.

ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹੋਏ ਅੱਤਵਾਦੀ ਹਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ?

ਹਰਚਰਨ ਸਿੰਘ ਹਰਜੀ (ਐਡੀਟਰ-ਸਿੱਖ ਵਿਰਸਾ ਮੈਗਜ਼ੀਨ) Tel.: 403-681-8689 Email: [email protected]

ਪਿਛਲੇ ਦਿਨੀਂ 25 ਮਾਰਚ, 2020 ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਯਾਦ ਵਿੱਚ ਬਣੇ ਹੋਏ ਇਤਿਹਾਸਕ ਗੁਰਦੁਆਰੇ ਵਿੱਚ ਜੁੜੀ ਸੰਗਤ ਤੇ ਚਾਰ ਹਮਲਾਵਰਾਂ ਨੇ ਅੰਨ੍ਹੇਵਾਹ ਫਇਰਿੰਗ ਕਰਕੇ 25 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਦਰਜਨਾਂ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ 1 ਜੁਲਾਈ, 2018 ਨੂੰ ਇਸੇ ਤਰ੍ਹਾਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਜਾ ਰਹੇ ਇੱਕ ਸਿੱਖ ਵਫਦ ਤੇ ਹਮਲਾ ਕਰਕੇ 19 ਸਿੱਖ ਮਾਰ ਦਿੱਤੇ ਗਏ ਸਨ ਤੇ ਦਰਜਨਾਂ ਜ਼ਖਮੀ ਹੋ ਗਏ ਸਨ। 1979 ਵਿੱਚ ਰੂਸ ਵਲੋਂ ਅਫਗਾਨਿਸਤਾਨ ਤੇ ਹਮਲਾ ਕਰਨ ਤੋਂ ਪਹਿਲਾਂ ਅਫਗਾਨਿਸਤਾਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਤੇ ਸਿੱਖ ਵਸਦੇ ਸਨ, ਪਰ 1979-1989 ਤੱਕ ਚੱਲੀ ਲੜਾਈ ਤੇ ਫਿਰ 1990 ਵਿੱਚ ਤਾਲੀਬਾਨਾਂ ਵਲੋਂ ਅਫਗਾਨਿਤਾਨ ਤੇ ਕਾਬਿਜ ਹੋਣ ਤੋਂ ਬਾਅਦ ਬਹੁ ਗਿਣਤੀ ਮੁਸਲਿਮ ਭਾਈਚਾਰੇ ਤੇ ਅੱਤਵਾਦੀ ਗਰੁੱਪਾਂ ਵਲੋਂ ਘੱਟ ਗਿਣਤੀਆਂ ਤੇ ਹਮਲਿਆਂ ਕਾਰਨ, ਇਹ ਗਿਣਤੀ ਲੱਖਾਂ ਤੋਂ ਘਟ ਕੇ ਹਜਾਰਾਂ ਵਿੱਚ ਹੋ ਗਈ। ਫਿਰ 2001 ਵਿੱਚ ਅਲ ਕਾਇਦਾ ਤੇ ਤਾਲੀਬਾਨਾਂ ਵਲੋਂ ਅਮਰੀਕਾ ਤੇ ਹਮਲੇ ਤੋਂ ਬਾਅਦ ਅਮਰੀਕਾ ਵਲੋਂ ਅਫਗਾਨਿਸਤਾਨ ਤੇ ਕੀਤੇ ਹਮਲੇ ਕਾਰਨ ਚੱਲ ਰਹੀ ਜੰਗ ਦੌਰਾਨ ਇਹ ਗਿਣਤੀ ਘਟ ਕੇ ਸੈਂਕੜਿਆਂ ਵਿੱਚ ਰਹਿ ਗਈ ਸੀ, ਹੁਣ ਜੋ ਹਾਲਾਤ ਹਨ, ਇਸ ਹਮਲੇ ਤੋਂ ਬਾਅਦ ਬਾਕੀ ਰਹਿੰਦੇ ਹਜਾਰ ਕੁ ਅਫਗਾਨੀ ਸਿੱਖ ਤੇ ਹਿੰਦੂ ਵੀ ਇਥੋਂ ਨਿਕਲ ਜਾਣਗੇ, ਸ਼ਾਇਦ ਇਹੀ ਇਸ ਹਮਲੇ ਦਾ ਮਕਸਦ ਹੋਵੇ? ਬੇਸ਼ਕ ਇਸ ਹਮਲੇ ਦੀ ਸਿੱਧੀ ਜਿੰਮੇਵਾਰੀ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵੈਂਟ (ਆਈ ਐਸ ਆਈ ਐਲ ISIL) ਵਲੋਂ ਲਈ ਗਈ ਹੈ। ਇਹ ਕੱਟੜ ਇਸਲਾਮੀ ਅੱਤਵਾਦੀ ਗਰੁੱਪ ਇਸਲਾਮਕਿ ਸਟੇਟ ਆਫ ਇਰਾਕ ਐਂਡ ਸੀਰੀਆ (ਆਈ ਐਸ ਆਈ ਐਸ ISIS) ਦਾ ਹੀ ਬਦਲਵਾਂ ਰੂਪ ਹੈ। ਇਥੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸਾਰੇ ਕੱਟੜ ਇਸਲਾਮੀ ਅੱਤਵਾਦੀ ਗਰੁੱਪ 18ਵੀਂ ਸਦੀ ਵਿੱਚ ਸਾਉਦੀ ਅਰਬੀਆ ਵਿੱਚ ਕੱਟੜ ਸੁੰਨੀ ਨੇਤਾ ਮੁਹੰਮਦ ਅਲ ਵਹਾਬੀ ਵਲੋਂ ਸ਼ੁਰੂ ਕੀਤੀ ਗਈ ‘ਵਹਾਬੀ ਲਹਿਰ’ ਦਾ ਹਿੱਸਾ ਹਨ, ਜਿਸਦਾ ਮਕਸਦ ਸਿਰਫ ਅੱਲਾ ਨੂੰ ਮੰਨਣ ਵਾਲਿਆਂ ਦਾ ਰਾਜ ਸਥਾਪਿਤ ਕਰਨਾ ਤੇ ਕਾਫਿਰਾਂ ਨੂੰ ਮਾਰ ਮੁਕਾਉਣਾ ਸੀ। ਇਹੀ ‘ਵਹਾਬੀ ਮੂਵਮੈਂਟ’ 19ਵੀਂ ਸਦੀ ਵਿੱਚ ਨਵੇਂ ਰੂਪ ਵਿੱਚ ‘ਸਲਾਫੀ ਮੂਵਮੈਂਟ’ ਦੇ ਰੂਪ ਵਿੱਚ ਸਾਹਮਣੇ ਆਈ ਸੀ, ਜਿਸਨੂੰ ਮੁਹੰਮਦ ਅਬਦੂ ਵਲੋਂ ਸ਼ੁਰੂ ਕੀਤਾ ਗਿਆ ਸੀ। ‘ਅਲ ਕਾਇਦਾ’, ‘ਤਾਲੀਬਾਨ’ ਆਦਿ ਵਰਗੀਆਂ ਦਰਜਨਾਂ ਖੂੰਖਾਰ ਅੱਤਵਾਦੀ ਜਥੇਬੰਦੀਆਂ, ਇਨ੍ਹਾਂ ਦੋਨਾਂ ਮੂਵਮੈਂਟਾਂ ਤੋਂ ਪ੍ਰਭਾਵਤ ਹਨ। ਇਨ੍ਹਾਂ ਗਰੁੱਪਾਂ ਦੇ ਅੱਤਵਾਦੀ ਹੀ ਜ਼ਿਆਦਾਤਰ ਆਤਮਘਾਤੀ ਹਮਲੇ ਕਰਦੇ ਹਨ। ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਇਰਾਕ, ਇਰਾਨ ਆਦਿ ਅਨੇਕਾਂ ਦੇਸ਼ਾਂ ਵਿੱਚ ਇਹ ਗਰੁੱਪ ਹੀ ਘੱਟ ਗਿਣਤੀਆਂ ਤੇ ਹਮਲਿਆਂ ਲਈ ਜਿੰਮੇਵਾਰ ਮੰਨੇ ਜਾਂਦੇ ਹਨ। ਇਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਇਸਲਾਮਕਿ ਦੇਸ਼ਾਂ ਵਿੱਚ ਸੁੰਨੀ ਮੁਸਲਮਾਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਰਹਿਣ ਦਾ ਹੱਕ ਨਹੀਂ। ਇਸੇ ਕਰਕੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਇਸਾਈਆਂ ਤੋਂ ਇਲਾਵਾ ਇਹ ਸ਼ੀਆ, ਸੂਫੀ, ਅਹਮਦੀਆ ਆਦਿ ਮੁਸਲਮਾਨ ਫਿਰਕਿਆਂ ਤੇ ਵੀ ਹਮਲੇ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਕੀਤੇ ਗਏ ਆਤਮਘਾਤੀ ਹਮਲੇ ਤੇ ਫਾਇਰਿੰਗ ਵਿੱਚ ਮਾਰਿਆ ਗਿਆ ਇੱਕ ਅੱਤਵਾਦੀ ਇੰਡੀਆ ਦੇ ਸੂਬੇ ਕੇਰਲਾ ਦਾ ਵਾਸੀ ਮੁਹੰਮਦ ਸਾਜਿਦ ਸੀ, ਜੋ ਕੁੱਝ ਸਾਲ ਪਹਿਲਾਂ ਇਨ੍ਹਾਂ ਅੱਤਵਾਦੀ ਗਰੁੱਪਾਂ ਵਿੱਚ ਸ਼ਾਮਿਲ ਹੋ ਗਿਆ ਸੀ। ਹਮਲਾਵਾਰਾਂ ਨੇ ਹਮਲੇ ਦੀ ਲਈ ਜਿੰਮੇਵਾਰੀ ਵਿੱਚ ਕਿਹਾ ਤਾਂ ਇਹ ਹੈ ਕਿ ਹਮਲਾ ਭਾਰਤ ਵਲੋਂ ਕਸ਼ਮੀਰ ਵਿੱਚ ਕੀਤੇ ਜਾ ਰਹੇ ਜੁਲਮਾਂ ਦੇ ਜਵਾਬ ਵਿੱਚ ਹੈ, ਪਰ ਇਸਦਾ ਸਿੱਖਾਂ ਨਾਲ ਕੀ ਸਬੰਧ ਤੇ ਖਾਸਕਰ ਉਸ ਵਕਤ ਜਦੋਂ ਸਿੱਖ ਖੁੱਲੇਆਮ ਭਾਰਤ ਸਰਕਾਰ ਖਿਲਾਫ ਜਾ ਕੇ ਕਸ਼ਮੀਰੀਆਂ ਦੀ ਦੇਸ਼-ਵਿਦੇਸ਼ ਮੱਦਦ ਕਰ ਰਹੇ ਹਨ। ਇਸ ਲਈ ਹਮਲੇ ਪਿਛੇ ਕੋਈ ਸਾਜ਼ਿਸ਼ ਨਜ਼ਰ ਆ ਰਹੀ ਹੈ?

ਸਾਡਾ ਇਥੇ ਇਸ ਘਟਨਾ ਦਾ ਜ਼ਿਕਰ ਕਰਨ ਦਾ ਮਕਸਦ ਇਹ ਨਹੀਂ ਕਿ ਇਸ ਹਮਲੇ ਦੀ ਸਾਜ਼ਿਸ਼ ਪਿਛੇ ਕੌਣ ਹੈ, ਸਗੋਂ ਇਹ ਵਿਚਾਰਨਾ ਹੈ ਕਿ ਜਿਥੇ ਵੀ ਧਰਮ ਜਾਂ ਕਿਸੇ ਖਾਸ ਵਿਚਾਰਧਾਰਾ ਅਧਾਰਿਤ ਬਹੁ-ਗਿਣਤੀ ਲੋਕਾਂ ਵਲੋਂ ਸਰਕਾਰਾਂ ਚਲਾਈਆਂ ਜਾਂਦੀਆਂ ਹਨ, ਉਹ ਡਿਕਟੇਟਰਸ਼ਿਪ ਵਾਲੀਆਂ ਹੋਣ ਜਾਂ ਲੋਕਤੰਤਰੀ ਹੋਣ, ਸਭ ਜਗ੍ਹਾ ਘੱਟ ਗਿਣਤੀ ਫਿਰਕਿਆਂ ਨਾਲ ਹਰ ਪੱਧਰ ਤੇ ਵਿਤਕਰੇ ਸਰਕਾਰਾਂ ਵੀ ਕਰਦੀਆਂ ਹਨ ਤੇ ਬਹੁ-ਗਿਣਤੀ ਭਾਈਚਾਰੇ ਦੇ ਲੋਕ ਵੀ ਕਰਦੇ ਹਨ। ਖਾਸਕਰ ਧਰਮ ਅਧਾਰਿਤ ਜਾਂ ਕਿਸੇ ਖਾਸ ਵਿਚਾਰਧਾਰਾ ਨੂੰ ਪਰਨਾਏ ਹੋਏ ਦੇਸ਼ਾਂ ਵਿੱਚ ਇਹ ਵਰਤਾਰਾ ਆਮ ਦੇਖਣ ਨੂੰ ਮਿਲਦਾ ਹੈ। ਪਿਛਲੇ ਸਾਲਾਂ ਵਿੱਚ ਮਾਈਨਾਮਾਰ (ਬਰਮਾ) ਵਿੱਚ ਬਹੁ-ਗਿਣਤੀ ਬੋਧੀ ਭਾਈਚਾਰੇ ਵਲੋਂ ਰੋਹੰਗੀਆ ਮੁਸਲਮਾਨਾਂ ਦਾ ਵੱਡੇ ਪੱਧਰ ਤੇ ਕਤਲੇਆਮ ਹੋਇਆ ਸੀ। ਇਸੇ ਤਰ੍ਹਾਂ ਸ੍ਰੀ ਲੰਕਾ ਵਿੱਚ ਸਿਨਹਾਲੀ ਬੋਧੀ ਬਹੁ ਗਿਣਤੀ ਭਾਈਚਾਰੇ ਵਲੋਂ ਘੱਟ ਤਾਮਿਲ ਹਿੰਦੂਆਂ ਨਾਲ ਵਿਤਕਰੇ ਤੇ ਕਤਲੇਆਮ ਅਕਸਰ ਹੁੰਦੇ ਹਨ। ਜੇ ਅਸੀਂ ਇੰਡੀਆ ਦੇ ਪੱਖ ਤੋਂ ਦੇਖੀਏ ਤਾਂ ਪਹਿਲਾਂ ਇਥੇ ਦਰਾਵੜਾਂ ਦੀ ਸਿੰਧੂ ਘਾਟੀ ਸਭਿਅਤਾ ਸੀ। ਫਿਰ 4 ਕੁ ਹਜਾਰ ਸਾਲ ਪਹਿਲਾਂ ਸੈਂਟਰਲ ਏਸ਼ੀਆ, ਅਰਬ ਤੇ ਯੂਰਪ ਵਿੱਚੋਂ ਕੁੱਝ ਆਰੀਅਨ ਕਬੀਲੇ ਇਸ ਖੇਤਰ ਵਿੱਚ ਆਏ, ਜਿਨ੍ਹਾਂ ਨੇ ਤਕਰੀਬਨ ਇੱਕ ਹਜਾਰ ਸਾਲ ਇਥੇ ਦੇ ਮੂਲ ਨਿਵਾਸੀ ਦਰਾਵੜਾਂ ਨਾਲ ਲੜਾਈਆਂ ਲੜੀਆਂ ਤੇ ਅਖੀਰ ਜਿੱਤ ਪ੍ਰਾਪਤ ਕਰਕੇ ਵਰਣ ਆਸ਼ਰਮ ਅਧਾਰਿਤ ਹਿੰਦੂ (ਵੈਦਿਕ-ਆਰੀਅਨ) ਧਰਮ ਦੀ ਸਥਾਪਨਾ ਕੀਤੀ। ਪਰ ਇਹ ਲੜਾਈ ਕਦੇ ਖਤਮ ਨਹੀਂ ਹੋਈ, ਵੱਖ-ਵੱਖ ਢੰਗਾਂ ਨਾਲ 4 ਹਜਾਰ ਸਾਲ ਤੋਂ ਹੀ ਜਾਰੀ ਹੈ। ਫਿਰ 2500 ਸਾਲ ਪਹਿਲਾਂ ਇਸ ਖਿੱਤੇ ਵਿੱਚ ਬੁੱਧ ਧਰਮ ਪੈਦਾ ਹੋਇਆ, ਜਿਸਨੇ ਵਰਣ ਆਸ਼ਰਮ ਸਮੇਤ ਆਰੀਅਨਾਂ ਵਲੋਂ ਸਥਾਪਿਤ ਕੀਤੇ ਗਏ ਬ੍ਰਾਹਮਣਵਾਦੀ ਹਿੰਦੂ ਧਰਮ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਇਥੋਂ ਤੱਕ ਕਿ ਉਸਨੇ ਬ੍ਰਾਹਮਣ ਦੇ ਰੱਬ ਨੂੰ ਰੱਦ ਕਰ ਦਿੱਤਾ, ਇਸੇ ਕਰਕੇ ਬੁੱਧ ਧਰਮ ਨੂੰ ਨਾਸਤਿਕ ਧਰਮ ਵੀ ਕਿਹਾ ਜਾਂਦਾ ਹੈ, ਜਦਕਿ ਅਸਲੀਅਤ ਵਿੱਚ ਬੁੱਧ ਧਰਮ ਨਾਸਤਿਕ ਨਹੀਂ? ਬੁੱਧ ਤੋਂ ਤਕਰੀਬਨ 200 ਸਾਲ ਬਾਅਦ ਸਮਰਾਟ ਅਸ਼ੋਕ ਨੇ ਬੁੱਧ ਧਰਮ ਨੂੰ ਇੰਡੀਆ ਤੇ ਸਾਊਥ ਏਸ਼ੀਆ ਵਿੱਚ ਵੱਡੇ ਪੱਧਰ ਤੇ ਫੈਲਾਇਆ। ਤਕਰੀਬਨ 6-7 ਸਦੀਆਂ ਇੰਡੀਆ ਵਿੱਚ ਬੁੱਧ ਧਰਮ ਦਾ ਬੋਲ-ਬਾਲਾ ਰਿਹਾ। ਇਸ ਤੋਂ ਬਾਅਦ ਬੁੱਧ ਧਰਮ ਨੂੰ ਸ਼ੰਕਰਾਚਾਰੀਆ ਦੀ ਅਗਵਾਈ ਵਿੱਚ ਆਰੀਅਨ ਹਿੰਦੂਆਂ ਨੇ ਖਤਮ ਕਰਨ ਲਈ ਜਬਰਦਸਤ ਹਮਲੇ ਕੀਤੇ। ਤਕਰੀਬਨ 6-7 ਸਦੀ ਤੱਕ ਆਉਂਦਿਆਂ ਬੁੱਧ ਧਰਮ ਭਾਰਤ ਵਿਚੋਂ ਅਲੋਪ ਜਿਹਾ ਹੀ ਹੋ ਗਿਆ ਸੀ ਤੇ ਹੋਰ ਨੇੜਲੇ ਦੇਸ਼ਾਂ ਵਿੱਚ ਫੈਲ ਗਿਆ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਹਿੰਦੂ ਧਰਮ ਦਾ ਬੋਲ-ਬਾਲਾ ਹੋਇਆ, ਜੋ ਕਿ ਇਸਲਾਮਿਕ ਹਮਲਾਵਰਾਂ ਦੇ 10ਵੀਂ-11ਵੀਂ ਸਦੀ ਵਿੱਚ ਭਾਰਤ ਵੱਲ ਆਉਣ ਤੱਕ ਜਾਰੀ ਰਿਹਾ। ਇਸ ਤੋਂ ਬਾਅਦ ਮੁਹੰਮਦ ਗਜਨਵੀ, ਮੁਹੰਮਦ ਗੋਰੀ, ਚੰਗੇਜ ਖਾਨ, ਬਾਬਰ ਆਦਿ ਹਮਲਾਵਰਾਂ ਦੇ ਆਉਣ ਨਾਲ ਭਾਰਤ ਵਿੱਚ ਇਸਲਾਮ ਦਾ ਬੋਲ-ਬਾਲਾ ਹੋ ਗਿਆ। ਜੋ ਕਿ ਅੰਗਰੇਜਾਂ ਦੇ ਆਉਣ ਤੱਕ ਤਕਰੀਬਨ 8-9 ਸੌ ਸਾਲ ਜਾਰੀ ਰਿਹਾ। ਬੋਧੀਆਂ ਨੂੰ ਭਾਰੀ ਤਾਕਤ ਦੀ ਵਰਤੋਂ ਕਰਕੇ ਹਿੰਦੂਆਂ ਵਲੋਂ ਹਰਾਇਆ ਗਿਆ ਸੀ, ਇਸ ਲਈ ਬੋਧੀਆਂ ਵਲੋਂ ਵੀ ਭਾਰਤ ਵਿੱਚ ਇਸਲਾਮ ਦਾ ਰਾਜ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ। ਬਹੁਤੇ ਬੋਧੀ, ਜੋ ਹਿੰਦੂਆਂ ਦੇ ਜ਼ੁਲਮਾਂ ਅੱਗੇ ਝੁਕ ਕੇ ਹਿੰਦੂ ਬਣ ਗਏ ਸਨ, ਉਹੀ ਵੱਡੀ ਗਿਣਤੀ ਵਿੱਚ ਇਸਲਾਮ ਵਿੱਚ ਆ ਗਏ। ਬੇਸ਼ਕ ਇਸਲਾਮਕ ਹਮਲਾਵਰਾਂ ਵਲੋਂ ਕਾਫਰਾਂ ਦੇ ਧਰਮ ਪਰਿਵਤਰਨ ਨਾਲ ਵੀ ਵੱਡੀ ਗਿਣਤੀ ਵਿੱਚ ਲੋਕ ਇਸਲਾਮ ਵਿੱਚ ਆਏ ਸਨ, ਪਰ ਬੋਧੀਆਂ ਦਾ ਵੀ ਵੱਡਾ ਰੋਲ ਸੀ। ਜੇ ਅਸੀਂ ਬਾਕੀ ਦੁਨੀਆਂ ਦਾ ਇਤਿਹਾਸ ਵੀ ਦੇਖਦੇ ਹਾਂ ਤਾਂ ਯਹੂਦੀਆਂ, ਇਸਾਈਆਂ, ਮੁਸਲਮਾਨਾਂ ਆਦਿ ਨੇ ਵੀ ਆਪਣੇ ਰਾਜਾਂ ਤੇ ਧਰਮ ਨੂੰ ਵਧਾਉਣ ਲਈ ਮਨੁੱਖਤਾ ਤੇ ਭਾਰੀ ਜ਼ੁਲਮ ਕੀਤੇ ਸਨ। ਬਸਤੀਵਾਦੀ ਗੋਰਿਆਂ ਵਲੋਂ ਸਾਰੀ ਦੁਨੀਆਂ ਵਿੱਚ ਰਾਜ ਕਰਨ ਦੇ ਮਨਸੂਬਿਆਂ ਵਿੱਚ ਚਰਚ ਦਾ ਵੱਡਾ ਹੱਥ ਸੀ। ਇਸੇ ਬਦੌਲਤ ਇਸਾਈ ਧਰਮ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਬਣ ਸਕਿਆ। ਇਸੇ ਤਰ੍ਹਾਂ ਇਸਲਾਮਿਕ ਹਮਲਾਵਰਾਂ ਨਾਲ ਮੂਹਰੇ ਹੋ ਕੇ ਕੁਰਾਨ ਦਾ ਪਾਠ ਪੜ੍ਹਾਉਣ ਵਾਲੇ ਕਾਜੀ, ਮੁੱਲਾਂ-ਮੁਲਾਣਿਆਂ ਕਾਰਨ ਹੀ ਇਸਲਾਮ ਦੁਨੀਆਂ ਦਾ ਦੂਜੇ ਨੰਬਰ ਦਾ ਧਰਮ ਬਣਿਆ ਹੋਇਆ ਹੈ। ਕਹਿਣ ਤੋਂ ਭਾਵ ਹੈ ਕਿ ਸਾਰੇ ਧਰਮ ਰਾਜਸੀ ਤਾਕਤ ਦੇ ਨਾਲ ਹੀ ਵਧੇ ਫੁੱਲੇ ਹਨ, ਦੋਨੋ ਇੱਕ ਦੂਜੇ ਦੇ ਪੂਰਕ ਹੋ ਕੇ ਵਿਚਰਦੇ ਰਹੇ ਹਨ ਤੇ ਵਿਚਰ ਰਹੇ ਹਨ।

ਦੁਨੀਆਂ ਦਾ ਸਾਰਾ ਇਤਿਹਾਸ ਪੜ੍ਹ ਕੇ ਦੇਖ ਲਉ, ਆਪਣੀ ਰਾਜਸੀ ਜਾਂ ਧਾਰਮਿਕ ਸਰਦਾਰੀ ਕਾਇਮ ਕਰਨ ਲਈ ਕੋਈ ਕਿਸੇ ਤੋਂ ਘੱਟ ਨਹੀਂ ਤੇ ਆਪਣੇ ਹਿੱਤਾਂ ਲਈ ਇੱਕ ਦੂਜੇ ਦਾ ਸਾਥ ਦੇ ਕੇ ਮਨੁੱਖਤਾ ਦਾ ਘਾਣ ਕਰਦੇ ਰਹੇ ਹਨ। ਭਾਰਤੀ ਖਿੱਤੇ ਦੇ ਪੱਖ ਤੋਂ ਦੇਖੀਏ ਤਾਂ ਦਰਾਵੜਾਂ, ਹਿੰਦੂਆਂ (ਆਰੀਅਨਾਂ), ਬੋਧੀਆਂ, ਮੁਸਲਮਾਨਾਂ, ਇਸਾਈਆਂ ਦੀ ਦੁਸ਼ਮਣੀ ਸਦੀਆਂ ਪੁਰਾਣੀ ਹੈ। ਇਹ ਸਾਰੇ ਆਪਣੀ ਆਪਣੀ ਸਰਦਾਰੀ ਲਈ ਸਦੀਆਂ ਤੋਂ ਇੱਕ ਦੂਜੇ ਦਾ ਖੂਨ ਵਹਾਉਂਦੇ ਆਏ ਹਨ ਤੇ ਅੱਜ ਵੀ ਵਹਾ ਰਹੇ ਹਨ। ਪਿਛਲੇ ਕੁੱਝ ਸਾਲਾਂ ਤੋਂ ਭਾਰਤ ਵਿੱਚ ਇੱਕ ਵਾਰ ਫਿਰ ਹਿੰਦੂਵਾਦ ਦਾ ਬੋਲ-ਬਾਲਾ ਹੋਣ ਨਾਲ ਮੁਸਲਮਾਨ ਨਿਸ਼ਾਨੇ ਤੇ ਹਨ। ਪਰ ਜਿਥੇ ਮੁਸਲਮਾਨਾਂ ਦਾ ਬੋਲ-ਬਾਲਾ ਹੈ, ਉਥੇ ਹਿੰਦੂ-ਸਿੱਖ-ਬੋਧੀ ਨਿਸ਼ਾਨੇ ਤੇ ਹਨ। ਜਿਥੇ ਬੋਧੀਆਂ ਦਾ ਬੋਲ-ਬਾਲਾ ਹੈ, ਉਥੇ ਹਿੰਦੂ ਨਿਸ਼ਾਨੇ ਤੇ ਹਨ। ਜਿਥੇ ਇਸਾਈਆਂ ਦਾ ਜੋਰ ਚੱਲਦਾ ਹੈ, ਉਥੇ ਮੁਸਲਮਾਨ ਜਾਂ ਹੋਰ ਘੱਟ ਗਿਣਤੀਆਂ ਨਿਸ਼ਾਨੇ ਤੇ ਹਨ। ਸਿੱਖ ਧਰਮ ਗੁਰੂ ਨਾਨਕ ਸਾਹਿਬ ਦੀ 14-15 ਸਦੀ ਵਿੱਚ ਆਗਮਨ ਨਾਲ ਸ਼ੁਰੂ ਹੋਇਆ। ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂਆਂ ਤੇ ਭਗਤਾਂ ਦੀ ਬਾਣੀ (ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ) ਅਧਾਰਿਤ ਸਿੱਖ ਧਰਮ, ਜਿਥੇ ਮਨੁੱਖਤਾਵਾਦੀ ਤੇ ਸਰਬੱਤ ਦੇ ਭਲੇ ਦਾ ਧਾਰਨੀ ਹੈ, ਉਥੇ ਧਾਰਮਿਕ ਫਿਰਕਿਆਂ ਦੀਆਂ ਕਰਮਕਾਂਡੀ, ਅੰਧ ਵਿਸ਼ਵਾਸ਼ੀ, ਗੈਰ ਵਿਗਿਆਨਕ ਰੀਤਾਂ-ਰਸਮਾਂ-ਮਰਿਯਾਦਾਵਾਂ ਦਾ ਵਿਰੋਧੀ ਅਤੇ ਹੱਕ-ਸੱਚ-ਇਨਸਾਫ ਲਈ ਆਵਾਜ ਉਠਾਉਣ ਵਾਲਾ ਧਰਮ ਹੈ। ਇਸੇ ਕਰਕੇ ਇਹ ਧਰਮ ਕਦੇ ਬਹੁਤਾ ਫੈਲਿਆ ਨਹੀਂ ਤੇ ਨਾ ਹੀ ਅਜਿਹੀ ਵਿਚਾਰਧਾਰਾ ਵਾਲਾ ਧਰਮ ਬਹੁਤਾ ਫੈਲ ਸਕਦਾ ਹੈ ਕਿਉਂਕਿ ਇਤਿਹਾਸਕ ਤਜੁਰਬੇ ਇਹੀ ਦੱਸਦੇ ਹਨ ਕਿ ਕਿਸੇ ਧਰਮਿਕ ਫਿਰਕੇ ਨੂੰ ਫੈਲਾਉਣ ਲਈ ਰਾਜਸੀ ਤਾਕਤ ਦੀ ਲੋੜ ਹੁੰਦੀ ਹੈ ਤੇ ਰਾਜਸੀ ਤਾਕਤ ਲੋਕਾਂ ਤੇ ਜ਼ਬਰ-ਜ਼ੁਲਮ ਤੋਂ ਬਿਨਾਂ ਹਾਸਿਲ ਨਹੀਂ ਹੋ ਸਕਦੀ। ਬੇਸ਼ਕ ਸਿੱਖਾਂ ਨੇ ਤਕਰੀਬਨ 100 ਸਾਲ ਮੁਗਲਾਂ ਨਾਲ ਲੜ੍ਹ ਕੇ ਇੱਕ ਰਾਜ ਸਥਾਪਿਤ ਕੀਤਾ ਸੀ, ਪਰ ਉਹ ਬਹੁਤਾ ਚਿਰ ਚੱਲ ਨਹੀਂ ਸਕਿਆ ਤੇ ਹਾਲਾਂ ਕਿ ਉਸ ਵਿੱਚ ਗੁਰੂਆਂ ਦੀ ਵਿਚਾਰਧਾਰਾ ਵਾਲੇ ਕੁੱਝ ਕੁ ਅੰਸ਼ ਹੀ ਸਨ। ਭਗਤਾਂ ਤੇ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਪ੍ਰਚਲਤ ਧਾਰਮਿਕ ਫਿਰਕਿਆਂ (ਹਿੰਦੂਆਂ-ਮੁਸਲਮਾਨਾਂ) ਦੇ ਪੁਜਾਰੀਆਂ ਨੇ ਰਾਜ ਦਰਬਾਰਾਂ ਨਾਲ ਸਾਜ਼ਿਸ਼ ਕਰਕੇ ਭਗਤਾਂ-ਗੁਰੂਆਂ ਨੂੰ ਕਦੇ ਚੈਨ ਨਾਲ ਬੈਠਣ ਨਹੀਂ ਦਿੱਤਾ। ਬੇਸ਼ਕ ਗੁਰੂਆਂ ਦੀ ਵਿਚਾਰਧਾਰਾ ਮਾਨਵਤਾਵਾਦੀ ਤੇ ਸਰਬੱਤ ਦੇ ਭਲੇ ਦੀ ਸੀ, ਪਰ ਉਸ ਵਿੱਚ ਜ਼ੁਲਮ-ਜ਼ਬਰ ਜਾਂ ਬੇਇਨਸਾਫੀ ਖਿਲਾਫ ਲੜਨ ਦੀ ਪ੍ਰੇਰਨਾ ਕਰਕੇ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧ ਮੌਕੇ ਦੀਆਂ ਰਾਜਸੀ ਹਕੂਮਤਾਂ ਤੇ ਧਰਮ ਵਿੱਚ ਸਥਾਪਿਤ ਪੁਜਾਰੀਵਾਦ ਖਿਲਾਫ ਰਿਹਾ ਹੈ। ਗੁਰੂਆਂ ਦੇ ਸਮੇਂ ਤੋਂ ਹੀ ਪੁਜਾਰੀਵਾਦ ਸਿੱਖ ਵਿਚਾਰਧਾਰਾ ਖਿਲਾਫ ਸਾਜ਼ਿਸ਼ਾਂ ਕਰਦਾ ਰਿਹਾ ਹੈ ਤੇ ਗੁਰੂ ਕਾਲ ਤੋਂ ਬਾਅਦ ਜਲਦੀ ਹੀ ਪੁਜਾਰੀਵਾਦ ਨਵੇਂ ਰੂਪ ਵਿੱਚ ਸਿੱਖੀ ਤੇ ਕਾਬਿਜ ਹੋ ਗਿਆ ਸੀ, ਜੋ ਕਿ ਹੁਣ ਤੱਕ ਪੂਰੀ ਤਰ੍ਹਾਂ ਕਾਬਿਜ ਹੈ। ਅੱਜ ਦੀ ਪੁਜਾਰੀਵਾਦ ਵਿੱਚ ਜਕੜੀ ਸਿੱਖੀ ਪੁਰੀ ਤਰ੍ਹਾਂ ਬ੍ਰਾਹਮਣਵਾਦੀ ਰੰਗ ਵਿੱਚ ਰੰਗ ਚੁੱਕੀ ਹੈ। ਦੇਖਣ ਨੂੰ ਲਗਦੀ ਸਿੱਖੀ ਜਾਂ ਸਿੱਖਾਂ ਵਿਚੋਂ ਸਿੱਖੀ ਦਾ ਤੱਤ ਤਕਰੀਬਨ-ਤਕਰੀਬਨ ਖਤਮ ਕਰ ਦਿੱਤਾ ਗਿਆ ਹੈ। ਪਰ ਸਿੱਖਾਂ ਵਿੱਚੋਂ ਹੀ ਇੱਕ ਛੋਟਾ ਜਿਹਾ ਧੜਾ ਅਜੇ ਵੀ ਹੈ, ਜੋ ਸਿੱਖੀ ਦੀ ਮਨੁੱਖਤਾਵਾਦੀ ਤੇ ਬੇਇਨਸਾਫੀ ਵਿਰੁੱਧ ਲੜਨ ਵਾਲੀ ਵਾਲੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਪੁਜਾਰੀਵਾਦ ਤੇ ਹਕੂਮਤਾਂ ਵਿਰੁੱਧ ਖੜਦਾ ਰਿਹਾ ਹੈ ਤੇ ਅੱਜ ਵੀ ਅਕਸਰ ਖੜ ਜਾਂਦਾ ਹੈ। ਇਹ ਵਰਤਾਰਾ ਅਸੀਂ 18ਵੀ ਸਦੀ ਵਿੱਚ ਮੁਗਲਾਂ ਖਿਲਾਫ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਫਿਰ ਅੰਗਰੇਜੀ ਰਾਜ ਤੇ ਹੁਣ ਭਾਰਤ ਦੇ ਅਖੌਤੀ ਲੋਕਤੰਤਰੀ ਹਿੰਦੂ ਰਾਜ ਵਿੱਚ ਦੇਖ ਸਕਦੇ ਹਾਂ। ਪਿਛਲੇ 70 ਸਾਲ ਦੇ ਭਾਰਤੀ ਲੋਕਤੰਤਰੀ ਰਾਜ ਵਿੱਚ ਭਾਰਤੀ ਸਟੇਟ ਵਲੋਂ ਬਹੁ-ਗਿਣਤੀ ਦੀਆਂ ਵੋਟਾਂ ਬਟੋਰਨ ਦੀ ਰਾਜਨੀਤੀ ਤਹਿਤ ਘੱਟ ਗਿਣਤੀਆਂ ਨੂੰ ਵੱਖ-ਵੱਖ ਢੰਗਾਂ ਨਾਲ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ, ਉਨ੍ਹਾਂ ਖਿਲਾਫ ਦੰਗਿਆਂ ਰਾਹੀਂ ਹਿੰਸਾ ਵੀ ਫੈਲਾਈ ਜਾਂਦੀ ਹੈ। ਸਿੱਖਾਂ ਦੇ ਮਾਮਲੇ ਵਿੱਚ ਇਹ ਅਕਸਰ ਦੇਖਿਆ ਗਿਆ ਹੈ ਕਿ ਇਸ ਛੋਟੇ ਜਿਹੇ ਗਰਮ ਖਿਆਲੀ (ਪਰ ਜਜ਼ਬਾਤੀ) ਧੜੇ ਨੂੰ ਸਰਕਾਰਾਂ ਆਪਣੇ ਹਿੱਤਾਂ ਲਈ ਵਰਤਦੀਆਂ ਰਹੀਆਂ ਹਨ। ਪਿਛਲੇ 50 ਸਾਲਾਂ ਦੀ ਸਿੱਖ ਰਾਜਨੀਤੀ ਇਸਦੀ ਪ੍ਰਤੱਖ ਉਦਾਹਰਣ ਹੈ। ਸਿੱਖਾਂ ਦੀ ਇਸ ਜਜ਼ਬਾਤੀ ਤੇ ਉਲਾਰ ਪਹੁੰਚ ਨੇ ਜਿਥੇ ਸਿੱਖੀ ਦੀ ਮਨੁੱਖਤਾਵਾਦੀ ਤੇ ਸਰਬੱਤ ਦੇ ਭਲੇ ਦੀ ਪਹੁੰਚ ਦਾ ਨੁਕਸਾਨ ਕੀਤਾ ਹੈ, ਉਥੇ ਆਮ ਸਿੱਖਾਂ ਲਈ ਬਹੁਤ ਵੱਡੀਆਂ ਵੱਡੀਆਂ ਮੁਸੀਬਤਾਂ ਖੜੀਆਂ ਕੀਤੀਆਂ ਹਨ। ਬੇਸ਼ਕ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਖਾਂ ਵਲੋਂ ਮਾਨਵਤਾਵਾਦੀ ਸੋਚ ਅਧੀਨ ਦੁਨੀਆਂ ਭਰ ਵਿੱਚ ਲੋੜਵੰਦਾਂ ਲਈ ਲੰਗਰ ਲਗਾਉਣ, ਮਾਇਕ ਸਹਾਇਤਾ ਕਰਨ, ਮਿਹਨਤ ਕਰਨ ਤੇ ਕਿਸੇ ਬੇਇਨਸਾਫੀ ਖਿਲਾਫ ਡਟਣ ਨਾਲ ਨਾਮਣਾ ਵੀ ਖੱਟਿਆ ਹੈ, ਪਰ ਜ਼ਿਆਦਾਤਰ ਇਸ ਜ਼ਜ਼ਬਾਤੀ ਤੇ ਉਲਾਰ ਪਹੁੰਚ ਨਾਲ ਨੁਕਸਾਨ ਹੋਇਆ ਹੈ। ਜੇ ਭਾਰਤੀ ਸਟੇਟ ਸਿੱਖਾਂ ਜਾਂ ਪੰਜਾਬ ਨਾਲ ਵਿਤਕਰਾ ਕਰਦੀ ਹੈ ਤਾਂ ਉਸ ਲਈ ਪੰਜਾਬ ਵਿੱਚ ਵਸਦੇ ਸਾਰੇ ਫਿਰਕਿਆਂ ਨੂੰ ਨਾਲ ਲੈ ਕੇ ਸਾਂਝਾ ਸੰਘਰਸ਼ ਲੜਨ ਦੀ ਥਾਂ ਸਿੱਖਾਂ ਵਲੋਂ ਇਸਨੂੰ ਧਾਰਮਿਕ ਰੰਗਤ ਦੇਣ ਨਾਲ ਹਮੇਸ਼ਾਂ ਨੁਕਸਾਨ ਹੋਇਆ ਹੈ। ਸਿੱਖਾਂ ਦੀ ਇਹੀ ਪਹੁੰਚ ਅੰਗਰੇਜਾਂ ਵੇਲੇ ਵੀ ਸੀ। ਜਿਹੜੇ ਗਦਰੀ ਬਾਬੇ ਜਾਂ ਸ਼ਹੀਦ ਭਗਤ ਸਿੰਘ ਵਰਗੇ ਨੌਜਵਾਨ ਅੰਗਰੇਜਾਂ ਖਿਲਾਫ ਧਰਮ ਨਿਰਪੱਖ ਤੇ ਮਨੁੱਖਤਾਵਾਦੀ ਪਹੁੰਚ ਰਾਹੀਂ ਲੜਾਈ ਲੜਦੇ ਸਨ, ਉਨ੍ਹਾਂ ਦੇ ਉਹ ਖਿਲਾਫ ਸਨ ਤੇ ਆਪਣੀ ਲੜਾਈ ਨੂੰ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਤੱਕ ਸੀਮਤ ਕੀਤਾ ਹੋਇਆ ਸੀ। ਜੇ ਪੰਜਾਬ ਤੋਂ ਬਾਹਰ ਦੇਖੋ ਤਾਂ ਘੱਟ ਗਿਣਤੀ ਫਿਰਕਿਆਂ ਮੁਸਲਮਾਨਾਂ, ਇਸਾਈਆਂ ਤੋਂ ਇਲਾਵਾ ਦਲਿਤਾਂ, ਆਦਵਿਾਸੀਆਂ ਨਾਲ ਵੀ ਭਾਰੀ ਵਿਤਕਰੇ ਹੁੰਦੇ ਹਨ। ਜੇ ਰਾਜਸੀ ਪੱਖ ਤੋਂ ਦੇਖੋ ਤਾਂ ਭਾਰਤੀ ਸਟੇਟ ਦੀ ਸਾਰੀ ਤਾਕਤ ਸੈਂਟਰ ਸਰਕਾਰ ਕੋਲ ਇਕੱਠੀ ਕਰਨ ਦੀ ਸੋਚ ਖਿਲਾਫ ਲੋਕ ਆਪਣੇ ਇਲਾਕਿਆਂ ਵਿੱਚ ਖੇਤਰੀ ਪਾਰਟੀਆਂ ਰਾਹੀਂ ਆਪਣੇ ਹਿੱਤਾਂ ਲਈ ਲੜਨ ਦੀ ਕੋਸ਼ਿਸ਼ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਖੇਤਰੀ ਪਾਰਟੀਆਂ ਵੀ ਧਰਮ ਨਿਰਪੱਖ ਹੋ ਕੇ ਮਨੁੱਖਤਾਵਾਦੀ ਸਾਂਝੀ ਸੋਚ ਅਧੀਨ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਦੀਆਂ, ਜਿਸ ਨਾਲ ਹੌਲੀ-ਹੌਲੀ ਉਹ ਵੀ ਵੱਡੀਆਂ ਸਰਮਾਏਦਾਰ ਤੇ ਲੋਕ ਵਿਰੋਧੀ ਪਾਰਟੀਆਂ ਦੀਆਂ ਪਿਛਲੱਗ ਬਣ ਜਾਂਦੀਆਂ ਹਨ। ਪਰ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਤੇ ਲੋਕ ਪੱਖੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਲੋਕ ਹਿੱਤਾਂ ਲਈ ਧਰਮਾਂ, ਜਾਤਾਂ, ਨਸਲਾਂ, ਕੌਮਾਂ, ਭਾਸ਼ਾਵਾਂ, ਖੇਤਰੀਵਾਦ ਆਦਿ ਦੀ ਸੋਚ ਤੋਂ ਉਪਰ ਉਠ ਕੇ ਸਰਬੱਤ ਦੇ ਭਲੇ ਦੀ ਧਾਰਨਾ ਅਧੀਨ ਸਾਂਝਾ ਮੁਹਾਜ ਬਣਾ ਕੇ ਲੜਨ, ਇਸ ਨਾਲ ਹੀ ਸਭ ਦਾ ਭਲਾ ਵੀ ਹੈ ਤੇ ਬਚਾਅ ਵੀ। ਨਹੀਂ ਤਾਂ ਸਿੱਖਾਂ ਨੇ 1980 ਤੋਂ ਇਕੱਲਿਆਂ ਲੜ ਕੇ ਦੇਖ ਲਿਆ ਹੈ, ਦੇਖ ਰਹੇ ਹਨ, ਕਿ ਵੱਡੀਆਂ ਧਿਰਾਂ ਕਿਵੇਂ ਅੱਤਵਾਦ ਦੀ ਹਊਆ ਖੜਾ ਕਰਕੇ ਜਾਂ ਦੰਗਿਆਂ ਰਾਹੀਂ ਘੱਟ ਗਿਣਤੀਆਂ ਦੀ ਤਬਾਹੀ ਕਰਦੀਆਂ ਹਨ। ਜੇ ਸਿੱਖਾਂ ਦਾ ਇੱਕ ਗਰਮ ਖਿਆਲੀ, ਜਜ਼ਬਾਤੀ ਤੇ ਉਲਾਰ ਧੜਾ ਆਪਣੀ ਮਰਜੀ ਨਾਲ ਭਾਰਤੀ ਸਟੇਟ ਖਿਲਾਫ ਬਿਨਾਂ ਕਿਸੇ ਪਲੈਨ ਦੇ ਲੜਦਾ ਰਹੇਗਾ ਜਾਂ ਹਰ ਮਸਲੇ ਵਿੱਚ ਜਾ ਫਸੇਗਾ ਤਾਂ ਅਫਗਾਨਿਸਤਾਨ, ਕਸ਼ਮੀਰ (ਜਿਥੇ 2000 ਵਿੱਚ 40 ਸਿੱਖ ਮਾਰ ਦਿੱਤੇ ਸਨ), ਦਿੱਲੀ (84 ਦਾ ਸਿੱਖ ਕਤਲੇਆਮ), ਪੰਜਾਬ (84 ਤੋਂ 94 ਖਾਲਿਸਤਾਨੀ ਸੰਘਰਸ਼) ਵਾਂਗ ਸਿੱਖ ਭਾਰਤੀ ਸਟੇਟ ਦੇ ਜ਼ੁਲਮਾਂ ਦਾ ਸ਼ਿਕਾਰ ਬਣਦੇ ਰਹਿਣਗੇ। ਅੱਜ ਸਿੱਖ ਪੰਜਾਬ ਨਾਲੋਂ ਵੱਧ, ਬਾਕੀ ਸਾਰੀ ਦੁਨੀਆਂ ਵਿੱਚ ਫੈਲ ਚੁੱਕੇ ਹਨ, ਉਨ੍ਹਾਂ ਨੂੰ ਗੁਰੂਆਂ ਦੀ ਧਰਮਾਂ ਦੇ ਪਾਖੰਡਾਂ ਤੇ ਪੁਜਾਰੀਵਾਦ ਖਿਲਾਫ ਸੰਘਰਸ਼, ਸਰਬੱਤ ਦੇ ਭਲੇ, ਹੱਕ-ਸੱਚ-ਇਨਸਾਫ ਲਈ ਲੜਨ ਦੀ ਸਪਰਿਟ ਨੂੰ ਮੁੱਖ ਰੱਖ ਕੇ ਆਪਣੀਆਂ ਨੀਤੀਆਂ ਤੇ ਸੋਚ ਨੂੰ ਬਦਲਣ ਦੀ ਲੋੜ ਹੈ ਤੇ ਬਾਕੀ ਘੱਟ-ਗਿਣਤੀਆਂ ਤੇ ਮਨੁੱਖਤਾਵਾਦੀ ਲੋਕਾਂ ਨਾਲ ਸਾਝਾ ਮੁਹਾਜ ਬਣਾਉਣ ਦੀ ਲੋੜ ਹੈ ਤਾਂ ਹੀ ਅਸੀਂ ਆਪ ਵੀ ਨਾ ਸਿਰਫ ਬਚ ਸਕਾਂਗੇ, ਸਗੋਂ ਤਰੱਕੀ ਵੀ ਕਰ ਸਕਾਂਗੇ। ਨਹੀਂ ਤਾਂ ਇਹ ਕੁੱਝ ਜਜ਼ਬਾਤੀ, ਗਰਮ ਖਿਆਲੀ ਤੇ ਉਲਾਰ ਬਿਰਤੀ ਦੇ ਲੋਕ ਸਿੱਖਾਂ ਦਾ ਪੰਜਾਬ ਵਿੱਚ ਹੀ ਨਹੀਂ ਦੁਨੀਆਂ ਭਰ ਵਿੱਚ ਨੁਕਸਾਨ ਕਰਵਾਉਂਦੇ ਰਹਿਣਗੇ?




.