.

ਕਸਾਈ ਹੁਕਮਰਾਨ


“ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡ ਰਹਿਆ” ਅੰਗ. (੧੪੫) ਇਹ ਸ਼ਬਦ ਗੁਰੂ ਨਾਨਕ ਦੇਵ ਜੀ ਵਲੋਂ ਆਪਣੇ ਪਰਗਟ ਹੋਣ ਸਮੇਂ ਰਾਜਿਆਂ ਵਲੋਂ ਪਰਜਾ ਉਪਰ ਕੀਤੇ ਜਾ ਰਹੇ ਜ਼ੁਲਮ ਬਾਰੇ ਉਚਾਰੇ ਗਏ ਸਨ। ਇਸ ਤੋਂ ਪਹਿਲਾਂ ਅਤੇ ਉਸ ਸਮੇਂ ਕੀਤੇ ਜਾ ਰਹੇ ਹਾਕਮਾਂ ਵਲੋਂ ਜ਼ੁਲਮ ਅਤੇ ਧਾਰਮਿਕ ਆਗੂਆਂ ਵਲੋਂ ਨਿਭਾਏ ਗਏ ਅਤੇ ਨਿਭਾਏ ਜਾ ਰਹੇ ਕਰਮਾਂ ਬਾਰੇ ਇਤਿਹਾਸਕਾਰਾਂ ਨੇ ਬਹੁਤ ਕੁੱਛ ਲਿਖਿਆ ਹੈ। ਇਨ੍ਹਾਂ ਵਿੱਚ ਗਜ਼ਨਵੀ, ਗੌਰੀ, ਤੁਗਲਕ, ਲੋਧੀ, ਮੁਗਲ ਆਦਿ ਹੁਕਮਰਾਨ ਅਤੇ ਧਾਰਮਿਕ ਆਗੂ ਬ੍ਰਾਹਮਣ, ਕਾਜ਼ੀ, ਜੋਗੀ ਆਦਿ ਖਾਸ ਜ਼ਿਕਰਯੋਗ ਹਨ। ਇਸ ਬਾਰੇ ਹੋਰ ਲਿਖਣ ਦੀ ਲੋੜ ਨਹੀਂ। ਹੁਣ ਦੇ ਵਿਸ਼ੇ ਵਿੱਚ ਅੱਜ ਦੇ ਹੁਕਮਰਾਨਾਂ ਵਲੋਂ ਦੇਸ ਅਤੇ ਦੇਸ ਦੀ ਪਰਜਾ ਸਬੰਧੀ ਵਤੀਰੇ ਬਾਰੇ ਖਾਸ ਤਵੱਜਾ ਦਿੱਤੀ ਜਾਵੇਗੀ। ਕਿਉਂਕਿ ਗੁਰੂ ਸਾਹਿਬ ਵਲੋਂ “ਤਖਤ ਬਹੈ ਤਖਤੈ ਕੀ ਲਾਇਕ” (ਅੰਗ. ੧੦੩੯) ਸਬੰਧੀ ਖਾਸ ਅਹਿਮੀਅਤ ਦਿੱਤੀ ਗਈ ਸੀ।
ਇਸ ਸਬੰਧੀ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਹਾਰਾਜਾ ਰਣਜੀਤ ਸਿੰਘ ਨੇ ਦੁਨੀਆਂ ਅੱਗੇ ਰਾਜ ਕਰਨ ਦੀ ਮਿਸਾਲ ਪੇਸ਼ ਕਰ ਦਿੱਤੀ ਸੀ ਤਾਕਿ ਅੱਗੇ ਵਾਸਤੇ ਦੁਨੀਅਂ ਵਿੱਚ ਰਾਜੇ ਐਸਾ ਰਾਜ ਕਰਨ ਜਿੱਸ ਨਾਲ ਪਰਜਾ ਸੁਖੀ ਵਸੇ ਅਤੇ ਦੇਸ ਹਰ ਤਰ੍ਹਾਂ ਤਰੱਕੀ ਕਰਨ। ਸਿੱਖ ਰਾਜ ਚਲੇ ਜਾਣ ਬਾਅਦ ਅੰਗ੍ਰੇਜ਼ਾਂ ਨੇ ਜੋ ਭਾਰਤ ਵਾਸੀਆਂ ਤੇ ਹੱਦੋਂ ਬਾਹਰ ਜ਼ੁਲਮ ਢਾਏ ਅਤੇ ਇੰਨਸਾਫ ਲਈ ਲੜਨ ਵਾਲਿਆਂ ਨੂੰ ਫਾਂਸੀ ਤੇ ਚਾੜ੍ਹਨ ਦੀ ਝੜੀ ਲਾ ਦਿੱਤੀ (ਜਦਕਿ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਭੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਗਈ ਸੀ) ਅਤੇ ਜੇਲ੍ਹਾਂ ਵਿੱਚ ਬੰਦ ਕੀਤੇ। ਵਿਦੇਸ਼ਾਂ ਵਿੱਚੋਂ ਕਰਤਾਰ ਸਿੰਘ ਸਰਾਭਾ ਵਰਗੇ ਅਤੇ ਦੇਸ ਵਿੱਚੋਂ ਭਗਤ ਸਿੰਘ ਵਰਗੇ ਨੌਜਵਾਨਾਂ ਨੇ ਦੇਸ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਚੁੰਮ ਲਏ ਅਤੇ ਸੁਭਾਸ਼ ਚੰਦਰ ਬੋਸ ਅਤੇ ਜਨਰਲ ਮੋਹਨ ਸਿੰਘ ਨੇ ਜ਼ਿੰਦਗੀ ਦਾਅ ਤੇ ਲਾ ਦਿੱਤੀ ਤਾਕਿ ਦੇਸ ਦਾ ਹਰ ਵਰਗ ਆਜ਼ਾਦੀ ਦਾ ਅਨੰਦ ਮਾਣ ਸਕੇ। ਆਜ਼ਾਦੀ ਮਿਲ ਗਈ ਅਤੇ ਹੱਥ ਆਈ ਉਨ੍ਹਾਂ ਦੇ ਜਿਨ੍ਹਾਂ ਨੇ ਸਤਿਅਗ੍ਰਹਿ ਰਾਹੀਂ, ਦੇਸ ਦੇ ਨੌਜਵਾਨਾਂ ਤੇ ਅਤਿ ਦਾ ਅਤਿਆਚਾਰ ਕਰਨ ਵਾਲੇ ਅੰਗ੍ਰੇਜ਼ ਹਾਕਮਾਂ ਨੂੰ ਕਿਸੇ ਤਰ੍ਹਾਂ ਦਾ ਕਸ਼ਟ ਹੋਏ ਬਿਨਾਂ ਦੇਸ ਨੂੰ ਛੱਡਣ ਦਾ ਰਾਹ ਪੱਧਰਾ ਕੀਤਾ, ਕੁਰਬਾਨੀਆਂ ਕਰਨ ਵਾਲੇ ਨੌਜਵਾਨਾਂ ਨੂੰ ਦਹਿਸ਼ਤਗਰਦ ਕਿਹਾ ਅਤੇ ਕੌਮਨਵੈਲਥ ਵਰਗੀ ਸੰਸਥਾ ਰਾਹੀਂ ਅਧੀਨਗੀ ਭੀ ਗਲ ਪਾ ਲਈ। ਮੁੜ ਦੇਸ, ਅੰਗਰੇਜ਼ ਹਾਕਮਾਂ ਵਰਗੇ ਉਨ੍ਹਾਂ ਅਮੀਰ ਲੋਕਾਂ ਦਾ ਐਸਾ ਗੁਲਾਮ ਬਣਿਆਂ ਜੋ ਆਜ਼ਾਦੀ ਦੀ ਲੜਾਈ ਵਿੱਚ ਪਾਂ ਪਾਸਕ ਹਿੱਸਾ ਪਾ ਕੇ ਧੜੱਲੇਦਾਰ ਹਾਕਮ ਬਣ ਗਏ।
ਸਾਰੀ ਦੁਨੀਆਂ ਵਿੱਚ ਦੇਖਿਆ ਜਾਵੇ ਤਾ ਪਤਾ ਚਲਦਾ ਹੈ ਕਿ ਅਮੀਰ ਹਾਕਮਾਂ ਨੇ ‘ਉਲਟੀ ਵਾੜ ਖੇਤ ਕੋ ਖਾਈ’ ਅਨੁਸਾਰ, ਗਰੀਬਾਂ ਬਾਰੇ ਸੋਚਣ ਦੀ ਬਜਾਏ ਆਪਣੇ, ਆਪਣੇ ਟੱਬਰ ਅਤੇ ਆਪਣੀ ਪਾਰਟੀ ਬਾਰੇ ਹੀ ਸੋਚਿਆ ਤੇ ਕੀਤਾ। ਹਾਂ ਪਰ ਬੜੇ ਧੜੱਲੇਦਾਰ ਲੈਕਚਰਾਂ ਰਾਹੀ ਗਰੀਬਾਂ ਦੀ ਗਰੀਬੀ ਦੂਰ ਕਰਨ, ਹਰ ਇੱਕ ਨੂੰ ਕੰਮ ਦੇਣ ਅਤੇ ਗਰੀਬਾਂ ਨੂੰ “ਅਵਾਸ ਯੋਜਨਾ” ਤਹਿਤ ਪੱਕੇ ਘਰ ਬਣਾਉਣ ਆਦਿ ਦੇ ਲਾਰੇ ਲਾ ਲਾ ਕੇ ਭਰਮਾਉਣ ਦੇ ਹਰਬੇ ਵਰਤੇ ਤੇ ਵਰਤਦੇ ਆ ਰਹੇ ਹਨ। ਜਦ ਕਿ ਇਨ੍ਹਾਂ ਲਾਰਿਆਂ ਰਾਹੀਂ ਕੁਰਸੀ ਤਾਂ ਹਾਸਲ ਕਰ ਲਈ ਪਰ ਲਾਰੇ ਪੂਰੇ ਕਰਨ ਦੀ ਗੱਲ ਤਾਂ ਦੂਰ ਰਹੀ। ਹੋਰ ਕਿਸੇ ਬਾਰੇ ਲਿਖਣ ਨੂੰ ਛੱਡ ਕੇ, ਬੰਗਾਲ ਦੀਆਂ ਚੋਣਾਂ ਸਮੇਂ ਇੱਕ ਬੀਬੀ ਨੂੰ ਪ੍ਰਧਾਨ ਮੰਤਰੀ (ਪ੍ਰਧਾਨ ਮੰਤਰੀ ਅਤੇ ਬੀਬੀ ਦੀ ਫੋਟੋ ਸਮੇਤ) ਵਲੋਂ ਚੌਵੀ ਲੱਖ ਦੀ ਲਾਗਤ ਨਾਲ “ਅਵਾਸ ਯੋਜਨਾ” ਤਹਿਤ ਪੱਕਾ ਘਰ ਬਣਾ ਕੇ ਦੇਣ ਦੀ ਖਬਰ ਅਖਬਾਰਾਂ ਵਿੱਚ ਛਪੀ। ਇਸ ਬਾਰੇ ਬੀਬੀ ਨੂੰ ਪੁੱਛਣ ਤੇ ਬੀਬੀ ਨੇ ਦੱਸਿਆ ਕਿ ਮਕਾਨ ਤਾ ਕੋਈ ਨਹੀਂ ਉਹ ਤਾਂ “ਪੰਜ ਸੌ” ਰੁਪਏ ਕਰਾਏ ਵਿੱਚ ਛੋਟੇ ਜਿਹੇ ਮਕਾਨ ਵਿੱਚ ਛੇ ਪਰਿਵਾਰਕ ਮੈਂਬਰਾਂ ਨਾਲ ਰਹਿ ਰਹੀ ਹੈ। ਪਰਧਾਨ ਮੰਤਰੀ ਜੀ ਨੇ ਇੱਸ ਤਰ੍ਹਾਂ ਦੇ ਕਿਤਨੇ ਕੁ ਝੂਠ ਬੋਲੇ ਹੋਣਗੇ, ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਇੱਥੇ ਮੋਦੀ ਜੀ ਤੇ ਜਪੁ ਜੀ ਸਾਹਿਬ ਦੀ ਸਤਾਰਵੀਂ ਪੌੜੀ ਵਿਖੇ ਦਿੱਤੀ ਸਤਰ ‘ਅਸੰਖ ਕੂੜਿਆਰ ਕੂੜੇ ਫਿਰਾਹਿ। ॥’ ਖੂਬ ਢੂੱਕਦੀ ਹੈ। ਨਾਲ ਦੀ ਨਾਲ ਨੋਟ-ਬੰਦੀ ਤੋਂ ਲੈ ਕੇ ਹੁਣ ਤੱਕ ‘ਅਸੰਖ ਅਮਰ ਕਰਿ ਜਾਹਿ ਜੋਰਿ’ ਵਾਲੀ ਸਤਰ, ਅਨੁਸਾਰ ਰਾਜ ਦੇ ਜੋਰਿ ਨਾਲ ਕੀਤੇ ਕੰਮਾਂ ਕਰਕੇ ਮਮਤਾ ਬੈਨਰਜੀ, ਮੁੱਖ ਮੰਤਰੀ ਤੋਂ ਲੈ ਕੇ ਆਮ ਜੰਤਾ’ ‘ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥’ ਅਨੁਸਾਰ ਮੋਦੀ ਜੀ ਦੀ ਨਖੇਧੀ ਕਰਦੀ ਹੈ।
ਇਸ ਸੰਦਰਭ ਵਿੱਚ ਅੱਜ-ਕੱਲ ਦੇ ਦੁਨੀਆਂ ਭਰ ਦੇ ਹਾਕਮਾਂ ਦੀ ਕਾਰਗੁਜ਼ਾਰੀ ਦੇਖੀ ਜਾ ਸਕਦੀ ਹੈ, ਜਿੱਥੇ ਕਿ ਵਿਰੋਧੀਆ ਨੂੰ ਛੋਟੇ ਮੋਟੇ ਇਲਜ਼ਾਮ ਲਾ ਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ। ਇੱਥੇ ਇੱਕ ਮਿਸਾਲ ਰੂਸ ਦੇ ਵਿਰੋਧੀ ਨੂੰ ਪਹਿਲਾਂ ਮਾਰਨ ਤੇ ਬਚ ਕੇ ਆਏ ਨੂੰ ਜੇਲ੍ਹ ਵਿੱਚ ਸੁੱਟਣ ਦੀ, ਦੇ ਨਾਲ ਪੰਜਾਬ ਦੇ ਖਾਸ ਕਰਕੇ ਦੋ ਮੁੱਖ ਮੰਤਰੀਆਂ ਬਿਅੰਤ ਸਿੳਂ (ਲੋਕਾਂ ਅਨੁਸਾਰ ‘ਪੰਜਾਬ ਦਾ ਬੁੱਚੜ’ ) ਤੇ ਮਿਸਟਰ ਬਾਦਲ ਨੇ ਜੋ ਰਾਜ ਦੇ ਜ਼ੋਰ ਨਾਲ ਕੀਤਾ ਉੱਸ ਨੇ ਘਰ ਘਰ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ। ਇੱਸ ਬਾਰੇ ਬਹੁਤ ਲਿਖਣ ਦੀ ਲੋੜ ਨਹੀਂ, ਉਨ੍ਹਾਂ ਦਿਨਾਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ।
ਭਾਰਤ ਦੀ ਗੱਲ ਕਰੀਏ ਤਾਂ ਮੋਦੀ ਜੀ ਨੇ ਪਹਿਲੀ ਵਾਰ ਪ੍ਰਧਾਨ ਬਣਨ ਤੋਂ ਪਹਿਲਾਂ ਧੜੱਲੇਦਾਰ ਲੈਕਚਰਾਂ (ਜਿੱਸ ਵਿੱਚ ਮੋਦੀ ਜੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ) ਰਾਹੀਂ ਲੋਕਾਂ ਦਾ ਮਨ ਜਿੱਤ ਲਿਆ ਤੇ ਸੱਤਾ ਹਾਸਲ ਕਰ ਲਈ। ਪਰ ਕੁਰਸੀ ਤੇ ਬੈਠ ਕੇ ਜੋ ਹੁਣ ਤੱਕ ਕੀਤਾ ਉੱਸ ਬਾਰੇ ਅਖਬਾਰਾਂ ਵਿੱਚ ਲੇਖਾਂ ਦੇ ਲੇਖ ਲਿਖੇ ਮਿਲਦੇ ਹਨ ਕਿ ਮੋਦੀ ਜੀ ਵਲੋਂ ਜ਼ਮੀਨੀ ਤੌਰ ਤੇ ਕੀਤੇ ਕੰਮ ਕੁੱਝ ਕੁ ਅਮੀਰ ਖਾਨਦਾਨਾਂ ਤੋਂ ਬਗੈਰ ਆਮ ਜੰਤਾ ਪਹਿਲਾਂ ਨਾਲੋਂ ਭੀ ਦੁਖੀ ਹੈ, ਜਿੱਸ ਬਾਰੇ ਬਹੁਤ ਲਿਖਣ ਦੀ ਲੋੜ ਨਹੀਂ। ਸ. ਮਨਮੋਹਣ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਨੇ ਮੋਦੀ ਜੀ ਨੂੰ ਕਈ ਬਾਰ ਸੁਚੱਜੀ ਸਲਾਹ ਭੀ ਦਿੱਤੀ ਜਿੱਸਦਾ ਕੋਈ ਅਸਰ ਨਹੀਂ ਹੋਇਆ ਜਾਪਦਾ। ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਦੇ ਬਿਲਕੱਲ ਹੀ ਕਾਬਲ ਨਹੀਂ। ਹਾਂ ਆਪਣੀ ਪ੍ਰਸਿੱਧੀ ਲਈ ਹਰ ਤਰ੍ਹਾਂ ਦੇ ਢੌਂਗ ਰਚਣ ਲਈ ਹਰ ਵੇਲੇ ਤੱਤਪਰ ਹੈ, ਜਿੱਸ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਬੰਗਾਲ ਦੀ ਚੋਣ ਜਿੱਤਣ ਲਈ ਮੋਦੀ ਜੀ ਤੇ ਅਮਿੱਤ ਸ਼ਾਹ ਨੇ ਜੋ ਪੱਤੇ ਖੇਡ੍ਹੇ, ਉਹ ਅਮਰੀਕਾ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆ ਰਹੀਆਂ। ਉਹ ਇੱਸ ਕਰਕੇ ਕਿ ਇੱਕ ਪਾਸੇ ਕਰੋਨਾ ਅਤੇ ਉਸ ਦੀ ਪਰਵਾਹ ਨਾ ਕਰਦੇ ਹੋਏ ਆਪ ਚੋਣ ਲਈ ਬੜੇ ਬੜੇ ਇਕੱਠ ਕਰਨੇ ਅਤੇ ਕੁੰਭ ਵਰਗੇ ਵਿਸ਼ਾਲ ਮੇਲੇ ਕਰਨ ਦੀ ਖੁੱਲ੍ਹ ਦੇਣੀ, ਜਿੱਸ ਰਾਹੀਂ ਕਰੋਨਾ ਦਾ ਮੁੱਖ ਕਾਰਨ ਸੁਨਾਮੀ ਦੀ ਲਹਿਰ ਬਣ ਗਿਆ ਹੈ। ਇਸ ਬਾਰੇ ਅਮਰੀਕਾ ਵਿੱਚ ਬੈਠੀ ਭਾਰਤੀ ਬੀਬੀ ਕਿਰਨ ਮਜੁਮਦਾਰ (ਬਾਇਓਕਾਨ ਦੀ ਸੰਸਥਾਪਕ) ਨੇ ਖਾਸ ਨੋਟਿਸ ਲਿਆ ਹੈ ਜੋ ‘ਪੰਜਾਬ ਟਾਈਮਜ਼’ ੨੦-੫-੨੦੨੧ ਵਿੱਚ ਛਪਿਆ ਸੀ।
ਹੁਣ ਲਈਏ ਮੋਦੀ ਜੀ ਦੀ ਕਰੋਨਾ ਦੇ ਨਾਲ ਨਾਲ ਕਿਸਾਨੀ ਅੰਦੋਲਨ ਸਬੰਧੀ ਭੂਮਿਕਾ। ‘ਰਾਜੇ ਸ਼ੀਂਹ ਮੁਕਦਮ ਕੁਤੇ॥ ਜਾਇ ਜਗਾਇਣ ਬੈਠੇ ਸੁਤੇ॥’ ਅਨੁਸਾਰ, ਬੜੇ ਆਰਾਮ ਨਾਲ ਖੇਤੀ ਕਰਦੇ ਕਿਸਾਨਾਂ ਨੂੰ, ਕਿਸਾਨ ਵਿਰੋਧੀ ਪਾਸ ਕੀਤੇ ਬਿੱਲਾਂ ਨੇ, ਆਪਣੀ ਹੋਣ ਲੱਗੀ ਲੁੱਟ ਸਬੰਧੀ ਜਗਾ ਦਿੱਤਾ। ਪੰਜਾਬ ਦੀ ਜੋ ਹੋਰ ਹਰ੍ਹਾਂ ਦੀ ਲੁੱਟ ਕੀਤੀ ਗਈ ਹੈ ਉਹ ਇੱਸ ਲੇਖ ਦਾ ਵਿਸ਼ਾ ਨਹੀਂ। ਮੋਦੀ ਸਰਕਾਰ ਵਲੋਂ ਬਿਨਾਂ ਕਿਸੇ ਤਰ੍ਹਾਂ ਦੀ ਬਹਿਸ ਪਾਸ ਕੀਤੇ ਤਿੰਨ ਕਿਰਸਾਨੀ ਬਿੱਲਾਂ ਦੇ ਵਿਰੋਧ ਵਿੱਚ ਕਿਰਸਾਨੀ ਅੰਦੋਲਨ ਨੂੰ ਚਲਦਿਆਂ ਨੌਂ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਪੰਜ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ ਪਰ ਮੋਦੀ ਪਾਰਟੀ ਨੇ ਇਨ੍ਹਾਂ ਮੌਤਾਂ ਤੇ ਹਾਅ ਦਾ ਨਾਹਰਾ ਭੀ ਨਹੀਂ ਮਾਰਿਆ! ਇੱਥੇ ਹਾਅ ਤਾ ਇੱਕ ਪਾਸੇ, ਮੋਦੀ ਜੀ ਦੀ ਨੋਟਬੰਦੀ ਸਮੇਂ ਜੋ ਵਾਪਰਿਆ ਉਹ ਬੜਾ ਦਿਲਕੰਬਾਊ ਹੈ। ਮੋਦੀ ਨੇ ਪਹਿਲਾਂ ਸੱਭ, ਖਾਸ ਕਰਕੇ ਆਮ ਜੰਤਾ ਨੂੰ ਇਹ ਲਾਰਾ ਲਾ ਕੇ ਕਿ ਹਰ ਇੱਕ ਦੇ ਬੈਂਕ ਅਕਾਊਂਟ ਵਿੱਚ ਧੋਖੇਬਾਜ਼ਾਂ ਦਾ ਪੈਸਾ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚੋਂ ਵਾਪਸ ਲਿਆ ਕੇ ਪੰਜ ਪੰਜ ਲੱਖ ਰੁਪਇਆ ਜਮ੍ਹਾਂ ਕਰਵਾਇਆ ਜਾਵੇਗਾ, ਤੁਸੀਂ ਬੈਂਕ ਅਕਾਊਂਟ ਖਲਵਾ ਲਵੋ। ਲੋਕਾਂ ਨੇ ਆਪਣੇ ਕੋਲੋਂ ਪੈਸੇ ਰੱਖ ਕੇ ਬੈਂਕ ਅਕਾਊਂਟ ਖਲਵਾ ਲਏ। ਸਵਿਟਜ਼ਰਲੈਂਡ ਤੋਂ ਤਾਂ ਕੋਈ ਪੈਸਾ ਨਾ ਆਇਆ, ਪਰ ਮੋਦੀ ਜੀ ਨੇ ਬਿਣਾਂ ਕਿਸੇ ਤਰ੍ਹਾਂ ਦੀ ਸੋਚ ਤੋਂ ਨੋਟਬੰਦੀ ਕਰ ਦਿੱਤੀ। ਲੋਕਾਂ ਨੂੰ ਹੁਣ ਆਪਣੇ ਪੈਸੇ, ਆਪਣੇ ਹਰ ਤਰ੍ਹਾਂ ਦੇ ਖਰਚ ਲਈ ਬੈਂਕਾਂ ਤੋਂ ਨਾ ਮਿਲੇ। ਇੱਥੇ ਤੱਕ ਕਿ ਛੋਟੇ ਛੋਟੇ ਬੱਚਿਆਂ ਦੇ ਇਲਾਜ ਲਈ ਪੈਸੇ ਵੇਲੇ ਸਿਰ ਨਾ ਮਿਲਣ ਕਰਕੇ ਬੱਚਿਆਂ ਦੀ ਮੌਤ ਤੱਕ ਹੋ ਗਈ। ਇਹ ਪੱਥਰ ਪੂਜਕ ਲੋਕ ਇੰਨੇ ਪੱਥਰ ਦਿਲ! ਬੱਚਿਆਂ ਦੀ ਮੌਤ ਤੇ ਭੀ ਇਨ੍ਹਾਂ ਦੇ ਦਿਲ ਤੇ ਕੋਈ ਸੱਟ ਨਹੀਂ ਵੱਜੀ, ਕਿਉਂਕਿ ਉਹ ਬੱਚੇ ਇਨ੍ਹਾਂ ਦੇ ਨਹੀਂ ਸਨ। ਇੱਥੋਂ ਸਾਬਤ ਹੋ ਜਾਂਦਾ ਹੈ ਕਿ ਇਹ ਹੁਕਮਰਾਨ ਹੀ ਨਹੀਂ, ਇਨ੍ਹਾਂ ਦੇ ਸਹਾਇਕ ਬੰਦਿਆਂ ਦੇ ਦਿਲਾਂ ਵਿੱਚ ਕਿਸੇ ਤਰ੍ਹਾਂ ਦੇ ਰਹਿਮ ਦੀ ਕਣੀ ਤੱਕ ਨਹੀਂ, ਜੋ ਇਨ੍ਹਾਂ ਦੇ ਪੈਰੋਕਾਰਾਂ ਨੇ ਇਨ੍ਹਾਂ ਦੇ ਇਸ਼ਾਰਿਆਂ ਤੇ ੧੯੮੪ ਦੇ ਸਿੱਖ ਕਤਲੇਆਮ ਸਮੇਂ ਸਿੱਖਾਂ ਦੇ ਗਲੇ ਵਿੱਚ ਟਾਇਰ ਪਾ ਕੇ ਅੱਗ ਲਗਾ ਕੇ ਭੰਗੜੇ ਪਾ ਕੇ ਕੀਤਾ ਸੀ। ਦੂਸਰੇ ਪਾਸੇ ਸਿੱਖ ਧਰਮ ‘ਦਇਆ’ ਅਤੇ ‘ਸਰਬੱਤ ਦੇ ਭਲੇ’ ਦਾ ਸੂਚਕ ਹੋਣ ਕਰਕੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਧੱਕੇਸ਼ਾਹੀ ਦੇ ਵਿਰੋਧ ਵਿੱਚ ਡੱਟਣ ਦਾ ਪੈਗਾਮ ਦਿੰਦਾ ਹੈ। ਇੱਥੇ ਹਰਦੀਪ ਪੁਰੀ ਆਦਿ ਵਰਗੇ ਅਖੌਤੀ ਸਿੱਖਾਂ ਨੂੰ ਪੱਥਰਦਿਲ ਸਰਕਾਰ ਦਾ ਹਿੱਸਾ ਹੋਣ ਕਰਕੇ ਕਿਹੜੀ ਪਦਵੀ ਦਿੱਤੀ ਜਾ ਸਕਦੀ ਹੈ?
ਦੇਸ ਭਰ ਦੇ ਕਿਸਾਨਾਂ ਵਲੋਂ ਸ਼ਾਂਤੀ ਪੂਰਬਕ ਚੱਲ ਰਹੇ ਇਸ ਅੰਦੋਲਨ ਨੂੰ ਦੁਨੀਆਂ ਭਰ ਦੀਆਂ ਅਖਬਾਰਾਂ ਤੇ ਵਿਦਵਾਨਾ ਨੇ ਸਲਾਹਿਆ ਤੇ ਸਮਰਥਨ ਦਿੱਤਾ। ਦੁਨੀਆਂ ਅਤੇ ਦੇਸ ਦੇ ਕਲਾਕਾਰਾਂ ਨੇ ਸਮਰਥਨ ਦਿੱਤਾ। ਇਸ ਵਿੱਚ ਖਾਸ ਕਰਕੇ ਸਵੀਡਨ ਦੀ ਨੌਜਵਾਨ ਬੀਬੀ ਗਰੇਟਾ ਨੇ ਤਾਂ ਖਾਸ ਬਲੰਦ ਆਵਾਜ਼ ਚੁੱਕੀ। ਕਿਸਾਨ ਨੌਂ ਦਸ ਵਾਰ ਇਨ੍ਹਾਂ ਕੱਟਰ-ਪੰਥੀਆਂ ਨਾਲ ਗੱਲ ਬਾਤ ਕਰ ਚੁੱਕੇ ਹਨ ਤੇ ਇਨ੍ਹਾਂ ਨੂੰ ਲਾਜਵਾਬ ਕਰ ਚੁੱਕੇ ਹਨ, ਪਰ ਇਹ ਢੀਠ ਲੋਕ ਕਦੇ ਕੋਈ ਕਦੇ ਕੋਈ ਬਾਰੀ ਬਾਰੀ ਗੱਲ ਕਰਨ ਨੂੰ ਕਹੀ ਜਾ ਰਹੇ ਹਨ। ਭਲਾ ਕਿਹੜੀ ਗੱਲ? ਮੁੱਕਦੀ ਗੱਲ ਇਹ ਕਿ ਮੋਦੀ ਜੀ ਨੂੰ ਹੱਠ ਛੱਡ ਕੇ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ, ਜਿੱਸ ਨਾਲ ਦੇਸ ਵਿੱਚ ਅਮਨ ਚੈਨ ਹੋ ਜਾਵੇ ਅਤੇ ਦੇਸ ਦੇ ਦਰਪੇਸ਼ ਮਾਮਲਿਆਂ ਵਲ ਧਿਆਨ ਦੇ ਕੇ ਦੇਸ ਦੀ ਮੁਹਾਰ ਦੇਸ ਦੀ ਤਰੱਕੀ, ਅਤਿ ਦੀ ਗਰੀਬੀ ਦੂਰ ਕਰਨ ਅਤੇ ਸਰਬੱਤ ਦੇ ਭਲੇ ਵਲ ਮੋੜਨੀ ਚਾਹੀਦੀ ਹੈ। ਐਸਾ ਕਰਵਾਉਣ ਲਈ ਸਾਰਿਆਂ (ਵੈਸੇ ਤਾਂ ਕਿਸਾਨੀ ਨਾਲ ਹਰ ਇੱਕ ਜੁੜਿਆ ਹੋਇਆ ਹੈ) ਨੂੰ ਭਾਵੇਂ ਕਿਸਾਨੀ ਅੰਦੋਲਨ ਨਾਲ ਨਹੀਂ ਜੁੜੇ, ਇੱਕਮੁੱਠ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਰੱਬ ਜੀ ਮਿਹਰ ਕਰਨ!

ਰਾਮ ਸਿੰਘ ਗ੍ਰੇਵਜ਼ੈਂਡ




.