.

ਸਾਬਕਾ ਤਿੰਨ ਕਾਮਰੇਡਾਂ ਦੀ ਸੋਚ

ਦੁਨੀਆ ਵਿੱਚ ਕੀ ਕੁੱਝ ਹੋ ਰਿਹਾ ਹੈ ਉਸ ਬਾਰੇ ਜਾਣਕਾਰੀ ਲੈਣ ਲਈ ਤਕਰੀਬਨ ਰੋਜ਼ ਹੀ ਟੀ. ਵੀ. ਅਤੇ ਰੇਡੀਓ ਉਤੇ ਖਬਰਾਂ ਸੁਣ ਲੈਂਦਾ ਹਾਂ ਅਤੇ ਰੋਜ਼ਾਨਾ ਸਪੋਕਸਮੈਨ ਅਤੇ ਅਜੀਤ ਅਖ਼ਬਾਰ ਦੀਆਂ ਖ਼ਬਰਾਂ ਵਾਲੀਆਂ ਸੁਰਖੀਆਂ ਪੜ੍ਹ ਲਈਦੀਆਂ ਹਨ। ਪਰ ਕਦੀ-ਕਦੀ ਜਦੋਂ ਸਮਾ ਮਿਲੇ ਤਾਂ ਕਈ ਮਹੀਨਿਆਂ ਬਾਅਦ ਕੁੱਝ ਹੋਰ ਵੈੱਬ ਸਾਈਟਾਂ ਤੇ ਅਖਬਾਰ ਵੀ ਪੜ੍ਹ ਲੈਂਦਾ ਹਾਂ। ਕੱਲ 29 ਫਰਵਰੀ ਨੂੰ ਕੁੱਝ ਕੁ ਮਿੰਟ ਜਦੋਂ ਪੰਜਾਬ ਟਾਈਮਜ਼ ਦੀ ਵੈੱਬ ਸਾਈਟ ਤੇ ਨਜ਼ਰ ਮਾਰੀ ਤਾਂ ਕੁੱਝ ਸਾਬਕਾ ਕਾਮਰੇਡਾਂ ਬਾਰੇ ਪੜ੍ਹਨ ਨੁੰ ਮਿਲਿਆ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤਿੰਨੇ ਸਾਬਕਾ ਕਾਮਰੇਡ ਭਿੰਡਰਾਂਵਾਲੇ ਸਾਧ ਦੇ ਚੇਲੇ ਹਨ। ਦੋ ਤਾਂ ਪੱਕੇ ਹਨ ਪਰ ਤੀਸਰੇ ਬਾਰੇ ਕੁੱਝ ਸੰਸਾ ਹੈ। ਅਜਮੇਰ ਸਿੰਘ ਅਤੇ ਦਲਬੀਰ ਸਿੰਘ ਪੱਤਰਕਾਰ ਤਾਂ ਪੱਕੇ ਹਨ ਪਰ ਮਾਲਵਿੰਦਰ ਸਿੰਘ ਮਾਲੀ ਬਾਰੇ ਕੁੱਝ ਸੰਸਾ ਹੈ। ਪੱਤਰਕਾਰ ਦਲਬੀਰ ਸਿੰਘ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਨੇ ਭਿੰਡਰਾਂਵਾਲੇ ਸਾਧ ਬਾਰੇ ਇੱਕ ਕਿਤਾਬ ਵੀ ਲਿਖੀ ਸੀ। ਉਸ ਨੇ ਉਹ ਕਿਤਾਬ ਮੈਨੂੰ ਵੀ ਭੇਜੀ ਸੀ ਪਰ ਮੈਂ ਪੜ੍ਹੀ ਨਹੀਂ ਪਰ ਕੁੱਝ ਕੁ ਪੰਨਿਆਂ ਤੇ ਨਜ਼ਰ ਜਰੂਰ ਮਾਰੀ ਸੀ। ਉਸ ਕਿਤਾਬ ਵਿਚ, ਕਾਫੀ ਕੁੱਝ, ਉਸ ਜਾਹਲੀ ਕਿਤਾਬ ਵਿਚੋਂ ਲੈ ਕਿ ਪਾਇਆ ਹੋਇਆ ਹੈ ਜਿਹੜੀ ਕਿ ਜਨਰਲ ਕੇ. ਐੱਸ. ਬਰਾੜ ਦੇ ਨਾਮ ਤੇ ਬੇਈਮਾਨ ਕਪਟੀਆਂ ਵਲੋਂ ਜਾਹਲੀ ਛਾਪ ਕੇ ਵੰਡੀ ਜਾ ਰਹੀ ਹੈ। ਅਜਮੇਰ ਸਿੰਘ ਅਤੇ ਦਲਬੀਰ ਸਿੰਘ ਬਾਰੇ ਤਾਂ ਮੈਂ ਕਾਫੀ ਦੇਰ ਤੋਂ ਜਾਣਦਾ ਹਾਂ ਪਰ ਮਾਲਵਿੰਦਰ ਸਿੰਘ ਮਾਲੀ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਜਦੋਂ ਇੰਟਰਨੈੱਟ ਤੇ ਇਸ ਬਾਰੇ ਖੋਜ ਕੀਤੀ ਤਾਂ ਇਸ ਦੀਆਂ ਕੁੱਝ ਪੋਸਟਾਂ ਫੇਸਬੁੱਕ ਤੇ ਪੜ੍ਹਨ ਨੂੰ ਮਿਲੀਆਂ ਅਤੇ ਕੁੱਝ ਵੀਡੀਓ ਵੀ ਮਿਲੀਆਂ। ਇਨ੍ਹਾਂ ਵਿਚੋਂ ਇੱਕ ਵੀਡੀਓ ਇੱਥੇ ਸਾਂਝੀ ਕਰ ਰਿਹਾ ਹਾਂ। ਇਸ ਨੇ ਦਲਬੀਰ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਜਾਣਾ ਸੀ ਪਰ ਜਾ ਨਹੀਂ ਸਕਿਆ। ਇਸ ਨੇ ਫੇਸਬੁੱਕ ਤੇ ਉਸ ਦੀ ਯਾਦ ਵਿੱਚ ਉਸ ਦਲਬੀਰ ਸਿੰਘ ਦੀ ਕਿਤਾਬ ਵਿਚੋਂ ਕੁੱਝ ਹਿੱਸਾ ਪਾਇਆ ਹੋਇਆ ਹੈ ਜੋ ਕਿ ਬਹੁਤਾ ਜਾਹਲੀ ਕਿਤਾਬ ਨਾਲ ਸੰਬੰਧਿਤ ਹੈ ਜਿਸ ਵਿੱਚ 1984 ਦੀ ਨੀਲਾ ਤਾਰਾ ਕਾਰਵਾਈ ਸਮੇਂ ਫੌਜੀਆਂ ਦੇ ਮਰਨ ਦੀ ਗਿਣਤੀ 15 ਹਜ਼ਾਰ ਤੋਂ ਉਪਰ ਲਿਖੀ ਹੋਈ ਹੈ, ਜੋ ਅਸਲ ਵਿੱਚ 100 ਤੋਂ ਵੀ ਘੱਟ ਸੀ। ਇਸ ਬਾਰੇ ਮੈਂ ਇੱਥੇ ਪਹਿਲਾਂ ਕਈ ਵਾਰੀ ਸਬੂਤਾਂ ਸਮੇਤ ਲਿਖ ਚੁੱਕਾ ਹਾਂ।
ਹਰਮਿੰਦਰ ਸਿੰਘ ਸੰਧੂ ਦਾ ਜਦੋਂ ਕਤਲ ਹੋਇਆ ਸੀ ਤਾਂ ਕਨੇਡਾ ਦੇ ਖਾਲਿਸਤਾਨੀ ਉਸ ਨੂੰ ਕਦੀ ਸ਼ਹੀਦ ਕਹਿੰਦੇ ਸਨ ਅਤੇ ਕਦੀ ਗਦਾਰ। ਹਰਮਿੰਦਰ ਸਿੰਘ ਸੰਧੂ ਭਿਡਰਾਂਵਾਲੇ ਸਾਧ ਦਾ ਦੌਭਾਸ਼ੀਆ ਦਾ ਕੰਮ ਕਰਦਾ ਸੀ। ਸੰਨ 1984 ਦੀ ਫੌਜੀ ਕਾਰਵਾਈ ਤੋਂ ਬਾਅਦ ਇੱਕ ਸਮਾ ਐਸਾ ਆਇਆ ਤਾਂ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਉਹ ਲੜਾਈ ਡੈਮੋਕਰੇਸੀ ਢੰਗ ਨਾਲ ਲੜਨਾ ਚਾਹੁੰਦਾ ਸੀ ਅਤੇ ਪਿੰਡਾਂ ਵਿੱਚ ਖਾਲਸਾ ਪੰਚਾਇਤਾਂ ਕਾਇਮ ਕਰਨਾ ਚਹੁੰਦਾ ਸੀ। ਇਹ ਗੱਲ ਠੀਕ ਹੈ ਜਾਂ ਗਲਤ ਇਸ ਬਾਰੇ ਆਪਣੇ ਵਲੋਂ ਕੋਈ ਟਿੱਪਣੀ ਕਰਨ ਦੀ ਬਿਜਾਏ ਅਸੀਂ ਗੱਲ ਸਿਰਫ ਉਸ ਦੇ ਵੱਖਰੇ ਵਿਚਾਰਾਂ ਕਾਰਨ ਕਤਲ ਕਰਨ ਦੀ ਕਰ ਰਹੇ ਹਾਂ। ਇਸ ਦੀ ਜਾਣਕਾਰੀ ਲਈ ਹੀ ਅਸੀਂ ਇਹ ਮਾਲਵਿੰਦਰ ਸਿੰਘ ਦੀ ਪੋਸਟ ਪਾ ਰਹੇ ਹਾਂ। ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਸ਼ਾਇਦ ਸਤਨਾਮ ਸਿੰਘ ਮੌਂਟਰੀਆਲ ਵੀ ਕਾਫੀ ਜਾਣਕਾਰੀ ਰੱਖਦਾ ਹੈ। ਇਸ ਬਾਰੇ ਇੱਕ ਵਾਰੀ ਮੈਂ ਰੇਡੀਓ ਵਿਰਸਾ ਦੀ ਯੂ-ਟਿਉਬ ਤੇ ਸੁਣਿਆ ਸੀ। ਉਹ ਆਪ ਇਨ੍ਹਾਂ ਵਿੱਚ ਸ਼ਾਮਲ ਰਿਹਾ ਹੈ ਜਾਂ ਕੋਈ ਉਸਦਾ ਨੇੜਲਾ ਸਾਥੀ ਜਾਂ ਰਿਸ਼ਤੇਦਾਰ ਸ਼ਾਮਲ ਸੀ ਇਸ ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ।
ਇਹ ਕਾਮਰੇਡ ਆਮ ਵਿਆਕਤੀ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਹਨ ਅਤੇ ਇਤਿਹਾਸ ਦੀ ਕਾਫੀ ਜਾਣਕਾਰੀ ਰੱਖਦੇ ਹੁੰਦੇ ਹਨ ਪਰ ਇਨ੍ਹਾਂ ਦੀ ਗੁਰਬਾਣੀ ਬਾਰੇ ਜਾਣਕਾਰੀ ਅਧੂਰੀ ਅਤੇ ਸੀਮਤ ਹੁੰਦੀ ਹੈ ਇਸ ਲਈ ਕਈ ਵਾਰੀ ਗਲਤ ਬਿਆਨੀਆਂ ਕਰ ਜਾਂਦੇ ਹਨ। ਜਿਹੜੀ ਗੱਲ ਇਨ੍ਹਾਂ ਦੇ ਹੱਕ ਵਿੱਚ ਜਾਂਦੀ ਹੋਵੇ ਉਥੇ ਇਹ ਮਾਰ-ਮਰੀਏ ਨੂੰ ਜ਼ਾਇਜ ਠਹਿਰਾਉਂਦੇ ਹਨ ਇਸੇ ਕਰਕੇ ਇਨ੍ਹਾਂ ਵਰਗੇ ਲੋਕ ਭਿੰਡਰਾਂਵਾਲੇ ਸਰਕਾਰੀ ਗੁੰਡੇ ਸਾਧ ਦੇ ਚੇਲੇ ਬਣ ਜਾਂਦੇ ਹਨ। ਲਓ ਪੜ੍ਹ ਲਓ ਫਿਰ ਇੱਕ ਸਾਬਕਾ ਕਾਮਰੇਡ ਦੀ ਦੂਸਰੇ ਸਾਬਕਾ ਕਾਮਰੇਡ ਬਾਰੇ ਸੋਚ:
ਮਾਲਵਿੰਦਰ ਸਿੰਘ ਮਾਲੀ
ਕਾਮਰੇਡ ਗੋਬਿੰਦਰ ਸਿੰਘ ਮੰਡੀ ਕਲਾਂ ਉਰਫ ਅਜਮੇਰ ਸਿੰਘ ਸਿੱਖ ਚਿੰਤਕ ਦਾ ਇਹ ਵਿਖਿਆਨ ਇਹ ਦਰਸਾਉਂਦਾ ਹੈ ਕਿ ਇਸ ਦਾ ਸਿਆਸੀ ਤੌਰ ‘ਤੇ ਨਾ ਕੋਈ ਦੀਨ ਹੈ, ਨਾ ਧਰਮ ਤੇ ਨਾ ਇਮਾਨ…
ਮਾਰਕਸਵਾਦ ਨੂੰ ਤਿਲਾਂਜਲੀ ਦੇਣ ਤੋਂ ਬਾਅਦ ਬਾਦਲ-ਟੌਹੜਾ ਵਿਵਾਦ ਅੰਦਰ ਬਾਦਲਕਿਆਂ ਦਾ ਡੱਟ ਕੇ ਸਾਥ ਦੇਣ ਤੋਂ ਸ਼ੁਰੂ ਹੋਇਆ ਅਜਮੇਰ ਸਿੰਘ ਦਾ ਨਵਾਂ ਨਕੋਰ ਸਿਆਸੀ ਸਫਰ ਸਿੱਖ ਕੌਮ ਤੇ ਖਾਲਿਸਤਾਨ ਦੇ ਅੰਨੇ ਸਮਰਥਨ ਰਾਹੀਂ ‘ਸਿੱਖ ਚਿੰਤਕ’ ਦਾ ਰੁਤਬਾ ਹਾਸਲ ਕਰ ਗਿਆ ਤੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਅਰਦਾਸ ਕਰਦਿਆਂ ਪੰਜਾਬ ਅੰਦਰ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਮੁੜ ਬਹਾਲੀ ਦੀ ਤਾਂਘ ਵਿਚ ਲੀਨ ਹੋ ਗਿਆ ਤੇ ਹੁਣ ਸਿੱਖ ਧਾਰਮਿਕ ਪ੍ਰਬੰਧ, ਇਤਿਹਾਸ ਤੇ ਜੀਵਨ ਜਾਚ ਵਿਚ ਘੁਸੇ ਬਿਪਰ ਸੰਸਕਾਰਾਂ, ਬ੍ਰਾਹਮਣਵਾਦ ਤੇ ਪੁਜਾਰੀਵਾਦ ਦੀ ਪਿੱਠ ਥਾਪੜਨ ਵਿਚ ਮਸ਼ਗੂਲ ਹੋ ਕੇ ਕਰਾਮਾਤੀ ਤੇ ਦੈਵੀ ਸ਼ਕਤੀਆਂ ਦਾ ਪ੍ਰਚਾਰਕ ਬਣ ਰਿਹਾ ਇਹ ਪੁਜਾਰੀਵਾਦ ਤੇ ਬਿਪਰ ਸੰਸਕਾਰ ਦਾ ਮਹਾਂ ਆਧੁਨਿਕ ਪੈਗੰਬਰ।
ਮੈਂ ਇਸ ਦੀ ਅਗਵਾਈ ਵਿਚ ਨਕਸਲੀਆਂ ਦੇ ਪੈਗਾਮ ਗਰੁਪ ਵਿਚ ਕੰਮ ਕੀਤਾ ਹੈ। ਪਰ ਜਦੋਂ ਇਸ ਨੇ ਸਾਡੇ ਗਰੁਪ ਦੀ ਸਿਆਸਤ ਨੂੰ ਸਿੱਖ ਖਾੜਕੂਆਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਬੇਦਾਵਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਇਸ ਦੇ ਨਾਲ ਮੱਤ-ਭੇਦ ਸ਼ੁਰੂ ਹੋ ਗਏ।
ਗੱਲ ਸ਼ੁਰੂ ਹੋਈ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਦੇ ਕਤਲ ਤੋਂ। ਸਾਡੇ ਗਰੁਪ ਦੀ ਪੁਜ਼ੀਸ਼ਨ ਸੀ ਕਿ ਇਹ ਕਤਲ ਗਲਤ ਹੈ। ਅਸੀਂ ‘ਜਨਤਕ ਪੈਗਾਮ’ ਜਿਸ ਦਾ ਮੈਂ ਸੰਪਾਦਕ ਸੀ, ਵਿਚ ਲਿਖਿਆ, “ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ ਵਿਚ ਨਾ ਬਦਲੋ।” ਅਸੀਂ ਇਸ ਕਤਲ ਦੀ ਨਿਖੇਧੀ ਕੀਤੀ।
ਸਾਡੇ ਗਰੁਪ ਦੀ ਪੁਜ਼ੀਸ਼ਨ ਸੀ ਕਿ ਸਿੱਖ ਖਾੜਕੂਆਂ ਨੂੰ ਸਿਆਸੀ ਬਦਲ ਪੇਸ਼ ਕਰਨਾ ਚਾਹੀਦਾ ਹੈ ਤੇ ਖਾੜਕੂਆਂ ਨੂੰ ਚੋਣਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।
ਸਾਡੇ ਗਰੁਪ ਵਲੋਂ ਸਿੱਖ ਖਾੜਕੂਆਂ ਨਾਲ ਸੰਪਰਕ ਅਜਮੇਰ ਸਿੰਘ ਦਾ ਹੀ ਸੀ, ਪਰ ਭਾਣਾ ਕੀ ਵਾਪਰਿਆ?
ਅਜਮੇਰ ਸਿੰਘ ਨੇ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਸਾਡੇ ਗਰੁਪ ਦੀਆਂ ਸਫਾਂ ਵਿਚ ਜਾਇਜ਼ ਸਾਬਿਤ ਕਰਨ ਦਾ ਪ੍ਰਾਪੇਗੰਡਾ ਕਰਨਾ ਸ਼ੁਰੂ ਕਰ ਦਿੱਤਾ। ਇਹ ਤਾਂ ਅੰਡਰਗਰਾਊਂਡ (ਗੁਪਤਵਾਸ) ਸੀ ਤੇ ਜਨਤਕ ਆਗੂ ਮੈਂ ਹੀ ਸੀ। ਮੈਨੂੰ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਦੂਜਾ, ਜਦੋਂ ਸਿੱਖ ਖਾੜਕੂਆਂ ਨੇ ਦੂਜੀ ਵਾਰ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਤਾਂ ਮੈਂ ਤਲਵੰਡੀ ਸਾਬੋ ਵਿਖੇ ਵਿਸਾਖੀ ਕਾਨਫਰੰਸ ਵਿਚ ਭਾਈ ਅਤਿੰਦਰਪਾਲ ਸਿੰਘ ਨਾਲ ਗੱਲ ਕਰ ਰਿਹਾ ਸੀ ਕਿ ਕਿਸੇ ਨੇ ਖਾੜਕੂਆਂ ਦਾ ਬਿਆਨ ਲਿਆ ਕੇ ਵਿਖਾਇਆ ਕਿ ਉਨ੍ਹਾਂ ਨੇ ਤਾਂ ਚੋਣ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਹ ਹੱਥ ਲਿਖਤ ਬਿਆਨ ਅਜਮੇਰ ਸਿੰਘ ਦੀ ਲਿਖਾਈ ਵਾਲਾ ਹੀ ਸੀ।
ਜਦੋਂ ਇਸ ਤੋਂ ਬਾਅਦ ਸਾਡੇ ਗਰੁਪ ਦੀ ਮੀਟਿੰਗ ਹੋਈ ਤਾਂ ਮੈਂ ਅਜਮੇਰ ਕੋਲੋਂ ਇਹੀ ਸੁਆਲ ਪੁੱਛੇ ਕਿ ਆਹ ਕੀ ਹੈ? ਆਪਣੀ ਪੁਜ਼ੀਸ਼ਨ ਤਾਂ ਇਹ ਸੀ ਕਿ ਆਪਾਂ ਸਿੱਖ ਖਾੜਕੂਆਂ ਨੂੰ ਪ੍ਰੇਰਨਾ ਹੈ ਕਿ ਸਿਆਸੀ ਬਦਲ ਖੜਾ ਕਰੋ ਤੇ ਚੋਣ ਵਿਚ ਹਿੱਸਾ ਲਵੋ। (ਇਸ ਤੋਂ ਪਹਿਲਾਂ ਸਾਡੀ ਪੁਜ਼ੀਸ਼ਨ ਚੋਣ ਬਾਈਕਾਟ ਦੀ ਸੀ ਤੇ ਮੈਂ ਅਨੰਦਪੁਰ ਦੀ ਮੀਟਿੰਗ ਵਿਚ ਇਸ ਦੀ ਵਕਾਲਤ ਕੀਤੀ ਸੀ ਤੇ ਸਾਡੇ ਵੱਲੋਂ ਚੋਣ ਬਾਈਕਾਟ ਦੇ ਹੱਕ ਵਿਚ ਇਕ ਪੈਂਫਲਿਟ ਵੀ ਜਾਰੀ ਕੀਤਾ ਗਿਆ ਸੀ) ਤਾਂ ਅਜਮੇਰ ਦਾ ਜਵਾਬ ਸੀ ਕਿ ਯਾਰੋ ਉਨ੍ਹਾਂ ਦਾ ਐਨਾ ਖੂਨ ਡੁੱਲਿਆ ਹੈ, ਮੇਰੀ ਤਾਂ ਜੁਰਅਤ ਹੀ ਨਹੀਂ ਪਈ ਕਿ ਮੈਂ ਉਨ੍ਹਾਂ ਨੂੰ ਚੋਣ ਵਿਚ ਹਿੱਸਾ ਲੈਣ ਲਈ ਦਲੀਲ ਦੇਵਾਂ।
ਮੇਰਾ ਦੂਜਾ ਸੁਆਲ ਸੀ ਕਿ ਤੂੰ ਜਿੱਥੇ ਜਾਂਦਾ ਹੈ, ਉੱਥੇ ਹੀ ਹਰਮਿੰਦਰ ਸਿੰਘ ਦੇ ਕਤਲ ਨੂੰ ਸਹੀ ਠਹਿਰਾਉਂਦਾ ਹੈ, ਜਦੋਂ ਕਿ ਆਪਣੇ ਗਰੁਪ ਦੀ ਪੁਜ਼ੀਸ਼ਨ ਇਸ ਨੂੰ ਗਲਤ ਕਹਿੰਦੀ ਹੈ। ਤਾਂ ਇਸ ਦਾ ਜਵਾਬ ਸੀ ਕਿ ਲਹੂ ਖਾੜਕੂਆਂ ਦਾ ਡੁੱਲਿਆ ਹੈ ਤੇ ਇਹ ਲਹਿਰ ‘ਤੇ ਸਿਆਸੀ ਕਬਜ਼ਾ ਕਰਨ ਦੇ ਰਾਹ ਪੈ ਰਿਹਾ ਸੀ, ਪਿੰਡ ਪਿੰਡ ਖਾਲਸਾ ਪੰਚਾਇਤਾਂ ਬਣਾਉਣ ਦਾ ਸੱਦਾ ਦੇ ਕੇ। ਇਸ ਲਈ ਸੰਧੂ ਦਾ ਕਤਲ ਸਮਝ ਪੈਂਦਾ ਹੈ। ਮੈਂ ਨਾਲ ਹੀ ਕਿਹਾ ਕਿ ਹਰ ਗੱਲ ਹੀ ਸਮਝ ਪੈਂਦੀ ਹੈ ਪਰ ਸੁਆਲ ਇਹ ਹੈ ਕਿ ਗਲਤ ਕੀ ਹੈ ਤੇ ਠੀਕ ਕੀ ਹੈ?
ਨਾਲ ਹੀ ਮੈਂ ਕਿਹਾ ਕਿ ਸਿੱਖ ਖਾੜਕੂਆਂ ਦਾ ਭਾਈ ਗੁਰਜੀਤ ਸਿੰਘ ਹਰੀਹਰਝੋਕ ਵਾਲਾ ਧੜਾ ਤਾਂ ਮੈਨੂੰ ਵੀ ਮਾਰਨ ਨੂੰ ਫਿਰਦਾ ਹੈ ਤੇ ਜੇ ਮੈਨੂੰ ਮਾਰ ਦਿੱਤਾ ਤੂੰ ਤਾਂ ਫਿਰ ਵੀ ਇਹ ਆਖੇਂਗਾ ਕਿ ਗੱਲ ਸਮਝ ਪੈਂਦੀ ਹੈ? ਕਿਉਂਕਿ ਅਸੀਂ ਜਨਤਕ ਪੈਗ਼ਾਮ ਅੰਦਰ ਸਿੱਖ ਖਾੜਕੂਆਂ ਦੀਆਂ ਗਲਤੀਆਂ ਦੀ ਆਲੋਚਨਾ ਕਰਦੇ ਸੀ ਤੇ ਇਸ ਦਾ ਸੰਪਾਦਕ ਹੋਣ ਕਰਕੇ ਖਾੜਕੂਆਂ ਦੇ ਕੁੱਝ ਹਿੱਸੇ ਮੇਰੇ ‘ਤੇ ਖਫਾ ਰਹਿੰਦੇ ਸਨ।
ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਇਸ ਨੇ ਸਾਰਿਆਂ ਦੇ ਸਾਹਮਣੇ ਇਹ ਕਹਿ ਦਿੱਤਾ ਕਿ ਹਾਂ, ਮੈਂ ਤਾਂ ਇਹੀ ਆਖਾਂਗਾ।
ਮੈਂ ਤੁਰੰਤ ਹੀ ਪੈਗ਼ਾਮ ਗਰੁਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਤੇ ਕਿਹਾ ਕਿ ਮੈਂ ਹੁਣ ਤੁਹਾਡੇ ਨਾਲ ਨਹੀਂ, ਪਰ ਮੈਂ ਮਨੁੱਖੀ ਹੱਕਾਂ ਲਈ ਕੰਮ ਕਰਾਂਗਾ ਤੇ ਮੈਂ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਵਾਲੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵਿਚ ਪੰਜਾਬ ਦੇ ਖੋਜ ਪੜਤਾਲ ਸਕੱਤਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਮੈਨੂੰ ਬਹੁਤ ਪੰਗੇ ਪਾਏ ਤੇ ਮੇਰੇ ਖਿਲਾਫ ਲੁਕਵੇਂ ਰੂਪ ਵਿਚ ਜਨਤਕ ਪੈਗ਼ਾਮ ਵਿਚ ਟਿੱਪਣੀਆਂ ਵੀ ਕੀਤੀਆਂ, ਪਰ ਮੇਰੇ ਤੋਂ ਬਾਅਦ ਚਾਰ ਮਹੀਨੇ ਵਿਚ ਹੀ ਇਨ੍ਹਾਂ ਵਾਲਾ ਪੈਗ਼ਾਮ ਗਰੁਪ ਖਿੰਡ ਖੱਪਰ ਗਿਆ…।
ਗੱਲ ਪੋਸਟ ਬਾਰੇ ਕਰੀਏ, ਅਜਮੇਰ ਦਾ ਇਹ ਨਵਾਂ ਸ਼ਗੂਫਾ ਹੈ ਸਿਆਸੀ ਖੇਤਰ ਅੰਦਰ ਖਾਲਿਸਤਾਨ ਤੋਂ ਬਾਅਦ ਹੁਣ ਧਾਰਮਿਕ ਖੇਤਰ ਅੰਦਰਲੀ ਬ੍ਰਾਹਮਣਵਾਦੀ ਖੋਟ ਨੂੰ ਸ਼ਰਧਾ, ਰੁਹਾਨੀਅਤ, ਬਖਸ਼ਿਸ਼, ਦੈਵੀ ਸ਼ਕਤੀ ਦੇ ਹਵਾਲੇ ਰਾਹੀਂ ਤੇ ਕਰਾਮਾਤਾਂ ਤੱਕ ਨੂੰ ਵਾਜਬ ਠਹਿਰਾਉਣ ਦਾ…।
ਸਿਆਸੀ ਸੂਝ ਤੋਂ ਹੀਣਤਾ ਦਾ ਸ਼ਿਕਾਰ ਹੋਣ ਤੋਂ ਬਾਅਦ ਹੁਣ ਅਜਮੇਰ ਸਿੰਘ ਨੇ ਸਿੱਖਾਂ ਦੀ ਧਾਰਮਿਕ ਖੇਤਰ ਅੰਦਰਲੀ ਬੌਧਿਕ ਹੀਣਤਾ ਦਾ ਵਪਾਰ ਕਰਨ ਦਾ ਨਵਾਂ ਧੰਦਾ ਸ਼ੁਰੂ ਕਰ ਲਿਆ ਹੈ…। ਹਾਲੇ ਬੱਸ ਏਨਾ ਹੀ…!
________________________
ਸਿੱਖ ਚਿੰਤਕ ਦਾ ਨਵਾਂ ਤਰਕ
ਕਾਮਰੇਡ ਗੋਬਿੰਦਰ ਸਿੰਘ ਮੰਡੀਕਲਾਂ ਉਰਫ ਅਜਮੇਰ ਸਿੰਘ ਨੇ ਰੂਹਾਨੀਅਤ, ਅਗੰਮੀ ਬਖਸ਼ਿਸ਼ਾਂ, ਦੈਵੀ ਮਾਹੌਲ, ਕਰਾਮਾਤਾਂ ਦੀ ਸਮੂਹਿਕ ਹਿਤਾਂ ਲਈ ਸਾਰਥਕਤਾ ਤੇ ਸੱਚਾਈ ਸਿੱਧ ਕਰਨ ਤੋਂ ਬਾਅਦ ਹੁਣ ਇਕ ਨਵਾਂ ਤਰਕ ਸਿਰਜਿਆ ਹੈ। ਉਘੇ ਲਿਖਾਰੀ ਜਸਵੰਤ ਸਿੰਘ ਕੰਵਲ ਦੇ ਸਿੱਖ ਸੰਘਰਸ਼ ਬਾਰੇ ਆਲੋਚਨਾਤਮਕ ਵਿਚਾਰਾਂ ਨੂੰ ਨਕਾਰਨ ਲਈ ਉਹ ਕਹਿੰਦਾ ਹੈ ਕਿ ਹਰ ਬੰਦੇ ਦਾ ਆਪਣਾ ਖੇਤਰ ਹੁੰਦਾ ਹੈ, ਤੇ ਜਦੋਂ ਉਹ ਆਪਣੇ ਖੇਤਰ ਤੋਂ ਬਾਹਰ ਜਾ ਕੇ ਗੱਲ ਕਰਦਾ ਹੈ ਤਾਂ ਉਹ ਸਹੀ ਨਹੀਂ ਹੁੰਦਾ। ਕੰਵਲ ਬਾਰੇ ਉਹ ਕਹਿੰਦਾ ਹੈ ਕਿ ਉਸ ਦਾ ਖੇਤਰ ਸਾਹਿਤਕ ਹੈ; ਸੋ, ਉਸ ਦੀਆਂ ਸਿਆਸੀ ਟਿੱਪਣੀਆਂ ਅਤੇ ਸੰਤ ਭਿੰਡਰਾਵਾਲਿਆਂ ਨਾਲ ਵਾਰਤਾਲਾਪ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਗੁਰਬਚਨ ਸਿੰਘ ਜਲੰਧਰ ਨੇ ਅਜਮੇਰ ਸਿੰਘ ਦੇ ਇਸ ਤਰਕ ਦੇ ਤੂਸ ਉਡਾ ਦਿੱਤੇ ਪਰ ਮੇਰਾ ਸੁਆਲ ਹੈ ਕਿ ਅਜਮੇਰ ਸਿੰਘ ਜੀ, ਤੁਹਾਡਾ ਖੇਤਰ ਕਿਹੜਾ ਹੈ? ਇਤਿਹਾਸਕ, ਧਾਰਮਿਕ, ਸਿਆਸੀ ਜਾਂ ਕੋਈ ਹੋਰ? ਪੱਤਰਕਾਰ ਕਰਮਜੀਤ ਸਿੰਘ (ਚੰਡੀਗੜ੍ਹ) ਦਾ ਕਿਹੜਾ ਖੇਤਰ ਹੈ? ਜਸਵੰਤ ਸਿੰਘ ਕੰਵਲ ਦੇ ਖੇਤਰ ਦੀ ਨਿਸ਼ਾਨਦੇਹੀ ਕਰਨ ਤੋਂ ਪਹਿਲਾਂ ਆਪਣੇ ਖੇਤਰ ਦੀ ਨਿਸ਼ਾਨਦੇਹੀ ਕਰੋ। ਕਿਤੇ ਤੁਹਾਡੇ ਉਪਰ ਅਗੰਮੀ ਬਖਸ਼ਿਸ਼ ਤਾਂ ਨਹੀਂ ਹੋ ਗਈ ਕਿ ਤੁਹਾਡੇ ਉਪਰ ਕੋਈ ਹੁਕਮ ਲਾਗੂ ਹੀ ਨਹੀਂ ਹੁੰਦਾ?
ਸੰਤ ਭਿੰਡਰਾਂਵਾਲਿਆਂ ਦਾ ਖੇਤਰ ਕਿਹੜਾ ਸੀ? ਉਨ੍ਹਾਂ ਦੀਆਂ ਕਿਹੜੇ ਖੇਤਰ ਦੀਆਂ ਗੱਲਾਂ ਨੂੰ ਸਾਨੂੰ ਉਨ੍ਹਾਂ ਦੀ ਸੀਮਤਾਈ ਸਮਝਣੀ ਚਾਹੀਦੀ ਹੈ? ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਸੀ ਕਿ ਅਸੀਂ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਹਾਂ ਪਰ ਗੁਲਾਮ ਬਣ ਕੇ ਨਹੀਂ, ਬਰਾਬਰ ਦੇ ਬਣ ਕੇ ਰਹਿਣਾ ਹੈ। ਸਿੱਖ ਖਾਲਿਸਤਾਨ ਦੀ ਮੰਗ ਨਹੀਂ ਕਰਦੇ, ਪਰ ਜੇ ਉਹ (ਕੇਂਦਰ ਸਰਕਾਰ) ਦੇਣਾ ਚਾਹੁੰਦੇ ਨੇ ਤਾਂ ਅਸੀਂ ਨਾਂਹ ਵੀ ਨਹੀਂ ਕਰਾਂਗੇ…। ਬੰਦੇ ਬਣ ਜਾਓ, ਨਹੀਂ (ਤਾਂ) ਇਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਨੇ।
-ਮਾਲਵਿੰਦਰ ਸਿੰਘ ਮਾਲੀ

(ਪਿਛਲੇ ਦਿਨੀਂ ਜਸਵੰਤ ਸਿੰਘ ਕੰਵਲ ਦੀ ਦੇਣ ਬਾਰੇ ਚੰਡੀਗੜ੍ਹ ਵਿਚ ਸਮਾਗਮ ਹੋਇਆ ਸੀ, ਜਿਸ ਵਿਚ ਅਜਮੇਰ ਸਿੰਘ ਤੋਂ ਇਲਾਵਾ ਕਰਮਜੀਤ ਸਿੰਘ, ਗੁਰਬਚਨ ਸਿੰਘ ਜਲੰਧਰ, ਡਾ. ਸਵਰਾਜ ਸਿੰਘ, ਮਾਲਵਿੰਦਰ ਸਿੰਘ ਮਾਲੀ, ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ ਅਤੇ ਹੋਰਾਂ ਨੇ ਵਿਚਾਰ ਰੱਖੇ ਸਨ)।
ਹੇਠਾਂ ਮਾਲਵਿੰਦਰ ਸਿੰਘ ਦੀ ਵੀਡੀਓ ਦੇਖੋ ਜਿਸ ਵਿੱਚ ਉਹ ਕਈ ਗੱਲਾਂ ਤਾਂ ਠੀਕ ਕਹਿੰਦਾ ਹੈ ਜਿਵੇਂ ਕਿ ਪੰਨੇ ਨੂੰ ਅੰਗ ਕਹਿਣ ਵਾਲੀ ਗੱਲ ਪਰ ਇਹ ਪੰਗਤੀ, “ਐਸਾ ਚਾਹੂੰ ਰਾਜ ਮੈ ਜਹਾਂ ਮਿਲੈ ਸਭ ਕੋ ਅੰਨ।” ਇਹ ਗੁਰਬਾਣੀ ਨਹੀਂ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਬਾਰੇ ਮੈਂ ਉਪਰ ਲਿਖ ਚੁੱਕਾ ਹਾਂ ਕਿ ਇਨ੍ਹਾਂ ਕਾਮਰੇਡਾਂ ਨੂੰ ਗੁਰਬਾਣੀ ਦੀ ਬਹੁਤੀ ਸੂਝ ਨਹੀਂ ਹੁੰਦੀ ਜਿਤਨੀ ਇਤਿਹਾਸ ਦੀ ਹੁੰਦੀ ਹੈ।

ਜਾਂਦੇ ਜਾਂਦੇ ਇੱਕ ਗੱਲ ਹੋਰ ਵੀ ਕਰ ਜਾਵਾਂ ਕਿ ਕੱਲ ਹੀ ਮੈਂ ਕਾਫੀ ਦੇਰ ਬਾਅਦ ਸਿੰਘ ਸਭਾ ਕਨੇਡਾ ਦੀ ਸਾਈਟ ਤੇ ਗਿਆ ਸੀ ਅਤੇ ਉਥੋਂ ਅੱਗੇ ਜਦੋਂ ਇਨ੍ਹਾਂ ਦੀ ਫੇਸਬੁੱਕ ਤੇ ਗਿਆ ਤਾਂ ਕੀ ਦੇਖਿਆ ਕਿ ਉਥੇ ਇੱਕ ਵਿਆਕਤੀ ਵਲੋਂ ਦਸੰਬਰ 23, 2018 ਦੀ ਇੱਕ ਪੋਸਟ ਪਾਈ ਹੋਈ ਹੈ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਦਸਮ ਗ੍ਰੰਥ ਦਾ ਵਿਰੋਧ ਏਜੰਸੀਆਂ ਵਲੋਂ ਸੰਨ 1984 ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਅਤੇ ਹੋਰ ਵੀ ਕਈ ਕੁੱਝ ਲਿਖਿਆ ਹੋਇਆ ਹੈ। ਇਸ ਦਾ ਛੋਟਾ ਜਿਹਾ ਸਕਰੀਨ ਸ਼ੌਟ ਇੱਥੇ ਉਪਰ ਪਾਇਆ ਹੈ। ਇਨ੍ਹਾਂ ਦੇ ਇਸ ਫੇਸਬੁੱਕ ਵਾਲੇ ਪੰਨੇ ਤੇ ਤਕਰੀਬਨ ਰੋਜ਼ ਹੀ ਧੁੰਦਾ, ਦਦੇਹਰ, ਰੂਪੋਵਾਲੀ ਅਤੇ ਪੰਥਪ੍ਰੀਤ ਦੀਆਂ ਵੀਡੀਓ ਜਾਂ ਹੋਰ ਜਾਣਕਾਰੀ ਪਾਈ ਹੋਈ ਹੁੰਦੀ ਹੈ। ਮੇਰਾ ਸਵਾਲ ਸਿਰਫ ਜਾਣਕਾਰੀ ਲੈਣ ਵਾਸਤੇ ਹੈ ਕਿ ਜਿਸ ਬੰਦੇ ਨੇ ਸਭ ਤੋਂ ਵੱਧ ਦਸਮ ਗ੍ਰੰਥ ਦਾ ਵਿਰੋਧ ਕੀਤਾ ਹੋਵੇ ਅਤੇ ਉਨ੍ਹਾਂ ਦੀ ਫੇਸਬੁੱਕ ਉਪਰ ਹੀ ਦਸਮ ਗ੍ਰੰਥ ਦੇ ਹੱਕ ਵਿੱਚ ਲਿਖੇ ਨੂੰ 14 ਮਹੀਨੇ ਤੋਂ ਵੀ ਉਪਰ ਹੋ ਗਏ ਹੋਣ ਅਤੇ ਕਿਸੇ ਨੇ ਵੀ ਹੁਣ ਤੱਕ ਨਾ ਤਾਂ ਉਸ ਦੇ ਵਿਰੋਧ ਵਿੱਚ ਕੋਈ ਟਿੱਪਣੀ ਕੀਤੀ ਹੈ ਅਤੇ ਨਾ ਹੀ ਉਸ ਪੋਸਟ ਨੂੰ ਡਿਲੀਟ ਕੀਤਾ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਇਹ ਮੈਂ ਤਾਂ ਪੁੱਛ ਰਿਹਾ ਹਾਂ ਕਿਉਂਕਿ ਨਾ ਤਾਂ ਮੇਰਾ ਫੇਸਬੁੱਕ ਜਾਂ ਹੋਰ ਕਿਸੇ ਸ਼ੋਸ਼ਲ ਮੀਡੀਏ ਤੇ ਕੋਈ ਅਕਾਉਂਟ ਹੈ ਤਾਂ ਨਾ ਹੀ ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਹੈ।
ਮੱਖਣ ਸਿੰਘ ਪੁਰੇਵਾਲ,
ਮਾਰਚ 01, 2020.




.