.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:13)

ਵੀਰ ਭੁਪਿੰਦਰ ਸਿੰਘ

61. ਮਾਤਾ ਮਤਿ ਪਿਤਾ ਸੰਤੋਖੁ:

‘ਮਨ ਕੀ ਮਤ’ ਤਿਆਗਣ ਨਾਲ, ਸਤਿਗੁਰ (ਗਿਆਨ) ਰਾਹੀਂ ਸੁਚੱਜੀ ਮਤ ਪ੍ਰਾਪਤ ਹੁੰਦੀ ਹੈ। ਸੁਚੱਜੀ ਮਤ ਹੀ ਸੁਚੱਜੀ ਮਾਂ ਕਹਿਲਾਉਂਦੀ ਹੈ। ਇਸਦਾ ਸਦਕਾ ਸੁਚੱਜੇ, ਚੰਗੇ ਗੁਣਾਂ ਵਾਲੇ, ਨਿਰਮਲ ਖਿਆਲ (ਫੁਰਨੇ) ਉਪਜਦੇ ਹਨ। ਸੁਰਤ, ਮਤ, ਮਨ, ਬੁਧ ਉੱਚੇ ਬਣਦੇ ਹਨ। ਮਨੁੱਖ ਨੂੰ ਸੰਤੋਖ ਰੂਪੀ ਪਿਤਾ ਪ੍ਰਾਪਤ ਹੁੰਦਾ ਹੈ ਅਤੇ ਨਿਰਮਲ ਗੁਣਾਂ ਵਾਲੇ, ਸੁੱਚਜੇ ਖਿਆਲਾਂ ਦਾ ਉਤਪੰਨ ਹੋਣਾ ਹੀ ‘ਸਚੁ ਸੰਤਤਿ’ (ਚੰਗੀ ਔਲਾਦ, ਲਰਕੇ, ਲਰਕੀ) ਕਹਿਲਾਉਂਦਾ ਹੈ। ਸੁਚੱਜੀ ਮਾਤਾ (ਮਤ) ਰਾਹੀਂ ਚੰਗੇ ਗੁਣਾਂ ਦੇ ਖਿਆਲ ਉਤਪੰਨ ਹੁੰਦੇ ਹਨ। ਨਿਰਮਲ ਕਰਮ ਅਤੇ ਸਦਗੁਣੀ ਆਦਤਾਂ ਔਲਾਦਾਂ ਕਹਿਲਾਉਦੀਆਂ ਹਨ। ਮਤ ਦਾ ਬਾਂਝਪਨ ਮੁੱਕ ਜਾਂਦਾ ਹੈ।

62. ਔਤਰਾ (ਅਉਤਰਾ):

ਮਨ ਕੀ ਮਤ (ਬਾਂਝ ਮਤ) ਜਦੋਂ ਚੰਗੇ ਗੁਣਾਂ ਦੇ ਖਿਆਲ ਨਹੀਂ ਸੋਚਦੀ ਤਾਂ ਚੰਗੇ ਗੁਣਾਂ ਦਾ ਸੁਭਾਅ ਨਹੀਂ ਬਣਦਾ ਮਾਨੋ ਚੰਗੇ ਗੁਣਾਂ ਦੀ ‘ਵੇਲ ਵੱਧੀ’ ਹੀ ਨਹੀਂ। ‘ਬਾਂਝ ਮਤ’ ਵਾਲੇ ਮਨ ਨੂੰ ਹੀ ਔਤਰਾ ਕਹਿੰਦੇ ਹਨ ਕਿਉਂਕਿ ਉਸ ਰਾਹੀਂ ਨਿਰਮਲ ਸਦਗੁਣੀ ਖਿਆਲਾਂ ਦਾ ਵੰਸ਼ ਪੈਦਾ ਨਹੀਂ ਹੁੰਦਾ। ਭੈੜੇ ਖਿਆਲਾਂ ਨਾਲ ਭੈੜੀਆਂ ਆਦਤਾਂ ਹੀ ਉਪਜਦੀਆਂ ਹਨ।

63.  ਅਵਤਰਣ ਹੋਣਾ:

ਮਨੁੱਖੀ ਜੀਵਨ ਦਾ ਮਨੋਰਥ ਹੀ ਮਨੁੱਖਤਾ ਭਰਪੂਰ ਜੀਵਨੀ ਜਿਊਣਾ ਹੈ। ਮਨੁੱਖਤਾ ਭਰਪੂਰ ਜੀਵਨੀ ਲਈ ਸਤਿਗੁਰ ਦੀ ਮਤ ਲੈਣੀ ਅਤਿ ਲੋੜੀਂਦੀ ਹੈ ਵਰਨਾ ਅਸੀਂ ਮਨੁੱਖਤਾ ਦੇ ਤਲ ਤੋਂ ਡਿੱਗ ਕੇ ਪਸ਼ੁਤਾ ਵਾਲੇ ਕਰਮ ਕਰਨ ਲਗ ਜਾਂਦੇ ਹਾਂ ‘ਕਰਤੂਤਿ ਪਸੂ ਕੀ ਮਾਨਸ ਜਾਤਿ ॥’ ਜਦੋਂ ਪਸ਼ੁਤਾ ਵਾਲੇ, ਕਾਂ ਇੱਲਾਂ, ਸੱਪ, ਬੈਲ ਜੈਸੇ ਅਨੇਕਾਂ ਜੀਵ ਜੰਤਾਂ ਵਾਲੇ ਕਰਮ ਅਸੀਂ ਮਨੁੱਖ ਹੁੰਦਿਆਂ ਵੀ ਕਰਦੇ ਹਾਂ ਤਾਂ ਮੰਨਣਾ ਪੈਂਦਾ ਹੈ ਕਿ ਅਸੀਂ ਸਤਿਗੁਰ ਦੀ ਮਤ ਨੂੰ ਨਹੀਂ ਲੈ ਰਹੇ ਬਲਕਿ ਉਸਨੂੰ ਨਜ਼ਰਅੰਦਾਜ਼ ਕਰ ਰਹੇ ਹਾਂ। ਇਸੇ ਕਰਕੇ ਅਸੀਂ ਮਨੁੱਖੀ ਤਲ ਤੋਂ ਡਿਗਿਆ ਜੀਵਨ ਬਿਤਾਉਂਦੇ ਹਾਂ। ਇਸ ਅਵਸਥਾ ਨੂੰ ਮਨੁੱਖਤਾ ਤੋਂ ‘ਅਵਤਰਣ ਹੋਣਾ’ ਕਹਿੰਦੇ ਹਨ।

64.  ਗੁਰਸ਼ਬਦੀ ਪਾਰ ਉਤਰਨਾ:

ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 404)

‘ਮਨ ਕੀ ਮਤ’ ਦੇ ਨਾਲ ਹੀ ਮੰਦੇ, ਨੀਵੇਂ ਅਤੇ ਨੀਚ ਖਿਆਲਾਂ ਦੀ ਉਪਜ ਹੁੰਦੀ ਹੈ। ਜਿਸ ਸਦਕੇ ਸਾਡੇ ਜੀਵਨ ’ਚ ਨੀਚ ਖਿਆਲਾਂ ਦਾ ਸਮੁੰਦਰ ਬਣ ਜਾਂਦਾ ਹੈ। ਇਹ ਵਿਕਾਰਾਂ ਦਾ ਸਮੁੰਦਰ ਸਾਡੀ ਸੁਰਤ, ਮਤ, ਮਨ ਅਤੇ ਬੁੱਧੀ ਨੂੰ ਠਹਿਰਾਵ ਵਿੱਚ ਨਹੀਂ ਆਉਣ ਦੇਂਦਾ। ਅਵਗੁਣਾਂ ਦੇ ਵਿਕਾਰੀ ਸਮੁੰਦਰ, ਭਾਵ ਅਵਗੁਣੀ ਖਿਆਲਾਂ ਅਤੇ ਆਦਤਾਂ ਤੋਂ ਸਤਿਗੁਰ ਦੀ ਮਤ ਦਾ ਸੱਚਾ ਗਿਆਨ (ਤੱਤ ਗਿਆਨ) ਹੀ ਕਿਨਾਰੇ ਤਕ ਪਹੁੰਚਾਉਂਦਾ ਹੈ (ਮੁਕਤ ਕਰਵਾਉਂਦਾ ਹੈ)। ਵਿਕਾਰਾਂ ਦੇ ਇਸ ਸਮੁੰਦਰ (ਭਵਜਲ) ਤੋਂ ਮੁਕਤ ਹੋ ਕੇ ਜੀਵਨ ਜਿਊਣਾ ਹੀ ‘ਗੁਰ ਸਬਦੀ ਪਾਰਿ ਉਤਰੀਐ’ ਕਹਿਲਾਉਂਦਾ ਹੈ।

65.  ਨਾਦ (ਅਨਹਦ ਨਾਦ):

ਸਾਰੀ ਸ੍ਰਿਸ਼ਟੀ ’ਚ ਸਭ ਜਗ੍ਹਾ ਰੱਬ ਜੀ ਵਸਦੇ ਹਨ। ਸਾਰੀ ਕੁਦਰਤ ਰੱਬ ਦਾ ਸੰਗੀਤ (ਨਾਦ) ਵਜਾ ਰਹੀ ਹੈ।

ਬਲਿਹਾਰੀ ਕੁਦਰਤਿ ਵਸਿਆ ॥ (ਗੁਰੂ ਗ੍ਰੰਥ ਸਾਹਿਬ, ਪੰਨਾ 469)

ਕੁਦਰਤਿ ਕਰਿ ਕੈ ਵਸਿਆ ਸੋਇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 83)

ਕੁਦਰਤ ’ਚ ਵਸਦੇ ਰੱਬ ਨਾਲ ਇੱਕਮਿਕਤਾ ਲਈ ਰੱਬੀ ਰਜ਼ਾ  ਵਿਚ ਤੁਰਨਾ ਹੀ ‘ਨਾਦ’ ਵਿੱਚ ਲੀਨ ਹੋਣਾ ਹੈ। ਜੋ ਕੁਦਰਤ ਦਾ ਨਾਦ ਵੱਜ ਰਿਹਾ ਹੈ, ਉਸ ਨਾਲ ਸੁੱਤੇ ਮਨ ਨੂੰ ਨੀਂਦ ਤੋਂ ਜਗਾਉਣਾ ਭਾਵ ਅੰਦਰ ਦੀਆਂ ਤਾਰਾਂ ਖੜਕ ਜਾਣਾ ਹੀ ਨਾਦ ਵਜਾਉਣਾ ਹੈ। ਇਹੋ ਨਾਦ ਬੇਅੰਤ ਹੈ, ਅਨਹਦ ਹੈ, ਅਸੀਮ ਹੈ, ਅਪਾਰ ਹੈ। ਨਾਦ ਸੁਣਨ ਦੀ ਕਲਾ (ਗੁਰ) ਹੀ ਸਤਿਗੁਰ ਦੀ ਮਤ ਹੈ। ਬਾਹਰਲੇ ਮਨੁੱਖੀ ਵਜਾਏ ਸੰਗੀਤ ਜਾਂ ਗਾਇਕੀ ਨਾਲ ਰੱਬੀ ਅਨਹਦ ਨਾਦ ਦਾ ਕੋਈ ਸੰਬੰਧ ਨਹੀਂ ਹੁੰਦਾ। ਸਤਿਗੁਰ ਦੀ ਮਤ ਨਾਲ ਮਨ ਜਾਗ ਪਵੇ ਤਾਂ ਇਹ ਸਾਰੇ ਸਰੀਰ ਦੇ ਅੰਗਾਂ (ਇੰਦ੍ਰੀਆਂ) ਨੂੰ ਵੀ ਰੱਬੀ ਨਿਯਮ ਨਾਲ ਸੁਰ ਕਰ ਲੈਂਦਾ ਹੈ। ਇਸ ਲਈ ਰੱਬੀ ਰਜ਼ਾ ਨਾਲ ਇੱਕ ਸੁਰ ਹੋ ਕੇ ਜਿਊਣਾ (ਗਾਉਣਾ) ਹੀ ‘ਹਰਿ ਦਿਨੁ ਰੈਨਿ ਕੀਰਤਨੁ ਗਾਈਐ’ ਦੀ ਅਵਸਥਾ ਹੈ।




.