.

ਇਨਸਾਨੀਅਤ ਵਿਰੋਧੀ ਸੋਚ ਰੱਖਣ ਵਾਲੇ ਲੋਕ

ਆਉਣ ਵਾਲੇ ਕੁੱਝ ਸਾਲ ਮਨੁੱਖਤਾ ਲਈ ਚਣੌਤੀ ਭਰੇ ਹੋਣਗੇ। ਇਸ ਦਾ ਕਾਰਨ ਇਹ ਹੈ ਕਿ ਦੁਨੀਆ ਵਿੱਚ ਇਸ ਵੇਲੇ ਧਰਮ ਦੀ ਆੜ ਵਿੱਚ ਨਫਰਤ ਫੈਲਾਉਣ ਵਾਲਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ। ਇਹ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਅਗਾਂਹ ਵੀ ਇਸੇ ਤਰ੍ਹਾਂ ਚੱਲਣ ਦੀ ਸੰਭਾਵਨਾ ਹੈ। ਦੁਨੀਆ ਵਿੱਚ ਕਿਤੇ ਵੀ ਰਹਿਣ ਵਾਲਾ ਕੋਈ ਵੀ ਵਿਆਕਤੀ ਇਸ ਤੋਂ ਅਭਿੱਜ ਨਹੀਂ ਰਹਿ ਸਕਦਾ। ਇਸ ਦਾ ਕਾਰਨ ਇਹ ਹੈ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲੋਕਾਂ ਨੇ ਐਸੇ ਲੀਡਰ ਚੁਣ ਲਏ ਹਨ ਜੋ ਇਹ ਨਫਰਤ ਵਾਲੀ ਨੀਤੀ ਅਪਣਾ ਰਹੇ ਹਨ। ਇਹ ਲੀਡਰ ਅਤੇ ਇਨ੍ਹਾਂ ਦੇ ਸਹਿਯੋਗੀ ਸਾਰੀ ਦੁਨੀਆ ਵਿੱਚ ਹੀ ਇਹ ਇੱਕ ਕਿਸਮ ਦੀ ਨਫਰਤ ਵਾਲੀ ਲਹਿਰ ਚਲਾ ਰਹੇ ਹਨ।
ਇੰਡੀਆ ਦੀ ਭਾਜਪਾ ਸਰਕਾਰ ਨੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾ ਕੇ ਕਰਫਿਊ ਲਗਾ ਦਿੱਤਾ ਸੀ ਅਤੇ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਬੰਦੂਕ ਦੀ ਨੋਕ ਉਤੇ ਜੀਵਨ ਜੀਊਣ ਲਈ ਮਜ਼ਬੂਰ ਕਰ ਦਿੱਤਾ ਸੀ। ਉਥੇ ਹਾਲੇ ਵੀ ਆਮ ਨਾਗਰਿਕਾਂ ਦੇ ਪੂਰੇ ਅਧਿਕਾਰ ਬਹਾਲ ਨਹੀਂ ਹੋਏ। ਥੋੜੇ ਕੁ ਦਿਨਾ ਬਾਅਦ ਗੋਲੀ ਚੱਲਣ ਦੀ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਅਤੇ ਕਿਸੇ ਨਾ ਕਿਸੇ ਦੀ ਮੌਤ ਵੀ ਹੋ ਜਾਂਦੀ ਹੈ। ਇਸ ਧੱਕੇਸ਼ਾਹੀ ਵਿਰੁੱਧ ਕੋਈ ਵੀ ਦੁਨੀਆ ਦਾ ਦੇਸ਼ ਖੁੱਲ ਕੇ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਆਉਣ ਦੀ ਸੰਭਾਵਨਾ ਹੈ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਉਣ ਲਈ ਅਤੇ ਗੋਗਲੂਆਂ ਤੋਂ ਮਿੱਟੀ ਝਾਂੜਨ ਦੀ ਤਰ੍ਹਾਂ ਛੋਟਾ-ਮੋਟਾ ਕੋਈ ਬਿਆਨ ਜਰੂਰ ਦੇ ਦਿੰਦੇ ਹਨ। ਧਾਰਾ 370 ਤੋਂ ਬਾਅਦ ਨਾਗਰਿਕਤਾ ਦਾ ਕਾਨੂੰਨ ਲਿਆਂਦਾ ਗਿਆ ਹੈ ਇਸ ਬਾਰੇ ਵੀ ਵਿਰੋਧੀ ਪਾਰਟੀਆਂ ਤੋਂ ਇਲਾਵਾ ਦੁਨੀਆਂ ਦੇ ਹੋਰ ਦੇਸ਼ਾਂ ਤੋਂ ਕੋਈ ਬਹੁਤਾ ਵਿਰੋਧ ਨਹੀਂ ਹੋਇਆ। ਇਨ੍ਹਾਂ ਦੋ ਗੱਲਾਂ ਵਿਰੁੱਧ ਪਾਕਿਸਤਾਨ ਨੇ ਬਥੇਰਾ ਜੋਰ ਲਾਇਆ ਪਰ ਕਿਸੇ ਵੀ ਦੇਸ਼ ਨੇ ਖੁੱਲ ਕੇ ਕੋਈ ਬਹੁਤਾ ਹਾਅ ਦਾ ਨਾਹਰਾ ਨਹੀਂ ਮਾਰਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਾਫੀ ਠੰਡੇ ਜਿਗਰੇ ਵਾਲੇ ਲਗਦੇ ਹਨ ਪਰ ਮੇਰਾ ਖਿਆਲ ਹੈ ਕਿ ਉਹ ਬਹੁਤਾ ਕੁੱਝ ਨਹੀਂ ਕਰ ਸਕਦੇ। ਇਸ ਦੇ ਕਾਰਨਾ ਬਾਰੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ।
ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਦੁਹਰਾ ਦਿੰਦਾ ਹਾਂ ਕਿ ਇਸਲਾਮ ਨੁੰ ਮੰਨਣ ਵਾਲੇ ਬਾਕੀ ਹੋਰ ਧਰਮਾ ਨੂੰ ਮੰਨਣ ਵਾਲਿਆਂ ਤੋਂ ਕਿਤੇ ਵੱਧ ਕੱਟੜ ਅਤੇ ਤੰਗਦਿਲ ਲੋਕ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਵੀ ਇਨ੍ਹਾਂ ਦੀ ਤੰਗਦਿਲੀ ਵੱਲ ਇਸ਼ਾਰਾ ਕੀਤਾ ਸੀ ਜਦੋਂ ਉਹ ਮੁਸਲਮਾਨ ਨੂੰ ਆਪਣਾ ਦਿਲ ਮੋਮ ਵਰਗਾ ਕਰਨ ਨੂੰ ਕਹਿੰਦੇ ਹਨ। ਇਹ ਕੱਟੜਵਾਦੀ ਸੋਚਦੇ ਹਨ ਕਿ ਸਾਰੀ ਦੁਨੀਆ ਤੇ ਇਕੋ ਧਰਮ, ਸਿਰਫ ਇਸਲਾਮ ਹੀ ਹੋਣਾ ਚਾਹੀਦਾ ਹੈ। ਇਸਲਾਮ ਨੂੰ ਨਾ ਮੰਨਣ ਵਾਲਿਆਂ ਨੂੰ ਕਾਫਿਰ ਸਮਝਦੇ ਹਨ। ਪਾਕਿਸਤਾਨ, ਅਫਗਾਨਿਸਤਾਨ ਅਤੇ ਅਰਬ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਬਹੁਤ ਕੱਟੜਵਾਦੀ ਰਹਿੰਦੇ ਹਨ। ਇਨ੍ਹਾਂ ਦੀ ਸੋਚ ਹੈ ਕਿ ਸਾਰੀ ਦੁਨੀਆ ਦੇ ਲੋਕ ਇਸਲਾਮ ਨੂੰ ਹੀ ਮੰਨਣ ਅਤੇ ਸਾਰੀ ਦੁਨੀਆ ਤੇ ਹੀ ਇਸਲਾਮੀ ਸ਼ਰੀਆ ਰਾਜ ਲਾਗੂ ਹੋਵੇ।
ਪਿਛਲੇ ਕਈ ਸਾਲਾਂ ਤੋਂ ਪੱਛਮੀਂ ਦੇਸ਼ਾਂ ਦੇ ਇਸਾਈਆਂ ਨੂੰ ਫਿਕਰ ਲੱਗਿਆ ਹੋਇਆ ਹੈ ਖਾਸ ਕਰਕੇ ਯੂਰਪੀ ਦੇਸ਼ਾਂ ਵਿੱਚ ਰਹਿਣ ਵਾਲਿਆਂ ਨੂੰ। ਜਿਸ ਅਨੁਪਾਤ ਅਨੁਸਾਰ ਯੂਰਪ ਵਿੱਚ ਮੁਸਲਮਾਨਾ ਦੀ ਗਿਣਤੀ ਵੱਧ ਰਹੀ ਹੈ ਉਹ ਸੋਚਦੇ ਹਨ ਕਿ ਜੇ ਕਰ ਇਸੇ ਤਰ੍ਹਾਂ ਵਧਦੀ ਰਹੀ ਤਾਂ ਆਉਣ ਵਾਲੇ ਸਮੇ ਵਿਚ, ਯੂਰਪ ਵਿੱਚ ਇਸਲਾਮ ਦਾ ਰਾਜ ਵੋਟਾਂ ਨਾਲ ਹੀ ਆ ਜਾਣਾ ਹੈ। ਇਸ ਤੌਖਲੇ ਬਾਰੇ ਕੁੱਝ ਸਮਾ ਪਹਿਲਾਂ ਕਈ ਵੀਡੀਓ ਵੀ ਦੇਖਣ ਨੂੰ ਮਿਲੀਆਂ ਸਨ। ਮੁਸਲਮਾਨਾ ਤੋਂ ਬਿਨਾ ਹੋਰ ਧਰਮਾ ਨੂੰ ਮੰਨਣ ਵਾਲੇ ਅਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਆਪਣਾ ਪਰਵਾਰ, ਛੋਟਾ ਪਰਵਾਰ ਹੀ ਰੱਖਦੇ ਹਨ। ਆਮ ਤੌਰ ਤੇ ਦੋ ਜਾਂ ਤਿੰਨ ਬੱਚੇ। ਪਰ ਮੁਸਲਮਾਨਾ ਵਿੱਚ ਤਾਂ 4-5 ਤੋਂ ਲੈ ਕੇ 100 ਤੱਕ ਵੀ ਬੱਚੇ ਹੁੰਦੇ ਹਨ। ਸੀਰੀਆ ਵਿਚੋਂ ਜਿਹੜੇ ਰਿਫਿਊਜੀ ਕਨੇਡਾ ਦੀ ਟਰੂਡੋ ਸਰਕਾਰ ਨੇ ਲਿਆਂਦੇ ਸਨ ਉਨ੍ਹਾਂ ਵਿੱਚ ਵੀ ਕਈਆਂ ਦੇ ਟੱਬਰ ਕਾਫੀ ਵੱਡੇ ਸਨ। ਭਾਵੇਂ ਕਿ ਇਹ ਰਿਫਿਊਜੀ ਆਮ ਲੋਕਾਂ ਨਾਲੋਂ ਪੜ੍ਹੇ ਲਿਖੇ ਸਨ। ਇੱਕ ਦਿਨ ਮੈਂ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਅਰਬ ਦੇਸ਼ ਦੇ ਰਹਿਣ ਵਾਲੇ ਇੱਕ ਮੁਸਲਮਾਨ ਦੀਆਂ 17 ਤੀਵੀਆਂ ਸਨ ਅਤੇ 84 ਬੱਚੇ।
ਪੱਛਮੀ ਦੇਸ਼ਾਂ ਦੇ ਇਸਾਈਆਂ ਨੂੰ ਡੌਨਲ ਟਰੰਪ ਦੇ ਰੂਪ ਵਿੱਚ ਇੱਕ ਬੜਬੋਲਾ ਪ੍ਰਧਾਨ/ਰਾਸ਼ਟਰਪਤੀ ਮਿਲ ਗਿਆ ਹੈ ਜੋ ਕਿ ਇਸਲਾਮੀ ਕੱਟੜਵਾਦੀ ਦੈਂਤ ਦਾ ਸਾਹਮਣਾ ਕਰ ਸਕਦਾ ਹੈ। ਇਸ ਲਈ ਉਸ ਦੇ ਸਾਰੇ ਔਗਣਾ ਨੂੰ ਹਊ ਪਰੇ ਕਰਕੇ ਅਗਲੇ ਚਾਰ ਸਾਲਾਂ ਲਈ ਦੁਬਾਰਾ ਪ੍ਰਧਾਨ/ਰਾਸ਼ਟਰਪਤੀ ਬਣਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਇਸੇ ਕਰਕੇ ਅਮਰੀਕੀ ਸੈਨਟਾਂ ਨੇ ਇੱਕ ਰਸਮੀ ਜਿਹੀ ਕਾਰਵਾਈ ਕਰਕੇ ਮਹਾਂਦੋਸ਼ਾਂ ਤੋਂ ਇੱਕ ਕਿਸਮ ਦਾ ਬਰੀ ਹੀ ਕਰ ਦਿੱਤਾ ਹੈ ਅਤੇ ਨਾਲ ਹੀ ਅਗਲੇ 4-5 ਸਾਲਾਂ ਲਈ ਜੋ ਕੁੱਝ ਮਰਜ਼ੀ ਕਰਨ ਦੀ ਖੁੱਲੀ ਛੁੱਟੀ ਵੀ ਦੇ ਦਿੱਤੀ ਹੈ। ਰਿਪਬਲਿਕ ਪਾਰਟੀ ਨਾਲ ਸੰਬੰਧਿਤ ਕਈ ਸੂਝਵਾਨ ਇਸ ਸਾਰੇ ਵਰਤਾਰੇ ਤੋਂ ਖੁਸ਼ ਨਹੀਂ ਹਨ। ਇਸ ਬਾਰੇ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਇਨ੍ਹਾਂ ਵਿਚੋਂ ਹੀ ਇੱਕ ਰਿਕ ਵਿਲਸਨ ਹੈ। ਜੋ ਕਿ ਇਸ ਪਾਰਟੀ ਦੀ ਕਾਰਜਨੀਤੀ ਕਾਰੀ ਵੀ ਰਿਹਾ ਹੈ। ਉਸ ਦੀ ਮੈਂ ਇੱਕ ਇੰਟਰਵਿਊ ਸੁਣੀ ਸੀ ਕਿ ਡੌਨਲ ਟਰੰਪ ਨੂੰ ਹਰਾਉਣ ਲਈ ਡੈਮੌਕਰੇਟਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਦਾ ਲਿੰਕ ਮੈਂ ਅੱਗੇ ਪਾ ਰਿਹਾ ਹਾਂ। ਹਾਲਾਂਕਿ ਇਹ ਰਿਪਬਲਿਕ ਪਾਰਟੀ ਨਾਲ ਸੰਬੰਧਿਤ ਹੈ ਪਰ ਡੌਨਲ ਟਰੰਪ ਦੇ ਕੱਟੜ ਸਮਰੱਥਕਾਂ ਵਲੋਂ ਇਸ ਨੂੰ ਅਤੇ ਇਸ ਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਮਰੀਕਾ ਦੀਆਂ ਨਵੰਬਰ ਵਿੱਚ ਜਿਹੜੀਆਂ ਇਲੈਕਸ਼ਨਾ ਹੋਣੀਆਂ ਹਨ ਉਨ੍ਹਾਂ ਦੇ ਹੋਣ ਤੱਕ ਬਹੁਤ ਕੁੱਝ ਵਾਪਰੇਗਾ। ਇੱਕ ਦੂਸਰੇ ਨੂੰ ਭੰਡਣ ਤੋਂ ਲੈ ਕੇ ਕਤਲਾਂ ਤੱਕ ਵੀ ਨੌਬਤ ਆ ਸਕਦੀ ਹੈ। ਇੱਕ ਤਾਂ ਅਮਰੀਕਾ ਵਿੱਚ ਪਾਰਟੀਆਂ ਹੀ ਦੋ ਹਨ। ਇੱਕ ਜ਼ਿਆਦਾ ਖੱਬੇ ਪੱਖੀ ਹਨ ਅਤੇ ਦੂਸਰੇ ਜ਼ਿਆਦਾ ਸੱਜੇ ਪੱਖੀ। ਵਿਚਕਾਰਲੇ ਰਸਤੇ ਵਾਲੀ ਕੋਈ ਪਾਰਟੀ ਨਹੀਂ ਹੈ ਜਿਸ ਤਰ੍ਹਾਂ ਕਿ ਕਨੇਡਾ ਵਿੱਚ ਲਿਬਰਲ ਪਾਰਟੀ ਹੈ।
ਰਿਪਬਲਿਕਾਂ ਨਾਲ ਹੀ ਸੰਬੰਧਿਤ ਮੀਡੀਆ, ਫੌਕਸ ਨਿਊਜ਼ ਇੱਕ ਅਜਿਹਾ ਅਦਾਰਾ ਹੈ ਜੋ ਕਿ ਲੋਕਾਂ ਦੇ ਬਰੇਨਵਾਸ਼ ਕਰ ਰਿਹਾ ਹੈ। ਬਾਕੀ ਹੋਰ ਮੀਡੀਏ ਨੂੰ ਡੌਨਲ ਟਰੰਪ ਫੇਕ ਨਿਊਜ਼ ਦੱਸਦਾ ਹੈ। ਸੰਨ 2016 ਵਿੱਚ ਜਦੋਂ ਡੌਨਲ ਟਰੰਪ ਜਿੱਤਿਆ ਸੀ ਉਸ ਵੇਲੇ ਵੀ ਮੈਂ ਇੱਕ ਲੇਖ ਲਿਖਿਆ ਸੀ, “ਟਰੰਪ ਤਾਂ ਜਿੱਤ ਗਿਆ ਹੁਣ ਕੀ ਹੋਵੇਗਾ”। ਉਸ ਲੇਖ ਵਿੱਚ ਮੈਂ ਖਦਸ਼ਾ ਜ਼ਾਹਰ ਕੀਤਾ ਸੀ ਕਿ ਇਸ ਦੇ ਜਿੱਤਣ ਨਾਲ ਨਸਲੀ ਵਿਤਕਰਾ ਵਧਣ ਦਾ ਡਰ ਹੈ ਅਤੇ ਇਹ ਵਧਿਆ ਵੀ ਹੈ। ਕਨੇਡਾ, ਅਮਰੀਕਾ ਅਤੇ ਨਿਊਜ਼ੀਲੈਂਡ ਵਿੱਚ ਨਸਲੀ ਗੋਰਿਆਂ ਨੇ ਡੌਨਲ ਟਰੰਪ ਦੀਆਂ ਸਪੀਚਾਂ ਤੋਂ ਸੇਧ ਲੈ ਕੇ ਕਈ ਨਸਲੀ ਹਮਲੇ ਕੀਤੇ ਹਨ। ਕਈ ਮਾਸਕਾਂ ਵਿੱਚ ਜਾ ਕੇ ਵੀ ਅੰਧਾਧੁੰਦ ਗੋਲੀਆਂ ਚਲਾ ਕੇ ਮੁਸਲਮਾਨ ਮਾਰੇ ਸਨ।
ਡੌਨਲ ਟਰੰਪ ਇੱਕ ਬਹੁਤ ਹੀ ਖਤਰਨਾਕ ਵਿਆਕਤੀ ਹੈ। ਇਹ ਕਿਸੇ ਵੇਲੇ ਕੁੱਝ ਵੀ ਕਰ ਸਕਦਾ ਹੈ। ਅਮਰੀਕਾ ਦੇ ਪਿਛਲੇ ਰਾਸ਼ਟਰਪਤੀ ਔਬਾਮਾ ਨੇ ਯੂਰਪੀ ਯੂਨੀਅਨ ਨਾਲ ਮਿਲ ਕੇ ਇਰਾਨ ਨਾਲ ਇੱਕ ਪਰਮਾਣੂ ਸਮਝੌਤਾ ਕੀਤਾ ਸੀ ਜੋ ਕਿ ਇਸ ਨੇ ਰੱਦ ਕਰ ਦਿੱਤਾ ਸੀ। ਨੌਰਥ ਅਮਰੀਕਾ ਦਾ ਫਰੀ-ਟਰੇਡ ਇਸ ਨੇ ਰੱਦ ਕਰ ਦਿੱਤਾ ਸੀ ਜੋ ਕਿ ਹੁਣ ਦੁਬਾਰਾ ਕੀਤਾ ਗਿਆ ਹੈ। ਅਮਰੀਕਾ ਅਤੇ ਮੈਕਸੀਕੋ ਨੇ ਇਸ ਸਮਝੌਤੇ ਨੂੰ ਪਾਸ ਕਰ ਦਿੱਤਾ ਹੈ ਪਰ ਕਨੇਡਾ ਨੇ ਹਾਲੇ ਕਰਨਾ ਹੈ। ਇਹ ਟਰੰਪ ਕਿਸੇ ਵੀ ਦੇਸ਼ ਦੇ ਕਿਸੇ ਵੀ ਲੀਡਰ ਨੂੰ ਜੋ ਮਰਜ਼ੀ ਕਹੀ ਜਾਂਦਾ ਹੈ ਪਰ ਇਸ ਦੇ ਕਹੇ ਨੂੰ ਕੌੜਾ ਘੁੱਟ ਕਰਕੇ ਪੀਈ ਜਾਂਦੇ ਹਨ। ਕੁੱਝ ਇੱਕ ਦੇਸ਼ਾਂ ਦੇ ਲੀਡਰਾਂ ਨੂੰ ਛੱਡ ਕੇ ਸਾਰੇ ਇਸ ਤੋਂ ਦੁਖੀ ਹਨ ਪਰ ਖੁੱਲ ਕੇ ਕੋਈ ਵੀ ਬੋਲਦਾ ਨਹੀਂ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਇਹ ਕਈ ਕੁੱਝ ਬੋਲ ਚੁੱਕਾ ਹੈ ਪਰ ਉਹ ਸੀਤ ਪ੍ਰਸ਼ਾਦ ਸਮਝਕੇ ਛਕਦਾ ਰਿਹਾ ਹੈ। ਕਿਉਂਕਿ ਕਨੇਡਾ ਦਾ ਬਹੁਤਾ ਟਰੇਡ ਅਮਰੀਕਾ ਨਾਲ ਸੰਬੰਧਿਤ ਹੈ ਇਸ ਲਈ ਉਸ ਨੂੰ ਡਰ ਸੀ ਕਿ ਪਤਾ ਨਹੀਂ ਇਹ ਕਿਸ ਵਸਤੂ ਤੇ ਕਿਹੜੀਆਂ ਪਬੰਦੀਆਂ ਲਾ ਦੇਵੇ। ਹੁਣ ਦੁਬਾਰਾ ਫਰੀ ਟਰੇਡ ਦਾ ਸਮਝੌਤਾ ਹੋ ਗਿਆ ਕਰਕੇ ਮਾੜਾ ਜਿਹਾ ਬੋਲਿਆ ਸੀ ਜਦੋਂ ਇਰਾਨ ਨੇ ਗਲਤੀ ਨਾਲ ਆਪਣੇ ਲੋਕਾਂ ਨਾਲ ਭਰਿਆ ਜਹਾਜ ਡੇਗ ਦਿੱਤਾ ਸੀ ਤਾਂ ਟਰੂਡੋ ਨੇ ਕਿਹਾ ਸੀ ਕਿ ਇਸ ਵਿੱਚ ਟਰੰਪ ਦੀ ਵੀ ਗਲਤੀ ਹੈ ਜਿਸ ਨੇ ਇਰਾਨ ਨੇ ਇੱਕ ਫੌਜੀ ਅਫਸਰ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ। ਸਾਰੀ ਦੁਨੀਆ ਅਤੇ ਤੁਸੀਂ ਵੀ ਟਰੰਪ ਬਾਰੇ ਜਾਣਦੇ ਹੀ ਹੋ ਇਸ ਕਰਕੇ ਹੋਰ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਹੈ। ਵਾਤਾਵਰਣ ਦੀ ਤਬਦੀਲੀ ਤੋਂ ਵੀ ਇਹ ਮੁਨਕਰ ਹੈ।
ਸਾਰੀ ਦੁਨੀਆ ਦੇ ਸਾਰੇ ਹੀ ਧਰਮਾ ਨਾਲ ਸੰਬੰਧਿਤ ਕੱਟੜਵਾਦੀ ਲੋਕ ਸਾਰੀ ਦੁਨੀਆ ਵਿੱਚ ਨਫਰਤ ਫੈਲਾ ਰਹੇ ਹਨ। ਇਸ ਲੇਖ ਨੂੰ ਪੜ੍ਹਨ ਵਾਲੇ ਤੁਹਾਡੇ ਵਿਚੋਂ ਵੀ ਬਹੁਤੇ ਇਸੇ ਤਰ੍ਹਾਂ ਦੇ ਹੋਣਗੇ। ਜਿਹੜੇ ਦੂਸਰਿਆਂ ਦੇ ਕੱਟੜਵਾਦੀ ਵਿਚਾਰਾਂ ਨੂੰ ਨਿੰਦਦੇ ਹੋਣਗੇ ਪਰ ਆਪ ਵੀ ਉਹੀ ਕੁੱਝ ਕਰਦੇ ਹੋਣਗੇ। ਨਫਰਤ ਫੈਲਾਉਣ ਵਾਲੇ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹ ਸਾਰੇ ਆਪਣੇ ਆਪ ਨੂੰ ਠੀਕ ਅਤੇ ਹੋਰਨਾ ਨੂੰ ਗਲਤ ਸਮਝਦੇ ਹਨ।
ਇਸਾਈ ਅਤੇ ਹਿੰਦੂ ਰਲ ਕੇ ਮੁਸਲਮਾਨਾ ਵਿਰੁੱਧ ਲਾਮਬੰਧ ਹੋ ਰਹੇ ਹਨ। ਕਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇੰਡੀਆ ਦੇ ਕਈ ਚੱਕਰ ਲਾ ਆਇਆ ਹੈ। ਕੁੱਝ ਹਫਤੇ ਪਹਿਲਾਂ ਵੀ ਗਿਆ ਸੀ। ਰਿਪਬਲਿਕ ਪਾਰਟੀ ਨਾਲ ਇਨ੍ਹਾਂ ਦੇ ਨੇੜਲੇ ਸੰਬੰਧ ਹਨ। ਡੌਨਲ ਟਰੰਪ ਦੇ ਕਈ ਸਾਬਕਾ ਮੰਤਰੀ ਪੂਰੇ ਨਸਲਵਾਦੀ ਗਰੁੱਪਾਂ ਨਾਲ ਸੰਬੰਧਿਤ ਸਨ। ਸਟੀਵ ਬੈਨਨ ਇਸ ਦੇ ਮੁੱਖ ਸਲਾਹਕਾਰਾਂ ਵਿਚੋਂ ਇੱਕ ਸੀ। ਇਹ ਸਟੀਵ ਨਿਉ ਨਾਜ਼ੀ ਗਰੁੱਪਾਂ ਨਾਲ ਸੰਬੰਧਿਤ ਸੀ। ਇਹ ਸਾਰੇ ਰਲ ਕੇ ਇੱਕ ਅਲਟਰ ਰਾਈਟ ਲਹਿਰ ਚਲਾ ਰਹੇ ਸਨ। ਬਹੁਤ ਸਾਰੇ ਚਿੱਟੇ ਨਸਲਵਾਦੀ ਗਰੁੱਪਾਂ ਨੇ 2016 ਵਿਚ, ਡੌਨਲ ਟਰੰਪ ਨੂੰ ਜਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਦੋਂ ਮੀਡੀਏ ਵਿੱਚ ਸਟੀਵ ਬੈਨਨ ਬਾਰੇ ਚਰਚਾ ਹੋਈ ਸੀ ਤਾਂ ਇਹ ਆਪ ਹੀ ਅਸਤੀਫਾ ਦੇ ਗਿਆ ਸੀ ਅਤੇ ਫਿਰ ਇਸ ਨੇ ਯੂਰਪ ਵਿੱਚ ਜਾ ਕੇ ਅਲਟਰ ਰਾਈਟ ਲਹਿਰ ਬਾਰੇ ਪ੍ਰਚਾਰ ਕੀਤਾ ਸੀ। ਇਸ ਸਟੀਵ ਬਾਰੇ ਇੰਟਰਨੈੱਟ ਤੇ ਕਾਫੀ ਸਾਰੀ ਜਾਣਕਾਰੀ ਉਪਲਵੱਧ ਹੈ। ਸੰਖੇਪ ਜਿਹੀ ਜਾਣਕਾਰੀ ਹੇਠ ਦਿੱਤੇ ਵਿੱਕੀ ਪੀਡੀਆ ਦੇ ਲਿੰਕਾਂ ਤੋਂ ਵੀ ਲਈ ਜਾ ਸਕਦੀ ਹੈ।
https://en.wikipedia.org/wiki/Steve_Bannon

https://en.wikipedia.org/wiki/Alt-right


ਜਰਮਨੀ ਦੀ ਐਂਗਲੋ ਮਾਰਕੋ ਤੇ ਵੀ ਡੌਨਲ ਟਰੰਪ ਕਾਫੀ ਖਫਾ ਹਨ ਕਿ ਉਸ ਨੇ ਇਤਨੇ ਲੱਖ ਮੁਸਲਮਾਨ ਰਿਫਿਊਜੀਆਂ ਨੂੰ ਪਨਾਹ ਕਿਉਂ ਦਿੱਤੀ ਹੈ। ਇਹ ਯੂਰਪ ਵਿੱਚ ਸੱਜੇ ਪੱਖੀ ਪਾਰਟੀਆਂ ਖੜੀਆਂ ਕਰ ਰਹੇ ਹਨ ਜੋ ਕਿ ਖੁੱਲ ਕੇ ਟਰੰਪ ਦੀ ਤਰ੍ਹਾਂ ਮੁਸਲਮਾਨਾ ਦਾ ਅਤੇ ਹੋਰ ਇੰਮੀਗਰਾਂਟਾਂ ਦਾ ਵਿਰੋਧ ਕਰਨ। ਕੁੱਝ ਹੱਦ ਤੱਕ ਇਨ੍ਹਾਂ ਨੂੰ ਕਾਮਯਾਬੀ ਵੀ ਮਿਲੀ ਹੈ। ਯੂ. ਕੇ. ਨੂੰ ਯੂਰਪੀਅਨ ਯੂਨੀਅਨ ਵਿਚੋਂ ਬਾਹਰ ਕੱਢਣ ਵਿੱਚ ਵੀ ਇਨ੍ਹਾਂ ਨੇ ਕਾਫੀ ਰੋਲ ਨਿਭਾਇਆ ਹੈ। ਮੋਦੀ ਅਤੇ ਸ਼ਾਹ ਦੀ ਜੋੜੀ ਧਾਰਾ 370 ਅਤੇ ਨਾਗਰਕਿ ਦੇ ਕਾਨੂੰਨਾਂ ਬਾਰੇ ਐਵੇਂ ਨਹੀਂ ਬੜਕਾਂ ਮਾਰਦੀ ਉਨ੍ਹਾਂ ਦੇ ਪਿੱਛੇ ਵੀ ਵੱਡੀਆਂ ਪੱਛਮੀ ਤਾਕਤਾਂ ਹਨ। ਇਨ੍ਹਾਂ ਭਾਜਪਾਂ ਵਾਲਿਆਂ ਨੂੰ ਮਸਾਂ ਤਾਂ ਇਹ ਮੌਕਾ ਮਿਲਿਆ ਹੈ ਪਿਛਲੀਆਂ ਮੁਸਲਮਾਨ ਹਾਕਮਾਂ ਵਲੋਂ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਦਾ। ਉਧਰ ਦੂਸਰੇ ਪਾਸੇ ਇਸਲਾਮੀ ਕੱਟੜਵਾਦੀ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਹਿੰਦੂ ਸਿੱਖ ਕੁੜੀਆਂ ਦੇ ਜਬਰੀ ਨਿਕਾਹ ਕਰ ਰਹੇ ਹਨ। ਸਿੱਖ ਅਤੇ ਸਿੱਖਾਂ ਦੇ ਲੀਡਰ ਜਾਂ ਤਾਂ ਭਾਜਪਾ ਦੀ ਝੋਲੀ ਵਿੱਚ ਬੈਠੇ ਹਨ ਅਤੇ ਜਾਂ ਫਿਰ ਪੂਰੇ ਵਿਰੋਧੀ ਹਨ। ਜਿਹੜੇ ਭਾਜਪਾ ਦੇ ਵਿਰੋਧੀ ਹਨ ਉਹ ਭਾਜਪਾ ਵਿਰੁੱਧ ਤਾਂ ਖੂਬ ਭੜਾਸ ਕੱਢਦੇ ਹਨ ਪਰ ਮੁਸਲਮਾਨੀ ਕੱਟੜਵਾਦੀਆਂ ਵਿਰੁੱਧ ਜ਼ਬਾਨ ਨਹੀਂ ਖੋਲਦੇ। ਸ਼ਾਇਦ ਇਸ ਕਰਕੇ ਨਹੀਂ ਖੋਲਦੇ ਕਿ ਪਾਕਿਸਤਾਨ ਸਾਡੇ ਖਾਲਿਸਤਾਨ ਦੇ ਛੁਣਛੁਣੇ ਵਜਾਉਣ ਵਿੱਚ ਸਹਾਇਤਾ ਕਰਦਾ ਹੈ। ਦੂਸਰੇ ਪਾਸੇ ਜਿਹੜੇ ਭਾਜਪਾ ਦੇ ਖੇਮੇ ਵਿੱਚ ਹਨ ਉਹ ਪਾਕਿਸਤਾਨ ਵਿਰੁੱਧ ਖੂਬ ਭੜਾਸ ਕੱਢਦੇ ਹਨ ਪਰ ਭਾਜਪਾ ਦੀਆਂ ਵਧੀਕੀਆਂ ਵਿਰੁੱਧ ਬੋਲਣ ਸਮੇ ਜਬਾਨ ਨੂੰ ਤਾਲੂ ਲੱਗ ਜਾਂਦੇ ਹਨ।
ਸੋ ਇਸ ਸਾਰੇ ਲੇਖ ਦਾ ਜੋ ਨਿਚੋੜ ਹੈ ਉਹ ਇਹ ਹੈ ਕਿ ਦੁਨੀਆ ਵਿੱਚ ਸਾਰੇ ਧਾਰਮਿਕ ਕੱਟੜਵਾਦੀ ਰਲਕੇ ਨਫਰਤ ਫੈਲਾ ਰਹੇ ਹਨ। ਇਸ ਨਫਰਤ ਭਰੀ ਰਾਜਨੀਤੀ ਅਤੇ ਹੋਰ ਧਰਮ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਮਨੁੱਖਤਾ ਲਾਈ ਘਾਤਕ ਸਿੱਧ ਹੋਣਗੀਆਂ। ਹੁਣ ਸਾਰੀ ਦੁਨੀਆ ਇਸ ਇਨਸਾਨੀਅਤ ਵਿਰੋਧੀ ਅੱਗ ਦੀ ਲਪੇਟ ਵਿੱਚ ਆ ਚੁੱਕੀ ਹੈ। ਇਸ ਵਿੱਚ ਕਸੂਰ ਕਿਸੇ ਇਕੱਲੇ ਦੁਕੱਲੇ ਦਾ ਨਹੀਂ ਹੈ ਸਭ ਦਾ ਹੀ ਹੈ। ਤੁਸੀਂ ਸਾਰੇ ਵੀ ਇਸ ਤੋਂ ਨਾ ਤਾਂ ਅਭਿੱਜ ਰਹਿ ਸਕਦੇ ਹੋ, ਨਾ ਹੀ ਬਚ ਸਕਦੇ ਹੋ ਅਤੇ ਨਾ ਹੀ ਆਪਣੇ ਕਸੂਰ ਤੋਂ ਬਚ ਸਕਦੇ ਹੋ। ਨਫਰਤ ਦੀ ਅੱਗ ਫੈਲਾਉਣ ਵਾਲਿਆਂ ਵਿਰੁੱਧ ਚੁੱਪ ਰਹਿ ਕੇ ਤਮਾਸ਼ਾ ਦੇਖਣ ਵਾਲੇ ਵੀ ਉਤਨੇ ਹੀ ਕਸੂਰਵਾਰ ਹੁੰਦੇ ਹਨ ਜਿਤਨੇ ਨਫਰਤ ਫੈਲਾਉਣ ਵਾਲੇ। ਸਿੱਖਾਂ ਕੋਲ ਭਾਂਵੇ ਆਪਣਾ ਕੋਈ ਦੇਸ਼ ਨਹੀਂ ਅਤੇ ਨਾ ਹੀ ਕੋਈ ਰਾਜਸੀ ਤਾਕਤ ਹੈ ਪਰ ਫਿਰ ਵੀ ਧਰਮ ਦੇ ਨਾਮ ਤੇ ਇੱਕ ਸਰਕਾਰ ਦੇ ਪਾਲੇ ਹੋਏ ਗੁੰਡੇ ਜਿਹੇ ਸਾਧ ਮਗਰ ਲੱਗ ਕੇ ਜਿੱਥੇ ਹਿੰਦੂ ਸਿੱਖਾਂ ਵਿੱਚ ਨਫਰਤ ਪੈਦਾ ਕੀਤੀ ਹੈ ਉਥੇ ਉਸ ਸਾਧ ਨਾਲ ਸੰਬੰਧਿਤ ਡੇਰੇ ਦੀਆਂ ਕਰਮਕਾਂਡੀ ਬਿਪਰੀ ਮਨੌਤਾਂ ਨੂੰ ਸਾਰੇ ਸਿੱਖਾਂ ਉਪਰ ਜਬਰਦਸਤੀ ਮੜ੍ਹਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਕੁੱਝ ਪਿਛਲੇ ਕਿਤਨੇ ਦਹਾਕਿਆਂ ਤੋਂ ਚੱਲ ਰਿਹਾ ਹੈ ਇਸ ਬਾਰੇ ਤੁਹਾਨੂੰ ਸਭ ਨੂੰ ਜਾਣਕਾਰੀ ਹੈ। ਇਸ ਸਾਧ ਨਾਲ ਸੰਬੰਧਿਤ ਲੋਕਾਂ ਦੀ ਗੁੰਡਾ ਗਰਦੀ ਅਤੇ ਧੌਂਸ ਵਿਰੁੱਧ ਤੁਹਾਡੇ ਵਿਚੋਂ ਕਿਤਨਿਆਂ ਕੁ ਨੇ ਅਵਾਜ਼ ਉਠਾਈ ਹੈ ਇਹ ਤਹਾਡੇ ਸਾਰਿਆਂ ਦੇ ਸਾਹਮਣੇ ਹੈ। ਮੈਨੂੰ ਉਸ ਵੇਲੇ ਬੜੀ ਹੈਰਾਨੀ ਹੁੰਦੀ ਹੈ ਜਦੋਂ ਕਈ ਪੜ੍ਹੇ ਲਿਖੇ ਲੋਕ ਵੀ ਇਸ ਦਸਮ ਗ੍ਰੰਥੀਏ, ਧਰਮ ਦੇ ਨਾਮ ਤੇ ਗੰਦ ਪਉਣ ਵਾਲੇ ਇੱਕ ਗੁੰਡੇ ਜਿਹੇ ਸਾਧ ਨੂੰ, ਜਿਹੜਾ ਇੱਕ ਧਰਮ ਅਸਥਾਨ ਅੰਦਰ ਲੁਕ ਕੇ ਬੈਠਾ ਸੀ ਉਸ ਨੂੰ ਮਹਾਨ ਯੋਧਾ ਅਤੇ ਸ਼ਹੀਦ ਦੱਸ ਰਹੇ ਹਨ। ਜਿਸ ਨੇ ਫਿਰਕੂ ਜ਼ਹਿਰ ਘੋਲ ਕੇ ਗੁਰਦੁਆਰੇ ਢੁਆਏ ਅਤੇ ਕਤਲੇਆਮ ਕਰਵਾਇਆ, ਉਸ ਨੂੰ ਰਾਖਾ ਬਣਾ ਕੇ ਪੇਸ਼ ਕਰ ਰਹੇ ਹਨ। ਦੁਨੀਆ ਵਿੱਚ ਨਫਰਤ ਦੀ ਅੱਗ ਬਾਲਣ ਵਾਲੇ ਇਸਲਾਮੀ ਤਾਲੇਬਾਨੀ, ਟਰੰਪ ਅਤੇ ਮੋਦੀਆਂ ਦੇ ਹੀ ਪਿਛਲੱਗ ਨਹੀਂ ਸਾਧਾਂ ਦੇ ਪਿਛਲੱਗ ਵੀ ਹਨ ਜਿਨ੍ਹਾਂ ਵਿੱਚ ਦਾੜੀਆਂ ਕੇਸਾਂ ਵਾਲੇ ਕਿਰਪਾਨ ਧਾਰੀ ਵੀ ਬਹਤੁ ਹਨ। ਸ਼ਾਇਦ ਤੁਸੀਂ ਵੀ ਉਨ੍ਹਾਂ ਵਿਚੋਂ ਇੱਕ ਹੋਵੋਂ। ਇਸ ਸਾਧ ਦੀ ਗੁੰਡਾ ਗਰਦੀ ਵਿਰੁੱਧ ਕਿਤਨੇ ਕੁ ਖੁੱਲ ਕੇ ਬੋਲੇ ਹਨ, ਇਸ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਆਮ ਸਾਧਾਰਣ ਵਿਆਕਤੀ ਦੇ ਨਫਰਤ ਫੈਲਾਉਣ ਦਾ ਉਤਨਾ ਅਸਰ ਨਹੀਂ ਹੁੰਦਾ ਜਿਤਨਾ ਕੇ ਰਾਜਸੀ ਅਤੇ ਧਾਰਮਿਕ ਆਗੂਆਂ ਦੇ ਫੈਲਾਉਣ ਨਾਲ ਹੁੰਦਾ ਹੈ। ਕਿਉਂਕਿ ਚੰਗੀਆਂ ਮੰਦੀਆਂ ਆਦਤਾਂ ਇਨਸਾਨ ਦੇ ਅੰਦਰ ਹੀ ਹੁੰਦੀਆਂ ਹਨ, ਬਸ ਇੱਕ ਤੀਲੀ ਲਉਣ ਦੀ ਲੋੜ ਹੁੰਦੀ ਹੈ ਫਿਰ ਆਪੇ ਹੀ ਭਾਂਬੜ ਮਚ ਜਾਂਦੇ ਹਨ। ਆਮ ਸਾਧਾਰਣ ਲੋਕਾਈ ਪਹਿਰਾਵਾ ਜਾਂ ਧਰਮ ਨਾਲ ਸੰਬੰਧਿਤ ਵਿਆਕਤੀਆਂ ਦੀਆਂ ਗੱਲਾਂ ਸੁਣ ਕੇ ਇਨ੍ਹਾਂ ਨੂੰ ਧਰਮੀ ਸਮਝਣ ਲੱਗ ਪੈਂਦੇ ਹਨ ਪਰ ਇਹ ਸਾਰੇ ਹੁੰਦੇ ਹਨ ਧਰਮ ਵਿਰੋਧੀ। ਇਨਸਾਨੀਅਤ ਵਿਰੋਧੀ ਸੋਚ ਰੱਖਣ ਵਾਲੇ ਧਰਮੀ ਕਿਵੇਂ ਹੋ ਸਕਦੇ ਹਨ? ਲੋਕਾਂ ਨੂੰ ਇੱਕ ਦੂਸਰੇ ਨਾਲ ਜੋੜਨ ਵਾਲੇ ਧਰਮੀ ਹੁੰਦੇ ਹਨ ਨਾ ਕਿ ਤੋੜਨ ਵਾਲੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੁਨੀਆ ਵਿੱਚ ਫੈਲਾਈ ਜਾ ਰਹੀ ਇਸ ਨਫਰਤ ਨੂੰ ਕਿਵੇਂ ਘਟਾਇਆ ਜਾਵੇ? ਮੇਰੇ ਖਿਆਲ ਮੁਤਾਬਕ ਦੋ ਕੁ ਪਲੇਫਾਰਮ ਇਸ ਬਾਰੇ ਸਹਾਈ ਹੋ ਸਕਦੇ ਹਨ। ਇੱਕ ਇੰਟਰਫੇਥ ਅਤੇ ਦੂਸਰਾ ਇੰਟਰਨੈਸ਼ਨਲ ਪੱਧਰ ਦਾ ਮੀਡੀਆ। ਇਨ੍ਹਾਂ ਦੋਵਾਂ ਥਾਵਾਂ ਦੀ ਵਰਤੋਂ ਕਰਕੇ ਸੱਚ ਬੋਲਣ ਵਾਲੇ ਕਿਸੇ ਵੀ ਧਰਮ ਨਾਲ ਸੰਬੰਧਿਤ ਸੱਜਣ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ:
1- ਸਾਰੇ ਧਰਮਾਂ ਨਾਲ ਸੰਬੰਧਿਤ ਜਿਤਨੇ ਵੀ ਮਹਾਂਪੁਰਸ਼ ਹੋਏ ਹਨ, ਭਾਵੇਂ ਉਹ ਮਹੁੰਮਦ ਸਾਹਿਬ ਸਨ, ਈਸਾ ਜੀ ਸਨ, ਨਾਨਕ ਸਨ, ਬੁੱਧ ਸੀ ਅਤੇ ਜਾਂ ਫਿਰ ਹੋਰ ਕਿਸੇ ਵੀ ਧਰਮ ਨਾਲ ਸੰਬੰਧਿਤ ਪੁਰਸ਼ ਸਨ, ਉਨ੍ਹਾਂ ਸਾਰਿਆਂ ਨੇ ਸਮੇਂ ਮੁਤਾਬਕ ਆਪਣੇ ਲੋਕਾਂ ਨੂੰ ਕੋਈ ਚੰਗੀ ਸੇਧ ਦਿੱਤੀ ਸੀ। ਉਸ ਸਮੇਂ ਹੋ ਸਕਦਾ ਹੈ ਕਿ ਉਹ ਗੱਲਾਂ ਪੂਰੀਆਂ ਠੀਕ ਹੋਣ ਪਰ ਅੱਜ ਦੇ ਸਮੇ ਵਿਚ, ਉਨ੍ਹਾਂ ਵਿਚੋਂ ਕਈ ਗੱਲਾਂ ਸਮਾਜ ਲਈ ਨਹੀਂ ਵੀ ਠੀਕ ਹੋ ਸਕਦੀਆਂ। ਕਿਉਂਕਿ ਇਸ ਵੇਲੇ ਸਾਰੀ ਦੁਨੀਆ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ। ਰੁਜਗਾਰ ਅਤੇ ਹੋਰ ਕਈ ਕਾਰਨਾ ਕਰਕੇ ਵੱਖ-ਵੱਖ ਧਰਮਾ ਨੂੰ ਮੰਨਣ ਵਾਲੇ ਲੋਕ, ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਜਾ ਰਹੇ ਹਨ, ਆਂਢ-ਗੁਆਂਢ ਵਿੱਚ ਇਕੱਠੇ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ। ਇੱਕ ਦੂਸਰੇ ਧਰਮ ਨੂੰ ਵੱਡਾ ਛੋਟਾ ਕਹਿਣ ਦੀ ਬਿਜਾਏ ਸਿਰਫ ਰੱਬ ਨੂੰ ਹੀ ਵੱਡਾ ਕਹਿਣਾ ਚਾਹੀਦਾ ਹੈ।
2- ਨਰਕਾਂ-ਸੁਰਗਾਂ ਦੀ ਹੋਂਦ ਨੂੰ ਮੁੱਢੋਂ ਹੀ ਰੱਦ ਕਰਕੇ ਇਸੇ ਧਰਤੀ ਤੇ ਸਭ ਨਾਲ ਪ੍ਰੇਮ ਪਿਆਰ ਦਾ ਸਵਰਗ ਸਿਰਜਣਾ ਚਾਹੀਦਾ ਹੈ ਅਤੇ ਨਫਰਤ ਵਾਲਾ ਨਰਕ ਦੂਰ ਕਰਨਾ ਚਾਹੀਦਾ ਹੈ। ਇਸ ਨਾਲ ਧਰਮ ਦੇ ਨਾਮ ਤੇ ਆਮ ਲੋਕਾਂ ਨੂੰ ਗੁਮਰਾਹ ਕਰਕੇ, ਵਿਰੋਧੀਆਂ ਨੂੰ ਕਤਲ ਕਰਵਾ ਕੇ ਅਤੇ ਅਗਲੇ ਜਨਮਾਂ ਵਿੱਚ ਸਵਰਗ ਅਤੇ ਹੂਰਾਂ ਦੇ ਮਿਲਣ ਦੀ ਮਿੱਥ ਵਾਲੇ ਲਾਲਚ ਨੂੰ ਨਿਕਾਰਨਾ ਚਾਹੀਦਾ ਹੈ।
3- ਇਸਲਾਮ ਨੂੰ ਮੰਨਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਇਸਤ੍ਰੀ ਨਾਲ ਹੀ ਨਿਕਾਹ ਕਰਨ ਅਤੇ ਬੱਚੇ ਵੀ ਘੱਟ ਪੈਦਾ ਕਰਨ ਤਾਂ ਕਿ ਪੱਛਮੀ ਲੋਕਾਂ ਦੇ ਮਨਾ ਵਿਚੋਂ ਖੌਫ ਦੂਰ ਹੋ ਸਕੇ।
4- ਹਰ ਗੱਲ ਵਿੱਚ ਧਰਮ ਦੀਆਂ ਗੱਲਾਂ ਨੂੰ ਲੈ ਕੇ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ। ਦੁਨੀਆ ਦੇ ਵੱਖ-ਵੱਖ ਧਰਮਾ ਦੇ ਲੋਕਾਂ ਨੂੰ ਇਕੱਠੇ ਰਹਿ ਕਿ ਨਫਰਤ ਦੀਆਂ ਦਵਾਰਾਂ ਤੋੜਨ ਲਈ ਅਤੇ ਚੰਗੇ ਸਮਾਜ ਦੀ ਸਿਰਜਨਾ ਲਈ ਕਈ ਮਨੌਤਾਂ ਛੱਡਣੀਆਂ ਪੈਂਦੀਆਂ ਹਨ ਅਤੇ ਕਈ ਨਵੀਂਆਂ ਅਪਣਾਉਣੀਆਂ ਪੈਂਦੀਆਂ ਹਨ।
5- ਇਸ ਦੁਨੀਆ ਤੇ ਕੋਈ ਵੀ ਉਚਾ ਨੀਵਾ ਨਹੀਂ ਹੈ ਸਭ ਲੋਕ ਬਰਾਬਰ ਹਨ। ਇਸ ਸੰਸਾਰ ਤੇ ਆਉਣ ਦਾ ਅਤੇ ਇਸ ਸੰਸਾਰ ਤੋਂ ਜਾਣ ਦਾ, ਭਾਵ ਕਿ ਜੰਮਣ ਸਭ ਦਾ ਇਕੋ ਜਿਹਾ ਹੈ ਅਤੇ ਮੌਤ ਵੀ ਸਭ ਨੂੰ ਆਉਣੀ ਹੀ ਆਉਣੀ ਹੈ। ਇਸ ਤੋਂ ਕੋਈ ਵੀ ਬਚ ਨਹੀਂ ਸਕਦਾ। ਫਿਰ ਨਫਰਤ ਕਾਹਦੀ? ਜੇ ਕਰ ਨਫਰਤ ਕਰਨੀ ਹੀ ਹੈ ਤਾਂ ਬੁਰਾਈਆਂ ਨਾਲ ਕਰੋ ਇਨਸਾਨਾ ਨਾਲ ਨਹੀਂ।
ਮੱਖਣ ਸਿੰਘ ਪੁਰੇਵਾਲ,
ਫਰਵਰੀ 09, 2020.


(ਨੋਟ:- ਰਿਪਬਲਿਕ ਪਾਰਟੀ ਦੇ ਸਾਬਕਾ ਕਾਰਜਨੀਤੀ ਕਾਰੀ ਰਿਕ ਵਿਲਸਨ ਦੀ ਇੰਟਰਵਿਊ ਪੜ੍ਹਨ ਅਤੇ ਸੁਣਨ ਲਈ ਹੇਠ ਦਿੱਤੇ ਲਿੰਕਾਂ ਤੇ ਕਲਿਕ ਕਰੋ। ਇਹ ਤਿੰਨ ਐਪੋਸੋਡ ਹਨ ਅਤੇ ਵਿਚਕਾਰਲਾ ਰਿਕ ਵਿਲਸਨ ਨਾਲ ਸੰਬੰਧਿਤ ਹੈ)

https://www.cbc.ca/radio/thecurrent/the-current-for-jan-30-2020-1.5445757/thursday-january-30-2020-full-transcript-1.5446693




.