.

ਬਲਿਹਾਰੀ ਕੁਦਰਤਿ ਵਸਿਆ ॥

ਦਾ ਸਿਧਾਂਤ ਸਮਝਾਉਂਦਾ ਹੈ ਕਿ ਇਹ ਦ੍ਰਿਸ਼ਟ ਅਤੇ ਅਦ੍ਰਿਸ਼ਟ ਸਭ ਇਕੋ ਦਾ ਹੀ ਪਾਸਾਰਾ ਹੈ, ਇਕੋ ਦਾ ਹੀ ਫੈਲਾਉ ਹੈ, ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥296 ਆਕਾਰ ਵੀ ਨਿਰੰਕਾਰ (ਗੁਪਤ) ਤੋਂ ਹੀ ਪੈਦਾ ਹੋਇਆ ਹੈ, ਵਿਗਿਆਨੀ ਵੀ ਮੰਨਦੇ ਹਨ ਕਿ non matter ਵਿੱਚੋ ਹੀ matter ਪੈਦਾ ਹੋਇਆ ਹੈ, ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥250 ਜਾਂ ਸਮਝਣ ਲਈ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਆਕਾਰ ਨਿਰੰਕਾਰ ਦਾ ਹੀ (ਦੂਜਾ) ਰੂਪ ਹੈ ਆਪਹਿ ਸੂਖਮ ਆਪਹਿ ਅਸਥੂਲਾ ॥ ਲਖੀ ਨ ਜਾਈ ਨਾਨਕ ਲੀਲਾ ॥ 250 ਗੁਪਤ ਰੂਪ ਵਿੱਚ ਵੀ ਉਹ ਆਪ ਹੀ ਹੈ ਤੇ ਪ੍ਰਗਟ ਰੂਪ ਵਿੱਚ ਵੀ ਉਹੀ ਹੈ, ਦ੍ਰਿਸ਼ਟ ਅਤੇ ਅਦ੍ਰਿਸ਼ਟ ਦੋਵੇਂ ਇਕੋ ਹੀ ਹਨ ਇਸ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ 862 ਇਹਨਾਂ ਨੂੰ ਦੋ ਸਮਝਣਾ ਸ਼ਬਦਾਂ ਦਾ ਹੀ ਇੱਕ ਭੁਲੇਖਾ ਹੈ ਜਿਵੇਂ ਆਕਾਰ ਰੂਪੀ ਬੀਝ ਵਿੱਚ ਲੁਕਿਆ ਦਰਖਤ ਨਹੀ ਦਿਸਦਾ, ਪਰ ਦੋ ਨਾਮ ਹੁੰਦੇ ਹੋਏ ਵੀ ਇਕੋ ਹੀ ਹੈ, ਛੱਲ ਜਾਂ ਬੁਲਬੁਲਾ ਤੇ ਪਾਣੀ ਦੋ ਦਿਸਦੇ ਹੋਏ ਵੀ ਇਕੋ ਹੀ ਹਨ, ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥485 ਵੱਖਰੇ (ਭਿੰਨ) ਹੋ ਨਹੀ ਸਕਦੇ, ਇਸੇ ਤਰਾਂ ਨਿਰਆਕਾਰ ਰੂਪੀ ਦੁੱਖ ਵਿੱਚ ਛੁਪਿਆ ਸੁੱਖ ਨਹੀ ਦਿਸਦਾ ਅਤੇ ਜੀਵਨ ਵਿੱਚ ਲੁਕੀ ਮੌਤ ਨਹੀ ਦਿਸਦੀ, ਪਰ ਇਹ ਇਕੋ ਹੀ ਹਨ, ਇਹਨਾਂ ਨੂੰ ਦੋ ਮੰਨਣਾ ਇੱਕ ਲਫਜ਼ੀ ਭੁਲੇਖਾ ਹੈ। ਬਿਲਕੁਲ ਇਸੇ ਤਰਾਂ ਕਿਰਤ ਵਿੱਚ ਲੁਕਿਆ ਕਰਤਾ ਨਜ਼ਰ ਨਹੀ ਆਉਂਦਾ, ਅਨੇਕਤਾ ਵਿੱਚ ਵਿਚਰਦਾ ਇੱਕ ਦਿਖਾਈ ਨਹੀ ਦਿੰਦਾ, ਕੁਦਰਤ ਵਿੱਚ ਰਮਿਆ ਰਾਮ ਨਹੀ ਦਿਸਦਾ, ਦ੍ਰਿਸ਼ਟਮਾਨ ਵਿੱਚ ਛੁਪਿਆ ਅਦ੍ਰਿਸ਼ਟ ਨਹੀ ਦਿਸਦਾ, ਪਰ ਜਿਵੇਂ ਕਰਤੇ ਬਿਨਾ ਕੁਦਰਤ ਦੀ ਹੋਂਦ ਨਹੀ ਤਿਵੇਂ ਕੁਦਰਤ ਬਿਨਾ ਕਰਤੇ ਨੂੰ ਜਾਣਿਆ ਨਹੀ ਜਾ ਸਕਦਾ। ਦੋਵੇਂ ਇਕੋ ਸਿਕੇ ਦੇ ਦੋ ਪਾਸੇ ਹਨ ਜਿਨ੍ਹਾਂ ਤੋਂ ਬਿਨਾ ਸਿਕੇ ਨੂੰ ਜਾਣਿਆ ਨਹੀ ਜਾ ਸਕਦਾ। ਸਰਗੁਣ ਨਿਰਗੁਣ ਥਾਪੈ ਨਾਉ ॥ ਦੁਹ ਮਿਲਿ ਏਕੈ ਕੀਨੋ ਠਾਉ ॥ 387 ਦੋਹਾਂ ਵਿੱਚ ਫਰਕ ਕੇਵਲ ਨਾਵਾਂ (ਨਿਰਗੁਣ ਤੇ ਸਰਗੁਣ) ਦਾ ਹੀ ਹੈ ਜਿਵੇਂ ਗੁਰਬਾਣੀ ਅਨੇਕਤਾ ਵਿੱਚ ਵੀ ਇਕੋ ਦਾ ਹੀ ਵਾਸਾ ਦਰਸਾਉਂਦੀ ਹੈ: (1) ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ 1381 (2) ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥250 (3) ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥ 406 (4) ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥ 907

ਏਕਤਾ ਤੋਂ ਹੀ ਅਨੇਕਤਾ ਹੈ ਤੇ ਅਨੇਕਤਾ ਵਿੱਚ ਹੀ ਇੱਕ ਹੈ। ਹੁਣ ਅਗਰ ਦੋ (ਕਾਦਰ ਤੇ ਕੁਦਰਤ) ਹੋਣ ਦਾ ਕੇਵਲ ਲਫਜ਼ੀ ਭੁਲੇਖਾ ਹੀ ਹੈ, ਕਹਿਣ ਨੂੰ ਹੀ ਦੋ ਲਗਦੇ ਹਨ ਪਰ ਅਸਲੀਅਤ ਵਿੱਚ ਉਹ ਦੋ ਨਹੀ ਹਨ ਤਾਂ ਉਹਨਾਂ ਨੂੰ ਇੱਕ ਜਾਂ ਦੋ ਨਾਮ ਦੇਣ ਨਾਲ ਅਸਲੀਅਤ ਨਹੀ ਬਦਲੇਗੀ। ਸਿਕੇ ਦੇ ਦੋ ਪਾਸੇ ਹੁੰਦੇ ਹੋਏ ਵੀ ਸਿੱਕਾ ਇਕੋ ਹੀ ਹੈ, ਪਾਣੀ ਵਿੱਚ ਹੀ ਬੁਲਬੁਲਾ ਵਸਦਾ ਹੈ ਤੇ ਬੁਲਬੁਲੇ ਵਿੱਚ ਹੀ ਪਾਣੀ ਹੈ, ਇਹਨਾਂ ਨੂੰ ਵੱਖ ਨਹੀ ਕੀਤਾ ਜਾ ਸਕਦਾ, ਬੁਲਬੁਲਾ ਵੀ ਪਾਣੀ ਹੀ ਹੈ, ਕੇਵਲ ਦੋ ਨਾਮ ਹੀ (ਦੋ ਹੋਣ ਦਾ) ਭੁਲੇਖਾ ਪਾਉਂਦੇ ਹਨ, ਇੱਕ ਦੇ ਹੀ ਦੋ ਨਾਮ ਹਨ। ਕੁਦਰਤ ਕਾਦਰ ਵਿੱਚ ਵਸਦੀ ਹੈ (ਨਿਰੰਕਾਰ ਮਹਿ ਆਕਾਰੁ ਸਮਾਵੈ ॥414 ) ਤੇ ਕਾਦਰ ਕੁਦਰਤ ਵਿੱਚ ਵਸਦਾ ਹੈ, (ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥469) ਦੋਨੋਂ ਇੱਕ ਹੀ ਹਨ ਤੇ ਵੱਖਰੇ ਨਾਮ ਦੇਣ ਨਾਲ ਉਹ ਅਲੱਗ (ਦੋ) ਨਹੀ ਹੋ ਜਾਣੇ। ਪਾਪ, ਪੁੰਨ, ਸੱਚ ਝੂਠ, ਦੁੱਖ ਸੁੱਖ, ਮੌਤ ਜੀਵਨ, ਦੋ ਨਾਮ ਹੁੰਦੇ ਹੋਏ ਵੀ ਇੱਕ ਹੀ ਹੈ, ਇੱਕ ਦੇ ਵਿੱਚ ਹੀ ਦੂਜਾ ਸਮਾਇਆ ਹੋਇਆ ਹੈ, ਇੱਕ ਦੀ ਹੋਂਦ ਹੀ ਦੂਜੇ ਦੀ ਅਣਹੋਂਦ ਹੈ, ਇੱਕ ਦੀ ਗੈਰਹਾਜ਼ਰੀ ਹੀ ਦੂਜੇ ਦਾ ਪ੍ਰਗਟਾਵਾ ਹੈ। ਫਿਰ ਜਦ ਉਹ ਦੋ ਹੈ ਹੀ ਨਹੀ, ਹੀ ਹੈ, ਤਾਂ ਕਾਦਰ ਨੂੰ ਕੁਦਰਤ ਜਾਂ ਕੁਦਰਤ ਨੂੰ ਕਾਦਰ ਕਹਿਣਾ ਕਿਸ ਸਿਧਾਂਤ ਦੀ ਉਲੰਘਣਾਂ ਹੈ? ਜਿਵੇਂ ਗੁਰੂ ਤੇ ਗਿਆਨ ਦੋ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਗਿਆਨ ਤੋਂ ਬਿਨਾ ਗੁਰੂ ਨਹੀ ਹੋ ਸਕਦਾ ਤੇ ਗੁਰੂ ਬਿਨਾ ਗਿਆਨ ਨਹੀ ਹੋ ਸਕਦਾ, ਦੋਵੇਂ ਇਕੋ ਹੀ ਹਨ। ਗਿਆਨ ਹੀ ਗੁਰੂ ਹੈ ਤੇ ਗੁਰੂ ਹੀ ਗਿਆਨ ਹੈ, ਇੱਕ ਦੇ ਵਿੱਚ ਹੀ ਦੂਜਾ ਵਸਦਾ ਹੈ, ਕੇਵਲ ਦੋ ਨਾਵਾਂ ਦਾ ਹੀ ਭੁਲੇਖਾ ਹੈ।

ਇਤਰਾਜ਼ ਇਹੀ ਉਠਾਇਆ ਜਾਂਦਾ ਹੈ ਕਿ ਆਕਾਰ (ਕੁਦਰਤ) ਬਿਨਸਣਹਾਰ ਹੈ ਇਸ ਲਈ ਉਹ ਅਬਿਨਾਸੀ (ਕਾਦਰ) ਨਹੀ ਹੋ ਸਕਦੀ ਪਰ ਇਹ ਵੀ ਇੱਕ ਹਕੀਕਤ ਹੈ ਕਿ ਆਕਾਰ (ਕੁਦਰਤ) ਬਿਨਾ ਕਾਦਰ (ਹੈ ਕਿ ਨਹੀ) ਦੀ ਸੂਝ ਵੀ ਨਹੀ ਹੋ ਸਕਦੀ। ਸਵਾਲ ਇਹ ਵੀ ਕੀਤਾ ਜਾਂਦਾ ਹੈ ਕਿ ਜਦੋਂ ਮਨੁੱਖ ਦੀ ਮ੍ਰਿਤੂ ਹੁੰਦੀ ਹੈ ਤਾਂ ਕੀ ਉਹਦੇ ਵਿੱਚ ਵਸਦਾ ਆਤਮਾ ਵੀ ਵਿਨਾਸ ਹੋ ਜਾਂਦਾ ਹੈ? ਕੀ ਕੁਦਰਤ ਦੇ ਬਿਨਸਨ ਨਾਲ ਉਸ ਵਿੱਚ ਵਸਦਾ ਕਾਦਰ ਵੀ ਬਿਨਸ ਜਾਂਦਾ ਹੈ?

ਇਹ ਇਤਰਾਜ਼ ਉਦੋਂ ਹੀ ਉਠਦਾ ਹੈ ਜਦੋਂ ਇੱਕ ਨੂੰ ਤੇ ਅਨੇਕਤਾ ਨੂੰ ਦੋ ਸਮਝਣ ਦਾ ਭੁਲੇਖਾ ਲਗਦਾ ਹੈ। ਸਭ ਜਾਣਦੇ ਹਨ ਕਿ ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਹਨ ਤੇ ਇੱਕ ਵੇਲੇ ਇੱਕ ਪਾਸਾ ਹੀ ਦਿਸਦਾ ਹੈ, ਪਰ ਜਦੋਂ ਪਾਸਾ ਬਦਲਿਆ ਜਾਵੇ ਤਾਂ ਦੂਜਾ ਪਾਸਾ, ਨਾਲ ਹੁੰਦਾ ਹੋਇਆ ਵੀ, ਅਲੋਪ ਜਾਂ ਗੁਪਤ ਹੋ ਜਾਂਦਾ ਹੈ। ਬਿਨਸਦਾ ਨਹੀ ਕੇਵਲ ਰੂਪ (ਪਾਸਾ) ਹੀ ਬਦਲਦਾ ਹੈ, ਇਸੇ ਤਰਾਂ ਹੀ ਕੁਦਰਤ ਤੇ ਕਾਦਰ ਹੈ, ਜਦੋਂ ਨਿਰੰਕਾਰ ਹੈ ਉਦੋਂ (ਉਹਦੇ ਵਿੱਚ ਛੁਪਿਆ) ਆਕਾਰ ਨਹੀ ਦਿਸਦਾ ਤੇ ਜਦੋਂ ਪਾਸੇ ਦਾ ਬਦਲਾਉ ਹੁੰਦਾ ਹੈ ਉਦੋਂ ਆਕਾਰ ਨਜ਼ਰ ਆਉਂਦਾ ਹੈ ਪਰ (ਉਹਦੇ ਵਿੱਚ ਰਮਿਆ) ਨਿਰੰਕਾਰ ਨਹੀ ਦਿਸਦਾ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥657 ਬਿਨਸਦਾ ਕੁੱਝ ਵੀ ਨਹੀ, ਜੰਮਦਾ ਮਰਦਾ ਕੁੱਝ ਵੀ ਨਹੀ, ਰੂਪਾਂ ਦਾ ਹੀ ਬਦਲਾਉ ਹੈ, ਪਾਣੀ ਦਾ ਬਦਲਵਾਂ ਰੂਪ ਹੀ ਲਹਿਰ ਜਾਂ ਬੁਲਬੁਲਾ ਹੈ। ਬੁਲਬੁਲਾ ਜਾਂ ਲਹਿਰ ਮਰਦੇ (ਬਿਨਸਦੇ) ਨਹੀ, ਕੇਵਲ ਰੂਪ ਹੀ ਬਦਲਦਾ ਹੈ, ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥209 (2) ਓਹੁ ਅਬਿਨਾਸੀ ਬਿਨਸਤ ਨਾਹੀ ॥ ਨਾ ਕੋ ਆਵੈ ਨਾ ਕੋ ਜਾਹੀ ॥ 736 ਉਹੀ ਆਕਾਰ ਹੈ ਤੇ ਉਹੀ ਨਿਰੰਕਾਰ ਹੈ, ਦੋ ਨਹੀ ਇਕੋ ਹੀ ਹੈ, ਅਤੇ ਜਦੋਂ ਜੰਮਦਾ ਮਰਦਾ ਕੁਛ ਵੀ ਨਹੀ, ਤਾਂ ਦੋਹਾਂ ਰੂਪਾਂ ਵਿੱਚ ਹੁੰਦਾ ਹੋਇਆ ਵੀ ਉਹ ਅਬਿਨਾਸੀ (ਆਪ) ਹੀ ਹੈ। ਇਸ ਲਈ ਅਗਰ ਬਿਨਸਦਾ ਕੁੱਝ ਨਹੀ ਕੇਵਲ ਰੂਪਾਂ ਦਾ ਹੀ ਬਦਲਾਉ ਹੈ ਤਾਂ ਆਕਾਰ ਤੇ ਨਿਰੰਕਾਰ ਜਾਂ ਕਾਦਰ ਤੇ ਕੁਦਰਤ ਨੂੰ ਵੱਖ ਕਿਵੇਂ ਕੀਤਾ ਜਾ ਸਕਦਾ ਹੈ? ਇੱਕ ਦੇ ਹੀ ਦੋ ਨਾਮ ਹਨ।

ਗੁਰਬਾਣੀ ਫੁਰਮਾਨ ਹੈ ਕਿ:- ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥1136 ਭਾਵ ਜਲ ਜਾਇ ਉਹ ਮੂੰਹ ਜੋ ਇਹ ਕਹਿੰਦਾ ਹੈ ਕਿ ਠਾਕਰ ਜੂਨਾਂ ਵਿੱਚ ਆਉਂਦਾ ਹੈ ਪਰ ਉਸ ਤੋਂ ਬਿਨਾ ਤਾਂ ਕੁੱਛ ਹੈ ਹੀ ਨਹੀ ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥930 ਜੰਮਣਾ ਮਰਨਾ ਹੀ ਜੂਨਾਂ ਵਿੱਚ ਆਉਣਾ ਹੈ, ਪਰ ਕਿਉਂਕਿ ਜੰਮਦਾ ਮਰਦਾ ਕੁੱਛ ਵੀ ਨਹੀ, ਇਸ ਲਈ ਆਕਾਰ ਵੀ ਉਹੀ ਹੈ ਤੇ ਨਿਰੰਕਾਰ ਵੀ ਉਹੀ ਹੈ, ਸਦਾ ਅਬਿਨਾਸੀ ਹੈ, ਕੇਵਲ ਰੂਪ ਹੀ ਬਦਲਦਾ ਹੈ। ਨਿਰੰਕਾਰ ਦਾ ਆਕਾਰ ਰੂਪ ਵਿੱਚ ਆਉਣਾ ਹੀ ਉਸ ਦਾ ਰੂਪ ਬਦਲਨਾ ਹੈ, ਇਹੀ (ਆਕਾਰ) ਉਸ ਨਿਰਆਕਾਰ ਦੀ ਹੋਂਦ ਦਾ ਪ੍ਰਗਟਾਵਾ ਹੈ, ਜਿਸ ਤੋਂ ਬਿਨਾ ਉਸ ਨੂੰ ਜਾਨਣ ਦਾ ਕੋਈ ਉਪਾਉ ਹੀ ਨਹੀ।

ਗੁਰਬਾਣੀ ਦੇ ਸਿਧਾਂਤ ਨੂੰ ਸਮਝਾਵਣ ਲਈ ਇਹ ਦੋ ਵੱਖਰੇ ਸ਼ਬਦ (ਕੁਦਰਤ ਤੇ ਕਾਦਰ) ਵਰਤੇ ਗਏ ਹਨ ਤੇ ਜਿਸ ਨੂੰ ਇਹ ਸੂਝ ਆ ਗਈ ਕਿ ਦੋਹਾਂ ਵਿੱਚ ਇਕੋ ਵਸਦਾ ਹੈ, ਅਨੇਕਤਾ ਵਿੱਚ ਹੀ ਇੱਕ ਵਸਦਾ ਹੈ ਤੇ ਇੱਕ ਦੇ ਵਿੱਚ ਹੀ ਅਨੇਕਤਾ ਵਸਦੀ ਹੈ ਤਾਂ ਉਹ ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥485 ਕਹੇ ਬਿਨਾ ਕਿਵੇਂ ਰਹਿ ਸਕਦਾ ਹੈ? ਕੀ "ਸਭੁ ਗੋਬਿੰਦੁ" ਕਹਿਣ ਵਿੱਚ (ਮੰਨੀ ਜਾਂਦੀ ਬਿਨਸਣਹਾਰ) ਕੁਦਰਤ ਨਹੀ ਆਉਂਦੀ? ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥ ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥555 ਆ ਜੇ ਅੰਦਰ ਬਾਹਰ, ਜਾਹਰ ਤੇ ਗੁਪਤ ਦੋਨੋਂ ਇਕੋ ਹੀ ਹਨ ਤਾਂ ਫਿਰ ਜਾਹਰ (ਕੁਦਰਤ) ਨੂੰ ਕਾਦਰ ਕਹਿਣ ਵਿੱਚ ੴ ਦੇ ਸਿਧਾਂਤ ਦੀ ਉਲੰਘਣਾ ਨਹੀ ਹੋਣੀ ਚਾਹੀਦੀ। ਕੀ ਇਥੇ "ਜਾਹਰਿ" ਕੁਦਰਤ ਨੂੰ ਵੀ ਕਾਦਰ ਨਹੀ ਆਖਿਆ ਗਿਆ? ਉਠਦੇ ਇਤਰਾਜ਼ ਦਾ ਕਾਰਨ ਕੇਵਲ ਲਫਜ਼ਾਂ (ਕਾਦਰ ਤੇ ਕੁਦਰਤ) ਦਾ ਹੀ ਭੁਲੇਖਾ ਹੈ।

ਦੂਜੇ ਪਾਸਿਉਂ ਜੇ ਵੇਖਿਆ ਜਾਵੇ ਤਾਂ ਜਿਸ ਨੂੰ ਆਮ ਬਿਨਸਣਾ, ਮਰਨਾ ਜਾਂ ਖਤਮ ਹੋ ਜਾਣਾ ਮੰਨਿਆ ਜਾਂਦਾ ਹੈ, ਗੁਰਬਾਣੀ ਅਨੁਸਾਰ ਤਾਂ ਕੁੱਝ ਵੀ ਨਹੀ ਬਿਨਸਦਾ ਜਾਂ ਮਰਦਾ, ਕੇਵਲ ਰੂਪ ਹੀ ਬਦਲਦੇ ਹਨ ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥281 ਨਾ ਕੁਛ ਆਉਂਦਾ ਹੈ ਤੇ ਨਾ ਕੁਛ ਜਾਂਦਾ ਹੈ ਕੇਵਲ ਰੂਪਾਂ ਦਾ ਪਲਟਾਵਾ ਹੀ ਹੁੰਦਾ ਹੈ। ਇਹ ਤਾਂ ਇੱਕ ਸਾਧਾਰਨ ਜਿਹੀ ਗਲ ਹੈ ਕਿ ਜੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਦੋਵੇਂ ਉਹ ਅਬਿਨਾਸੀ ਦਾ ਹੀ ਰੂਪ ਪਲਟਾਵਾ ਹੈ ਤਾਂ ਉਸ ਦੇ ਜੂਨਾਂ ਵਿੱਚ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ। ਗੁਰਬਾਣੀ ਵਿੱਚ ਅਨੇਕਾਂ ਵਾਰੀ ਆਕਾਰਾਂ ਦੇ ਬਿਨਸਣ ਦਾ ਜ਼ਿਕਰ ਤਾਂ ਆਉਂਦਾ ਹੈ ਜਿਵੇਂ ਦਦਾ ਦੇਖਿ ਜੁ ਬਿਨਸਨਹਾਰਾ ॥ ਜਸ ਅਦੇਖਿ ਤਸ ਰਾਖਿ ਬਿਚਾਰਾ ॥341 ਪਰ ਅਗਰ ਗੁਰਬਾਣੀ ਅਨੁਸਾਰ ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ 862 ਇਕੋ ਹੀ ਹਨ, ਭਾਵ ੴ ਹੀ ਹੈ, ਤਾਂ ਦ੍ਰਿਸ਼ਟੋ ਬਿਨਸਨਹਾਰ ਕਿਵੇਂ ਹੋ ਸਕਦਾ ਹੈ? ਰੂਪ ਬਦਲਾਉ ਨੂੰ ਹੀ ਬਿਨਸਣਾ ਕਿਹਾ ਗਿਆ ਹੈ। ਆਕਾਰ ਰੂਪਾਂ ਦਾ ਬਦਲਾਉ ਤਾਂ ਪਲ ਪਲ ਹੁੰਦਾ ਹੈ ਪਰ ਆਕਾਰ ਵਿੱਚ ਵਸਦਾ ਨਿਰੰਕਾਰ ਸਦਾ ਥਿਰ ਹੈ ਜਿਸ ਦੇ ਕਾਰਨ ਗੁਰਬਾਣੀ ਮਨੁੱਖ ਨੂੰ ਬਦਲਦੇ ਆਕਾਰੀ ਰੂਪ ਨਾਲ ਨਹੀ ਬਲਿਕੇ ਸਦੀਵੀ ਥਿਰ ਨਿਰੰਕਾਰ ਰੂਪ (ਗੁਣਾਂ) ਨਾਲ ਜੁੜਨ ਲਈ ਪ੍ਰੇਰਦੀ ਹੈ। ਬਦਲਵੇਂ ਰੂਪਾਂ ਵਿੱਚ ਸੱਚੇ ਰੂਪ ਦਾ ਪਤਾ ਨਹੀ ਚਲਦਾ ਇਸ ਲਈ (ਪਲ ਪਲ) ਬਦਲਦੀ ਜੱਗ ਰਚਨਾ ਝੂਠ ਦਿਖਾਈ ਪੈਂਦੀ ਹੈ ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥1429 ਪਰ ਜਦੋਂ ਗੁਰੂ ਦੀ ਸੋਝੀ ਦੁਆਰਾ ਬਦਲਦੀ ਜੱਗ ਰਚਨਾ ਵਿੱਚ ਛੁਪੇ (ਥਿਰ) ਨਿਰੰਕਾਰ ਦੀ ਸੂਝ ਪੈਂਦੀ ਹੈ ਤਾਂ ਉਹੀ ਝੂਠੀ ਜੱਗ ਰਚਨਾ ਸੱਚੇ ਦੀ ਕੋਠੜੀ ਲਗਦੀ ਹੈ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥463 ਗੁਰਬਾਣੀ ਫੁਰਮਾਨ ਹੈ:- ਏਕਸੁ ਤੇ ਸਭੁ ਦੂਜਾ ਹੂਆ ॥ ਏਕੋ ਵਰਤੈ ਅਵਰੁ ਨ ਬੀਆ ॥ ਦੂਜੇ ਤੇ ਜੇ ਏਕੋ ਜਾਣੈ ॥ ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ ਸਤਿਗੁਰੁ ਭੇਟੇ ਤਾ ਏਕੋ ਪਾਏ ॥ ਵਿਚਹੁ ਦੂਜਾ ਠਾਕਿ ਰਹਾਏ ॥ 842 ਇਕੋ ਦੇ ਰੂਪ ਬਦਲਾਉ ਨੂੰ ਹੀ ਦੂਜਾ ਆਖਿਆ ਹੈ ਵਰਨਾ ਦੂਜਾ ਕੋਈ ਹੈ ਨਹੀ। ਆਕਾਰ (ਕੁਦਰਤ) ਤੋਂ ਬਿਨਾ ਕਰਤੇ ਦੇ ਗੁਣਾਂ ਜਾਂ ਉਸ ਦੀ ਹੋਂਦ ਨੂੰ ਜਾਣਿਆ ਨਹੀ ਜਾ ਸਕਦਾ, ਕੁਦਰਤ (ਰੂਪ) ਦੇ ਨਿਯਮ (ਗੁਣ) ਹੀ ਉਸ ਦਾ (ਨਿਰਆਕਾਰ) ਰੂਪ ਹਨ, ਇਸ ਲਈ ਕੁਦਰਤ ਦੇ ਨਿਯਮਾਂ (ਹੁਕਮ, ਭਾਣੇ) ਨਾਲ ਇੱਕ ਮਿਕ ਹੋਣਾ ਹੀ ਕਾਦਰ ਨਾਲ ਇੱਕ ਮਿਕ ਹੋਣਾ ਹੈ। ਸਮੁਚੀ ਗੁਰਬਾਣੀ ਕਰਤੇ/ਕੁਦਰਤ ਦੇ ਨਿਯਮਾਂ (ਹੁਕਮ) ਵਿੱਚ ਚਲਣ ਲਈ ਪ੍ਰੇਰਦੀ ਹੈ ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥471 ਤਾਂ ਕੇ ਮਿਥੇ ਹੋਏ ਦੂਜੇ (ਆਕਾਰ ਰੂਪ) ਤੋਂ ਹੀ ਇੱਕ (ਨਿਰਆਕਾਰ ਰੂਪ) ਨੂੰ ਜਾਣਿਆ ਜਾਂ ਬੁਝਿਆ ਜਾ ਸਕੇ।

ਗੁਰਬਾਣੀ ਫੁਰਮਾਨ ਹੈ ਕਿ:- ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥ ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥1295 ਭਾਵ ਕਿ ਪਰਮਾਤਮਾ ਦੇ ਕਈ ਕਿਸਮਾਂ ਦੇ ਰੂਪ ਰੰਗ ਹਨ ਤੇ ਹਰੇਕ ਸਰੀਰ (ਆਕਾਰ) ਵਿੱਚ ਪਰਮਾਤਮਾ ਗੁਪਤ (ਨਿਰ-ਆਕਾਰ) ਰੂਪ ਵਿੱਚ ਵਸ ਰਿਹਾ ਹੈ। ਜਿਨ੍ਹਾ ਨੂੰ (ਸੰਤ) ਗੁਰੂ ਮਿਲ ਪੈਂਦਾ ਹੈ ਉਹਨਾਂ ਨੂੰ (ਆਕਾਰਾਂ ਵਿੱਚ ਵਸਦੇ) ਨਿਰੰਕਾਰ ਦੀ ਸੂਝ ਹੋ ਜਾਂਦੀ ਹੈ----। ਮਨੁਖੀ ਸਰੀਰ (ਭਾਵ ਆਕਾਰ) ਤਾਂ ਬਦਲਦਾ ਹੈ ਪਰ ਵਿੱਚ ਵਸਦਾ (ਗੁਪਤ) ਨਿਰੰਕਾਰ, ਜਿਸ ਦਾ ਆਕਾਰ ਕੋਈ ਨਹੀ, ਕਿਵੇਂ ਬਦਲ ਸਕਦਾ ਹੈ? ਇਹੀ ਤਾਂ ਉਸ ਬਾਜ਼ੀਗਰ ਦੀ ਅਜਬ ਖੇਡ ਹੈ ਬਾਜੀਗਰਿ ਇਕ ਬਾਜੀ ਪਾਈ ॥ ਪੂਰੇ ਗੁਰ ਤੇ ਨਦਰੀ ਆਈ ॥1061 ਕਿ ਹਰੀ ਦੇ ਬਿਨਾ ਸਰੀਰ ਨਹੀ ਪਰ ਸਰੀਰ ਦੇ ਬਿਨਾ ਉਸ ਗੁਪਤ ਹਰੀ ਦੀ ਪਹਿਚਾਨ ਨਹੀ। ਗੁਰੂ ਇਹੋ ਹੀ ਸਮਝਾਉਂਦਾ ਹੈ ਕਿ ਦੋਵੇਂ ਇਕੋ ਹੀ ਹਨ ਸਭੁ ਗੋਬਿੰਦੁ ਹੈ ਅਤੇ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਬੀਠਲ ਬਿਨਾ ਸੰਸਾਰ ਨਹੀ ਤੇ ਸੰਸਾਰ ਬਿਨਾ ਬੀਠਲ ਦੀ ਪਹਿਚਾਨ ਨਹੀ, ਤਾਂ ਵੱਖਰੇ ਜਾਂ ਇੱਕ ਨਾਮ ਦੇਣ ਨਾਲ ਸਿਧਾਂਤ ਵਿੱਚ ਕੋਈ ਫਰਕ ਨਹੀ ਪੈਂਦਾ। ਸੂਝ ਬੂਝ ਲਈ ਹੀ ਦੋ ਨਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਰਨਾ ਅਬਿਨਾਸੀ ਬਿਨਾ ਬਿਨਸਨਹਾਰ ਦੀ ਹੋਂਦ ਨਹੀ ਤੇ ਬਿਨਸਨਹਾਰ ਹੀ ਅਬਿਨਾਸੀ ਦੀ ਪਹਿਚਾਨ ਹੈ। ਇਕੋ ਦਾ ਹੀ ਪਾਸਾਰਾ ਹੈ, ਕਿਰਤ ਵੀ ਉਸ ਦਾ ਹੀ ਇੱਕ ਰੂਪ ਹੈ, ਇਸ ਲਈ ਜਦ ਦੋਨਾਂ ਨੂੰ ਅਲੱਗ ਨਹੀ ਕੀਤਾ ਜਾ ਸਕਦਾ, ਕੇਵਲ ਦੋ ਨਾਵਾਂ ਦਾ ਹੀ ਭੁਲੇਖਾ ਹੈ ਤਾਂ ਕੁਦਰਤ ਨੂੰ ਕਾਦਰ ਜਾਂ ਕਾਦਰ ਨੂੰ ਕੁਦਰਤ ਕਹਿਣ ਨਾਲ ਕਿਸੇ ਕੁਦਰਤੀ ਸਿਧਾਂਤ ਦੀ ਉਲੰਘਣਾ ਨਹੀ ਜਾਪਦੀ। ਜਦੋਂ ਤੱਕ ਇੱਕ ਨੂੰ ਦੋ ਕਰਕੇ ਮੰਨਿਆ ਜਾਵੇਗਾ, ਉਦੋਂ ਤੱਕ ਇਹੋ ਜਿਹੇ ਅਨੇਕਾਂ ਸਵਾਲ ਉਠਦੇ ਹੀ ਰਹਿਣਗੇ ਕਿ ਆਂਡਾ ਪਹਿਲਾਂ ਜਾਂ ਕੁਕੜੀ, ਕਾਦਰ ਤੋਂ ਕੁਦਰਤ ਹੈ ਜਾਂ ਕੁਦਰਤ ਤੋਂ ਕਾਦਰ --ਆਦਿ--।

ਦਰਸ਼ਨ ਸਿੰਘ,

ਵੁਲਵਰਹੈਂਪਟਨ ਯੂ. ਕੇ.




.