.

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ

Let us resolve our own affairs with our own hands

ਮਨੁੱਖ ਨੂੰ ਜੀਵਨ ਵਿੱਚ ਵਿਚਰਨ ਲਈ ਲਗਾਤਾਰ ਉਪਰਾਲੇ ਕਰਨ ਦੀ ਲੋੜ ਹੈ। ਬਚਪਨ ਵਿੱਚ ਖਾਣਾ, ਪੀਣਾ, ਚਲਣਾ, ਬੋਲਣਾ, ਪੜ੍ਹਨਾਂ, ਲਿਖਣਾ ਸਿਖਣਾ ਹੈ। ਜਵਾਨੀ ਵਿੱਚ ਨਿਰਭਾਹ ਲਈ ਕੋਈ ਨਾ ਕੋਈ ਰੁਜਗਾਰ ਕਰਨਾ ਹੈ, ਬੁੜਾਪੇ ਲਈ ਆਸਰਾ ਤਿਆਰ ਕਰਨਾ ਹੈ। ਜਿਹੜਾ ਮਨੁੱਖ ਇਹ ਸਭ ਕੁੱਝ ਆਪ ਕਰਦਾ ਹੈ, ਉਹ ਸਫਲਤਾ ਵਲ ਜਾਂਦਾ ਹੈ, ਨਹੀਂ ਤਾਂ ਅਕਸਰ ਦੁਖੀ ਤੇ ਬੇਆਸਰਾ ਹੀ ਰਹਿ ਜਾਂਦਾ ਹੈ।

ਜੀਵਨ ਜਾਚ ਵੀ ਮਨੁੱਖ ਨੇ ਆਪ ਉਪਰਾਲੇ ਕਰਕੇ ਹੀ ਸਿਖਣੀ ਹੈ। ਪੜ੍ਹਾਈ ਵੀ ਆਪ ਹੀ ਕਰਨੀ ਹੈ, ਤਕਨੀਕ ਵੀ ਆਪ ਸਿਖਣੀ ਪੈਣੀ ਹੈ, ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਖਾਣ ਪੀਣ ਦੀ ਜਾਚ ਵੀ ਆਪ ਹੀ ਸਿਖਣੀ ਪੈਣੀ ਹੈ। ਇਸੇ ਤਰ੍ਹਾਂ ਮਨ ਵਿੱਚ ਜਾਗਰਤੀ ਪੈਦਾ ਕਰਨ ਲਈ ਗੁਰਬਾਣੀ ਦੀ ਵੀਚਾਰ ਕਰਨੀ ਵੀ ਆਪ ਹੀ ਸਿਖਣੀ ਹੈ, ਤਾਂ ਜੋ ਮਨ ਨੂੰ ਵਿਕਾਰਾ ਦੀ ਮੈਲ ਨਾ ਲਗ ਸਕੇ। ਆਪਣੇ ਆਪ ਨੂੰ ਗੁਮਰਾਹ ਹੋਣ ਤੋਂ ਬਚਾਣ ਲਈ ਸੱਚੀ ਬਾਣੀ ਗਾਇਨ ਕਰਨੀ ਹੈ ਤੇ ਉਸ ਦੀ ਖੋਜ ਕਰਨੀ ਵੀ ਆਪ ਹੀ ਸਿਖਣੀ ਹੈ।

http://www.geocities.ws/sarbjitsingh/BookGurmatAndScience.pdf

ਇਸ ਲਈ ਗੁਰਬਾਣੀ ਦੁਆਰਾ ਸਿਰਫ਼ ਇੱਕ ਅਕਾਲ ਪੁਰਖੁ ਦਾ ਨਾਮੁ ਜਪਣਾ ਹੈ, ਕਿਸੇ ਹੋਰ ਦਾ ਪਿਆਰ ਆਪਣੇ ਮਨ ਵਿੱਚ ਨਹੀਂ ਵਸਾਣਾ ਹੈ। ਸਾਧ ਸੰਗਤਿ ਵਿੱਚ ਟਿਕ ਕੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਜਪਣਾ ਹੈ। ਅਕਾਲ ਪੁਰਖੁ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਧਾਰਮਿਕ ਕਰਮ, ਵਰਤ, ਪੂਜਾ, ਆਦਿ ਉੱਚੇ ਆਤਮਕ ਜੀਵਨ ਵਾਸਤੇ ਸਹਾਇਕ ਨਹੀਂ ਹੁੰਦੇ ਹਨ।

ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ ਪ੍ਰਾਪਤ ਹੁੰਦਾ ਹੈ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਹਉਮੈ ਤੇ ਕ੍ਰੋਧ ਦੂਰ ਕਰ ਲੈਂਦਾ ਹੈ। ਗੁਰੂ ਦੀ ਸਰਨ ਪਿਆਂ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਚੰਗਾ ਆਚਰਨ, ਸੰਤੋਖ ਆਦਿ ਸਭ ਕੁੱਝ ਗੁਰੂ ਦੇ ਦਰ ਤੇ ਹੀ ਸਿਖੇ ਜਾ ਸਕਦੇ ਹਨ। ਸੰਸਾਰ ਵਿੱਚ ਖਚਿਤ ਰਿਹਾਂ ਮਨੁੱਖ ਦੇ ਅੰਦਰ ਹਉਮੈਂ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ, ਤੇ ਇਨ੍ਹਾਂ ਦੇ ਕਾਰਨ ਅਕਾਲ ਪੁਰਖੁ ਦਾ ਨਾਮੁ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਅਕਾਲ ਪੁਰਖੁ ਦਾ ਨਾਮੁ ਨਹੀਂ ਮਿਲਦਾ। ਅਕਾਲ ਪੁਰਖੁ ਦਾ ਨਾਮੁ ਹੀ ਜਗਤ ਵਿੱਚ ਸਦਾ ਕਾਇਮ ਰਹਿਣ ਵਾਲੀ ਕਮਾਈ ਹੈ। ਗੁਰੂ ਦੇ ਸ਼ਬਦ ਦੁਆਰਾ ਜਿਸ ਮਨੁੱਖ ਨੂੰ ਅਕਾਲ ਪੁਰਖੁ ਦਾ ਅਟੱਲ ਹੁਕਮੁ ਮਿੱਠਾ ਲੱਗਣ ਲੱਗ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖਾ ਜਨਮ ਦਾ ਮਨੋਰਥ ਪੂਰਾ ਨਹੀਂ ਹੁੰਦਾ ਤੇ ਜੀਵਨ ਅਸਫਲ ਰਹਿ ਜਾਂਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਖੁੰਝਿਆਂ ਮਨੁੱਖ ਘੜੀ ਵਿੱਚ ਹੱਸ ਪੈਂਦਾ ਹੈ, ਘੜੀ ਵਿੱਚ ਰੋ ਪੈਂਦਾ ਹੈ ਤੇ ਹਰਖ ਸੋਗ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਮਾਇਆ ਦੇ ਮੋਹ ਵਿੱਚ ਫਸਾ ਕੇ ਰੱਖਣ ਵਾਲੀ ਖੋਟੀ ਮਤਿ ਕਰਕੇ, ਮਨੁੱਖ ਦੇ ਜੀਵਨ ਦਾ ਮਨੋਰਥ ਸਫਲ ਨਹੀਂ ਹੁੰਦਾ। ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨਾ ਤੇ ਅਕਾਲ ਪੁਰਖੁ ਦੇ ਨਾਮੁ ਤੋਂ ਵਿਛੁੜਨਾ, ਕੀਤੇ ਕਰਮਾਂ ਅਨੁਸਾਰ ਕਰਤਾਰ ਆਪ ਜੀਵਾਂ ਦੇ ਮੱਥੇ ਉਤੇ ਲਿਖਦਾ ਹੈ, ਇਹ ਪੂਰਬਲੇ ਕਰਮ ਤੇ ਕੀਤੀ ਹੋਈ ਕਮਾਈ ਜੀਵ ਪਾਸੋਂ ਮਿਟਾਈ ਨਹੀਂ ਜਾ ਸਕਦੀ।

ਖਿਨ ਮਹਿ ਹਸੈ ਖਿਨ ਮਹਿ ਰੋਵੈ॥ ਦੂਜੀ ਦੁਰਮਤਿ ਕਾਰਜੁ ਨ ਹੋਵੈ॥ ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ॥ ੮॥ (੧੦੫੮)

ਅੱਜਕਲ ਆਮ ਤੌਰ ਤੇ ਕਿਸੇ ਇੱਕ ਅੱਖਰ ਨੂੰ ਵਾਰ ਵਾਰ ਬੋਲ ਕੇ ਨਾਮੁ ਸਿਮਰਨ ਕਰਨ ਤੇ ਕਹਿਣ ਦਾ ਰਿਵਾਜ ਪਈ ਜਾ ਰਿਹਾ ਹੈ, (ਏਕਾ ਸਬਦੀ), ਜੋ ਕਿ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ, "ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ" (੬੫੪)। ਹੁਣ ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਪਰਚਾਰੇ ਜਾ ਰਹੇ ਨਾਂ ਨੂੰ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਉਸ ਦਾ ਝੂਠਾ ਹੰਕਾਰ ਹੈ। ਅਕਾਲ ਪੁਰਖ ਨਾਲੋਂ ਵਿੱਥ ਦੂਰ ਕਰਨ ਵਾਲੇ ਰਸਤੇ ਵਿਚ, ਭਾਵ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉੱਤੇ ਆਪਾ ਭਾਵ ਗਵਾ ਕੇ ਹੀ ਚੜ੍ਹ ਸਕਦੇ ਹਾਂ। ਇਸ ਲਈ ਆਪਣਾ ਆਪ ਗਵਾ ਕੇ ਗੁਰੂ ਅੱਗੇ ਅਰਪਨ ਕਰਨਾ ਪਵੇਗਾ, "ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ" ਵਾਲੀ ਅਵਸਥਾ ਬਣਾਉਂਣੀ ਪਵੇਗੀ। ਆਪਣੇ ਆਪ ਨੂੰ ਸਬਦ ਗੁਰੂ ਦੁਆਰਾ ਅਕਾਲ ਪੁਰਖ ਨਾਲ ਅਭੇਦ ਕਰਨਾ ਪਵੇਗਾ। ਗਿਣਤੀ ਵਾਲੇ ਸਿਮਰਨ ਕਰਨ ਨਾਲ ਕੁੱਝ ਨਹੀਂ ਬਣਨਾ। ਆਪਾ ਭਾਵ ਦੂਰ ਕਰਨ ਤੋਂ ਬਿਨਾ, ਇਹ ਗਿਣਤੀ ਦੇ ਰਟਨ ਵਾਲਾ ਉੱਦਮ ਇਸ ਤਰ੍ਹਾਂ ਹੈ, ਕਿ ਮਾਨੋ, ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ, ਕਿ ਅਸੀਂ ਵੀ ਆਕਾਸ਼ ਤੇ ਪਹੁੰਚ ਸਕਦੀਆਂ ਹਾਂ। ਜੇ ਕਰ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲ ਸਕਦੇ ਹਾਂ, ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ, ਕਿ ਮੈਂ ਸਿਮਰਨ ਕਰ ਰਿਹਾ ਹਾਂ।

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥ ੩੨॥ (੭)

ਅਕਾਲ ਪੁਰਖੁ ਆਪ ਸਭ ਨੂੰ ਆਸਰਾ ਦੇਣ ਵਾਲਾ ਹੈ, ਇਸ ਲਈ ਕਿਸੇ ਮਨੁੱਖ ਦਾ ਓਟ ਤੇ ਆਸਰਾ ਰੱਖਣਾ ਵਿਅਰਥ ਹੈ। ਜਿਹੜਾ ਮਨੁੱਖ ਗੁਣਾਂ ਦੇ ਖ਼ਜ਼ਾਨੇ ਤੇ ਚਿੰਤਾ ਰਹਿਤ ਅਕਾਲ ਪੁਰਖੁ ਨੂੰ ਮਿਲ ਲੈਂਦਾ ਹੈ, ਉਸ ਦੇ ਅੰਦਰੋਂ ਦੁਨੀਆਂ ਦੀ ਹਰੇਕ ਤਰ੍ਹਾਂ ਦੀ ਚੀਜ ਲਈ ਆਸ ਤੇ ਚਿੰਤਾ ਮੁੱਕ ਜਾਂਦੀ ਹੈ। ਇਸ ਜਗਤ ਦੀ ਰਚਨਾ ਕਰਨ ਵਾਲਾ ਸਿਰਫ ਅਕਾਲ ਪੁਰਖੁ ਆਪ ਹੀ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖਦਾ ਹੈ, ਗੁਰੂ ਉਸ ਨੂੰ ਆਨੰਦ ਦੇਣ ਵਾਲੇ ਅਕਾਲ ਪੁਰਖੁ ਦੇ ਦਰਸ਼ਨ ਕਰਾ ਦਿੰਦਾ ਹੈ। ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ ਅੰਤ ਨੂੰ ਅਕਾਲ ਪੁਰਖੁ ਹੀ ਰੱਖਿਆ ਕਰ ਸਕਣ ਵਾਲਾ ਹੈ। ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਅਤੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਕੇ ਹੀ ਅਕਾਲ ਪੁਰਖੁ ਨੂੰ ਮਿਲਿਆ ਜਾ ਸਕਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਿਆ ਕਰ। ਤੇਰਾ ਇਹ ਮਨੁੱਖਾ ਜਨਮ ਸਫਲ ਕਰਨ ਦਾ ਕਾਰਜ ਇੱਕ ਦਿਨ ਜ਼ਰੂਰ ਪੂਰਾ ਹੋਵੇਗਾ ਤੇ ਇਸ ਕਾਰਜ ਦਾ ਤੈਨੂੰ ਫਲ ਜ਼ਰੂਰ ਮਿਲੇਗਾ।

ਏਕੋ ਨਾਮੁ ਧਿਆਇ ਮਨ ਮੇਰੇ॥ ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ॥ ੧॥ ਰਹਾਉ॥ (੮੯੬)

ਅਕਾਲ ਪੁਰਖੁ ਦੇ ਨਾਮੁ ਤੋਂ ਸਭ ਕੁੱਝ ਹੁੰਦਾ ਹੈ, ਪਰੰਤੂ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਨਾਮੁ ਦੀ ਸਮਝ ਨਹੀਂ ਆਉਂਦੀ ਤੇ ਨਾ ਹੀ ਕਦਰ ਕਰਨੀ ਆਉਂਦੀ ਹੈ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ, ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜਿਸ ਤਰ੍ਹਾਂ ਖੰਡ ਜਾਂ ਗੁੜ ਖਾਣ ਨਾਲ ਹੀ ਸਾਡੀ ਜੁਬਾਨ ਨੂੰ ਸਵਾਦ ਦਾ ਪਤਾ ਲੱਗਦਾ ਹੈ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦਾ ਰਸ, ਉਸ ਸਬਦ ਨੂੰ ਵਿਚਾਰਨ ਨਾਲ ਤੇ ਜੀਵਨ ਵਿੱਚ ਅਪਨਾਉਂਣ ਨਾਲ ਹੀ ਮਨ ਨੂੰ ਪਤਾ ਲਗਦਾ ਹੈ, ਤੇ ਫਿਰ ਗੁਰੂ ਦਾ ਸ਼ਬਦ ਮਨ ਅਤੇ ਆਤਮਾ ਨੂੰ ਮਿੱਠਾ ਲਗਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ ਹੈ, ਉਹ ਆਪਣਾ ਮਨੁੱਖਾ ਜਨਮ ਕੌਡੀ ਦੇ ਬਦਲੇ ਵਿਅਰਥ ਹੀ ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਚਲਦਾ ਹੈ, ਤਾਂ ਉਹ ਇੱਕ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਤੇ, ਫਿਰ ਉਹ ਆਪਣੇ ਹਉਮੈਂ ਤੇ ਕਾਬੂ ਪਾ ਲੈਂਦਾ ਹੈ ਤੇ ਫਿਰ ਹਉਮੈ ਦਾ ਦੁਖ ਉਸ ਨੂੰ ਸਤਾ ਨਹੀਂ ਸਕਦਾ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਹੜਾ ਆਪਣੀ ਸ਼ਰਨ ਵਿੱਚ ਆਏ ਮਨੁੱਖ ਦੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨਾਲ ਪ੍ਰੀਤਿ ਜੋੜ ਦਿੰਦਾ ਹੈ। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਜਾਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਇਨ ਕਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਰਹਿੰਦਾ ਹੈ, ਤੇ ਹਮੇਸ਼ਾਂ ਵਿਚਾਰਦਾ ਰਹਿੰਦਾ ਹੈ ਤੇ ਉਸ ਅਨੁਸਾਰ ਜੀਵਨ ਬਤੀਤ ਕਰਦਾ ਰਹਿੰਦਾ ਹੈ। ਉਸ ਮਨੁੱਖ ਦੀ ਜਿੰਦ, ਉਸ ਦਾ ਸਰੀਰ, ਗੁਰੂ ਦੀ ਬਰਕਤ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁੱਖ ਮਨੁੱਖ, ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲੇ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿੱਚ ਵਿਕਾਰ ਤੇ ਗਲਤ ਕੰਮ ਕਰਦਾ ਹੈ ਤੇ ਉਹ ਬਿਖ ਹੀ ਖੱਟਦਾ ਹੈ, ਜੋ ਕਿ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦਾ ਹੈ। ਪਿਆਰੇ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਅਜੇਹਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਦੁਖ ਸਹਾਰਦਾ ਰਹਿੰਦਾ ਹੈ ਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ॥ ੴ ਸਤਿਗੁਰ ਪ੍ਰਸਾਦਿ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ॥ ੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ॥ ਸਬਦੁ ਚੀਨਿੑ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ॥ ੧॥ ਰਹਾਉ॥ ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ॥ ੨॥ (੭੫੩)

ਇਹ ਵੀ ਅਟੱਲ ਸਚਾਈ ਹੈ, ਕਿ ਗੁਰੂ ਸਾਹਿਬ ਕੋਈ ਗਲਤ ਜਾਂ ਅਣਹੋਣੀ ਸਿਖਿਆ ਨਹੀਂ ਦੇ ਰਹੇ ਹਨ। ਇਸ ਲਈ ਸਪੱਸ਼ਟ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦਾ ਭਾਵ ਕੁੱਝ ਹੋਰ ਹੀ ਹੈ, ਜੋ ਕਿ ਕਿਸੇ ਤਰ੍ਹਾਂ ਦਾ ਦੁਨਿਆਵੀ ਰਟਨ ਨਹੀਂ ਹੋ ਸਕਦਾ। ਜੇਕਰ ਗੁਰਬਾਣੀ ਤੇ ਸਾਇੰਸ ਦੀਆਂ ਸਿਖਿਆਵਾਂ ਅਨੁਸਾਰ ਵੀਚਾਰੀਏ ਤਾਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ, ਕਿ ਕਿਸੇ ਵੀ ਤਰ੍ਹਾਂ ਦੇ ਕੰਮ ਕਾਰ ਕਰਦੇ ਸਮੇਂ ਕੋਈ ਰਟਨ ਨਹੀਂ ਕੀਤਾ ਜਾ ਸਕਦਾ, ਪਰੰਤੂ ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਬਾਰੇ ਸੋਚਿਆ, ਸਮਝਿਆ, ਵਿਚਾਰਿਆ ਤੇ ਉਸ ਦੇ ਹੁਕਮੁ ਅਨੁਸਾਰ ਚਲਿਆ ਜਰੂਰ ਜਾ ਸਕਦਾ ਹੈ। ਪੂਰੀ ਸ੍ਰਿਸ਼ਟੀ ਦਾ ਹਰੇਕ ਕਾਰਜ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਹੋ ਰਿਹਾ ਹੈ। ਇਸ ਲਈ ਹਰ ਤਰ੍ਹਾਂ ਦੇ ਕਾਰਜ ਕਰਦੇ ਸਮੇਂ ਅਕਾਲ ਪੁਰਖੁ ਦੇ ਗੁਣਾਂ ਨੂੰ ਸਮਝਿਆ, ਜਾਣਿਆ, ਵਿਚਾਰਿਆ ਤੇ ਅਪਨਾਇਆ ਜਾ ਸਕਦਾ ਹੈ। ਅਕਾਲ ਪੁਰਖੁ ਦੇ ਹੁਕਮੁ ਨੂੰ ਗੁਰਬਾਣੀ ਦੁਆਰਾ ਪਛਾਣਿਆ ਤੇ ਉਸ ਅਨੁਸਾਰ ਚਲਿਆ ਜਾ ਸਕਦਾ ਹੈ। ਪੂਰੀ ਸ੍ਰਿਸ਼ਟੀ ਅਤੇ ਹੋਰ ਸਾਰੇ ਜੀਵ ਜੰਤੂ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣ ਲਈ ਤਿਆਰ ਹਨ, ਪਰੰਤੂ ਇੱਕ ਮਨੁੱਖ ਹੀ ਹੈ, ਜਿਹੜਾ ਹੋਰਨਾਂ ਜੀਵ ਜੰਤੂਆਂ ਨਾਲੋਂ ਜਿਆਦਾ ਬੁਧੀ ਮਿਲਣ ਦੇ ਬਾਵਜੂਦ ਵੀ ਹੁਕਮੁ ਤੇ ਰਜਾ ਅਨੁਸਾਰ ਚਲਣ ਲਈ ਅਕਸਰ ਇਨਕਾਰੀ ਹੋ ਜਾਂਦਾ ਹੈ।

http://www.geocities.ws/sarbjitsingh/BookGuruGranthSahibAndNaam.pdf

ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਵੀਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦਾ ਭਾਵ ਹੈ, ਕਿ ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰਬਾਣੀ ਦੀ ਸਹਾਇਤਾ ਨਾਲ ਪੜ੍ਹਨਾਂ, ਸੁਣਨਾ, ਸਮਝਣਾਂ, ਵਿਚਾਰਨਾਂ ਤੇ ਅਮਲੀ ਜੀਵਨ ਵਿੱਚ ਅਪਨਾਉਣਾ ਹੈ। ਗੁਰੂ ਦੇ ਸੇਵਕ ਨੇ ਭਾਵੇਂ ਉਹ ਸੁਤਾ ਹੋਵੇ ਜਾਂ ਜਾਗਦਾ, ਕੰਮ ਕਰਦਾ ਹੋਵੇ ਜਾਂ ਖਾਣਾ ਖਾਂਦਾ ਹੋਵੇ, ਗੱਡੀ ਚਲਾਉਂਦਾ ਹੋਵੇ ਜਾਂ ਮਸ਼ੀਨ ਤੇ ਕੰਮ ਕਰਦਾ ਹੋਵੇ, ਹਰ ਸਮੇਂ ਦਿਨ ਰਾਤ ਲਗਾਤਾਰ ਗੁਰਬਾਣੀ ਅਨੁਸਾਰ ਆਪਣੇ ਜੀਵਨ ਵਿੱਚ ਵਿਚਰਦੇ ਰਹਿੰਣਾਂ ਹੈ। ਜੇਕਰ ਅਸੀਂ ਆਪਣਾ ਮਨ ਬਣਾ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਏ ਤਾਂ ਬੜੇ ਸਹਿਜ ਤਰੀਕੇ ਨਾਲ ਕਰ ਸਕਦੇ ਹਾਂ। ਇਸ ਲਈ ਭਾਵੇਂ ਅਸੀਂ ਸੁੱਤੇ ਹੋਈਏ ਜਾਂ ਜਾਗਦੇ ਹੋਈਏ ਹਰ ਸਮੇਂ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿੱਚ ਚਲ ਸਕਦੇ ਹਾਂ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)

http://www.geocities.ws/sarbjitsingh/Bani3510GurMag200604.pdf

ਸਿਰਫ਼ ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ, ਜਿਸ ਦੀ ਪ੍ਰੀਤਿ ਆਪਣੇ ਅਕਾਲ ਪੁਰਖੁ ਦੇ ਨਾਲ ਬਣੀ ਹੋਈ ਹੈ। ਇਸ ਲਈ ਉਹ ਧਾਰਮਿਕ ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ, ਤੇ ਤੇਰਾ ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਰਹੇ। ਕੀਰਤਨ ਤਾਂ ਹੀ ਪ੍ਰਵਾਨ ਹੈ ਜੇਕਰ ਮਨ ਵਿੱਚ ਜਾਗਰਤੀ ਪੈਦਾ ਹੁੰਦੀ ਹੈ

ਉੜੀ ਮਹਲਾ ੫॥ ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ॥ ਹਰਿ ਕੀਰਤਨ ਮਹਿ ਏਹੁ ਮਨੁ ਜਾਗੈ॥ ੧॥ ਰਹਾਉ॥ (੧੯੯)

ਅੱਖਾਂ ਮੀਟੀਆਂ ਤਾਂ ਸਰੀਰ ਸੌ ਗਿਆ, ਫਿਰ ਕੰਨਾਂ ਨਾਲ ਸੁਣਨਾਂ ਬੰਦ ਹੋ ਗਿਆ, ਬਾਣੀ ਅੰਦਰ ਜਾਣੀ ਬੰਦ ਹੋ ਗਈ ਤੇ ਮਨੁੱਖ ਆਪਣੇ ਮਨ ਦੇ ਅਧੀਨ ਹੋ ਗਿਆ। ਜੇ ਕਰ ਕੀਰਤਨ ਫਿਲਮੀ ਟਿਊਨ ਵਾਲਾ ਹੈ, ਤਾਂ ਮਨੁੱਖ ਝੂਮਣ ਲਗ ਜਾਂਦਾ ਹੈ, ਤਾਂ ਫਿਰ ਸਮਝੋ ਕਿ ਮਨੁੱਖ ਮਨ ਦੇ ਅਧੀਨ ਹੋ ਗਿਆ ਤੇ ਗੁਰੂ ਤੋਂ ਬੇਮੁਖ ਹੋ ਗਿਆ। ਗੁਰੂ ਤੋਂ ਬਿਨਾਂ ਅਕਾਲ ਪੁਰਖੁ ਨੂੰ ਨਹੀਂ ਪਾਇਆ ਜਾ ਸਕਦਾ ਹੈ। ਸਬਦ ਗਾਇਨ ਕਰਦੇ ਸਮੇਂ ਗੁਰਬਾਣੀ ਵਿੱਚ ਆਪਣੇ ਵੱਲੋਂ ਕੋਈ ਵੀ ਅੱਖਰ ਲਾਉਣਾਂ ਗੁਰਬਾਣੀ ਦੀ ਨਿਰਾਦਰੀ ਹੈ। ਵਾਹਿਗੁਰੂ, ਜੀ, ਹਾਂ ਜੀ, ਵਰਗੇ ਵਾਧੂ ਅੱਖਰ ਲਾਉਣ ਨਾਲ ਚਲ ਰਹੇ ਵਿਸ਼ੇ ਨਾਲ ਸਬੰਧ ਟੁਟਦਾ ਹੈ। ਕਿਸੇ ਅੱਖਰ ਨੂੰ ਬਿਨਾ ਜਰੂਰਤ ਦੇ ਵਾਰ ਵਾਰ ਕਹੀ ਜਾਣ ਨਾਲ ਵੀ ਚਲ ਰਹੇ ਵਿਸ਼ੇ ਨਾਲੋਂ ਸਬੰਧ ਟੁਟਦਾ ਹੈ। ਅੱਜਕਲ ਕੀਰਤਨ ਦਰਬਾਰ ਤਾਂ ਅਨੇਕਾਂ ਹੋਰ ਰਹੇ ਹਨ, ਪਰੰਤੂ ਕੋਈ ਵਿਰਲਾ ਹੀ ਮਨ ਵਿੱਚ ਜਾਗਰਤੀ ਪੈਦਾ ਕਰਦਾ ਹੈ।

ਅਕਾਲ ਪੁਰਖੁ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ, ਤੇ ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿੱਚ ਪਾ ਕੇ ਕੁਰਾਹੇ ਪਾ ਦੇਂਦਾ ਹੈ। ਉਸ ਭਟਕਣਾ ਵਿੱਚ ਪਏ ਹੋਏ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਿੱਥੇ ਹੋਏ ਧਾਰਮਿਕ ਕੰਮ ਕਰਦੇ ਰਹਿੰਦੇ ਹਨ, ਤੇ ਇਹ ਵੀ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਉਹ ਆਪਣਾ ਜਨਮ ਵਿਅਰਥ ਗਵਾ ਲੈਂਦਾ ਹੈ। ਸਤਿਗੁਰੂ ਦੀ ਬਾਣੀ ਇਸ ਜਗਤ ਵਿੱਚ ਜੀਵਨ ਦੇ ਰਸਤੇ ਵਿੱਚ ਚਾਨਣ ਦਾ ਕੰਮ ਕਰਦੀ ਹੈ। ਇਹ ਬਾਣੀ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿੱਚ ਆ ਵੱਸਦੀ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ, ਕਿ ਅਕਾਲ ਪੁਰਖੁ ਦਾ ਨਾਮੁ ਜਪ, ਨਾਮੁ ਜਪਣ ਨਾਲ ਹੀ ਆਤਮਕ ਆਨੰਦ ਮਿਲਦਾ ਹੈ। ਸਿਮਰਨ ਦੀ ਦਾਤਿ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ, ਤੇ ਮਨੁੱਖ ਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਂਦਾ ਹੈ।

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ੧॥ ਮਨ ਰੇ, ਨਾਮੁ ਜਪਹੁ ਸੁਖੁ ਹੋਇ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ॥ ੧॥ ਰਹਾਉ॥ (੬੭)

ਜਿਸ ਤਰ੍ਹਾਂ ਮੱਖਣ ਕੱਡਣ ਲਈ ਦੁੱਧ ਨੂੰ ਵਾਰ ਵਾਰ ਰਿੜਕਣਾ ਪੈਂਦਾ ਹੈ, ਇਸੇ ਤਰ੍ਹਾਂ ਅਕਾਲ ਪੁਰਖੁ ਦੇ ਨਾਮੁ ਨੂੰ ਵਾਰ ਵਾਰ ਯਾਦ ਕਰਨਾ ਹੈ। ਸਹਿਜ ਅਵਸਥਾ ਵਿੱਚ ਟਿਕ ਕੇ ਅਕਾਲ ਪੁਰਖੁ ਨੂੰ ਗੁਰਬਾਣੀ ਦੁਆਰਾ ਚੇਤੇ ਕਰਨਾ ਹੈ ਤਾਂ ਜੋ ਇਸ ਉੱਦਮ ਦਾ ਤੱਤ ਹੱਥੋਂ ਜਾਂਦਾ ਨਾ ਰਹੇ, ਭਾਵ, ਅਕਾਲ ਪੁਰਖੁ ਨਾਲ ਮਿਲਾਪ ਦਾ ਸਾਧਨ ਬਣ ਸਕੇ। ਇਸ ਲਈ ਆਪਣੇ ਸਰੀਰ ਨੂੰ ਇੱਕ ਚਾਟੀ ਦੀ ਤਰ੍ਹਾਂ ਬਣਾਓ, ਕਿਉਂਕਿ ਸਰੀਰ ਦੇ ਅੰਦਰੋਂ ਹੀ ਅਕਾਲ ਪੁਰਖੁ ਦੀ ਜੋਤ ਲੱਭਣੀ ਹੈ। ਮਨ ਨੂੰ ਭਟਕਣ ਤੋਂ ਬਚਾਈ ਰੱਖਣ ਲਈ ਇਸ ਮਨ ਨੂੰ ਮਧਾਣੀ ਬਣਾਓ, ਤੇ ਇਸ ਸਰੀਰ ਰੂਪੀ ਚਾਟੀ ਵਿੱਚ ਸਤਿਗੁਰੂ ਦੇ ਸ਼ਬਦ ਦੀ ਜਾਗ ਲਾਓ, ਤਾਂ ਜੋ ਸਿਮਰਨ ਰੂਪੀ ਦੁੱਧ ਵਿਚੋਂ ਅਕਾਲ ਪੁਰਖੁ ਦੇ ਮਿਲਾਪ ਦਾ ਤੱਤ ਕੱਢਣ ਵਿੱਚ ਸਹਾਇਤਾ ਹੋ ਸਕੇ। ਇਸ ਲਈ ਆਪਣੇ ਮਨ ਵਿੱਚ ਚਾਨਣ ਪੈਦਾ ਕਰਨ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਵਾਰ ਵਾਰ ਖੋਜਣਾ ਤੇ ਵੀਚਾਰਨਾ ਹੈ।

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥ ੧॥ ਰਹਾਉ॥ (੪੭੮)

ਜਿਸ ਮਨੁੱਖ ਦੇ ਚਿੱਤ ਵਿੱਚ ਅਕਾਲ ਪੁਰਖੁ ਆ ਕੇ ਵੱਸ ਜਾਵੇ, ਉਸ ਨੂੰ ਬਹੁਤ ਸੁਖ ਮਿਲਦਾ ਹੈ, ਪਰੰਤੂ ਜਿਸ ਮਨੁੱਖ ਨੂੰ ਅਕਾਲ ਪੁਰਖੁ ਵਿਸਰ ਜਾਂਦਾ ਹੈ, ਉਹ ਮਨੁੱਖ ਆਪਣੀ ਆਤਮਕ ਮੌਤ ਆਪ ਸਹੇੜ ਲੈਂਦਾ ਹੈ। ਜਿਸ ਮਨੁੱਖ ਉਤੇ ਅਕਾਲ ਪੁਰਖੁ ਦਇਆਲ ਹੁੰਦਾ ਹੈਂ, ਉਹ ਸਦਾ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ। ਹੰਕਾਰੀ ਮਨੁੱਖ ਕੁੱਝ ਨਹੀਂ ਸਿਖ ਸਕਦਾ ਹੈ, ਇਸ ਲਈ ਨਿਮਾਣੇ ਹੋ ਕੇ ਗੁਰੂ ਦੀ ਮਤ ਹਾਸਲ ਕਰਨੀ ਹੈ। ਅਕਾਲ ਪੁਰਖੁ ਦੇ ਅੱਗੇ ਇਹੀ ਅਰਦਾਸ ਕਰਨੀ ਹੈ, ਕਿ ਹੇ ਮੇਰੇ ਮਾਲਕ ਅਕਾਲ ਪੁਰਖੁ! ਮੇਰੇ ਵਰਗੀ ਨਿਮਾਣੀ ਜੀਵ ਇਸਤਰੀ ਦਾ ਤੂੰ ਹੀ ਮਾਣ ਹੈਂ। ਹੇ ਅਕਾਲ ਪੁਰਖੁ! ਮੈਂ ਤੇਰੇ ਅੱਗੇ ਅਰਜ਼ੋਈ ਕਰਦੀ ਹਾਂ, ਕਿ ਮੇਰੇ ਉਪਰ ਮਿਹਰ ਕਰ, ਤਾਂ ਜੋ ਮੈਂ ਤੇਰੀ ਸਿਫ਼ਤਿ ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦੀ ਰਹਾਂ।

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ॥ ੧॥ ਰਹਾਉ॥ (੭੪੯)

ਅੱਜਕਲ ਗੁਰੂ ਸਾਹਿਬ ਦੀ ਮਤ ਲੈਣ ਦੀ ਬਜਾਏ, ਲੋਕਾਂ ਦਾ ਆਪਣੀ ਮਤ ਦੇਣ ਤੇ ਜਿਆਦਾ ਜੋਰ ਹੈ। ਲੋਕਾਂ ਨੇ ਆਪ ਅਰਦਾਸ ਕਰਨ ਦੀ ਬਜਾਏ ਗਰੰਥੀਆਂ ਕੋਲੋਂ ਆਪਣੀ ਨਿਜੀ ਅਰਦਾਸ ਕਰਵਾਣੀ ਸ਼ੁਰੂ ਕਰ ਦਿਤੀ ਹੈ। ਪਰੰਤੂ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਆਪਣਾ ਕਾਰਜ ਆਪ ਸਵਾਰਨਾ ਹੈ। ਰੋਟੀ ਕੋਈ ਹੋਰ ਖਾਵੇ ਤੇ ਪੇਟ ਕਿਸੇ ਹੋਰ ਦਾ ਭਰ ਜਾਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਨੀਵਾਂ ਹੋ ਕੇ ਅਰਦਾਸ ਤਾਂ ਗਰੰਥੀ ਕਰੇ ਤੇ ਹੰਕਾਰ ਕਿਸੇ ਹੋਰ ਦਾ ਘਟ ਜਾਵੇ, ਇਹ ਸੰਭਵ ਨਹੀਂ। ਇਸ ਲਈ ਜੇਕਰ ਆਪਣੇ ਹਉਮੈ ਤੇ ਕਾਬੂ ਕਰਨਾ ਹੈ ਤਾਂ ਨਿਮਾਣੇ ਹੋ ਕੇ ਅਰਦਾਸ ਵੀ ਆਪ ਹੀ ਕਰਨੀ ਪਵੇਗੀ। ਗੁਰਬਾਣੀ ਦੁਆਰਾ ਜੀਵਨ ਜਾਚ ਵੀ ਆਪ ਖੁਦ ਉਪਰਾਲੇ ਕਰਕੇ ਤੇ ਨਿਮਾਣੇ ਹੋ ਕੇ ਸਿਖਣੀ ਪਵੇਗੀ।

"ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥ (੪੭੪)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਰਵਾਇਤਾ ਪੂਰੀਆਂ ਕਰਨ ਦੀ ਸਿਖਿਆ ਨਹੀਂ ਦਿੰਦੀ ਹੈ। ਗੁਰਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾਂ ਤੇ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਨਾਂਉਂਣਾ ਹੈ।

ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ (੨)

ਅਕਾਲ ਪੁਰਖ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ, ਤੇ ਇਸ ਵਿੱਚ ਜਿੰਦ ਰੂਪੀ ਸੱਤਿਆ ਵੀ ਆਪ ਹੀ ਪਾਈ ਹੈ। ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਉਨ੍ਹਾਂ ਦੀ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਹੈ। ਹਰੇਕ ਜੀਵ ਜੋ ਵੀ ਇਸ ਦੁਨੀਆ ਵਿੱਚ ਪੈਦਾ ਹੁੰਦਾ ਹੈ, ਉਸ ਨੇ ਇੱਕ ਦਿਨ ਮਰ ਜਾਣਾ ਹੈ, ਤੇ ਇਸ ਦੁਨੀਆ ਤੋਂ ਕੂਚ ਕਰਨ ਦੀ ਵਾਰੀ ਹਰੇਕ ਜੀਵ ਦੀ ਆਪਣੇ ਆਪਣੇ ਮਿਥੇ ਸਮੇਂ ਅਨੁਸਾਰ ਆਉਂਣੀ ਹੈ। ਜਿਸ ਅਕਾਲ ਪੁਰਖ ਦੇ ਦਿੱਤੇ ਹੋਏ, ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਆਪਣੇ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ। ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ ਆਪਣੇ ਹੱਥਾਂ ਨਾਲ ਆਪਣਾ ਕਾਰਜ ਆਪ ਸੁਆਰਨਾ ਚਾਹੀਦਾ ਹੈ, ਕਿਉਂਕਿ, ਇਹ ਮਨੁੱਖਾ ਜਨਮ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲ ਕੇ ਸਫਲ ਕਰਨ ਲਈ ਮਿਲਿਆ ਹੈ।

ਉੜੀ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ॥ ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥ (੪੭੪)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸੱਚੀ ਬਾਣੀ ਨੂੰ ਹਿਰਦੇ ਵਿੱਚ ਵਸਾਣ ਨਾਲ ਹੀ ਅਕਾਲ ਪੁਰਖੁ ਦੀ ਮਿਹਰ ਦੀ ਨਜਰ ਹੋ ਸਕਦੀ ਹੈ। ਕੱਚੀ ਬਾਣੀ ਪੜ੍ਹਨ ਨਾਲ ਜਾਂ ਵੱਖ ਵੱਖ ਤਰ੍ਹਾਂ ਦੀ ਧਾਰਨਾ ਲਾਣ ਨਾਲ ਕੁੱਝ ਪ੍ਰਾਪਤ ਨਹੀਂ ਹੋਣਾ ਹੈ। ਸੱਚੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਹੈ, ਗੁਰਬਾਣੀ ਅਨੁਸਾਰ ਦੱਸੀ ਗਈ ਸਿਖਿਆ ਨੂੰ ਜੀਵਨ ਦੇ ਹਰ ਪਲ ਪਲ ਵਿੱਚ ਅਪਨਾਉਂਣਾ ਹੈ। ਘਰਾਂ ਵਿਚ, ਗੁਰੂ ਗਰੰਥ ਸਾਹਿਬ ਦੇ ਕਰਵਾਏ ਜਾ ਰਹੇ ਪਾਠ, ਬੱਚਿਆਂ ਦੇ ਆਨੰਦ ਕਾਰਜ ਸਿਰਫ ਰਵਾਇਤਾ ਤਕ ਹੀ ਸੀਮਿਤ ਰਹਿ ਗਏ ਹਨ। ਮੂਲ ਕਾਰਨ ਇਹ ਹੈ ਕਿ ਅਸੀਂ ਗੁਰੂ ਗਰੰਥ ਸਾਹਿਬ ਦੀ ਸਿਖਿਆ ਨੂੰ ਨਹੀਂ ਸੁਣਦੇ ਹਾਂ ਤੇ ਨਾ ਹੀ ਉਸ ਅਨੁਸਾਰ ਜੀਵਨ ਵਿੱਚ ਅਮਲ ਕਰਦੇ ਹਾਂ। ਬੱਚਿਆਂ ਨੇ ਵੱਡਿਆਂ ਦੀ ਨਕਲ ਕਰਨੀ ਹੁੰਦੀ ਹੈ ਤੇ ਉਨ੍ਹਾਂ ਕੋਲੋਂ ਹੀ ਸਿਖਣਾ ਹੁੰਦਾ ਹੈ। ਜੇਕਰ ਵੱਡਿਆਂ ਨੇ ਹੀ ਕਹਿੰਣਾ ਮੰਨਣਾਂ ਨਹੀਂ ਸਿਖਿਆ ਹੈ, ਤਾਂ ਬੱਚਿਆਂ ਤੋਂ ਕਿਸ ਤਰ੍ਹਾਂ ਆਸ ਰੱਖ ਸਕਦੇ ਹਾਂ।

http://www.geocities.ws/sarbjitsingh/BookWhyChildrenDoNotListen.pdf

ਗੁਰਦੁਆਰਾ ਸਾਹਿਬ ਵਿੱਚ ਵੀ ਜਿਆਦਾ ਤਰ ਰਵਾਇਤਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਸੱਚੀ ਬਾਣੀ ਦੀ, ਸੱਚੀ ਤੇ ਸਪੱਸ਼ਟ ਸਿਖਿਆ ਤੇ ਵੀਚਾਰ ਵੱਲ ਧਿਆਨ ਨਹੀਂ ਦਿਤਾ ਜਾਂਦਾ ਹੈ। ਸਮਾਜ ਖਿੰਡਿਆ ਪਿਆ ਹੈ। ਟੀ. ਵੀ ਤੇ ਫਿਲਮਾਂ ਵਾਲੇ ਗਾਂਣੇ, ਡਾਂਸ ਤੇ ਘਟੀਆਂ ਸਿਖਿਆਂ ਦੇ ਕੇ ਆਪਣੇ ਪੈਸੇ ਕਮਾਉਂਣ ਵਿੱਚ ਰੁਝੇ ਰਹਿੰਦੇ ਹਨ। ਜੇਕਰ ਪੂਰਾ ਆਵਾ ਹੀ ਊਤਿਆ ਹੋਵੇ ਤਾਂ ਚੰਗੀ ਸਿਖਿਆ ਕਿਥੋਂ ਮਿਲ ਸਕਦੀ ਹੈ।

ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ॥ ੪॥ (੧੩੩੪)

ਇਸ ਲਈ ਜੇਕਰ ਅਸੀਂ ਆਪਣੇ ਆਪ ਨੂੰ ਸਿੱਖ ਕਹਿਲਾਣਾ ਚਾਹੁੰਦੇ ਹਾਂ, ਤੇ ਆਪਣਾ ਭਲਾ ਆਪ ਚਾਹੁੰਦੇ ਹਾਂ, ਆਪਣਾ ਕਾਰਜ ਆਪ ਸਵਾਰਨਾ ਚਾਹੁੰਦੇ ਹਾਂ, ਤਾਂ ਸਰੀਰ ਤੇ ਮਨ ਦੇ ਵਿਕਾਸ ਲਈ, ਦੋਵੇਂ ਤਰ੍ਹਾਂ ਦੀਆਂ ਸਿਖਿਆਵਾਂ ਵੀ ਆਪ ਹੀ ਲੈਣੀਆਂ ਹਨ। ਉਸ ਲਈ ਚੰਗੀਆਂ ਕਿਤਾਬਾਂ ਤੇ ਲੇਖ ਪੜ੍ਹਨ ਦੀ ਆਦਤ ਪਾਉਂਣੀ ਪਵੇਗੀ। ਸਰੀਰ ਦੇ ਵਿਕਾਸ ਲਈ ਸਾਇੰਸ, ਜੀਵ ਵਿਗਿਆਨ, ਬਨਸਪਤੀ ਵਿਗਿਆਨ, ਹਿਸਾਬ, ਅਰਥ ਸ਼ਾਸਤਰ, ਸੰਤੁਲਤ ਭੋਜਨ, ਭੂਗੋਲ, ਇਤਿਹਾਸ, ਰਾਜਨੀਤੀ, ਆਦਿਕ ਬਹੁਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਹਰੇਕ ਸਿੱਖ ਲਈ ਬਹੁਤ ਜਰੂਰੀ ਹੈ। ਇਸੇ ਤਰ੍ਹਾਂ ਮਨ ਦੇ ਵਿਕਾਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸੱਚੀ ਬਾਣੀ ਦੀ ਵੀਚਾਰ ਤੇ ਉਸ ਦੀ ਖੋਜ ਵੀ ਹਰੇਕ ਸਿੱਖ ਲਈ ਜਰੂਰੀ ਹੈ। ਇਹ ਦੋਵੇਂ ਤਰ੍ਹਾਂ ਦੀਆਂ ਸਿਖਿਆਵਾਂ ਹਾਸਲ ਕਰਨ ਲਈ ਹਰੇਕ ਸਿੱਖ ਨੇ ਆਪਣੇ ਭਲੇ ਲਈ ਆਪ ਉਪਰਾਲੇ ਕਰਨੇ ਹਨ।

ਟੀ. ਵੀ. , ਅਖਬਾਰ, ਇੰਨਟਰਨੈਟ, ਆਮ ਲੋਕ, ਤੇ ਹੋਰ ਬਹੁਤ ਸਾਰੀਆਂ ਥਾਂਵਾਂ ਤੋਂ ਮਨੁੱਖ ਨੂੰ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਜੋ ਕਿ ਠੀਕ ਵੀ ਹੋ ਸਕਦੀ ਹੈ, ਤੇ ਗਲਤ ਵੀ ਹੋ ਸਕਦੀ ਹੈ ਤੇ ਸਾਨੂੰ ਗੁਮਰਾਹ ਕਰਨ ਵਾਲੀ ਵੀ ਹੋ ਸਕਦੀ ਹੈ। ਅਕਸਰ ਅਕਲ ਦੀ ਗਲ ਸੁਣਨ ਲਈ ਬਹੁਤ ਘਟ ਗਿਣਤੀ ਵਿੱਚ ਲੋਕ ਤਿਆਰ ਹੁੰਦੇ ਹਨ, ਪਰੰਤੂ ਮਨ ਨੂੰ ਖੁਸ਼ ਕਰਨ ਵਾਲੀਆਂ ਘਟੀਆ ਗੱਲਾਂ ਨਾਲ ਲੋਕ ਬਹੁਤ ਜਿਆਦਾ ਗਿਣਤੀ ਵਿੱਚ ਪ੍ਰਭਾਵਤ ਹੁੰਦੇ ਹਨ।

ਕੋਈ ਵੀ ਮਸਲਾ ਹੋਵੇ, ਹਰ ਕੋਈ ਆਪਣੇ ਆਪ ਨੂੰ ਠੀਕ ਕਹਿੰਦਾ ਹੈ, ਪਰ ਅਸਲੀਅਤ ਅਕਸਰ ਇਸ ਦੇ ਉਲਟ ਹੁੰਦੀ ਹੈ। ਜੇਕਰ ਲੋਕਾਂ ਦੇ ਵੀਚਾਰ ਵੱਖ ਵੱਖ ਹਨ, ਤਾਂ ਸਾਰੇ ਕਿਸ ਤਰ੍ਹਾਂ ਠੀਕ ਹੋ ਸਕਦੇ ਹਨ? ਸਾਰਿਆਂ ਵਿਚੋਂ ਇੱਕ ਹੀ ਠੀਕ ਹੋ ਸਕਦਾ ਹੈ, ਇਹ ਵੀ ਸੰਭਵ ਹੈ ਕਿ ਸਾਰੇ ਹੀ ਗਲਤ ਹੋਣ।

ਅਸ਼ਾਂਤੀ ਦਾ ਕਾਰਣ ਇਹੀ ਹੈ, ਕਿ ਸਾਡੀ ਸੋਚ ਵਿੱਚ ਕੁੱਝ ਨੁੱਕਸ ਸੀ ਜਾਂ ਹੁਣ ਵੀ ਕੋਈ ਨੁੱਕਸ ਹੈ। ਅਸਲ ਵਿੱਚ ਸਚਾਈ ਕੁੱਝ ਹੋਰ ਹੀ ਹੋ ਸਕਦੀ ਹੈ। ਸਚਾਈ ਪੈਸਾ, ਉੱਚੀ ਪਦਵੀ ਜਾਂ ਤਾਕਤ ਨਾਲ ਨਹੀਂ ਮਿਲ ਸਕਦੀ ਹੈ, ਝੂਠ ਨੂੰ ਸੱਚ ਕਹਿ ਕੇ, ਦੂਸਰਿਆਂ ਉਪਰ ਥੋਪਿਆ ਤਾਂ ਜਾ ਸਕਦਾ ਹੈ, ਪਰੰਤੂ ਝੂਠ ਕਦੀ ਸੱਚ ਨਹੀ ਬਣ ਸਕਦਾ ਹੈ। ਲੋਭ, ਪਾਪ, ਕੂੜ ਤੇ ਕਾਮ ਕਰਕੇ ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ। ਹੰਕਾਰ ਕਰਕੇ ਕੋਈ ਮਨੁੱਖ ਆਪਣੇ ਔਗੁਣ ਮੰਨਣ ਨੂੰ ਤਿਆਰ ਨਹੀਂ ਹੈ। ਸਚਾਈ ਕੋਈ ਪਦਾਰਥ ਨਹੀਂ, ਜਿਸ ਨੂੰ ਹਰ ਕੋਈ ਆਮ ਦੁਨਿਆਵੀ ਤੱਕੜੀ ਜਾਂ ਕਿਸੇ ਹੋਰ ਪੈਮਾਨੇ ਨਾਲ ਤੋਲਿਆ ਜਾ ਸਕੇ। ਸੱਚ ਦਾ ਪਤਾ ਕਰਨ ਲਈ ਸੱਚ ਦੀ ਤੱਕੜੀ ਨਾਲ ਹੀ ਤੋਲਣਾ ਪਵੇਗਾ। ਮਨੁੱਖ ਪਰਖ ਵਿਚ, ਤਾਂ ਪੂਰਾ ਉਤਰਦਾ ਹੈ, ਜੇ ਤੱਕੜੀ ਦੇ ਦੂਜੇ ਪੱਲੇ ਵਿੱਚ ਅਕਾਲ ਪੁਰਖੁ ਦੀ ਦਰਗਾਹ ਵਿੱਚ ਮਿਲਣ ਵਾਲੀ ਇੱਜ਼ਤ ਦੇ ਮਾਪ ਤੋਲ ਦਾ ਵੱਟਾ ਪਾਇਆ ਜਾਏ। ਪਰੰਤੂ ਸਚ ਨੂੰ ਪਰਖਣਾਂ ਬਹੁਤ ਮੁਸ਼ਕਲ ਹੈ, ਇਸ ਲਈ ਜੇ ਕਰ ਸੱਚ ਜਾਨਣਾ ਚਾਹੁੰਦੇ ਹਾਂ ਤਾਂ ਸੱਚ ਦੀ ਤੱਕੜੀ ਲੈਣੀ ਪਵੇਗੀ।

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ॥ ੨॥ (੪੬੮-੪੬੯)

ਗੁਰੂ ਸਾਹਿਬਾਂ ਨੇ ਸਾਨੂੰ ਸੱਚ ਦੀ ਪਛਾਣ ਕਰਨ ਦਾ ਤਰੀਕਾ ਵੀ ਸਮਝਾਂ ਦਿਤਾ ਹੈ। ਅਸੀਂ ਹਰ ਰੋਜ ਆਸਾ ਕੀ ਵਾਰ ਦੇ ਕੀਰਤਨ ਵਿੱਚ ਸੁਣਦੇ ਹਾਂ:

ਃ ੧॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ ੨ ॥ (੪੬੮)

ਸੱਚ ਦੀ ਪਛਾਣ ਉਹੀ ਕਰ ਸਕਦਾ ਹੈ, ਜਿਸ ਦੇ (੧) ਜਿਸ ਦੇ ਹਿਰਦੇ ਵਿੱਚ ਸੱਚਾ ਅਕਾਲ ਪੁਰਖੁ ਵਸਦਾ ਹੈ, (੨) ਜਿਸ ਦੇ ਹਿਰਦੇ ਵਿੱਚ ਸੱਚ ਨਾਲ ਪਿਆਰ ਹੋਵੇ, (੩) ਜਿਸ ਨੂੰ ਸੱਚੇ ਜੀਵਨ ਨੂੰ ਜਿਉਂਣ ਦੀ ਜਾਚ ਆਉਂਦੀ ਹੋਵੇ, (੪) ਜਿਸ ਨੇ ਸੱਚੀ ਸਿਖਿਆ ਲਈ ਹੋਵੇ, (੫) ਜਿਸ ਨੇ ਆਪਣੀ ਆਤਮਾ ਦੇ ਅੰਦਰ ਸੱਚ ਦੇ ਤੀਰਥ ਦਾ ਨਿਵਾਸ ਕੀਤਾ ਹੋਵੇ। ਜਦੋਂ ਇਹ ਪੰਜੇ ਲੋੜੀਦੀਆਂ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਫਿਰ ਸੱਚ ਸਭ ਦੁਖਾਂ ਦਾ ਇਲਾਜ ਆਪਣੇ ਆਪ ਬਣ ਜਾਂਦਾ ਹੈ।

ਇਸ ਲਈ ਜੇਕਰ ਸਚਾਈ ਜਾਨਣਾ ਚਾਹੁੰਦੇ ਹਾਂ ਤਾਂ ਆਪਣੇ ਹਿਰਦੇ ਵਿੱਚ ਸੱਚੇ ਅਕਾਲ ਪੁਰਖੁ ਨੂੰ ਵਸਾਣਾ ਪਵੇਗਾ, ਹਿਰਦੇ ਵਿੱਚ ਸੱਚ ਨਾਲ ਪਿਆਰ ਪਾਉਣਾਂ ਪਵੇਗਾ, ਸੱਚੇ ਜੀਵਨ ਦੀ ਜਾਚ ਸਿਖਣੀ ਪਵੇਗੀ, ਸਿਖਿਆ ਵੀ ਸੱਚੀ ਲੈਣੀ ਪਵੇਗੀ, ਆਪਣੀ ਆਤਮਾ ਦੇ ਅੰਦਰ ਸੱਚ ਦੇ ਤੀਰਥ ਦਾ ਨਿਵਾਸ ਕਰਨਾ ਪਵੇਗਾ, ਤਾਂ ਹੀ ਫਿਰ ਸੱਚ ਸਭ ਦੁਖਾਂ ਦਾ ਇਲਾਜ ਬਣ ਸਕਦਾ ਹੈ ਤੇ ਸਾਡੇ ਜੀਵਨ ਦਾ ਮਨੋਰਥ ਪੂਰਾ ਹੋ ਸਕਦਾ ਹੈ।

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

 • ਮਨੁੱਖ ਨੂੰ ਜੀਵਨ ਵਿੱਚ ਵਿਚਰਨ ਲਈ ਲਗਾਤਾਰ ਉਪਰਾਲੇ ਕਰਨ ਦੀ ਲੋੜ ਹੈ। ਜਿਹੜਾ ਮਨੁੱਖ ਇਹ ਸਭ ਕੁੱਝ ਆਪ ਕਰਦਾ ਹੈ, ਉਹ ਸਫਲਤਾ ਵਲ ਜਾਂਦਾ ਹੈ, ਨਹੀਂ ਤਾਂ ਅਕਸਰ ਦੁਖੀ ਤੇ ਬੇਆਸਰਾ ਹੀ ਰਹਿ ਜਾਂਦਾ ਹੈ।

 • ਜੀਵਨ ਜਾਚ ਵੀ ਮਨੁੱਖ ਨੇ ਆਪ ਉਪਰਾਲੇ ਕਰਕੇ ਹੀ ਸਿਖਣੀ ਹੈ।

 • ਮਨ ਵਿੱਚ ਜਾਗਰਤੀ ਪੈਦਾ ਕਰਨ ਲਈ ਗੁਰਬਾਣੀ ਦੀ ਵੀਚਾਰ ਕਰਨੀ ਵੀ ਆਪ ਹੀ ਸਿਖਣੀ ਹੈ, ਤਾਂ ਜੋ ਮਨ ਨੂੰ ਵਿਕਾਰਾ ਦੀ ਮੈਲ ਨਾ ਲਗ ਸਕੇ। ਆਪਣੇ ਆਪ ਨੂੰ ਗੁਮਰਾਹ ਹੋਣ ਤੋਂ ਬਚਾਣ ਲਈ ਸੱਚੀ ਬਾਣੀ ਗਾਇਨ ਕਰਨੀ ਹੈ ਤੇ ਉਸ ਦੀ ਖੋਜ ਵੀ ਆਪ ਹੀ ਕਰਨੀ ਸਿਖਣੀ ਹੈ।

 • ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ ਪ੍ਰਾਪਤ ਹੁੰਦਾ ਹੈ, ਚੰਗਾ ਆਚਰਨ, ਸੰਤੋਖ ਆਦਿ ਸਭ ਕੁੱਝ ਗੁਰੂ ਦੇ ਦਰ ਤੇ ਹੀ ਸਿਖੇ ਜਾ ਸਕਦੇ ਹਨ।

 • ਗੁਰੂ ਦੇ ਸ਼ਬਦ ਦੁਆਰਾ ਜਿਸ ਮਨੁੱਖ ਨੂੰ ਅਕਾਲ ਪੁਰਖੁ ਦਾ ਅਟੱਲ ਹੁਕਮੁ ਮਿੱਠਾ ਲੱਗਣ ਲੱਗ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

 • ਗਿਣਤੀ ਵਾਲੇ ਸਿਮਰਨ ਕਰਨ ਨਾਲ ਕੁੱਝ ਨਹੀਂ ਬਣਨਾ, ਆਪਣਾ ਆਪ ਗਵਾ ਕੇ ਗੁਰੂ ਅੱਗੇ ਅਰਪਨ ਕਰਨਾ ਪਵੇਗਾ, "ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ" ਵਾਲੀ ਅਵਸਥਾ ਬਣਾਉਂਣੀ ਪਵੇਗੀ।

 • ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਅਤੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਕੇ ਹੀ ਅਕਾਲ ਪੁਰਖੁ ਨੂੰ ਮਿਲਿਆ ਜਾ ਸਕਦਾ ਹੈ।

 • ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ, ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗ ਸਕਦਾ।

 • ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਚਲਦਾ ਹੈ, ਤਾਂ ਉਹ ਇੱਕ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਤੇ, ਫਿਰ ਉਹ ਆਪਣੇ ਹਉਮੈਂ ਤੇ ਕਾਬੂ ਪਾ ਲੈਂਦਾ ਹੈ ਤੇ ਫਿਰ ਹਉਮੈ ਦਾ ਦੁਖ ਉਸ ਨੂੰ ਸਤਾ ਨਹੀਂ ਸਕਦਾ ਹੈ।

 • ਪੂਰੀ ਸ੍ਰਿਸ਼ਟੀ ਦਾ ਹਰੇਕ ਕਾਰਜ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਹੋ ਰਿਹਾ ਹੈ। ਇਸ ਲਈ ਹਰ ਤਰ੍ਹਾਂ ਦੇ ਕਾਰਜ ਕਰਦੇ ਸਮੇਂ ਅਕਾਲ ਪੁਰਖੁ ਦੇ ਗੁਣਾਂ ਨੂੰ ਸਮਝਿਆ, ਜਾਣਿਆ, ਵਿਚਾਰਿਆ ਤੇ ਅਪਨਾਇਆ ਜਾ ਸਕਦਾ ਹੈ। ਅਕਾਲ ਪੁਰਖੁ ਦੇ ਹੁਕਮੁ ਨੂੰ ਗੁਰਬਾਣੀ ਦੁਆਰਾ ਪਛਾਣਿਆ ਤੇ ਉਸ ਅਨੁਸਾਰ ਚਲਿਆ ਜਾ ਸਕਦਾ ਹੈ।

 • ਅੱਜਕਲ ਕੀਰਤਨ ਦਰਬਾਰ ਤਾਂ ਅਨੇਕਾਂ ਹੋਰ ਰਹੇ ਹਨ, ਪਰੰਤੂ ਕੋਈ ਵਿਰਲਾ ਹੀ ਮਨ ਵਿੱਚ ਜਾਗਰਤੀ ਪੈਦਾ ਕਰਦਾ ਹੈ। ਕੀਰਤਨ ਤਾਂ ਹੀ ਪ੍ਰਵਾਨ ਹੈ ਜੇਕਰ ਮਨ ਵਿੱਚ ਜਾਗਰਤੀ ਪੈਦਾ ਹੁੰਦੀ ਹੈ। ਆਪਣੇ ਮਨ ਵਿੱਚ ਚਾਨਣ ਪੈਦਾ ਕਰਨ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਵਾਰ ਵਾਰ ਖੋਜਣਾ ਤੇ ਵੀਚਾਰਨਾ ਹੈ।

 • ਅਕਾਲ ਪੁਰਖੁ ਦੇ ਅੱਗੇ ਇਹੀ ਅਰਦਾਸ ਕਰਨੀ ਹੈ, ਕਿ ਮੇਰੇ ਉਪਰ ਮਿਹਰ ਕਰ, ਤਾਂ ਜੋ ਮੈਂ ਤੇਰੀ ਸਿਫ਼ਤਿ ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦੀ ਰਹਾਂ।

 • ਜੇਕਰ ਆਪਣੇ ਹਉਮੈ ਤੇ ਕਾਬੂ ਕਰਨਾ ਹੈ ਤਾਂ ਨਿਮਾਣੇ ਹੋ ਕੇ ਅਰਦਾਸ ਵੀ ਆਪ ਹੀ ਕਰਨੀ ਪਵੇਗੀ। ਗੁਰਬਾਣੀ ਦੁਆਰਾ ਜੀਵਨ ਜਾਚ ਵੀ ਆਪ ਖੁਦ ਉਪਰਾਲੇ ਕਰਕੇ ਤੇ ਨਿਮਾਣੇ ਹੋ ਕੇ ਸਿਖਣੀ ਪਵੇਗੀ।

 • ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਰਵਾਇਤਾ ਪੂਰੀਆਂ ਕਰਨ ਦੀ ਸਿਖਿਆ ਨਹੀਂ ਦਿੰਦੀ ਹੈ। ਗੁਰਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾਂ ਤੇ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਨਾਂਉਂਣਾ ਹੈ।

 • ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ ਆਪਣੇ ਹੱਥਾਂ ਨਾਲ ਆਪਣਾ ਕਾਰਜ ਆਪ ਸੁਆਰਨਾ ਚਾਹੀਦਾ ਹੈ।

 • ਗੁਰੂ ਗਰੰਥ ਸਾਹਿਬ ਦੇ ਕਰਵਾਏ ਜਾ ਰਹੇ ਪਾਠ, ਬੱਚਿਆਂ ਦੇ ਆਨੰਦ ਕਾਰਜ ਸਿਰਫ ਰਵਾਇਤਾ ਤਕ ਹੀ ਸੀਮਿਤ ਰਹਿ ਗਏ ਹਨ। ਮੂਲ ਕਾਰਨ ਇਹ ਹੈ ਕਿ ਅਸੀਂ ਗੁਰੂ ਗਰੰਥ ਸਾਹਿਬ ਦੀ ਸਿਖਿਆ ਨੂੰ ਨਹੀਂ ਸੁਣਦੇ ਹਾਂ ਤੇ ਨਾ ਹੀ ਉਸ ਅਨੁਸਾਰ ਜੀਵਨ ਵਿੱਚ ਅਮਲ ਕਰਦੇ ਹਾਂ। ਜੇਕਰ ਵੱਡਿਆਂ ਨੇ ਹੀ ਕਹਿੰਣਾ ਮੰਨਣਾਂ ਨਹੀਂ ਸਿਖਿਆ ਹੈ, ਤਾਂ ਬੱਚਿਆਂ ਤੋਂ ਕਿਸ ਤਰ੍ਹਾਂ ਆਸ ਰੱਖ ਸਕਦੇ ਹਾਂ।

 • ਸਰੀਰ ਤੇ ਮਨ ਦੇ ਵਿਕਾਸ ਲਈ, ਦੋਵੇਂ ਤਰ੍ਹਾਂ ਦੀਆਂ ਸਿਖਿਆਵਾਂ ਵੀ ਆਪ ਹੀ ਲੈਣੀਆਂ ਹਨ। ਸਰੀਰ ਦੇ ਵਿਕਾਸ ਲਈ ਸਾਇੰਸ, ਜੀਵ ਵਿਗਿਆਨ, ਬਨਸਪਤੀ ਵਿਗਿਆਨ, ਹਿਸਾਬ, ਅਰਥ ਸ਼ਾਸਤਰ, ਸੰਤੁਲਤ ਭੋਜਨ, ਭੂਗੋਲ, ਇਤਿਹਾਸ, ਰਾਜਨੀਤੀ, ਆਦਿਕ ਬਹੁਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਹਰੇਕ ਸਿੱਖ ਲਈ ਬਹੁਤ ਜਰੂਰੀ ਹੈ। ਇਸੇ ਤਰ੍ਹਾਂ ਮਨ ਦੇ ਵਿਕਾਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸੱਚੀ ਬਾਣੀ ਦੀ ਵੀਚਾਰ ਤੇ ਉਸ ਦੀ ਖੋਜ ਵੀ ਹਰੇਕ ਸਿੱਖ ਲਈ ਬਹੁਤ ਜਰੂਰੀ ਹੈ।

 • ਸਚਾਈ ਕੋਈ ਪਦਾਰਥ ਨਹੀਂ, ਜਿਸ ਨੂੰ ਹਰ ਕੋਈ ਆਮ ਦੁਨਿਆਵੀ ਤੱਕੜੀ ਜਾਂ ਕਿਸੇ ਹੋਰ ਪੈਮਾਨੇ ਨਾਲ ਤੋਲਿਆ ਜਾ ਸਕੇ। ਸੱਚ ਦਾ ਪਤਾ ਕਰਨ ਲਈ ਸੱਚ ਦੀ ਤੱਕੜੀ ਨਾਲ ਹੀ ਤੋਲਣਾ ਪਵੇਗਾ।

 • ਸੱਚ ਦੀ ਪਛਾਣ ਉਹੀ ਕਰ ਸਕਦਾ ਹੈ, (੧) ਜਿਸ ਦੇ ਹਿਰਦੇ ਵਿੱਚ ਸੱਚਾ ਅਕਾਲ ਪੁਰਖੁ ਵਸਦਾ ਹੈ, (੨) ਜਿਸ ਦੇ ਹਿਰਦੇ ਵਿੱਚ ਸੱਚ ਨਾਲ ਪਿਆਰ ਹੋਵੇ, (੩) ਜਿਸ ਨੂੰ ਸੱਚੇ ਜੀਵਨ ਨੂੰ ਜਿਉਂਣ ਦੀ ਜਾਚ ਆਂਉਂਦੀ ਹੋਵੇ, (੪) ਜਿਸ ਨੇ ਸੱਚੀ ਸਿਖਿਆ ਲਈ ਹੋਵੇ, (੫) ਜਿਸ ਨੇ ਆਪਣੀ ਆਤਮਾ ਦੇ ਅੰਦਰ ਸੱਚ ਦੇ ਤੀਰਥ ਦਾ ਨਿਵਾਸ ਕੀਤਾ ਹੋਵੇ।

 • ਜੇਕਰ ਸਚਾਈ ਜਾਨਣਾ ਚਾਹੁੰਦੇ ਹਾਂ ਤਾਂ ਆਪਣੇ ਹਿਰਦੇ ਵਿੱਚ ਸੱਚੇ ਅਕਾਲ ਪੁਰਖੁ ਨੂੰ ਵਸਾਣਾ ਪਵੇਗਾ, ਹਿਰਦੇ ਵਿੱਚ ਸੱਚ ਨਾਲ ਪਿਆਰ ਪਾਉਣਾਂ ਪਵੇਗਾ, ਸੱਚੇ ਜੀਵਨ ਦੀ ਜਾਚ ਸਿਖਣੀ ਪਵੇਗੀ, ਸਿਖਿਆ ਵੀ ਸੱਚੀ ਲੈਣੀ ਪਵੇਗੀ, ਆਪਣੀ ਆਤਮਾ ਦੇ ਅੰਦਰ ਸੱਚ ਦੇ ਤੀਰਥ ਦਾ ਨਿਵਾਸ ਕਰਨਾ ਪਵੇਗਾ, ਤਾਂ ਹੀ ਫਿਰ ਸੱਚ ਸਭ ਦੁਖਾਂ ਦਾ ਇਲਾਜ ਬਣ ਸਕਦਾ ਹੈ ਤੇ ਸਾਡੇ ਜੀਵਨ ਦਾ ਮਨੋਰਥ ਪੂਰਾ ਹੋ ਸਕਦਾ ਹੈ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"

 

(ਡਾ: ਸਰਬਜੀਤ ਸਿੰਘ)

(Dr. Sarbjit Singh)

 
 

ਚ ੧/ - ੮, ਸੈਕਟਰ - ੮,

RH1 / E-8, Sector-8,

 
 

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

 
   

Email = sarbjitsingh@yahoo.com

 
   

Web = http://www.geocities.ws/sarbjitsingh

 
   

http://www.sikhmarg.com/article-dr-sarbjit.html

 .