.

ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥

. ਊਹਾਂ – ਉਥੇ। ਕਿਸੇ ਹੋਰ ਦੂਸਰੀ ਜਗਹ।

. ਤਉ – ਤਾਂ ਕਰਕੇ, ਕੋਈ ਖਾਸ ਵਜਹ ਕਰਕੇ।

. ਜਾਈਐ – ਜਾਣਾ ਕਰੀਏ, ਪਹੁੰਚਣਾ ਕਰੀਏ।

. ਜਉ – ਜੇਕਰ, ਅਗਰ।

. ਈਹਾਂ – ਇਸ ਜਗਹ, ਇੱਥੇ, ਆਸੇ-ਪਾਸੇ।

. ਨ – ਨਾਂਹ ਵਾਚਕ, ਅਗਰ ਨਹੀਂ ਹੈ ਤਾਂ।

. ਹੋਇ – ਹੈਗਾ ਹੈ। ਸਰਬਬਿਆਪੱਕ ਹੈ।

. ਉੱਪਰਲੀ ਪੰਕਤੀ ‘ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥’ ਭਗਤ ਬਾਬਾ ਰਾਮਾਨੰਦ ਜੀ ਦੇ ਉਚਾਰੇ ਸਬਦ ਦੇ ਦੂਜੇ ਪਦੇ ਦੀ ਹੈ। ਇਹ ਸਬਦ ਸ. ਗ. ਗ. ਸ. ਦੇ 1195 ਪੰਨੇ ਉੱਪਰ ਦਰਜ਼ ਹੈ।

. ਸਬਦ ਦਾ ਸਾਰਾਂਸ਼/ਕੇਦਰੀ ਭਾਵ ਹੈ ਕਿ ‘ਕਾਦਰ, ਕਰਤਾ-ਕਰਤਾਰ, ਅਕਾਲ-ਪੁਰਖ’ ਤਾਂ ਸਰਬ ਵਿਆਪੱਕ ਹੈ। ਹਰ ਪਾਸੇ ਉਹੀ 1 ਰਮਿਆ ਹੈ। ਐਸੀ ਕੋਈ ਜਗਹ ਹੈ ਹੀ ਨਹੀਂ, ਜਿਥੇ ਉਹ ਸਰਬ-ਵਿਆਪੱਕ ਮੌਜੂਦ ਨਹੀਂ ਹੈ।

. ਪਰ. . .

. ਮਨੁੱਖਾ ਸਮਾਜ ਵਿੱਚ ਜੋ ਵੇਖਣ ਨੂੰ ਮਿਲ ਰਿਹਾ ਹੈ, ਕਿ ‘ਕਾਦਰ, ਕਰਤਾ-ਕਰਤਾਰ, ਅਕਾਲ-ਪੁਰਖ’ ਨੂੰ ਮੰਦਿਰ, ਮਸਜਿਦਾਂ, ਗੁਰਦੁਆਰਿਆਂ, ਚਰਚਾਂ ਵਿੱਚ ਲੱਭਿਆ ਜਾ ਰਿਹਾ ਹੈ। ਹਰ ਧਰਮ/ਮਜ਼ਹਬ ਦੇ ਆਮ ਅਤੇ ਖਾਸ ਧਾਰਮਿੱਕ ਸਥਾਨ ਉੱਪਰ ਲੱਖਾਂ ਦੀ ਤਾਦਾਦ ਵਿੱਚ ਭੀੜਾਂ ਲੱਗੀਆਂ ਹਨ। ਲੱਭਣਾ ਤਾਂ ਉਸ ਚੀਜ਼ ਨੂੰ ਪੈਂਦਾ ਹੈ, ਜੋ ਗੁਆਚੀ ਹੋਵੇ। ‘ਕਾਦਰ, ਕਰਤਾ-ਕਰਤਾਰ, ਅਕਾਲ-ਪੁਰਖ’ ਤਾਂ ਸਰਬ-ਵਿਆਪੱਕ ਹੈ। ਉਹ ਕਿਧਰੇ ਗੁਆਚਿਆ ਹੀ ਨਹੀਂ ਹੈ ਤਾਂ ਤੇ ਲੱਭਣ ਦਾ ਯਤਨ ਤਾਂ ਬੇਮਾਇਨੇ ਹੈ।

. ਇਹਨਾਂ ਲੱਖਾਂ ਦੀਆਂ ਭੀੜਾਂ ਵਿੱਚ ‘ਕਾਦਰ, ਕਰਤਾ-ਕਰਤਾਰ, ਅਕਾਲ-ਪੁਰਖ’ ਦੇ ਸੱਚੇ ਅਭਿਲਾਸ਼ੀ ਤਾਂ ਬਹੁਤ ਥੋੜੇ ਹੁੰਦੇ ਹਨ, ਜਿਆਦਾਤਰ ਭੀੜ ਤਾਂ ਆਪਣੇ-ਆਪਣੇ ਮਨੋਰਥਾਂ ਦੀ ਪੂਰਤੀ ਲਈ ਮੰਗਤੇ ਬਣ ਕੇ ਜਾਂਦੇ ਹਨ। ਕਿ ਸ਼ਾਇਦ ਕਿਤੇ ਮੰਦਿਰ-ਮਸਜਿਦ-ਗੁਰਦੁਆਰੇ-ਚਰਚ ਵਿੱਚ ਬੈਠਾ/ਰਹਿੰਦਾ ‘ਰੱਬ’ ਉਹਨਾਂ ਦੀ ਲੇਲੜੀਆਂ/ ਮਿੰਨਤਾਂ/ਅਰਦਾਸਾਂ/ ਅਰਜੋਈਆਂ/ਬੇਨਤੀਆਂ ਨੂੰ ਸੁਣ ਕੇ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਕਰ ਦੇਵੇ।

. ਐਸਾ ਹੁੰਦਾ ਦਾ ਨਹੀਂ ਹੈ।

. ਹਰ ਮਨੁੱਖ, ਜੀਵ-ਜੰਤੂ, ਪਸੂ-ਪੰਛੀ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਆਪ ਹੀ ਉੱਦਮ-ਉਪਰਾਲੇ ਕਰਨੇ ਪੈਂਦੇ ਹਨ।

. ਸਾਧਨ ਜਟਾਉਂਣੇ ਪੈਂਦੇ ਹਨ।

. ਕੋਈ ਚੰਗੀ ਵਿਉਂਤਬੰਦੀ ਕਰਨੀ ਪੈਂਦੀ ਹੈ।

. ਮਨ ਦੀ ਇੱਛਾ ਸ਼ਕਤੀ (ਵਿੱਲ-ਪਾਵਰ) ਅਤੇ ਚੰਗੀ ਵਿਉਂਤ-ਬੰਦੀ ਕਿਸੇ ਵੀ ਮਨੁੱਖ ਦੀ ਇੱਛਾ/ਅਭਿਲਾਸ਼ਾ ਪੂਰੀ ਕਰਨ ਵਿੱਚ ਪੂਰੀ ਤਰਾਂ ਕਾਮਯਾਬ ਹੁੰਦੀ ਹੈ। ਕਿਉਂਕਿ ਇਸ ਤਰਾਂ ਫੈਸਲਾ ਪੈਣ ਵਾਲੇ ਮਨੁੱਖ ਕਿਸੇ ਹੋਰ ਉੱਪਰ ਨਿਰਭਰ ਨਾ ਹੋ ਕੇ ਆਪਣੇ ਆਪ ਵਿੱਚ ਯਕੀਨ ਰੱਖਦੇ ਹਨ। ਆਪਣੇ ਆਪ ਉੱਪਰ ਪੂਰਾ ਭਰੋਸਾ ਹੁੰਦਾ ਹੈ ਕਿ ਮੈਂ ਆਪਣੇ ਮਕਸਦ ਦੀ ਪ੍ਰਾਪਤੀ ਆਪਣੇ ਮਜ਼ਬੂਤ ਇਰਾਦੇ ਅਤੇ ਹੌਸਲੇ ਨਾਲ ਕਰ ਲੈਣੀ ਹੈ।

. ਇਸ ਬ੍ਰਹਿਮੰਡ ਵਿੱਚ ਕੁੱਦਰਤ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਦੀ।

. ਨਾ ਹੀ ਕਿਸੇ ਜੀਵ ਸ਼੍ਰੇਣੀ ਦਾ ਪੱਖ ਪੂਰਦੀ ਹੈ।

.’ਕੁੱਦਰਤੀ’ ਕਾਨੂੰਨ, ਵਿੱਧੀ-ਵਿਧਾਨ, ਸਿਧਾਂਤ, ਅਸੂਲ ਹਰ ਜਗਹ ਬਰਾਬਰ ਆਪਣਾ ਅਸਰ ਪ੍ਰਭਾਵ ਪਾ ਰਹੇ ਹਨ। ਕੋਈ ਵੀ ਜਗਹ ਅਛੂਤੀ ਨਹੀਂ ਹੈ।

. ਇਸੇ ਸਰਬ-ਵਿਆਪੱਕ ਅਸਰ-ਪ੍ਰਭਾਵ ਨੂੰ ਜਾਣਦੇ ਬੁੱਝਦੇ ਭਗਤ ਬਾਬਾ ਰਾਮਾਨੰਦ ਜੀ ਆਪਣੇ ਉਚਾਰਨ ਕੀਤੇ ਸਬਦ ਰਾਂਹੀ ਗਿਆਨ ਦੇਣਾ ਕਰ ਰਹੇ ਹਨ।

. ਇਸ ਸਬਦ ਦੀ ਰਹਾਉ ਦੀ ਪੰਕਤੀ ਹੈ। "ਕਤ ਜਾਈਐ ਰੇ ਘਰ ਲਾਗੋ ਰੰਗੁ ਮੇਰਾ ਚਿਤੁ ਚਲੈ ਮਨੁ ਭਇਓ ਪੰਗੁ ਰਹਾਉ

. ਮੈਂ ਹੁਣ ਹੋਰ ਕਿਤੇ ਕਿਸੇ ਹੋਰ ਜਗਹ ਕਿਉਂ ਜਾਣਾ ਕਰਾਂ, ਕਿਉਂਕਿ ਹੁਣ ਮੇਰੇ ਘਰ ਭਾਵ ਮੇਰੇ ਅੰਦਰ ਅਨੰਦਮਈ ਅਵਸਥਾ ਬਣ ਗਈ ਹੈ, ਮੌਜ ਬਣ ਗਈ ਹੈ। ਹੁਣ ਮੇਰਾ ਚਿੱਤ ਨਹੀਂ ਡੋਲਦਾ, ਏਧਰ ਉਧਰ

ਨਹੀਂ ਭਟਕਦਾ, ਮੇਰਾ ਮਨ ਪੰਗੁ (ਪਿੰਗਲਾ) ਹੋ ਗਿਆ ਭਾਵ ਸਾਂਤ ਹੋ ਗਿਆ, ਸਥਿਰ ਹੋ ਗਿਆ, ਸਹਿਜ

ਅਵਸਥਾ ਵਿੱਚ ਆ ਗਿਆ। ਰਹਾਉ। ॥

. ਰਾਮਾਨੰਦ ਜੀ ਘਰੁ 1॥

. ੴ ਸਤਿਗੁਰ ਪ੍ਰਸਾਦਿ॥

. ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇੳ ਪੰਗੁ॥ ਰਹਾਉ॥

** ਏਕ ਦਿਵਸ ਮਨ ਭਈ ਉਮੰਗ॥

. ਇੱਕ ਦਿਨ ਮੇਰੇ ਮਨ ਵਿੱਚ ਇੱਛਾ ਪੈਦਾ ਹੋਈ, ਤਾਂਘ ਬਣੀ, ਫੁਰਨਾ ਬਣਿਆ।

** ਘਸਿ ਚਦਨ ਚੋਆ ਬਹੁ ਸੁਗੰਧ॥

. ਚੰਦਨ ਘਸਾ ਲਿਆ, ਇੱਤਰ ਅਤੇ ਹੋਰ ਕਈ ਪ੍ਰਕਾਰ ਦੀਆਂ ਸੁਗੰਧੀਆਂ ਇਕੱਠੀਆਂ ਕਰ ਲਈਆਂ।

** ਪੂਜਨ ਚਾਲੀ ਬ੍ਰਹਮ ਠਾਇ॥

. ਬ੍ਰਹਮ ਦੀ ਥਾਂ ਉੱਪਰ ਪੂਜਾ ਲਈ ਚੱਲ ਪਈ, ਭਾਵ ਮੰਦਿਰ ਵਿੱਚ ਪੂਜਾ ਲਈ ਚੱਲ ਪਈ।

** ਸੋ ਬ੍ਰਹਮੁ ਬਤਾਇੳ ਗੁਰ ਮਨ ਹੀ ਮਾਹਿ॥ 1॥

. ਉਹ ਬ੍ਰਹਮ ਤਾਂ ਮੈਂਨੂੰ ਮੇਰੇ ਗੁਰ ਨੇ ਮਨ ਵਿੱਚ ਹੀ ਵੱਸਦਾ ਵਿਖਾ ਦਿੱਤਾ। ਭਾਵ ਗਿਆਨ ਹੋ ਗਿਆ ਕਿ ‘ਅਕਾਲ-ਪੁਰਖ, ਕਾਦਰ, ਕਰਤਾ-ਕਰਤਾਰ’ ਤਾਂ ਘਟ ਘਟ ਵਿੱਚ ਰਮਿਆ ਹੈ, ਸਮਾਇਆ ਹੋਇਆ ਹੈ। "ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥" ਮ4॥ 11॥

** ਜਹਾ ਜਾਈਐ ਤਹ ਜਲ ਪਖਾਨ॥

. ਮੰਦਿਰਾਂ ਵਿੱਚ ਜਾਉ, ਚਾਹੇ ਕਿਸੇ ਤਰਾਂ ਦੇ ਹੋਰ ਤੀਰਥਾਂ ਉੱਪਰ ਜਾਉ, ਹਰ ਜਗਹ ਪਾਣੀ ਅਤੇ ਪੱਥਰ ਹੀ ਵਿਖਾਈ ਦੇ ਰਹੇ ਹਨ।

** ਤੂ ਪੂਰਿ ਰਹਿੳ ਹੈ ਸਭ ਸਮਾਨ॥

. ਹੇ ‘ਕਾਦਰ, ਕਰਤਾ-ਕਰਤਾਰ, ਅਕਾਲ-ਪੁਰਖ’ ਜੀ ਤੁਸੀਂ ਤਾਂ ਹਰ ਜਗਹ ਇੱਕ ਸਮਾਨ ਸਰਬ ਵਿਆਪੱਕ ਹੋ। ਰਮੇ ਹੋਏ ਹੋ, ਸਮਾਏ ਹੋਏ ਹੋ।

** ਬੇਦ ਪੁਰਾਨ ਸਭ ਦੇਖੇ ਜੋਇ॥

. ਵੇਦ-ਪੁਰਾਣ ਅਤੇ ਹੋਰ ਸੱਭ ਧਾਰਮਿੱਕ ਪੁਸਤਕਾਂ ਦੀ ਖੋਜ ਕਰਕੇ ਮੈਂ ਵੇਖ ਲਿਆ ਹੈ

** ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ 2॥

. ਕਿਸੇ ਹੋਰ ਖਾਸ ਜਗਹ ਤਾਂ ਜਾਣਾ ਕਰੀਏ, ਜੇਕਰ ਉਹ ਇੱਥੇ ਮੇਰੇ ਪਾਸ ਨਾ ਹੋਵੇ ਤਾਂ. . . . . . . . ।

** ਸਤਿਗੁਰ ਮੈ ਬਲਿਹਾਰੀ ਤੋਰ॥

. ਹੇ ਮੇਰੇ ਸਾਤਿਗੁਰੂ, ਮੈਂ ਤੇਰੇ ਤੋਂ ਵਾਰੇ ਵਾਰੇ ਜਾਂਦਾ ਹੈ, ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ।

** ਜਿਨਿ ਸਕਲ ਬਿਕਲ ਭ੍ਰਮ ਕਾਟੈ ਮੋਰ॥

. ਜਿਸਨੇ ਮੇਰੇ ਸਾਰੇ ਭਰਮਾਂ ਦੇ ਸੰਗਲ ਤੋੜ ਦਿੱਤੇ। ਮੇਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ।

** ਰਾਮਾਨੰਦ ਸੁਆਮੀ ਰਮਤ ਬ੍ਰਹਮ॥

. ਰਾਮਾਨੰਦ ਦਾ ਸੁਆਮੀ ਸਤਿਗੁਰੂ ‘ਕਾਦਰ, ਕਰਤਾ-ਕਰਤਾਰ, ਅਕਾਲ-ਪੁਰਖ’ ਤਾਂ ਹਰ ਜਗਹ ਮੌਜੂਦ ਹੈ, ਸਰਬ-ਵਿਆਪੱਕ ਹੈ। ਰਮਿਆ ਹੈ, ਸਮਾਇਆ ਹੈ।

** ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ 3॥ 1॥॥

. ਗੁਰੂ ਦਾ ਗਿਆਨ, ਗੁਰੂ ਦਾ ਸਬਦ ਹੀ ਕ੍ਰੌੜਾਂ ਮੰਦੇ ਕਰਮਾਂ ਦੇ ਕਰਨ –ਕਰਾਉਣ ਤੋਂ ਵਰਜ਼ ਦੇਂਦਾ ਹੈ।

. ਗੁਰੂ ਦੇ ਗਿਆਨ ਕਰਕੇ ਮਨੁੱਖ ਨੂੰ ਸੋਝੀ ਆ ਜਾਂਦੀ ਹੈ,

. ਜੀਵਨ ਵਿੱਚ ਸਚਿਆਰਤਾ ਆਪਣਾ ਅਸਰ-ਪ੍ਰਭਾਵ ਵਿਖਾਉਣ ਲੱਗ ਜਾਂਦੀ ਹੈ।

. ਮਨੁੱਖਾ ਜੀਵਨ ਵਿੱਚ ‘ਗਿਆਨ’ ਹੀ ਮਨੁੱਖ ਨੂੰ ਚੰਗੀ ਸੇਧ ਦੇ ਸਕਦਾ ਹੈ।

.’ਗਿਆਨ’ ਜਦੋਂ-ਕਦੋਂ ਕਿਧਰੇ ਵੀ ਲਿਆ ਜਾ ਸਕਦਾ ਹੈ।

.’ਗਿਆਨ’ ਲੈਣ ਲਈ ਮਨ ਵਿੱਚ ਉਮੰਗ-ਲਗਨ-ਲਾਲਸਾ-ਇੱਛਾ ਜਰੂਰ ਚਾਹੀਦੀ ਹੈ।

.’ਗਿਆਨ’ ਕਦੇ ਵੀ ਦਿੱਤਾ ਨਹੀਂ ਜਾ ਸਕਦਾ, ਲੈਣਾ ਪੈਂਦਾ ਹੈ।

. ਲੈਣਦਾਰ ਨੂੰ ਆਪ ਕੋਸ਼ਿਸ ਕਰਨੀ ਪੈਂਦੀ ਹੈ।

. ਪਿਆਸੇ ਨੂੰ ਪਿਆਸ ਬਝਾਉਣ ਲਈ ਆਪ ਪਾਣੀ ਦੀ ਤਾਲਾਸ਼ ਕਰਨੀ ਪੈਂਦੀ ਹੈ।

.’ਗਿਆਨ’ ਮਨੁਖ ਦੇ ਆਸੇ-ਪਾਸੇ, ਹਰ ਜਗਹ ਮੌਜੂਦ ਹੈ।

. ਬੱਸ ਕੇਵਲ ਗਿਆਨ ਇੰਦਰੀਆਂ ਨੂੰ ਖੁੱਲਾ ਰੱਖਣ ਦੀ ਲੋੜ ਹੈ।

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ ਅਸਟਰੇਲੀਆ

22 ਦਸੰਬਰ 2019.
.