.

ਓਏ ਸਾਧੋ! ਤੁਹਾਡੀ ਮਾਂ ਨੂੰ------

ਗੱਲ ਸੁਣੋ ਬਈ ਪਾਠਕ ਸੱਜਣੋ, ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕਦੀ ਵੀ ਕਿਸੇ ਵੀ ਵਿਆਕਤੀ ਨੂੰ ਮਾਂ ਭੈਣ ਦੀ ਗੰਦੀ ਗਾਲ ਨਹੀਂ ਕੱਢੀ ਅਤੇ ਨਾ ਹੀ ਕੱਢਣੀ ਹੈ। ਹੁਣ ਸਾਧਾਂ ਨੂੰ ਵੀ ਨਹੀਂ ਕੱਢਣੀ। ਪਰ ਜਦੋਂ ਇਹ ਪੁੱਠੀਆਂ ਗੱਲਾਂ ਕਰਨੋਂ ਹਟਦੇ ਹੀ ਨਹੀਂ ਤਾਂ ਕਈ ਵਾਰੀ ਸਖਤ ਬੋਲੀ ਵਿੱਚ ਸਵਾਲ ਸਾਰਿਆਂ ਦੇ ਸਾਹਮਣੇ ਜਰੂਰ ਰੱਖਦਾ ਹਾਂ। ਅੱਜ ਵੀ ਇਹੀ ਕੁੱਝ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀਂ ਕਰ ਰਿਹਾ ਹਾਂ ਜੋ ਕਿ ਬਹੁਤਿਆਂ ਨੇ ਪੜ੍ਹੀ ਹੀ ਹੋਵੇਗੀ। ਇਹ ਖ਼ਬਰ ਕੁੱਝ ਦਿਨ ਪਹਿਲਾਂ 19 ਫਰਵਰੀ 2020 ਨੂੰ ਰੋਜਾਨਾ ਸਪੋਕਸਮੈਨ ਅਖਬਾਰ ਦੇ ਪਹਿਲੇ ਮੁੱਖ ਪੰਨੇ ਤੇ ਛਪੀ ਸੀ ਜੋ ਕਿ ਇਸ ਤਰ੍ਹਾਂ ਹੈ:
ਅਹਿਮਦਾਬਾਦ : ਗੁਜਰਾਤ ਦੇ ਧਾਰਮਕ ਆਗੂ ਨੇ ਕਿਹਾ ਹੈ ਕਿ ਮਾਹਵਾਰੀ ਦੌਰਾਨ ਪਤੀਆਂ ਲਈ ਖਾਣਾ ਬਣਾਉਣ ਵਾਲੀਆ ਔਰਤਾਂ ਅਗਲੇ ਜੀਵਨ ਵਿਚ 'ਕੁੱਤੀਆਂ' ਵਜੋਂ ਜਨਮ ਲੈਣਗੀਆ ਜਦਕਿ ਉਨ੍ਹਾਂ ਦੇ ਹੱਥ ਦਾ ਬਣਿਆ ਭੋਜਨ ਖਾਣ ਵਾਲੇ ਮਰਦ ਬਲਦ ਵਜੋਂ ਪੈਦਾ ਹੋਣਗੇ। ਸਵਾਮੀਨਾਰਾਇਣ ਮੰਦਰ ਨਾਲ ਜੁੜੇ ਸਵਾਮੀ ਕ੍ਰਿਸ਼ਨਾਸਵਰੂਪ ਦਾਸਜੀ ਨੇ ਕਥਿਤ ਤੌਰ 'ਤੇ ਇਹ ਟਿਪਣੀ ਕੀਤੀ ਹੈ।
ਇਹ ਮੰਦਰ ਭੁਜ ਦੇ ਸ੍ਰੀ ਸਹਿਜਾਨੰਦ ਗਰਲਜ਼ ਇੰਸਟੀਚਿਊਟ (ਐਸਐਸਜੀਆਈ) ਨਾਮ ਦੇ ਉਸ ਕਾਲਜ ਨੂੰ ਚਲਾਉਂਦਾ ਹੈ ਜਿਸ ਦੀ ਪ੍ਰਿੰਸੀਪਲ ਅਤੇ ਹੋਰ ਮਹਿਲਾ ਸਟਾਫ਼ ਨੇ ਇਹ ਵੇਖਣ ਲਈ 60 ਤੋਂ ਵੱਧ ਕੁੜੀਆਂ ਨੂੰ ਕਥਿਤ ਤੌਰ 'ਤੇ ਅੰਦਰਲੇ ਕਪੜੇ ਲਾਹੁਣ ਲਈ ਮਜਬੂਰ ਕੀਤਾ ਸੀ ਕਿ ਕਿਤੇ ਉਨ੍ਹਾਂ ਨੂੰ ਮਾਹਵਾਰੀ ਤਾਂ ਨਹੀਂ ਹੋ ਰਹੀ।
ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕੁੜੀਆਂ ਨੇ ਹੋਸਟਲ ਦਾ ਨਿਯਮ ਤੋੜਿਆ ਸੀ ਜਿਸ ਵਿਚ ਮਾਸਕ ਧਰਮ ਸਮੇਂ ਕੁੜੀਆਂ ਦੇ ਹੋਰ ਲੋਕਾਂ ਨਾਲ ਖਾਣਾ ਖਾਣ ਦੀ ਮਨਾਹੀ ਹੈ। ਕਾਲਜ ਦੀ ਪ੍ਰਿੰਸੀਪਲ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਵਾਮੀ ਦੀ ਵਿਵਾਦਤ ਟਿਪਣੀ ਨਾਲ ਸਬੰਧਤ ਵੀਡੀਉ ਸੋਸ਼ਲ ਮੀਡੀਆ ਵਿਚ ਚੱਲ ਰਹੀ ਹੈ ਜਿਸ ਵਿਚ ਉਹ ਗੁਜਰਾਤੀ ਵਿਚ ਬੋਲ ਰਹੇ ਹਨ।
ਉਨ੍ਹਾਂ ਕਿਹਾ, 'ਇਹ ਪੱਕਾ ਹੈ ਕਿ ਜੇ ਮਰਦ ਮਾਸਕ ਧਰਮ ਦੇ ਚੱਕਰ ਵਿਚੋਂ ਲੰਘ ਰਹੀਆਂ ਔਰਤਾਂ ਦੇ ਹੱਥ ਦਾ ਬਣਿਆ ਖਾਣਾ ਖਾਂਦੇ ਹਨ ਤਾਂ ਅਗਲੇ ਜਨਮ ਵਿਚ ਬਲਦ ਬਣਨਗੇ।' ਸਵਾਮੀ ਨੇ ਕਿਹਾ, 'ਜੇ ਤੁਹਾਨੂੰ ਮੇਰੇ ਵਿਚਾਰ ਪਸੰਦ ਨਹੀਂ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਇਹ ਸੱਭ ਕੁੱਝ ਸਾਡੇ ਸ਼ਾਸਤਰਾਂ ਵਿਚ ਲਿਖਿਆ ਹੈ।'
ਵੀਡੀਉ ਵਿਚ ਉਹ ਇਹ ਕਹਿੰਦੇ ਸੁਣਾਈ ਦਿੰਦੇ ਹਨ, 'ਔਰਤਾਂ ਨੂੰ ਪਤਾ ਨਹੀਂ ਹੁੰਦਾ ਕਿ ਮਾਸਕ ਧਰਮ ਦਾ ਸਮਾਂ ਤਪੱਸਿਆ ਕਰਨ ਜਿਹਾ ਹੁੰਦਾ ਹੈ ਹਾਲਾਂਕਿ ਮੈਂ ਇਹ ਸਾਰੀਆਂ ਚੀਜ਼ਾਂ ਦਸਣਾ ਨਹੀਂ ਚਾਹੁੰਦਾ ਪਰ ਮੈਂ ਤੁਹਾਨੂੰ ਚੌਕਸ ਕਰਨਾ ਚਾਹੁੰਦਾ ਹਾਂ। ਮਰਦਾਂ ਨੂੰ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਹੈ।' ਵੀਡੀਉ ਕਲਿਪ ਦੇ ਸਮੇਂ ਅਤੇ ਥਾਂ ਦਾ ਪਤਾ ਨਹੀਂ ਲੱਗਾ ਪਰ ਇਹ ਵੀਡੀਉ ਮੰਦਰ ਦੇ ਯੂਟਿਊਬ ਚੈਨਲ 'ਤੇ ਉਪਲਭਧ ਹੈ।

ਇਹ ਖਬਰ ਤੁਸੀਂ ਪੜ੍ਹ ਲਈ ਹੈ। ਹੁਣ ਮੇਰਾ ਸਵਾਲ ਜਿੱਥੇ ਸਾਰੇ ਸਾਧਾਂ ਨੂੰ ਹੈ ਉਥੇ ਤੁਹਾਨੂੰ ਵੀ ਸਾਰਿਆਂ ਨੂੰ ਹੈ। ਕੀ ਦੁਨੀਆ ਦਾ ਕੋਈ ਵੀ ਸਾਧ ਇਹ ਦੱਸ ਸਕਦਾ ਹੈ ਕਿ ਉਸ ਦਾ ਜਨਮ ਕਿਸੇ ਇਸਤ੍ਰੀ ਦੇ ਪੇਟੋਂ ਨਹੀਂ ਹੋਇਆ? ਜੇ ਕਰ ਕੋਈ ਵੀ ਪਾਠਕ/ਲੇਖਕ ਇਹ ਦੱਸ ਸਕਦਾ ਹੋਵੇ ਕਿ ਜਿਸ ਸਾਧ/ਸੰਤ ਕਥਿਤ ਮਹਾਂਪੁਰਸ਼ ਨੂੰ ਅਸੀਂ ਮੰਨਦੇ ਹਾਂ ਭਾਵ ਕਿ ਕੋਈ ਵੀ ਪਾਠਕ/ਲੇਖਕ ਮੰਨਦਾ ਹੋਵੇ ਕਿ ਸਾਡੇ ਸਾਧ ਜੀ ਕਿਸੇ ਇਸਤ੍ਰੀ ਦੇ ਪੇਟੋਂ ਨਹੀਂ ਜੰਮੇ, ਉਹ ਤਾਂ ਇਸੇ ਤਰ੍ਹਾਂ ਬਣੇ-ਬਣਾਏ ਸੱਚ ਖੰਡ ਵਿਚੋਂ ਜਾਂ ਹੋਰ ਕਿਸੇ ਗ੍ਰਹਿ ਤੋਂ ਆਏ ਹਨ, ਤਾਂ ਮੈਂ ਉਸ ਵਿਆਕਤੀ ਦਾ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗਾ ਅਤੇ ਇਸ ਲੇਖ ਨੂੰ ਇੱਥੋਂ ਹਟਾ ਕੇ ਇਸ ਦੇ ਲਿਖਣ ਦੀ ਮੁਆਫੀ ਵੀ ਮੰਗਾਂਗਾ।
ਇਸ ਖਬਰ ਵਿੱਚ ਜਿਹੜੀ ਗੱਲ ਇਹ ਭਗਵੇਂ ਕੱਪੜਿਆਂ ਵਾਲਾ ਕਰ ਰਿਹਾ ਹੈ ਜਾਂ ਕਹਿ ਰਿਹਾ ਹੈ ਇਸੇ ਤਰ੍ਹਾਂ ਦੀਆਂ ਰਲਦੀਆਂ ਮਿਲਦੀਆਂ ਗੱਲਾਂ ਚਿੱਟ ਕੱਪੜੀਏ ਸਾਧ ਵੀ ਕਰਦੇ ਹਨ। ਕਈਆਂ ਨੇ ਚਿੱਟੀਆਂ ਗੋਲ ਪੱਗਾਂ ਵੀ ਬੰਨੀਆਂ ਹੁੰਦੀਆਂ ਹਨ ਅਤੇ ਲੱਤਾਂ ਵੀ ਨੰਗੀਆਂ ਰੱਖੀਆਂ ਹੁੰਦੀਆਂ ਹਨ। ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਇੱਕ ਚਿੱਟ ਕੱਪੜੀਆ ਬਗਲਾ ਵੈਨਕੂਵਰ ਦੇ ਇਲਾਕੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਗਿਆ ਸੀ ਕਿ ਮਹਾਂਵਰੀ ਦੇ ਦੌਰਾਂਨ ਬੀਬੀਆਂ ਅਪਵਿੱਤਰ ਹੋ ਜਾਂਦੀਆਂ ਹਨ। ਉਸ ਵੇਲੇ ਕਈ ਸਮਝਦਾਰ ਬੀਬੀਆਂ ਨੇ ਇਸ ਬਗਲੇ ਦੀ ਥੋੜੀ ਜਿਹੀ ਖੁੰਬ ਵੀ ਠੱਪਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਮੈਂ ਉਪਰ ਲਿਖੇ ਇਸ ਲੇਖ ਦੇ ਹੈਡਿੰਗ ਨੂੰ ਦੁਹਰਾ ਰਿਹਾ ਹਾਂ। ਓਏ ਸਾਧੋ! ਤੁਹਾਡੀ ਮਾਂ ਨੂੰ ਮਹਾਂਵਰੀ ਆਉਣ ਕਰਕੇ ਹੀ ਤੁਸੀਂ ਜੰਮੇ ਸੀ ਨਹੀਂ ਤਾਂ ਤੁਸੀਂ ਵੀ ਨਹੀਂ ਸੀ ਜੰਮ ਸਕਦੇ? ਜੇ ਕਰ ਹਿੰਮਤ ਹੈ ਤਾਂ ਇਸ ਨੂੰ ਗਲਤ ਸਾਬਤ ਕਰੋ ਕਿ ਤੁਸੀਂ ਆਪਣੀ ਮਾਂ ਦੀ ਮਹਾਂਵਾਰੀ ਆਉਣ ਤੋਂ ਬਿਨਾ ਹੀ ਜੰਮ ਪਏ ਸੀ? ਜੇ ਕਰ ਉਹ ਪਵਿੱਤਰ ਨਹੀਂ ਸੀ ਤਾਂ ਤੁਸੀਂ ਕਿਵੇਂ ਸੁੱਚੇ ਅਤੇ ਪਵਿੱਤਰ ਬਣ ਗਏ?
ਇਸ ਸੰਸਾਰ ਤੇ ਜਦੋਂ ਨਵਾ ਜੀਵ ਜਨਮ ਲੈਂਦਾ ਹੈ ਭਾਵ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਮਾਂ ਦੀਆਂ ਛਾਤੀਆਂ ਦਾ ਦੁੱਧ ਹੀ ਪਿਲਾਇਆ ਜਾਂਦਾ ਹੈ। ਜਿਹੜੀਆਂ ਮਾਵਾਂ ਨੌਕਰੀ ਨਹੀਂ ਕਰਦੀਆਂ ਉਹ ਕਈ-ਕਈ ਮਹੀਨੇ ਆਪਣੇ ਬੱਚੇ ਨੂੰ ਆਪਣਾ ਹੀ ਦੁੱਧ ਪਿਲਾਂਦੀਆਂ ਹਨ। ਇਨ੍ਹਾਂ ਸਾਧਾਂ ਦੀਆਂ ਮਾਵਾਂ ਨੇ ਵੀ ਇਨ੍ਹਾਂ ਨੂੰ ਆਪਣੀ ਗੋਦ ਵਿੱਚ ਬਿਠਾਲ ਕੇ ਆਪਣਾ ਦੁੱਧ ਪਿਲਾਇਆ ਹੋਵੇਗਾ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਈ ਵਾਰੀ ਉਹ ਮਾਸਕ ਧਰਮ ਵਿਚੋਂ ਵੀ ਲੰਘ ਰਹੀਆਂ ਹੋਣਗੀਆਂ ਜਦੋਂ ਉਨ੍ਹਾਂ ਨੇ ਇਨਾਂ ਸਾਧਾਂ ਨੂੰ ਆਪਣੀ ਗੋਦੀ ਵਿੱਚ ਬਿਠਾਲ ਕੇ ਦੁੱਧ ਪਿਆਇਆ ਹੋਵੇਗਾ। ਇਸ ਸੰਸਾਰ ਤੇ ਜਿਤਨੇ ਵੀ ਲੋਕ ਰਹਿੰਦੇ ਹਨ, ਇਸ ਲੇਖ ਨੂੰ ਪੜ੍ਹਨ ਵਾਲੇ ਤੁਸੀਂ ਸਾਰੇ ਵੀ ਉਨ੍ਹਾਂ ਵਿੱਚ ਹੀ ਆਉਂਦੇ ਹੋ ਜਿਨ੍ਹਾਂ ਸਾਰਿਆਂ ਨੇ ਹੀ ਕਦੀ ਨਾ ਕਦੀ ਆਪਣੀ ਮਾਂ, ਭੈਣ, ਧੀ ਅਤੇ ਘਰਵਾਲੀ ਦੇ ਹੱਥੋਂ ਬਣਿਆਂ ਖਾਣਾਂ ਜਰੂਰ ਖਾਧਾ ਹੋਵੇਗਾ ਜਦੋਂ ਉਹ ਆਪਣੇ ਮਾਸਕ ਧਰਮ ਵਿਚੋਂ ਲੰਘ ਰਹੀਆਂ ਹੋਣਗੀਆਂ। ਜੇ ਕਰ ਇਨ੍ਹਾਂ ਸਾਧਾਂ ਦੀ ਗੱਲ ਮੰਨੀਏ ਫਿਰ ਤਾਂ ਤੁਹਾਨੂੰ ਵੀ ਅਤੇ ਸਾਰੀ ਦੁਨੀਆ ਨੂੰ ਹੀ ਪਸ਼ੂ (ਬਲਦ) ਅਤੇ ਜਾਨਵਰ (ਕੁੱਤੀਆਂ) ਦਾ ਜਨਮ ਧਾਰਨਾ ਪਵੇਗਾ। ਕੀ ਇਸ ਤਰ੍ਹਾਂ ਦੇ ਸਾਧ ਲੋਕਾਂ ਨੂੰ ਕੋਈ ਸਿੱਖਿਆ ਦੇਣ ਦੇ ਲਾਇਕ ਹਨ ਜਿਹੜੇ ਖੁਦ ਪਸ਼ੂ ਬਿਰਤੀ ਵਾਲੇ ਹੋਣ। ਅਜਿਹੇ ਲੋਕ ਤਾਂ ਕਿਸੇ ਪਾਗਲਖਾਨੇ ਵਿੱਚ ਕੈਦ ਹੋਣੇ ਚਾਹੀਦੇ ਹਨ ਜਿਹੜੇ ਦੂਸਰਿਆਂ ਨੂੰ ਸਿੱਖਿਆ ਦੇਣ ਲੱਗ ਜਾਂਦੇ ਹਨ।
ਸਾਧੋ ਅਤੇ ਸਾਧਾਂ ਦੇ ਚੇਲਿਓ ਤੁਹਾਡੇ ਪਖੰਡ ਪਖੰਡੀਆਂ ਤੇ ਹੀ ਚੱਲਦੇ ਹਨ ਥੋੜਾ ਜਿਹਾ ਗਿਆਨ ਰੱਖਣ ਵਾਲੇ ਤੇ ਨਹੀਂ ਚੱਲ ਸਕਦੇ। ਇਹ ਸਾਰਾ ਸਾਧ ਲਾਣਾ ਭਾਵੇਂ ਭਗਵੇਂ ਕੱਪੜਿਆਂ ਵਾਲਾ ਹੋਵੇ ਤਾ ਭਾਵੇਂ ਹੋਵੇ ਚਿੱਟ ਕੱਪੜੀਆ, ਇਹ ਸਾਰੇ ਰਲ ਕੇ ਸੁੱਚ-ਭਿੱਟ ਨੂੰ ਹੀ ਧਰਮ ਬਣਾ ਕੇ ਪੇਸ਼ ਕਰ ਰਹੇ ਹਨ, ਜੋ ਕਿ ਸਰਾਸਰ ਧਰਮ ਤੋਂ ਉਲਟ ਹੈ। ਸਫਾਈ ਰੱਖਣੀ ਹਰ ਇੱਕ ਦਾ ਫਰਜ਼ ਹੈ ਅਤੇ ਸੁੱਚ-ਭਿੱਟ ਮੰਨਣੀ ਪਖੰਡੀਆਂ ਦਾ ਧਰਮ ਹੈ। ਇਹ ਲੋਕ ਧਾਰਮਿਕ ਮਨੌਤਾਂ ਦਾ ਅਤੇ ਗ੍ਰੰਥਾਂ ਦਾ ਸਹਾਰਾ ਲੈ ਕੇ ਲੋਕਾਈ ਨੂੰ ਗੁਮਰਾਹ ਕਰਦੇ ਹਨ। ਫਿਰ ਅਗਲੇ ਪਿਛਲੇ ਜਨਮਾ ਨਾਲ ਜੋੜ ਕੇ ਹੋਰ ਵੀ ਡਰਾ ਦਿੰਦੇ ਹਨ। ਆਓ ਸਾਰੇ ਰਲ ਕੇ ਇਨ੍ਹਾਂ ਪਖੰਡੀਆਂ ਦੇ ਪਖੰਡ ਤੋਂ ਬਾਹਰ ਨਿੱਕਲੀਏ।
ਮੱਖਣ ਸਿੰਘ ਪੁਰੇਵਾਲ,
ਫਰਵਰੀ 23, 2020.




.