.

"ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ" (ਪੰ: ੩੯੮)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ" (ਪੰ: ੩੯੮) "ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ" (ਪੰ: ੩੫੦) ਏਕੋ ਅਲਾ ਪਾਰਬਰਹਮ (ਪੰ੮੯), "ਤੁਝ ਬਿਨੁ ਦੂਜਾ ਅਵਰੁ ਨ ਕੋਈ, ਸਭੁ ਤੇਰਾ ਖੇਲੁ ਅਖਾੜਾ ਜੀਉ" (ਪੰ: ੧੦੩) ਨਾਨਕ ਆਪੇ ਆਪਿ ਵਰਤੈ, ਗੁਰਮੁਖਿ ਸੋਝੀ ਪਾਵਣਿਆ (ਪੰ: ੧੧੩) ਏਕਮ ਏਕੈ ਆਪ ਉਪਾਇਆ (ਪੰ: ੧੧੩} ਆਪੇ ਥਾਪਿ ਉਥਾਪੇ ਆਪੇ॥ ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ॥ ੬ ਆਪੇ ਮਾਰੇ ਆਪਿ ਜੀਵਾਏ॥ ਆਪੇ ਮੇਲੇ ਮੇਲਿ ਮਿਲਾਏ. ." (ਪੰ: ੧੨੫) "ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ" (ਪੰ: ੧੩੫ ਏਕ ਤੂਹੀ ਏਕ ਤੂਹੀ (ਪੰ: ੧੪੩) "ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ" (ਪੰ: ੨੭੬) ਸਗਲ ਸਮਿਗ੍ਰੀ ਏਕਸੁ ਘਟ ਮਾਹਿ॥ ਅਨਿਕ ਰੰਗ ਨਾਨਾ ਦ੍ਰਿਸਟਾਹਿ (ਪੰ: ੨੯੩) ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ (ਪੰ: ੪੬੩) ਏਕ ਕਵਾਵੈ ਤੇ ਸਭ ਹੋਆ (ਪੰ: ੧੦੦੩) ਏਕੋ ਏਕ ਵਰਤੇ ਸਭ ਸੋਈ (ਪੰ: ੧੦੪੭) ਏਕੋ ਏਕ ਰਵਿਆ ਸਭ ਠਾਈ (ਪੰ: ੧੦੮੦) ਏਕੋ ਕਰਤਾ ਅਵਰ ਨ ਕੋਇ (ਪੰ: ੧੧੭੭) ਏਕੋ ਏਕ ਰਹਿਆ ਭਰਪੂਰਿ (ਪੰ: ੧੧੭੭) ਏਕੋ ਏਕ ਵਰਤੇ ਹਰਿ ਲੋਇ (ਪੰ: ੧੧੭੭) ਏਕੋ ਕਰਤਾ ਜਿਸ ਜਗ ਕੀਆ (ਪੰ: ੧੧੮੮) ਏਕੋ ਕਰਤਾ ਆਪੇ ਆਪ (ਪੰ: ੧੨੭੧) ਏਕੋ ਰਵਿ ਰਹਿਆ ਸਭ ਠਾਈ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ (ਪੰ: ੧੩੪੫)

ਏਕੋ ਕਰਤਾ ਅਵਰੁ ਨ ਕੋਇ (ਪੰ: ੧੧੭੪) - ਦਰਅਸਲ ਸਾਨੂੰ ਇਸ ਪੱਖੋਂ ਗੁਰਬਾਣੀ ਦੇ ਮੂਲ ਸਿਧਾਂਤ ਨੂੰ ਸਮਝਣ ਦੀ ਲੋੜ ਹੈ ਗੁਰਬਾਣੀ ਦਾ ਅਕਾਲਪੁਰਖੁ ਸਾਰੇ ਸੰਸਾਰ ਦਾ ਇਕੋ ਹੀ ਹੈ ਅਤੇ ਉਸਦੀ ਪਛਾਣ ੴ ਕਹਿ ਕੇ ਸੰਪੂਰਣ ਮੰਗਲਾਚਰਣ (ਮੂਲਮੰਤ੍ਰ) `ਚ ਕਰਵਾ ਦਿੱਤੀ ਗਈ ਹੈ। ਗੁਰੂ ਦਰ ਤੇ ਮੂਰਤੀ ਪੂਜਾ, ਸਰੀਰ ਪੂਜਾ, ਅਵਤਾਰ ਪੂਜਾ ਜਾਂ ਦੇਵ ਪੂਜਾ ਨੂੰ ਜਾਂ ਫ਼ਿਰ ਕਰਤੇ ਦਾ ਲੜ ਛੱਡ ਕੇ ਕਿਸੇ ਵੀ ਹੋਰ ਦੀ ਪੂਜਾ ਨੂੰ ਪ੍ਰਵਾਣ ਹੀ ਨਹੀ ਕੀਤਾ। ਗੁਰਬਾਣੀ ਦਾ ਸਪਸ਼ਟ ਫ਼ੈਸਲਾ ਹੈ "ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ" (ਪੰ: ੪੭੦) ਭਾਵ ਅਕਾਲਪੁਰਖੁ ਦਾ ਲੜ ਛੱਡ ਕੇ ਜਿਹੜੇ ਇਧਰ ਉਧਰ ਭਟਕ ਜਾਂਦੇ ਹਨ, ਉਹ ਲੋਕ ਆਪਣਾ ਮਨੁੱਖਾ ਜਨਮ ਗੁਆ ਕੇ ਮੁੜ ਜਨਮ-ਮਰਣ ਦੇ ਗੇੜ੍ਹ `ਚ ਫਸ ਜਾਂਦੇ ਹਨ। ਇਥੇ ਤਾਂ "ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ੲੈਕੋ ਕਹੀਐ ਨਾਨਕਾ ਦੂਜਾ ਕਾਹੇ ਕੂ" (੧੨੯੧) ਹੋਰ ਲਵੋ "ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ" (ਪੰ: ੨੭੬)।

"ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ" -ਧੰਨ ਹਨ ਗੁਰੂ ਪਾਤਸ਼ਾਹ ਤੇ ਧੰਨ ਹੈ ਉਨ੍ਹਾਂ ਦੀ ਸੰਸਾਰ ਨੂੰ ਦੇਣ। ਜਿਉਂ ਜਿਉਂ ਬਾਣੀ ਦੀ ਗਹਿਰਾਈ ਚ ਜਾਵੋ, ਮਨ ਹੈਰਾਨ ਹੁੰਦਾ ਹੈ। ਪੁਰਾਤਨ ਰਚਨਾਵਾਂ `ਚੋ ਸ਼ਾਇਦ ਹੀ ਕੋਈ ਮਿਸਾਲ ਜਾਂ ਹਵਾਲਾ ਬਚਿਆ ਹੋਵੇ ਜਿਹੜਾ ਗੁਰਦੇਵ ਨੇ ਬਾਣੀ `ਚ ਦੇ ਕੇ ਉਸਦੀ ਸਚਾਈ ਨੂੰ ਸਾਡੇ ਸਾਹਮਣੇ ਨਾ ਲਿਆਂਦਾ ਹੋਵੇ ਜਾਂ ਲੋੜ ਮੁਤਾਬਕ ਝੂਠ ਨੂੰ ਨੰਗਾ ਨਾ ਕੀਤਾ ਹੋਵੇ। ਪੁਰਾਤਨ ਰਚਨਾਵਾਂ ਦਾ ਇੰਨਾਂ ਸਰਬਪੱਖੀ ਗਿਆਨ ਤਾਂ ਸ਼ਾਇਦ ਵੱਡੇ ਤੋਂ ਵੱਡੇ ਵੇਦਾਚਾਰੀਆ, ਸ਼ਾਸਤ੍ਰੀ ਜਾਂ ਪੰਡਿਤ ਨੂੰ ਵੀ ਨਾ ਹੋਵੇ। ਕੇਵਲ ਓਪਰੀ ਨਜ਼ਰੇ ਗੁਰਬਾਣੀ ਦੇ ਆਪ ਮਿਥੇ ਪ੍ਰਭਾਵ ਲੈ ਲੈਣੇ, ਬਾਣੀ ਦੀ ਘੋਰ ਬੇਅਦਬੀ ਹੈ। ਜਿੰਨ੍ਹਾਂ ਧਾਰਨਾਵਾਂ-ਵਿਸ਼ਵਾਸਾਂ ਤੇ ਫੋਕਟ ਸ਼੍ਰਧਾਵਾਂ ਨੂੰ ਗੁਰੂ ਸਾਹਿਬ ਨੇ ਦੀਦਾ-ਦਲੇਰੀ ਤੇ ਸੂਰਮਤਾਈ ਨਾਲ ਕੱਟ ਕੇ ਸਾਡੇ ਜੀਵਨ ਨੂੰ ਸਾਫ਼-ਸੁਥਰਾ ਕੀਤਾ, ਮਨੁੱਖ ਨੂੰ ਇਲਾਹੀ ਜੀਵਨ `ਚ ਲਿਆਉਣ ਦਾ ਬੀੜਾ ਚੁੱਕਿਆ ਪਰ ਅਜ ਅਸੀਂ ਕਿਥੇ ਖੜੇ ਹਾਂ? ਜੇ ਸੰਸਾਰ ਨਾਲ ਅਸੀਂ ਇਨਸਾਫ਼ ਕਰਣ ਜੋਗੇ ਨਹੀਂ ਤਾਂ ਘੱਟੋ ਘੱਟ ਬਾਣੀ ਦੇ ਆਪ ਮਿਥੇ, ਉਲਟੇ-ਪੁਲਟੇ ਅਰਥ- ਪ੍ਰਭਾਵ ਲੈ ਕੇ ਆਪਣੇ ਜੀਵਨ ਨੂੰ ਤਬਾਹ ਤੇ ਨਾ ਕਰੀਏ। ਲੋੜ ਹੈ, ਕੇਵਲ ਗੁਰਬਾਣੀ ਦੇ ਸੇਵਕ ਬਨਣ ਦੀ ਗੁਰਬਾਣੀ ਦੀ ਆਗਿਆ `ਚ ਚੱਲਣ ਦੀ। ਫ਼ੁਰਮਾਨ ਹੈ "ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ" (ਪੰ: ੬੭) ਕਿ ਤੇ "ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ" (ਪੰ: ੯੮੨)। ਤਾਂਤੇ ਜੇਕਰ ਚਾਹੁੰਦੇ ਹਾਂ ਕਿ ਗੁਰਬਾਣੀ ਦੀ ਰੋਸ਼ਨੀ ਸਾਡੇ ਜੀਵਨ `ਚ ਹੋਵੇ ਅਤੇ ਭੁਲੇਖਿਆਂ ਨਾ ਫ਼ਸੀਏ ਤਾਂ ਇਹ ਵੀ ਜ਼ਰੂਰੀ ਹੈ, ਗੁਰਬਾਣੀ ਨੂੰ ਉਸਦੇ ਠੀਕ ਅਰਥਾਂ `ਚ ਸਮਝ ਕੇ ਆਪਣੇ ਜੀਵਨ ਦੀ ਸੰਭਾਲ ਕਰੀਏ।

ਹੁਣ ਇਸ ਤੋਂ ਅਗੇ ਗੱਲ ਕਰਦੇ ਹਾਂ ਸੂਰਜ, ਚੰਦ, ਹਵਾ, ਅਗਨੀ, ਪਾਨੀ, ਨਦੀਆਂ ਜੋ ਕਰਤੇ ਦੀਆਂ ਦਾਤਾਂ ਹਨ। ਦੂਜਿਆਂ ਨੇ ਇੰਨ੍ਹਾਂ ਨੂੰ ਵੀ ਦੇਵੀਆਂ-ਦੇਵਤੇ ਕਰਕੇ ਮੰਨਿਆ ਤੇ ਪੂਜਾ ਵੀ ਕਰਦੇ ਹਨ ਇਸੇ ਤਰ੍ਹਾਂ ਵੈਦਕ ਮੱਤ ਦੇ ਮੁੱਖ ਦੇਵਤੇ ਬ੍ਰਹਮਾ, ਵਿਸ਼ਨੂੰ, ਮਹੇਸ਼, ਪਾਰਬਤੀ ਹਨ। ਇੰਨ੍ਹਾਂ ਤੋਂ ਛੁੱਟ ਸੁਰਗ ਦਾ ਰਾਜਾ ਇੰਦ੍ਰ ਜੋ ਬੱਦਲਾਂ ਦਾ ਦੇਵਤਾ ਅਤੇ ਸੂਰਜ-ਚੰਦ ਸਮੇਤ ਸਾਰੇ ਦੇਵੀਆਂ ਦੇਵਤੇ ਉਸਦੀ ਪ੍ਰਜਾ ਦੱਸੇ ਹਨ। ਦੂਜੇ ਪਾਸੇ ਗੁਰਮੱਤ ਇੰਨ੍ਹਾਂ ਦੇਵੀ ਦੇਵਤਿਆਂ ਦੀ ਥਿਊਰੀ ਨੂੰ ਹੀ ਪ੍ਰਵਾਣ ਨਹੀਂ ਕਰਦੀ। ਹਾਂ ਇੰਨ੍ਹਾਂ ਚੋਂ ਕੁੱਝ ਨੂੰ ਅਕਾਲਪੁਰਖੁ ਦੀਆਂ ਸ਼ਕਤੀਆਂ ਦਾ ਨਾਂ ਦਿੱਤਾ ਹੈ ਜਾਂ ਫ਼ਿਰ ਲੋਕਾਈ ਨੂੰ ਇਸ ਦੇਵੀ-ਦੇਵਤਾ ਵਾਦ ਦੇ ਭਰਮਾਂ ਚੋਂ ਕੱਢਣ ਲਈ ਵੀ ਇੰਨ੍ਹਾਂ ਦਾ ਨਾਂ ਬਾਣੀ `ਚ ਅਨੇਕਾਂ ਵਾਰੀ ਆਇਆ ਹੈ। ਜਿਵੇਂ

"ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ" (ਪੰ: ੪੬੪)

ਫ਼ਿਰ ਇਸੇ ਇੰਦ੍ਰ ਲੋਕ ਦਾ ਹੀ ਅਗੇ ਫੈਲਾਅ ਸੁਰਗ, ਨਰਕ, ਜਮਲੋਕ, ਦੇਵ ਲੋਕ, ਧਰਮ ਰਾਜ, ਜਮਰਾਜ, ਚਿਤ੍ਰਗੁਪਤ, ਪਿਤ੍ਰੀ ਲੋਕ, ਪਾਰਜਾਤ, ਕਲਪ ਬਿਰਖ, ਧਨਵੰਤ੍ਰੀ ਵੈਦ, ਕਾਮਧੇਨ ਗਊ, ਗੰਧਰਵ, ਕਿੰਨਰ ਆਦਿ ਬੇਅੰਤ ਹੈ। ਸੁਆਲ ਪੈਦਾ ਹੁੰਦਾ ਹੈ ਜਦੋਂ ਉਸ ਸਾਰੇ ਦੀ ਮੂਲ ਮੁੱਖ ਦੇਵਤੇ ਇੰਦ੍ਰ ਦੀ ਹੋਂਦ ਨੂੰ ਹੀ ਗੁਰਮੱਤ ਨੇ ਕੱਟ ਦਿੱਤਾ ਤੇ ਇਸ ਨੂੰ ਕੇਵਲ ਭਰਮਜਾਲ ਦੱਸਿਆ ਹੈ ਤਾਂ ਬਾਕੀਆਂ ਦਾ ਕੰਮ ਆਪ ਹੀ ਮੁੱਕ ਜਾਂਦਾ ਹੈ। ਫ਼ਿਰ ਵੀ ਬਾਣੀ `ਚ ਇਹ ਸਾਰੇ ਲਫ਼ਜ਼ ਤੇ ਨਾਂ ਆਏ ਹਨ ਪਰ ਦੇਖਣਾ ਹੈ ਕਿੱਥੇ ਤੇ ਕਿਸ ਸੰਬੰਧ `ਚ? ਫ਼ਿਰ ਗੱਲ ਸਮਝਣ ਵਾਲੀ ਇਹ ਵੀ ਹੈ ਕਿ ਇੰਨ੍ਹਾਂ ਦੀ ਪੂਜਾ-ਅਰਚਾ ਲਈ ਉੱਕਾ ਨਹੀਂ ਆਏ। ਮਿਸਾਲ ਵੱਜੋਂ ਇੰਨ੍ਹਾਂ ਵਿਚੋਂ ਉਨ੍ਹਾਂ ਅਨੁਸਾਰ ਮੰਨੇ ਗਏ ਦੋ ਦੇਵਤਿਆਂ ‘ਅਗਨੀ’ ਤੇ ‘ਸੂਰਜ’ ਦੇ ਦਿਤੇ ਹੋਏ ਪਿਛੋਕੜ ਦੀ ਗੱਲ ਕਰਦੇ ਹਾਂ, ਸਾਰੀ ਗੱਲ ਆਪੇ ਹੀ ਸਮਝ `ਚ ਆ ਜਾਵੇਗੀ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਰਾਮ, ਕ੍ਰਿਸ਼ਨ, ਦਾਮੋਦਰ, ਸ਼ਿਆਮ, ਸਾਰੰਗਪਾਨ ਅਕਿ ਲਗਭਗ ਸਾਰੇ ਹੀ ਮਿਥਿਹਾਸਕ ਅਵਤਾਰਾਂ ਦੇ ਨਾਂ ਆਏ ਹਨ। ਗੁਰਬਾਣੀ ਅਰਥਾਂ ਨੂੰ ਸਮਝਣ ਲਈ ਇਥੇ ਇਸ ਨੁਕਤੇ ਨੂੰ ਸਮਝਣਾ ਅੱਤ ਜ਼ਰੂਰੀ ਹੈ ਕਿ ਇਹ ਕੀ ਹਨ? ਵਿਸ਼ਾ ਵਸਤੂ ਨੂੰ ਘੋਖਿਆਂ ਪਤਾ ਲਗਦੇ ਦੇਰ ਨਹੀਂ ਲਗਦੀ ਕਿ ਇਥੇ ਇੰਨ੍ਹਾਂ ਅੱਖਰਾਂ ਨੂੰ ਮਿਥਿਹਾਸਕ ਅਰਥਾਂ `ਚ ਉੱਕਾ ਪ੍ਰਵਾਨ ਨਹੀਂ ਕੀਤਾ ਗਿਆ। ਬਲਕਿ ਪੂਰੀ ਤਰ੍ਹਾਂ ਬਦਲਵੇਂ ਅਰਥਾਂ `ਚ ਬਹੁਤਾ ਕਰਕੇ ਸਰਬਵਿਆਪੀ ਅਕਾਲਪੁਰਖੁ ਲਈ ਹੀ ਵਰਤਿਆ ਹੈ। ਕੇਵਲ ਰਾਮ ਸ਼ਬਦ ਹੀ ਲੈ ਲਵੋ, ਇਹ ਲਫ਼ਜ਼ ਗੁਰਬਾਣੀ ਅੰਦਰ ਹਜ਼ਾਰਾਂ ਵਾਰੀ ਆਇਆ ਹੈ ਪਰ "ਸਭੈ ਘਟ ਰਾਮੁ ਬੋਲੈ" (ਪੰਨਾ ੬੯੯) ਭਾਵ ਰਮੇ ਹੋਏ ਰਾਮ ਲਈ, ਇਸਦੇ ਉਲਟ ਦਸ਼ਰਥ ਪੁੱਤਰ ਰਾਮ ਨੂੰ ਕਿਧਰੇ ਵੀ ਕਰਤਾ, ਭਗਵਾਨ, ਪ੍ਰਭੂ ਜਾਂ ਪ੍ਰਮਾਤਮਾ ਦੇ ਅਰਥਾਂ `ਚ ਨਹੀਂ ਵਰਤਿਆ। ਇਸ ਤੋਂ ਵੱਧ ਇਹ ਵੀ ਸਮਝਣ ਦਾ ਵਿਸ਼ਾ ਹੈ ਕਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਅੰਦਰ ਲਗਭਗ ਸਾਰੀਆਂ ਹੀ ਮਿਥਿਹਾਸਿਕ ਹਸਤੀਆਂ, ਵਿਅਕਤੀਆਂ, ਸ਼ਬਦਾਵਲੀ ਦਾ ਕਿਸੇ ਨਾ ਕਿਸੇ ਢੰਗ ਜ਼ਿਕਰ ਆਇਆ ਹੈ। ਇਹ ਜ਼ਿਕਰ ਕਈ ਪ੍ਰਕਰਣਾਂ ਵਿੱਚ ਆਇਆ ਹੈ ਜਿਵੇਂ:

੧. ਕਈ ਵਾਰੀ ਕਿਸੇ ਖਾਸ ਵਿਅਕਤੀ ਅਥਵਾ ਹਸਤੀ ਦਾ ਜ਼ਿਕਰ, ਉਸ ਬਾਰੇ ਪ੍ਰਗਟਾਏ ਜਾਂ ਪ੍ਰਚਲਤ ਕਿਸੇ ਵਿਸ਼ੇਸ਼ ਗੁਣ ਦਾ ਪ੍ਰਭਾਵ ਦੇਣ ਲਈ ਕੇਵਲ ਮਿਸਾਲ ਵੱਜੋਂ।

੨. ਕੁੱਝ ਥਾਵੇਂ ਉਸ ਦੇ ਜੀਵਨ `ਚੋਂ ਕਿਸੇ ਵਿਸ਼ੇਸ਼ ਅਉਗੁਣ ਦੀ ਝਲਕਾਰ ਦੇ ਕੇ, ਅਜਿਹੀਆਂ ਸਮਜ਼ੋਰੀਆਂ ਤੋਂ ਮਨੁੱਖ ਨੂੰ ਸੁਚੇਤ ਕਰਣ ਲਈ।

੩. ਕਿਸੇ ਮਿਥਿਹਾਸਕ ਹਸਤੀ-ਵਿਅਕਤੀ ਜਾਂ ਸ਼ਬਦ ਨੂੰ ਜਦੋਂ ਗੁਮਰਾਹ ਲੋਕਾਂ ਨੇ ਜਜ਼ਬਾਤੀ ਹੋ ਕੇ ਜਾਂ ਬ੍ਰਾਹਮਣੀ ਪ੍ਰਭਾਵਾਂ ਅਧੀਨ ਕਰਤਾ, ਭਗਵਾਨ ਤੇ ਪੂਜਣਯੋਗ ਬਣਾ ਲਿਆ ਤਾਂ ਅਜਿਹੀ ਸੋਚਣੀ ਦਾ ਖੰਡਣ ਕਰ ਕੇ, ਅਕਾਲਪੁਰਖੁ ਦੀ ਸਰਬ-ਉੱਤਮਤਾ ਪ੍ਰਗਟਾਉਣ ਲਈ।

੪. ਪ੍ਰਚਲਤ ਨਾਵਾਂ ਨੂੰ ਹੀ ਅਕਾਲਪੁਰਖੁ ਬੋਧਕ ਅਰਥਾਂ `ਚ ਪ੍ਰਗਟ ਕੀਤਾ। ਜਿਵੇਂ ਵਿਸ਼ਨੂੰ-ਉਪਾਸ਼ਕ, ਸਮੁੰਦਰ ਮੰਥਨ ਵਾਲੀ ਕਹਾਣੀ ਦੀ ਟੇਕ ਲੈ ਕੇ, ਪਾਨੀ `ਚੋਂ ਜਨਮ ਲੈਣ ਵਾਲਾ ਜਾਂ ਪਾਨੀ ਦਾ ਵਾਸੀ ਮੰਨ ਕੇ ਵਿਸ਼ਨੂੰ ਨੂੰ ‘ਨਾਰਾਇਣ’ ਕਹਿੰਦੇ ਹਨ। ਪਾਤਸ਼ਾਹ ਨੂੰ ਲਫ਼ਜ਼ `ਤੇ ਇਤਰਾਜ਼ ਨਹੀਂ ਬ-ਸ਼ਰਤੇ ਕਰਤੇ ਲਈ ਨਾਰਾਇਣ ਕਹਿਣ ਵਾਲੇ ਕੋਲ ਸਮਝ ਹੋਵੇ ਕਿ ਕਰਤਾ ਅਜੂਨੀ ਹੈ।

ਗੁਰਬਾਣੀ ਵਿਚੋਂ ਇਹਨਾਂ ਸਚਾਈਆਂ ਨੂੰ ਸਮਝਣ ਲਈ ਗੁਰਬਾਣੀ ਅਭਿਆਸ, ਅਰਥ-ਬੋਧ ਅਤੇ ਗੁਰਬਾਣੀ ਵਿਚਾਰਧਾਰਾ ਨੂੰ ਸਮਝਣਾ ਅਤਿ ਜ਼ਰੂਰੀ ਹੈ, ਨਹੀਂ ਤਾਂ ਆਮ ਲੋਕਾਂ `ਚ:

(ੳ) ਕੁੱਝ ਉਹ ਹਨ ਜੋ ਗੁਰਬਾਣੀ `ਚ ਵਰਤੇ ਰਾਮ, ਕ੍ਰਿਸ਼ਨ, ਬ੍ਰਹਮਾ, ਵਿਸ਼ਨੂੰ, ਪਾਰਬਤੀ, ਦਾਮੋਦਰ, ਸਾਰੰਗਪਾਨ, ਬੀਠੁਲ ਅਦਿ ਨਾਵਾਂ ਨੂੰ ਸੁਣ ਕੇ ਹੀ ਮੰਨ ਲੈਂਦੇ ਹਨ, ਗੁਰੂ ਸਾਹਿਬ ਵੀ ਇੰਨ੍ਹਾ ਦੇ ਸ਼ਰਧਾਲੂ ਅਤੇ ਪ੍ਰਸ਼ੰਸਕ ਸਨ।

(ਅ) ਕੁੱਝ ਉਲੂ ਬਿਰਤੀ, ਮਨਮਤੀ, ਪੰਥਕ ਦੋਖੀ-ਭੋਲੀਆਂ ਭਾਲੀਆਂ ਸੰਗਤਾਂ ਨੂੰ ਸਿੱਖੀ ਮਾਰਗ ਤੋਂ ਭਟਕਾ ਕੇ ਕੁਰਾਹੇ ਪਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਂਦੇ ਹਨ।

(ੲ) ਕੁੱਝ ਅਣਖਹੀਣੇ, ਟਾਊਟ ਪੰਥਕ ਵਿਦਵਾਨ, ਆਗੂ ਤੇ ਨੇਤਾ ਜਾਣੇ ਅਨਜਾਣੇ ਆਪਣੀ ਭੱਲ ਤੇ ਸੁਆਰਥ-ਪੂਰਤੀ ਲਈ ਵਧ ਚੜ੍ਹ ਕੇ ਉਲਟੇ ਅਰਥਾਂ `ਚ ਵਰਤਦੇ ਹਨ।

ਇਸ ਦਾ ਮੁੱਖ ਕਾਰਣ ਹੈ-ਸੰਗਤਾਂ ਤੇ ਲੋਕਾਈ `ਚ ਗੁਰਬਾਣੀ ਦਾ ਇਸ ਪੱਖੋਂ ਸੁੰਯੋਜਤ ਢੰਗ ਨਾਲ ਪ੍ਰਚਾਰ ਦਾ ਨਾ ਹੋਣਾ। ਇਹਨਾਂ ਹਾਲਾਤਾਂ `ਚ ਹਥਲੇ ਗੁਰਮੱਤ ਪਾਠ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਹਥਲੇ ਗੁਰਮੱਤ ਪਾਠ `ਚ ਅਸੀਂ ਸੱਚ ਨੂੰ ਲੋਕਾਈ ਸਾਹਮਣੇ ਰੱਖਣ ਲਈ ਕੇਵਲ ਕੁੱਝ ਮਿਸਾਲਾਂ ਜਿਵੇਂ ਰਾਮ, ਕ੍ਰਿਸ਼ਨ, ਸੂਰਜ, ਅਗਨੀ ਆਦਿ ਦੀ ਹੀ ਦੇ ਰਹੇ ਹਾਂ। ਗੁਰਬਾਣੀ ਅੰਦਰ ਇਸੇ ਹੀ ਤਰਜ਼ `ਤੇ ਹਜ਼ਾਰਾਂ ਪਦ ਵਰਤੇ ਹਨ। ਪੂਰਾ ਵੇਰਵਾ ਦੇਣ ਲਈ, ਕਿਹੜਾ ਮਿਥਿਹਾਸਕ ਪਦ, ਗੁਰਬਾਣੀ `ਚ ਕਿੱਥੇ-ਕਿੱਥੇ ਆਇਆ ਹੈ; ਸੰਬੰਧਤ ਪੂਰੇ ਪ੍ਰਮਾਣਾਂ ਨੂੰ ਲੈ ਕੇ ਨਾਲ-ਨਾਲ ਸਪਸ਼ਟ ਕਰਣਾ ਕਿ ਉਸ ਨੂੰ ਉਥੇ, ਕਿਸ ਅਰਥ `ਚ ਵਰਤਿਆ ਹੈ। ਇਸ ਕੰਮ ਲਈ ਪੂਰਾ ਕੋਸ਼ ਤਿਆਰ ਕਰਣ ਦੀ ਲੋੜ ਹੈ, ਤਾਕਿ ਸੰਗਤਾਂ ਨੂੰ ਗੁਰਬਾਣੀ ਦੀਆਂ ਸਚਾਈਆਂ ਬਾਰੇ ਸੁਚੇਤ ਕੀਤਾ ਜਾ ਸਕੇ। ਨਹੀਂ ਤਾਂ ‘ਅ’ ਤੇ ‘ੲ’ ਸ਼੍ਰੇਣੀ ਦੇ ਲੋਕ ਆਪਣਾ ਵਾਰ ਕਰਦੇ ਰਹਿਣਗੇ।

ਗੁਰਬਾਣੀ ਅਨੁਸਾਰ ‘ਰਾਮ’ ਤੇ ਅਵਤਾਰੀ ‘ਰਾਮ’ - ਬ੍ਰਾਹਮਣੀ ਪ੍ਰਭਾਵਾਂ ਅਧੀਨ, ਭਾਰਤੀ ਲੋਕਾਈ ਦਾ ਵੱਡਾ ਹਿੱਸਾ ਦਸ਼ਰਥ ਪੁੱਤਰ ਰਾਮ ਨੂੰ ਹੀ ਭਗਵਾਨ ਕਰ ਕੇ ਮੰਣਦਾ ਆਇਆ ਹੈ। ਇਥੇ ਸ੍ਰੀ ਰਾਮ ਦੀ ਜੀਵਨੀ ਦੇਣ ਦੀ ਖਾਸ ਲੋੜ ਨਹੀਂ ਕਿਉਂਕਿ ਥੋਹੜੇ-ਬਹੁਤ ਫਰਕ ਨਾਲ ਇਹ ਆਮ ਲੋਕਾਂ `ਚ ਪ੍ਰਚਲਤ ਹੈ। ਹਰ ਸਾਲ ਹੋਣ ਵਾਲੀਆਂ ਰਾਮਲੀਲਾਵਾਂ, ਪਿਕਚਰਾਂ ਇਥੋਂ ਤੀਕ ਕਿ ਅਜ ਦੇ ‘ਸੈਕੂਲਰ ਰਾਜ’ `ਚ ਸਕੂਲਾਂ ਕਾਲਜਾਂ `ਚ ਲੱਗੀਆਂ ਟੈਕਸਟ ਬੁੱਕਾਂ, ਰੇਡੀਓ-ਟੈਲੀਵੀਜ਼ਨ ਦੇ ਸੀਰੀਅਲਾਂ ਰਾਹੀਂ ਇਸ ਬਾਰੇ ਭਰਵਾਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

ਫਿਰ ਵੀ ਅਤੀ ਸੰਖੇਪ- ਅਜੋਧਿਆ ਦੇ ਰਾਜਾ ਦਸ਼ਰਥ ਦੀਆਂ ਤਿੰਨ ਰਾਣੀਆਂ ਜਿੰਨ੍ਹਾਂ `ਚੋਂ ਚਾਰ ਪੁੱਤਰ ਹੋਏ। ਸਭ ਤੋਂ ਵੱਡੇ ਰਾਮ, ਕੌਸ਼ਿਲਆ ਦੇ ਪੁੱਤਰ ਸਨ। ਆਪ ਨੇ ਵਿੱਦਿਆ, ਗੁਰੂ-ਵਸ਼ਿਸ਼ਟ, ਵੇਦਾਂਗ-ਵਾਸੂਦੇਵ ਤੋਂ ਪੜ੍ਹਿਆ ਤੇ ਸਸ਼ਤ੍ਰ ਵਿੱਦਿਆ ਵਿਸ਼ਵਾਮਿੱਤਰ ਤੋਂ ਲਈ। ਸ਼ਿਵਜੀ ਦਾ ਧਨੁੱਖ ਤੋੜ ਕੇ, ਮਿਥਿਲਾ ਦੇ ਰਾਜਾ ਜਨਕ ਦੀ ਪੁੱਤ੍ਰੀ ਸੀਤਾ ਨੂੰ ਵਰ੍ਹਿਆ। ਸੋਤੇਲੀ ਮਾਂ ਕੈਕਈ ਕਾਰਣ ਰਾਜ ਤਿਲਕ ਦੀ ਪ੍ਰਾਪਤੀ ਬਦਲੇ, ੧੪ ਸਾਲਾਂ ਦੇ ਬਨਵਾਸ ਜਾਣਾ ਪਿਆ। ਸੀਤਾ ਤੇ ਛੋਟਾ ਭਰਾ ਲਛਮਣ ਆਪ ਦੇ ਨਾਲ ਗਏ। ਲੰਕਾਂ ਦੇ ਰਾਜਾ ਰਾਵਣ ਨੇ ਆਪਣੀ ਭੈਣ ਸਰੂਪ-ਨਖਾ ਅਤੇ ਸੀਤਾ ਸੁਅੰਬਰ ਸਮੇਂ ਹੋਈ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਬਨ ਵਿਚੋਂ ਸੀਤਾ ਦਾ ਹਰਣ ਕਰ ਲਿਆ। ਰਾਵਣ ਦੇ ਹੀ ਭਰਾ ਬਭੀਖਣ ਤੇ ਬਾਂਦਰਾਂ ਦੇ ਜਰਨੈਲ ਹਨੂਮਾਨ ਦੀ ਮਦਦ ਨਾਲ ਰਾਵਣ `ਤੇ ਹਮਲਾ ਕੀਤਾ। ਲੜਾਈ ਦੌਰਾਨ ਇੱਕ ਸਮੇਂ ਲਛਮਣ ਮੂਰਛਤ ਹੋ ਗਿਆ। ਸੀਤਾ ਤੇ ਲਛਮਣ ਦੋਨਾਂ ਨੂੰ ਵਿੱਛੜਦੇ ਦੇਖ ਰਾਮ ਬੜੇ ਵਿਆਕੁਲ ਹੋਏ ਅੰਤ ਰਾਵਣ ਨੂੰ ਮਾਰ ਕੇ ਸੀਤਾ ਨੂੰ ਲੈ ਕੇ ਅਜੁਧਿਆ ਵਾਪਸ ਪੁੱਜੇ ਤੇ ਦਸ ਹਜ਼ਾਰ ਵਰ੍ਹੇ ਰਾਜ ਕੀਤਾ। ਅਜੁਧਿਆ ਪਹੁੰਚ ਕੇ ਲੋਕ ਲਾਜ ਤੋਂ ਬਚਣ ਲਈ ਸੀਤਾ ਨੂੰ ਜੰਗਲ `ਚ ਭਿਜਵਾ ਦਿੱਤਾ। ਉਥੇ ਬਾਲਮੀਕੀ ਦੇ ਆਸ਼ਰਮ `ਤੇ ਸੀਤਾ ਤੋਂ ਲਵ ਤੇ ਕੁਸ਼ ਦੇ ਦੋ ਪੁੱਤਰਾਂ ਨੇ ਜਨਮ ਲਿਆ-ਆਦਿ। ਰਾਮ ਦੀ ਜੀਵਨੀ ਬਹੁਤਾ ਕਰਕੇ ਤੁਲਸੀ ਰਾਮਾਇਣ `ਤੇ ਅਧਾਰਤ ਹੈ ਪਰ ਇਸਦਾ ਮੂਲ ਪੁਰਾਤਨ ਬਾਲਮੀਕੀ ਰਾਮਾਇਣ ਹੈ। ਕਿਹਾ ਜਾਂਦਾ ਹੈ ਬਾਲਮੀਕੀ ਰਾਮਾਇਣ, ਰਾਮ ਦੇ ਜਨਮ ਤੋਂ ਲਗਭਗ 10,000 ਸਾਲ ਪਹਿਲਾਂ ਲਿਖੀ ਤੇ ਬਾਅਦ `ਚ ਉਸੇ ਤਰ੍ਹਾਂ ਵਾਪਰੀ। ਬਾਲਮੀਕੀ ਰਾਮਾਇਣ `ਚ ਰਾਮ ਨੂੰ ਮਹਾਂਪੁਰਸ਼ ਦਰਸਾਇਆ ਹੈ ਜਦਕਿ ਤੁਲਸੀ ਦੀ ‘ਰਾਮਚਰਿਤ ਮਾਨਸ’ `ਚ ਰਾਮ ਦੀ ਪੂਜਾ ਭਗਵਾਨ ਮੰਨ ਕੇ ਹੈ।

ਬ੍ਰਾਹਮਣੀ ਵਿਸ਼ਵਾਸਾਂ ਅਧੀਨ ਰਾਮ ਨੂੰ ਵਿਸ਼ਨੂੰ ਦਾ ਸਤਵਾਂ ਅਵਤਾਰ ਦੱਸਿਆ ਹੈ। ਕੁੱਝ ਦਾ ਵਿਸ਼ਵਾਸ ਹੈ ਕਿ ਰਾਮ ਇਤਿਹਾਸਿਕ ਵਿਅਕਤੀ ਨਹੀਂ ਬਲਕਿ ਜਦੋਂ ਲੋਕਾਂ `ਚ ਮਹਾਂਕਾਵ ਤੇ ਇਕਾਂਕੀਆਂ ਲਿਖਣ ਦਾ ਰਿਵਾਜ ਸੀ ਤਾਂ ਉਹਨਾਂ ਵਿਚੋਂ ਹੀ ਕੁੱਝ ਨਾਟਕ ਸਟੇਜਾਂ `ਤੇ ਵੀ ਖੇਡੇ ਜਾਂਦੇ ਸਨ। ਇਸੇ ਤਰ੍ਹਾਂ ਇਹ ਵੀ ਇੱਕ ਮਹਾਂਕਾਵ ਹੈ ਜੋ ਲੋਕਾਂ ਦੇ ਮਨਾਂ ਉਪਰ ਆਪਣੀ ਛਾਪ ਪੱਕੀ ਕਰ, ਹਰਮਨ ਪਿਆਰਾ ਹੁੰਦਾ ਗਿਆ। ਵੈਸੇ ਵੀ ਰਾਮਾਇਣ ਕਈ ਪੜਾਵਾਂ ਵਿਚੋਂ ਹੀ ਅਗੇ ਵਧੀ ਹੈ।

ਗੁਰਬਾਣੀ `ਚ ਰਾਮ ਸ਼ਬਦ ਹਜ਼ਾਰਾਂ ਵਾਰੀ ਆਇਆ ਹੈ ਤੇ ਕਈ ਸੱਜਨ ਉਲ੍ਹਾਮਾ ਦੇਂਦੇ ਸੁਣੇ ਹਨ; ‘ਗੁਰੂ ਸਾਹਿਬ ਨੇ ਤਾਂ ਰਾਮ ਦਾ ਨਾਂ ਬਾਣੀ `ਚ ਬਾਰ-ਬਾਰ ਵਰਤਿਆ ਹੈ ਪਰ ਤੁਸੀਂ ਇਸਦਾ ਵਿਰੋਧ ਕਰਦੇ ਹੋ। ਕਈ ਸ਼ਾਤਰ, ਪੰਥਕ ਦੋਖੀ ਭੋਲੀਆਂ-ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਲਈ ਵੀ ਇੰਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ। ਕਿਆ ਖੂਬ! ਜਿਹੜੇ ਗੁਰਬਾਣੀ ਨੂੰ ਆਪਣਾ ਇਸ਼ਟ ਮੰਣਦੇ ਹਨ ਉਹ ਤਾਂ ਦਸ਼ਰਥ ਸੁੱਤ ਰਾਮ ਨੂੰ ਇਸ਼ਟ ਮੰਨਣ ਨੂੰ ਤਿਆਰ ਨਹੀਂ ਪਰ ਜਿੰਨ੍ਹਾਂ ਗੁਰਬਾਣੀ ਕਦੇ ਪੜ੍ਹੀ ਹੀ ਨਹੀਂ ਉਨ੍ਹਾਂ ਨੂੰ ਇਸ ਸੱਚ ਦੀ ਸਮਝ ਵੀ ਆ ਗਈ?

ਸਮਝਣ ਦਾ ਵਿਸ਼ਾ ਹੈ, ਗੁਰਬਾਣੀ `ਚ ਜਿਸ ਰਾਮ ਦੇ ਸਿਮਰਨ ਦੀ ਗੱਲ ਕੀਤੀ ਹੈ ਉਹ ਘਟ-ਘਟ `ਚ ਰਮੇ, ਰਮਤ ਰਾਮ ਦੀ ਹੈ। ਬਾਣੀ `ਚ ਉਸ ਦੀ ਵਿਆਖਿਆ "ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ" (ਪੰ: ੧੧੮੬) "ਰਮਤ ਰਾਮੁ ਸਭ ਰਹਿਓ ਸਮਾਇ" (ਪੰ: ੮੬੫) "ਰਮਤ ਰਾਮ ਜਨਮ ਮਰਣੁ ਨਿਵਾਰੈ" (ਪੰ: ੮੬੫) "ਰਮਤ ਰਾਮ ਘਟ ਘਟ ਆਧਾਰ" (ਪੰ: ੮੯੭) "ਰਮਤ ਰਾਮ ਸਿਉ ਲਾਗੋ ਰੰਗੁ" (ਪੰ: ੩੪੫) ਏਥੇ ਉਸ ਰਾਮ ਲਈ ਪ੍ਰੇਰਣਾ ਹੈ ਜੋ ਰਮਈਆ ਰਾਮ ਹੈ। ਹੋਰ "ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ" (ਪੰ: ੮੭੪) ਨਾਮਦੇਵ ਕਹਿੰਦੇ ਹਨ ਐ ਪੰਡਤ! ਮੈਨੂੰ ਤਾਂ ਕੇਵਲ ਜ਼ੱਰੇ ਜ਼ੱਰੇ `ਚ ਰਮੇ ਰਮਈਆ ਦੀ ਲੋੜ ਹੈ ਬਾਕੀ ਜਿੰਨੇਂ ਵੀ ਤੇਰੇ ਦੇਵੀਆਂ ਦੇਵਤੇ ਹਨ, ਉਸ ਇੱਕ ਦੇ ਬਦਲੇ ਤੈਨੂੰ ਵਾਪਸ ਕਰਦਾ ਹਾਂ। ਇਸੇ ਤਰ੍ਹਾਂ "ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ" (ਪੰ: ੯੮੮) ਹਿਸਾਬ ਲਾਂਦੇ ਦੇਰ ਨਹੀਂ ਲਗਦੀ ਕਿ ਗੁਰਬਾਣੀ ਅੰਦਰ ਕਿਸ ਰਾਮ ਲਈ ਪ੍ਰੇਰਣਾ ਕੀਤੀ ਗਈ ਹੈ।

ਇਸਦੇ ਉਲਟ, ਜਿਥੋਂ ਤੀਕ ਦਸ਼ਰਥ ਸੁੱਤ ਰਾਮ ਦਾ ਤੁਅਲਕ ਹੈ ਪਾਤਸ਼ਾਹ ਉਸਨੂੰ ਪ੍ਰਭੂ ਜਾਂ ਭਗਵਾਨ ਮੰਨਣ ਨੂੰ ਕਦਾਚਿਤ ਤਿਆਰ ਨਹੀਂ। ਪਾਤਸ਼ਾਹ ਨੇ ਬਾਣੀ `ਚ ਕਰਤੇ ਨੂੰ ‘ਅਜੂਨੀ’ ਫ਼ੁਰਮਾਅ ਕੇ ਇਸ ਬਾਰੇ ਭੁਲੇਖਾ ਰਹਿਣ ਹੀ ਨਹੀਂ ਦਿੱਤਾ। ਅਗੇ ਜਾ ਕੇ ਕ੍ਰਿਸ਼ਨ ਜੀ ਬਾਰੇ ਜ਼ਿਕਰ ਕਰਦੇ ਅਸੀਂ ਇਹ ਵੀ ਦੇਖਾਂਗੇ ਕਿ ਬਾਣੀ ਅੰਦਰ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਬਾਰੇ ਜਿਹੜੇ ਇਹ ਮੰਣਦੇ ਹਨ ਕਿ ਰੱਬ ਅਵਤਾਰ ਧਾਰ ਕੇ ਜਨਮ ਲੈਂਦਾ ਹੈ, ਇਥੋਂ ਤੀਕ ਤਾੜਣਾ ਕੀਤੀ ਤੇ ਫੈਸਲਾ ਦਿੱਤਾ ਕਿ ਉਹ ਮੂੰਹ ਹੀ ਸੜ ਜਾਵੇ ਜਿਹੜਾ ਕਹਿੰਦਾ ਹੈ ਕਿ ਰੱਬ ਜਨਮ ਲੈਂਦਾ ਹੈ। ਅਵਤਾਰੀ ਜਾਂ ਦਸ਼ਰਥ ਸੁੱਤ ਰਾਮ ਲਈ ਬਾਣੀ ਦਾ ਫ਼ੈਸਲਾ ਹੈ: "ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ" (ਪੰ: ੪੨੩) ਜਾਂ "ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ" (ਪੰ: ੯੫੩) ਹੋਰ ਲਵੋ "ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ" (ਪੰ: ੮੭੫) ਜਾਂ "ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ" (ਪੰ: ੧੪੧੨) ਬਲਕਿ ਰਮਈਆ ਰਾਮ ਦੀ ਮਹਾਨ ਹਸਤੀ ਸਾਹਮਣੇ ਦਸ਼ਰਥ ਸੁੱਤ ਅਵਤਾਰੀ ਰਾਮ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ, ਕਰਤੇ ਦੀ ਮਹਾਨ ਰਚਨਾ `ਚ ਮਿੱਟੀ ਦੇ ਜ਼ੱਰੇ ਦੀ ਨਿਆਈ ਤੁੱਛ ਬਿਆਣਦੇ ਹਨ, ਜਿਵੇਂ "ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ" (ਪੰ: ੪੬੪) ਚੇਤੇ ਰਹੇ ‘ਰਵਾਲ’ ਦੇ ਅਰਥ ਹਨ ਤੁੱਛ, ਮਿੱਟੀ ਦੇ ਜ਼ੱਰੇ ਜਿੰਨਾਂ। ਅਵਤਾਰੀ ਰਾਮ ਬਾਰੇ ਹੋਰ "ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ" (ਪੰ: ੩੫੦) ਇਸੇ ਤਰ੍ਹਾਂ ਬਾਣੀ ਵਿਚੋਂ ਹੋਰ ਬੇਅੰਤ ਪ੍ਰਮਾਣ ਮੌਜੂਦ ਹਨ।

ਕ੍ਰਿਸ਼ਨ - ਜਸੋਦਾ ਅਥਵਾ ਦੇਵਕੀ ਨੰਦਨ ਕ੍ਰਿਸ਼ਨ ਤੋਂ ਇਲਾਵਾ ਪੁਰਾਤਨ ਰਚਨਾਵਾਂ ਤੇ ਕੋਸ਼ਾਂ `ਚ ਇਹ ਸ਼ਬਦ ਕਈ ਹੋਰ ਅਰਥਾਂ `ਚ ਵੀ ਆਇਆ ਹੈ-ਰਿਗ ਵੇਦ ਜਿਸਨੂੰ ਹਿੰਦੂ ਮੱਤ ਦੀ ਸਭ ਤੋਂ ਪੁਰਾਤਨ ਰਚਨਾ ਕਿਹਾ ਹੈ ਇਸ `ਚ ਇਹ ਸ਼ਬਦ ਕਾਲੇ ਰੰਗ ਲਈ ਆਇਆ ਹੈ। ਜਸੋਦਾ ਸੁੱਤ ਕ੍ਰਿਸ਼ਨ ਦਾ ਰਿਗਵੇਦ `ਚ ਉੱਕਾ ਜ਼ਿਕਰ ਨਹੀਂ। ਸਭ ਤੋਂ ਪਹਿਲਾਂ ਛਾਂਦੇਗਯ ਉਪਨਿਸ਼ਦ `ਚ ਦੇਵਕੀ ਸੁੱਤ ਕ੍ਰਿਸ਼ਨ ਦਾ ਨਾਂ, ਵਿਦਵਾਨ ਦੇ ਰੂਪ `ਚ ਆਇਆ ਹੈ। ਇਸ ਨਾਂ ਦੇ ਇੱਕ ਅਸੁਰ ਜਾਂ ਡਾਕੂ ਦਾ ਜ਼ਿਕਰ ਵੀ ਆਇਆ ਹੈ ਜਿਸਨੇ 10,000 ਸਾਥੀਆਂ ਸਮੇਤ ਇੰਦ੍ਰ `ਤੇ ਹਮਲਾ ਕੀਤਾ ਤੇ ਤਬਾਹੀ ਮਚਾ ਦਿੱਤੀ ਜਦੋਂ ਤੀਕ ਇੰਦ੍ਰ ਨੇ ਉਸ ਨੂੰ ਹਰਾ ਕੇ ਉਸ ਦੀ ਖੱਲ ਹੀ ਨਾ ਉਤਾਰ ਦਿੱਤੀ।

ਇਕ ਹੋਰ ਵੈਦਿਕ ਰਿਚਾ `ਚ ਪੰਜਾਹ ਹਜ਼ਾਰ ਕ੍ਰਿਸ਼ਨਾਂ ਤੇ ਉਨ੍ਹਾਂ ਦੀਆਂ ਗਰਭਵਤੀ ਇਸਤ੍ਰੀਆਂ ਦੇ ਕਤਲ ਦਾ ਜਿਕਰ ਹੈ ਤਾਕਿ ਉਨ੍ਹਾਂ ਦੀ ਸੰਤਾਨ ਹੀ ਅੱਗੇ ਨਾ ਵੱਧ ਸਕੇ। ਅੰਦਾਜ਼ਾ, ਕਿ ਇਹ ਸ਼ਬਦ, ਆਰੀਆਂ ਹਮਲਾਵਰਾਂ ਵੱਲੋਂ ਇਥੋਂ ਦੇ ਅਸਲ ਵਸਨੀਕ ਦ੍ਰਵਿੜਾਂ ਆਦਿ ਲਈ ਕਾਲੇ ਰੰਗ ਦੇ ਹੋਣ ਕਾਰਣ ਵਰਤੇ ਹਨ। ਇਥੋਂ ਇਹ ਵੀ ਪਤਾ ਲਗਦਾ ਹੈ ਕਿ ਸੱਤਾ ਨੂੰ ਹਥਿਆਉਣ ਲਈ ਆਰੀਆ ਲੋਕਾਂ ਨੇ ਇਥੋਂ ਦੇ ਵਸਨੀਕਾਂ ਉਪਰ ਕਿੰਨੇ ਜ਼ੁਲਮ ਢਾਏ। ਉਪ੍ਰੰਤ ਵਰਣ ਵੰਡ ਰਸਤੇ ਉਨ੍ਹਾਂ ਨੂੰ ਸ਼ੂਦਰ ਤੇ ਰਾਖਸ਼ ਕਰ ਕੇ ਮਸ਼ਹੂਰ ਕਰਣਾ ਵੀ ਇੰਨ੍ਹਾਂ ਹੀ ਜ਼ੁਲਮਾਂ ਦੀ ਕੜੀ ਹੈ। ਇਥੋਂ ਅੰਦਾਜ਼ਾ ਹੁੰਦਾ ਹੈ, ਜਦੋਂ ਇਹ ਰਿਚਾ ਲਿਖੀ, ਉਦੋਂ ਕ੍ਰਿਸ਼ਨ ਜੀਵਨੀ ਆਰੀਆਂ ਲੋਕਾਂ `ਚ ਪ੍ਰਚਲਤ ਨਹੀਂ ਸੀ ਹੋਈ, ਨਹੀਂ ਤਾਂ ਉਹ ਕਾਲਿਆਂ ਨੂੰ ਕ੍ਰਿਸ਼ਨ ਦਾ ਨਾਂ ਨਾ ਕਦੇ ਨਾ ਦੇਂਦੇ ਜਿਵੇਂ ਬਾਅਦ `ਚ ਇਹ ਸ਼ਬਦ ਉਹਨਾਂ ਲਈ ਪੂਜਨੀਕ ਹੋ ਗਿਆ।

ਅਜੋਕੇ ਸਮੇਂ ਕ੍ਰਿਸ਼ਨ ਅਥਵਾ ਕਾਨ੍ਹ ਸ਼ਬਦਾਂ ਤੋਂ ਦੇਵਕੀ ਸੁੱਤ ਕ੍ਰਿਸ਼ਨ ਦਾ ਪ੍ਰਭਾਵ ਲਿਆ ਜਾਂਦਾ ਹੈ ਜਿਸ ਦੇ ਪਿਤਾ ਦਾ ਨਾਂ ਵਾਸੁਦੇਵ ਤੇ ਜਨਮ ਆਪਣੇ ਮਾਮੇ ਕੰਸ ਦੀ ਕੈਦ ਕੋਠਰੀ `ਚ ਹੋਇਆ। ਕੰਸ ਇਸਨੂੰ ਆਪਣਾ ਕਾਲ ਮੰਨ ਕੇ ਮਾਰ ਦੇਣ ਤੇ ਤੁਲਿਆ ਸੀ, ਕਿਸੇ ਤਰੀਕੇ ਵਾਸੁਦੇਵ ਨੇ ਇਸ ਨੂੰ ਮਥਰਾ ਤੋਂ ਗੋਕਲ ਨਿਵਾਸੀ ਗੁਆਲੇ ਬਾਬਾ ਨੰਦ ਦੇ ਘਰ ਪਹੁੰਚਾ ਦਿੱਤਾ। ਇਸ ਤਰ੍ਹਾਂ ਇਸ ਦੇ ਪਾਲਕ ਮਾਤਾ-ਪਿਤਾ ਬਾਬਾ ਨੰਦ ਤੇ ਜਸੋਦਾ ਬਣੇ। ਵਿਸ਼ਨੂੰ ਪੁਰਾਨ ਅਨੁਸਾਰ, ਵਿਸ਼ਨੂੰ ਨੇ ਆਪਣਾ ਇੱਕ ਕਾਲਾ ਵਾਲ ਦੇਵਕੀ ਦੇ ਪੇਟ ਤੇ ਚਿੱਟਾ ਵਾਲ ਰੋਹਿਣੀ ਦੇ ਪੇਟ `ਚ ਭੇਜਿਆ। ਕਾਲੇ ਵਾਲ ਤੋਂ ਕ੍ਰਿਸ਼ਨ ਤੇ ਚਿੱਟੇ ਤੋਂ ਬਲਰਾਮ ਹੋਏ ਇਸ ਤਰ੍ਹਾਂ ਇਹ ਦੋਵੇਂ ਭਾਈ ਸਨ। ਹਿੰਦੂ ਵਿਸ਼ਵਾਸਾਂ ਅਨੁਸਾਰ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਠਵਾਂ ਅਵਤਾਰ ਦੱਸਿਆ ਹੈ।

ਕ੍ਰਿਸ਼ਨ ਜੀ ਦੀਆਂ 16100 ਇਸਤ੍ਰੀਆਂ, ਇੱਕ ਲੱਖ ਅੱਸੀ ਹਜ਼ਾਰ ਪੁੱਤਰ ਅਤੇ ਹੋਰ ਅਨੇਕਾਂ ਅਣਹੋਨੀਆਂ ਘਟਨਾਵਾਂ ਕ੍ਰਿਸ਼ਨ ਲੀਲਾ ਨਾਲ ਜੁੜੀਆਂ ਹਨ। ਜਿਵੇਂ ਚੀਚੀ ਉਂਗਲੀ `ਤੇ ਲਗਾਤਾਰ ਸੱਤ ਦਿਨ ਗੋਵਰਧਨ ਪਰਬਤ ਨੂੰ ਚੁੱਕੀ ਰੱਖਿਆ ਤੇ ਇੰਦ੍ਰ ਦੀ ਕਰੋਪੀ ਤੋਂ ਗੋਕੁਲ ਵਾਸੀਆਂ ਨੂੰ ਬਚਾਇਆ। ਦੂਤਾਂ ਦੇ ਉੱਡਣ ਵਾਲੇ, ਸਵੈਚਾਲਕ ਨਗਰ ਸ਼ੋਭ ਨੂੰ ਜਿੱਤਿਆ। ਸਮੁੰਦ੍ਰੀ ਦੈਂਤਾਂ ਨਾਲ ਭਰੇ ਸਾਗਰ `ਚ ਵੜ ਕੇ ਵਰੁਣ ਦੇਵਤੇ ਨੂੰ ਜਿੱਤਿਆ। ਪਾਹੁਲ ਵਿੱਚ ਪੰਚ ਜਨਯ ਨੂੰ ਮਾਰ ਕੇ, ਪੰਚ ਜਨਯ ਨਾਂ ਦੇ ਸੰਖ ਨੂੰ ਹਾਸਲ ਕੀਤਾ। ਅਰਜਨ ਦਾ ਸਾਥ ਦੇਂਦੇ ਖਾਂਡਵ ਵਨ `ਚ ਅਗਨੀ ਦੇਵਤਾ ਨੂੰ ਪ੍ਰਸੰਨ ਕਰ ਕੇ ਉਸਤੋਂ ਅਗਨੀ ਅਸਤ੍ਰ ਭਾਵ ਸੁਦਰਸ਼ਨ ਚੱਕਰ ਹਾਸਲ ਕੀਤਾ ਤੇ ਗਰੁੜ ਦੀ ਸਵਾਰੀ ਕਰ, ਇੰਦ੍ਰ ਦੀ ਨਗਰੀ ਅਮਰਾਵਤੀ ਨੂੰ ਡਰਾਇਆ। ਕਾਮ ਇੱਛਾ ਪੂਰੀ ਕਰਣ ਲਈ, ਸਤਭਾਮਾ ਲਈ ਵੱਡਾ ਜੰਗ ਕਰ ਕੇ ਇੰਦਰ ਦੇ ਬਾਗ ਦਾ ਪਾਰਜਾਤ ਬਿਰਖ ਉਖਾੜ ਲਿਆਂਦਾ। ਇਸਤ੍ਰੀ ਭੇਸ ਬਣਾ ਕੇ ਧੋਖੇ ਨਾਲ ਚੰਦ੍ਰਾਵਲ ਨੂੰ ਉਸ ਦੇ ਘਰ ਜਾਕੇ ਜਬਰੀ ਛਲਿਆ। ਅਨੇਕਾਂ ਭਿਅੰਕਰ ਦੈਂਤਾਂ ਤੇ ਦੁਰਾਚਾਰੀ ਰਾਜਿਆਂ ਨੂੰ ਮਾਰਿਆ, ਰਾਤੋ ਰਾਤ ਸਮੁੰਦ੍ਰ ਕੰਢੇ ਦੁਆਰਕਾ ਨਗਰੀ ਵਸਾਈ ਤੇ ਰਾਤੋ ਰਾਤ ਸਾਰੇ ਲੋਕਾਂ ਨੂੰ ਸੁੱਤੇ, ਸਾਮਾਨ ਸਮੇਤ ਉਥੇ ਤਬਦੀਲ ਕਰ ਦਿੱਤਾ, ਉਹ ਲੋਕ ਜਾਗੇ ਤਾਂ ਦੁਆਰਕਾ `ਚ ਸਨ। ਮਹਾਂਭਾਰਤ ਸਮੇਂ ਅਰਜੁਨ ਦੇ ਰਥ ਨੂੰ ਹਾਂਕਿਆ, ਸੰਦੀਪਨੀ, ਕ੍ਰਿਸ਼ਨ ਜੀ ਦੇ ਸ਼ਸਤ੍ਰ ਗੁਰੂ ਤੇ ਦੁਰਭਾਸ਼ਾ ਕੁਲ ਪੁਰੋਹਿਤ ਸਨ।

ਕ੍ਰਿਸ਼ਨ ਜੀ ਦਾ ਜੀਵਨ ਭਿੰਨ ਭਿੰਨ ਪੜਾਵਾਂ `ਚ ਵਿਕਸਤ ਹੋਇਆ ਮਿਲਦਾ ਹੈ। ਮਹਾਂਭਾਰਤ `ਚ ਮਹਾਨ ਜੋਧੇ ਦੇ ਰੂਪ `ਚ; ਹਰਿਬੰਸ ਪੁਰਾਨ `ਚ ਪਹਿਲੀ ਵਾਰੀ ਉਹਨਾਂ ਨਾਲ ਚਮਤਕਾਰੀ ਕਹਾਣੀਆਂ ਜੁੜੀਆਂ ਹਨ। ਭਾਗਵਤਪੁਰਾਣ ਤੇ ਪ੍ਰੇਮ ਸਾਗਰ ਨੇ ਇਸਨੂੰ ਲੋਕਪ੍ਰਿਯ ਬਣਾਇਆ। ਮਹਾਂਭਾਰਤ ਦੇ ਸ਼ਾਂਤ ਪਰਵ, ਅਧਿਆਈ ੧੮ `ਚ ਗੀਤਾ ਦੀ ਰਚਨਾ ਕ੍ਰਿਸ਼ਨ ਜੀ ਰਾਹੀਂ ਦੱਸੀ ਹੈ ਜਿਸ `ਚ ਕ੍ਰਿਸ਼ਨ ਜੀ ਨੇ ਆਪਣੇ ਆਪ ਨੂੰ ਪ੍ਰਮਾਤਮਾ, ਬ੍ਰਹਿਮੰਡ ਦੀ ਸਿਰਜਨਾ ਕਰਣ ਵਾਲਾ ਕਿਹਾ ਤੇ ਅਰਜੁਨ ਤੋਂ ਆਪਣੇ ਆਪ ਨੂੰ ਪਰਮ-ਆਸਨ, ਅਮਰ, ਆਜੋਨੀ, ਦੈਵੀ-ਪਰਮ-ਦੇਵਤਾ, ਸਰਬਵਿਆਪਕ ਅਖਵਾਇਆ ਹੈ। ਅੰਤ ਸਾਰਾ ਯਾਦਵ ਵੰਸ਼ ਸ਼ਰਾਬ ਦੇ ਨਸ਼ੇ `ਚ ਚੂਰ ਹੋ ਕੇ ਆਪਸੀ ਲੜਾਈ `ਚ ਨਸ਼ਟ ਹੋ ਗਿਆ ਅਤੇ ਕ੍ਰਿਸ਼ਨ ਉਦਾਸ ਅਵਸਥਾ `ਚ ਬੈਠੇ ਸਰਸ ਨਾਂ ਦੇ ਸ਼ਿਕਾਰੀ ਹੱਥੋਂ, ਹਿਰਨ ਦੇ ਭੁਲੇਖੇ ਤੀਰ ਦਾ ਸ਼ਿਕਾਰ ਬਣ ਗਏ। ਕੁੱਝ ਲਿਖਤਾਂ ਮੁਤਾਬਕ ਜੋ ਯਾਦਵ ਉਸ ਸਮੇਂ ਉਥੇ ਮੌਜੂਦ ਨਹੀਂ ਸਨ ਉਨ੍ਹਾਂ ਤੋਂ ਅਗੇ ਯਾਦਵ ਕੁਲ ਚੱਲੀ।

ਪੁਰਾਤਨ ਰਚਨਾਵਾਂ ਤੇ ਕੋਸ਼ਾਂ `ਚ ਕ੍ਰਿਸ਼ਨ ਪਦ ਹੋਰ ਬਹੁਤ ਅਰਥਾਂ `ਚ ਵੀ ਆਇਆ ਹੈ, ਜਿਵੇਂ ਵੇਦ ਵਿਆਸ, ਅਰਜਨ, ਕੋਇਲ, ਕਾਂ, ਹਨੇਰਾ ਪੱਖ, ਕਾਲਾ, ਕਲਿਜੁਗ, ਨੀਲ, ਲੋਹਾ, ਸੁਰਮਾ, ਮੋਤੀ ਆਦਿ। ਸਾਡੇ ਹਥਲੇ ਗੁਰਮੱਤ ਪਾਠ ਦਾ ਮੁਖ ਸੰਬੰਧ ਜਸੋਦਾ ਪੁਤਰ ਕ੍ਰਿਸ਼ਨ ਜੀ ਨਾਲ ਹੀ ਹੈ ਜਾਂ ਫਿਰ ਗੁਰਬਾਣੀ `ਚ ਅਕਾਲਪੁਰਖੁ ਲਈ ਵਰਤੇ ਸ਼ਬਦ ਕ੍ਰਿਸ਼ਨ ਨਾਲ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕ੍ਰਿਸ਼ਨ ਪਦ ਆਮ ਤੌਰ `ਤੇ ਦੋ ਅਰਥਾਂ `ਚ-ਇਕ ਅਕਾਲਪੁਰਖੁ ਤੇ ਦੂਜਾ ਜਸੋਦਾ ਸੁੱਤ ਕ੍ਰਿਸ਼ਨ ਲਈ ਆਇਆ ਹੈ। ਜੋ ਲੋਕ ਜਸੋਦਾ ਸੁੱਤ ਕ੍ਰਿਸ਼ਨ ਨੂੰ ਰੱਬ ਜਾਂ ਭਗਵਾਨ ਮੰਣਦੇ ਤੇ ਪੂਜਦੇ ਹਨ, ਪਾਤਸ਼ਾਹ ਨੇ ਇਸ ਵਿਚਾਰਧਾਰਾ ਦਾ ਪੂਰੀ ਤਰ੍ਹਾਂ ਖੰਡਣ ਕੀਤਾ ਹੈ। ਫ਼ੁਰਮਾਨ ਹੈ "ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ" (ਪੰ: ੪੨੩) ਭਾਵ ਜਿਸ ਕ੍ਰਿਸ਼ਨ ਨੂੰ ਤੂੰ ਭਗਵਾਨ ਮੰਣਦਾ ਹੈਂ ਉਹ ਤਾਂ ਕੇਵਲ ਆਪਣੇ ਸਮੇਂ ਦਾ ਇੱਕ ਰਾਜਾ ਹੀ ਕਿਹਾ ਜਾ ਸਕਦਾ ਹੈ ਅਤੇ "ਕੇਤੇ ਪਵਣ ਪਾਣੀ ਵੈਸੰਤਰ ਕੇਤੇ ‘ਕਾਨ’ ਮਹੇਸ" (ਜਪੁ ਪਉ: ੩੦) ਬਲਕਿ "ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨੑ ਕਹਾਣੀਆ ਕੇਤੇ ਬੇਦ ਬੀਚਾਰ" (ਪੰ: ੪੬੪) ਭਾਵ ਅਕਾਲਪੁਰਖੁ ਦੀ ਮਹਾਨ ਹਸਤੀ ਮੁਕਾਬਲੇ ਕ੍ਰਿਸ਼ਨ ਦੀ ਹਸਤੀ ‘ਰਵਾਲ’ ਭਾਵ ਮਿੱਟੀ ਦੇ ਜ਼ਰੇ ਤੋਂ ਵੱਧ ਨਹੀਂ। ਕਰਤਾਰ ਦੀ ਰਚਨਾ `ਚ ਤਾਂ ਅਜੇਹੇ ਅਨੇਕਾਂ ਕ੍ਰਿਸ਼ਨ ‘ਕੇਤੇ ਕਾਨ’, ‘ਕੇਤੀਆ ਕੰਨੑ ਕਹਾਣੀਆ’ ਨਿੱਤ ਘੜੇ ਜਾਂਦੇ ਹਨ। ਪੰਜਵੇਂ ਨਾਨਕ ਜਸੋਧਾ ਸੁੱਤ ਕ੍ਰਿਸ਼ਨ ਲਈ ਭਗਵਾਨ ਕਹਿਣ ਵਾਲਿਆਂ ਨੂੰ ਚੇਤਾਵਨੀ ਇਥੋਂ ਤੱਕ ਦੇਂਦੇ ਹਨ,

"ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥ ੧ ॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧ ॥ ਰਹਾਉ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ ੨ ॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥ ੩ ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ" (ਪੰ: ੧੧੩੬)।

ਭਾਵ "ਐ ਭਰਮਾਂ `ਚ ਫਸੇ ਮਨੁੱਖ! ਤੂੰ ਇਹ ਕੱਚੀਆਂ ਗੱਲਾਂ ਕਿਉਂ ਕਰਦਾ ਹੈਂ? ਪ੍ਰਭੂ ਅਜੂਨੀ ਹੈ, ਜਨਮ-ਮਰਣ `ਚ ਨਹੀਂ ਆਉਂਦਾ" ਪਰ ਤੂੰ ਕੀ ਕੀਤਾ "ਸਾਰੀਆਂ ਥਿੱਤਾਂ ਨੂੰ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਤੇ (ਭਾਦੋਂ ਵਦੀ) ਅਸ਼ਟਮੀ ਨੂੰ ਮੰਨ ਬੈਠਾ, ਇਸ ਦਿਨ ਰੱਬ ਨੇ ਜਨਮ ਲਿਆ ਸੀ। ਪੰਜੀਰੀ ਬਣਾ ਕੇ ਪੜਦੇ `ਚ ਲੁਕੋ ਕੇ, ਚੋਰੀ ਚੋਰੀ ਭੋਗ ਲੁਆਉਣ ਦੀ ਗੱਲ ਕਰਦਾ ਹੈਂ। ਪ੍ਰ੍ਰਭੂ ਤੋਂ ਅਨਜਾਣ (ਸਾਕਤ) ਮਨੁੱਖ! ਤੇਰੇ ਕੁਰਾਹੇ ਪੈ ਜਾਣ ਦਾ ਕਾਰਣ ਹੀ ਤੇਰਾ ਮੂਰਤੀ ਨੂੰ ਰੱਬ ਦਾ ਸਰੀਰ ਮੰਣ ਕੇ ਉਸਨੂੰ ਲੋਰੀਆਂ ਦੇਣਾ ਹੈ। ਤਾਂ ਤੇ, ਉਹ ਮੂੰਹ ਸੜ ਜਾਣਾ ਚਾਹੀਦਾ ਹੈ ਜਿਹੜਾ ਕਹਿੰਦਾ ਹੈ ਰੱਬ ਜੂਨੀ `ਚ ਆਉਂਦਾ ਹੈ। ਅਕਾਲਪੁਰਖੁ ਕਦੇ ਜਨਮ-ਮਰਣ `ਚ ਨਹੀਂ ਆਉਂਦਾ, ਕਰਤਾਰ ਤਾਂ ਜ਼ੱਰੇ ਜ਼ੱਰੇ `ਚ ਮੌਜੂਦ ਰਹਿੰਦਾ ਹੈ।

ਇਹੀ ਨਹੀਂ, ਬਾਣੀ `ਚ ਅਕਾਲਪੁਰਖੁ ਲਈ ਵੀ ਕ੍ਰਿਸ਼ਨ ਪਦ ਕਈ ਵਾਰੀ ਆਇਆ ਹੈ ਪਰ ਉਸ ਵੇਲੇ ਉਸ ਨੂੰ ਜਸੋਦਾ ਸੁੱਤ ਕ੍ਰਿਸ਼ਨ ਸਮਝਣਾ ਜਾਂ ਪ੍ਰਚਾਰਣਾ, ਗੁਰਬਾਣੀ ਸਿਧਾਂਤ ਤੇ ਅਰਥਾਂ ਬਾਰੇ ਨਾਸਮਝੀ ਹੈ। ਜਿਵੇਂ "ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ" (ਪੰ: ੪੬੯)। ਇਥੇ ਕ੍ਰਿਸ਼ਨ ਪਦ ਸਾਰੀ ਰਚਨਾ ਦੇ ਕੇਂਦਰੀ ਧੁਰੇ ਪ੍ਰਭੂ ਲਈ ਆਇਆ ਹੈ। ਬਲਕਿ ਨਾਲ ਹੀ ਲਫ਼ਜ਼ ਵਾਸੁਦੇਵ ਜਿਵੇਂ ਹੋਰ "ਬਾਸੁਦੇਵ ਬਸਤ ਸਭ ਠਾਇ" (ਪੰ: ੮੯੭) ਵੀ ਆਇਆ ਹੈ ਪਰ ਉਥੇ ਇਹ ਲਫ਼ਜ਼ ਵੀ ਸਰਵਵਿਆਪਕ, ਪਾਲਣਹਾਰੇ ਪ੍ਰਮਾਤਮਾ ਲਈ। ਇਸੇ ਤਰ੍ਹਾਂ ਹੋਰ ਲਵੋ "ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ" (ਪੰ: ੫੬੭)।

ਬਲਕਿ ਜਸੋਦਾ ਸੁੱਤ ਕ੍ਰਿਸ਼ਨ ਲਈ ਤਾਂ ਗੁਰਦੇਵ ਕ੍ਰਿਸ਼ਨ ਭਗਤਾਂ ਨੂੰ ਹੀ ਸੁਆਲ ਕਰਦੇ ਹਨ ਐ ਭਾਈ! ਜਿਸ ਕ੍ਰਿਸ਼ਨ ਨੂੰ ਤੁਸੀਂ ਇੱਕ ਪਾਸੇ ਰੱਬ ਕਹਿ ਕੇ ਪੂਜਦੇ ਹੋ ਦੂਜੇ ਪਾਸੇ ਆਪ ਹੀ ਕਹਿੰਦੇ ਹੋ ਕਿ ਕਿਸ਼ਨ ਨੇ ਕਾਮ ਪੂਰਤੀ ਲਈ ਇੰਦ੍ਰ ਦੇ ਬਾਗ਼ `ਚੋਂ ਪਾਰਜਾਤ ਬਿਰਖ ਲਿਆ ਕੇ ਸਤਭਾਮਾ ਨੂੰ ਦਿੱਤਾ ਅਤੇ ਉਸੇ ਹੀ ਕ੍ਰਿਸ਼ਨ ਨੇ ਹੀ ਛਲ-ਕਪਟ ਤੇ ਜ਼ੋਰ ਜ਼ਬਰਦਸਤੀ ਕਰਕੇ "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ" (ਪੰ: ੪੭੦) ਮੁਤਾਬਕ ਬਿੰਦ੍ਰਾਬਣ `ਚ ਚੰਦ੍ਰਾਵਲ ਨਾਲ ਰੰਗ ਰਲੀਆਂ ਮਨਾਈਆਂ। ਹੋਰ ਲਵੋ "ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ॥ ਨਾਨਕ ਗੁਰਮੁਖਿ ਹਰਿ ਆਪਿ ਤਰਾਵੈ" (ਪੰ: ੧੬੫)। ਇਸੇ ਤਰ੍ਹਾਂ ਮਿਥਿਹਾਸਕ ਕ੍ਰਿਸ਼ਨ ਵਾਲੇ ਜਿੰਨੇਂ ਵੀ ਉਪਨਾਮ ਆਏ, ਮੁੱਖ ਨਾਂ ਕ੍ਰਿਸ਼ਨ ਦੀ ਤਰ੍ਹਾਂ ਮੁਰਾਰੀ, ਦਾਮੋਦਰ, ਬੀਠੁਲ, ਬਿਹਾਰੀ, ਗੋਪਾਲ, ਪਿਤੰਬਰ, ਕੇਸ਼ਵ, ਸ੍ਰੀਧਰ ਆਦਿ ਸਾਰੇ ਹੀ ਗੁਰਬਾਣੀ `ਚ ਅਕਾਲਪੁਰਖੁ ਲਈ ਹੀ ਆਏ ਤੇ ਪ੍ਰਸੰਗ ਅਨੁਸਾਰ ਚੰਗੀ ਤਰ੍ਹਾਂ ਸਮਝਾਏ ਵੀ ਹਨ। ਸਪਸ਼ਟ ਹੈ ਜਦੋਂ ਮੁੱਖ ਕ੍ਰਿਸ਼ਨ ਪਦ ਹੀ ਜਸੋਦਾ ਸੁੱਤ ਲਈ ਨਹੀਂ ਤਾਂ ਸੰਬੰਧਕ ਉਪਨਾਵਾਂ ਦੀ ਗੱਲ ਆਪੇ ਹੀ ਮੁੱਕ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਰਾਮ ਜਾਂ ਕਿਸ਼ਨ ਆਦਿ ਕਿਸੇ ਹੋਰ ਨੂੰ ਲੈ ਕੇ ਕੇਵਲ ਅਵਤਾਰਵਾਦ `ਤੇ ਹੀ ਗੱਲ ਕਰਣੀ ਹੋਵੇ ਤਾਂ ਗੁਰਬਾਣੀ ਖਜ਼ਾਨੇ ਵਿਚੋਂ ਅਨੇਕਾਂ ਪ੍ਰਮਾਣ ਦੇ ਕੇ ਸਾਬਤ ਕੀਤਾ ਜਾ ਸਕਦਾ ਹੈ ਕਿ ਗੁਰਮੱਤ ਅਨੁਸਾਰ ਅਕਾਲਪੁਰਖੁ ਤੋਂ ਛੁੱਟ, ਕੋਈ ਵੀ ਸਰੀਰਧਾਰੀ ਰੱਬ ਜਾਂ ਭਗਵਾਨ ਨਹੀਂ ਹੋ ਸਕਦਾ। #R502-1.1920#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

 

Including this Self Learning Gurmat Lesson No.R MG502

"ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ" (ਪੰ: ੩੯੮)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmar Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.