.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਖਣ ਦੀ ਤਮੰਨਾ

ਯੂਨਾਨ ਮੁਲਕ ਦਾ ਸੰਸਾਰ ਪ੍ਰਸਿੱਧ ਫਿਲਾਸਫਰ ਭਾਈ ਸੁਕਰਾਤ ਹੋਇਆ ਹੈ ਜਿਸ ਨੇ ਕਰਮ ਕਾਂਡੀ ਪੁਜਾਰੀ ਨੂੰ ਲਲਕਾਰਿਆ। ਸ਼ਕਾਇਤ ਸਰਕਾਰੇ-ਦਰਬਾਰੇ ਪਹੁੰਚੀ, ਜਿਸ ਵਿੱਚ ਭਾਈ ਸੁਕਰਾਤ ਨੂੰ ਦੋਸ਼ੀ ਠਹਿਰਾਇਆ ਗਿਆ ਕਿ ਪੁਜਾਰੀਆਂ ਵਲੋਂ ਨਿਰਧਾਰਤ ਕਰਮ-ਕਾਂਡਾ ਦੀ ਵਿਰੋਧਤਾ ਕਰਦਾ ਹੈ। ਸਰਕਾਰੀ ਅਤੇ ਪੁਜਾਰੀ ਦੀ ਨੀਤੀ ਤਹਿਤ ਭਾਈ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜ਼ਬੂਰ ਕੀਤਾ ਗਿਆ। ਜਦੋਂ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਸਾਜੀਆਂ ਨੇ ਸਾਜ ਵਜਾਉਣੇ ਸ਼ੁਰੂ ਕਰ ਦਿੱਤੇ। ਭਾਈ ਸੁਕਰਾਤ ਸੰਗੀਤਕਾਰ ਦੇ ਕੋਲ ਜਾ ਕੇ ਕਹਿੰਦਾ, ਕਿ "ਭਾਈ ਆ ਧੁੰਨ ਮੈਨੂੰ ਬਹੁਤ ਚੰਗੀ ਲਗ ਰਹੀ ਹੈ ਕ੍ਰਿਪਾ ਕਰਕੇ ਮੈਨੂੰ ਸਿਖਾ ਦਿਓਗੇ" ? ਜੇ ਮਨੁੱਖ ਵਿੱਚ ਕੁੱਝ ਸਿੱਖਣ ਦੀ ਤਮੰਨਾ ਹੋਵੇ ਤਾਂ ਮਨੁੱਖ ਮਰਨ ਸੇਜਾ `ਤੇ ਪਿਆ ਵੀ ਕੁੱਝ ਨਾ ਕੁੱਝ ਸਿੱਖ ਸਕਦਾ ਹੈ। ਇਹ ਠੀਕ ਹੈ ਬਚਪਨ ਵਿੱਚ ਬੱਚਾ ਜਲਦੀ ਸਿੱਖ ਜਾਂਦਾ ਹੈ ਤੇ ਉਮਰ ਦੇ ਵੱਧਣ ਨਾਲ ਕਈ ਵਾਰੀ ਸਿੱਖਣ ਲਈ ਸਮਾਂ ਵੱਧ ਲਗਦਾ ਹੈ। ਪਰ ਜੇ ਬੰਦੇ ਦੀ ਕੋਈ ਹੁਨਰ ਸਿੱਖਣ ਦੀ ਤਮੰਨਾ ਹੋਵੇ ਤਾਂ ਉਹ ਕਿਸੇ ਵੀ ਉਮਰ ਵਿੱਚ ਸਿੱਖ ਸਕਦਾ ਹੈ। ਦੂਜਾ ਜਦੋਂ ਮਨੁੱਖ ਨੂੰ ਅਸਲ ਗਿਆਨ ਦੀ ਸਮਝ ਆਉਂਦੀ ਹੈ ਤਾਂ ਉਹ ਭੈੜੀ ਮਤ ਦਾ ਤਿਆਗ ਕਰਕੇ ਗੁਣਾਂ ਵਾਲੀ ਮਤ ਨੂੰ ਗ੍ਰਹਿਣ ਕਰਨੀ ਅਰੰਭ ਕਰ ਦੇਂਦਾ ਹੈ---

ਨਚ ਬਿਦਿਆ ਨਿਧਾਨ ਨਿਗਮੰ, ਨਚ ਗੁਣਗ੍ਯ੍ਯ ਨਾਮ ਕੀਰਤਨਹ॥

ਨਚ ਰਾਗ ਰਤਨ ਕੰਠੰ, ਨਹ ਚੰਚਲ ਚਤੁਰ ਚਾਤੁਰਹ॥

ਭਾਗ ਉਦਿਮ ਲਬਧ੍ਯ੍ਯੰ ਮਾਇਆ, ਨਾਨਕ ਸਾਧਸੰਗਿ ਖਲ ਪੰਡਿਤਹ॥ ੩੧॥

ਅੱਖਰੀਂ ਅਰਥ--ਨਾਹ ਹੀ ਮੈਂ ਵੇਦ-ਵਿਦਿਆ ਦਾ ਖ਼ਜ਼ਾਨਾ ਹਾਂ, ਨਾਹ ਹੀ ਮੈਂ ਗੁਣਾਂ ਦਾ ਪਾਰਖੂ ਹਾਂ, ਨਾਹ ਹੀ ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੈ। ਮੇਰੇ ਗਲੇ ਵਿੱਚ ਸ੍ਰੇਸ਼ਟ ਰਾਗ ਭੀ ਨਹੀਂ, ਨਾਹ ਹੀ ਮੈਂ ਚੁਸਤ ਤੇ ਬੜਾ ਸਿਆਣਾ ਹਾਂ। ਪੂਰਬਲੇ ਭਾਗਾਂ ਅਨੁਸਾਰ ਉੱਦਮ ਕੀਤਿਆਂ ਮਾਇਆ ਮਿਲਦੀ ਹੈ (ਉਹ ਭੀ ਮੇਰੇ ਪਾਸ ਨਹੀਂ)। (ਪਰ) ਹੇ ਨਾਨਕ! ਸਤਸੰਗ ਵਿੱਚ ਆ ਕੇ ਮੂਰਖ (ਭੀ) ਪੰਡਿਤ (ਬਣ ਜਾਂਦਾ ਹੈ, ਇਹੀ ਮੇਰਾ ਭੀ ਆਸਰਾ ਹੈ)।

ਵਿਚਾਰ ਚਰਚਾ—

੧ ਵਰਤਮਾਨ ਜੀਵਨ ਤੋਂ ਪਹਿਲਾਂ ਮੈਂ ਧਰਮ ਦੀ ਵਿਦਿਆ ਹਾਸਲ ਕਰਨ ਦਾ ਯਤਨ ਨਹੀਂ ਕੀਤਾ। ਭਾਵ ਮੇਰੇ ਪਾਸ ਕੋਈ ਗੂੜ ਗਿਆਨ ਵਾਲੀ ਕੋਈ ਵਿਦਿਆ ਨਹੀਂ ਹੈ।

੨ ਚੰਗੇ ਮਾੜੇ ਦੀ ਪਰਖ ਕਰਨੀ ਨਹੀਂ ਆਉਂਦੀ ਤੇ ਨਾ ਹੀ ਮੈਂ ਕੋਈ ਕੀਰਤਨ ਕਰਨ ਦੀ ਵਿਦਿਆ ਹਾਸਲ ਕੀਤੀ ਹੈ।

੩ ਨਾ ਤਾਂ ਰਾਗ ਵਿਦਿਆ ਹਾਸਲ ਕੀਤੀ ਹੈ ਤੇ ਨਾ ਹੀ ਮੇਰਾ ਕੋਈ ਗਲ਼ਾ ਵਧੀਆ ਹੈ।

੪ ਸਭ ਤੋਂ ਵੱਡੀ ਗੱਲ ਕਿ ਦੁਨੀਆਂ ਦੀ ਨਿਗਾਹ ਵਿੱਚ ਚੁਸਤ-ਸਿਆਣਾ ਵੀ ਨਹੀਂ ਹਾਂ।

੫ ਵਰਤਮਾਨ ਸਮੇਂ ਤੋਂ ਪਹਿਲਾਂ ਕੀਤੇ ਕਰਮਾਂ ਦਾ ਫਲ ਮੇਰੇ ਪਾਸ ਕੋਈ ਨਹੀਂ ਹੈ। ਇਸ ਦਾ ਭਾਵ ਅਰਥ ਹੈ ਕਿ ਜਾਂ ਤਾਂ ਮੈਂ ਕੁੱਝ ਸਿੱਖਣ ਦਾ ਯਤਨ ਨਹੀਂ ਕੀਤਾ ਜਾਂ ਸਮੇਂ ਅਨੁਸਾਰ ਮੌਕਾ ਨਹੀਂ ਮਿਲ ਸਕਿਆ।

੬ ਇਹ ਠੀਕ ਹੈ ਕਿ ਕੋਈ ਵੀ ਹੁਨਰ ਸਿੱਖਣ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ ਪਰ ਬਚਪਨ ਵਿੱਚ ਬੱਚਾ ਹੁਨਰ ਜਲਦੀ ਸਿੱਖ ਜਾਂਦਾ ਹੈ।

੭ ਬਾਹਰਲੇ ਮੁਲਕਾਂ ਵਿੱਚ ਹਰੇਕ ਉਮਰ ਵਿੱਚ ਹੁਨਰ ਸਿੱਖਣ ਦੀ ਨੀਤੀ ਘੜੀ ਹੋਈ ਹੈ ਕਿ ਕਦੇ ਵੀ ਕੋਈ ਸਮਾਂ ਕੱਢ ਕੇ ਕੁੱਝ ਨਾ ਕੁੱਝ ਨਵਾਂ ਕਰਨ ਦਾ ਮੌਕਾ ਪ੍ਰਾਪਤ ਕਰ ਸਕਦਾ ਹੈ।

੮ ਸਾਡੇ ਮੁਲਕ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਇਹ ਹੈ ਕਿ ਮਨੁੱਖ ਆਪ ਉਦਮ ਤਾਂ ਨਹੀਂ ਕਰਦਾ ਪਰ ਦੋਸ਼ ਰੱਬ ਜੀ ਨੂੰ ਦੇਂਦਾ ਹੈ ਕਿ ਰੱਬ ਜੀ ਨੇ ਮੇਰੇ `ਤੇ ਕ੍ਰਿਪਾ ਨਹੀਂ ਕੀਤੀ ਇਸ ਲਈ ਮੈਂ ਕੋਈ ਹੁਨਰ ਆਦ ਨਹੀਂ ਸਿੱਖ ਸਕਿਆ।

੯ ਦੂਸਰਾ ਜੇ ਸਿੱਖਣ ਦੀ ਤਮੰਨਾ ਨਹੀਂ ਹੈ ਤਾਂ ਮਨ ਨੂੰ ਧਰਵਾਸ ਦੇਣ ਲਈ ਇਹ ਵੀ ਕਹੀ ਜਾਵਾਂਗੇ ਕਿ ਦੇਖੋ ਜੀ ਜਦੋਂ ਰੱਬ ਜੀ ਜਦੋਂ ਹੁਕਮ ਕਰਨਗੇ ਓਦੋਂ ਅਸੀਂ ਆਪੇ ਸਿੱਖ ਲਵਾਂਗੇ। ਅਜੇਹੀ ਭਾਵਨਾ ਰੱਖਣ ਵਾਲਾ ਕਦੇ ਵੀ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦਾ।

੧੦ ਕੋਈ ਵੀ ਹੁਨਰ ਸਿੱਖਣ ਲਈ ਉਦਮ ਤਾਂ ਮਨੁੱਖ ਨੂੰ ਆਪ ਹੀ ਕਰਨਾ ਪੈਣਾ ਹੈ।

੧੧ ਜਦੋਂ ਵੀ ਮਨੁੱਖ ਉਦਮ ਕਰਕੇ ਕੁੱਝ ਸਿੱਖਦਾ ਹੈ ਤਾਂ ਉਸ ਨੂੰ ਗਿਆਨ ਹਾਸਲ ਹੁੰਦਾ ਹੈ ਤੇ ਸਿਆਣਪ ਆਉਂਦੀ ਹੈ ਇੰਝ ਜੀਵਨ ਖੇਤਰ ਵਿੱਚ ਤਰੱਕੀ ਦੀ ਸੰਭਾਵਨਾ ਬਣ ਜਾਂਦੀ ਹੈ।

੧੨ ਆਪ ਉਦਮ ਕਰਕੇ ਕੁੱਝ ਸਿੱਖਣਾ ਹੀ ਚੰਗੇ ਭਾਗ ਹਨ ਤੇ ਕੁੱਝ ਸਿੱਖਣ ਦੀ ਭਾਵਨਾ ਨਾਲ ਹੀ ਮਨੁੱਖੀ ਜੀਵਨ ਵਿੱਚ ਧਰਵਾਸ ਬਣਦੀ ਹੈ--

ਆਇ ਬਨਿਓ ਪੂਰਬਲਾ ਭਾਗੁ॥ ਜਨਮ ਜਨਮ ਕਾ ਸੋਇਆ ਜਾਗੁ॥

ਗਈ ਗਿਲਾਨਿ ਸਾਧ ਕੈ ਸੰਗਿ॥ ਮਨੁ ਤਨੁ ਰਾਤੋ ਹਰਿ ਕੈ ਰੰਗਿ॥ ੨॥

ਰਾਮਕਲੀ ਮਹਲਾ ਪੰਨਾ ੮੯੨

 




.