.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜਮ ਦੂਤ

ਛੋਟੇ ਹੁੰਦਿਆਂ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਸ ਦੀ ਆਤਮਾ ਨੂੰ ਜਮਦੂਤ ਲੈਣ ਲਈ ਆਉਂਦੇ ਹਨ। ਕੁੱਝ ਰਾਗੀਆਂ ਪਰਚਾਰਕਾਂ ਨੇ ਵੀ ਅਜੇਹੀਆਂ ਅਧਾਰਹੀਣ ਗੱਲਾਂ ਸੰਗਤਾਂ ਵਿੱਚ ਪਰਚੱਲਤ ਕੀਤੀਆਂ ਹਨ ਕਿ ਜਿਹੜਾ ਮਨੁੱਖ ਨਾਮ ਨਹੀਂ ਜਪਦਾ ਉਸ ਦੀ ਆਤਮਾ ਨੂੰ ਜਮ ਕੰਡਿਆਂ ਵਾਲਿਆਂ ਛਾਪਿਆਂ ਤੋਂ ਧੂਅ ਧੂਅ, ਖਿੱਚ ਖਿੱਚ ਕੇ ਲਿਜਾਂਦੇ ਹਨ। ਆਤਮਾ ਰੋਂਦੀ ਕਰਲਾਉਂਦੀ ਤੇ ਵਿਰਲਾਪ ਕਰਦੀ ਹੈ। ਇਹ ਸਾਰਾ ਨਕਸ਼ਾ ਏਦਾਂ ਪੇਸ਼ ਕਰਦੇ ਹਨ ਜਿਸ ਤਰ੍ਹਾਂ ਇਹਨਾਂ ਨਾਲ ਹੱਡੀਂ ਵਾਪਰਿਆਂ ਜਾਂ ਇਹ ਦੇਖ ਕੇ ਆਏ ਹੋਣ।
ਡੇਰਾਵਾਦੀ ਰਾਗੀਆਂ ਨੇ ਕਈ ਹੋਰ ਗੱਲਾਂ ਵੀ ਪ੍ਰੱਲਤ ਕੀਤੀਆਂ ਹਨ ਕਿ ਜਦੋਂ ਕੋਈ ਬੂਬਨਾ, ਢਿੱਡਲ, ਲੁਥ ਲੁਥ ਕਰਦਾ ਬਾਬਾ ਮਰਦਾ ਹੈ ਜਨੀ ਕਿ ਇਹਨਾਂ ਦੀ ਬੋਲੀ ਵਿੱਚ ਬ੍ਰਹਮ ਗਿਆਨੀ ਮਰਦਾ ਹੈ ਤਾਂ ਉਸ ਨੂੰ ਜਮਦੂਤਾਂ ਦੀ ਥਾਂ `ਤੇ ਦੇਵਤੇ ਲੈਣ ਲਈ ਆਉਂਦੇ ਹਨ। ਅਖੇ ਉਹਨਾਂ ਦੇਵਤਿਆਂ ਨੇ ਬੇਬਾਣ ਸਜਾਇਆ ਹੁੰਦਾ ਹੈ। ਇਹ ਰਾਗੀ ਏਦਾਂ ਦਾ ਨਜ਼ਾਰਾ ਪੇਸ਼ ਕਰਦੇ ਹਨ ਜਿਦਾਂ ਕੋਈ ਲਾੜਾ ਘੌੜੀ ਚੜ੍ਹਨ ਲੱਗਿਆ ਹੋਵੇ।
ਪੰਜਾਬ ਦਿਆਂ ਸ਼ਹਿਰਾਂ ਦੀਆਂ ਮੜ੍ਹੀਆਂ ਦੀਆਂ ਦੀਵਾਰਾਂ `ਤੇ ਲੰਬੇ ਲੰਬੇ ਦੰਦ, ਵੱਡੇ ਵੱਡੇ ਨੰਹੁ ਬੇ-ਢੰਗੀਆਂ ਜੇਹੀਆਂ ਸ਼ਕਲਾਂ ਵਾਲੇ ਜਮਦੂਤ ਬਣਾ ਕੇ ਪੂਰੀ ਦਹਿਸ਼ਤ ਪੈਦਾ ਕੀਤੀ ਹੁੰਦੀ ਹੈ। ਇਹਨਾਂ ਨਕਸ਼ਿਆਂ ਰਾਂਹੀਂ ਪੁਜਾਰੀ ਨੇ ਪੂਰੀ ਤਰ੍ਹਾਂ ਮਨੁੱਖ ਨੂੰ ਡਰਾਇਆ ਹੋਇਆ ਹੈ ਕਿ ਬੰਦਿਆ ਦਾਨ ਪੁੰਨ ਕਰ ਨਹੀਂ ਤਾਂ ਤੇਰਾ ਵੀ ਇਹੀ ਹਾਲ ਹੋਣਾ ਈਂ। ਪੁਜਾਰੀ ਨੇ ਲੋਕਾਂ ਨੂੰ ਨਰਕ ਦਾ ਭਿਆਨਕ ਨਕਸ਼ਾ ਦਿਖਾਇਆ ਹੈ। ਉਹ ਆਪਣੇ ਮਕਸਦ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਇਆ ਕਿ ਤੁਸੀਂ ਆਤਮਾ ਦਾ ਕਲਿਆਣ ਕਰਾਉਣਾ ਚਾਹੁੰਦੇ ਹੋ ਤਾਂ ਸਾਡੇ ਧਾਰਮਕ ਗ੍ਰੰਥਾਂ ਅਨੁਸਾਰ ਪੂਜਾ ਪਾਠ ਕਰਾਓ ਤਾਂ ਕਿ ਤੁਹਾਡੇ ਬਜ਼ੁਰਗਾਂ ਦੀ ਆਤਮਾਂ ਨੂੰ ਸ਼ਾਂਤੀ ਮਿਲ ਸਕੇ। ਸਿੱਖ ਭਾਈ ਚਾਰੇ ਦੇ ਧਾਰਮਕ ਪ੍ਰਚਾਰਕਾਂ ਨੇ ਸ਼ਬਦ ਗੁਰਬਾਣੀ ਦਾ ਲੈ ਕੇ ਗਰੜ ਪੁਰਾਣ ਹੀ ਪਰੋਸਿਆ ਹੈ। ਗੁਰਦੇਵ ਪਿਤਾ ਜੀ ਨੇ ਵਰਤਮਾਨ ਜੀਵਨ ਵਿੱਚ ਜਿਹੜੇ ਵਿਕਾਰੀ ਜਮਦੂਤ ਹਨ ਉਹਨਾਂ ਪ੍ਰਤੀ ਮਨੁੱਖ ਨੂੰ ਸੁਚੇਤ ਕੀਤਾ ਹੈ। ਅਸਲ ਵਿੱਚ ਮਨੁੱਖ ਦੀ ਵਿਕਾਰੀ ਬਿਰਤੀ ਹੀ ਜਮਦੂਤ ਹੈ ਜਿਹੜੀ ਸਾਡੇ ਦੈਵੀ ਗੁਣਾਂ ਨੂੰ ਖਾ ਜਾਂਦੀ ਹੈ-- ਇਸ ਸਲੋਕ ਵਿੱਚ ਭੈੜੀ ਸੋਚ ਨੂੰ ਜਮਦੂਤ ਕਹਿਆ ਗਇਆ ਹੈ—
ਚਰਣਾਰਬਿੰਦ ਭਜਨੰ, ਰਿਦਯੰ ਨਾਮ ਧਾਰਣਹ॥
ਕੀਰਤਨੰ ਸਾਧਸੰਗੇਣ, ਨਾਨਕ ਨਹ ਦ੍ਰਿਸਟੰਤਿ ਜਮਦੂਤਨਹ॥ ੩੪॥
ਪੰਨਾ ੧੩੫੬-੧੩੫੭

ਅੱਖਰੀਂ ਅਰਥ--— ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਾਂਦਾ ਹੈ, ਪਰਮਾਤਮਾ ਦੇ ਚਰਨ-ਕਮਲਾਂ ਨੂੰ ਸਿਮਰਦਾ ਹੈ, ਸਾਧ ਸੰਗਤਿ ਵਿੱਚ ਜੁੜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਹੇ ਨਾਨਕ! ਜਮਰਾਜ ਦੇ ਦੂਤ ਉਸ ਮਨੁੱਖ ਵਲ ਤੱਕ (ਭੀ) ਨਹੀਂ ਸਕਦੇ (ਕਿਉਂਕਿ ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ)। ੩੪।
ਵਿਚਾਰ ਚਰਚਾ---
੧ ਵਰਤਮਾਨ ਜੀਵਨ ਦੀ ਵਿੱਚ ਆਏ ਵਿਕਾਰਾਂ ਨੂੰ ਜਮਦੂਤ ਕਹਿਆ ਗਇਆ ਹੈ।
੨ ਮਰਨ ਉਪਰੰਤ ਮਨੁੱਖੀ ਆਤਮਾ ਨੂੰ ਕੋਈ ਜਮਦੂਤ ਨਹੀਂ ਲੈਣ ਆਉਂਦਾ। ਬਿੱਪਰ ਪੁਜਾਰੀ ਨੇ ਆਮ ਲੁਕਾਈ ਨੂੰ ਜਮਦੂਤ ਦਾ ਡਰ ਪਾਇਆ ਹੋਇਆ ਹੈ, ਜਿਸ ਦਾ ਪ੍ਰਭਾਵ ਸਿੱਖੀ ਭਾਈਚਾਰੇ `ਤੇ ਆਮ ਦੇਖਿਆ ਜਾ ਸਕਦਾ ਹੈ। ੩ ਜਿਸ ਤਰ੍ਹਾਂ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ ਏਸੇ ਤਰ੍ਹਾਂ ਰੱਬੀ ਗੁਣ ਸਦਾ ਬਹਾਰ ਖਿੜੇ ਰਹਿੰਦੇ ਹਨ।
੪ ਹਿਰਦੇ ਵਿੱਚ ਧਾਰਨ ਦਾ ਅਰਥ ਹੈ ਰੱਬੀ ਗੁਣਾਂ ਦੀ ਵਰਤੋਂ ਕਰਨੀ ਤੇ ਇਹ ਹੀ ਰੱਬੀ ਸਿਫਤੋ ਸਲਾਹ ਹੈ।
੫ ਕੀਰਤਨੰ ਸਾਧਸੰਗੇਣ-- ਸਾਧ ਸੰਗਤਿ ਵਿੱਚ ਜੁੜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਦਾ ਭਾਵ ਹੈ ਕਿ ਉਦਮ ਤੇ ਮਿਹਨਤ ਕਰਨ ਨਾਲ ਹੀ ਗਿਆਨ ਹਾਸਲ ਹੁੰਦਾ ਹੈ—
੬ ਗੁਣਾਂ ਨਾਲ ਭਰਪੂਰ ਗਿਆਨ ਨਾਲ ਜਦੋਂ ਮਨੁੱਖ ਪ੍ਰਪੱਕਤਾ ਵਿੱਚ ਵਿਚਰਦਾ ਹੈ ਤਾਂ ਵਿਕਾਰ ਰੁਪੀ ਜਮ ਦੂਤ ਕਦੇ ਵੀ ਨੇੜੇ ਨਹੀਂ ਆ ਸਕਦੇ।
੭ ਨੀਵੇਂ ਕਿਰਦਾਰ ਵਿੱਚ ਵਿਚਰਨ ਵਾਲਾ ਮਨੁੱਖ ਜਮਦੁਤਾਂ ਵਿੱਚ ਘਿਰਿਆ ਰਹਿੰਦਾ ਹੈ।
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ॥
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ॥ ੧॥
ਸਲੋਕ ਮ: ੫ ਪੰਨਾ ੨੫੬
.