.

ਕਰਣੈਹਾਰਾ ਬੂਝਹੁ ਰੇ ॥

ਬੁੱਝਣ ਤੋਂ ਭਾਵ ਜਾਨਣਾ, ਸਮਝਣਾ ਜਾਂ ਗਿਆਨ ਲੈਣਾ ਹੈ। ਬਚਪਨ ਵਿੱਚ ਰਾਤਾਂ ਨੂੰ ਬਾਤਾਂ ਪਾ ਕੇ ਬੁੱਝਣੀਆਂ ਮਨ ਦੀ ਸੋਚ ਨੂੰ ਵਧਾਉਣ ਲਈ ਜਾਂ ਤੇਜ਼ ਕਰਨ ਦੀ ਇੱਕ ਕਿਰਿਆ ਹੋਇਆ ਕਰਦੀ ਸੀ, ਪਰ ਸਮੇ ਦੀ ਬਦਲਦੀ ਤੇਜ਼ ਰਫਤਾਰ ਵਿੱਚ ਉਹ ਅਲੋਪ ਹੋ ਗਈ। ਸਕੂਲਾਂ, ਕੌਲਜਾਂ ਜਾਂ ਯੂਨੀਵਰਸਟੀਆਂ ਵਿੱਚ ਵੀ ਮਨ ਨੂੰ ਜਗਾਉਣ ਲਈ ਸਵਾਲਾਂ ਨੂੰ ਬੁੱਝਣ ਦੀ ਕਲਾ ਸਖਾਈ ਜਾਂਦੀ ਹੈ ਕਿਉਂਕਿ ਸਵਾਲਾਂ ਬਿਨਾ ਗਿਆਨ ਤੇ ਗਿਆਨ ਬਿਨਾ ਮਨੁੱਖ ਦੀ ਸੋਚ ਅਤੇ ਜੀਵਨ ਦਾ ਵਿਕਾਸ ਨਹੀ ਹੋ ਸਕਦਾ। ਬੁੱਝਣ ਦਾ ਸੰਬੰਧ ਮਨ ਨਾਲ ਹੈ ਤੇ ਮਨ ਦਾ ਸੰਬੰਧ ਆਤਮਿਕ ਗਿਆਨ (ਸਮੁਚੀ ਗੁਰਬਾਣੀ) ਨਾਲ ਹੈ, ਇਸ ਲਈ ਗੁਰਬਾਣੀ ਅਨੁਸਾਰ ਸੂਝ ਬੂਝ (ਗਿਆਨ) ਬਿਨਾ ਮਨੁੱਖੀ ਮਨ ਨੂੰ ਆਤਮਿਕ ਤੌਰ ਤੇ ਸੁੱਤਾ, ਪਾਗਲ ਜਾਂ ਮੁਰਦਾ ਹੀ ਮੰਨਿਆ ਗਿਆ ਹੈ:- ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥205, ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥793, ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ 88

ਵੇਖਣ ਵਿੱਚ ਆਉਂਦਾ ਹੈ ਕਿ ਮੌਜੂਦਾ ਸਮੇ ਵਿੱਚ ਗੁਰਬਾਣੀ ਨੂੰ ਆਪ ਬੁੱਝੇ ਜਾਂ ਜਾਣੇ ਬਿਨਾ ਹੀ ਆਪਣੀ ਵੀਚਾਰ ਨੂੰ ਸਹੀ ਸਾਬਤ ਦਰਸਾ ਕੇ ਦੂਜਿਆਂ ਤੇ ਠੋਸਣ ਦਾ ਯਤਨ ਕੀਤਾ ਜਾਂਦਾ ਹੈ। ਅਸਲੀਅਤ ਵਿੱਚ ਗੁਰਬਾਣੀ ਨੂੰ ਬੁੱਝ ਕੇ ਤਾਂ ਨਿੱਜੀ ਤੌਰ ਤੇ ਆਪਣੇ ਆਪ ਤੇ ਲਾਗੂ ਕਰਨਾ ਹੈ, ਦੂਜਿਆਂ ਨਾਲ ਸਾਂਝ ਤਾਂ ਹੋ ਸਕਦੀ ਹੈ ਪਰ ਉਹਨਾਂ ਤੇ ਠੋਸਿਆ ਨਹੀ ਜਾ ਸਕਦਾ। ਦੋ ਧਿਰਾਂ ਆਪਣੀਆਂ ਵਿਚਾਰਾਂ ਦੀ ਸਾਂਝ ਤਾਂ ਪਾ ਸਕਦੀਆਂ ਹਨ ਪਰ ਇਹ ਜ਼ਰੂਰੀ ਨਹੀ ਕਿ ਵੀਚਾਰਾਂ ਦੀ ਸਹਿਮਤੀ ਹੋ ਜਾਵੇ ਕਿਉਂਕਿ ਹਰ ਮਨੁੱਖ ਦੀ ਸੋਚ ਵੱਖਰੀ ਹੈ। ਬਾਬੇ ਨਾਨਕ ਨੇ ਪੰਡਿਤ, ਮੁੱਲਾਂ, ਸਿੱਧਾਂ ਤੇ ਜੋਗੀਆਂ ਨਾਲ ਵੀਚਾਰ ਵਟਾਂਦਰਾ ਕੀਤਾ, ਵਿਚਾਰਾਂ ਦੀ ਸਾਂਝ ਪਾਈ, ਪਰ ਆਪਣੀ ਵੀਚਾਰ ਨੂੰ ਕਿਸੇ ਤੇ ਠੋਸਿਆ ਨਹੀ, ਉਥੇ ਕੋਈ ਡਾਂਗ ਨਹੀ ਚਲੀ, ਬਹਿਸ ਨਹੀ ਹੋਈ, ਕਿਉਂਕਿ ਆਪਣੀ ਵੀਚਾਰ ਦਾ ਦੂਜਿਆਂ ਤੇ ਦਬਾਉ ਪਾਉਣਾ ਬਹਿਸ ਬਣ ਜਾਂਦਾ ਹੈ ਤੇ ਬਹਿਸ ਦਾ ਸਿੱਟਾ ਝਗੜੇ ਤੇ ਮਾਰ ਕੁਟਾਪੇ ਵਿੱਚ ਬਦਲ ਜਾਂਦਾ ਹੈ। ਇਸ ਦਾ ਸਬੂਤ ਪੁਜਾਰੀ ਅਤੇ ਵਿਦਵਾਨਾਂ ਵਿਚਕਾਰ ਹੋਈਆਂ ਵੀਚਾਰਾਂ ਦਾ ਬਹਿਸਾਂ ਤੇ ਦਸਤਾਰਾ ਦੀ ਬੇਅਦਬੀ ਵਿੱਚ ਬਦਲਨਾ ਯੂ ਟਿਊਬ ਤੇ ਵੇਖਿਆ ਜਾ ਸਕਦਾ ਹੈ। ਮਹਾਂਪੁਰਖਾਂ ਨੇ ਪੁਜਾਰੀ (ਪੂਜਾਕਾਰੀ) ਨਾਲ ਅਕੱਟ ਦਲੀਲਾ ਦੀ ਸਾਂਝ ਪਾਈ ਕਿ ਰੱਬ ਜਿਸ ਦਾ ਰੂਪ, ਰੰਗ, ਰੇਖ ਭੇਖ ਕੋਈ ਨਹੀ ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥ 120

ਉਸ ਅਸੀਮ ਤੇ ਅਦ੍ਰਿਸ਼ਟ ਨੂੰ ਇਹਨਾਂ ਸੀਮਤ ਨੇਤਰਾਂ ਨਾਲ ਵੇਖਣਾ ਸੰਭਵ ਨਹੀ, ਕੇਵਲ ਗੁਰਗਿਆਨ ਦੁਆਰਾ ਉਸ ਨੂੰ ਜਾਣਿਆ ਜਾਂ ਉਸ ਦੀ ਸੂਝ ਬੂਝ ਹੀ ਲਈ ਜਾ ਸਕਦੀ ਹੈ, ਇਸ ਲਈ ਅਦ੍ਰਿਸ਼ਟ ਰੱਬ ਪੂਜਣ ਦਾ ਵਿਸ਼ਾ ਨਹੀ ਗਿਆਨ ਦੁਆਰਾ ਜਾਨਣ ਜਾਂ ਬੁੱਝਣ ਦਾ ਵਿਸ਼ਾ ਹੈ (ਕਰਣੈਹਾਰਾ ਬੂਝਹੁ ਰੇ ॥ ਸਤਿਗੁਰੁ ਮਿਲੈ ਤ ਸੂਝੈ ਰੇ ॥1003) ਪਰ ਫੇਰ ਵੀ ਪੁਜਾਰੀ ਉਹਨਾਂ ਦੀਆਂ ਦਲੀਲਾਂ ਨਾਲ ਸਹਿਮਤ ਨਹੀ ਹੋ ਸਕਿਆ ਕਿਉਂਕਿ ਇਸ ਦਾ ਵੱਡ੍ਹਾ ਕਾਰਨ ਇਹ ਸੀ ਕਿ ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ 56

ਪੰਡਿਤ ਨੇ ਧਰਮ ਨੂੰ ਪੋਥੀਆਂ ਪੜ੍ਹਨ ਤੇ ਹੀ ਸੀਮਤ ਕਰਕੇ ਮਾਇਆ ਦਾ ਵਾਪਾਰ, ਆਪਣੀ ਉਪਜੀਵਕਾ ਦਾ ਅਧਾਰ ਬਣਾ ਲਿਆ ਸੀ। ਅਗਰ ਪੋਥੀਆਂ ਨੂੰ ਪੜ੍ਹ ਕੇ ਉਹਨਾਂ ਦੀ ਵੀਚਾਰ ਨੂੰ ਬੁਝਿਆ ਹੁੰਦਾ ਤਾਂ ਦੂਜਿਆਂ ਨੂੰ ਮੱਤਾਂ ਦੇਣ ਵਾਲਾ ਉਹ ਪੰਡਿਤ ਇਸ ਨੂੰ ਆਪ ਮਾਇਆ ਦਾ ਵਾਪਾਰ ਨਹੀ ਬਣਾ ਸਕਦਾ ਸੀ, ਤੇ ਇਹੀ ਵਰਤਾਰਾ ਸਿੱਖ ਜਗਤ ਵਿੱਚ ਵਰਤ ਰਿਹਾ ਹੈ। ਅਗਰ ਸਿੱਖ ਨੇ ਗੁਰਬਾਣੀ (ਗਿਆਨ) ਨੂੰ ਪੜ੍ਹ ਕੇ ਬੁਝਿਆ ਤੇ ਅਮਲਾਇਆ ਹੁੰਦਾ ਤਾਂ ਉਹ ਇਸ ਨੂੰ ਮਾਇਆ ਦਾ ਵਾਪਾਰ ਨਹੀ ਬਣਾ ਸਕਦਾ ਸੀ। ਸੱਚੇ ਆਤਮਿਕ ਗਿਆਨ (ਸਤਿਗੁਰ) ਦਾ ਮਨੋਰਥ ਤਾਂ ਉਸ ਰਮੇ ਹੋਏ ਇੱਕ ਨੂੰ ਬੁੱਝ ਕੇ ਜੀਵਨ ਸੁਧਾਰਨ ਦਾ ਹੈ ਜਿਵੇਂ ਕਰਿ ਕਿਰਪਾ ਮੇਰਾ ਚਿਤੁ ਲਾਇਆ ॥ ਸਤਿਗੁਰਿ ਮੋ ਕਉ ਏਕੁ ਬੁਝਾਇਆ ॥224 ਕਿਉਂਕਿ ਉਸ ਇੱਕ (ਦੇ ਨਿਯਮਾਂ, ਗੁਣਾਂ) ਨੂੰ ਬੁੱਝਣ ਦਾ ਸੰਬੰਧ ਮਨੁੱਖ ਦੇ ਜੀਵਨ ਨੂੰ ਸੁਖੀ ਬਨਾਉਣ ਨਾਲ ਹੈ, ਇਸ ਲਈ ਮਨੁਖੀ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਿਤ ਬਨਾਉਣ ਲਈ ਕੁਦਰਤ ਵਿੱਚ ਵਸਦੇ ਇੱਕ ਨੂੰ ਕੁਦਰਤ ਦੁਆਰਾ ਹੀ ਬੁੱਿਝਆ/ਜਾਣਿਆ ਜਾ ਸਕਦਾ ਹੈ। ਹੋਰ ਦੂਜਾ ਕੋਈ ਉਪਾਉ ਨਹੀ ਹੈ। ਕੁਦਰਤ ਤੋਂ ਬਿਨਾ ਰੱਬ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਨਿਰਗੁਣ ਕਾਦਰ ਹੈ ਤੇ ਸਰਗੁਣ ਕੁਦਰਤ ਹੈ ਪਰ ਇਹ ਦੋ ਨਹੀ ਇਕੋ ਹੀ ਹਨ ਨਿਰਗੁਣੁ ਸਰਗੁਣੁ ਆਪੇ ਸੋਈ ॥ ਤਤੁ ਪਛਾਣੈ ਸੋ ਪੰਡਿਤੁ ਹੋਈ ॥128 ਕਾਦਰ ਹੀ ਕੁਦਰਤ ਹੈ ਤੇ ਕੁਦਰਤ ਹੀ ਕਾਦਰ ਹੈ, ਦ੍ਰਿਸ਼ਟ ਹੀ ਅਦ੍ਰਿਸ਼ਟ ਹੈ ਤੇ ਅਦ੍ਰਿਸ਼ਟ ਹੀ ਦ੍ਰਿਸ਼ਟ ਹੈ। ਕੁਦਰਤ (ਦ੍ਰਿਸ਼ਟਮਾਨ) ਵਿਚੋਂ ਹੀ ਕਾਦਰ (ਅਦ੍ਰਿਸ਼ਟ) ਦੀ ਤੇ ਉਸ ਦੇ ਨਿਯਮਾਂ ਦੀ ਸੂਝ ਪ੍ਰਾਪਤ ਕਰਕੇ ਮਨੁੱਖ ਦੀ ਸੋਚ ਨੇ ਵਿਕਾਸ ਕੀਤਾ ਤੇ ਜੀਵਨ ਨੂੰ ਸੁਖੀ ਬਨਾਉਣ ਦਾ ਰਾਹ ਬੁਝਿਆ ਹੈ। ਕੁਦਰਤ ਦੇ ਨਿਯਮਾਂ (ਹੁਕਮ, ਗੁਣਾਂ) ਨੂੰ ਜਾਣੇ ਬਿਨਾ ਅਦ੍ਰਿਸ਼ਟ ਕਾਦਰ ਨੂੰ ਬੁਝਿਆ ਨਹੀ ਜਾ ਸਕਦਾ, ਉਸ ਨਾਲ ਸਾਂਝ ਨਹੀ ਪਾਈ ਜਾ ਸਕਦੀ, ਜੀਵਨ ਦਾ ਸੁੱਖ ਪ੍ਰਾਪਤ ਨਹੀ ਹੋ ਸਕਦਾ, ਇਸੇ ਲਈ ਗੁਰਬਾਣੀ ਵਿੱਚ ਅਨੇਕਾਂ ਗੁਰਪ੍ਰਮਾਣ ਕਰਤੇ ਨੂੰ ਪੂਜਣ ਦਾ ਨਹੀ ਬਲਿਕੇ ਬੁੱਝਣ ਦਾ ਆਦੇਸ਼ ਦੇ ਰਹੇ ਹਨ: ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥ ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥491 ਹਰੀ ਦੇ ਨਾਮ (ਹੁਕਮ, ਨਿਯਮ, ਭਾਣੇ ਜਾਂ ਗੁਣਾਂ) ਨੂੰ ਬੁੱਝੇ ਬਿਨਾ ਇਹ ਮੂਰਖ ਮਨ (ਦੁੱਖ ਭੋਗਦਾ ਤੇ) ਅੰਤ ਨੂੰ ਪਛਤਾਉਂਦਾ ਹੈ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥954 ਆਤਮਿਕ ਤੌਰ ਤੇ ਅੰਧੇ ਉਹ ਨਹੀ ਜਿਨ੍ਹਾਂ ਦੇ ਸਰੀਰਕ ਨੇਤ੍ਰ ਨਹੀ ਬਲਿਕੇ ਅੰਧੇ ਉਹ ਹਨ ਜਿਨ੍ਹਾਂ ਨੇ ਗਿਆਨ ਜਾਂ ਕਰਤੇ ਦੇ ਹੁਕਮ (ਨਿਯਮਾਂ, ਗੁਣਾਂ) ਨੂੰ ਨਹੀ ਬੁਝਿਆ। ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥ ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥90 ਗਿਆਨ ਦੁਆਰਾ ਜਿਨ੍ਹਾਂ ਨੇ ਉਸ ਦੇ ਹੁਕਮ (ਨਿਯਮਾਂ) ਨੂੰ ਬੁੱਝ ਲਿਆ, ਜਾਣ ਲਿਆ, ਉਹਨਾਂ ਨੇ ਹੀ ਮੋਹ ਮਾਇਆ ਦੇ ਜਾਲ ਤੋਂ ਛੁਟਕਾਰਾ ਪਾਇਆ ਹੈ, ਤੇ ਜਿਨ੍ਹਾਂ ਨੇ ਹੁਕਮ ਨਹੀ ਬੁਝਿਆ ਉਹ ਦੁੱਖਾਂ ਦੇ ਮਾਰੇ ਹੋਏ ਹਨ। ਕਹੁ ਕਬੀਰ ਜਨਿ ਏਕੋ ਬੂਝਿਆ ॥ ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥ 476 ਗਿਆਨ ਦੀ ਕਿਰਪਾ ਨਾਲ ਉਸ ਇਕੋ ਨੂੰ (ਉਸ ਦੇ ਨਿਯਮਾਂ ਨੂੰ) ਜਾਨਣ ਨਾਲ ਹੀ ਮੈਨੂੰ ਜੀਵਨ ਜਾਚ ਦੀ ਸੂਝ ਹੋ ਗਈ।

ਇਕਨਾਂ ਨੂੰ ਆਪਣੀਆਂ ਪੁਰਾਣੀਆਂ ਪ੍ਰੰਮਪਰਾਵਾਂ ਜਾਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੇ ਬੜੀ ਸ਼ਰਧਾ ਹੈ ਜਿਨ੍ਹਾਂ ਬਾਰੇ ਧਰਮ ਦੇ ਆਗੂ, ਕੀਰਤਨੀਏ, ਕਥਾਕਾਰ ਤੇ ਪ੍ਰਚਾਰਕ ਖੁਲ ਕੇ ਸਪਸ਼ਟ ਨਹੀ ਕਰਦੇ ਕਿ ਸਮੇ ਅਨੁਸਾਰ ਪ੍ਰੰਪਰਾਵਾਂ ਦਾ ਬਦਲਨਾ ਸੁਭਾਵਕ ਹੈ। ਜੋ ਸਮੇ ਦੀ ਕਦਰ ਨਹੀ ਕਰਦਾ, ਸਮੇ ਦੇ ਨਾਲ ਨਹੀ ਚਲਦਾ ਜਾਂ ਬਦਲਦਾ, ਸਮਾ ਵੀ ਉਸ ਦੀ ਕਦਰ ਨਹੀ ਕਰਦਾ ਤੇ ਉਹ ਮਨੁੱਖ ਪੱਛੜ ਜਾਂਦਾ ਹੈ। ਜੋ ਮਨੁੱਖ ਪੁਰਾਤਨ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ ਬੱਝਾ ਹੋਇਆ ਹੈ ਤੇ ਸਮੇ ਦੇ ਬਦਲਾਉ ਨੂੰ ਨਹੀ ਕਬੂਲਦਾ, ਉਸ ਦਾ ਤਾਲ ਮੇਲ ਵਰਤਮਾਨ ਸਮੇ ਨਾਲ ਨਹੀ ਬੈਠ ਰਿਹਾ ਕਿਉਂਕਿ ਉਸ ਦਾ ਮਨੋ ਵਿਕਾਸ ਰੁਕ ਗਿਆ ਹੈ। ਖਲੋਤਾ ਤਾਂ ਪਾਣੀ ਵੀ ਬਦਬੂ ਮਾਰਨ ਲੱਗ ਜਾਂਦਾ ਹੈ। ਗੁਰਬਾਣੀ ਕਥਨ ਹੈ ਕਿ: ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥841 ਰੀਤਾਂ ਰਸਮਾਂ ਤੇ ਹੋਰ ਧਰਮ ਦੇ ਮਿਥੇ ਕਰਮ ਕਾਂਡਾਂ ਨੂੰ ਗਿਆਨ ਦੀ ਕਸਵੱਟੀ ਤੇ ਲਾ ਕੇ ਬੁੱਝੇ ਜਾਂ ਪਰਖੇ ਬਿਨਾ ਸੱਚ ਮੰਨ ਲੈਣਾ ਸਭ ਨਿਸਫਲ ਤੇ ਮੋਹ ਮਾਇਆ (ਦੂਜੇ ਭਾਉ) ਦਾ ਜਾਲ ਹੀ ਹਨ। ਮਨੁੱਖ ਬਿਨਾ ਬੁੱਝੇ, ਬਿਨਾ ਆਪ ਘੋਖੇ ਦੇਖਾ ਦੇਖੀ ਵਿੱਚ ਹੀ ਸਭ ਕਰਮ ਧਰਮ ਤੇ ਨਿਰਾਰਥ ਮਿਥੀਆਂ ਰੀਤਾਂ ਰਸਮਾਂ ਕਰਨ ਵਿੱਚ ਆਪਣਾ ਅਮੁੱਲਾ ਜੀਵਨ ਅਜਾਈਂ ਗਵਾ ਲੈਂਦਾ ਹੈ। ਭਾਈ ਰੇ ਗੁਰਮੁਖਿ ਬੂਝੈ ਕੋਇ ॥ ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥33

ਗੁਰਬਾਣੀ ਸੁਚੇਤ ਕਰਦੀ ਹੈ ਕਿ ਪੁਰਾਤਨ ਰੀਤਾਂ ਰਸਮਾਂ (ਪ੍ਰੰਪਰਾਵਾਂ) ਤੇ ਕਰਮ ਕਾਂਡਾਂ ਦਾ ਹਾਰ ਗਲ ਵਿੱਚ ਪਾਉਣ ਤੋਂ ਪਹਿਲਾ ਉਹਨਾਂ ਨੂੰ ਸਿਞਾਣ ਲੈ, ਘੋਖ ਲੈ, ਬੁੱਝ ਲੈ। ਜੀਵਨ ਦੀ ਬਾਜ਼ੀ ਨੂੰ ਦਾਅ ਤੇ ਲਾਉਣ ਤੋਂ ਪਹਿਲਾਂ ਉਹਨਾਂ ਦੀ ਚੰਗੀ ਤਰਾਂ ਪਰਖ ਕਰ ਲੈ ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥1410 ਹੁਣ ਸੱਚਾ ਗਿਆਨ (ਸਤਿਗੁਰੂ) ਇਸ ਤੋਂ ਵੱਧ ਕੀ ਕਰੇ, ਜਦੋਂ ਸਿੱਖਣ ਵਾਲੇ ਵਿੱਚ ਹੀ ਘਾਟ (ਚੂਕ) ਹੈ? ਬੁੱਝਣ ਨਾਲ ਹੀ ਸੱਚ ਦੀ ਸੋਝੀ ਹੁੰਦੀ ਹੈ ਕਿ: (1) ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥879 (2) ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ (3) ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ (4) ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥ (5) ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ ਅਤੇ ਗੁਰਬਾਣੀ ਦਾ ਮਨੋਰਥ ਹੀ ਬੁੱਝਣ ਦੀ ਕਲਾ ਨੂੰ ਜਾਗਰਤ ਕਰਨਾ ਹੈ, ਮਨ ਨੂੰ ਜਗਾਉਣਾ ਹੈ। ਗਿਆਨ (ਬੁੱਝਣ) ਨਾਲ ਹੀ ਪਤਾ ਚਲੇਗਾ ਕਿ ਜਿਵੇਂ ਉਪਰੋਕਤ ਸ਼ਬਦ ਵਿੱਚ ਦੋ ਨਾਮ ਇਕੋ ਹੀ ਵਸਤੂ ਦੇ ਹਨ ਤਿਵੇਂ ਕੁਦਰਤ ਤੇ ਕਾਦਰ ਵੀ ਇਕੋ ਦੇ ਹੀ ਦੋ ਨਾਮ ਹਨ ਪਰ ਪੁਜਾਰੀ ਨੇ ਆਪਣੇ ਲਾਭ ਲਈ ਸ਼ਬਦਾਂ ਦੇ ਜਾਲ ਨਾਲ ਰੱਬ ਨੂੰ ਵੱਖਰਾ ਕਿਤੇ ਅਲੱਗ ਹੀ ਬਿਠਾ ਦਿੱਤਾ। ਸਮੇ ਦੇ ਬਦਲਾਉ ਨਾਲ ਮਨੁੱਖ ਦੀ ਸੋਚ ਵੀ ਬਦਲ ਜਾਂਦੀ ਹੈ, ਇਹ ਸੁਭਾਵਕ ਹੈ, ਨਵੀਂ ਪਨੀਰੀ ਪੁਰਾਤਨ ਮਨੌਤਾਂ ਨੂੰ ਕਬੂਲਣ ਤੋਂ ਇਨਕਾਰੀ ਹੈ ਕਿਉਂਕਿ ਉਹ ਸੱਚ ਤੇ ਸਮੇ ਅਨੁਸਾਰ ਪੂਰੀਆਂ ਨਹੀ ਉਤਰਦੀਆਂ। ਗਿਆਨ ਬਿਨਾ ਸ਼ਰਧਾ ਦੇ ਫੋਕੇ ਦ੍ਹਾਵੇ, ਤੇ ਕਰਾਮਾਤੀ ਅਨਹੋਣੀਆਂ ਕਥਾ ਕਹਾਣੀਆਂ ਉਹਨਾਂ ਨੂੰ ਪ੍ਰਭਾਵਤ ਨਹੀ ਕਰ ਸਕਦੀਆਂ ਜਿਵੇਂ ਕਰੋਨਾ ਵਾਇਰਸ ਦੇ ਅਗੇ ਪੁਜਾਰੀ ਸ਼੍ਰੇਣੀ ਦੀਆਂ ਦ੍ਹਾਵੇਦਾਰ ਅਰਦਾਸਾਂ, ਪਾਠ, ਜਾਪ, ਜੰਤ੍ਰ, ਮੰਤ੍ਰ, ਤੰਤ੍ਰ, ਰੀਤਾਂ ਰਸਮਾਂ ਤੇ ਹੋਰ ਧਰਮ ਦੇ ਕਰਮਕਾਂਡ ਸਭ ਅਸਮਰੱਥ ਹੋ ਗਏ, ਸਰਬ ਰੋਗਾਂ ਨੂੰ ਗੁਰਮੰਤ੍ਰ ਜਾਂ ਪਾਠਾਂ ਦੇ ਜਾਪ ਨਾਲ ਠੀਕ ਕਰਨ ਵਾਲੇ ਵੀ ਮੋਨ ਧਾਰ ਗਏ ਤੇ ਅਖੌਤੀ ਧਰਮ ਦੀਆਂ ਦੁਕਾਨਾਂ ਬੰਦ ਹੁੰਦੀਆਂ ਨੂੰ ਦੇਰ ਨਾ ਲੱਗੀ। ਕੋਈ ਅਖੌਤੀ ਕਰਾਮਾਤੀ ਸਾਧ ਸੰਤ ਜਾਂ ਬਾਬਾ ਰੋਗੀਆਂ ਦਾ ਰੋਗ ਦੂਰ ਕਰਨ ਲਈ ਅਗੇ ਨਾ ਆਇਆ, ਰੋਗ ਦੂਰ ਕਰਨ ਦਾ ਦ੍ਹਾਵਾ ਕਰਨ ਵਾਲੇ ਤੀਰਥ, ਮੰਦਰ, ਮਸੀਤਾਂ, ਚਰਚਾਂ ਤੇ ਗੁਰਦੁਆਰੇ ਬੰਦ ਹੋ ਗਏ, ਕੇਵਲ ਹਸਪਤਾਲਾਂ ਦੇ ਡੌਕਟਰਾਂ ਤੇ ਕਰਮਚਾਰੀਆਂ, ਦਵਾਖਾਨਿਆਂ ਤੇ ਦਰਦਵਾਨ ਹੀ ਸੀਸ ਤਲੀ ਤੇ ਧਰ ਕੇ, ਖਤਰਿਆਂ ਤੇ ਖੇਲਕੇ, ਪੀੜਤਾਂ ਨੂੰ ਸਹਾਰਾ ਦੇ ਰਹੇ ਹਨ। ਅਖੌਤੀ ਧਰਮ ਦੀਆਂ ਮਨੌਤਾ ਨਿਰਰਥਕ ਹੋ ਗਈਆਂ। ਕਿਸੇ ਵੀ ਠਾਠਾਂ, ਟਕਸਾਲਾਂ, ਦਰਬਾਰਾਂ, ਤੇ ਡੇਰਿਆਂ ਦੇ ਬਾਬਿਆਂ ਨੇ ਪ੍ਹੀੜਤਾਂ ਲਈ ਆਪਣੇ ਜਮ੍ਹਾਂ ਕੀਤੇ ਮਾਇਆ ਦੇ ਖਜ਼ਾਨਿਆਂ ਤੋਂ ਢੱਕਣ ਨਾ ਚੁਕਿਆ। ਹੋ ਸਕਦਾ ਸੀ ਕਿ ਸ਼ਾਇਦ ਖਜ਼ਾਨੇ ਤੋਂ ਢੱਕਣ ਚੁਕਣ ਨਾਲ ਪੀੜਤਾਂ ਦੀ ਮਦੱਦ ਲਈ ਕੋਈ (ਸੇਵਾ ਦੀ) ਹਨੇਰੀ ਹੀ ਚੱਲ ਪੈਂਦੀ ਪਰ ਆਮ ਕਹਾਵਤ ਹੈ ਕਿ ਝੋਟਿਆਂ ਵਾਲੇ ਘਰੋਂ ਲੱਸੀ ਦੀ ਕੀ ਆਸ ਹੋ ਸਕਦੀ ਹੈ। ਇਸ ਮਹਾਮਾਰੀ ਰੋਗ ਦਾ ਇਲਾਜ ਕਿਸੇ ਅਖੌਤੀ ਧਰਮ ਕਰਮ ਨੇ ਨਹੀ ਕਰਨਾ ਤੇ ਨਾ ਕਦੇ ਪਹਿਲਾਂ ਕਰ ਸਕਿਆ ਹੈ, ਕੇਵਲ ਦਵਾਈਆਂ ਹੀ ਕਰ ਸਕਦੀਆਂ ਹਨ। ਮਾਨਸਿਕ ਰੋਗਾਂ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਦਾ ਦਾਰੂ ਆਤਮਿਕ ਗਿਆਨ ਹੈ ਪਰ ਸਰੀਰਕ ਰੋਗਾਂ ਦਾ ਉਪਾਉ ਦਵਾਈ ਹੀ ਹੈ। ਵੈਦ ਉਹੀ ਸਿਆਣਾ ਹੈ ਜਿਹੜਾ ਪਹਿਲਾਂ ਰੋਗ ਨੂੰ ਬੁੱਝੇ ਕਿ ਰੋਗ ਸਰੀਰਕ ਹੈ ਜਾਂ ਮਾਨਸਿਕ, ਤੇ ਫੇਰ ਦਵਾ ਦਾ ਫੈਸਲਾ ਕਰੇ ਕਿ ਦਵਾ ਸਰੀਰ ਲਈ ਦੇਣੀ ਹੈ ਕਿ ਮਨ ਲਈ। ਦੋਹਾਂ ਨੂੰ ਰਲਗੱਡ ਕਰਨ ਨਾਲ ਕੋਈ ਸਫਲਤਾ ਪ੍ਰਾਪਤ ਨਹੀ ਹੋ ਸਕਦੀ। ਧਰਮ ਮੁਖੀਆਂ ਦੇ ਪਾਠਾਂ ਤੇ ਅਰਦਾਸਾਂ ਕਰਨ ਦੇ ਐਲਾਨ ਨੇ ਪੀੜਤਾਂ ਦਾ ਕੁੱਝ ਨਹੀ ਸਵਾਰਨਾ ਕਿਉਂਕਿ ਸਰੀਰਕ ਰੋਗ ਦਾ ਇਲਾਜ ਦਵਾਈ ਰਾਹੀਂ ਹੀ ਹੋਵੇਗਾ। ਭੁੱਖੇ ਨੂੰ ਪਾਠ ਨਹੀ ਰਜਾ ਸਕਦਾ, ਪਿਆਸੇ ਦੀ ਪਿਆਸ ਨੂੰ ਅਰਦਾਸ ਨਹੀ ਬੁਝਾ ਸਕਦੀ ਇਸੇ ਤਰਾਂ ਸਰੀਰਕ ਰੋਗ ਦਾ ਇਲਾਜ ਵੀ ਪਾਠ ਪੂਜਾ ਤੇ ਅਰਦਾਸ ਨਹੀ ਬਲਿਕੇ ਦਵਾਈ ਹੀ ਕਰ ਸਕਦੀ ਹੈ। ਗੁਰੂ ਸਾਹਿਬਾਨਾਂ ਨੇ ਵੀ ਦਵਾ ਖਾਨੇ ਇਸੇ ਲਈ ਹੀ ਖੋਲੇ ਸਨ। ਸਿੱਖ ਹੋਣ ਦਾ ਮਤਲਬ ਹੀ ਬੁੱਝਣਾ ਜਾਂ ਸਿਖਣਾ ਹੈ, ਇਸ ਲਈ ਗੁਰਬਾਣੀ ਮਨੁੱਖ ਨੂੰ ਬੁੱਝਣ ਦੀ ਕਲਾ ਸਿਖਾਉਂਦੀ ਹੈ ਤਾਂ ਕੇ ਉਹ ਆਪਣੀ ਸੋਚ ਦਾ ਵਿਕਾਸ ਕਰਕੇ ਸਮੇ ਅਨੁਸਾਰ ਆਪਣੇ ਜੀਵਨ ਨੂੰ ਸੁਖੀ ਸ਼ਾਂਤ ਤੇ ਅਨੰਦਿਤ ਬਣਾ ਸਕੇ।  ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥224 --- ਰਖਵਾਲੇ ਦੀ ਤਾਂ ਸਦਾ ਕਿਰਪਾ ਹੈ ਪਰ ਬੁੱਝੇ ਬਿਨਾ, ਕਿਰਪਾ ਦੇ ਪਾਤਰ ਬਣੇ ਬਿਨਾ, ਮਨੁੱਖ ਦੀ ਬੇਤਾਲੀ ਪਸੂ ਬਿਰਤੀ ਨਹੀ ਬਦਲ ਸਕਦੀ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.