.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:20)

ਵੀਰ ਭੁਪਿੰਦਰ ਸਿੰਘ

96. ਅੰਗ-ਅੰਗ ਹੱਸਣਾ (ਅੰਗ-ਅੰਗ ਨੱਚਣਾ, ਬਹੁਤ ਖੁਸ਼ ਹੋਣਾ, ਪ੍ਰਸੰਨ ਚਿੱਤ):

ਅਸੀਂ ਰੋਜ਼ ਵੇਖਦੇ ਹਾਂ ਕਿ ਜਦੋਂ ਅਸੀਂ ਰਲਮਿਲ ਕੇ ਹਸਦੇ ਖੇਡਦੇ ਹੋਈਏ ਪਰ ਜੇਕਰ ਕੋਈ ਇਕ ਮਨੁੱਖ ਉੱਥੇ ਸਾਡੇ ਨਾਲ ਬੈਠਾ ਵੀ ਖੁਲ੍ਹ ਕੇ ਹੱਸਦਾ ਖੇਡਦਾ ਨਹੀਂ ਤਾਂ ਮਾਨੋ ਉਸ ਦਾ ਖਿਆਲ ਜਾਂ ਮਨ ਕਿਧਰੇ ਹੋਰ ਹੈ ਜਾਂ ਉਹ ਖੁਸ਼ ਨਹੀਂ ਹੈ। ਜਦੋਂ ਸਾਡਾ ਮਨ ਖੁਸ਼ ਨਾ ਹੋਵੇ ਤਾਂ ਸਾਡੇ ਅੰਗ-ਅੰਗ ਤੋਂ ਆਲਸ, ਸਾਫ਼ ਨਜ਼ਰੀ ਪੈਂਦਾ ਹੈ। ਜੇ ਮਨ ਖੁਸ਼ ਨਹੀਂ ਤਾਂ ਸਾਡੇ ਅੰਗ ਪ੍ਰਫੁਲਤਾ ’ਚ ਹਸਦੇ-ਨਚਦੇ ਨਹੀਂ ਹਨ। ਜਦੋਂ ਮਨ ਵੈਰ, ਵਿਰੋਧ, ਈਰਖਾ ਬਦਲੇ ਦੀ ਭਾਵਨਾ ਕਾਰਨ ਦੁਖੀ ਹੁੰਦਾ ਹੈ ਤਾਂ ਵਿਗਾਸ ਖੇੜਾ ਗੁਆ ਬੈਠਦਾ ਹੈ। ਸੁਖ ਅਰਾਮ ਦੇ ਸਾਰੇ ਸਾਧਨ ਮਿਲ ਵੀ ਜਾਣ, ਸਾਡੇ ਆਸਪਾਸ ਚੁਟਕੁਲੇ, ਬਚਿਆਂ ਦੀਆਂ ਖੇਡਾਂ, ਖੁਸ਼ੀਆਂ ਭਾਵੇਂ ਕੁਝ ਵੀ ਪਿਆ ਵਾਪਰੇ ਸਾਨੂੰ ਚੰਗਾ ਨਹੀਂ ਲਗਦਾ, ਮਾਨੋ ਅਸੀਂ ਉਦਾਸੀਨ ਹਾਂ, ਖੇੜੇ ’ਚ ਨਹੀਂ ਹਾਂ। ਮਨ ਮਾਨੋ ਸੁੱਤਾ ਹੈ, ਉਦਾਸ ਹੈ।

ਸਾਡੇ ਮਨ ਨੂੰ ਪਿਆਰਾ ਦਿੱਸ ਪਵੇ, ਹਨੇਰਾ ਦੂਰ ਹੋ ਜਾਵੇ ਤਾਂ ਖਿੜ ਪੈਂਦੇ ਹਾਂ। ਸਾਡੇ ਅੰਗ-ਅੰਗ ’ਚ ਪ੍ਰਫੁਲਤਾ ਆ ਜਾਂਦੀ ਹੈ ਮਾਨੋ ਵਿਕਾਰੀ ਈਰਖਾ, ਵੈਰ ਬਦਲੇ ਤੋਂ ਛੁੱਟ ਗਿਆ, ਜਾਗ ਪਿਆ। ਸਿੱਟਾ ਇਹੋ ਨਿਕਲਿਆ ਕਿ ਜੇ ਮਨ ਖੁਸ਼ੀ ਖੇੜੇ ’ਚ ਹੈ ਤਾਂ ਦੰਦ, ਹੋਂਠ, ਅੱਖਾਂ ਜਾਂ ਸਾਰੇ ਅੰਗਾਂ ’ਚੋਂ ਖੁਸ਼ੀ ਝਲਕਦੀ ਹੈ। ਮਨ ਦਾ ਵਿਗਾਸ ’ਚ ਰਹਿਣਾ ਮਾਨੋ ਅੰਗ-ਅੰਗ ਦਾ ਹੱਸਣਾ ਜਾਂ ਨੱਚਣਾ ਹੀ ਕਹਿਲਾਉਂਦਾ ਹੈ।

97. ਅੰਗ ਮੁੜੇ ਜਾਂ ਮੁੜ-ਮੁੜ ਜਾਣਾ (ਪ੍ਰਫੁਲਤਾ, ਖੁਸ਼ੀ, ਖੇੜਾ, ਅਨੰਦ ਨਾ ਹੋਣਾ):

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1379)

ਸਾਡੇ ਸਾਰੇ ਅੰਗਾਂ ਨੂੰ ਹਰਕਤ ਵਿਚ ਲਿਆਉਣ ਲਈ ਸਾਡਾ ਮਨ, ਸਾਡੇ ਦਿਮਾਗ (ਬਰੳਨਿ) ਨੂੰ ਹੁਕਮ ਭੇਜਦਾ ਹੈ ਅਤੇ ਜੈਸਾ ਹੁਕਮ ਉਹ ਕਰਦਾ ਹੈ ਵੈਸੇ ਹੀ ਕਰਮ ਸਾਡੇ ਅੰਗ ਕਰਦੇ ਹਨ। ਜੇ ਕਰ ਮਨ ਕੋਲ ਸਤਿਗੁਰ ਦੀ ਮਤ ਹੈ ਤਾਂ ਮਨ ਸਾਡੇ ਤਨ ਤੋਂ ਸੁਚੱਜੇ ਕਰਮ ਕਰਾਉਂਦਾ ਹੈ ਵਰਨਾ ਮਨ ਕੀ ਮਤ ਰਾਹੀਂ ਕੁਚੱਜੇ ਕਰਮ ਹੀ ਹੋਣਗੇ। ਸਾਡੇ ਮਨ ਨੂੰ ਰੱਬੀ ਰਜ਼ਾ ਪਸੰਦ ਹੋਵੇ ਤਾਂ ਤਨ ਰਾਹੀਂ ਵੀ ਰੱਬੀ ਗੁਣਾਂ ਦਾ ਸੁਭਾ ਦ੍ਰਿੜ ਹੋ ਜਾਂਦਾ ਹੈ। ਜੇਕਰ ਰੱਬੀ ਰਜ਼ਾ ਪਸੰਦ ਨਾ ਹੋਵੇ ਤਾਂ ਸਾਡਾ ਮਨ ਰੱਬ ਵੱਲੋਂ ਮੁੰਹ ਫੇਰ ਲੈਂਦਾ ਹੈ ਅਤੇ ਸਰੀਰ ਦੇ ਅੰਗ ਵੀ ਵੈਸਾ ਹੀ ਕੰਮ ਕਰਦੇ ਹਨ। ਡਰ, ਸਹਿਮ, ਤੌਖ਼ਲੇ, ਫਿਕਰ, ਚਿੰਤਾ ’ਚ ਖੁਸ਼ੀ ਖੇੜਾ ਮਨ ਚੋਂ ਉਡ ਜਾਂਦਾ ਹੈ। ਸਾਡਾ ਤਨ ਉਦਾਸ, ਸੁਸਤ, ਸੂਕੇ ਕਾਸ਼ਟ ਵਾਂਗ ਹੋ ਜਾਂਦਾ ਹੈ। ਸਾਡੇ ਸਾਰੇ ਅੰਗ ਮਨ ਕਾਰਨ ਸੁਸਤ (ਮਰ) ਹੋ ਜਾਂਦੇ ਹਨ। ਇਸ ਅਵਸਥਾ ’ਚ ਦਿਮਾਗ ਨੂੰ ਵਿਕਾਰੀ ਰੱਸ ਚਸਕੇ ਪਸੰਦ ਹੁੰਦੇ ਹਨ ਪਰ ਵਿਗਾਸ, ਖੁਸ਼ੀ ਨਹੀਂ ਰਹਿੰਦੀ, ਮਾਨੋ ਮਨ ਕਰਕੇ ਸੁਰਤ, ਮਤ, ਮਨ, ਬੁੱਧ ਅਤੇ ਇੰਦ੍ਰੇ ਵੀ ਪੁੱਠੇ ਹੋ ਗਏ। ਇਸੇ ਅਵਸਥਾ ਨੂੰ ਮਨ ਵਲੋਂ ਮੂੰਹ ਫੇਰਨਾ ਪਿੱਠ ਕਰਨਾ ਜਾਂ ਅੰਗ ਮੁੜ ਜਾਣਾ ਜਾਂ ਮੁੜੇ ਮੁੜ ਜਾਣਾ ਕਹਿੰਦੇ ਹਨ।

98.. ਅੱਗ ਪਾਣੀ ਦਾ ਮੇਲ ਹੋਣਾ (ਉਲਟ ਸੁਭਾਵਾਂ ਦਾ ਮਿਲਣਾ/ਅਨਹੋਣੀ):

ਪਉਣੈ ਪਾਣੀ ਅਗਨੀ ਕਾ ਮੇਲੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 152)

ਅੱਗ ਨੂੰ ਹਵਾ ਦੇਵੋ ਤਾਂ ਵੱਧਦੀ ਹੈ ਅਤੇ ਜੇ ਅੱਗ ਉੱਤੇ ਪਾਣੀ ਪਾਓ ਤਾਂ ਬੁਝਦੀ ਹੈ। ਇਸਦਾ ਮਤਲਬ ਅੱਗ ਅਤੇ ਪਾਣੀ ਦਾ ਸੁਭਾ ਉਲਟ ਹੈ, ਜਦੋਂ ਮਨੁੱਖ ਦੇ ਮਨ ਅੰਦਰ ਤ੍ਰਿਸ਼ਨਾ ਦੀ ਅਗਨੀ ਬੱਲ ਪਵੇ ਤਾਂ ਸੰਤੋਖ ਰਿਸ-ਰਿਸ ਕੇ ਘਟਦਾ ਜਾਂਦਾ ਹੈ। ਮਰਨ ਤੋਂ ਡਰ ਲਗਦਾ ਹੈ ਅਤੇ ਜਿਊਣ ਦੀ ਲਾਲਸਾ ਵੱਧਦੀ ਜਾਂਦੀ ਹੈ। ਸਾਡਾ ਮਨ ਦੁਨਿਆਵੀ ਪਦਾਰਥ ਭੋਗ-ਭੋਗ ਕੇ ਤਪਦਾ ਰਹਿੰਦਾ ਹੈ ਅਤੇ ਮੰਦੇ ਖਿਆਲਾਂ ਵਾਲੇ ਸੁਭਾ ਦੀ ਹਵਾ ਨਾਲ ਤ੍ਰਿਸ਼ਨਾ ਦੀ ਅੱਗ ਭੜਕਦੀ ਜਾਂਦੀ ਹੈ। ਅਸੀਂ ਜਿਊਂਦੇ ਜੀਅ ਦੋਜ਼ਖ਼ (ਨਰਕ) ਦੀ ਅਗਨੀ ’ਚ ਜਲਦੇ ਰਹਿੰਦੇ ਹਾਂ। ਕ੍ਰੋਧ, ਈਰਖਾ, ਬਦਲੇ ਦੀ ਭਾਵਨਾ ਸਾਡੇ ਮਨ ਤਨ ਨੂੰ ਅੱਗ ਦੀ ਭੱਠੀ ’ਚ ਝੋਂਕੀ ਰੱਖਦੇ ਹਨ। ਅਸੀਂ ਚਿੰਤਾ ਦੀ ਚਿਤਾ ਉੱਤੇ ਸੜਦੇ ਬਲਦੇ ਰਹਿੰਦੇ ਹਾਂ। ਅੱਗ ਰੂਪੀ ਤ੍ਰਿਸ਼ਨਾ ਜੇ ਸਾਡੇ ਮਨ ਦੇ ਅਸੰਤੋਖੀ ਸੁਭਾ ’ਚ ਰਲ ਜਾਵੇ ਤਾਂ ਅਸੀਂ ਦੁਬਿਧਾ (ਦੁਚਿੱਤੀ) ’ਚ ਚੰਚਲ ਬੁੱਧੀ ਵਾਲੇ ਬਣ ਜਾਂਦੇ ਹਾਂ। ਇਸ ਅਣਹੋਣੀ ਦੀ ਚਿੰਤਾ ਕਰਨੀ ਹੈ ਕਿ ਕਿਵੇਂ ਇਸ ਅੱਗ ਪਾਣੀ ਦੇ ਮੇਲ ਤੋਂ ਛੁਟਾਂ ਭਾਵ ‘ਕਹੁ ਕਬੀਰ ਚੰਚਲ ਮਤਿ ਤਿਆਗੀ ॥’

ਸਾਨੂੰ ਰੱਬ ਜੀ (ਪ੍ਰੀਤਮ, ਸੱਜਣ) ਦਾ ਅੰਮ੍ਰਿਤ ਰੂਪੀ ਜਲ (ਸੱਚ ਦਾ ਗਿਆਨ) ਸਤਿਗੁਰ ਰਾਹੀਂ ਪ੍ਰਾਪਤ ਹੁੰਦਾ ਹੈ ਤਾਂ ਅਸੀਂ ਆਪਣੀ ਮਨ ਦੀ ਤ੍ਰਿਸ਼ਨਾਲੂ ਅਗਨੀ ਨੂੰ ਬੁਝਾਉਣ ਲਾਇਕ ਹੋ ਜਾਂਦੇ ਹਾਂ। ਤ੍ਰਿਸ਼ਨਾ ਅੱਗ ਦਾ ਮੇਲ ਸੰਤੋਖ ਰੂਪੀ ਜਲ (ਪਾਣੀ) ਨਾਲ ਕਰਾਉਣਾ ਹੀ ਧਰਮ ਦਾ ਕੰਮ ਹੈ।

99. ਅੰਗ ਲਾਉਣਾ (ਗਲਵਕੜੀ ਪਾਉਣਾ, ਜੱਫੀ ਪਾ ਕੇ ਮਿਲਣਾ):

ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1321)

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ (ਗੁਰੂ ਗ੍ਰੰਥ ਸਾਹਿਬ, ਪੰਨਾ 17)

ਸਾਡਾ ਮਨ ਚੰਗੇ ਗੁਣਾਂ ਦੀ ਮੱਤ ਨਿਜਘਰ ਚੋਂ ਲੈ ਸਕਦਾ ਹੈ। ਨਿਜਘਰ ’ਚ ਵਸਦੇ ਰੱਬ ਜੀ ਦੇ ਗੁਣਾਂ ਬਾਰੇ ਸਾਡੇ ਮਨ ਨੂੰ ਸੋਝੀ ਨਹੀਂ ਹੁੰਦੀ। ਸਤਿਗੁਰ ਦੀ ਮਤ ਰਾਹੀਂ ਮਨ ਨੂੰ ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ ਤਾਂ ਰੱਬੀ ਗੁਣਾਂ ਰੂਪੀ ਕਪੜਾ, ਪ੍ਰੇਮ ਪਟੋਲਾ ਰੂਪੀ ਗਹਿਣੇ (ਖਿਮਾ, ਸਹਿਜ, ਸੰਤੋਖ) ਪਾ ਕੇ ਸਾਡਾ ਮਨ ਸ਼ਿੰਗਾਰਿਆ ਜਾਂਦਾ ਹੈ। ਜਿਸ ਕਾਰਨ ਕੰਤ (ਰੱਬ ਜੀ) ਨਾਲ ਮਿਲਨ ਜੱਫੀ, ਗਲਵਕੜੀ, ਗਲੇ ਲੱਗ ਜਾਣ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸੇ ਨੂੰ ‘ਅੰਗ ਲਾਉਣਾ’ ਕਹਿੰਦੇ ਹਨ।

100. ਅੰਗ ਬਣਾਨਾ

ਮਨ ਕੀ ਮੱਤ ਛੱਡ ਚੁਕਾ ਮਨ ਅਵਗੁਣਾਂ ਦੇ ਬੋਝ ਤੋਂ ਮੁਕਤ ਹੋ ਜਾਂਦਾ ਹੈ, ਨਿਜਘਰ ਦੇ ਰੱਬ ਜੀ ਨਾਲ ਇਕਮਿਕਤਾ ਹਾਸਲ ਕਰਦਾ ਹੈ। ਮਨ ਕਾਰਨ ਰੋਮ-ਰੋਮ, ਸੁਰਤ, ਮਤ, ਮਨ, ਬੁਧਿ, ਇੰਦ੍ਰੇ ਅਤੇ ਗਿਆਨ ਇੰਦ੍ਰੇ ਭਾਵ ਸਾਰਾ ਤਨ ਹੀ ਰੱਬੀ ਇੱਕਮਿਕਤਾ (ਮਿਲਨ) ਦੀ ਗਲਵਕੜੀ ਮਾਣਦਾ ਹੈ ਮਾਨੋ ਰੱਬ ਜੀ ਦਾ ਰੂਪ ਭਾਵ ਅੰਗ ਹੀ ਬਣ ਜਾਂਦਾ ਹੈ। ਰੱਬੀ ਇੱਕਮਿਕਤਾ ਨੂੰ ਰੱਬੀ ਗੁਣਾਂ ਨਾਲ ਜਿਊਣਾ ਹੀ ਜੀਵਨ ਮੁਕਤ ਅਵਸਥਾ ਹੈ। ਸਰੀਰਕ ਮਰਨ ਮਗਰੋਂ ਰੱਬ ਦਾ ਅੰਗ ਬਣ ਸਕੀਏ ਜਾਂ ਨਹੀਂ ਪਰ ਸਤਿਗੁਰ ਦੀ ਮੱਤ ਰਾਹੀਂ ਸ਼ਿੰਗਾਰੇ ਜਾਣਾ, ਰੱਬੀ ਗਲਵਕੜੀ ਪ੍ਰਾਪਤ ਕਰਨਾ ਜਿਊਂਦਿਆਂ ਮੁਕਤੀ ਹੈ। ਇਹੋ ਅੰਗ ਬਣਨਾ ਜਾਂ ਲਗਣਾ ਹੁੰਦਾ ਹੈ। ਖਿਆਲਾਂ ’ਚ ਰੱਬੀ ਗੁਣਾਂ ਦਾ ਜਿਊਣਾ ਅਤੇ ਤਨ ਕਰਕੇ ਅਮਲੀ ਜੀਵਨ ਹੋਣਾ ਹੀ ਅੰਗ ਲਗਣਾ ਹੈ। (ਸਮਾਪਤ)




.