, ਗੁਰਮਤਿ ਦਾ ਸੱਚ ਧਰਮ ਜਾਂ ਨਿਰਮਲ ਧਰਮ ਆਦਿ। ਇਹ ਧਰਮ ਸੰਪਰਦਾਇਕ/ਫ਼ਿਰਕੂ ਜਾਂ ਸੰਕੀਰਨ ਧਰਮ ਨਹੀਂ ਹਨ; ਸਗੋਂ, ਇਹ ਧਰਮ ਵਿਸ਼ਵ-ਵਿਆਪੀ ਸੰਪੂਰਨ ਧਰਮ ਹਨ ਜੋ ਸਾਰੀ ਮਨੁੱਖਤਾ ਹਿਤ ਹੋਂਦ ਵਿੱਚ ਲਿਆਂਦੇ ਗਏ। ਇਨ੍ਹਾਂ ਨਿਰਮਲ ਧਰਮਾਂ ਦੀ ਆਧਾਰ-ਸ਼ਿਲਾ ਨਿਰਗੁਣ ਭਗਤੀ, ਸੱਚਾ ਵਿਸ਼ਵਾਸ, ਬਿਬੇਕ, ਗਿਆਨ ਅਤੇ ਨੈਤਿਕਤਾ ਹੈ! ਸੰਪੂਰਨ ਧਰਮਾਂ ਦੇ ਫ਼ਲਸਫ਼ੇ ਵਿੱਚ ਮਿਥਿਹਾਸ (ਝੂਠ ਜਾਂ ਦਰੋਗ਼) ਨੂੰ ਮੂਲੋਂ ਹੀ ਨਕਾਰਿਆ ਗਿਆ ਹੈ। ਅਤੇ, ਇਨ੍ਹਾਂ ਸੱਚੇ ਧਰਮਾਂ ਵਿੱਚ ਮੋਈ ਮਾਇਆ ਦੀ ਵੀ ਕੋਈ ਭੂਮਿਕਾ ਨਹੀਂ ਹੈ! !

ਗੁਰੂਕਾਲ ਵਿੱਚ ਗੁਰਮੱਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਸਾਰੇ ਗਏ ਭਵਨ ਨੂੰ ਧਰਮ ਮੰਦਿਰ ਜਾਂ ਧਰਮਸ਼ਾਲਾ ਕਿਹਾ ਜਾਂਦਾ ਸੀ। ਧਰਮ ਮੰਦਿਰ ਇਸ ਲਈ ਕਿਉਂਕਿ ਉੱਥੇ ਆਏ ਆਤਮਗਿਆਨ ਦੇ ਜਿਗਿਆਸੂਆਂ/ਸਿੱਖਾਂ ਨੂੰ ਨਿਰੋਲ ਗੁਰਬਾਣੀ ਦੀ ਸ਼ੁੱਧ ਵਿਆਖਿਆ ਕਰਕੇ ਗੁਰਮੱਤ-ਗਿਆਨ (ਧਰਮ ਦੀ ਵਿੱਦਿਆ) ਰਾਹੀਂ ਆਤਮਗਿਆਨ ਪ੍ਰਦਾਨ ਕੀਤਾ ਜਾਂਦਾ ਸੀ। ਅਤੇ, ਧਰਮਸ਼ਾਲ ਇਸ ਲਈ ਕਿਉਂਕਿ, ਧਰਮ ਮੰਦਿਰ ਵਿੱਚ ਬਾਹਰੋਂ ਆਏ ਸ਼੍ਰੱਧਾਲੂ ਸਿੱਖਾਂ ਨੂੰ, ਬਿਨਾਂ ਕਿਸੇ ਖਰਚੇ ਦੇ, ਨਿਵਾਸ ਅਤੇ ਸਾਦਾ ਭੋਜਨ ਮਿਲਦਾ ਸੀ। ਗੁਰੂ-ਕਾਲ ਦੇ ਖ਼ਤਮ ਹੁੰਦਿਆਂ ਹੀ ਮਾਇਆਧਾਰੀ ਲੋਭੀ ਪੁਜਾਰੀਆਂ ਨੇ ਧਰਮ ਮੰਦਿਰ (ਧਰਮ ਕਮਾਉਣ ਦੀ ਥਾਂ) ਨੂੰ “ਗੁਰੂਦਵਾਰਾ ਜਾਂ ਗੁਰੂਦੁਆਰਾ” ਦਾ ਨਾਮ ਦੇ ਕੇ ਗੁਰੂਦਵਾਰਿਆਂ ਵਿੱਚ ਧਰਮ ਦਾ ਧੰਦਾ ਸਥਾਪਿਤ ਕਰ ਲਿਆ।

ਗੁਰੂਦਵਾਰਿਆਂ ਵਿੱਚ ਧਰਮ ਦਾ ਧੰਦਾ ਸਥਾਪਿਤ ਕਰਨ ਵਾਸਤੇ ਧਰਮ ਦੇ ਸ਼ਾਤਰ ਧਾਂਦਲੀਆਂ ਦੁਆਰਾ ਸੰਪਰਦਾਇਕ ਹਿੰਦੂ ਧਰਮ ਦੀ ਸਥਾਪਨਾ ਵਾਲੇ ਸੰਸਾਰਕ ਸਿਲਸਲੇ ਨੂੰ ਅਪਣਾਉਂਦਿਆਂ ਸੱਭ ਤੋਂ ਪਹਿਲਾਂ ਗੁਰਮਤਿ-ਵਿਰੋਧੀ ਕਈ ਕੂੜ ਕਿਤਾਬਾਂ (ਦਸਮਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬਿਲਾਸ, ਮਨ ਘੜੰਤ ਸਾਖੀਆਂ ਤੇ ਕਥਾ-ਕਹਾਣੀਆਂ, ਰਹਿਤਨਾਮੇ ਅਤੇ “ਸਿੱਖ ਰਹਿਤ ਮਰਿਆਦਾ” ……ਆਦਿ) ਦੀ ਰਚਨਾ ਕੀਤੀ/ਕਰਵਾਈ ਗਈ। ਇਨ੍ਹਾਂ ਕਿਤਾਬਾਂ ਵਿੱਚ ਗੁਰਮਤਿ ਦੇ ਸਿੱਧਾਂਤਾਂ/ਨਿਯਮਾਂ ਨੂੰ ਪੂਰੀ ਤਰ੍ਹਾਂ ਪਰੋਖੇ ਰੱਖ ਕੇ, ਕਿਸੇ ਇੱਕ ਕੂੜ-ਕਿਤਾਬ ਦੇ ਹਵਾਲੇ ਨਾਲ ਗਿਆਨ ਦੇ ਸਰੋਤ ਗੁਰਬਾਣੀ ਗ੍ਰੰਥ ਦੀ ਬੀੜ ਨੂੰ ਪ੍ਰਗਟ ਗੁਰਾਂ ਕੀ ਦੇਹ ਦਾ ਦਰਜਾ ਦੇ ਦਿੱਤਾ ਗਿਆ! ! ਸਦੀਆਂ ਤੋਂ ਗਿਆਨ ਦੇ ਅਦੁੱਤੀ ਸੋਮੇ ਗੁਰਬਾਣੀ ਗ੍ਰੰਥ ਦੀ ਬੀੜ (ਪ੍ਰਗਟ ਗੁਰਾਂ ਕੀ ਦੇਹ” ) ਦੀ, ਮੰਦਿਰਾਂ ਵਿੱਚ ਸਥਾਪਿਤ ਨਿਰਜਿੰਦ ਮੂਰਤੀਆਂ ਵਾਂਙ ਹੀ ਕਰਮਕਾਂਡੀ ਪੂਜਾ-ਅਰਚਨਾ ਕੀਤੀ/ਕਰਵਾਈ ਜਾ ਰਹੀ ਹੈ।

ਉਪਰੋਕਤ ਕੂੜ ਗ੍ਰੰਥਾਂ ਅਤੇ “ਸਿੱਖ ਰਹਿਤ ਮਰਿਆਦਾ” ਦੇ ਆਧਾਰ `ਤੇ ਸੰਪਰਦਾਈ ‘ਸਿੱਖ ਧਰਮ’ ਅਤੇ ‘ਸਿੱਖ ਸੰਪਰਦਾ’ ਦੀ ਸਥਾਪਨਾ ਕਰ ਲਈ ਗਈ! ਸਿੱਖ ਸੰਪਰਦਾ ਨੂੰ ਪ੍ਰਮਾਣਿਤ ਬਣਾਉਣ ਲਈ ਇਸ ਸੰਪਰਦਾ/ਫ਼ਿਰਕੇ ਦਾ ਖ਼ਾਸ ਭੇਖ ਵੀ ਨਿਰਧਾਰਤ ਕਰ ਲਿਆ ਗਿਆ! ਸੰਪਰਦਾਈ ‘ਸਿੱਖ ਧਰਮ’ ਅਤੇ ਸਿੱਖ ਸੰਪਰਦਾ ਨੂੰ ਪ੍ਰਮਾਣਿਤ ਬਣਾਉਣ ਵਾਸਤੇ ਧਰਮ ਦੇ ਬਿਉਹਾਰੀਆਂ ਦੁਆਰਾ ਇਸ ਧਰਮ ਨੂੰ “ਨਾਨਕ ਪੰਥ” ਦਾ ਨਾਮ ਦੇ ਦਿੱਤਾ ਗਿਆ! ਜਦਕਿ, ਪੁਜਾਰੀਆਂ ਦੁਆਰਾ ਸਥਾਪਿਤ ਕੀਤੇ ਸੰਪਰਦਾਈ ‘ਸਿੱਖ ਧਰਮ’ ਅਤੇ ‘ਸਿੱਖ ਸੰਪਰਦਾ’ ਦਾ ਨਾਨਕ-ਬਾਣੀ ਜਾਂ ਸਾਰੀ ਗੁਰਬਾਣੀ ਵਿੱਚ ਕੋਈ ਜ਼ਿਕਰ ਤਕ ਨਹੀਂ ਹੈ! ਹੁਣ, ਸੰਪਰਦਾਇਕ ਸਿੱਖ ਧਰਮ ਅਤੇ ਸਿੱਖ ਫ਼ਿਰਕੇ ਨੂੰ ਸਿੱਖ ਪੰਥ ਤੇ ਖ਼ਾਲਸਾ ਪੰਥ ਵੀ ਕਿਹਾ ਜਾਂਦਾ ਹੈ! ਯਾਦ ਰਹੇ ਕਿ ਗੁਰਬਾਣੀ ਗ੍ਰੰਥ ਵਿੱਚ ਸੰਪਰਦਾਈ ਸੰਸਾਰਕ ਧਰਮਾਂ ਅਤੇ ਧਾਰਮਿਕ ਭੇਖਾਂ ਦਾ ਪੁਰਜ਼ੋਰ ਖੰਡਨ ਕੀਤਾ ਗਿਆ ਹੈ! ! !

ਸਤਗੁਰੂ ਦਾ ਇੱਕ ਸਤਬਚਨ ਹੈ:

ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥ ਗੂਜਰੀ ਮ: ੫

‘ਸਿੱਖ ਧਰਮ” ਦੇ ਬਿਉਹਾਰੀਆਂ ਦਾ ਇਸ਼ਟ ਮਾਇਆ ਹੈ। ਮਾਇਆਮੂਠੇ ਪੁਜਾਰੀਆਂ ਨੇ ਆਪਣੇ ਸਵਾਰਥ ਦੀ ਖ਼ਾਤਿਰ ਧਰਮ ਮੰਦਿਰ (ਧਰਮ ਕਮਾਉਣ ਦੀ ਥਾਂ) ਨੂੰ ਮਾਇਆ ਮੰਦਿਰ (ਮਾਇਆ ਕਮਾਉਣ ਦੀ ਥਾਂ) ਵਿੱਚ ਬਦਲ ਦਿੱਤਾ ਹੈ! ਉਨ੍ਹਾਂ ਦੀ ਇਸ ਕਾਲੀ ਕਰਤੂਤ ਕਾਰਣ ਗੁਰੂਦਵਾਰਿਆਂ ਨੂੰ ਹੁਣ ਧਰਮ ਮੰਦਿਰ (ਧਰਮ ਕਮਾਉਣ ਦੀ ਥਾਂ) ਕਹਿਣ ਦੀ ਬਜਾਏ ਮਾਇਆ ਮੰਦਿਰ (ਮਾਇਆ ਕਮਾਉਣ ਦੀ ਥਾਂ) ਕਹਿਣਾ ਵਧੇਰੇ ਜਚਦਾ ਹੈ! ! ! ਇਸ ਕੌੜੇ ਪਰ ਸੱਚੇ ਕਥਨ ਦੀ ਸੱਚਾਈ ਉੱਤੇ ਅਗਲੇਰੇ ਪੰਨਿਆਂ ਉੱਤੇ ਵਿਸਤ੍ਰਿਤ ਵਿਚਾਰ ਕੀਤੀ ਜਾਵੇਗੀ!

ਚਲਦਾ……

ਗੁਰਇੰਦਰ ਸਿੰਘ ਪਾਲ

ਅਪ੍ਰੈਲ 26, 2022.




.