.

"ਨਦਰੀ ਮੋਖੁ ਦੁਆਰੁ"

ਗਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਦੇ ਲੰਮੀ ਨਦਰਿ ਨਿਹਾਲੀਐ" -ਗੁਰਦੇਵ ਸੇਧ ਦਿੰਦੇ ਹਨ "ਹੁਕਮੁ ਮੰਨੇ ਸੋ ਜਨੁ ਪਰਵਾਣੁ॥ ਗੁਰ ਕੈ ਸਬਦਿ ਨਾਮਿ ਨੀਸਾਣੁ" (ਪੰ: ੧੧੭੫) ਨਹੀਂ ਤਾਂ "ਮਨਮੁਖ ਅੰਧੇ ਠਉਰ ਨ ਪਾਈ॥ ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ" (ਉਹੀ) ਇਸ ਲਈ ਜ਼ਰੂਰੀ ਹੈ ਕਿ ਪ੍ਰਭੂ ਦੀ ਬਖਸ਼ਿਸ਼ ਨਾਲ ਇਹ ਮਨੁੱਖਾ ਜਨਮ ਮਿਲਣ ਤੋਂ ਬਾਅਦ "ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ" (ਪੰ: ੭੬੩) ਇਸੇ ਦਾ ਨਤੀਜਾ ਹੋਵੇਗਾ "ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ" (ਉਹੀ)। ਇਸੇ ਲਈ ਗੁਰਬਾਣੀ ਦਾ ਆਦੇਸ਼ ਹੈ "ਦੇ ਲੰਮੀ ਨਦਰਿ ਨਿਹਾਲੀਐ" (ਪੰ: ੪੭੨) ਐ ਭਾਈ! ਅਮੁਲੇ ਸੁਆਸਾਂ ਨੂੰ ਜ਼ਾਇਆ ਨਾ ਕਰ ਤੇ ਜਾਗ ਕੇ ਚਲ ਤਾ ਕਿ ਤੇਰਾ ਜਨਮ ਅਜ਼ਾਈਂ ਨਾ ਜਾਵੇ। ਇਥੇ ਪਹਿਲਾਂ ਤੋਂ ਬਣੇ ਪਿਛਲੇ ਜਨਮਾਂ-ਕਰਮਾਂ-ਸੰਸਕਾਰਾਂ ਦੀ ਗੱਲ ਨਹੀਂ ਹੋ ਰਹੀ, ਨਹੀਂ ਤਾਂ "ਦੇ ਲੰਮੀ ਨਦਰਿ ਨਿਹਾਲੀਐ" (ਪੰ: ੪੭੨) ਦਾ ਮਤਲਬ ਹੀ ਮੁੱਕ ਜਾਂਦਾ। ਦੇਖਣਾ ਹੈ ਕਿ ਮਨੁੱਖ ਉਹੀ ਹੈ, ਇੱਕ ਪਾਸੇ ਗੁਰੂ-ਗੁਰਬਾਣੀ ਦੀ ਅਗਿਆ `ਚ ਚਲ ਕੇ ਪ੍ਰਭੂ ਦਰ `ਤੇ "ਜਨੁ ਪਰਵਾਣੁ", ਗੁਰਮੁਖ’, ‘ਵਡਭਾਗੀਹੋ ਜਾਂਦਾ ਹੈ। ਦੂਜੇ ਪਾਸੇ ਉਹੀ ਮਨੁੱਖ ਮਨਮਤੀਆ ਰਹਿ ਕੇ "ਬਿਸਟਾ ਕਾ ਕੀੜਾ, ਬਿਸਟਾ ਮਾਹਿ ਸਮਾਈ", ਵਿਕਾਰਾਂ ਮੋਹ ਮਾਇਆ ਦੀ ਗੰਦਗੀ `ਚ ਡੁਬਿਆ ‘ਮਨਮੁਖ’ - ‘ਭਾਗਹੀਣ’ - ‘ਕਰਮਹੀਣ’ ਬਣ ਗਿਆ।

ਦੋਨਾਂ ਨੇ ਆਪਣੇ ਆਪਣੇ ਜੀਵਨ ਤਾਂ ਜੀਅ ਲਏ, ਪਰ ਇੱਕ ਨੇ ‘ਗੁਰਮੁਖ’ ਵਾਲਾ ਤੇ ਦੂਜੇ ਨੇ ‘ਮਨਮੁਖ’ ਵਾਲਾ। ਇੱਕ ‘ਵਡਭਾਗੀ’ ਹੋ ਗਿਆ, ਜਿਸਨੇ ਗੁਰੂ ਦੀ ‘ਨਦਰਿ ਕਰਮ’ - ‘ਬਖਸ਼ਿਸ਼’ ਨੂੰ ਪ੍ਰਾਪਤ ਕਰ ਲਿਆ ਜਦਕਿ ਦੂਜਾ ‘ਭਾਗਹੀਣ’ ਰਿਹਾ। ਇਸੇ ਪ੍ਰਾਪਤ ਹੋਣ ਵਾਲੀ ਅਵਸਥਾ ਲਈ ਗੁਰਬਾਣੀ `ਚ ਸ਼ਬਦਾਵਲੀ ਭਾਗਠ, ਮਸਤਕਿ ਭਾਗ ਸਭਾਗੇ, ਭਾਗ ਮਥੋਰੀ, ਵਡਭਾਗੀ’ ਅਦਿ ਤੇ ਇਸਦੇ ਉਲਟ ‘ਭਾਗਹੀਣ’, ‘ਕਰਮਹੀਣ’ ਆਦਿ ਆਏ ਹਨ। ਮਤਲਬ, ਗੁਰਬਾਣੀ ਦੀ ਇਸ ਸ਼ਬਦਾਵਲੀ ਨਾਲ ਮਨੁੱਖ ਦੇ ਪਿਛਲੇ ਜਨਮਾਂ-ਕਰਮਾਂ-ਸੰਸਕਾਰਾਂ ਦਾ ਕੋਈ ਸੰਬੰਧ ਨਹੀਂ। ਇਸੇ ‘ਵਡਭਾਗੀ’ ਵਾਲੇ ਮਕਸਦ ਦੀ ਪ੍ਰਾਪਤੀ ਲਈ ਤਾਂ ਪ੍ਰਭੂ ਨੇ ਸਾਨੂੰ ਮਨੁੱਖ ਦਾ ਜਨਮ ਬਖਸ਼ਿਆ ਹੈ ਅਤੇ ਇਸ ਜਨਮ `ਚ "ਨਦਰੀ ਮੋਖੁ ਦੁਆਰੁ" ਭਾਵ ਕਰਤਾਰ ਦੀ ਬਖਸ਼ਿਸ਼ ਨੂੰ ਹਾਸਲ ਕਰਣਾ ਹੈ। ਇਹੀ ਹੈ ਮਕਸਦ ਮਨੁੱਖਾ ਜਨਮ ਦਾ ਅਤੇ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ‘ਮਨ’ ਵੀ ਮਿਲਿਆ ਹੈ ਜਿਹੜਾ ਕਿ ਹੋਰ ਕਿਸੇ ਜੂਨੀ `ਚ ਨਹੀਂ ਮਿਲਿਆ।

"ਨਦਰੀ ਮੋਖੁ ਦੁਆਰੁ" - (ਬਾਣੀ ਜਪੁ) ਸੁਆਲ ਹੈ "ਨਦਰੀ ਮੋਖੁ ਦੁਆਰੁ" ਜਾਂ ‘ਵਡਭਾਗੀ’ ਵਾਲੀ ਗੱਲ ਬਣੇ ਕਿਵੇਂ? ਫ਼ੈਸਲਾ ਹੈ "ਗੁਰਮੁਖਿ ਵਡਭਾਗੀ ਵਡਭਾਗੇ, ਜਿਨ ਹਰਿ ਹਰਿ ਨਾਮੁ ਅਧਾਰੇ॥ ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ, ਗੁਰਮਤਿ ਭਗਤਿ ਭੰਡਾਰੇ" (ਪੰ: ੪੯੩) ਭਾਵ ਵਡਭਾਗੀ ਤਾਂ ਅਸਾਂ ਬਨਣਾ ਹੈ ਅਤੇ ਉਸਦਾ ਰਸ ਵੀ ਮਨਣਾ ਹੈ ਪਰ ਕਿਵੇਂ? ਗੁਰਦੇਵ ਇਸ ਨੂੰ, ਇਸ ਤਰ੍ਹਾਂ ਸਰਲ ਕਰ ਕੇ ਸਮਝਾ ਰਹੇ ਹਨ ਕਿ ਗੁਰੂ-ਗੁਰਬਾਣੀ ਦੀ ਆਗਿਆ-ਸਿਖਿਆ `ਤੇ ਚਲਣ ਵਾਲਾ ਮਨੁੱਖ ਹੀ ‘ਗੁਰਮੁਖ’ ਅਥਵਾ ਪ੍ਰਭੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ‘ਵਡਭਾਗੀ’ ਹੋ ਜਾਂਦਾ ਹੈ। ਕਿਉਂਕਿ ਅਜੇਹਾ ਜੀਊੜਾ ਹਰ ਸਮੇਂ ਹਰੀ ਰਸ ਵਾਲੇ, ਸਦਾ ਥਿਰ ਨਾਮ (ਸਿਫ਼ਤ ਸਲਾਹ) ਨਾਲ ਹੀ ਜੁੜਿਆ ਹੁੰਦਾ ਹੈ।

"ਦੁਰਮਤਿ ਭਾਗਹੀਨ ਮਤਿ ਫੀਕੇ" - (ਪੰ: ੪੯੩) ਗੁਰਦੇਵ ਦੀ ਬਖਸ਼ੀ ਇਸ ਮਿਸਾਲ ਤੋਂ ਇਹ ਤਾਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਅਨੁਸਾਰ ‘ਵਡਭਾਗੀ’ ਦੀ ਅਵਸਥਾ ਨੂੰ ਕੌਣ ਪ੍ਰਾਪਤ ਕਰਦੇ ਹਅਤੇ ‘ਅਭਾਗੇ’ ਕੌਣ ਹਨ? ਗੁਰਦੇਵ ਇਥੋਂ ਤੀਕ ਸਾਫ਼ ਕਰਦੇ ਹਨ, ਬਾਹਰੋਂ ਭਾਵੇਂ ਕੋਈ ਕਿੰਨਾ ਵੀ ‘ਗੁਰਮੁਖ’ ਬਣਦਾ ਹੋਵੇ, ਜਿੰਨੇ ਚਾਹੇ ਪਾਠ ਕਰੇ, ਸੰਗਤ `ਚ ਹਾਜ਼ਰੀਆਂ ਭਰੇ ਜਾਂ ਕੁੱਝ ਵੀ-ਜੇ ਕਰ ਸੁਭਾਅ ਕਰਕੇ "ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥ ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ" (ਪੰ: ੪੭੪) ਆਪਣੀ ਹਰੇਕ ਕਰਣੀ ਤੇ ਪ੍ਰਭੂ ਦੀ ਦੇਣ ਲਈ ਇਹੀ ਹਿਸਾਬ ਲਾਉਂਦਾ ਹੈ ‘ਕਿ ਪ੍ਰਭੂ ਨੇ ਕੀ ਠੀਕ ਕੀਤਾ ਹੈ ਤੇ ਕੀ ਗ਼ਲਤ’ ਜਾਂ ‘ਪ੍ਰਭੂ ਨੂੰ ਇਹ ਨਹੀਂ ਸੀ ਕਰਣਾ ਚਾਹੀਦਾ, ਉਹ ਨਹੀਂ ਸੀ ਕਰਣਾ ਚਾਹੀਦਾ’ ਆਦਿ। ਗੁਰਦੇਵ ਫ਼ੁਰਮਾਉਂਦੇ ਹਨ, ਅਜਿਹਾ ਮਨੁੱਖ ਵੀ ਆਪਣਾ ਜਨਮ ਗੁਆ ਕੇ ‘ਅਭਾਗਾ’ ਹੀ ਜਾਂਦਾ ਹੈ।

ਫ਼ੁਰਮਾਨ ਹੈ "ਤਿਨ ਕੇ ਭਾਗ ਖੀਨ ਧੁਰਿ ਪਾਏ, ਜਿਨ ਸਤਿਗੁਰ ਦਰਸੁ ਨ ਪਾਇਬਾ" (ਪੰ: ੬੯੭) ਭਾਵ ਜ਼ਾਹਿਰਾ ਧਰਮੀ ਹੁੰਦੇ ਹੋਏ ਵੀ ਬਹੁਤੇ, ਜੀਵਨਭਰ ਗੁਰੂ-ਅਕਾਲਪੁਰਖ ਨੂੰ ਨਹੀਂ ਪਾ ਸਕਦੇ। ਅਜਿਹੇ ਜੀਵਨ ਲਈ ਹੀ ਗੁਰਦੇਵ ਨੇ ਗੁਰਬਾਣੀ `ਚ ‘ਅਭਾਗਾ’, ਭਾਗ ਖੀਨ’ ‘ਦੁਰਮਤਿ ਭਾਗਹੀਨ ਮਤਿ ਫੀਕੇ‘ਕਰਮਹੀਣ’ ਆਦਿ ਸ਼ਬਦਾਵਲੀ ਵਰਤੀ ਹੈ। ਫ਼ੁਰਮਾਨ ਹੈ, "ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ" (ਪੰ: ੪੭੪) ਮੱਥੇ ਟੇਕਦਾ ਹੈ ਅਤੇ ਆਪਣੇ ਆਪ ਨੂੰ ਪ੍ਰਭੂ ਤੋਂ ਵੱਧ ਸਿਆਣਾ ਵੀ ਮੰਣਦਾ ਹੈ, ਅਜਿਹਾ ਮਨੁੱਖ ਮਾਨੋਂ ਮੂਲੋਂ ਹੀ ਉਖੜਿਆ ਹੈ। ਕਿਉਂਕਿ ਪ੍ਰਭੂ ਦਰ `ਤੇ ਤਾਂ "ਵਡੀ ਵਡਿਆਈ ਜਾ ਸਚੁ ਨਿਆਉ …… ਵਡੀ ਵਡਿਆਈ ਬੁਝੈ ਸਭਿ ਭਾਉ" (ਪੰ: ੪੬੩) ਅਥਵਾ "ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ॥ ਬੀਜੇ ਬਿਖੁ ਮੰਗੈ ਅੰਮ੍ਰਿਤੁ, ਵੇਖਹੁ ਏਹੁ ਨਿਆਉ" (ਪੰ: ੪੭੪) ਭਾਵ ਦੁਚਿਤੀ ਜਾਂ ਅੰਦਰੋ ਹੋਰ, ਬਾਹਰੋਂ ਹੋਰ, ਦੋਹਰੀ ਰਹਿਣੀ ਵਾਲਾ ਮਨੁੱਖ ਜੀਵਨ ਭਰ ‘ਅਭਾਗਾ’ ਹੀ ਰਹਿ ਜਾਂਦਾ ਹੈ।

ਕਿਉਂਕਿ ਗੁਰਸਿੱਖ ਦਾ ਜੀਵਨ ਤਾਂ ਹੈ ਹੀ "ਉਲਾਹਨੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀਓ" (ਪੰ: ੯੭੮) ਭਾਵ ਗੁਰਬਾਣੀ ਅਨੁਸਾਰ ‘ਵਡਭਾਗੀ’ ਅਥਵਾ ‘ਕਰਮਿ ਬਖਸ਼ਿਸ਼’ ਜਾਂ ‘ਨਦਰਿ ਕਰਮ’ ਵਾਲੀ ਅਵਸਥਾ ਪ੍ਰਾਪਤ ਕਰਣ ਲਈ ‘ਗੁਰਮੁਖ’ ਵਾਲੀ ਪਉੜੀ ਚੜ੍ਹਣੀ ਹੁੰਦੀ ਹੈ। ਉਸ ਪਉੜੀ ਤੇ ਪੁੱਜ ਕੇ ਮਨੁੱਖ ਦੇ ਜੀਵਨ `ਚ ਪ੍ਰਭੂ ਦੀ ਕਰਣੀ ਲਈ ਉਲਾਹਣੇ, ਕਿਉਂ-ਕਿੰਤੂ ਮੁੱਕ ਜਾਂਦਾ ਹੈ। ਮਨੁੱਖ ਦੇ ਜੀਵਨ ਅੰਦਰੋਂ ਆਸਾ-ਮਨਸਾ-ਅੰਦੇਸੇ, ਮੰਗਾਂ-ਤ੍ਰਿਸ਼ਨਾ-ਨਿਰਾਸ਼ਾ-ਚਿੰਤਾ ਮੁੱਕ ਜਾਂਦੇ ਹਨ। ਜੀਵਨ ਟਿਕਾਅ `ਚ ਆ ਜਾਂਦਾ ਹੈ। ਇਸੇ ਮਕਸਦ ਦੀ ਪ੍ਰਾਪਤੀ ਲਈ ਤਾਂ ਮਨੁੱਖਾ ਜਨਮ ਮਿਲਿਆ ਹੁੰਦਾ ਹੈ।

"ਜਿਨਾ ਸਤਿਗੁਰੁ ਪੁਰਖੁ ਨ ਭੇਟਿਓ" - ਗੁਰਬਾਣੀ ਅਨੁਸਾਰ ‘ਭਾਗ’ - ‘ਵਡਭਾਗੀ’ ਵਾਲੀ ਅਵਸਥਾ ਪ੍ਰਾਪਤ ਕਰਣ ਲਈ ਹੀ ਪ੍ਰਭੂ ਵਲੋਂ ਮਨੁੱਖਾ ਜਨਮ ਮਿਲਿਆ ਹੈ। ਜੇਕਰ ਸਾਧ ਸੰਗਤ `ਚ ਆ ਕੇ ‘ਗੁਰੂ-ਗੁਰਬਾਣੀ’ ਦੀ ਕਮਾਈ ਕਰ ਕੇ ਹਉਮੈ ਆਦਿ ਵਿਕਾਰਾਂ ਨੂੰ ਤਿਆਗ, ਜੀਵਨ ਸਫ਼ਲ ਕਰ ਲਿਆ ਤਾਂ ਠੀਕ, ਨਹੀਂ ਤਾਂ "ਜਿਨਾ ਸਤਿਗੁਰੁ ਪੁਰਖੁ ਨ ਭੇਟਿਓ, ਸੇ ਭਾਗਹੀੇਣ ਵਸਿ ਕਾਲ" (ਪੰ: ੪੦) ਮਨੁੱਖ ਨੂੰ ਮੁੜ, ਜਨਮ-ਮਰਣ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ, ਮਨੁੱਖਾ ਜਨਮ ਲੈ ਕੇ ਵੀ ਮਨੁੱਖ ‘ਭਾਗਹੀਣ’ ਹੀ ਰਹਿ ਜੰਦਾ ਹੈ।

"ਭਾਗ ਸੰਤਨ ਸੰਗਾਨੇ. ." (ਪੰ: ੩੩੫) ਗੁਰਬਾਣੀ ਵਿਚਲੀ ‘ਭਾਗ’ ਵਾਲੀ ਅਵਸਥਾ ਤਾਂ ਕੇਵਲ ਸਾਧ ਸੰਗਤ `ਚ ਪੁੱਜ ਕੇ, ਗੁਰਬਾਣੀ ਦੀ ਕਮਾਈ ਨਾਲ ਹੀ ਪ੍ਰਾਪਤ ਹੋਣੀ ਹੈ। ਇਥੇ ਤਾਂ "ਸੇ ਵਡਭਾਗੀ ਵਡ ਜਾਣੀਅਹਿ, ਜਿਨ ਹਰਿ ਰਸੁ ਖਾਧਾ, ਗੁਰ ਭਾਇ" (ਪੰ: ੪੧) ਇਸ ਲਈ ਗੁਰਮੱਤ ਅਨੁਸਾਰ ਜਦੋਂ ਗੁਰਬਾਣੀ `ਚ ਲਫ਼ਜ਼ ‘ਭਾਗ, ਵਡਭਾਗੀ, ਭਾਗਹੀਣ, ਅਭਾਗਾ’ ਆਦਿ ਆਉਂਦੇ ਹਨ ਤਾਂ ਉਨ੍ਹਾਂ ਦੇ ਅਰਥ ਅਨਮਤੀ ਬ੍ਰਾਹਮਣੀ ਕਿਸਮਤ ਜਾਂ ਪ੍ਰਚਲਤ ਭਾਗ ਵਾਲੇ ਨਹੀਂ, ਨਿਵੇਕਲੇ ਹਨ। ਗੁਰਬਾਣੀ ਵਿੱਚਲੇ ‘ਭਾਗ’ ਜਾਂ ‘ਵਡਭਾਗੀ’ ਆਦਿ ਲਫ਼ਜ਼ਾਂ ਦੇ ਸਹੀ ਅਰਥ ਗੁਰਬਾਣੀ ਦਾਇਰੇ ਤੋਂ ਬਾਹਰ ਜਾ ਕੇ ਤਾਂ ਸਮਝ `ਚ ਆਉਣਗੇ ਹੀ ਨਹੀਂ। ਤਾਂ ਤੇ ਜੇਕਰ ਅਸਾਂ ਇਨ੍ਹਾਂ ਦੇ ਗੁਰਮੱਤ ਅਰਥਾਂ ਨੂੰ ਸਮਝਣਾ ਹੈ ਤਾਂ ਜ਼ਰੂਰੀ ਹੈ ਕਿ ਪਹਿਲਾਂ ਆਪਣੇ ਦਿਮਾਗ਼ ਵਿਚੋਂ ਅਨਮਤੀ ਬ੍ਰਾਹਮਣੀ ਕਿਸਮਤ-ਭਾਗ-ਪ੍ਰਾਲਬੱਧ ਦੇ ਨਾਲ ਨਾਲ ਇਸ ਸੰਬੰਧ `ਚ ਵਰਤੇ ਜਾ ਰਹੇ ਦੂਜੇ ਹੋਰ ਅਨੇਕਾ ਅਨਮਤੀ ਲਫ਼ਜ਼ ਬਖ਼ਤ-ਨਸੀਬ, ਅੰਗ੍ਰੇਜ਼ੀ ਲਫ਼ਜ਼ ‘ਫੇਟ’ (fate) ਆਦਿ ਨੂੰ ਵੀ ਭੁਲਾਅ ਕੇ, ਤਾਂ ਸਮਝੀਏ।

"ਅਬ ਤਉ ਜਾਇ ਚਢੇ ਸਿੰਘਾਸਨਿ" -ਕਰਤਾਰ ਦੀ ‘ਨਦਰਿ ਕਰਮ’ ਅਥਵਾ ‘ਬਖਸ਼ਿਸ਼’ ਨੂੰ ਹਾਸਲ ਕਰਕੇ ‘ਵਗਭਾਗੀ’ ਕਿਵੇਂ ਬਨਣਾ ਹੈ। ਸੇਵਕ-ਮਾਲਿਕ ਦੀਆਂ ਮਿਸਾਲਾਂ ਦੇ ਕੇ, ਬੜੇ ਸੁਆਦਲੇ ਢੰਗ ਨਾਲ ਗੁਰਦੇਵ ਸਮਝਾਉਂਦੇ ਹਨ ਜਿਵੇਂ, "ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ॥ ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ" (ਪੰ: ੪੭੫)।

ਭਾਵ ਐ ਮਨੁੱਖ! ਗੁਰੂ-ਗੁਰਬਾਣੀ ਤੋਂ ਸਿਖਿਆ ਲੈ ਕੇ ਆਪਣੇ ਜੀਵਨ ਨੂੰ ਪ੍ਰਭੂ ਆਗਿਆ `ਚ ਇਸ ਤਰ੍ਹਾਂ ਢਾਲ ਕਿ ਪ੍ਰਭੂ ਦੀ ਰਜ਼ਾ `ਚ ਜੀਊਣਾ ਹੀ ਤੇਰਾ ਜੀਵਨ ਬਣ ਜਾਵੇ। ਜਿਵੇਂ ਆਗਿਆਕਾਰੀ ਨੌਕਰ ਦੇ ਮਨ `ਚ ਆਪਣੇ ਮਾਲਿਕ ਦਾ ਡੱਰ ਨਹੀਂ ਹੁੰਦਾ। ਫ਼ਿਰ ਚਾਹੇ ਉਸਦਾ ਮਾਲਿਕ ਉਸ ਦੇ ਸਿਰ `ਤੇ ਖੜਾ ਹੋ ਕੇ ਜਿਤਨੇ ਚਾਹੇ ਲਗਾਦਾ ਹੋਵੇ। ਸਚਾਈ ਇਹ ਹੁੰਦੀ ਹੈ ਕਿ ਅਜਿਹੇ ਸੇਵਕ ਦੇ ਹਿਰਦੇ ਅਤੇ ਕਰਣੀ `ਚ ਆਪਣੇ ਮਾਲਿਕ ਵਾਸਤੇ ਸੁਭਾਵਕ ਹੀ ਇਤਨਾ ਵੱਧ ਸਤਿਕਾਰ (ਨਿਰਮਲ ਭੳੇ) ਦੂਜਿਆਂ ਤੋਂ ਕਈ ਗੁਣਾ ਵਧ ਹੁੰਦਾ ਹੈ।

ਨਤੀਜਾ ਹੁੰਦਾ ਹੈ, ਅਜਿਹਾ ਸੇਵਕ ਸਚਮੁਚ ਹੀ ਆਪਣੇ ਮਾਲਿਕ ਦੇ ਮਨ `ਚ ਅਣਜਾਣੇ ਹੀ ਆਪਣੀ ਬਹੁਤ ਉੱਚੀ ਜਗ੍ਹਾ ਹਾਸਿਲ ਕਰ ਚੁਕਾ ਹੁੰਦਾ ਹੈ। ਤਾਂ ਤੇ ਇਹੀ ਤਰੀਕਾ ਹੈ, ਗੁਰਬਾਣੀ ਆਗਿਆ `ਚ ਜੀਵਨ ਦੀ ਅਜਿਹੀ ਤਿਆਰੀ ਕਰ ਲਈ ਜਾਵੇ ਜਿਸ ਲਈ ਬਾਣੀ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ "ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ" (ਪੰ: ੯੬੯)। ਇਹ ਹੈ ਮਨੁੱਖਾ ਜਨਮ ਦੀ ਉਹ ਅਵਸਥਾ ਜਿਸਨੂੰ ਬਾਣੀ `ਚ ‘ਵਡਭਾਗੀ’ ਜਾਂ ‘ਸਫ਼ਲ’ ਅਵਸਥਾ ਕਿਹਾ ਹੈ।

‘ਜੋ ਸਾਡੀ ਕਿਸਮਤ `ਚ ਸੀ’, ਜੋ ਸਾਡੇ ਕਰਮਾਂ `ਚ ਸੀ, ਜੋ ਸਾਡੇ ਕਰਮ ਸਨ, ਜਿਹੜੇ ਸਾਡੈ ਬਖ਼ਤ ਸਨ ਆਦਿ. . - ਜੇ ਕਰ ਇਹੀ ਸੱਚ ਹੈ ਕਿ ਉਹੀ ਹੁੰਦਾ ਹੈ ਜੋ ਕਿਸੇ ਦੀ ਕਿਸਮਤ `ਚ ਸੀ, ਭਾਗਾਂ `ਚ ਸੀ, ਜੋ ਸਾਡੀ ਪ੍ਰਾਲਬਧ ਸੀ ਤਾਂ ਕੀ ਲੋੜ ਹੈ ਕਿਸੇ ਨੁੰ ਗੁਰਦੁਆਰੇ ਜਾਂ ਦੂਜੇ ਧਰਮ ਸਥਾਨਾਂ `ਤੇ ਜਾਣ ਦੀ: ਕਿਸੇ ਵੀ ਤਰਾਂ ਦੇ ਧਰਮ ਕਰਮ ਦੀ ਜਾਂ ਮਾੜੇ ਸੁਭਾਅ ਵਾਲੇ ਵਿਭਚਾਰੀ-ਸ਼ਰਾਬੀ ਲਈ ਮਿਹਣਤ ਕਰਣ ਦੀ ਤਾ ਕਿ ਉਹ ਵੀ ਇਸ ਲਈ ਚੰਗਾ ਇਨਸਾਨ ਬਣ ਜਾਵੇ, ਕਿਉਂਕਿ ਉਨ੍ਹਾਂ ਅਨਮੱਤੀ ਵਿਸ਼ਵਾਸਾਂ ਅਨੁਸਾਰ ਉਸਨੇ ਭੁਗਤਨਾ ਵੀ ਉਹੀ ਹੈ ਤੇ ਰਹਿਣਾ ਹੀ ਵਿਭਚਾਰੀ-ਸ਼ਰਾਬੀ ਆਦਿ ਹੀ ਹੈ।

ਜਦਕਿ ਇਹ ਗੁਰਮੱਤ ਦੀ ਵਿਚਾਰਧਾਰਾ ਨਹੀਂ ਅਤੇ ਨਾ ਗੁਰਬਾਣੀ ਕਿਸੇ ਅਜਿਹੀ ਕਿਸੇ ਵੀ ਪ੍ਰਾਲਬਧ, ਭਾਗ, ਭਾਗਾਂ, ਜਾਂ ਬਖ਼ਤ ਆਦਿ ਵਾਲੇ ਮੰਨਦੀ ਹੀ ਹੈ। , ਅਨਮਤੀ ਕਿਸਮਤ, ਬਖ਼ਤ ਆਦਿ’ ਨੂੰ ਉਕਾ ਤੇ ਮੰਨਦੀ ਹੀ ਹੈ। ਗੁਰਮੱਤ ‘ਕਿਸਮਤ’ ਭਾਗ, ਭਾਗਾਂ ਆਦਿ ਵਾਲੇ ਸਮੂਹ ਅਜਿਹੇ ਵਿਸ਼ਵਾਸਾਂ ਨੂੰ ਗੁਰਬਾਣੀ ਪੂਰੀ ਤਰ੍ਹਾਂ ਨਕਾਰਦੀ ਹੈ। ਅਸਲ `ਚ ਇਸ ‘ਕਿਸਮਤ-ਭਾਗਾਂ-ਪ੍ਰਾਰਲਬਧ’ ਦਾ ਆਧਾਰ ਹੀ ਗਰੁੜਪੁਰਾਣ ਆਦਿ ਅਨਮਤੀ ਬ੍ਰਾਹਮਣੀ ਗ੍ਰੰਥ ਹੀ ਹਨ, ਜਿਨ੍ਹਾਂ ਨੂੰ ਗੁਰਮੱਤ ਪ੍ਰਵਾਣ ਨਹੀਂ ਰਕਦੀ ਤੇ ਜੜੋਂ ਹੀ ਨਕਾਰਦੀ ਹੈ।

ਉਪ੍ਰੰਤ ਇਸੇ ਅਨਮਤੀ ‘ਗਰੁੜਪੁਰਾਣ’ ਗ੍ਰੰਥਾਂ ਆਦਿ ਰਚਨਾਵਾਂ ਦੀ ਦੇਣ ਹਨ ਬੇਅੰਤ ਪ੍ਰਕਾਰ – ਬਹਿਸ਼ਤ, ਦੋਜ਼ਖ ਉਪ੍ਰੰਤ ਸੁਰਗ-ਨਕਕ, ਜਮਲੋਕ, ਪਿਤੱਰ ਲੋਕ, ਜਮਰਾਜ-ਧਰਮਰਾਜ, ਇੰਦਰ ਲੋਕ, ਦੇਵ ਲੋਕ, ਕਲਪਬ੍ਰਿਛ, ਕਾਮਧੇਨੂ ਗਊ ਆਦਿ ਤੇ ਵਾਹਿਗੁਰੂ ਆਪ ਹੀ ਜਾਣੇ ਕਿ ਹੋਰ ਪਤਾ ਨਹੀਂ ਕਿਹੜੇ ਕਿਹੜੇ ਖਲਜਗਨ ਤੇ ਮਨੋਕਲਪਤ ਖਿਲਾਰੇ।

ਇਨ੍ਹਾਂ ਤੇ ਅਜਿਹੇ ਮਨੋਕਲਪਤ ਵਿਸ਼ਵਾਸਾਂ ਦਾ ਹੀ ਵਿਸਤਾਰ ਹਨ ਕਈ ਪ੍ਰਕਾਰ ਦੀਆਂ ਬੇਸਿਰਪੈਰ ਸੁੱਚਮਾ, ਸਗਨ-ਅਪਸਗਨ, ਚੋੰਕੇ-ਕਾਰਾਂ, ਵਰਣ-ਵੰਡ, ਟੇਵੇ-ਮਹੂਰਤ, ਸੁਚ-ਭਿੱਟ, ਰਾਸ਼ੀਫਲ-ਜਨਮਪਤ੍ਰੀਆਂ, ਥਿਤ-ਵਾਰ, ਸਰਾਧ-ਨੌਰਾਤੇ, ਪੂਰਨਮਾਸ਼ੀਆਂ-ਮਸਿਆਵਾਂ-ਸੰਗ੍ਰਾਂਦਾਂ, ਸੂਰਜ-ਚੰਦ ਗ੍ਰਿਹਣ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ, ਟੂਣੇ-ਪ੍ਰਛਾਵੇਂ, ਗ੍ਰਿਹ-ਨਖਤ੍ਰ-ਜਨਮ ਕੁੰਡਲੀਆਂ, ਚੰਗਾ-ਮਾੜਾ ਦਿਨ, ਸਮਾਂ-ਸਾਹਾ ਅਤੇ ਹੋਰ ਬਹੁਤ ਕੁਝ। ਇਥੋਂ ਹੀ ਪੈਦਾ ਹੁੰਦੀਆਂ ਹਨ ਸਤੀ ਪ੍ਰਥਾ-ਵਿਧਵਾ ਆਡੰਬਰ, ਕੁੜੀਆਂ ਤੇ ਮੁੰਡਿਆਂ ਵਿਚਾਲ ਵਿੱਤਕਰੇ।




.