.

ਸਾਧਾਂ ਨੇ ਸਿੱਖਾਂ ਦੇ ਦਿਮਾਗ ਖਰਾਬ ਕਰ ਦਿੱਤੇ

ਬਹੁਤੇ ਸ਼ਰਧਾਵਾਨ ਜਾਂ ਅੰਧਵਿਸ਼ਵਾਸ਼ੀ ਸਿੱਖ, ਸਾਧਾਂ ਨੂੰ ਰੱਬ ਤੋਂ ਦੂਸਰੇ ਨੰ: ਤੇ ਰੱਖਦੇ ਹਨ। ਉਹ ਇਹੀ ਸੋਚਦੇ ਹਨ ਕਿ ਇਹ ਸਾਧ ਰੱਬ ਦਾ ਦੂਸਰਾ ਰੂਪ ਹੁੰਦੇ ਹਨ। ਇਹ ਰੇਖ ਵਿੱਚ ਮੇਖ ਮਾਰ ਦਿੰਦੇ ਹਨ। ਰੱਬ ਤੱਕ ਇਨ੍ਹਾਂ ਦੀ ਸਿੱਧੀ ਪਹੁੰਚ ਹੁੰਦੀ ਹੈ। ਇਹ ਅਰਦਾਸ ਕਰਕੇ ਵਿਗੜੀਆਂ ਸਵਾਰ ਦਿੰਦੇ ਹਨ। ਸਾਧਾਂ ਦੀ ਸੇਵਾ ਕਰਨ ਨਾਲ ਘਰਾਂ ਵਿੱਚ ਲਹਿਰਾਂ ਬਹਿਰਾਂ ਹੋ ਜਾਂਦੀਆਂ ਹਨ। ਦੁੱਖਾਂ ਤਕਲੀਫਾਂ ਦਾ ਨਾਸ ਹੋ ਜਾਂਦਾ ਹੈ। ਸਵਰਗ ਜਾਂ ਸੱਚਖੰਡ ਦੀ ਟਿਕਟ ਪੱਕੀ ਹੋ ਜਾਂਦੀ ਹੈ। ਇਨ੍ਹਾਂ ਦੀ ਨਿੰਦਿਆ ਕਰਨ ਨਾਲ ਨਰਕਾਂ ਵਿੱਚ ਜਾਣਾ ਪੈਂਦਾ ਹੈ। ਸੁਖਮਨੀ ਬਾਣੀ ਦੀ ਤੇਰਵੀਂ ਅਸਟਪਦੀ ਇਨ੍ਹਾਂ ਦੇ ਬਹੁਤ ਸੂਤ ਬੈਠਦੀ ਹੈ।
ਕੀ ਵਾਕਿਆ ਹੀ ਸਾਧ/ਸੰਤ ਇਸ ਤਰ੍ਹਾਂ ਦੇ ਹੁੰਦੇ ਹਨ? ਨਹੀਂ ਬਿੱਲਕੁੱਲ ਨਹੀਂ। ਅੱਜ ਤੋਂ ਸਦੀਆਂ ਪਹਿਲਾਂ ਸਾਧਾਂ ਨੇ ਅਤੇ ਹੋਰ ਡੇਰੇ ਵਾਲਿਆਂ ਨੇ ਸਮਾਜ ਨੂੰ ਕੁੱਝ ਚੰਗੀ ਸੇਧ ਜਰੂਰ ਦਿੱਤੀ ਸੀ। ਕਿਉਂਕਿ ਉਸ ਵੇਲੇ ਲੋਕਾਂ ਕੋਲ ਵਿਹਲਾ ਸਮਾ ਬਹੁਤ ਹੁੰਦਾ ਸੀ। ਆਪਣਾ ਸਮਾ ਪਾਸ ਕਰਨ ਲਈ ਅਤੇ ਕੁੱਝ ਸਿੱਖਣ ਲਈ ਉਸ ਵੇਲੇ ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਕੁੱਝ ਨਹੀਂ ਸੀ ਹੁੰਦਾ। ਡੇਰਿਆਂ ਵਾਲੇ ਸੰਤ ਸਾਧ ਕੁੱਝ ਦਵਾ-ਦਾਰੂ ਵੀ ਕਰਨਾ ਸਿੱਖ ਲੈਂਦੇ ਸਨ। ਗ੍ਰੰਥਾਂ ਦੇ ਪਾਠ ਕਰਨੇ ਸਿੱਖ ਲੈਂਦੇ ਸਨ ਅਤੇ ਇਨ੍ਹਾਂ ਦੀ ਕਥਾ ਕਰਨੀ ਸਿੱਖ ਲੈਂਦੇ ਸਨ। ਜਿਨ੍ਹਾਂ ਦੀ ਕੁੱਝ ਧਾਰਮਿਕ ਰੁਚੀ ਹੁੰਦੀ ਸੀ ਉਹ ਇਨ੍ਹਾਂ ਦੇ ਡੇਰਿਆਂ ਵਿੱਚ ਜਾ ਕੇ ਪਾਠ ਕਰਨ ਦੀ ਸੰਥਿਆ ਲੈ ਲੈਂਦੇ ਸਨ। ਇਨ੍ਹਾਂ ਵਿਚੋਂ ਬਹੁਤੇ ਨਿਰਮਲਿਆਂ ਨਾਲ ਸੰਬੰਧ ਰੱਖਦੇ ਸਨ। ਇਹ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਵੇਦਾਂਤ ਮੱਤ ਅਨੁਸਾਰ ਕਰਦੇ ਸਨ ਅਤੇ ਕਈ ਹੁਣ ਵੀ ਕਰਦੇ ਹਨ। ਇਹ ਪਾਠ ਕਰਨ ਦੀ ਸੰਥਿਆ ਵੀ ਵੇਦਾਂਤ ਮੱਤ ਅਨੁਸਾਰ ਹੀ ਦਿੰਦੇ ਸਨ/ਹਨ।
ਅੱਜ ਕੱਲ ਇਹ ਗੱਲ ਸਾਰੇ ਮਾਪੇ ਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਕਰਨ। ਪਹਿਲੇ ਸਮਿਆਂ ਵਿੱਚ ਭਾਂਵੇਂ ਅਜਿਹਾ ਨਹੀਂ ਸੀ ਪਰ ਫਿਰ ਵੀ ਉਹ ਚਾਹੁੰਦੇ ਸਨ ਕਿ ਸਾਡੇ ਬੱਚੇ ਲਾਇਕ ਬਣਨ। ਨਸ਼ਿਆਂ ਤੋਂ ਬਚ ਕੇ ਰਹਿਣ। ਉਂਝ ਵੀ ਸਿਆਣੇ ਕਹਿੰਦੇ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਲਈ ਇਸ ਮਨ ਨੂੰ ਕਿਸੇ ਪਾਸੇ ਲਾਈ ਰੱਖਣਾ ਚਾਹੀਦਾ ਹੈ। ਮਨ ਨੂੰ ਕਿਸੇ ਪਾਸੇ ਲਉਣ ਲਈ ਡੇਰਿਆਂ ਵਿੱਚ ਜਾ ਕੇ ਪਾਠ ਸਿੱਖਣਾ ਵੀ ਇੱਕ ਕੰਮ ਹੁੰਦਾ ਸੀ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਪਿੰਡਾਂ ਵਿੱਚ ਗੁੱਲੀ ਡੰਡਾ, ਪਿੱਠੂ ਜਾਂ ਹੋਰ ਕਈ ਗੇਮਾ ਖੇਲਦੇ ਹੁੰਦੇ ਸੀ। ਥੋੜੀ ਜਿਹੀ ਸਿਆਣੀ ਉਮਰ ਦੇ ਲੋਕ ਕਈ-ਕਈ ਘੰਟੇ ਤਾਸ਼ ਖੇਲ ਕੇ ਆਪਣਾ ਸਮਾ ਬਿਤਾਉਂਦੇ ਹੁੰਦੇ ਸਨ। ਇਹ ਸਾਰਾ ਕੁੱਝ ਮਨ ਨੂੰ ਕਿਸੇ ਆਹਰੇ ਲਉਣ ਦੇ ਕੰਮ ਹੁੰਦੇ ਸਨ। ਸਦੀਆਂ ਪਹਿਲਾਂ ਤਾਂ ਪਿੰਡਾਂ ਵਿੱਚ ਸਕੂਲ ਵੀ ਨਹੀਂ ਹੁੰਦੇ ਸਨ। ਚਿੱਠੀ ਪੱਤਰ ਪੜ੍ਹਨ ਯੋਗ ਹੋਣ ਲਈ ਵੀ ਬੱਚਿਆਂ ਨੂੰ ਡੇਰਿਆਂ ਵਿੱਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਭੇਜਿਆ ਜਾਂਦਾ ਸੀ।
ਜਿਹੜੇ ਲੋਕ ਸਮੇ ਦੇ ਹਾਣੀ ਬਣ ਕੇ ਨਹੀਂ ਚੱਲ ਸਕਦੇ ਉਹ ਦੁਨੀਆ ਨਾਲੋਂ ਅਤੇ ਬਾਕੀ ਸਮਾਜ ਨਾਲੋਂ ਟੁੱਟ ਕੇ ਪਛੜ ਜਾਂਦੇ ਹਨ। ਜਿਹੜੀਆਂ ਕੰਪਨੀਆਂ ਨਵੀਆਂ ਤਕਨੀਕੀ ਮਸ਼ੀਨਾ ਲਗਾਉਣ ਤੋਂ ਪਛੜ ਜਾਦੀਆਂ ਹਨ ਉਹ ਮੁਕਾਬਲੇ ਵਿੱਚ ਬਹੁਤਾ ਚਿਰ ਤੱਕ ਨਹੀਂ ਟਿਕ ਸਕਦੀਆਂ। ਦੁਨੀਆ ਹੁਣ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ। ਸਮੇ ਦੇ ਨਾਲ ਚੱਲਣ ਲਈ ਬੁੱਧੀ ਦਾ ਵਿਕਾਸ ਹੋਣਾ ਜਰੂਰੀ ਹੈ। ਇੰਡੀਆ ਵਿੱਚ ਰਹਿਣ ਵਾਲੇ ਬਹੁਤੇ ਲੋਕ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ। ਇਹ ਭਾਵੇਂ ਹਿੰਦੂ ਹੋਣ ਜਾਂ ਸਿੱਖ। ਇਹ ਡੇਰਿਆਂ ਵਾਲੇ ਸਾਧਾਂ ਤੇ ਬਹੁਤ ਵਿਸ਼ਵਾਸ਼ ਰੱਖਦੇ ਹਨ। ਜਿਵੇਂ ਸਦੀਆਂ ਪਹਿਲਾਂ ਬ੍ਰਾਹਮਣ ਤੇ ਰੱਖਦੇ ਸਨ। ਕਿਸੇ ਸਮੇ ਇਨ੍ਹਾਂ ਨੂੰ ਇਹ ਲਾਲਸਾ ਹੁੰਦੀ ਸੀ ਜਾਂ ਚਲਾਕ ਬ੍ਰਾਹਮਣ ਨੇ ਲੋਕਾਈ ਦੇ ਸਿਰਾਂ ਵਿੱਚ ਧੱਸ ਦਿੱਤੀ ਸੀ ਕਿ ਜੇ ਕਰ ਤੁਸੀਂ ਆਪਣਾ ਸਾਰਾ ਕੁੱਝ ਬ੍ਰਾਹਮਣ ਨੂੰ ਦਾਨ ਕਰਕੇ ਕਾਂਸ਼ੀ ਵਿੱਚ ਜਾ ਕੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਉਂ ਤਾਂ ਸਵਰਗ ਦੀ ਸੀਟ ਦੀ 100% ਗ੍ਰੰਟੀ ਹੈ। ਜਿਵੇਂ ਕਿਸੇ ਸਮੇ ਲੋਕਾਂ ਦੀ ਮਾਨਸਿਕਤਾ ਨੂੰ ਬ੍ਰਾਹਮਣ ਤੇ ਕਾਬੂ ਕੀਤਾ ਹੋਇਆ ਸੀ ਉਸੇ ਤਰ੍ਹਾਂ ਹੁਣ ਸਾਧਾਂ ਨੇ ਕੀਤਾ ਹੋਇਆ ਹੈ। ਸਿੱਖਾਂ ਦੇ ਪੜ੍ਹੇ ਲਿਖੇ ਕਥਿਤ ਵਿਦਵਾਨ ਵੀ ਲੋਕਾਂ ਦੀ ਮਾਨਸਿਕਤਾ ਨੂੰ ਸਾਧਾਂ ਦੇ ਗੁਲਾਮ ਬਣਾਉਣ ਲਈ ਆਪਣਾ ਪੂਰਾ ਟਿੱਲ ਲਾ ਰਹੇ ਹਨ।
ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਜਰੂਰੀ ਹੈ ਕਿ ਕਰਾਮਾਤ ਨਾਮ ਦੀ ਕੋਈ ਚੀਜ ਨਹੀਂ ਹੁੰਦੀ। ਸਮਾਜ ਨੂੰ ਚੰਗਾ ਬਣਾਉਣ ਲਈ ਜਾਂ ਚੰਗੀ ਸੇਧ ਦੇਣ ਲਈ ਗੁਰਬਾਣੀ ਦੀ ਜੋ ਰਚਨਾ ਕੀਤੀ ਗਈ ਸੀ ਇਹ ਹਿਰਦੇ ਵਿਚੋਂ ਉਪਜੇ ਗੁਰੂ ਸਾਹਿਬ ਦੇ ਆਪਣੇ ਵਿਚਾਰ ਸਨ। ਇਹ ਕਿਸੇ ਰੱਬ ਨੇ ਲਿਖ ਕੇ ਨਹੀਂ ਭੇਜੇ ਅਤੇ ਨਾ ਹੀ ਕਿਸੇ ਰੱਬ ਨੇ ਗੁਰੂਆਂ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਸੀ ਕਿ ਮੈਂ ਤੁਹਾਨੂੰ ਲਿਖਾਉਂਦਾ ਹਾਂ ਤੁਸੀਂ ਇਸ ਤਰ੍ਹਾਂ ਲਿਖੋ। ਪਰ ਪ੍ਰਚਾਰ ਇਸ ਤਰ੍ਹਾਂ ਦਾ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ ਕਿ ਇਹ ਬਾਣੀ ਕੋਈ ਕਰਾਮਾਤੀ ਚੀਜ ਹੈ। ਇਸ ਦੇ ਪਾਠ ਕਰਨ ਨਾਲ ਜਾਂ ਇਸ ਦੇ ਮੂਹਰੇ ਖੜੇ ਹੋ ਕੇ ਅਰਦਾਸ ਕਰਨ ਨਾਲ ਤੱਟ ਫੱਟ ਹੀ ਕੋਈ ਕਰਾਮਾਤ ਹੋ ਜਾਂਦੀ ਹੈ ਜਾਂ ਹੋ ਸਕਦੀ ਹੈ। ਬਹੁਤੇ ਇਹੀ ਸਮਝਦੇ ਹਨ ਕਿ ਅਸੀਂ ਬਾਣੀ ਪੜ੍ਹ ਕੇ ਗੁਰੂਆਂ ਨਾਲ ਗੱਲਾਂ ਕਰਕੇ, ਗੁਰੂਆਂ ਨੂੰ ਆਪਣੀਆਂ ਦੁਖ ਤਕਲੀਫਾਂ ਦੱਸਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ। ਫਿਰ ਗੁਰੂ ਜੀ ਸਾਡੀ ਅਰਦਾਸ ਸੁਣ ਕੇ ਅੱਗੇ ਰੱਬ ਜੀ ਨੂੰ ਦੱਸਦੇ ਹਨ ਅੱਗੋਂ ਰੱਬ ਜੀ ਜੋ ਚਾਹੁੰਣ ਕਰ ਦਿੰਦੇ ਹਨ। ਐਸਾ ਕੁੱਝ ਵੀ ਨਹੀਂ ਹੈ ਪਰ ਇਸ ਬਾਰੇ ਝੂਠ ਬੋਲ-ਬੋਲ ਕੇ ਪਹਿਲਾਂ ਕਿਤਾਬਾਂ ਭਰੀਆਂ ਗਈਆਂ ਸਨ ਅਤੇ ਹੁਣ ਯੂ-ਟਿਊਬ ਅਤੇ ਸ਼ੋਸ਼ਲ ਮੀਡੀਆ ਦੇ ਹੋਰ ਸਾਧਨ ਭਰੇ ਗਏ ਹਨ। ਆਹ ਹਾਲੇ ਕੁੱਝ ਦਿਨਾ ਦੀ ਗੱਲ ਹੈ ਕਿ ਸਾਧ ਦੇ ਬਣੇ ਇੱਕ ਨਵੇਂ ਚੇਲੇ ਨੇ ਕਿਹਾ ਸੀ ਕਿ ਨਾਸਾ ਦੇ ਮੁੱਖ ਦਫਤਰ ਦੀ ਸੱਤਵੀਂ ਮੰਜਲ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਜੋ ਕਿ ਕੋਰਾ ਝੂਠ ਹੈ। ਇਸ ਬਾਰੇ ਸਤੰਬਰ 03, 2021 ਦੇ ਸਪੋਕਸਮੈਨ ਅਖਬਾਰ ਦੇ ਪੰਨਾ 5 ਉਪਰ ਵੀ ਖਬਰ ਛਪੀ ਸੀ। ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਝੂਠ ਬੋਲੇ ਜਾ ਚੁੱਕੇ ਹਨ। ਜਦੋਂ ਓਬਾਮਾ ਅਮਰੀਕਾ ਦਾ ਪ੍ਰੈਜ਼ੀਡੈਂਟ ਸੀ ਤਾਂ ਇਹ ਝੂਠ ਵੀ ਬੋਲਿਆ ਗਿਆ ਸੀ ਕਿ ਉਹ ਆਪਣੇ ਦਫਤਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾ ਕੇ ਰੱਖਦਾ ਹੈ। ਇਸ ਤਰ੍ਹਾਂ ਦੇ ਪਤਾ ਨਹੀਂ ਕਿ ਰੋਜ ਕਿਤਨੇ ਕੁ ਝੂਠ ਬੋਲੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਗੱਲਾਂ ਕਰ-ਕਰ ਕੇ ਸਾਧਾਂ ਦੇ ਚੇਲੇ ਆਪਣੀ ਅਕਲ ਦਾ ਦਿਵਾਲਾ ਕੱਢਦੇ ਰਹਿੰਦੇ ਹਨ। ਅਤੇ ਇਹ ਵੀ ਸਾਬਤ ਕਰਦੇ ਰਹਿੰਦੇ ਹਨ ਕਿ ਸਾਡੀ ਸੋਚ ਸਦੀਆਂ ਪਿੱਛੇ ਹੈ। ਜਦੋਂ ਇਸ ਬਾਰੇ ਤਸਦੀਕ ਕਰਨ ਲਈ ਨਾਸਾ ਨੂੰ ਕਈ ਪੁੱਛਦੇ ਹੋਣਗੇ ਤਾਂ ਉਹ ਇਹੀ ਸੋਚਦੇ ਹੋਣਗੇ ਕਿ ਸਿੱਖ ਕਿਤਨੇ ਬੇਵਕੂਫ ਲੋਕ ਹੁੰਦੇ ਹਨ।
ਗੱਲ ਸੁਣੋ ਬਈ ਸਾਧੋ ਅਤੇ ਸਾਧਾਂ ਦੇ ਚੇਲਿਓ। ਅੱਜ ਦਾ ਜਮਾਨਾ ਅਕਲ ਅਤੇ ਦਿਮਾਗ ਵਰਤਣ ਦਾ ਜਮਾਨਾ ਹੈ। ਤੁਸੀਂ ਸਾਰਿਆਂ ਨੇ ਧਰਮ ਦੇ ਨਾਮ ਤੇ ਝੂਠ ਬੋਲ-ਬੋਲ ਕੇ ਆਪਣੇ ਦਿਮਾਗ ਸੁੰਨ ਕੀਤੇ ਹੋਏ ਹਨ ਅਤੇ ਹੋਰਨਾ ਦੇ ਵੀ ਕਰ ਰਹੇ ਹੋ। ਇਸ ਤੋਂ ਥੋੜਾ ਜਿਹਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ। ਦੁਨੀਆ ਬਹੁਤ ਅੱਗੇ ਲੰਘ ਚੁੱਕੀ ਹੈ। ਉਂਜ ਤਾਂ ਪੈਸੇ ਕਮਾਉਣ ਲਈ ਅਤੇ ਜਿੰਦਗੀ ਦੀਆਂ ਹੋਰ ਸਹੂਲਤਾਂ ਮਾਨਣ ਲਈ ਤੁਸੀਂ ਸਾਰੇ ਹੀ ਅਕਲ ਨਾਲ ਨਵੀਨ ਚੀਜ਼ਾਂ ਦੀ ਵਰਤੋਂ ਕਰਦੇ ਹੋ। ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ ਤਾਂ ਅੰਨੀ ਸ਼ਰਧਾ ਅਤੇ ਝੂਠ ਨੂੰ ਅੱਗੇ ਕਰ ਦਿੰਦੇ ਹੋ। ਜਿਨ੍ਹਾਂ ਨੇ ਅਕਲ/ਸਿਰ/ਦਿਮਾਗ ਦੀ ਵਰਤੋਂ ਕੀਤੀ ਹੈ ਉਨ੍ਹਾਂ ਨੇ ਲੋਕਾਂ ਦੀ ਸੌਖ ਲਈ ਮਸ਼ੀਨਾ ਵਿੱਚ ਵੀ ਦਿਮਾਗ ਫਿੱਟ ਕਰ ਦਿੱਤੇ ਹਨ। ਪਰ ਤੁਸੀਂ ਆਪਣੇ ਦਿਮਾਗ ਨੂੰ ਧਰਮ ਦੇ ਨਾਮ ਤੇ ਗੱਪਾਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ।
ਜਿਹੜਾ ਦੇਸ਼ ਕਿਸੇ ਗਿਣਤੀ ਵਿੱਚ ਨਹੀਂ ਸੀ ਆਉਂਦਾ ਅੱਜ ਆਪਣੀ ਅਕਲ ਨਾਲ ਸਾਰੀ ਦੂਨੀਆ ਦੀ ਇਕੌਨਵੀ ਨੂੰ ਉਸ ਦੇਸ਼ ਨੇ ਇੱਕ ਕਿਸਮ ਦੀ ਖੜੋਤ ਵਿੱਚ ਖੜਾ ਕਰ ਦਿੱਤਾ ਹੈ। ਉਹ ਦੇਸ਼ ਹੈ ਤਾਇਵਾਨ। ਜਿਸ ਨੂੰ ਕਿ ਚੀਨ ਹਮੇਸ਼ਾਂ ਧਮਕੀਆਂ ਦਿੰਦਾ ਰਹਿੰਦਾ ਸੀ ਕਿ ਇਹ ਕੋਈ ਵੱਖਰਾ ਦੇਸ਼ ਨਹੀਂ, ਚੀਨ ਦਾ ਹੀ ਹਿੱਸਾ ਹੈ। ਕੁੱਝ ਸਮਾ ਪਹਿਲਾਂ ਤਾਇਵਾਨ ਦੀਆਂ ਬਣੀਆਂ ਚੀਜਾਂ ਨੂੰ ਘਟੀਆ ਸਮਝਿਆ ਜਾਂਦਾ ਸੀ। ਪਰ ਆਪਣੀ ਅਕਲ ਨਾਲ ਅੱਜ ਸਾਰੀ ਦੁਨੀਆ ਤੋਂ ਅੱਗੇ ਹੈ। ਉਹ ਅੱਗੇ ਹੈ ਚਿੱਪ ਬਣਾਉਣ ਵਿਚ। ਇਹ ਖਾਣੇ ਵਾਲੇ ਚਿਪਸ ਨਹੀਂ। ਇਹ ਹਨ ਮਸ਼ੀਨਾਂ ਨੂੰ ਚਲਾਉਣ ਵਾਲੇ ਦਿਮਾਗੀ ਚਿਪ। ਜਿਨ੍ਹਾਂ ਨੂੰ ਸੈਮੀਕੌਨਡਕਟਰ ਜਾਂ ਮਾਈਕਰੋ ਚਿਪ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਅਡਵਾਂਸ ਅਤੇ ਵਧੀਆ ਚਿਪ ਇਸ ਵੇਲੇ ਸਿਰਫ ਤਾਇਵਾਨ ਵਿੱਚ ਹੀ ਬਣਦੇ ਹਨ। ਅੱਜ ਤੋਂ ਕੋਈ ਵੀਹ ਕੁ ਸਾਲ ਪਹਿਲਾਂ ਜਦੋਂ ਆਈ ਫੌਨ ਮਾਰਕੀਟ ਵਿੱਚ ਆਏ ਸਨ ਤਾਂ ਐਪਲ ਕੰਪਨੀ ਦੇ ਮੁਖੀ ਸਟੀਵ ਨੇ ਸਭ ਤੋਂ ਪਹਿਲਾਂ ਇੰਨਟਿੱਲ ਕੰਪਨੀ ਨਾਲ ਗੱਲਬਾਤ ਕੀਤੀ ਸੀ ਕਿ ਸਾਨੂੰ ਇਸ ਤਰ੍ਹਾਂ ਦੇ ਇੰਨੇ ਛੋਟੇ ਅਤੇ ਤੇਜ ਚੱਲਣ ਵਾਲੇ ਚਿਪ ਚਾਹੀਦੇ ਹਨ। ਇੰਨਟਿੱਲ ਨੇ ਉਸ ਵੱਲ ਬਹੁਤਾ ਧਿਆਨ ਨਾ ਦਿੱਤਾ। ਫਿਰ ਸਟੀਵ ਨੇ ਤਾਇਵਾਨ ਦੀ ਕੰਪਨੀ ਟੀ. ਐੱਸ. ਐੱਮ. ਸੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਉਹ ਬਣਾ ਕੇ ਦੇ ਦਿੱਤੇ ਜਿਸ ਨਾਲ ਆਈਫੋਨ ਮਾਰਕੀਟ ਵਿੱਚ ਆਏ। ਇਸ ਤਾਇਵਾਨ ਕੰਪਨੀ ਦੇ ਬਣਾਏ ਚਿਪ ਕਿਸੇ ਸਮੇ ਸਭ ਤੋਂ ਮਸ਼ਹੂਰ ਰਹੀ ਅਮਰੀਕਾ ਦੀ ਕੰਪਨੀ ਇੰਨਟਿੱਲ ਨਾਲੋਂ 30% ਤੇਜ ਚੱਲਣ ਵਾਲੇ ਹਨ। ਤਾਇਵਾਨ ਦੇ ਪੜ੍ਹੇ ਲਿਖੇ ਲੋਕਾਂ ਨੇ ਸਾਰੀ ਦੁਨੀਆਂ ਉਪਰ ਆਪਣੀ ਅਕਲ ਦੀ ਧਾਂਕ ਜਮਾ ਕੇ ਰੱਖ ਦਿੱਤੀ। ਉਨ੍ਹਾਂ ਦੀ ਅਕਲ ਦਾ ਮੁਕਾਬਲਾ ਅਮਰੀਕਾ, ਰੂਸ ਅਤੇ ਚੀਨ ਵੀ ਨਹੀਂ ਕਰ ਸਕੇ ਅਤੇ ਨਾ ਹੀ ਯੂਰਪੀਅਨ ਯੂਨੀਅਨ ਦਾ ਕੋਈ ਦੇਸ਼ ਕਰ ਸਕਿਆ ਹੈ। ਕਰੋਨਾ ਵਾਇਰਸ ਕਰਕੇ ਉਨ੍ਹਾਂ ਨੇ ਕੁੱਝ ਸਮੇ ਲਈ ਇਹ ਚਿਪ ਬਣਾਉਣੇ ਬੰਦ ਕਰ ਦਿੱਤੇ ਸਨ। ਸਾਰੀ ਦੁਨੀਆ ਵਿੱਚ ਹੁਣ ਇਨ੍ਹਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਸਾਰੀ ਦੁਨੀਆ ਦੀਆਂ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਇਨਾ ਦੇ ਬਣਾਏ ਚਿਪਾਂ ਨੂੰ ਇਸ ਵੇਲੇ ਤਰਸ ਰਹੀਆਂ ਹਨ। ਭਾਵ ਕਿ ਕਾਰਾਂ ਲਈ ਚਿਪਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਲਈ ਨਵੀਆਂ ਕਾਰਾਂ ਡੀਲਰਸ਼ਿਪਾਂ ਕੋਲ ਨਹੀਂ ਪਹੁੰਚ ਰਹੀਆਂ। ਇਹ ਘਾਟ ਲੱਗ ਭੱਗ ਇੱਕ ਸਾਲ ਤੱਕ ਰਹਿਣ ਦੀ ਸੰਭਾਵਨਾ ਹੈ।
ਸਾਧਾਂ ਦੇ ਚੇਲਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਾਧਾਂ ਕੋਲ ਬੇਨਤੀਆਂ ਕਰਨ ਕਿ ਕੋਈ ਕਰਾਮਾਤ ਦਿਖਾ ਕੇ ਇਸ ਤਰ੍ਹਾਂ ਦੇ ਚਿਪ ਰੱਬ ਕੋਲੋਂ ਬਣਾ ਕੇ ਇਸ ਦੁਨੀਆ ਤੇ ਭੇਜਣ ਤਾਂ ਕਿ ਇਹ ਕਮੀ ਪੂਰੀ ਹੋ ਸਕੇ। ਇਸ ਦੇ ਬਦਲੇ ਵਿੱਚ ਤੁਹਾਨੂੰ ਬਿਲੀਅਨ ਨਹੀਂ, ਟਰਿਲੀਅਨ ਡਾਲਰ ਵੀ ਮਿਲ ਸਕਦੇ ਹਨ। ਕਿਉਂਕਿ ਹੁਣ ਸਾਰੀ ਦੁਨੀਆ ਦੀ ਇਕੌਨਵੀ ਇਨ੍ਹਾਂ ਚਿਪਾਂ ਤੇ ਨਿਰਭਰ ਕਰਦੀ ਹੈ। ਹੁਣ ਜੇ ਕਰ ਤੁਸੀਂ ਕਹੋਂ ਕਿ ਇਹ ਤਾਂ ਹੋ ਨਹੀ ਸਕਦਾ। ਤਾਂ ਫਿਰ ਇਹ ਵੀ ਮੰਨੋ ਕਿ ਤੁਸੀਂ ਸਾਧਾਂ ਦੇ ਮਗਰ ਲੱਗ ਕੇ ਆਪਣੇ ਦਿਮਾਗ ਖਰਾਬ ਕਰ ਲਏ ਹਨ। ਤੁਸੀਂ ਕਰਾਮਾਤੀ ਝੂਠੀਆਂ ਕਹਾਣੀਆਂ ਘੜ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। ਆਪਣੇ ਇਹ ਪਖੰਡ ਬੰਦ ਕਰੋ। ਅਕਲ ਵਰਤ ਕੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ। ਤੁਹਾਡੇ ਸਾਰੇ ਹੀ 100% ਸਾਧ ਇਨਸਾਨੀਅਤ ਵਿਰੋਧੀ ਸੋਚ ਰੱਖਣ ਵਾਲੇ ਲੋਕ ਹਨ। ਇਹ ਸਾਰੇ ਹੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਹਨ। ਜਿਸ ਵਿੱਚ ਲਿਖਿਆ ਹੋਇਆ ਹੈ ਕਿ ਰੱਬ ਇਸਤ੍ਰੀਆਂ ਨੂੰ ਬਣਾ ਕੇ ਪਛਤਾਇਆ ਸੀ। ਹੋਰ ਵੀ ਬਥੇਰਾ ਕੂੜ ਕਬਾੜ ਇਸਤ੍ਰੀਆਂ ਬਾਰੇ ਲਿਖਿਆ ਹੋਇਆ ਹੈ। ਤੁਸੀਂ ਅਤੇ ਸਾਰੇ ਸਾਧ ਇਸਤ੍ਰੀਆਂ ਰਾਹੀਂ ਹੀ ਸੰਸਾਰ ਤੇ ਆਏ ਹੋ। ਤੁਸੀਂ ਅਤੇ ਤੁਹਾਡੇ ਸਾਧਾਂ ਵਿਚੋਂ ਜੇ ਕਰ ਕੋਈ ਬਣਿਆਂ ਬਣਾਇਆ ਹੀ ਅਕਾਸ਼ ਵਿਚੋਂ ਡਿੱਗਿਆ ਸੀ, ਕਿਸੇ ਦਰਖਤ ਨੂੰ ਲੱਗਾ ਸੀ ਜਾਂ ਧਰਤੀ ਵਿਚੋਂ ਜੰਮਿਆਂ ਸੀ ਤਾਂ ਜਰੂਰ ਦੱਸਣਾ?
ਤੁਹਾਡੀ ਸੋਚ ਤਾਲੇਬਾਨੀ ਸੋਚ ਨਾਲ ਮਿਲਦੀ ਜੁਲਦੀ ਹੈ। ਤਾਂਹੀਂ ਤਾਂ ਉਨ੍ਹਾਂ ਦੀਆਂ ਬਹਾਦਰੀ ਦੀਆਂ ਸਿਫਤਾਂ ਕਰਦੇ ਹੋ। ਫਿਰ ਇਤਿਹਾਸ ਦੇ ਹਵਾਲੇ ਦੇ ਕੇ ਆਪਣੇ ਆਪ ਨੂੰ ਉਨ੍ਹਾਂ ਨਾਲੋਂ ਵੀ ਬਹਾਦਰ ਦੱਸਦੇ ਹੋ। ਉਸੇ ਤਰ੍ਹਾਂ ਧਰਮ ਦੇ ਨਾਮ ਤੇ ਰਾਜ ਭਾਗ ਵੀ ਮੰਗਦੇ ਹੋ। ਜੋ ਜੁਲਮ ਤਾਲੇਬਾਨਾ ਨੇ ਵੱਖਰੀ ਸੋਚ ਵਾਲਿਆਂ ਤੇ ਅਤੇ ਬੀਬੀਆਂ ਤੇ ਧਰਮ/ਸ਼ਰੀਆ ਦੇ ਨਾਮ ਤੇ ਕੀਤੇ ਹਨ ਉਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੈ। ਕੀ ਤੁਸੀਂ ਵੀ ਇਹੀ ਕੁੱਝ ਕਰਨਾ ਚਾਹੁੰਦੇ ਹੋ? ਜੇ ਕਰ ਨਹੀਂ ਤਾਂ ਵੱਖਰੀ ਸੋਚ ਵਾਲਿਆਂ ਨੂੰ ਧਮਕੀਆਂ ਤੇ ਕਤਲ ਕਿਉਂ? ਤਾਲੇਬਾਨਾ ਦੇ ਅਫਗਾਨਿਸਤਾਨ ਦੇ ਕਬਜੇ ਤੋਂ ਬਾਅਦ ਜਿਸ ਤਰ੍ਹਾਂ ਇਸਲਾਮ ਨੂੰ ਮੰਨਣ ਵਾਲੇ ਲੋਕ ਦੇਸ਼ ਤੋਂ ਬਾਹਰ ਭੱਜਣਾ ਚਾਹੁੰਦੇ ਸਨ ਉਹ ਦ੍ਰਿਸ਼ ਸਾਰੀ ਦੁਨੀਆ ਨੇ ਦੇਖੇ ਹਨ। ਜਹਾਜ ਦੇ ਬਾਹਰ ਲਮਕ ਕੇ ਵੀ ਲੱਗ ਭੱਗ 6 ਲੋਕਾਂ ਨੇ ਆਪਣੀ ਜਾਨ ਗਵਾਈ ਹੈ, ਜਿਹੜੇ ਕਿ ਅਸਮਾਨ ਤੋਂ ਡਿਗਦੇ ਸਾਰੀ ਦੁਨੀਆ ਨੇ ਦੇਖੇ ਹਨ। ਇਨ੍ਹਾਂ ਤਾਲੇਬਾਨਾ ਨੇ ਪਹਿਲਾਂ ਧਰਮ ਦੇ ਨਾਮ ਤੇ ਹੀ ਦੇਸ਼ ਨੂੰ ਚਲਾਇਆ ਸੀ। ਹੋਰਨਾ ਨੇ ਤਾਂ ਦੁਖੀ ਹੋਣਾ ਹੀ ਹੈ, ਇਸਲਾਮ ਧਰਮ ਨੂੰ ਮੰਨਣ ਵਾਲੇ ਵੀ ਇਨ੍ਹਾਂ ਤੋਂ ਦੁਖੀ ਸਨ। ਆਈਸਸ ਵਾਲੇ ਇਨ੍ਹਾਂ ਤੋਂ ਵੀ ਜਿਆਦਾ ਨਿਰਦਈ ਹਨ। ਉਹ ਵੀ ਇਸਲਾਮ ਧਰਮ ਦੇ ਨਾਮ ਤੇ ਇੱਕ ਹੋਰ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਨ ਤਾਂ ਕਿ ਧਰਮ ਦੇ ਨਾਮ ਤੇ ਵੱਧ ਤੋਂ ਵੱਧ ਕਰੂਰਤਾ ਦਿਖਾਈ ਜਾ ਸਕੇ। ਸਾਰੀ ਦੁਨੀਆ ਇਨ੍ਹਾਂ ਤੋਂ ਦੁਖੀ ਹੈ। ਅੱਜ ਦੀ ਖਬਰ ਹੈ ਕਿ ਇੱਕ ਆਈਸਸ ਵਾਲੇ ਸਿਰਫਿਰੇ ਨੇ ਨਿਊਜ਼ੀਲੈਂਡ ਵਿੱਚ ਚਾਕੂ ਨਾਲ ਕਈਆਂ ਉਤੇ ਹਮਲੇ ਕਰਕੇ ਜਖਮੀ ਕੀਤਾ ਸੀ। ਪੁਲੀਸ ਉਸ ਉਪਰ ਨਿਗਾਹ ਰੱਖ ਰਹੀ ਸੀ ਅਤੇ ਉਸ ਨੂੰ ਗੋਲੀ ਮਾਰ ਕੇ ਸਵਰਗਾਂ ਵਿੱਚ ਭੇਜ ਦਿੱਤਾ ਜਿਹੜੀ ਕਿ ਉਨ੍ਹਾਂ ਨੂੰ ਖਾਸ ਚਾਹਨਾ ਹੁੰਦੀ ਹੈ।
ਅੰਤ ਵਿੱਚ ਬੇਨਤੀ ਹੈ ਕਿ ਸਾਧਾਂ ਤੋਂ ਬਚੋ ਅਤੇ ਸਾਧਾਂ ਦੇ ਚੇਲਿਆਂ ਤੋਂ ਬਚੋ। ਇਨ੍ਹਾਂ ਦੇ ਪਖੰਡਾਂ ਤੋਂ ਬਚੋ, ਇਨ੍ਹਾਂ ਦੀ ਬੇਈਮਾਨੀ ਤੋਂ ਬਚੋ, ਇਨ੍ਹਾਂ ਦੀਆਂ ਝੂਠੀਆਂ ਕਹਾਣੀਆਂ ਤੋਂ ਬਚੋ, ਝੂਠੀਆਂ ਕਰਾਮਾਤੀ ਕਹਾਣੀਆਂ ਤੋਂ ਬਚੋ, ਇਨ੍ਹਾਂ ਦੀ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਗੁੰਡਾਗਰਦੀ ਤੋਂ ਬਚੋ, ਅਤੇ ਹੋਰ ਵੀ ਜਿਥੋਂ ਤੱਕ ਹੋ ਸਕੇ ਬਚ ਕੇ ਦੂਰ ਰਹੋ। ਕਿਉਂਕਿ ਇਨ੍ਹਾਂ ਦੇ ਦਿਮਾਗ ਸਾਧਾਂ ਨੇ ਖਰਾਬ ਕੀਤੇ ਹੋਏ ਹਨ ਜਾਂ ਫਿਰ ਆਪ ਹੀ ਸਾਧਾਂ ਮਗਰ ਲੱਗ ਕੇ ਖਰਾਬ ਕਰ ਲਏ ਹਨ। ਕਪਟ, ਬੇਈਮਾਨ, ਗੁੰਡਾਗਰਦੀ, ਬਦਮਾਸ਼ੀ, ਝੂਠ ਅਤੇ ਪਖੰਡ ਹੀ ਇਨ੍ਹਾਂ ਦਾ ਧਰਮ ਹੈ ਕਿਉਂਕਿ ਇਨ੍ਹਾਂ ਦੇ ਦਿਮਾਗ ਸੁੰਨ ਹੋ ਚੁੱਕੇ ਹਨ।
ਧੰਨਵਾਦ!
ਮੱਖਣ ਪੁਰੇਵਾਲ,
ਸਤੰਬਰ 03, 2021.
.