.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੇਤੀਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਬੱਤੀ ਭਾਗ ਵੀ ਪੜੋ ਜੀ)

ਪਉੜੀ ਨੰ: ੨੦ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਆਸਾ ਅੰਦਰਿ ਸਭੁ ਕੋ, ਕੋਇ ਨਿਰਾਸਾ ਹੋਇ॥ ਨਾਨਕ ਜੋ ਮਰਿ ਜੀਵਿਆ, ਸਹਿਲਾ ਆਇਆ ਸੋਇ॥  ੧ ॥

ਮਃ ੩॥ ਨਾ ਕਿਛੁ ਆਸਾ ਹਥਿ ਹੈ, ਕੇਉ ਨਿਰਾਸਾ ਹੋਇ॥ ਕਿਆ ਕਰੇ ਏਹ ਬਪੁੜੀ, ਜਾਂ ਭਲਾਏ ਸੋਇ॥  ੨ ॥

ਪਉੜੀ॥ ਧ੍ਰਿਗੁ ਜੀਵਣੁ ਸੰਸਾਰ, ਸਚੇ ਨਾਮ ਬਿਨੁ॥ ਪ੍ਰਭੁ ਦਾਤਾ ਦਾਤਾਰ, ਨਿਹਚਲੁ ਏਹੁ ਧਨੁ॥ ਸਾਸਿ ਸਾਸਿ ਆਰਾਧੇ, ਨਿਰਮਲੁ ਸੋਇ ਜਨੁ॥ ਅੰਤਰਜਾਮੀ ਅਗਮੁ, ਰਸਨਾ ਏਕੁ ਭਨੁ॥ ਰਵਿ ਰਹਿਆ ਸਰਬਤਿ, ਨਾਨਕੁ ਬਲਿ ਜਾਈ॥  ੨੦ ॥

(ਪਉੜੀ ਨੰ: ੨੦ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੩॥ ਆਸਾ ਅੰਦਰਿ ਸਭੁ ਕੋ, ਕੋਇ ਨਿਰਾਸਾ ਹੋਇ॥ ਨਾਨਕ ਜੋ ਮਰਿ ਜੀਵਿਆ, ਸਹਿਲਾ ਆਇਆ ਸੋਇ॥ ੧॥ {ਪੰਨਾ ੯੫੬}

ਪਦ ਅਰਥ : —ਸਭੁ ਕੋ—ਹਰੇਕ ਮਨੁੱਖ। ਕੋਇ—ਕੋਈ ਵਿਰਲਾ ਹੀ। ਨਿਰਾਸਾ—ਆਸ਼ਾਵਾਂ ਤੋਂ ਬਚਿਆ ਹੋਇਆ। ਮਰਿ—ਮਰ ਕੇ, ਆਸ਼ਵਾਂ ਵਲੋਂ ਹਟ ਕੇ। ਸਹਿਲਾ—ਸਫ਼ਲਾ। ਸਹਿਲਾ ਆਇਆ ਸੋਇ—ਉਸਦਾ ਪ੍ਰਾਪਤ ਇਹ ਮਨੁੱਖਾ ਜਨਮ ਹੀ ਸਫ਼ਲ ਹੋ ਜਾਂਦਾ ਹੈ।

ਅਰਥ : — "ਆਸਾ ਅੰਦਰਿ ਸਭੁ ਕੋ, ਕੋਇ ਨਿਰਾਸਾ ਹੋਇ" -ਹਰੇਕ ਜੀਵ ਜੀਵਨ ਭਰ ਭਿੰਨ-ਭਿੰਨ ਆਸ਼ਾਂਵਾਂ ਨਾਲ ਬਝਿਆ ਤੇ ਆਸਾਂਵਾਂ `ਚ ਹੀ ਫ਼ਸਿਆ ਰਹਿੰਦਾ ਹੈ ਭਾਵ, ਉਸਦੇ ਜੀਵਨ ਅੰਦਰ ਨਿੱਤ ਨਵੀਆਂ ਤੋਂ ਨਵੀਆਂ ਆਸ਼ਾਵਾਂ ਜਨਮ ਲੈਂਦੀਆਂ ਰਹਿੰਦੀਆਂ ਹਨ, ਉਹ ਤਾਂ ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ ਜਿਹੜਾ ਇਨ੍ਹਾਂ ਆਸ਼ਾਵਾਂ ਤੋਂ ਬਚਿਆ ਰਹਿੰਦਾ ਹੈ।

"ਨਾਨਕ ਜੋ ਮਰਿ ਜੀਵਿਆ, ਸਹਿਲਾ ਆਇਆ ਸੋਇ॥ ੧॥ ਹੇ ਨਾਨਕ! ਜਿਹੜਾ ਮਨੁੱਖ ਅਜਿਹੀਆਂ ਪਦਾਰਥਕ ਆਸ਼ਾਵਾਂ ਆਦਿ ਵਲੋਂ ਹਟ ਕੇ ਪ੍ਰਭੂ ਦੇ ਸਿਮਰਨ ਤੇ ਉਸ ਦੀ ਸਿਫ਼ਤ-ਸਲਾਹ ਚ ਆਪਣਾ ਜੀਵਨ ਗੁਜ਼ਾਰਦਾ ਹੈ ਦਰਅਸਲ ਸੰਸਰ `ਚ ਉਸ ਦਾ ਆਉਣਾ ਸਫਲ ਹੈ। ੧।

ਮਃ ੩॥ ਨਾ ਕਿਛੁ ਆਸਾ ਹਥਿ ਹੈ, ਕੇਉ ਨਿਰਾਸਾ ਹੋਇ॥ ਕਿਆ ਕਰੇ ਏਹ ਬਪੁੜੀ, ਜਾਂ ਭਲਾਏ ਸੋਇ॥ ੨॥ {ਪੰਨਾ ੯੫੬}

ਪਦ ਅਰਥ : — ਆਸਾ ਹਥਿ—ਆਸ਼ਾਵਾਂ ਦੇ ਹੱਥ `ਚ, ਆਸ਼ਾਵਾਂ ਦੇ ਵੱਸ `ਚ। ਕੇਉ—ਕਿਵੇਂ, ਕਿਸ ਤਰ੍ਹਾਂ? ਏਹ—ਇਹ ਆਸ਼ਾਵਾਂ। ਬਪੁੜੀ—ਵਿਚਾਰੀ। ਸੋਇ—ਉਹ ਪ੍ਰਭੂ ਆਪ। ਭਲਾਏ—ਅੱਖਰ ‘ਭ’ ਦੀ ਲਗ ( ੋ ) ਇਥੇ ਪੜ੍ਹਨੀ ਹੈ, ਭਾਵ, ਇਸ ਲਫ਼ਜ਼ ਨੂੰ ‘ਭੋਲਾਏ’ ਪੜ੍ਹਨਾ ਹੈ, ਅਸਲ ਲਫ਼ਜ਼ ‘ਭੁਲਾਇ’ ਹੈ}।

ਅਰਥ : — "ਨਾ ਕਿਛੁ ਆਸਾ ਹਥਿ ਹੈ, ਕੇਉ ਨਿਰਾਸਾ ਹੋਇ" - ਮਨੁੱਖ ਦੇ ਮਨ ਤੇ ਜੀਵਨ ਵਿੱਚਲੀਆਂ ਅਨੰਤ ‘ਆਸ਼ਾਵਾਂ’ ਦੇ ਆਪਣੇ ਹੱਥ `ਚ ਕੁੱਝ ਤੇ ਕੋਈ ਵੀ ਤਾਕਤ ਨਹੀਂ ਹੁੰਦੀ ਕਿ ਇਹ ਆਸ਼ਾਵਾਂ ਜੀਵ ਨੂੰ ਆਪਣੇ ਜਾਲ `ਚ ਫਸਾ ਸਕਣ ਜਾਂ ਫ਼ਸਾ ਕੇ ਰਖ ਸਕਣ ਤੇ ਨਾ ਹੀ ਮਨੁੱਖ ਆਪਣੇ ਕਿਸੇ ਵਿਸ਼ੇਸ਼ ਉੱਦਮ ਨਾਲ ਇਨ੍ਹਾਂ ‘ਆਸ਼ਾਵਾਂ’ ਤੋਂ ਬੱਚ ਹੀ ਸਕਦਾ ਹੈ।

ਤਾਂ ਵੀ ਮਨੁੱਖ ਦੇ ਮਨ ਤੇ ਜੀਵਨ ਅੰਦਰ ਬੇ-ਸਿਰਪੈਰ ਦੀਆਂ ਅਨੰਤ ਆਸ਼ਾਵਾਂ ਜੀਵਨ ਭਰ ਪੈਦਾ ਹੁੰਦੀਆਂ ਰਹਿੰਦੀਆਂ ਹਨ ਤਾਂ ਕਿਉਂ?

ਉਂਝ ਮਨੁੱਖ ਦੇ ਮਨ ਤੇ ਜੀਵਨ `ਚ ਹਰ ਸਮੇਂ ਪੈਦਾ ਹੋਣ ਵਾਲੀਆਂ ਤੇ ਹੋ ਰਹੀਆਂ ਇਹ ਬੇਸਿਰਪੈਰ ਦੀਆਂ ‘ਆਸ਼ਾਵਾਂ’ ਆਪਣੇ-ਆਪ ਮਨੁੱਖ ਦੇ ਜੀਵਨ ਦਾ ਕੁੱਝ ਵੀ ਨਹੀਂ ਸੁਆਰ ਸਕਦੀਆਂ ਬਲਕਿ ਇਹ ਆਪਣੇ-ਆਪ ਮਨੁੱਖ ਦੇ ਜੀਵਨ ਨੂੰ ਵਿਗਾੜਦੀਆਂ ਤੇ ਮਨੁੱਖਾ ਜਨਮ ਦੇ ਪ੍ਰਭੂ ਮਿਲਾਪ ਵਾਲੇ ਇਕੋ-ਇਕ ਵਿਸ਼ੇਸ਼ ਮਕਸਦ ਤੋਂ ਬਹੁਤਾ ਕਰਕੇ ਕੁਰਾਹੇ ਹੀ ਪਉਂਦੀਆਂ ਹਨ।

ਦਰਅਸਲ ਇਨ੍ਹਾਂ ਬੇਸਿਰਪੈਰ ਦੀਆਂ ਆਸ਼ਾਵਾਂ `ਚ ਉਲਝਿਆ ਰਹਿ ਕੇ ਜਾਂ ਉਲਝਾਏ ਹਏ ਮਨੁੱਖ ਨੂੰ ਪ੍ਰਭੂ ਆਪ ਵੀ ਆਪਣੇ ਆਪ ਤੋਂ ਭੁਲਾਉਂਦਾ ਤੇ ਕੁਰਾਹੇ ਹੀ ਪਾਉਂਦਾ ਹੈ। ੨।

ਪਉੜੀ॥ ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ॥ ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ॥ ਅੰਤਰਜਾਮੀ ਅਗਮੁ ਰਸਨਾ ਏਕੁ ਭਨੁ॥ ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ॥ ੨੦॥ {ਪੰਨਾ ੯੫੬}

ਪਦ ਅਰਥ : —ਧ੍ਰਿਗੁ—ਫਿਟਕਾਰ-ਜੋਗ। ਸੰਸਾਰ ਜੀਵਣੁ—ਦੁਨੀਆ `ਚ ਜਨਮ ਲੈ ਕੇ ਜੀਵਨ ਨੂੰ ਜੀਊਣਾ ਤੇ ਬਤੀਤ ਕਰਨਾ। ਨਿਹਚਲੁ—ਨਾ ਨਾਸ ਹੋਣ ਵਾਲਾ, ਸਦਾ ਥਿਰ। ਏਹੁ—ਇਹ ਨਾਮ, ਪ੍ਰਭੂ ਦੀ ਸਿਫ਼ਤ ਸਲਾਹ। ਸਾਸਿ ਸਾਸਿ—ਹਰੇਕ ਸਾਹ `ਚ, ਸੁਆਸ-ਸੁਆਸ। ਸੋਇ—ਸੋ ਹੀ, ਉਹ ਪ੍ਰਭੂ ਆਂਪ ਹੀ/। ਅੰਤਰਜਾਮੀ—ਹਰੇਕ ਦੇ ਦਿਲ ਦੀ ਜਾਣਨ ਵਾਲਾ। ਅਗਮੁ—ਅ+ਗਮੁ, ਜਿਸ ਤੀਕ ਗਿਆਨ ਤੇ ਕਰਮ ਇੰਦ੍ਰਿਆਂ ਦੀ ਵੀ ਪਹੁੰਚ ਨਹੀਂ। ਰਸਨਾ—ਜੀਭ। ਭਨੁ—ਉੱਚਾਰ, ਜਪ। ਰਵਿ ਰਹਿਆ—ਵਿਆਪਕ ਹੈ। ਸਰਬਤਿ—ਸਾਰਿਆਂ `ਚ।

ਅਰਥ : — "ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ" - ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾ ਜਗਤ `ਚ ਜੀਵਨ ਜੀਊਣਾ ਧ੍ਰਿਗਾਕਾਰ ਤੇ ਫਿਟਕਾਰ-ਜੋਗ ਹੈ।

"ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ" -ਪ੍ਰਭੂ ਆਪ ਹੀ ਸਭ ਦਾ ਦਾਤਾ ਹੈ ਅਤੇ ਉਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਸੋ, ਉਸ ਦਾ ਇਹ ਨਾਮ-ਧਨ ਅਜਿਹਾ ਖਜ਼ਾਨਾ ਹੈ ਜਿਹੜਾ ਅਮੁੱਕ ਹੈ ਤੇ ਕਦੇ ਨਾਸ ਹੋਣ ਵਾਲਾ ਵੀ ਨਹੀਂ।

"ਸਾਸਿ ਸਾਸਿ ਆਰਾਧੇ, ਨਿਰਮਲੁ ਸੋਇ ਜਨੁ" -ਦਰਅਸ਼ਲ ਉਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੁੰਦਾ ਤੇ ਬਣਦਾ ਹੈ ਜਿਹੜਾ ਸੁਆਸ-ਸੁਆਸ ਉਸ ਪ੍ਰਭੂ ਨੂੰ ਸਿਮਰਦਾ, ਉਸ ਨੂੰ ਯਾਦ ਕਰਦਾ ਤੇ ਉਸੇ ਦੇ ਰੰਗ `ਚ ਰੰਗਿਆ ਰਹਿੰਦਾ ਹੈ।

"ਅੰਤਰਜਾਮੀ ਅਗਮੁ, ਰਸਨਾ ਏਕੁ ਭਨੁ" -ਤਾ ਤੇ ਹੇ ਭਾਈ! ਤੂੰ ਵੀ ਜੀਭ ਨਾਲ ਉਸ ਇਕੋ-ਇਕ ਪ੍ਰਭੂ ਨੂੰ ਯਾਦ ਕਰਿਆ ਕਰ ਜਿਹੜਾ ਪ੍ਰਭੂ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਹੈ।

"ਰਵਿ ਰਹਿਆ ਸਰਬਤਿ, ਨਾਨਕੁ ਬਲਿ ਜਾਈ"॥ ੨੦॥ -ਫ਼ਿਰ ਇਤਨਾ ਹੀ ਨਹੀਂ ਬਲਕਿ ਜਿਹੜਾ ਪ੍ਰਭੂ ਸਮੂਹ ਜੀਵਾਂ ਦੀ ਪਹੁੰਚ ਤੋਂ ਪਰੇ ਹੈ।

ਇਸ ਲਈ ਹੇ ਨਾਨਕ! ਤੂੰ ਵੀ ਉਸ ਪ੍ਰਭੂ ਤੋਂ ਸਦਕੇ ਹੋ ਜਿਹੜਾ ਪ੍ਰਭੂ ਰਚਨਾ ਦੇ ਜ਼ਰੇ-ਜ਼ਰੇ’ `ਚ ਵਿਆਪਕ ਹੈ। ੨੦। ਯਥਾ:-

() "ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ॥ ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ॥ ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ" (ਪੰ: ੬੧)

() "ਮਨ ਤੇ ਉਪਜੈ ਮਨ ਮਾਹਿ ਸਮਾਇ॥ ਗੁਰਮੁਖਿ ਮੁਕਤੋ ਬੰਧੁ ਨ ਪਾਇ॥ ਸਬਦੁ ਬੀਚਾਰਿ ਛੁਟੈ ਹਰਿ ਨਾਹਿ" (ਪੰ: ੧੫੨) ਆਦਿ (ਚਲਦਾ) #Instt.Pau.20. Instt.33rd.v,.Ramkali ki vaar M.-3-02.20-P.20th

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਤੇਤੀਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.