.

ਕੀ ਗੁਰੂ ਗਰੰਥ ਸਾਹਿਬ ਅਨੁਸਾਰ ਤੀਰਥ ਇਸ਼ਨਾਨ ਕਰਨੇ ਜਾਂ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਜਾਣਾ ਪ੍ਰਵਾਨ ਹੈ?

Whether taking bath at various religious places or visiting them is acceptable according to Guru Granth Sahib?

Top—Brief--Conclusion

ਜਿਆਦਾ ਤਰ ਲੋਕ ਇਹੀ ਸਮਝਦੇ ਹਨ ਕਿ ਕੁੱਝ ਰਵਾਇਤਾਂ ਪੂਰੀਆਂ ਕਰਨ ਨਾਲ ਜਾਂ ਕਰਮ ਕਾਂਡ ਕਰਨ ਨਾਲ, ਅਕਾਲ ਪੁਰਖੁ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਕਈ ਐਸੇ ਲੋਕ ਵੀ ਹਨ, ਜੋ ਕਿ ਜੋਗ ਸਾਧਨਾਂ ਵਿੱਚ ਲੱਗੇ ਰਹਿੰਦੇ ਹਨ, ਕਈ ਚਰਚਾ ਕਰਨ ਵਿਚ, ਕਈ ਤੀਰਥ ਇਸ਼ਨਾਨ ਜਾਂ ਦਾਨ ਕਰਨਾ ਠੀਕ ਸਮਝਦੇ ਹਨ। ਕਈਆਂ ਨੇ ਇੱਕ ਅੱਖਰ ਨੂੰ ਵਾਰ ਵਾਰ ਦੁਹਰਾਈ ਜਾਣ ਨੂੰ ਹੀ ਨਾਮੁ ਜਪਣਾ ਕਹਿਣਾਂ ਸ਼ੁਰੂ ਕਰ ਦਿਤਾ ਹੈ। ਸੋਚਿਆ ਜਾਵੇ ਕਿ ਇੱਕ ਅੱਖਰ ਦਾ ਘੋਟਾ ਲਾਣ ਨਾਲ, ਕਿਸ ਤਰ੍ਹਾਂ ਕੋਈ ਵਿਸ਼ਾ ਜਾਂ ਪੂਰੀ ਕਿਤਾਬ ਨੂੰ ਸਮਝਿਆ ਜਾ ਸਕਦਾ ਹੈ। ਜੇ ਕਰ ਪੂਰੀ ਕਿਤਾਬ ਬਾਰੇ ਜਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਪੂਰੀ ਕਿਤਾਬ ਨੂੰ ਹੀ ਪੜ੍ਹਨਾਂ, ਸਮਝਣਾਂ ਤੇ ਵੀਚਾਰਨਾ ਪਵੇਗਾ। ਇਸੇ ਤਰ੍ਹਾਂ ਜੇ ਕਰ ਅਸੀਂ ਅਕਾਲ ਪੁਰਖੁ ਨਾਲ ਸਾਂਝ ਪੈਦਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰਨੀ ਪਵੇਗੀ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਵਿੱਚ ਜੁੜਿਆਂ ਹੀ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਸਕਦੀ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਤੋਂ ਬਿਨਾ ਕੋਈ ਮਨੁੱਖ ਪੰਜ ਵਿਕਾਰਾਂ ਤੋਂ ਖ਼ਲਾਸੀ ਨਹੀਂ ਪਾ ਸਕਦਾ ਹੈ। ਅਕਾਲ ਪੁਰਖੁ ਨੇ ਐਸਾ ਨਿਯਮ ਬਣਾਇਆ ਹੈ, ਕਿ ਗੁਰੂ ਦੀ ਸ਼ਰਨ ਵਿੱਚ ਆਉਂਣ ਤੋਂ ਬਿਨਾ ਕੋਈ ਮਨੁੱਖ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਨਹੀਂ ਕਰ ਸਕਦਾ ਹੈ।

ਜੇਕਰ ਹਰੇਕ ਮਨੁੱਖ ਨਿਰੀ ਜੀਭ ਨਾਲ ਹੀ ਰਾਮ ਰਾਮ (ਅਕਾਲ ਪੁਰਖੁ ਦਾ ਨਾਂ) ਬੋਲਦਾ ਰਹੇ, ਤਾਂ ਨਿਰਾ ਜੀਭ ਨਾਲ ਰਾਮ ਰਾਮ ਬੋਲਣ ਨਾਲ ਸਫਲਤਾ ਨਹੀਂ ਮਿਲ ਸਕਦੀ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਠੱਗੀ ਵਸਦੀ ਹੈ, ਤੇ ਬਾਹਰਲੇ ਭੇਖ ਨਾਲ ਉਹ ਆਪਣੇ ਆਪ ਨੂੰ ਸੰਤ ਅਖਵਾਂਦੇ ਹਨ, ਅਜੇਹੇ ਮਨੁੱਖਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ। ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਹਊਮੇ ਦੀ ਮੈਲ ਕਦੇ ਨਹੀਂ ਉਤਰਦੀ। ਇਸ ਲਈ ਖਾਲੀ ਮੂੰਹ ਨਾਲ ਬੋਲਣ ਨਾਲ, ਨਾਮੁ ਜਪਣਾ ਨਹੀਂ ਹੋ ਸਕਦਾ। ਅਕਾਲ ਪੁਰਖੁ ਦੇ ਨਾਮੁ ਦਾ ਫਲ ਤਾਂ ਹੀ ਮਿਲਦਾ ਹੈ, ਜੇਕਰ ਮਨੁੱਖ ਦੇ ਮਨ ਵਿੱਚ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਵੱਸ ਜਾਏ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਲਈ ਪ੍ਰੇਮ ਬਣ ਜਾਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਨੂੰ ਕਦੇ ਵੀ ਭੁੱਲਦਾ ਨਹੀਂ, ਤੇ ਸਦਾ ਆਪਣੇ ਮਨ ਅਤੇ ਚਿੱਤ ਵਿੱਚ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ।

ਗੂਜਰੀ ਮਹਲਾ ੩॥ ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ॥ ੧॥ ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ॥ ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ॥ ੧॥ ਰਹਾਉ॥ (੪੯੧)

ਜੇਕਰ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੁੱਚ ਰੱਖੀ ਜਾਵੇ, ਤਾਂ ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮਨ ਦੀ ਸੁੱਚ ਨਹੀਂ ਹੋ ਸਕਦੀ। ਜੇਕਰ ਮੂੰਹ ਬੰਦ ਕਰਕੇ, ਸਰੀਰ ਦੀ ਸਮਾਧੀ ਲਾਈ ਰੱਖੀਏ, ਤਾਂ ਵੀ ਇਸ ਤਰ੍ਹਾਂ ਚੁੱਪ ਕਰਕੇ ਰਹਿਣ ਨਾਲ ਮਨ ਦੀ ਭਟਕਣਾ ਜਾਂ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ। ਜੇਕਰ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ ਵੀ ਸਾਂਭ ਕੇ ਰੱਖ ਲਈਏ, ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਿਹਾਂ, ਮਨ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇਕਰ ਮਨੁੱਖ ਦੇ ਵਿੱਚ ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਵੀ ਹੋਣ, ਤਾਂ ਵੀ ਉਨ੍ਹਾਂ ਵਿਚੋਂ ਇੱਕ ਵੀ ਚਤੁਰਾਈ ਸਾਥ ਨਹੀਂ ਦੇਂਦੀ। ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ, ਅਕਾਲ ਪੁਰਖੁ ਦਾ ਪ੍ਰਕਾਸ਼ ਹੋਣ ਲਈ ਅਸੀਂ ਕਿਸ ਤਰ੍ਹਾਂ ਯੋਗ ਬਣ ਸਕਦੇ ਹਾਂ ਤੇ ਸਾਡੇ ਅੰਦਰੋਂ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਗੁਰੂ ਸਾਹਿਬ ਉਤਰ ਦੇ ਕੇ ਸਮਝਾਂਦੇ ਹਨ ਕਿ, ਰਜ਼ਾ ਦੇ ਮਾਲਕ ਅਕਾਲ ਪੁਰਖੁ ਦੇ ਹੁਕਮੁ ਵਿੱਚ ਚਲਣਾ ਹੀ ਇੱਕ ਅਜੇਹੀ ਵਿਧੀ ਹੈ ਅਤੇ ਅਕਾਲ ਪੁਰਖੁ ਦੇ ਹੁਕਮੁ ਦੀ ਇਹ ਵਿਧੀ ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ। ਇਸ ਲਈ ਅਕਾਲ ਪੁਰਖੁ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੇ ਹੁਕਮੁ ਤੇ ਰਜ਼ਾ ਵਿੱਚ ਚੱਲੇ। ਜੇਕਰ ਪਿਤਾ ਦੇ ਕਹੇ ਅਨੁਸਾਰ ਪੁੱਤਰ ਕੰਮ ਕਰਦਾ ਰਹੇ ਤਾਂ ਦੋਹਾਂ ਦਾ ਪਿਆਰ ਬਣਿਆ ਰਹਿੰਦਾ ਹੈ, ਨਹੀਂ ਤਾਂ ਆਪਸ ਵਿੱਚ ਵਿੱਥ ਪੈਂਦਾ ਹੋ ਜਾਂਦੀ ਹੈ।

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)

ਸਿੱਖ ਧਰਮ ਦਾ ਮੁਢਲਾ ਸਿਧਾਂਤ ਵੀ "ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ", ਹੀ ਹੈ, ਜਿਸ ਦਾ ਜਿਕਰ ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਤੇ ਗੁਰੂ ਗਰੰਥ ਸਾਹਿਬ ਦੇ ਆਰੰਭ ਵਿੱਚ ਹੀ ਕਰ ਦਿਤਾ ਹੈ। ਜੇਕਰ ਕੁਦਰਤ ਦੇ ਨਿਯਮਾਂ (System) ਅਨੁਸਾਰ ਰਹਾਂਗੇ ਤਾਂ ਸੁਖੀ ਰਹਾਂਗੇ, ਪਰੰਤੂ ਜੇਕਰ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿੰਣਾਂ ਚਾਹੀਦਾ ਹੈ।

http://www.geocities.ws/sarbjitsingh/Bani3510GurMag200604.pdf

http://www.sikhmarg.com/2006/0430-bani-hukam.html

ਜਿਹੜੇ ਮਨੁੱਖ ਮਨ ਅੰਦਰੋਂ ਤਾਂ ਝੂਠੇ ਹਨ, ਪਰੰਤੂ ਬਾਹਰੋ ਝੂਠੀ ਇੱਜ਼ਤ ਬਣਾਈ ਰੱਖਦੇ ਹਨ, ਤੇ ਜਗਤ ਵਿੱਚ ਵਿਖਾਵਾ ਕਰਦੇ ਰਹਿੰਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰ ਲੈਂਣ, ਤਾਂ ਵੀ ਉਨ੍ਹਾਂ ਦੇ ਮਨ ਵਿਚਲੀ ਵਿਕਾਰਾਂ ਦੀ ਮੈਲ ਕਦੇ ਨਹੀਂ ਉਤਰਦੀ।

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ (੪੭੩)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਗੁਰਬਾਣੀ ਅਨੁਸਾਰ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰ ਲੈਂਣ ਨਾਲ, ਮਨ ਵਿਚਲੀ ਵਿਕਾਰਾਂ ਦੀ ਮੈਲ ਕਦੇ ਨਹੀਂ ਉਤਰਦੀ ਤਾਂ ਫਿਰ ਸਿੱਖਾਂ ਦਾ ਪੰਜ ਤਖਤਾਂ ਜਾਂ ਬਹੁਤ ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰਨ ਨਾਲ ਜਾਂ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਕਿਸ ਤਰ੍ਹਾਂ ਉਤਰ ਸਕਦੀ ਹੈ?

ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਤਰੀਕੇ ਦੀ ਰਵਾਇਤ ਪ੍ਰਵਾਨ ਨਹੀਂ ਕੀਤੀ ਹੈ ਤੇ ਨਾ ਹੀ ਕਿਸੇ ਤੀਰਥ ਅਸਥਾਨ ਤੇ ਜਾ ਕੇ ਇਸ਼ਨਾਨ ਕਰਨਾ ਪ੍ਰਵਾਨ ਕੀਤਾ ਹੈ, ਬਲਕਿ ਗੁਰਸਿਖ ਵਾਸਤੇ ਤੀਰਥ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਸਪੱਸ਼ਟ ਤੌਰ ਤੇ ਕਹਿ ਦਿੱਤਾ ਕਿ ਤੀਰਥੁ, ਅਕਾਲ ਪੁਰਖੁ ਦਾ ਨਾਮੁ ਹੀ ਹੈ, ਤੇ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਟਿਕਾਣਾ ਹੀ ਅਸਲੀ ਤੀਰਥੁ ਇਸ਼ਨਾਨ ਹੈ।

ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੈਂ ਵੀ ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ, ਪਰੰਤੂ ਮੇਰੇ ਲਈ ਅਕਾਲ ਪੁਰਖੁ ਦਾ ਨਾਮੁ ਹੀ ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਵਿੱਚ ਟਿਕਾਣਾ ਹੀ ਮੇਰੇ ਲਈ ਤੀਰਥ ਹੈ, ਕਿਉਂਕਿ ਸ਼ਬਦ ਨਾਲ ਮੇਰੇ ਅੰਦਰ ਜਿਹੜਾ ਗਿਆਨ ਪੈਦਾ ਹੁੰਦਾ ਹੈ, ਉਸ ਦੀ ਬਰਕਤ ਸਦਕਾ ਮਨ ਦੀ ਮੈਲ ਉਤਰ ਸਕਦੀ ਹੈ ਤੇ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਬਣ ਸਕਦੀ ਹੈ।

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (੬੮੭)

ਅੱਜਕਲ ਅਸੀਂ ਆਪਣੇ ਮਤਲਬ ਅਨੁਸਾਰ ਗੁਰਬਾਣੀ ਨੂੰ ਤੋੜ ਮਰੋੜ ਕਰਕੇ ਵਰਤਣਾ ਸ਼ੁਰੂ ਕਰ ਦਿਤਾ ਹੈ। ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਵਿੱਚ ਵੱਖ ਵੱਖ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰਨ ਦੇ ਜਾਂ ਯਾਤਰਾ ਕਰਨ ਦੇ ਕਈ ਬੋਰਡ ਮਿਲਣਗੇ, "ਤੀਰਥਿ ਨਾਵਣ ਜਾਉ"। ਪਰ ਨਾਮੁ ਦੇ ਇਸ਼ਨਾਨ ਕਰਨ ਦਾ ਕਿਤੇ ਕੋਈ ਬੋਰਡ ਨਹੀਂ ਮਿਲੇਗਾ, "ਤੀਰਥੁ ਨਾਮੁ ਹੈ"। ਖਾਲੀ ਵਾਹਿਗੁਰੂ ਵਾਹਿਗੁਰੂ ਦਾ ਰਟਨ ਕਰਵਾਉਂਣ ਵਾਲੇ ਤਾਂ ਬਹੁਤ ਮਿਲਣਗੇ, ਪਰੰਤੂ, "ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ" ਦੀ ਵੀਚਾਰ ਕਰਨ ਵਾਲਾ ਕੋਈ ਵਿਰਲਾ ਹੀ ਮਿਲੇਗਾ।

ਗੁਰਬਾਣੀ ਅਨੁਸਾਰ ਤੀਰਥੁ ਨਾਮੁ ਹੈ, ਸਬਦ ਦੀ ਬੀਚਾਰੁ ਦੁਆਰਾ ਆਪਣੇ ਹਿਰਦੇ ਅੰਤਰਿ ਹਾਸਲ ਕੀਤਾ ਗਿਆਨੁ ਹੀ ਅਸਲੀ ਤੀਰਥੁ ਹੈ। ਇਸ ਲਈ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਪੈਦਾ ਹੋਇਆ ਅੰਤਰ ਗਿਆਨੁ ਹੀ ਨਾਮੁ ਹੈ।

ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ, ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, ਪਰ ਇਸ ਤਰ੍ਹਾਂ ਮਨ ਦੀ ਡਾਂਵਾਂ ਡੋਲ ਹਾਲਤ ਮੁੱਕਦੀ ਨਹੀਂ। ਕੋਈ ਮਨੁੱਖ ਆਪਣੀ ਮਨੋਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਦਾ ਹੈ, ਮੁਕਤੀ ਦਾ ਚਾਹਵਾਨ ਆਪਣੇ ਸਿਰ ਉਤੇ ਸ਼ਿਵ ਜੀ ਵਾਲਾ ਆਰਾ ਰਖਾਂਦਾ ਹੈ, ਤੇ ਆਪਣੇ ਆਪ ਨੂੰ ਚਿਰਾ ਲੈਂਦਾ ਹੈ। ਪਰ ਜੇ ਕੋਈ ਮਨੁੱਖ ਇਹੋ ਜਿਹੇ ਲੱਖਾਂ ਜਤਨ ਕਰੇ, ਤਾਂ ਵੀ ਇਸ ਤਰ੍ਹਾਂ ਮਨ ਦੇ ਵਿਕਾਰਾਂ ਦੀ ਮੈਲ ਨਹੀਂ ਲਹਿੰਦੀ। ਕੋਈ ਮਨੁੱਖ ਸੋਨਾ, ਚਾਂਦੀ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ ਅਤੇ ਇਹੋ ਜਿਹੇ ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜਮੀਨ ਦਾਨ ਕਰਦਾ ਹੈ। ਇਸ ਤਰ੍ਹਾਂ ਵੀ ਅਕਾਲ ਪੁਰਖੁ ਦੇ ਦਰ ਤੇ ਪਹੁੰਚ ਨਹੀਂ ਸਕੀਦਾ। ਕੋਈ ਮਨੁੱਖ ਵੇਦ ਆਦਿਕ ਧਾਰਮਿਕ ਪੁਸਤਕ ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ, ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਮਨੁੱਖ ਕੁੰਡਲਨੀ ਨਾੜੀ ਦੇ ਰਸਤੇ ਪ੍ਰਾਣ ਚਾੜ੍ਹਦਾ ਹੈ, ਪਰੰਤੂ ਇਨ੍ਹਾਂ ਸਾਧਨਾਂ ਨਾਲ ਪੰਜਾਂ ਵਿਕਾਰਾਂ ਦਾ ਸਾਥ ਨਹੀਂ ਛੁਟ ਸਕਦਾ ਹੈ, ਸਗੋਂ ਮਨੁੱਖ ਹੋਰ ਹੰਕਾਰ ਵਿੱਚ ਜਕੜਿਆ ਜਾਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਮੈਂ ਅਨੇਕਾਂ ਹੀ ਲੋਕ ਨੂੰ ਅਜੇਹੇ ਮਿਥੇ ਹੋਏ ਧਾਰਮਿਕ ਕਰਮ ਕਰਦੇ ਵੇਖਿਆ ਹੈ, ਪਰੰਤੂ ਇਨ੍ਹਾਂ ਤਰੀਕਿਆਂ ਨਾਲ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। ਮੈਂ ਤਾਂ ਇਨ੍ਹਾਂ ਕਰਮ ਕਾਂਡਾਂ ਦਾ ਆਸਰਾ ਛੱਡ ਕੇ ਮਾਲਕ ਅਕਾਲ ਪੁਰਖੁ ਦੇ ਦਰ ਤੇ ਆ ਡਿੱਗਾ ਹਾਂ ਤੇ ਅਰਜ਼ੋਈ ਕਰਦਾ ਰਹਿੰਦਾ ਹਾਂ, ਕਿ ਹੇ ਅਕਾਲ ਪੁਰਖੁ! ਮੈਨੂੰ ਬਿਬੇਕ ਬੁਧੀ ਵਾਲੀ ਅਕਲ ਦੇ ਤਾਂ ਜੋ ਮੈਂ ਚੰਗੇ ਬੁਰੇ ਦੀ ਪਰਖ ਕਰ ਸਕਾ।

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥ ੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ ਰਹਾਉ॥ ੬੪੧-੬੪੨)

http://www.geocities.ws/sarbjitsingh/Bani2060GurMag200609.pdf

http://www.sikhmarg.com/2006/0903-vidia-vichari.html

ਹਰੇਕ ਜੀਵ ਦੁਨੀਆ ਵਾਲਾ ਸੁਖ ਮੰਗਦਾ ਹੈ, ਕੋਈ ਵੀ ਦੁਖ ਨਹੀਂ ਮੰਗਦਾ; ਪਰ ਮਾਇਕ ਸੁਖ ਨੂੰ ਦੁਖ ਰੂਪੀ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ ਭੇਤ ਦੀ ਸਮਝ ਨਹੀਂ ਆਉਂਦੀ, ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮੁ ਤੋਂ ਵਾਂਜਿਆ ਰਹਿੰਦਾ ਹੈ। ਅਸਲ ਵਿੱਚ ਦੁਨੀਆ ਦੇ ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਾਂ ਮਿਲਦਾ ਹੈ, ਜੇਕਰ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਵਿੰਨ੍ਹ ਲਿਆ ਜਾਏ, ਮਨ ਨੂੰ ਨੱਥ ਪਾ ਕੇ ਦੁਨੀਆ ਦੇ ਮੌਜ ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਵਿੱਚ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਜੇਹੜੇ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ। ਗੁਰੂ ਦੁਆਰਾ ਹੀ ਮਨੁੱਖ ਦੀ ਉਸ ਪਵਿਤ੍ਰ ਨਾਮੁ ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ ਭਾਵ, ਸਾਰੇ ਗਿਆਨ ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ। ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖੁ ਜੋ ਕਿ ਮਨੁੱਖ ਦੀ ਅੰਦਰਲੀ ਵੇਦਨਾ ਜਾਣਦਾ ਹੈ, ਮਨੁੱਖ ਦੇ ਮਨ ਵਿੱਚ ਆ ਪਰਗਟ ਹੁੰਦਾ ਹੈ। ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨੁੱਖ ਦਾ ਮਨ ਸਹਜ ਅਵਸਥਾ ਵਿੱਚ ਟਿਕ ਜਾਂਦਾ ਹੈ, ਤੇ ਅਜੇਹੀ ਸਹਜ ਅਵਸਥਾ ਤੋਂ ਮਨੁੱਖ ਦੇ ਮਨ ਅੰਦਰ ਬਹੁਤ ਆਤਮਕ ਆਨੰਦ ਉਪਜਦਾ ਹੈ। ਜਿਸ ਤਰ੍ਹਾਂ ਸਾਫ਼ ਪਾਣੀ ਨਾਲ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਉਸੇ ਤਰ੍ਹਾਂ ਅਕਾਲ ਪੁਰਖੁ ਦੇ ਪਵਿਤ੍ਰ ਨਾਮੁ ਜਲ ਵਿੱਚ ਇਸ਼ਨਾਨ ਕਰਨ ਨਾਲ ਮਨ ਵਿਚੋਂ ਵਿਕਾਰਾਂ ਦੀ ਮੈਲ ਨਿਕਲ ਜਾਂਦੀ ਹੈ। ਇਸ ਲਈ, ਉਸ ਆਤਮਕ ਇਸ਼ਨਾਨ ਦੀ ਖ਼ਾਤਰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਿਆ ਕਰ ਤੇ ਇਹੀ ਵਿਚਾਰਿਆ ਕਰ ਕਿ, ਹੇ ਅਕਾਲ ਪੁਰਖੁ! ਸਿਰਫ਼ ਤੂੰ ਹੀ ਸਦਾ ਥਿਰ ਰਹਿੰਣ ਵਾਲਾ ਹੈ, ਸਿਰਫ ਅਕਾਲ ਪੁਰਖੁ ਤੂੰ ਹੀ ਪਵਿਤ੍ਰ ਹੈ, ਬਾਕੀ ਹੋਰ ਹਰੇਕ ਥਾਂ ਮਾਇਆ ਦੇ ਮੋਹ ਦੀ ਮੈਲ ਨਾਲ ਭਰੀ ਹੋਈ ਹੈ।

ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ॥ ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ॥ ੧॥ ਰਹਾਉ॥ (੫੭)

ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ ਮਨੁੱਖ ਆਪਣੀ ਖੋਟੀ ਮਤਿ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ, ਸਾਡਾ ਇਹ ਮਨ, ਸਭ ਕੁੱਝ ਉਸ ਅਕਾਲ ਪੁਰਖੁ ਦਾ ਹੀ ਦਿੱਤਾ ਹੋਇਆ ਹੈ। ਜਦੋਂ ਅਕਾਲ ਪੁਰਖੁ ਦੀ ਰਜ਼ਾ ਹੁੰਦੀ ਹੈ, ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ, ਤੇ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ।

ਜੇਹੜਾ ਮਨੁੱਖ ਗੁਰੂ ਦੀ ਸਰਨ ਵਿੱਚ ਆ ਜਾਂਦਾ ਹੈ, ਉਸ ਨੂੰ ਅਕਾਲ ਪੁਰਖੁ ਆਪ ਇਹ ਸੂਝ ਬਖ਼ਸ਼ ਦੇਂਦਾ ਹੈ, ਕਿ ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਤੀਰਥ, ਗੁਰੂ ਦਾ ਸ਼ਬਦ ਹੀ ਹੈ। ਗੁਰੂ ਦੇ ਸ਼ਬਦ ਵਿਚੋਂ ਹੀ ਅਕਾਲ ਪੁਰਖੁ ਉਸ ਨੂੰ ਅਠਾਹਠ ਤੀਰਥ ਵਿਖਾ ਦੇਂਦਾ ਹੈ, ਤੇ ਸੋਝੀ ਬਖਸ਼ ਦੇਂਦਾ ਹੈ, ਕਿ ਗੁਰੂ ਦਾ ਸ਼ਬਦ ਹੀ ਅਸਲੀ ਤੀਰਥ ਹੈ, ਜਿਸ ਵਿੱਚ ਨ੍ਹਾਤਿਆਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਉਸ ਮਨੁੱਖ ਨੂੰ ਯਕੀਨ ਹੋ ਜਾਂਦਾ ਹੈ, ਕਿ ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਹੈ, ਤੇ ਪਵਿਤ੍ਰ ਤੀਰਥ ਹੈ, ਜਿਸ ਵਿੱਚ ਇਸ਼ਨਾਨ ਕਰਨ ਨਾਲ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਅਜੇਹਾ ਗੁਰਮੁਖਿ ਪੂਰੇ ਗੁਰੂ ਪਾਸੋਂ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸੱਚੀ ਸਿਫ਼ਤਿ ਸਾਲਾਹ ਪ੍ਰਾਪਤ ਕਰ ਲੈਂਦਾ ਹੈ।

ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ॥ ਅਠਸਠਿ ਤੀਰਥੁ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ॥ ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ॥ ੫॥ (੭੫੩)

ਗੁਰੂ ਸਾਹਿਬ ਸਮਝਾਂਦੇ ਹਨ ਕਿ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਉਦਾਸ ਹੋ ਕੇ, ਅਕਾਲ ਪੁਰਖੁ ਦੇ ਗੁਣ ਗਾ ਰਿਹਾ ਹਾਂ, ਮੈਂ ਅਬਿਨਾਸੀ ਅਕਾਲ ਪੁਰਖੁ ਦੇ ਪਿਆਰ ਵਿੱਚ ਰੰਗਿਆ ਗਿਆ ਹਾਂ, ਤੇ ਸਰਬ ਵਿਆਪਕ ਅਕੁਲ ਅਕਾਲ ਪੁਰਖੁ ਦੇ ਚਰਨਾਂ ਵਿੱਚ ਪਹੁੰਚ ਗਿਆ ਹਾਂ। ਹੁਣ ਮੈਨੂੰ ਵੇਦ, ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ, ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿੱਚ ਜੁੜ ਕੇ, ਉਸ ਦੇ ਪਿਆਰੇ ਵਿੱਚ ਇੱਕ ਰਸ ਹੋ ਕੇ ਬੰਸਰੀ ਵਜਾ ਰਿਹਾ ਹਾਂ, ਭਾਵ ਸਬਦ ਦੁਆਰਾ ਉਸ ਅਕਾਲ ਪੁਰਖੁ ਦੇ ਗੁਣ ਗਾਇਨ ਕਰ ਰਿਹਾ ਹਾਂ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਚੰਚਲ ਮਨ ਨੂੰ ਰੋਕ ਕੇ ਮੈਂ ਅਕਾਲ ਪੁਰਖੁ ਦੇ ਚਰਨਾਂ ਵਿੱਚ ਟਿਕਿਆ ਹੋਇਆ ਹਾਂ। ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ ਦਾ ਸਾਧਨ ਹੈ; ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਚੰਦੁ = ਖੱਬੀ ਸੁਰ ਇੜਾ, ਸੂਰਜੁ = ਸੱਜੀ ਸੁਰ ਪਿੰਗਲਾ), ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਤੇ ਅਜੇਹੇ ਕਰਮ ਕਾਂਡ ਮੇਰੇ ਲਈ ਬੇਲੋੜੇ ਹਨ, ਕਿਉਂਕਿ ਮੈਂ ਅਕਾਲ ਪੁਰਖੁ ਦੀ ਜੋਤ ਵਿੱਚ ਟਿਕਿਆ ਬੈਠਾ ਹਾਂ। ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਨ੍ਹਾਂ ਦੇ ਪਾਣੀ ਵਿੱਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਸਤਾਉਂਦਾ ਹਾਂ। ਮੈਨੂੰ ਤਾਂ ਮੇਰੇ ਗੁਰੂ ਨੇ ਮੇਰੇ ਅੰਦਰ ਹੀ ਅਠਾਹਠ ਤੀਰਥ ਵਿਖਾ ਦਿੱਤੇ ਹਨ। ਇਸ ਲਈ ਮੈਂ ਆਪਣੇ ਅੰਦਰ ਹੀ ਆਤਮ ਤੀਰਥ ਉੱਤੇ ਇਸ਼ਨਾਨ ਕਰਦਾ ਹਾਂ।

ਬੈਰਾਗੀ ਰਾਮਹਿ ਗਾਵਉਗੋ॥ ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ॥ ੧॥ ਰਹਾਉ॥ ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ॥ ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ॥ ੨॥ ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ॥ ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨਾੑਉਗੋ॥ ੩॥ (੯੭੨)

ਅਕਾਲ ਪੁਰਖ ਦੀ ਸਿਫਤ ਸਾਲਾਹ ਸੁਣਨ ਨਾਲ ਤੇ ਅਕਾਲ ਪੁਰਖ ਦੇ ਨਾਮੁ ਵਿੱਚ ਸੁਰਤ ਜੋੜਨ ਨਾਲ ਮਨੁੱਖ ਦੇ ਹਿਰਦੇ ਵਿੱਚ ਭਲਾ ਕਰਨ ਦਾ ਸੁਭਾਉ, ਸੰਤੋਖ ਤੇ ਗਿਆਨ ਦਾ ਪ੍ਰਕਾਸ਼ ਪਰਗਟ ਹੋ ਜਾਂਦਾ ਹੈ। ਅਕਾਲ ਪੁਰਖ ਦੀ ਸਿਫਤ ਸਾਲਾਹ ਸੁਣਨ ਨਾਲ ਮਾਨੋ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ, ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮੁ ਜਪਣ ਦੇ ਵਿੱਚ ਹੀ ਆ ਜਾਂਦੇ ਹਨ। ਜੋ ਸਤਿਕਾਰ ਮਨੁੱਖ ਵਿੱਦਿਆ ਪੜ੍ਹ ਕੇ ਪਾਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੀ ਸਿਫਤ ਸਾਲਾਹ ਸੁਣਨ ਨਾਲ ਤੇ ਅਕਾਲ ਪੁਰਖ ਦੇ ਨਾਮੁ ਵਿੱਚ ਜੁੜਨ ਨਾਲ ਹੀ ਮਿਲ ਜਾਂਦਾ ਹੈ। ਅਕਾਲ ਪੁਰਖ ਦੀ ਸਿਫਤ ਸਾਲਾਹ ਸੁਣਨ ਨਾਲ ਮਨੁੱਖ ਦਾ ਮਨ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਤੇ ਉਸ ਦਾ ਚਿਤ ਅਕਾਲ ਪੁਰਖ ਦੇ ਨਾਮੁ ਵਿੱਚ ਲੀਨ ਹੋ ਜਾਂਦਾ ਹੈ। ਅਕਾਲ ਪੁਰਖ ਦੀ ਸਿਫਤ ਸਾਲਾਹ ਸੁਣਨ ਤੇ ਅਕਾਲ ਪੁਰਖ ਦੇ ਨਾਮੁ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ, ਕਿਉਂਕਿ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਸੁਣਨ ਨਾਲ ਮਨੁੱਖ ਦੇ ਦੁਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ।

ਸੁਣਿਐ ਸਤੁ ਸੰਤੋਖੁ ਗਿਆਨੁ॥ ਸੁਣਿਐ ਅਠਸਠਿ ਕਾ ਇਸਨਾਨੁ॥ ਸੁਣਿਐ ਪੜਿ ਪੜਿ ਪਾਵਹਿ ਮਾਨੁ॥ ਸੁਣਿਐ ਲਾਗੈ ਸਹਜਿ ਧਿਆਨੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ ੧੦॥ (੩)

http://www.geocities.ws/sarbjitsingh/Bani3830GurMag200702.pdf

http://www.sikhmarg.com/2007/0218-sukh-dukh.html

ਅਕਾਲ ਪੁਰਖ ਦੇ ਨਾਮੁ ਵਿੱਚ ਸੁਰਤ ਜੋੜਨ ਨਾਲ ਮਨੁੱਖ ਦਾ ਮਨ ਵਿਸ਼ਾਲ ਹਿਰਦੇ ਵਾਲਾ ਹੋ ਜਾਂਦਾ ਹੈ, ਲੋੜਵੰਦਾਂ ਦੀ ਸਹਾਇਤਾ ਕਰਨ ਤੇ ਸਬਰ ਸੰਤੋਖ ਵਾਲਾ ਜੀਵਨ ਬਣ ਜਾਂਦਾ ਹੈ। ਅਕਾਲ ਪੁਰਖ ਦੇ ਨਾਮੁ ਵਿੱਚ ਚੁੱਭੀ ਲਾਉਂਣੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਮਨੁੱਖ ਨੂੰ ਜਗਤ ਦੇ ਕਿਸੇ ਮਾਣ ਜਾਂ ਆਦਰ ਸਤਿਕਾਰ ਦੀ ਪਰਵਾਹ ਨਹੀਂ ਰਹਿ ਜਾਂਦੀ, ਉਸ ਦਾ ਮਨ ਸਹਜਿ ਅਵਸਥਾ ਤੇ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ।

ਅਨੇਕਾਂ ਰਿਸ਼ੀ, ਮੁਨੀ ਤੇ ਮੋਨਧਾਰੀ ਵੇਦ ਪੁਰਾਣ ਆਦਿਕ ਧਾਰਮਿਕ ਪੁਸਤਕਾਂ ਸੁਣਾ ਸੁਣਾ ਕੇ ਅਤੇ ਸੁਣ ਸੁਣ ਕੇ ਥੱਕ ਗਏ, ਸਭ ਤਰ੍ਹਾਂ ਦੇ ਭੇਖਾਂ ਵਾਲੇ ਅਨੇਕਾਂ ਸਾਧੂ ਅਠਾਹਠ ਤੀਰਥਾਂ ਤੇ ਭੌਂ ਭੌਂ ਕੇ ਥੱਕ ਗਏ, ਪਰੰਤੂ ਉਹ ਸਭ ਅਕਾਲ ਪੁਰਖੁ ਨੂੰ ਪ੍ਰਸੰਨ ਨਹੀਂ ਕਰ ਸਕੇ। ਉਹ ਸਦਾ ਥਿਰ ਰਹਿਣ ਵਾਲਾ ਪਵਿਤ੍ਰ ਅਕਾਲ ਪੁਰਖੁ ਸਿਰਫ਼ ਮਨ ਦੀ ਪਵਿਤ੍ਰਤਾ ਨਾਲ ਹੀ ਪਤੀਜਦਾ ਹੈ। ਸਾਰੀ ਸ੍ਰਿਸ਼ਟੀ ਨਾਸਵੰਤ ਹੈ, ਪਰ ਹੇ ਅਕਾਲ ਪੁਰਖ ਤੂੰ ਕਦੇ ਬੁੱਢਾ ਨਹੀਂ ਹੁੰਦਾ, ਤੂੰ ਅਤੀ ਸ੍ਰੇਸ਼ਟ ਹੈ, ਤੂੰ ਮੌਤ ਤੋਂ ਰਹਿਤ ਹੈ। ਤੇਰਾ ਨਾਮੁ ਸਾਰੇ ਰਸਾਂ ਦਾ ਸੋਮਾ ਹੈ, ਜੇਹੜਾ ਜੀਵ ਤੇਰਾ ਨਾਮੁ ਪ੍ਰੇਮ ਨਾਲ ਜਪਦਾ ਹੈ, ਉਹ ਆਪਣਾ ਵੱਡੇ ਤੋਂ ਵੱਡਾ ਦੁਖ ਦੂਰ ਕਰ ਲੈਂਦਾ ਹੈ। ਇਸ ਲਈ ਅਕਾਲ ਪੁਰਖੁ ਦਾ ਨਾਮੁ ਹੀ ਪੜ੍ਹਨਾ ਚਾਹੀਦਾ ਹੈ, ਨਾਮੁ ਹੀ ਸਮਝਣਾ ਚਾਹੀਦਾ ਹੈ, ਤੇ ਗੁਰੂ ਦੀ ਸਿੱਖਿਆ ਲੈ ਕੇ ਅਕਾਲ ਪੁਰਖੁ ਦੇ ਨਾਮੁ ਦੁਆਰਾ ਹੀ ਪਾਪਾਂ ਤੋਂ ਬਚਾਉ ਹੁੰਦਾ ਹੈ। ਇਹ ਪੂਰੀ ਮਤਿ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੁਆਰਾ, ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਮਿਲਦੀ ਹੈ, ਕਿ ਅਕਾਲ ਪੁਰਖੁ ਦਾ ਨਾਮੁ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਅਕਾਲ ਪੁਰਖੁ ਦਾ ਨਾਮੁ ਹੀ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ।

ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ॥ ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ॥ ੧॥ ਰਹਾਉ॥ ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ॥ ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ॥ ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ॥ ੨॥ (੧੦੦੯)

ਅਕਾਲ ਪੁਰਖੁ ਦਾ ਨਾਮੁ ਜਪਦਿਆਂ ਮਨੁੱਖ ਦਾ ਮਨ ਵਿਕਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਰੌਸ਼ਨ ਹੋ ਜਾਂਦਾ ਹੈ। ਅਕਾਲ ਪੁਰਖੁ ਦਾ ਨਾਮੁ ਚੇਤੇ ਰੱਖਣ ਨਾਲ ਹਰੇਕ ਕਿਸਮ ਦਾ ਪਾਪ ਸਰੀਰ ਤੋਂ ਦੂਰ ਹੋ ਜਾਂਦਾ ਹੈ। ਅਕਾਲ ਪੁਰਖੁ ਦਾ ਨਾਮੁ ਚੇਤੇ ਰੱਖਣ ਨਾਲ ਮਾਨੋ ਸਾਰੇ ਤਰ੍ਹਾਂ ਦੇ ਪੁਰਬ ਮਨਾਏ ਗਏ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਸਮਝੋ ਕਿ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ। ਗੁਰੂ ਸਾਹਿਬ ਸਮਝਾਦੇ ਹਨ ਕਿ ਅਕਾਲ ਪੁਰਖੁ ਦਾ ਨਾਮੁ ਹੀ ਸਾਡਾ ਤੀਰਥ ਹੈ। ਸਬਦ ਗੁਰੂ ਨੇ ਸਾਨੂੰ ਆਤਮਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਹੈ, ਕਿ ਮਨੁੱਖ ਨੂੰ ਥਾਂ ਥਾਂ ਤੇ ਜਾ ਕੇ ਭਟਕਣ ਦੀ ਕੋਈ ਲੋੜ ਨਹੀਂ, ਸਭ ਕੁੱਝ ਅਕਾਲ ਪੁਰਖੁ ਦੇ ਨਾਮੁ ਦੁਆਰਾ ਪ੍ਰਾਪਤ ਹੋ ਸਕਦਾ ਹੈ।

ਭੈਰਉ ਮਹਲਾ ੫॥ ਨਾਮੁ ਲੈਤ ਮਨੁ ਪਰਗਟੁ ਭਇਆ॥ ਨਾਮੁ ਲੈਤ ਪਾਪੁ ਤਨ ਤੇ ਗਇਆ॥ ਨਾਮੁ ਲੈਤ ਸਗਲ ਪੁਰਬਾਇਆ॥ ਨਾਮੁ ਲੈਤ ਅਠਸਠਿ ਮਜਨਾਇਆ॥ ੧॥ ਤੀਰਥੁ ਹਮਰਾ ਹਰਿ ਕੋ ਨਾਮੁ॥ ਗੁਰਿ ਉਪਦੇਸਿਆ ਤਤੁ ਗਿਆਨੁ॥ ੧॥ ਰਹਾਉ॥ (੧੧੪੨)

ਗੁਰੂ ਸਾਹਿਬ ਸਮਝਾਦੇ ਹਨ ਕਿ ਮੈਂ ਅਕਾਲ ਪੁਰਖੁ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹਾਂ, ਕਿਉਂਕਿ ਸੰਤ ਜਨਾਂ ਦੀ ਸੰਗਤਿ ਵਿੱਚ ਮਿਲ ਕੇ ਰਹਿਣ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਤੇ ਅਕਾਲ ਪੁਰਖੁ ਸਭ ਥਾਈਂ ਵਿਆਪਕ ਦਿੱਸ ਪੈਂਦਾ ਹੈ। ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਲਿਆ। ਫਿਰ ਸਮਝੋ ਉਸ ਨੇ ਸਤਿਸੰਗਤ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰ ਕੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ।

ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ॥ ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ॥ ੨॥ (੧੧੯੮)

http://www.geocities.ws/sarbjitsingh/Bani2010GurMag200703.pdf

http://www.sikhmarg.com/2007/0325-sadh-sangat.html

ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਤੀਰਥ ਵਿੱਚ ਕੀਤਾ ਹੋਇਆ ਆਤਮਕ ਇਸ਼ਨਾਨ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਿਸ ਮਨੁੱਖ ਦੀਆਂ ਅੱਖਾਂ ਵਿੱਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ, ਉਹ ਧੂੜ, ਭਾਵ ਸਾਧ ਸੰਗਤਿ ਵਿੱਚ ਪ੍ਰਾਪਤ ਕੀਤੀ ਗਈ ਸਿਖਿਆ, ਉਸ ਮਨੁੱਖ ਦੇ ਮਨ ਅੰਦਰੋਂ ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ।

ਤੀਰਥਿ ਅਠਸਠਿ ਮਜਨੁ ਨਾਈ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ॥ ੧॥ ਰਹਾਉ॥ (੧੨੬੩)

ਅਕਾਲ ਪੁਰਖੁ ਦੇ ਨਾਮੁ ਦੀ ਡੂੰਘਾਈ ਬਾਹਰਲੇ ਧਾਰਮਿਕ ਭੇਖਾਂ ਜਾਂ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਅਤੇ ਨਾ ਹੀ ਤੀਰਥਾਂ ਤੇ ਇਸ਼ਨਾਨ ਕੀਤਿਆਂ ਜਾਂ ਪੁੰਨ ਦਾਨ ਕੀਤਿਆਂ ਲੱਭ ਸਕਦੀ ਹੈ। ਗੁਰੂ ਸਾਹਿਬ ਇਹੀ ਸਵਾਲ ਵੇਦ ਪੜ੍ਹਨ ਵਾਲਿਆਂ ਤੋਂ ਪੁੱਛਦੇ ਹਨ, ਕਿਉਂਕਿ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਅਕਾਲ ਪੁਰਖੁ ਦੇ ਨਾਮੁ ਦੀ ਡੂੰਘਾਈ ਬਾਰੇ ਸਮਝ ਨਹੀਂ ਪੈਂਦੀ, ਜਦੋਂ ਤਕ ਮਨੁੱਖ ਦਾ ਮਨ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਨਹੀਂ ਹੁੰਦਾ ਹੈ। ਇਹੀ ਕਾਰਨ ਹੈ ਕਿ ਸਾਰੀ ਲੋਕਾਈ ਮਾਇਆ ਦੇ ਮੋਹ ਵਿੱਚ ਠੱਗੀ ਜਾ ਰਹੀ ਹੈ। ਅਕਾਲ ਪੁਰਖੁ ਦੇ ਨਾਮੁ ਦੀ ਕਦਰ ਉਹੀ ਮਨੁੱਖ ਕਰਦਾ ਹੈ, ਜਿਸ ਨੂੰ ਪੂਰਾ ਗੁਰੂ ਮਿਲਦਾ ਹੈ, ਕਿਉਂਕਿ ਪੂਰੇ ਗੁਰੂ ਦੁਆਰਾ ਹੀ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਬਣਦੀ ਹੈ।

ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ॥ ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ॥ ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ॥ ੮॥ ੬॥॥ (੧੦੧੨-੧੦੧੩)

ਸ਼ਾਸਤ੍ਰ ਤੇ ਵੇਦ ਪੁੰਨਾਂ ਤੇ ਪਾਪਾਂ ਦੀ ਵਿਚਾਰ ਹੀ ਦੱਸਦੇ ਹਨ, ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ, ਫਲਾਣੇ ਕੰਮ ਪੁੰਨ ਹਨ, ਜਿਨ੍ਹਾਂ ਦੇ ਕਰਨ ਨਾਲ ਮੁੜ ਮੁੜ ਕਦੇ ਨਰਕ ਵਿੱਚ ਤੇ ਕਦੇ ਸੁਰਗ ਵਿੱਚ ਪੈ ਜਾਈਦਾ ਹੈ। ਗ੍ਰਿਹਸਤ ਵਿੱਚ ਰਹਿਣ ਵਾਲਿਆਂ ਨੂੰ ਪਰਿਵਾਰਕ ਚਿੰਤਾ ਤੰਗ ਕਰਦੀ ਰਹਿੰਦੀ ਹੈ, ਗ੍ਰਿਹਸਤ ਦਾ ਤਿਆਗ ਕਰਨ ਵਾਲੇ ਆਪਣੇ ਹੰਕਾਰ ਨਾਲ ਆਫਰੇ ਹੋਏ ਹਨ, ਤੇ ਨਿਰੇ ਕਰਮ ਕਾਂਡ ਕਰਨ ਵਾਲਿਆਂ ਦੀ ਜਿੰਦ ਮਾਇਆ ਦੇ ਜੰਜਾਲ ਵਿੱਚ ਫਸੀ ਹੋਈ ਹੈ। ਜੇਕਰ ਕਿਸੇ ਤੀਰਥ ਉਤੇ ਜਾਉ, ਤਾਂ ਉਥੇ ਇਹੀ ਵੇਖਿਆ ਜਾਂਦਾ ਹੈ, ਕਿ ਲੋਕ ਆਪਣੇ ਆਪ ਬਾਰੇ ਹੰਕਾਰ ਵਿੱਚ ਇਹੀ ਕਹਿੰਦੇ ਰਹਿੰਦੇ ਹਨ, ਕਿ "ਮੈਂ ਧਰਮੀ ਹਾਂ, ਮੈਂ ਧਰਮੀ ਹਾਂ"। ਜੇਕਰ ਪੰਡਿਤਾਂ ਨੂੰ ਜਾ ਕੇ ਪੁੱਛਦਾ ਹਾਂ, ਜਾਂ ਵੇਖਦਾ ਹਾਂ, ਤਾਂ ਉਹ ਵੀ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਹਨ। ਗੁਰੂ ਸਾਹਿਬ ਸਵਾਲ ਦੇ ਰੂਪ ਵਿੱਚ ਪੁਛਦੇ ਹਨ ਕਿ, ਹੇ ਮਿੱਤਰ! ਮੈਨੂੰ ਉਹ ਥਾਂ ਦੱਸ ਜਿੱਥੇ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਹੁੰਦੀ ਹੋਵੇ। ਗੁਰੂ ਸਾਹਿਬ ਇਸ ਦਾ ਉੱਤਰ ਦੇ ਕੇ ਸਮਝਾਦੇ ਹਨ ਕਿ, ਹੇ ਮਿੱਤਰ! ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦੀ ਬਰਕਤਿ ਨਾਲ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ ਜੰਜਾਲ, ਆਦਿਕ, ਕੋਈ ਵੀ ਪੋਹ ਨਹੀਂ ਸਕਦਾ, ਪਰੰਤੂ ਇਹ ਅਸਥਾਨ ਗੁਰੂ ਪਾਸੋਂ ਲੱਭਦਾ ਹੈ।

ਆਸਾ ਮਹਲਾ ੫॥ ਤੀਰਥਿ ਜਾਉ ਤ ਹਉ ਹਉ ਕਰਤੇ॥ ਪੰਡਿਤ ਪੂਛਉ ਤ ਮਾਇਆ ਰਾਤੇ॥ ੧॥ ਸੋ ਅਸਥਾਨੁ ਬਤਾਵਹੁ ਮੀਤਾ॥ ਜਾ ਕੈ ਹਰਿ ਹਰਿ ਕੀਰਤਨੁ ਨੀਤਾ॥ ੧॥ ਰਹਾਉ॥ ਸਾਧਸੰਗਿ ਹਰਿ ਕੀਰਤਨੁ ਗਾਈਐ॥ ਇਹੁ ਅਸਥਾਨੁ ਗੁਰੂ ਤੇ ਪਾਈਐ॥ ੧॥ ਰਹਾਉ ਦੂਜਾ॥ ੭॥ ੫੮॥ (੩੮੫)

ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕੇ ਤੇ ਕਟ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦਿਕ ਬਣਾਂਦਾ ਹੈ, ਤਿਵੇਂ ਅਕਾਲ ਪੁਰਖੁ ਨੇ ਜਿੰਦ ਤੇ ਸਰੀਰ ਦੇ ਮਿਲਾਪ ਦਾ ਅਵਸਰ ਬਣਾ ਕੇ ਜਿੰਦ ਵਾਸਤੇ ਇਹ ਸਰੀਰ ਰੂਪੀ ਚੋਲਾ ਬਣਾ ਕੇ ਦਿੱਤਾ ਹੈ। ਉਸ ਸਰੀਰ ਰੂਪੀ ਚੋਲੇ ਨਾਲ ਬੇਸਮਝ ਜੀਵ ਪਰਚਿਆ ਰਹਿੰਦਾ ਹੈ। ਮਨੁੱਖ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਤੇ ਸਦਾ ਇਸ ਦੀ ਸਾਂਭ ਸੰਭਾਲ ਕਰਦਾ ਰਹਿੰਦਾ ਹੈ। ਅੰਤ ਦੇ ਵੇਲੇ ਜੀਵ ਇਸ ਨੂੰ ਛੱਡ ਕੇ ਉੱਠ ਤੁਰਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਇਹ ਸਾਰਾ ਅਡੰਬਰ ਨਾਸਵੰਤ ਹੈ। ਜੇਹੜੇ ਬੰਦੇ ਅਕਾਲ ਪੁਰਖੁ ਦੇ ਭਜਨ ਤੋਂ ਬਿਨਾ ਹੋਰ ਪਦਾਰਥਾਂ ਵਿੱਚ ਮਸਤ ਰਹਿੰਦੇ ਹਨ, ਉਹ ਸਾਰੇ ਮਾਇਆ ਦੇ ਮੋਹ ਵਿੱਚ ਠੱਗੇ ਜਾਂਦੇ ਹਨ। ਮਾਇਆ ਦੇ ਮੋਹ ਦੀ ਇਹ ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰ ਸਕਦੀ। ਤੀਰਥ ਇਸ਼ਨਾਨ ਆਦਿਕ ਇਹ ਸਾਰੇ ਮਿਥੇ ਹੋਏ ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ। ਤੀਰਥ ਇਸ਼ਨਾਨ ਆਦਿਕ ਕਰਮਾਂ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਅਕਾਲ ਪੁਰਖੁ ਦੇ ਨਾਮੁ ਤੋਂ ਸੱਖਣੇ ਸਭ ਜੀਵ ਇਥੋਂ ਰੋ ਰੋ ਕੇ ਹੀ ਜਾਣਗੇ।

ਨਾਮ ਬਿਨਾ ਸਭੁ ਝੂਠੁ ਪਰਾਨੀ॥ ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ॥ ੧॥ ਰਹਾਉ ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ ਲੋਕ ਪਚਾਰੈ ਗਤਿ ਨਹੀ ਹੋਇ॥ ਨਾਮ ਬਿਹੂਣੇ ਚਲਸਹਿ ਰੋਇ॥ ੨॥ (੮੯੦)

ਜਗਤ ਨੇ ਹਉਮੈ ਦੀ ਮੈਲ ਦੇ ਕਾਰਨ ਸਦਾ ਦੁਖ ਹੀ ਪਾਇਆ ਹੈ, ਕਿਉਂਕਿ ਮਾਇਆ ਨਾਲ ਪਿਆਰ ਹੋਣ ਕਰਕੇ ਜਗਤ ਨੂੰ ਵਿਕਾਰਾਂ ਦੀ ਮੈਲ ਚੰਬੜੀ ਰਹਿੰਦੀ ਹੈ। ਜੇਕਰ ਮਨੁੱਖ ਸੌ ਤੀਰਥਾਂ ਉੱਤੇ ਵੀ ਇਸ਼ਨਾਨ ਕਰ ਲਵੇ, ਤਾਂ ਵੀ ਅਜੇਹੇ ਕਿਸੇ ਤਰੀਕੇ ਨਾਲ ਇਹ ਹਉਮੈ ਦੀ ਮੈਲ, ਸਰੀਰ ਨੂੰ ਧੋਣ ਨਾਲ ਮਨ ਵਿਚੋਂ ਦੂਰ ਨਹੀਂ ਹੋ ਸਕਦੀ। ਲੋਕ ਕਈ ਕਿਸਮਾਂ ਦੇ ਮਿਥੇ ਹੋਏ ਧਾਰਮਿਕ ਕੰਮ ਕਰਦੇ ਹਨ, ਇਸ ਤਰ੍ਹਾਂ ਸਗੋਂ ਅੱਗੇ ਨਾਲੋਂ ਦੂਣੀ ਹਉਮੈ ਦੀ ਮੈਲ ਆ ਲਗਦੀ ਹੈ। ਵਿੱØਦਿਆ ਆਦਿਕ ਪੜ੍ਹਨ ਨਾਲ ਵੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ, ਭਾਵ, ਪੜ੍ਹੇ ਹੋਏ ਲੋਕਾਂ ਦੇ ਮਨ ਅੰਦਰ ਉੱਚੀ ਪਦਵੀ ਜਾਂ ਵਿੱØਦਿਆ ਪੜ੍ਹਨ ਦਾ ਹੰਕਾਰ ਹੀ ਬਣਿਆ ਰਹਿੰਦਾ ਹੈ। ਜਦੋਂ ਮਨੁੱਖ ਦਾ ਮਨ ਗੁਰੂ ਦੀ ਸਰਨ ਵਿੱਚ ਆਉਂਦਾ ਹੈ, ਤਾਂ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ, ਫਿਰ ਵੀ ਹਉਮੈ ਦੀ ਮੈਲ ਉਨ੍ਹਾਂ ਪਾਸੋਂ ਧੋਤੀ ਨਹੀਂ ਜਾ ਸਕਦੀ।

ਸਿਰੀਰਾਗੁ ਮਹਲਾ ੩॥ ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥ ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥ ੧॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ॥ ੧॥ ਰਹਾਉ॥ (੩੯)

ਗੁਰੂ ਸਾਹਿਬ ਸਮਝਾਦੇ ਹਨ ਕਿ, ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਸ ਤਰ੍ਹਾਂ ਕਰਨ ਨਾਲ ਉਸ ਅਕਾਲ ਪੁਰਖੁ ਨੂੰ ਖ਼ੁਸ਼ ਕਰ ਸਕਾਂ, ਪਰੰਤੂ ਜੇਕਰ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰਕੇ ਕੀ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਵੀ ਦੁਨੀਆ ਮੈਂ ਵੇਖਦਾ ਹਾਂ, ਇਸ ਵਿੱਚ ਅਕਾਲ ਪੁਰਖੁ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁੱਝ ਨਹੀਂ ਮਿਲਦਾ, ਤੇ ਨਾ ਹੀ ਅਕਾਲ ਪੁਰਖੁ ਦੀ ਕਿਰਪਾ ਤੋਂ ਬਿਨਾ ਕੋਈ ਕੁੱਝ ਲੈ ਸਕਦਾ ਹੈ। ਜੇਕਰ ਸਤਿਗੁਰੂ ਦੀ ਇੱਕ ਸਿੱਖਿਆ ਵੀ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧੀ ਦੇ ਅੰਦਰ ਰਤਨ, ਜਵਾਹਰ ਤੇ ਮੋਤੀ ਉਪਜ ਪੈਂਦੇ ਹਨ, ਭਾਵ, ਮਨੁੱਖ ਦੀ ਬੁੱਧੀ ਦੇ ਅੰਦਰ ਅਕਾਲ ਪੁਰਖੁ ਦੇ ਅਨਮੋਲਕ ਗੁਣ ਪੈਦਾ ਹੋ ਜਾਂਦੇ ਹਨ। ਹੇ ਸਤਿਗੁਰੂ! ਮੇਰੀ ਆਪ ਜੀ ਅੱਗੇ ਇਹੀ ਅਰਦਾਸ ਹੈ, ਕਿ ਮੈਨੂੰ ਇੱਕ ਅਜੇਹੀ ਸਮਝ ਦਿਓ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਕਦੇ ਨਾ ਵਿਸਰੇ, ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੬॥ (੨)

ਜੇਹੜਾ ਬੰਦਾ ਅਕਾਲ ਪੁਰਖੁ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਅਕਾਲ ਪੁਰਖੁ ਦਾ ਸੇਵਕ ਬਣ ਜਾਂਦਾ ਹੈ। ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਤੋਂ ਬਿਨਾ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਤੋਂ ਬਿਨਾ, ਅਨੇਕਾਂ ਪੁੰਨ ਦਾਨ ਕਰਨ ਨਾਲ ਜਾਂ ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ, ਕੋਈ ਵੀ ਜੀਵ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਧੋ ਸਕਦਾ। ਹਠ ਕਰ ਕੇ, ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ, ਜਾਂ ਘਰ ਬਾਰ ਛੱਡ ਕੇ ਤੇ ਜੰਗਲਾਂ ਵਿੱਚ ਰਹਿੰਣ ਨਾਲ, ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ, ਜਦੋਂ ਤਕ ਉਹ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਨਹੀਂ ਚੇਤੇ ਨਹੀਂ ਕਰਦਾ। ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦਾ ਦਰਬਾਰ ਗੁਰੂ ਦੇ ਸ਼ਬਦ ਦੁਆਰਾ ਹੀ ਪਛਾਣਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ, ਉਸ ਅਕਾਲ ਪੁਰਖੁ ਦੇ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ।

ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ॥ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ॥ ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ॥ ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ॥ ੩॥॥ ੪॥ ੨॥ (੨੪੩)

ਅਕਾਲ ਪੁਰਖੁ ਜੀਵਾਂ ਨੂੰ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਹੈ, ਪਵਿਤ੍ਰ ਸਰੂਪ ਹੈ। ਪਰੰਤੂ ਵਿਕਾਰਾਂ ਦੇ ਕਾਰਨ ਜੀਵਾਂ ਦਾ ਮਨ ਪਵਿਤ੍ਰ ਨਹੀਂ ਹੈ, ਅਸੀਂ ਪਾਪੀ ਹਾਂ, ਗੁਣਹੀਣ ਹਾਂ। ਪਵਿਤ੍ਰਤਾ ਦਾ ਉਹ ਗੁਣ ਅਕਾਲ ਪੁਰਖੁ ਪਾਸੋਂ ਹੀ ਮਿਲ ਸਕਦਾ ਹੈ। ਜੇ ਜੀਵ ਨੂੰ ਗੁਰੂ ਮਿਲ ਪਏ, ਤਾਂ ਅਕਾਲ ਪੁਰਖੁ ਦੇ ਗੁਣਾਂ ਦੀ ਬਰਕਤਿ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚੋਂ ਹੰਕਾਰ ਦੂਰ ਹੋ ਜਾਂਦਾ ਹੈ। ਜੇ ਬਹੁਤ ਸਾਰਾ ਬਾਲਣ ਇਕੱਠਾ ਕਰ ਲਈਏ, ਤੇ ਉਸ ਵਿੱਚ ਰਤਾ ਕੁ ਅੱਗ ਪਾ ਦੇਈਏ ਤਾਂ ਉਹ ਸਾਰਾ ਬਾਲਣ ਸੜ ਕੇ ਸੁਆਹ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੇਕਰ ਅਕਾਲ ਪੁਰਖੁ ਦਾ ਨਾਮੁ ਇੱਕ ਪਲ ਵਾਸਤੇ ਵੀ ਮਨੁੱਖ ਦੇ ਮਨ ਵਿੱਚ ਵੱਸ ਜਾਏ ਤਾਂ ਉਸ ਮਨੁੱਖ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਜੇਕਰ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ ਤਾਂ ਵੀ ਸਰੀਰ ਬਾਅਦ ਵਿੱਚ ਮੈਲਾ ਹੋ ਜਾਂਦਾ ਹੈ। ਪਰੰਤੂ ਜੇਕਰ ਅਕਾਲ ਪੁਰਖੁ ਦੇ ਗਿਆਨ ਰੂਪੀ ਜਲ ਵਿਚ, ਭਾਵ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਵਿੱਚ ਇਸ਼ਨਾਨ ਕਰੀਏ, ਤਾਂ ਮਨ ਵੀ ਪਵਿਤ੍ਰ ਤੇ ਸਰੀਰ ਵੀ ਪਵਿਤ੍ਰ ਹੋ ਜਾਂਦਾ ਹੈ। ਜੇਕਰ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਵੀ ਨਹੀਂ ਦੇ ਸਕਦੇ, ਕਿਉਂਕਿ ਇਨ੍ਹਾਂ ਦੇ ਕੋਲ ਖੁਦ ਕੁੱਝ ਵੀ ਨਹੀਂ ਹੈ, ਫਿਰ ਇਨ੍ਹਾਂ ਪਾਸੋਂ ਕੀ ਮੰਗਿਆ ਜਾ ਸਕਦਾ ਹੈ। ਜੇਕਰ ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਵੀ ਉਸ ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ ਪਾਣੀ ਵਿੱਚ ਡੁੱਬ ਜਾਂਦੇ ਹਨ, ਫਿਰ ਉਹ ਆਪਣੇ ਪੁਜਾਰੀਆਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਕਿਵੇਂ ਤਾਰ ਸਕਦੇ ਹਨ।

ਸੋਰਠਿ ਮਹਲਾ ੧॥ ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ॥ ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ॥ ੫॥ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ॥ ੬॥ (੬੩੭)

ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਦੇ ਸਮੇਂ, ਲੋਹਾਰੀਪਾ ਜੋਗੀ ਨੇ ਜੋਗ ਦਾ ਗਿਆਨ ਮਾਰਗ ਇਉਂ ਦੱਸਿਆ ਹੈ, ਕਿ ਅਸੀਂ ਦੁਨੀਆ ਦੇ ਮੇਲਿਆਂ, ਭਾਵ, ਸੰਸਾਰਕ ਝੰਬੇਲਿਆਂ ਤੋਂ ਵੱਖਰੇ ਜੰਗਲਾਂ ਵਿਚ, ਕਿਸੇ ਰੁੱਖ ਬਿਰਖ ਹੇਠ ਰਹਿੰਦੇ ਹਾਂ ਤੇ ਗਾਜਰ ਮੂਲੀ ਖਾ ਕੇ ਗੁਜ਼ਾਰਾ ਕਰਦੇ ਹਾਂ; ਤੀਰਥਾਂ ਤੇ ਇਸ਼ਨਾਨ ਕਰਦੇ ਹਾਂ; ਇਸ ਨਾਲ ਸੁਖ ਦਾ ਫਲ ਮਿਲਦਾ ਹੈ, ਤੇ ਮਨ ਨੂੰ ਕੋਈ ਮੈਲ ਵੀ ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ, ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ। ਗੁਰੂ ਨਾਨਕ ਸਾਹਿਬ ਜੋਗੀ ਨੂੰ ਸਮਝਾਦੇ ਹਨ, ਕਿ ਅਸਲ ਗਿਆਨ ਦੀ ਵਿਚਾਰ ਇਹ ਹੈ, ਕਿ ਦੁਨੀਆ ਦੇ ਧੰਧਿਆਂ ਵਿੱਚ ਰਹਿੰਦਿਆਂ ਹੋਇਆ ਵੀ ਮਨੁੱਖ ਨੂੰ ਨੀਂਦ ਨਾ ਆਵੇ, ਭਾਵ, ਉਹ ਦੁਨੀਆਵੀ ਧੰਧਿਆਂ ਵਿੱਚ ਹੀ ਨਾ ਗ਼ਰਕ ਹੋ ਜਾਏ, ਪਰਾਏ ਘਰ ਵਿੱਚ ਆਪਣੇ ਮਨ ਨੂੰ ਡੋਲਣ ਨਾ ਦੇਵੇ; ਪਰੰਤੂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ ਮਾਇਆ ਦੀ ਤ੍ਰਿਸ਼ਨਾ ਨਹੀਂ ਹਟ ਸਕਦੀ। ਜਿਸ ਮਨੁੱਖ ਨੂੰ ਸਤਿਗੁਰੂ ਨੇ ਨਾਮੁ ਵਿਹਾਝਣ ਦਾ ਅਸਲੀ ਘਰ, ਅਸਲੀ ਟਿਕਾਣਾ ਵਿਖਾ ਦਿੱਤਾ ਹੈ, ਉਹ ਦੁਨੀਆ ਦੇ ਧੰਧਿਆਂ ਵਿੱਚ ਵੀ ਅਡੋਲ ਰਹਿ ਕੇ ਨਾਮੁ ਵਿਹਾਝਦਾ ਰਹਿੰਦਾ ਹੈ; ਉਸ ਮਨੁੱਖ ਦੀ ਨੀਂਦ ਵੀ ਘੱਟ ਤੇ ਖ਼ੁਰਾਕ ਵੀ ਘੱਟ ਦੀ ਲੋੜ ਹੁੰਦੀ ਹੈ, ਭਾਵ, ਉਹ ਜੀਵਨ ਦੇ ਚਸਕਿਆਂ ਵਿੱਚ ਨਹੀਂ ਪੈਂਦਾ ਹੈ।

ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ॥ ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ॥ ੭॥ ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡ+ਲਾਈ॥ ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ॥ ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ॥ ੮॥ (੯੩੮-੯੩੯)

ਅਫਸੋਸ ਦੀ ਗਲ ਇਹ ਹੈ, ਕਿ ਅੱਜਕਲ ਸਾਡੇ ਗੁਰੁਦਆਰਿਆਂ ਵਿੱਚ ਰਵਾਇਤਾਂ, ਜੋਗ ਮਤ ਜਾਂ ਹੋਰ ਮੱਤਾ ਦਾ ਪਰਚਾਰ ਤਾਂ ਬਹੁਤ ਜਿਆਦਾ ਹੁੰਦਾ ਹੈ, ਪਰੰਤੂ ਗੁਰਮਤਿ ਦਾ ਖੋਜ ਵਾਲ ਗਿਆਨ ਬਹੁਤ ਘਟ ਸਮਝਾਇਆ ਜਾਂਦਾ ਹੈ।

ਗੁਰੂ ਸਾਹਿਬ ਸਮਝਾਦੇ ਹਨ ਕਿ, ਮੇਰੇ ਵਾਸਤੇ ਤਾਂ ਅਕਾਲ ਪੁਰਖੁ ਦਾ ਨਾਮੁ ਹੀ ਸਭ ਤਰ੍ਹਾਂ ਦੇ ਸਗਨ ਤੇ ਮੁਹੂਰਤ ਹਨ। ਦੁਨੀਆ ਦੇ ਸਭ ਤਰ੍ਹਾਂ ਦੇ ਸੁਆਦ ਮੇਰੇ ਵਾਸਤੇ ਅਕਾਲ ਪੁਰਖੁ ਦਾ ਨਾਮੁ ਹੀ ਹੈ। ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਮੇਰੇ ਲਈ ਤੀਰਥ ਇਸ਼ਨਾਨ ਹੈ, ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਲਈ ਤੀਰਥਾਂ ਤੇ ਜਾ ਕੇ ਸਭ ਕੁੱਝ ਦਾਨ ਕਰ ਦੇਣਾ ਹੈ। ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਜਪਦੇ ਹਨ, ਉਹ ਸੱਚੇ ਤੇ ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ। ਜਦੋਂ ਤੋਂ ਗੁਰੂ ਨੇ ਮੇਰੇ ਅੰਦਰ ਅਕਾਲ ਪੁਰਖੁ ਦਾ ਨਾਮੁ ਦ੍ਰਿੜ੍ਹ ਕੀਤਾ ਹੈ, ਉਦੋਂ ਤੋਂ ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਵਾਸਤੇ ਵੇਦ ਸ਼ਾਸਤ੍ਰ ਦੀ ਚਰਚਾ ਹੈ ਅਤੇ ਜੋਗੀਆਂ ਦੀ ਸਿੰਙੀ ਵਜਾਣਾ ਹੈ। ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ, ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਵਾਸਤੇ ਦੇਵਤਿਆਂ ਦੀ ਪੂਜਾ ਹੈ, ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਵਾਸਤੇ ਗੁਰੂ ਦੀ ਸੇਵਾ ਭਗਤੀ ਕਰਨੀ ਹੈ। ਗੁਰੂ ਸਾਹਿਬ ਸਮਝਾਦੇ ਹਨ ਕਿ, ਪੂਰੇ ਗੁਰੂ ਨੇ ਮੇਰੇ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਪੱਕਾ ਕਰਕੇ ਟਿਕਾ ਦਿੱਤਾ ਹੈ, ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ, ਕਿ ਸਭਨਾਂ ਕੰਮਾਂ ਨਾਲੋਂ ਅਕਾਲ ਪੁਰਖੁ ਦਾ ਨਾਮੁ ਸਿਮਰਨ ਹੀ ਸ੍ਰੇਸ਼ਟ ਕੰਮ ਹੈ।

ਭੈਰਉ ਮਹਲਾ ੫॥ ਨਾਮੁ ਹਮਾਰੈ ਬੇਦ ਅਰੁ ਨਾਦ॥ ਨਾਮੁ ਹਮਾਰੈ ਪੂਰੇ ਕਾਜ॥ ਨਾਮੁ ਹਮਾਰੈ ਪੂਜਾ ਦੇਵ॥ ਨਾਮੁ ਹਮਾਰੈ ਗੁਰ ਕੀ ਸੇਵ॥ ੧॥ ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ॥ ਸਭ ਤੇ ਊਤਮੁ ਹਰਿ ਹਰਿ ਕਾਮੁ॥ ੧॥ ਰਹਾਉ (੧੧੪੫-੧੧੪੬)

http://www.geocities.ws/sarbjitsingh/BookGuruGranthSahibAndNaam.pdf

http://www.sikhmarg.com/pdf-files/sggs-naam.pdf,

http://www.singhsabhacanada.com/wp-content/uploads/2017/09/Book-Guru-Granth-Sahib-and-Naam-20170901-1.pdf

ਕਿਸੇ ਤਰ੍ਹਾਂ ਦੇ ਕਰਮ ਕਾਂਡ ਜਾਂ ਤੀਰਥ ਇਸ਼ਨਾਨ ਕਰਨ ਨਾਲ ਮਨੁੱਖ ਦੀ ਕਾਮ ਵਾਸਨਾ ਰੋਕੀ ਨਹੀਂ ਜਾ ਸਕਦੀ, ਮਨੁੱਖ ਦਾ ਮਨ ਡੋਲਦਾ ਰਹਿੰਦਾ ਹੈ, ਤੇ ਜੀਵ ਨਰਕ ਵਿੱਚ ਪਿਆ ਰਹਿੰਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਜਿੰਦ ਵਿਕਾਰਾਂ ਵਿੱਚ ਸੜਦੀ ਭੁੱਜਦੀ ਰਹਿੰਦੀ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਵਿੱਚ ਟਿਕਾ ਕੇ ਗੁਰੂ ਦੇ ਦੱਸੇ ਮਾਰਗ ਤੇ ਚਲਦੇ ਹਨ, ਉਨ੍ਹਾਂ ਦੇ ਮਨ ਤੇ ਸਰੀਰ ਵਿਚ, ਭਾਵ, ਇੰਦ੍ਰਿਆਂ ਵਿੱਚ ਪਵਿਤ੍ਰਤਾ ਆ ਜਾਂਦੀ ਹੈ। ਜਿਹੜਾ ਮਨੁੱਖ ਉਸ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ, ਉਹ ਮਨੁੱਖ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆਂ ਮਨੁੱਖ ਨੂੰ ਮੌਤ ਦਾ ਡਰ ਨਹੀਂ ਪੋਂਹ ਸਕਦਾ। ਜੇਹੜਾ ਮਨੁੱਖ ਆਪਣੇ ਮਨ ਦੀ ਇਕਾਗ੍ਰਤਾ ਵਾਸਤੇ ਆਪਣੇ ਸਰੀਰ ਉਤੇ ਕੋਈ ਧੱਕਾ ਜਾਂ ਜ਼ੋਰ ਕਰਦਾ ਹੈ, ਤੇ ਇਸ ਉੱਦਮ ਦਾ ਮਾਣ ਵੀ ਕਰਦਾ ਹੈ, ਉਹ ਅਕਾਲ ਪੁਰਖੁ ਨੂੰ ਨਹੀਂ ਮਿਲ ਸਕਦਾ। ਜੇਹੜਾ ਮਨੁੱਖ ਲੋਕ ਵਿਖਾਵੇ ਦੀ ਖ਼ਾਤਰ ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ ਆਪਣਾ ਹੰਕਾਰ ਜਿਤਾਣ ਲਈ ਸੁਣਾਂਦਾ ਹੈ, ਤੀਰਥ ਉਤੇ ਵੀ ਇਸ਼ਨਾਨ ਕਰਨ ਵਾਸਤੇ ਜਾਂਦਾ ਹੈ, ਇਸ ਤਰ੍ਹਾਂ ਕਰਨ ਨਾਲ ਉਸ ਦਾ ਕਾਮਾਦਿਕ ਰੋਗ ਦੂਰ ਨਹੀਂ ਹੋ ਸਕਦਾ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਕੋਈ ਮਨੁੱਖ ਆਤਮਕ ਆਨੰਦ ਨਹੀਂ ਮਾਣ ਸਕਦਾ ਹੈ।

ਹਠੁ ਅਹੰਕਾਰੁ ਕਰੈ ਨਹੀ ਪਾਵੈ॥ ਪਾਠ ਪੜੈ ਲੇ ਲੋਕ ਸੁਣਾਵੈ॥ ਤੀਰਥਿ ਭਰਮਸਿ ਬਿਆਧਿ ਨ ਜਾਵੈ॥ ਨਾਮ ਬਿਨਾ ਕੈਸੇ ਸੁਖੁ ਪਾਵੈ॥ ੪॥ (੯੦੫-੯੦੬)

ਕਿਸੇ ਤਰ੍ਹਾਂ ਦੇ ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ ਆਦਿਕ ਧਾਰਮਿਕ ਪੁਸਤਕਾਂ ਪੜ੍ਹਨ ਨਾਲ, ਅਕਾਲ ਪੁਰਖੁ ਪ੍ਰਸੰਨ ਨਹੀਂ ਹੁੰਦਾ ਹੈ। ਅਕਾਲ ਪੁਰਖੁ ਨਾ ਹੀ ਸਮਾਧੀ ਲਾਇਆਂ, ਗਿਆਨ ਦੀ ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪ੍ਰਸੰਨ ਹੁੰਦਾ ਹੈ। ਨਿਤ ਦੇ ਸੋਗ ਕੀਤਿਆਂ, ਜਿਵੇਂ ਸ੍ਰਾਵਗ ਸਰੇਵੜੇ ਕਰਦੇ ਹਨ, ਉਨ੍ਹਾਂ ਨਾਲ ਵੀ ਉਹ ਅਕਾਲ ਪੁਰਖੁ ਪ੍ਰਸੰਨ ਨਹੀਂ ਹੁੰਦਾ ਹੈ। ਰੂਪ, ਮਾਲ ਧਨ ਤੇ ਰੰਗ ਤਮਾਸ਼ਿਆਂ ਵਿੱਚ ਰੁੱਝਿਆਂ ਵੀ ਅਕਾਲ ਪੁਰਖੁ ਜੀਵ ਉਤੇ ਖ਼ੁਸ਼ ਨਹੀਂ ਹੁੰਦਾ ਹੈ। ਤੀਰਥ ਤੇ ਨ੍ਹਾਤਿਆਂ ਜਾਂ ਨੰਗੇ ਘੁਮਣ ਨਾਲ ਵੀ ਉਹ ਅਕਾਲ ਪੁਰਖੁ ਨਹੀਂ ਭਿੱਜਦਾ ਹੈ। ਦਾਨ ਪੁੰਨ ਕੀਤਿਆਂ ਵੀ ਅਕਾਲ ਪੁਰਖੁ ਰੀਝਦਾ ਨਹੀਂ, ਤੇ ਨਾ ਹੀ ਬਾਹਰ ਜੰਗਲਾਂ ਵਿੱਚ ਸੁੰਨ ਮੁੰਨ ਅਵਸਥਾ ਵਿੱਚ ਬੈਠਿਆਂ, ਉਹ ਅਕਾਲ ਪੁਰਖੁ ਪਸੀਜਦਾ ਹੈ। ਜੋਧੇ ਲੜਾਈ ਵਿੱਚ ਲੜ ਕੇ ਮਰਦੇ ਹਨ, ਇਸ ਤਰ੍ਹਾਂ ਕਰਨ ਨਾਲ ਵੀ ਉਹ ਅਕਾਲ ਪੁਰਖੁ ਪ੍ਰਸੰਨ ਨਹੀਂ ਹੁੰਦਾ ਹੈ। ਕਈ ਬੰਦੇ ਸੁਆਹ ਆਦਿਕ ਮਲ ਕੇ ਮਿੱਟੀ ਵਿੱਚ ਲਿੱਬੜਦੇ ਹਨ, ਇਸ ਤਰ੍ਹਾਂ ਕਰਨ ਨਾਲ ਵੀ ਉਹ ਅਕਾਲ ਪੁਰਖੁ ਖ਼ੁਸ਼ ਨਹੀਂ ਹੁੰਦਾ ਹੈ। ਗੁਰੂ ਸਾਹਿਬ ਸਮਝਾਦੇ ਹਨ ਕਿ, ਅਕਾਲ ਪੁਰਖੁ ਤਾਂ ਪ੍ਰਸੰਨ ਹੁੰਦਾ ਹੈ, ਜੇਕਰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜੀਏ, ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ ਪਰਖ, ਉਨ੍ਹਾਂ ਦੇ ਮਨ ਦੀ ਭਾਵਨਾ ਅਨੁਸਾਰ ਹੀ ਕੀਤੀ ਜਾਂਦੀ ਹੈ।

ਮਹਲਾ ੧॥ ਨ ਭੀਜੈ ਰਾਗੀ ਨਾਦੀ ਬੇਦਿ॥ ਨ ਭੀਜੈ ਸੁਰਤੀ ਗਿਆਨੀ ਜੋਗਿ॥ ਨ ਭੀਜੈ ਸੋਗੀ ਕੀਤੈ ਰੋਜਿ॥ ਨ ਭੀਜੈ ਰੂਪੀਂ ਮਾਲੀਂ ਰੰਗਿ॥ ਨ ਭੀਜੈ ਤੀਰਥਿ ਭਵਿਐ ਨੰਗਿ॥ ਨ ਭੀਜੈ ਦਾਤੀਂ ਕੀਤੈ ਪੁੰਨਿ॥ ਨ ਭੀਜੈ ਬਾਹਰਿ ਬੈਠਿਆ ਸੁੰਨਿ॥ ਨ ਭੀਜੈ ਭੇੜਿ ਮਰਹਿ ਭਿੜਿ ਸੂਰ॥ ਨ ਭੀਜੈ ਕੇਤੇ ਹੋਵਹਿ ਧੂੜ॥ ਲੇਖਾ ਲਿਖੀਐ ਮਨ ਕੈ ਭਾਇ॥ ਨਾਨਕ ਭੀਜੈ ਸਾਚੈ ਨਾਇ॥ ੨ ॥ (੧੨੩੭)

ਅਕਸਰ ਮਨੁੱਖ ਬੇਗਾਨੇ ਲਈ ਪਾਪ ਕਰਦਾ ਹੈ, ਬੇਗਾਨੇ ਦੀ ਜਾਨ, ਮਾਲ ਤੇ ਇਜਤ ਬਾਰੇ ਬੁਰਾ ਸੋਚ ਸਕਦਾ ਹੈ। ਮਨੁੱਖ ਦਾ ਤਨ ਭਾਵੇਂ ਸੰਗਤ ਵਿੱਚ ਹੋਵੇ, ਪਰ ਮਨ ਕੁਸੰਗਤ ਵਿੱਚ ਹੋ ਸਕਦਾ ਹੈ। ਮਨੁੱਖ ਦਾ ਤਨ ਭਾਵੇਂ ਕੀਰਤਨ ਵਿੱਚ ਹੋਵੇ, ਪਰ ਮਨ ਕੂੜ ਕਪਟ ਵਿੱਚ ਹੋ ਸਕਦਾ ਹੈ। ਜੇ ਮਨੁੱਖ ਦਾ ਮਨ ਮੈਲਾ ਹੈ ਤਾਂ ਉਸ ਦਾ ਕੀਤਾ ਹੋਇਆ ਜਪ ਤਪ ਵੀ ਮੈਲਾ ਹੈ। ਵਿਕਾਰਾਂ ਤੇ ਬੁਰੀ ਸੋਚ ਕਰਕੇ ਮਨੁੱਖ ਦੇ ਮਨ ਅੰਦਰ ਮੈਲ ਜਾਂਦੀ ਰਹਿੰਦੀ ਹੈ। ਅੱਖਾਂ ਨਾਲ ਪਰ ਧੰਨ ਤੇ ਪਰ ਤਨ, ਜੀਭ ਨਾਲ ਨਿੰਦਾ, ਕੰਨ ਨਾਲ ਚੁਗਲੀਆਂ ਸੁਣਨੀਆਂ, ਨੱਕ ਨਾਲ ਸੁਗੰਧੀ ਅੰਦਰ ਜਾਂਦੀ ਰਹਿੰਦੀ ਹੈ। ਮਨੁੱਖ ਦੀ ਕਲਪਨਾ ਵਿੱਚ ਇਹੀ ਰਹਿੰਦਾ ਹੈ, ਕਿ ਇਹ ਮੇਰਾ ਧੰਨ ਹੈ, ਉਹ ਮੇਰੀ ਸੰਪਤੀ ਹੋ ਜਾਵੇ।

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਨਾਲ ਪੈਦਾ ਹੋਣ ਵਾਲੀ ਮੈਲ ਉਤਰ ਜਾਂਦੀ ਹੈ, ਤੇ ਉਸ ਦਾ ਇਹ ਮਨ ਪਵਿਤ੍ਰ ਹੋ ਜਾਂਦਾ ਹੈ। ਪਰੰਤੂ ਜੇਕਰ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹੇ ਤਾਂ ਉਹ ਮਨੁੱਖ ਜੋ ਕੁੱਝ ਵੀ ਕਰਦਾ ਹੈ, ਸਭ ਕੁੱਝ ਵਿਕਾਰ ਹੀ ਕਰਦਾ ਹੈ, ਸਰੀਰ ਨੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ। ਪਰੰਤੂ ਇਹ ਸੰਸਾਰ ਤੀਰਥ ਇਸ਼ਨਾਨ ਕਰਨ ਨਾਲ ਮਨ ਦੀ ਪਵਿਤ੍ਰਤਾ ਮਿਲ ਜਾਣ ਦੇ ਭੁਲੇਖੇ ਵਿੱਚ ਪੈ ਕੇ ਗਲਤ ਰਸਤੇ ਵਲ ਜਾ ਰਿਹਾ ਹੈ। ਕੋਈ ਵਿਰਲਾ ਮਨੁੱਖ ਹੀ ਇਸ ਸੱਚਾਈ ਨੂੰ ਬੁਝ ਸਕਦਾ ਹੈ ਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਹੇ ਮੇਰੇ ਮਨ! ਤੂੰ ਵਿਕਾਰਾਂ ਤੋਂ ਬਚਣ ਲਈ ਸਿਰਫ਼ ਇੱਕ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ। ਇਹ ਅਕਾਲ ਪੁਰਖੁ ਦਾ ਨਾਮੁ ਰੂਪੀ ਖ਼ਜ਼ਾਨਾ ਮੈਨੂੰ ਸਬਦ ਗੁਰੂ ਨੇ ਬਖ਼ਸ਼ਿਆ ਹੈ।

ਵਡਹੰਸੁ ਮਹਲਾ ੩ ਘਰੁ ੧॥ ੴ ਸਤਿਗੁਰ ਪ੍ਰਸਾਦਿ॥ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ ੧॥ ਜਪਿ ਮਨ ਮੇਰੇ ਤੂ ਏਕੋ ਨਾਮੁ॥ ਸਤਿਗੁਰ ਦੀਆ ਮੋ ਕਉ ਏਹੁ ਨਿਧਾਨੁ॥ ੧॥ ਰਹਾਉ॥ (੫੫੮)

ਗੁਰੂ ਸਾਹਿਬ ਸਮਝਾਦੇ ਹਨ ਕਿ, ਅਕਾਲ ਪੁਰਖੁ ਦੇ ਨਾਮੁ ਦਾ ਵਾਪਾਰ ਕਰਨ ਆਏ ਹੇ ਜੀਵ ਮਿਤ੍ਰ! ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ, ਭਾਵ ਭਰ ਜਵਾਨੀ ਦੇ ਕਾਰਨ ਜੀਵ ਦੀ ਅਕਲ ਇਸ ਤਰ੍ਹਾਂ ਹੋ ਜਾਂਦੀ ਹੈ, ਜਿਵੇਂ ਕੋਈ ਸ਼ਰਾਬ ਵਿੱਚ ਗੁੱਟ ਹੋਵੇ। ਜੀਵ ਦਿਨ ਰਾਤ ਕਾਮ ਵਾਸਨਾ ਵਿੱਚ ਦਬਿਆ ਰਹਿੰਦਾ ਹੈ, ਕਾਮ ਵਿੱਚ ਅੰਨ੍ਹੇ ਹੋਏ ਨੂੰ ਅਕਾਲ ਪੁਰਖੁ ਦਾ ਨਾਮੁ ਆਪਣੇ ਚਿੱਤ ਵਿੱਚ ਟਿਕਾਣ ਦੀ ਸੁਰਤਿ ਨਹੀਂ ਹੁੰਦੀ। ਅਕਾਲ ਪੁਰਖੁ ਦਾ ਨਾਮੁ ਤਾਂ ਜੀਵ ਦੇ ਹਿਰਦੇ ਵਿੱਚ ਵੱਸਦਾ ਨਹੀਂ, ਪਰੰਤੂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ, ਹੋਰ ਅਨੇਕਾਂ ਤਰ੍ਹਾਂ ਦੇ ਮਿੱਠੇ ਕਸੈਲੇ ਰਸਾਂ ਦਾ ਸੁਆਦ ਪਛਾਣਦਾ ਰਹਿੰਦਾ ਹੈ। ਝੂਠੇ ਮੋਹ ਵਿੱਚ ਫਸੇ ਹੋਏ ਜੀਵ ਨੇ ਅਕਾਲ ਪੁਰਖੁ ਨਾਲ ਜਾਣ ਪਛਾਣ ਪਾਣ ਲਈ ਕੋਈ ਗਿਆਨ ਤਾਂ ਹਾਸਲ ਕੀਤਾ ਨਹੀਂ, ਅਕਾਲ ਪੁਰਖੁ ਦੇ ਚਰਨਾਂ ਵਿੱਚ ਆਪਣੀ ਸੁਰਤਿ ਟਿਕਾਈ ਨਹੀਂ, ਅਕਾਲ ਪੁਰਖੁ ਦੇ ਗੁਣ ਯਾਦ ਕੀਤੇ ਨਹੀੇਂ, ਆਪਣੀਆਂ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਕੋਈ ਉੱਦਮ ਨਹੀਂ ਕੀਤਾ, ਇਸ ਦਾ ਨਤੀਜਾ ਇਹ ਹੋਵੇਗਾ, ਕਿ ਐ ਜੀਵ ਤੂੰ ਜਨਮ ਮਰਨ ਦੇ ਗੇੜ ਵਿੱਚ ਪੈ ਜਾਵੇਗਾ। ਉੱਚਾ ਆਤਮਕ ਜੀਵਨ ਬਣਾਣ ਲਈ ਸੇਵਾ ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮਸਤ ਹੋਇਆ ਜੀਵ, ਤੀਰਥ, ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਕਰਮ ਵੀ ਨਹੀਂ ਕਰਦਾ। ਗੁਰੂ ਸਾਹਿਬ ਸਮਝਾਦੇ ਹਨ ਕਿ, ਅਕਾਲ ਪੁਰਖੁ ਦੇ ਪ੍ਰੇਮ ਦੁਆਰਾ ਹੀ, ਅਕਾਲ ਪੁਰਖੁ ਦੀ ਭਗਤੀ ਦੁਆਰਾ ਹੀ, ਇਸ ਕਾਮ ਵਾਸ਼ਨਾ ਤੋਂ ਜੀਵ ਦਾ ਬਚਾ ਹੋ ਸਕਦਾ ਹੈ। ਪਰੰਤੂ ਅਕਾਲ ਪੁਰਖੁ ਦੀ ਭਗਤੀ ਤੇ ਸਿਮਰਨ ਵਲੋਂ ਦੁਚਿੱਤਾਪਨ ਰੱਖਿਆਂ ਕਾਮਾਦਿਕ ਦੀ ਸ਼ਕਲ ਵਿੱਚ ਮਾਇਆ ਦਾ ਮੋਹ ਜੀਵ ਉਪਰ ਜ਼ੋਰ ਪਾਂਦਾ ਰਹਿੰਦਾ ਹੈ।

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ॥ ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ॥ ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ॥ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ॥ ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ॥ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ॥ ੨॥ (੭੫)

ਜਿਸ ਮਨੁੱਖ ਨੇ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਨੂੰ ਆਪਣਾ ਨਿੱਤ ਦਾ ਨੇਮ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ, ਉਸ ਨੂੰ ਮੌਤ ਦਾ ਡਰ ਨਹੀਂ ਸਤਾਂਦਾ, ਉਸ ਨੂੰ ਆਤਮਕ ਮੌਤ ਦਾ ਕੋਈ ਖ਼ਤਰਾ ਨਹੀਂ ਰਹਿੰਦਾ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੇ ਅੰਦਰਲੇ ਕਾਮ ਕ੍ਰੋਧ ਤੇ ਕਾਬੂ ਪਾ ਲੈਂਦਾ ਹੈ, ਤੇ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਸ਼ਬਦ ਗੁਰੂ ਦੇ ਚਰਨਾਂ ਵਿੱਚ ਆਪਣੀ ਸੁਰਤਿ ਟਿਕਾ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਗੁਰੂ ਸਾਹਿਬ ਸਮਝਾਦੇ ਹਨ ਕਿ, ਹੇ ਜੋਗੀਓ! ਤੁਸੀ ਬਰਫ਼ਾਨੀ ਪਹਾੜਾਂ ਦੀਆਂ ਗੁਫਾਂ ਵਿੱਚ ਰਹਿੰਦੇ ਹੋ, ਪਿੰਡੇ ਤੇ ਬਿਭੂਤ ਮਲਦੇ ਹੋ, ਸਿੰਙੀ ਵਜਾਂਦੇ ਹੋ। ਪਰੰਤੂ ਜੇਹੜਾ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ; ਪਿੰਡੇ ਤੇ ਸੁਆਹ ਮਲਣ ਦੀ ਥਾਂ, ਜੇਹੜਾ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਆਪਣੀ ਸੁਰਤਿ ਟਿਕਾਈ ਰੱਖਦਾ ਹੈ; ਜਿਹੜਾ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਸਦਾ ਆਪਣੇ ਹਿਰਦੇ ਅੰਦਰ ਵਸਾਈ ਰੱਖਦਾ ਹੈ, ਤਾਂ ਮਾਨੋ ਕਿ ਉਹ ਅਸਲੀ ਨਾਦ ਵਜਾ ਲੈਂਦਾ ਹੈ, ਉਸ ਨੇ ਅਸਲ ਭੇਖ ਧਾਰਨ ਕਰ ਲਿਆ ਹੈ, ਤਾਂ ਫਿਰ ਉਹ ਸਦਾ ਅਡੋਲ ਆਤਮਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਜਿਸ ਮਨੁੱਖ ਨੇ ਆਪਣੇ ਅੰਦਰ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲਈ ਹੈ, ਜਿਹੜਾ ਮਨੁੱਖ ਸਦਾ ਸ੍ਰੇਸ਼ਟ ਨਾਮੁ ਮਹਾ ਰਸ ਪੀ ਰਿਹਾ ਹੈ, ਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ ਅਠਾਹਠ ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ, ਜਿਸ ਨੇ ਆਪਣੇ ਹਿਰਦੇ ਨੂੰ ਅਕਾਲ ਪੁਰਖੁ ਦੇ ਰਹਿਣ ਲਈ ਮੰਦਰ ਬਣਾ ਲਿਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ, ਅਜੇਹਾ ਮਨੁੱਖ ਆਪਣੀ ਜੋਤਿ ਨੂੰ ਅਕਾਲ ਪੁਰਖੁ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ।

ਗੁਰ ਹਿਵ ਸੀਤਲੁ ਅਗਨਿ ਬੁਝਾਵੈ॥ ਸੇਵਾ ਸੁਰਤਿ ਬਿਭੂਤ ਚੜਾਵੈ॥ ਦਰਸਨੁ ਆਪਿ ਸਹਜ ਘਰਿ ਆਵੈ॥ ਨਿਰਮਲ ਬਾਣੀ ਨਾਦੁ ਵਜਾਵੈ॥ ੪॥ ਅੰਤਰਿ ਗਿਆਨੁ ਮਹਾ ਰਸੁ ਸਾਰਾ॥ ਤੀਰਥ ਮਜਨੁ ਗੁਰ ਵੀਚਾਰਾ॥ ਅੰਤਰਿ ਪੂਜਾ ਥਾਨੁ ਮੁਰਾਰਾ॥ ਜੋਤੀ ਜੋਤਿ ਮਿਲਾਵਣਹਾਰਾ॥ ੫॥ (੪੧੧)

ਗੁਰੂ ਤੋਂ ਮਿਲਣ ਵਾਲਾ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਹੀ ਗੁਰੂ ਦੇ ਤੀਰਥ ਦਾ ਜਲ ਹੈ, ਗੁਰੂ ਤੋਂ ਮਿਲੇ ਆਤਮਕ ਗਿਆਨ ਦੇ ਚਾਨਣ ਵਿੱਚ ਮਨ ਦੀ ਚੁੱਭੀ ਲਾਉਂਣਾ ਹੀ ਗੁਰੂ ਦੇ ਤੀਰਥ ਦਾ ਇਸ਼ਨਾਨ ਹੈ, ਗੁਰੂ ਦੇ ਤੀਰਥ ਵਿੱਚ ਇਸ਼ਨਾਨ ਕਰਨ ਨਾਲ ਅਠਾਹਠ ਤੀਰਥਾਂ ਦੇ ਇਸ਼ਨਾਨ ਆਪਣੇ ਆਪ ਹੋ ਜਾਂਦੇ ਹਨ। ਗੁਰੂ ਦੇ ਉਪਦੇਸ਼ ਰੂਪੀ ਡੂੰਘੇ ਗਿਆਨ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਅਨਮੋਲਕ ਮੋਤੀ ਤੇ ਜਵਾਹਰ ਹਨ, ਤੇ ਜੇਹੜਾ ਸਿੱਖ ਗੁਰੂ ਦੇ ਅਜੇਹੇ ਗਿਆਨ ਵਾਲੇ ਤੀਰਥ ਨੂੰ ਸੇਂਵਦਾ ਹੈ, ਉਸ ਵਿੱਚ ਸਰਧਾ ਨਾਲ ਆਉਂਦਾ ਹੈ, ਉਹ ਗਿਆਨ ਦੇ ਅਨਮੋਲਕ ਖਜਾਨੇ ਖੋਜ ਕੇ ਲੱਭ ਲੈਂਦਾ ਹੈ। ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ, ਤੇ ਉਹ ਗੁਰੂ ਹੀ ਸੰਤੋਖ ਰੂਪੀ ਸਰੋਵਰ ਹੈ। ਗੁਰੂ ਇੱਕ ਐਸਾ ਦਰਿਆ ਹੈ, ਜਿਸ ਪਾਸੋਂ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਮਿਲਦਾ ਹੈ, ਤੇ ਉਹ ਅੰਮ੍ਰਿਤ ਐਸਾ ਜਲ ਹੈ ਜੋ ਕਿ ਸਦਾ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ, ਉਸ ਦੀ ਖੋਟੀ ਮਤਿ ਦੀ ਮੈਲ ਦੂਰ ਕਰ ਦੇਂਦਾ ਹੈ। ਜੇਕਰ ਮਨੁੱਖ ਨੂੰ ਗੁਰੂ ਮਿਲ ਜਾਵੇ ਤਾਂ ਗੁਰੂ ਦੇ ਨਾਮੁ ਰੂਪੀ ਅੰਮ੍ਰਿਤ ਨਾਲ ਭਰੇ ਹੋਏ ਦਰਿਆ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦਾ ਪੂਰਨ ਇਸ਼ਨਾਨ ਹੋ ਜਾਂਦਾ ਹੈ, ਤੇ ਗੁਰੂ ਤੋਂ ਮਿਲਣ ਵਾਲਾ ਆਤਮਕ ਗਿਆਨ ਮਨੁੱਖ ਨੂੰ ਪਸੂਆਂ ਪਰੇਤਾਂ ਵਾਲੀ ਬਿਰਤੀ ਤੋਂ ਦੇਵਤਿਆਂ ਵਾਲੀ ਬਿਰਤੀ ਵਾਲਾ ਸਫਲ ਮਨੁੱਖ ਬਣਾ ਦੇਂਦਾ ਹੈ।

ਪ੍ਰਭਾਤੀ ਮਹਲਾ ੧॥ ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ+ ਖੋਜਿ ਲਹੈ॥ ੧॥ ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ॥ ੧॥ ਰਹਾਉ॥ ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ॥ ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ॥ ੨॥ (੧੩੨੮-੧੩੨੯)

ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ, ਕਿ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਏ, ਪਰੰਤੂ ਇਸ ਤਰ੍ਹਾਂ ਕਰਨ ਨਾਲ ਵੀ ਮਨੁੱਖ ਦੇ ਮਨ ਵਿਚੋਂ ਹਉਮੈ ਹੰਕਾਰ ਨਹੀਂ ਘਟਦਾ ਹੈ। ਮਨੁੱਖ ਭਾਂਵੇਂ ਦਿਨ ਤੇ ਰਾਤ, ਭਾਵ, ਸਦਾ ਤੀਰਥਾਂ ਤੇ ਇਸ਼ਨਾਨ ਕਰਦਾ ਰਹੇ, ਫੇਰ ਵੀ ਉਸ ਦੇ ਮਨ ਦੀ ਮੈਲ ਸਰੀਰ ਨੂੰ ਪਾਣੀ ਨਾਲ ਧੋਤਿਆਂ ਨਹੀਂ ਉਤਰਦੀ। ਜੇਕਰ ਕੋਈ ਮਨੁੱਖ ਇਸ ਸਰੀਰ ਨੂੰ ਸਾਧਨ ਦੀ ਖ਼ਾਤਰ, ਕਈ ਤਰ੍ਹਾਂ ਦੇ ਜਤਨ ਵੀ ਕਰਦਾ ਰਹੇ, ਤਾਂ ਵੀ ਕਦੇ ਉਸ ਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਹਟਦਾ। ਜੇਕਰ ਕੋਈ ਮਨੁੱਖ ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਵੀ ਧੋਵੇ ਤਾਂ ਵੀ ਇਹ ਸਰੀਰ ਰੂਪੀ ਕੱਚੀ ਕੰਧ ਕਿਵੇ ਪਵਿਤ੍ਰ ਹੋ ਸਕਦੀ ਹੈ? ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਦੇ ਹਨ, ਕਿ, ਅਕਾਲ ਪੁਰਖੁ ਦੇ ਨਾਮੁ ਦੀ ਵਡਿਆਈ ਬਹੁਤ ਵੱਡੀ ਹੈ। ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਅਣਗਿਣਤ ਮੰਦੇ ਕਰਮ ਕਰਨ ਵਾਲੇ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ।

ਮਨ ਕਾਮਨਾ ਤੀਰਥ ਦੇਹ ਛੁਟੈ॥ ਗਰਬੁ ਗੁਮਾਨੁ ਨ ਮਨ ਤੇ ਹੁਟੈ॥ ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ॥ ਮਨ ਤੇ ਕਬਹੂ ਨ ਬਿਖਿਆ ਟਰੈ॥ ਜਲਿ ਧੋਵੈ ਬਹੁ ਦੇਹ ਅਨੀਤਿ॥ ਸੁਧ ਕਹਾ ਹੋਇ ਕਾਚੀ ਭੀਤਿ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ॥ ੩॥ (੨੬੫)

ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ। ਇਹ ਮਨੁੱਖਾ ਸਰੀਰ ਇੱਕ ਸਰੋਵਰ ਦੀ ਤਰ੍ਹਾਂ ਹੈ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਚਰਨਾਂ ਵਿੱਚ ਆਪਣੀ ਸੁਰਤਿ ਜੋੜੀ ਰੱਖਦਾ ਹੈ, ਮਾਨੋ, ਕਿ ਉਹ ਮਨੁੱਖ ਇਸ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿੱਚ ਇਸ਼ਨਾਨ ਕਰਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹਨ, ਉਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਦੀ ਵਿਕਾਰਾਂ ਵਾਲੀ ਮੈਲ ਦੂਰ ਕਰ ਲਈ ਹੈ।

ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ॥ ੧੨॥ ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ॥ ੧੩॥ ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ॥ ੧੪॥ (੯੦੯)

ਜਿਹੜੇ ਮਨੁੱਖ ਆਪਣੀ ਰਸਨਾ ਨਾਲ ਅਕਾਲ ਪੁਰਖੁ ਦਾ ਨਾਮੁ ਉਚਾਰਦੇ ਹਨ, ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਉਨ੍ਹਾਂ ਮਨੁੱਖਾਂ ਨੇ ਮਾਨੋ ਕ੍ਰੋੜਾਂ ਰੁਪਏ ਦਾਨ ਕਰ ਲਏ, ਕ੍ਰੋੜਾਂ ਵਾਰੀ ਤੀਰਥ ਇਸ਼ਨਾਨ ਕਰ ਲਏ ਹਨ ਤੇ ਅਨੇਕਾਂ ਹੀ ਸੁੱਚ ਤੇ ਪਵਿਤ੍ਰਤਾ ਦੇ ਸਾਧਨ ਕਰ ਲਏ ਹਨ।

ਸਲੋਕ॥ ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ॥ ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ॥ ੧॥ (੭੦੬)

ਗੁਰੂ ਸਾਹਿਬ ਨੇ ਸਾਨੂੰ ਸਚਾਈ ਤੇ ਚਲਣ ਲਈ ਪ੍ਰੇਰਿਆ ਹੈ, ਤਾਂ ਜੋ ਅਸੀਂ ਭਰਮਾਂ ਵਹਿਮਾਂ ਦੇ ਜਾਲ ਵਿਚੋਂ ਬਾਹਰ ਨਿਕਲ ਸਕੀਏ। ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ, ਪਾਣੀ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਹਨ ਤੇ ਮਰਦੇ ਹਨ। ਹੁਣ ਜਰਾ ਕੁ ਵਿਚਾਰੋ ਕਿ ਇੱਕ ਪਾਸੇ ਤਾਂ ਇਹ ਲੋਕ ਸੂਤਕ ਦਾ ਪ੍ਰਚਾਰ ਕਰਦੇ ਹਨ, ਪਰ ਦੂਸਰੇ ਪਾਸੇ ਇਹ ਲੋਕ ਪਾਣੀ ਦੀ ਚੁਲੀਆਂ ਨਾਲ ਆਪਣੇ ਆਪ ਨੂੰ ਪਵਿਤ੍ਰ ਕਰ ਰਹੇ ਹਨ। ਹੁਣ ਇਹ ਦੋਵੇਂ ਪਾਸਿਉ ਕਿਸ ਤਰ੍ਹਾਂ ਠੀਕ ਹੋ ਸਕਦੇ ਹਨ, ਇੱਕ ਪਾਸੇ ਤਾਂ ਜੀਵਾਂ ਦੇ ਜੰਮਣ ਮਰਨ ਕਰਕੇ ਸੂਤਕ, ਭਾਵ ਅਪਵਿਤ੍ਰਤਾ ਕਹਿੰਦੇ ਹਨ ਤੇ ਦੁਸਰੇ ਪਾਸੇ ਪਾਣੀ ਨਾਲ ਪਵਿਤ੍ਰਤਾ ਲਿਆਉਦੇ ਹਨ। ਮੂੰਹ ਨਾਲ ਪਾਣੀ ਪੀਤਿਆਂ ਤ੍ਰੇਹ ਜਰੂਰ ਮਿਟ ਸਕਦੀ ਹੈ, ਪਰੰਤੂ ਪਾਣੀ ਨਾਲ ਚੁਲੀ ਕੀਤਿਆਂ ਮਨ ਨਹੀਂ ਧੁਪ ਸਕਦਾ। ਸੁੱਚੀ ਚੁਲੀ ਤਾਂ ਹੋ ਸਕਦੀ ਹੈ, ਜੇਕਰ ਆਪਣੇ ਜੀਵਨ ਦਾ ਮੰਤਵ ਤੇ ਮਨੁੱਖਤਾ ਪ੍ਰਤੀ ਫਰਜ਼ ਨਿਭਾਇਆ ਜਾਵੇ। ਗੁਰੂ ਸਾਹਿਬ ਨੇ ਸਾਨੂੰ ਇਸ ਸਬਦ ਵਿੱਚ ਮਨ ਦੀ ਸਫਾਈ ਤੇ ਸਰੀਰ ਦੀ ਸਫਾਈ ਦੇ ਫਰਕ ਨੂੰ ਵਿਗਿਆਨਿਕ ਢੰਗ ਨਾਲ ਸਮਝਾਇਆ ਹੈ।

ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ ੨॥ (੧੨੪੦)

ਜਿਸ ਮਨੁੱਖ ਉਤੇ ਅਕਾਲ ਪੁਰਖੁ ਬਖ਼ਸ਼ਸ਼ ਕਰਦਾ ਹੈ, ਉਹ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਇਹ ਪਛਾਣ ਲੈਂਦਾ ਹੈ, ਕਿ ਹਰੇਕ ਜੀਵਾਤਮਾ ਵਿੱਚ ਅਕਾਲ ਪੁਰਖੁ ਮੌਜੂਦ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਕਦਰ ਸਮਝ ਲੈਂਦਾ ਹੈ, ਤੇ ਆਪਣੇ ਅੰਦਰੋਂ ਹਉਮੈ ਦੇ ਰੋਗ ਨੂੰ ਮੁਕਾ ਲੈਂਦਾ ਹੈ। ਜੇਹੜਾ ਮਨੁੱਖ ਤੀਰਥਾਂ ਉਤੇ ਭਟਕਦਾ ਫਿਰਦਾ ਹੈ, ਉਸ ਦਾ ਹਉਮੈ ਦਾ ਰੋਗ ਦੂਰ ਨਹੀਂ ਹੁੰਦਾ ਹੈ, ਪੜ੍ਹਿਆ ਹੋਇਆ ਮਨੁੱਖ ਵੀ ਇਸ ਤੋਂ ਨਹੀਂ ਬਚਦਾ, ਉਸ ਨੂੰ ਝਗੜਾ ਬਹਸ ਤੇ ਵਾਦ ਵਿਵਾਦ ਦੇ ਰੂਪ ਵਿੱਚ ਹਉਮੈ ਦਾ ਰੋਗ ਚੰਬੜਿਆ ਰਹਿੰਦਾ ਹੈ। ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਇੱਕ ਬੜਾ ਭਾਰੀ ਰੋਗ ਹੈ, ਇਸ ਦੁਬਿਧਾ ਵਿੱਚ ਫਸਿਆ ਹੋਇਆ ਮਨੁੱਖ ਸਦਾ ਮਾਇਆ ਦਾ ਮੁਥਾਜ ਬਣਿਆ ਰਹਿੰਦਾ ਹੈ। ਜੇਹੜਾ ਵੱਡਭਾਗੀ ਮਨੁੱਖ ਗੁਰੂ ਦੀ ਸਰਨ ਵਿੱਚ ਆ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ ਮਨ ਵਿੱਚ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਸਦਾ ਵੱਸਿਆ ਰਹਿੰਦਾ ਹੈ, ਇਸ ਵਾਸਤੇ ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ। ਅਕਾਲ ਪੁਰਖੁ ਦੇ ਭਗਤ ਸਦਾ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਅਕਾਲ ਪੁਰਖੁ ਦੀ ਮੇਹਰ ਨਾਲ ਉਨ੍ਹਾਂ ਦੇ ਮੱਥੇ ਤੇ ਨਾਮੁ ਸਿਮਰਨ ਦਾ ਨਿਸ਼ਾਨ ਚਮਕਾਂ ਰਹਿੰਦਾ ਹੈ।

ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ॥ ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ॥ ੮॥ ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ॥ ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ॥ ੯॥ ੧॥ (੧੧੫੩-੧੧੫੪)

ਜੇ ਮਨ ਵਿੱਚ ਵਿਕਾਰਾਂ ਦੀ ਮੈਲ ਵੀ ਟਿਕੀ ਰਹੇ, ਤੇ ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਕਰਨ ਨਾਲ ਉਸ ਨੇ ਸੁਰਗ ਵਿੱਚ ਨਹੀਂ ਅੱਪੜ ਸਕਨਾ। ਤੀਰਥਾਂ ਉੱਤੇ ਨਹਾਣ ਨਾਲ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰੰਤੂ ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਅਕਾਲ ਪੁਰਖੁ ਜੋ ਕਿ ਹਰੇਕ ਦੇ ਦਿਲ ਦੀ ਜਾਣਦਾ ਹੈ, ਉਹ ਅੰਞਾਣਾ ਨਹੀਂ ਹੈ। ਇਸ ਲਈ ਸਿਰਫ ਇੱਕ ਅਕਾਲ ਪੁਰਖੁ ਦੀ ਪੂਜਾ ਕਰੋ, ਭਾਵ ਇੱਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰੋ, ਕਿਉਂਕਿ ਸਿਰਫ ਉਹੀ ਇੱਕ ਅਕਾਲ ਪੁਰਖੁ ਅਸਲੀ ਦੇਵ ਹੈ। ਗੁਰ ਕੀ ਸੇਵਾ ਹੀ ਅਸਲੀ ਤੀਰਥ ਇਸ਼ਨਾਨ ਹੈ, ਭਾਵ ਗੁਰੂ ਦੇ ਸਬਦ ਦੀ ਵੀਚਾਰ ਤੇ ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲੀ ਤੀਰਥ ਇਸ਼ਨਾਨ ਹੈ। ਪਾਣੀ ਵਿੱਚ ਚੁੱਭੀ ਲਾਇਆਂ ਜੇਕਰ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਤਾਂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ। ਫਿਰ ਜਿਵੇਂ ਉਹ ਡੱਡੂ ਹਨ, ਤਿਵੇਂ ਉਹ ਮਨੁੱਖ ਸਮਝੋ, ਪਰੰਤੂ ਨਾਮੁ ਤੋਂ ਬਿਨਾ ਉਹ ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ। ਇਸ ਲਈ ਅਸਲੀ ਸੱਚਾ ਨਾਵਣੁ, ਗੁਰ ਕੀ ਸੇਵਾ ਹੈ, ਜਿਹੜੀ ਕਿ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਹੀ ਹੋ ਸਕਦੀ ਹੈ।

ਆਸਾ॥ ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ॥ ੧॥ ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥ ੧॥ ਰਹਾਉ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ ੨॥ (੪੮੪)

ਜਿਸ ਤਰ੍ਹਾਂ ਅੱਗ ਨੂੰ ਠੰਡਾ ਕਰਨ ਲਈ ਅਤੇ ਬੁਝਾਣ ਲਈ ਪਾਣੀ ਚਾਹੀਦਾ ਹੈ। ਇਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਸ਼ਾਂਤ ਕਰਨ ਲਈ, ਨਾਮੁ ਰੂਪੀ ਅੰਮ੍ਰਿਤ ਦੀ ਲੋੜ ਹੈ। ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ, ਅਸੀਂ ਇਸ ਜਗਤ ਵਿੱਚ ਆਏ ਹੋਏ ਹਾਂ, ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ। ਇਸ ਅੰਮ੍ਰਿਤ ਨੂੰ ਪਾਉਣ ਲਈ ਧਾਰਮਿਕ ਭੇਖਾਂ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਵੀ ਛੱਡੋ। ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰੋਂ ਦੁਨੀਆਂ ਨੂੰ ਠੱਗਣ ਦੀ ਚਲਾਕੀ, ਇਸ ਦੋ ਰੁਖ਼ੀ ਚਾਲ ਵਿੱਚ ਪਿਆਂ, ਇਹ ਅੰਮ੍ਰਿਤ ਰੂਪੀ ਫਲ ਨਹੀਂ ਮਿਲ ਸਕਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਦੇ ਚਰਨਾਂ ਵਿੱਚ ਟਿਕਿਆ ਰਹੁ, ਵੇਖੀਂ ਕਿਤੇ ਨਾਮੁ ਰੂਪੀ ਅੰਮ੍ਰਿਤ ਦੀ ਭਾਲ ਵਿੱਚ ਬਾਹਰ ਹੀ ਭਟਕਦਾ ਨਾ ਫਿਰੀ। ਜੇ ਤੂੰ ਬਾਹਰ ਢੂੰਢਣ ਚਲ ਪਿਆ, ਤਾਂ ਬਹੁਤ ਦੁਖ ਪਾਵੇਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿੱਚ ਹੀ ਹੈ, ਤੇਰੇ ਹਿਰਦੇ ਵਿੱਚ ਹੀ ਹੈ। ਗੁਰੂ ਸਾਹਿਬ ਤਾਂ ਸਮਝਾਉਂਦੇ ਹਨ, ਕਿ ਔਗੁਣ ਛੱਡ ਕੇ, ਗੁਣਾਂ ਨੂੰ ਹਾਸਲ ਕਰੋ। ਜੇ ਔਗੁਣ ਹੀ ਕਰਦੇ ਰਹਾਂਗੇ ਤਾਂ ਪਛੁਤਾਉਂਣਾ ਪਵੇਗਾ। ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿੱਚ ਡੁੱਬ ਰਿਹਾ ਹੈ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ। ਜੇਕਰ ਮਨ ਅੰਦਰ ਲੋਭ ਦੀ ਮੈਲ ਹੈ ਤੇ ਲੋਭ ਦੇ ਅਧੀਨ ਹੋ ਕੇ ਠੱਗੀ ਦੇ ਕੰਮ ਕਰਦੇ ਰਹੋ, ਤਾਂ ਫਿਰ ਬਾਹਰ ਤੀਰਥ ਆਦਿਕਾਂ ਤੇ ਇਸ਼ਨਾਨ ਕਰਨ ਦਾ ਕੀ ਲਾਭ ਹੋ ਸਕਦਾ ਹੈ? ਅੰਦਰਲੀ ਉੱਚੀ ਅਵਸਥਾ ਤਾਂ ਹੀ ਬਣ ਸਕਦੀ ਹੈ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਅਕਾਲ ਪੁਰਖੁ ਦਾ ਪਵਿਤ੍ਰ ਨਾਮੁ ਜੱਪਾਗੇ। ਆਪਣੇ ਮਨ ਨੂੰ ਸਮਝਾਣਾ ਹੈ ਕਿ ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ, ਕਿਉਂਕਿ ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਫਲ ਮਿਲੇਗਾ। ਇਸ ਲਈ ਅਕਾਲ ਪੁਰਖੁ ਦੇ ਦਰ ਤੇ ਆਪ ਅਰਦਾਸ ਕਰ ਕੇ ਬੇਨਤੀ ਕਰ ਕਿ, ਹੇ ਅਕਾਲ ਪੁਰਖੁ! ਜਿਵੇਂ ਤੇਰੀ ਰਜ਼ਾ ਹੈ, ਤਿਵੇਂ ਮੈਨੂੰ ਰੱਖ, ਪਰੰਤੂ ਮੇਰੇ ਤੇ ਇਹ ਮਿਹਰ ਕਰ ਕਿ ਮੈਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਤੇਰੀ ਸਿਫ਼ਤਿ ਸਾਲਾਹ ਕਰਦਾ ਰਹਾਂ।

ਸੋਰਠਿ ਮਹਲਾ ੧॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ ੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ ਰਹਾਉ॥ ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ੨॥ ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ॥ ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ॥ ੩॥ ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ॥ ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ॥ ੪॥ ੯॥ (੫੯੮)

ਜੇਕਰ ਹੱਥ ਪੈਰ ਜਾਂ ਸਰੀਰ ਲਿੱਬੜ ਜਾਵੇ, ਤਾਂ ਪਾਣੀ ਨਾਲ ਧੋ ਕੇ ਮੈਲ ਉਤਾਰੀ ਜਾ ਸਕਦੀ ਹੈ। ਜੇ ਕੋਈ ਕੱਪੜਾ ਮਲ ਮੂਤਰ ਨਾਲ ਗੰਦਾ ਹੋ ਜਾਏ, ਤਾਂ ਉਸ ਨੂੰ ਸਾਬਣ ਲਾ ਕੇ ਧੋਤਾ ਜਾ ਸਕਦਾ ਹੈ। ਪਰੰਤੂ ਜੇਕਰ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਸਿਰਫ ਅਕਾਲ ਪੁਰਖ ਦੇ ਨਾਮੁ ਵਿੱਚ ਰੰਗਿਆਂ ਹੀ ਧੋਤੇ ਜਾ ਸਕਦੇ ਹਨ। ਪੁੰਨ ਜਾਂ ਪਾਪ ਨਿਰੇ ਕਹਿਣ ਵਾਸਤੇ ਨਹੀਂ ਹਨ, ਬਲਕਿ ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹੇ ਸੰਸਕਾਰ ਆਪਣੇ ਅੰਦਰ ਲਿਖ ਕੇ ਨਾਲ ਲੈ ਜਾਵਾਂਗੇ। ਜੋ ਕੁੱਝ ਅਸੀਂ ਬੀਜਾਂਗੇ, ਉਸ ਦੇ ਅਨੁਸਾਰ ਫਲ ਵੀ ਅਸੀਂ ਆਪ ਹੀ ਖਾਵਾਂਗੇ। ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਪਏ ਰਹਾਂਗੇ।

ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ ੨੦॥ (੪)

ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਸਿੱਖ ਧਰਮ ਦਾ ਮੁਢਲਾ ਸਿਧਾਂਤ, ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’ ਸਮਝਾ ਦਿੱਤਾ ਹੈ। ਦੂਜੀ ਪਉੜੀ ਵਿੱਚ ਹੁਕਮੁ ਦੀ ਵਿਸਥਾਰ ਸਮਝਾਂਦੇ ਹੋਏ, ਹੁਕਮੁ ਸਬੰਧੀ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’। ਹੁਣ ਦੂਸਰੀ ਪਉੜੀ ਵਿੱਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਪੱਸ਼ਟ ਸਮਝਾਇਆ ਗਿਆ ਹੈ, ਕਿ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨਿਯਮਾਂ ਅਨੁਸਾਰ ਚੱਲ ਰਹੀ ਹੈ, ਤੇ ਇਨ੍ਹਾਂ ਨਿਯਮਾਂ ਨੂੰ ਗੁਰੂ ਨਾਨਕ ਸਾਹਿਬ ਨੇ ਹੁਕਮੁ ਦੱਸਿਆ ਹੈ। ਅਕਾਲ ਪੁਰਖ ਦੇ ਨਿਯਮ ਅਜੇਹੇ ਹਨ, ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਅੰਦਰ ਉਹੋ ਜਿਹੇ ਹੀ ਚੰਗੇ ਮੰਦੇ ਸੰਸਕਾਰ ਬਣ ਜਾਂਦੇ ਹਨ, ਤੇ ਉਨ੍ਹਾਂ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜੇਕਰ ਸਬਦ ਗੁਰੂ ਦੁਆਰਾ ਨਾਮੁ ਦੀ ਸੋਝੀ ਮਿਲ ਜਾਵੇ ਤਾਂ, ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰ ਕੇ ਮਨੁੱਖ ਆਪਣਾ ਜਨਮ ਸਫਲ ਕਰ ਸਕਦਾ ਹੈ। ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿੱਚ ਪਇਆ ਰਹਿੰਦਾ ਹੈ, ਤੇ ਉਸ ਦੀ ਮੱਤ ਮੈਲੀ ਹੋ ਜਾਂਦੀ ਹੈ। ਇਹ ਮਨ ਦੀ ਮੈਲ ਮਨੁੱਖ ਨੂੰ ਅਕਾਲ ਪੁਰਖੁ ਤੋਂ ਵਿਛੋੜੀ ਰੱਖਦੀ ਹੈ, ਤੇ ਜੀਵ ਦੁਖੀ ਹੁੰਦਾ ਰਹਿੰਦਾ ਹੈ। ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹਾ ਵਸੀਲਾ ਹੈ, ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। ਗਲਾਸ ਦੇ ਗੰਦੇ ਪਾਣੀ ਵਿੱਚ ਜੇ ਕਰ ਲਗਾਤਾਰ ਸਾਫ ਪਾਣੀ ਪਾਉਂਦੇ ਰਹੀਏ ਤਾਂ ਉਹ ਵੀ ਹੌਲੀ ਹੌਲੀ ਸ਼ੁਧ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਜੇ ਕਰ ਮੱਤ ਵਿੱਚ ਲਗਾਤਾਰ ਨਾਮੁ ਰੂਪੀ ਸੱਚੀ ਬਾਣੀ ਪਾਉਂਦੇ ਰਹੀਏ ਤਾਂ ਉਹ ਮੱਤ ਵਿਕਾਰ ਰਹਿਤ ਹੋ ਜਾਂਦੀ ਹੈ। ਜਾਂ ਕਹਿ ਲਓ ਕਿ ਜਿਸ ਤਰ੍ਹਾਂ ਬੱਸ ਵਿੱਚ ਸਫਰ ਕਰਨ ਲਈ ਟਿਕਟ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਅਕਾਲ ਪੁਰਖੁ ਦੇ ਦਰ ਤੇ ਜਾਣ ਲਈ ਅਕਾਲ ਪੁਰਖੁ ਦੀ ਨਾਮੁ ਰੂਪੀ ਟਿਕਟ ਦੀ ਲੋੜ ਹੈ।

ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਭਾਵ ਸਾਧ ਸੰਗਤਿ ਵਿੱਚ ਨਾਮੁ ਰੂਪੀ ਅੰਮ੍ਰਿਤ ਬਾਣੀ ਨਾਲ ਇਸ਼ਨਾਨ ਕਰਦੇ ਹਨ, ਉਨ੍ਹਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। ਅਕਾਲ ਪੁਰਖੁ ਦੀ ਨਾਮੁ ਰੂਪੀ ਬਾਣੀ ਨਾਲ ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ। ਪਰੰਤੂ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਵੀਚਾਰ ਕੇ, ਤੇ ਗੁਰੂ ਦੀ ਸਿਖਿਆ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ, ਆਤਮਕ ਜੀਵਨ ਦੇ ਸਾਰੇ ਗੁਣ ਠੀਕ ਠਾਕ ਬਚਾ ਲਏ, ਤਾਂ ਸਮਝੋ ਅਕਾਲ ਪੁਰਖੁ ਨੇ ਉਸ ਦੇ ਹਿਰਦੇ ਅੰਦਰ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ ਹਨ। ਸਾਧ ਸੰਗਤਿ ਵਿੱਚ ਟਿਕਿਆਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ। ਸਾਧ ਸੰਗਤਿ ਦੀ ਬਰਕਤਿ ਨਾਲ ਅਕਾਲ ਪੁਰਖੁ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ। ਜਿਸ ਮਨੁੱਖ ਨੇ ਅਕਾਲ ਪੁਰਖੁ ਦਾ ਨਾਮੁ ਸਿਮਰਿਆ, ਉਸ ਨੇ ਅਕਾਲ ਪੁਰਖੁ ਨੂੰ ਲੱਭ ਲਿਆ, ਜੋ ਕਿ ਸਭ ਦਾ ਮੁੱਢ ਹੈ ਅਤੇ ਜਿਹੜਾ ਸਰਬ ਵਿਆਪਕ ਹੈ।

ਸੋਰਠਿ ਮਹਲਾ ੫ ਘਰੁ ੩ ਦੁਪਦੇ॥ ੴ ਸਤਿਗੁਰ ਪ੍ਰਸਾਦਿ॥ ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥ ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥ ੧॥ ਸਭਿ ਕੁਸਲ ਖੇਮ ਪ੍ਰਭਿ ਧਾਰੇ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ॥ ਰਹਾਉਸਾਧਸੰਗਿ ਮਲੁ ਲਾਥੀ॥ ਪਾਰਬ੍ਰਹਮੁ ਭਇਓ ਸਾਥੀ॥ ਨਾਨਕ ਨਾਮੁ ਧਿਆਇਆ॥ ਆਦਿ ਪੁਰਖ ਪ੍ਰਭੁ ਪਾਇਆ॥ ੨॥ ੧॥ ੬੫॥ (੬੨੫)

ਜੇਹੜਾ ਮਨੁੱਖ ਤੀਰਥਾਂ ਜਾ ਧਾਰਮਕ ਸਥਾਨਾ ਤੇ ਜਾ ਕੇ ਨਿਰਾ ਬਾਹਰਲਾ ਸਰੀਰ ਧੋ ਲੈਂਦਾ ਹੈ, ਤੇ ਅੰਦਰਲਾ ਮਨ ਵਿਕਾਰਾਂ ਨਾਲ ਮੈਲਾ ਹੀ ਰੱਖਦਾ ਹੈ, ਉਹ ਲੋਕ ਤੇ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ, ਭਾਵ ਆਪਣਾ ਵਰਤਮਾਨ ਤੇ ਭਵਿੱਖ ਦੋਵੇਂ ਹੀ ਵਿਅਰਥ ਗਵਾ ਲੈਂਦਾ ਹੈ, ਵਰਤਮਾਨ ਵਿੱਚ ਰਹਿੰਦਿਆਂ ਹੋਇਆ ਉਹ ਕਾਮ ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਭਵਿੱਖ ਵਿੱਚ ਜਾ ਕੇ ਫਿਰ ਉਹ ਮਾਨਸਿਕ ਤੇ ਸਰੀਰਕ ਰੋਗਾ ਕਰਕੇ ਹਟਕੋਰੇ ਲੈ ਲੈ ਕੇ ਰੋਂਦਾ ਰਹਿੰਦਾ ਹੈ। ਗੁਰੂ ਸਾਹਿਬ ਸਮਝਾਦੇ ਹਨ ਕਿ, ਅਕਾਲ ਪੁਰਖੁ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ, ਉਸ ਵਿੱਚ ਕਿਸੇ ਤਰ੍ਹਾਂ ਦਾ ਵਿਖਾਵਾ ਨਹੀਂ ਹੁੰਦਾ ਹੈ। ਜੇਕਰ ਮਨੁੱਖ ਅਕਾਲ ਪੁਰਖੁ ਦਾ ਨਾਮੁ ਨਹੀਂ ਸੁਣਦਾ, ਜੇਕਰ ਨਾਮੁ ਵਲੋਂ ਬੋਲਾ ਰਹਿੰਦਾ ਹੈ ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ, ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ ਹੈ। ਜੇਕਰ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ, ਠੀਕ ਇਸੇ ਤਰ੍ਹਾਂ ਬਾਹਰਲੇ ਕਰਮ ਕਾਂਡ ਕਰਨ ਨਾਲ ਮਨੁੱਖ ਦਾ ਮਨ ਵੱਸ ਵਿੱਚ ਨਹੀਂ ਆਉਂਦਾ।

ਆਸਾ ਮਹਲਾ ੫॥ ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ॥ ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ॥ ੧॥ ਗੋਵਿੰਦ ਭਜਨ ਕੀ ਮਤਿ ਹੈ ਹੋਰਾ॥ ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ॥ ੧॥ ਰਹਾਉ॥ (੩੮੧)

ਗੁਰੂ ਸਾਹਿਬ ਸਮਝਾਦੇ ਹਨ ਕਿ, ਆਪਣੇ ਸਰੀਰ ਨੂੰ ਅਠਾਹਠ ਤੀਰਥ ਅਸਥਾਨਾ ਤੇ ਜਾ ਕੇ ਧੋ ਲੈਣਾਂ ਤੀਰਥ ਇਸ਼ਨਾਨ ਨਹੀਂ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਤੀਰਥ ਵਿੱਚ ਕੀਤਾ ਹੋਇਆ ਆਤਮਕ ਇਸ਼ਨਾਨ ਹੀ ਅਸਲੀ ਇਸ਼ਨਾਨ ਹੈ। ਜਿਸ ਮਨੁੱਖ ਦੀਆਂ ਅੱਖਾਂ ਵਿੱਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ, ਉਹ ਧੂੜ ਉਸ ਦੇ ਅੰਦਰੋਂ ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ। ਭਾਵ ਸਾਧ ਸੰਗਤਿ ਵਿੱਚ ਰਹਿ ਕੇ ਸਿਖੀ ਹੋਈ ਜੀਵਨ ਜਾਚ, ਉਸ ਮਨੁੱਖ ਦੇ ਮਨ ਅੰਦਰੋਂ ਸਾਰੇ ਵਿਕਾਰ ਦੂਰ ਕਰ ਦੇਂਦੀ ਹੈ ਤੇ ਉਸ ਦਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।

ਤੀਰਥਿ ਅਠਸਠਿ ਮਜਨੁ ਨਾਈ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ॥ ੧॥ ਰਹਾਉ॥ (੧੨੬੩)

ਹੇ ਅਕਾਲ ਪੁਰਖੁ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖਣਾ ਹੈ ਤਾਂ ਮੇਰਾ ਇੱਕ ਸ਼ੰਕਾ ਦੂਰ ਕਰ ਦੇ, ਕਿਉਂਕਿ ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿੱਚ ਜੁੜਨ ਨਹੀਂ ਦੇਵੇਗਾ। ਕੀ ਇਹ ਮਨ ਬਲਵਾਨ ਹੈ ਜਾਂ ਇਸ ਤੋਂ ਵਧੀਕ ਬਲਵਾਨ ਉਹ ਅਕਾਲ ਪੁਰਖੁ ਹੈ, ਜਿਸ ਨਾਲ ਇਹ ਮਨ ਪਤੀਜ ਜਾਂਦਾ ਹੈ ਤੇ ਭਟਕਣੋਂ ਹਟ ਜਾਂਦਾ ਹੈ? ਕੀ ਅਕਾਲ ਪੁਰਖੁ ਸਤਿਕਾਰ ਜੋਗ ਹੈ, ਜਾਂ ਉਸ ਤੋਂ ਵਧੀਕ ਸਤਿਕਾਰ ਜੋਗ ਉਹ ਮਹਾਂਪੁਰਖ ਹੈ, ਜਿਸ ਨੇ ਅਕਾਲ ਪੁਰਖੁ ਨੂੰ ਪਛਾਣ ਲਿਆ ਹੈ? ਕੀ ਬ੍ਰਹਮਾ ਵੱਡਾ ਹੈ, ਜਾਂ ਉਸ ਤੋਂ ਵਧੀਕ ਉਹ ਅਕਾਲ ਪੁਰਖੁ ਹੈ, ਜਿਸ ਦਾ ਪੈਦਾ ਕੀਤਾ ਹੋਇਆ ਇਹ ਬ੍ਰਹਮਾ ਹੈ? ਕੀ ਵੇਦ ਆਦਿਕ ਧਰਮ ਪੁਸਤਕਾਂ ਦਾ ਗਿਆਨ ਸਿਰ ਨਿਵਾਉਣ ਜੋਗ ਹੈ ਜਾਂ ਉਹ ਮਹਾਂਪੁਰਖ ਜਿਸ ਤੋਂ ਇਹ ਗਿਆਨ ਮਿਲਿਆ? ਕਬੀਰ ਜੀ ਆਖਦੇ ਹਨ, ਕਿ ਮੇਰੇ ਮਨ ਵਿੱਚ ਇਹ ਸ਼ੱਕ ਉੱਠ ਰਿਹਾ ਹੈ, ਕਿ ਤੀਰਥ ਅਸਥਾਨ ਪੂਜਣ ਜੋਗ ਹੈ ਜਾਂ ਅਕਾਲ ਪੁਰਖੁ ਦਾ ਉਹ ਭਗਤ ਵਧੀਕ ਪੂਜਣ ਜੋਗ ਹੈ, ਜਿਸ ਦਾ ਸਦਕਾ ਉਹ ਤੀਰਥ ਬਣਿਆ।

ਗਉੜੀ॥ ਝਗਰਾ ਏਕੁ ਨਿਬੇਰਹੁ ਰਾਮ॥ ਜਉ ਤੁਮ ਅਪਨੇ ਜਨ ਸੌ ਕਾਮੁ॥ ੧॥ ਰਹਾਉ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ॥ ਰਾਮੁ ਬਡਾ ਕੈ ਰਾਮਹਿ ਜਾਨਿਆ॥ ੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ॥ ਬੇਦੁ ਬਡਾ ਕਿ ਜਹਾਂ ਤੇ ਆਇਆ॥ ੨॥ ਕਹਿ ਕਬੀਰ ਹਉ ਭਇਆ ਉਦਾਸੁ॥ ਤੀਰਥੁ ਬਡਾ ਕਿ ਹਰਿ ਕਾ ਦਾਸੁ॥ ੩॥ ੪੨॥ (੩੩੧)

ਇਸ ਸ਼ਬਦ ਦੁਆਰਾ ਕਬੀਰ ਜੀ ਨੇ ਧਾਰਮਿਕ ਰਸਤੇ ਵਿੱਚ ਵਾਪਰਨ ਵਾਲੇ ਕਈ ਤਰ੍ਹਾਂ ਦੇ ਭੁਲੇਖੇ ਦੂਰ ਕੀਤੇ ਹਨ, ‘ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ’, ਇਹ ਖ਼ਿਆਲ ਮਨੁੱਖ ਨੂੰ ਹਉਮੈ ਵਲ ਲੈ ਜਾਂਦਾ ਹੈ। ਇਸ ‘ਮੈਂ’ ਨੂੰ, ਭਾਵ ਇਸ ‘ਮਨ’ ਨੂੰ ਬੇਅੰਤ ਅਕਾਲ ਪੁਰਖੁ ਵਿੱਚ ਲੀਨ ਕਰਨਾ ਹੀ ਜੀਵਨ ਦਾ ਸਹੀ ਮਾਰਗ ਹੈ। ਅਕਾਲ ਪੁਰਖੁ ਨਾਲ ਮਿਲਾਪ ਤਾਂ ਸੰਭਵ ਹੋ ਸਕੇਗਾ, ਜੇਕਰ ਸਤਿਗੁਰੂ ਅੱਗੇ ਆਪਾ ਵਾਰਿਆ ਜਾਏ। ਸਭ ਦੇਵਤਿਆਂ ਦਾ ਸਿਰਤਾਜ ਤੇ ਸਿਰਜਣਹਾਰ, ਉਹ ਅਕਾਲ ਪੁਰਖੁ ਖੁਦ ਆਪ ਹੀ ਹੈ। ਇਸ ਲਈ ਨਿਰਾ ‘ਗਿਆਨ’ ਹੀ ਕਾਫ਼ੀ ਨਹੀਂ, ਗਿਆਨ ਦੇ ਦਾਤੇ ਸਤਿਗੁਰੂ ਨਾਲ ਪਿਆਰ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਅਸਲੀ ਤੀਰਥ ‘ਸਤਿਗੁਰੂ’ ਹੈ, ਜਿਸ ਨਾਲ ਪਿਆਰ ਕਰਨ ਸਦਕਾ, ਉਹ ਗਿਆਨ ਪ੍ਰਾਪਤ ਹੁੰਦਾ ਹੈ, ਜਿਹੜਾ ਮਨੁੱਖ ਨੂੰ ਅਕਾਲ ਪੁਰਖੁ ਨਾਲ ਜੋੜ ਦੇਂਦਾ ਹੈ।

ਸਤਿਗੁਰ ਦੀ ਸਿਖਿਆ ਅਨੁਸਾਰ ਅਨੇਕਾਂ ਸਿੱਖ ਗੁਰੂ ਅਮਰਦਾਸ ਸਾਹਿਬ ਦੇ ਦੱਸੇ ਮਾਰਗ ਤੇ ਚੱਲਦੇ ਸਨ। ਹਰੇਕ ਖਿਨ ਖਿਨ, ਨਿਮਖ ਨਿਮਖ, ਕਦਮ ਕਦਮ ਤੇ ਹਰ ਰੋਜ਼ ਅਕਾਲ ਪੁਰਖੁ ਦੀ ਭਗਤੀ ਦਾ ਅਵਸਰ ਬਣਿਆ ਰਹਿੰਦਾ ਸੀ। ਸਦਾ ਅਕਾਲ ਪੁਰਖੁ ਦੀ ਭਗਤੀ ਦਾ ਉੱਦਮ ਬਣਿਆ ਰਹਿੰਦਾ ਸੀ, ਤੇ ਬਹੁਤ ਸਾਰੀ ਲੁਕਾਈ ਗੁਰੂ ਅਮਰਦਾਸ ਸਾਹਿਬ ਦਾ ਦਰਸਨ ਕਰਨ ਆਉਂਦੀ ਸੀ। ਜਿਨ੍ਹਾਂ ਵਡਭਾਗੀ ਮਨੁੱਖਾਂ ਨੇ ਸਤਿਗੁਰੂ ਦਾ ਦਰਸਨ ਕੀਤਾ, ਅਕਾਲ ਪੁਰਖੁ ਨੇ ਆਪ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ, ਭਾਵ, ਜਿਹੜੇ ਮਨੁੱਖ ਸਤਿਗੁਰ ਗੁਰੂ ਦਾ ਦਰਸਨ ਕਰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖੁ ਆਪਣੇ ਨਾਲ ਮਿਲਾ ਲੈਂਦਾ ਹੈ। ਬਹੁਤ ਸਾਰੀ ਲੁਕਾਈ ਤੀਰਥਾਂ ਉਤੇ ਇਕੱਠੀ ਹੁੰਦੀ ਸੀ, ਤੇ ਉਨ੍ਹਾਂ ਨੂੰ ਗ਼ਲਤ ਰਸਤੇ ਤੋਂ ਬਚਾਣ ਲਈ ਤੇ ਉਨ੍ਹਾਂ ਦਾ ਉਧਾਰ ਕਰਨ ਲਈ ਸਤਿਗੁਰੂ ਨੇ ਤੀਰਥਾਂ ਉਤੇ ਜਾਣ ਦਾ ਉੱਦਮ ਕੀਤਾ ਸੀ। ਜਿਥੇ ਵੀ ਗੁਰੂ ਅਮਰਦਾਸ ਸਾਹਿਬ ਜਾਂਦੇ ਸੀ, ਉਨ੍ਹਾਂ ਦੇ ਨਾਲ ਬਹੁਤ ਸਾਰੇ ਸਿੱਖ ਉਸ ਲੰਮੇ ਪੈਂਡੇ ਵਿੱਚ ਉਨ੍ਹਾਂ ਨਾਲ ਜਾਂਦੇ ਸਨ, ਤੇ ਸਤਿਗੁਰ ਦੀ ਸਿਖਿਆ ਅਨੁਸਾਰ ਅਨੇਕਾਂ ਸਿੱਖ ਗੁਰੂ ਅਮਰਦਾਸ ਸਾਹਿਬ ਦੇ ਦੱਸੇ ਮਾਰਗ ਤੇ ਚੱਲਦੇ ਸਨ।

ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ॥ ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ॥ ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ॥ ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ॥ ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ॥ ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ॥ ੨॥ (੧੧੧੬)

ਜੇਕਰ ਲੋਕ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਲਈ ਤੁਰ ਪਏ ਅਤੇ ਸਰੀਰ ਵਿੱਚ ਕਾਮਾਦਿਕ ਚੋਰ ਵੀ ਉਸੇ ਤਰ੍ਹਾਂ ਟਿਕੇ ਰਹੇ, ਤਾਂ ਅਜੇਹੇ ਨ੍ਹਾਉਣ ਦੀ ਕੀ ਲਾਭ ਹੈ। ਤੀਰਥਾਂ ਤੇ ਨ੍ਹਾਉਣ ਨਾਲ ਇੱਕ ਹਿੱਸਾ, ਭਾਵ ਸਰੀਰ ਦੀ ਬਾਹਰਲੀ ਮੈਲ ਤਾਂ ਲਹਿ ਗਈ, ਪਰੰਤੂ ਮਨ ਵਿੱਚ ਹੰਕਾਰ ਆਦਿਕ ਦੀ ਦੂਣੀ ਮੈਲ ਹੋਰ ਚੜ੍ਹ ਗਈ, ਕਿ ਮੈਂ ਕਈ ਤੀਰਥਾਂ ਤੇ ਇਸ਼ਨਾਨ ਕਰ ਆਇਆ ਹਾਂ। ਅਜੇਹੇ ਮਨੁੱਖਾਂ ਦਾ ਤੁੰਮੀ ਵਾਲਾ ਹਾਲ ਹੀ ਹੋਇਆ, ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ, ਭਾਵ ਕੌੜੱਤਣ ਉਸੇ ਤਰ੍ਹਾਂ ਹੀ ਟਿਕੀ ਰਹੀ। ਗੁਰੂ ਸਾਹਿਬ ਸਮਝਾਦੇ ਹਨ ਕਿ, ਭਲੇ ਮਨੁੱਖ ਤੀਰਥਾਂ ਤੇ ਨ੍ਹਾਉਣ ਤੋਂ ਬਿਨਾ ਹੀ ਚੰਗੇ ਹਨ, ਤੇ ਚੋਰ ਤੀਰਥਾਂ ਤੇ ਨਹ੍ਹਾ ਕੇ ਵੀ ਚੋਰ ਹੀ ਰਹਿੰਦੇ ਹਨ।

ਮਃ ੧॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥ ੨॥ (੭੮੯)

ਕਈ ਲੋਕ ਬਾਹਰੋਂ ਤਾਂ ਧਾਰਮਿਕ ਕਰਮ ਕਰਨ ਵਾਲੇ ਦਿੱਸਦੇ ਹਨ, ਪਰੰਤੂ ਮਨ ਵਿੱਚ ਵਿਕਾਰਾਂ ਦੀ ਮੈਲ ਨਾਲ ਭਰੇ ਹੋ ਸਕਦੇ ਹਨ, ਅਜੇਹੇ ਲੋਕ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ। ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਤੇ ਮਨ ਅੰਦਰੋਂ ਵਿਕਾਰੀ ਹੋਣ, ਉਨ੍ਹਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ, ਜਿਵੇਂ ਕੋਈ ਜੁਆਰੀਆ ਜੂਏ ਵਿੱਚ ਧਨ ਹਾਰ ਕੇ ਆਉਂਦਾ ਹੈ। ਉਨ੍ਹਾਂ ਨੂੰ ਅੰਦਰੋ ਅੰਦਰ ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, ਮਾਇਆ ਦੇ ਲਾਲਚ ਵਿੱਚ ਮੌਤ ਨੂੰ ਉਨ੍ਹਾਂ ਨੇ ਭੁਲਾਇਆ ਹੁੰਦਾ ਹੈ। ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਦਿੱਸਣ ਵਾਸਤੇ ਅਜੇਹੇ ਲੋਕ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਾਰਮਿਕ ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ ਵੇਦ ਆਦਿਕ ਧਾਰਮਿਕ ਪੁਸਤਕਾਂ ਵਿੱਚ ਜੋ ਅਕਾਲ ਪੁਰਖੁ ਦਾ ਨਾਮੁ ਜਪਣ ਦਾ ਉੱਤਮ ਉਪਦੇਸ਼ ਹੈ, ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਜਗਤ ਵਿੱਚ ਵਿਚਰਦੇ ਰਹਿੰਦੇ ਹਨ, ਤੇ ਅਸਲੀ ਜੀਵਨ ਦੀ ਜਾਚ ਤੋਂ ਖੁੰਝੇ ਰਹਿੰਦੇ ਹਨ। ਗੁਰੂ ਸਾਹਿਬ ਸਮਝਾਦੇ ਹਨ ਕਿ, ਜਿਨ੍ਹਾਂ ਨੇ ਅਕਾਲ ਪੁਰਖੁ ਦੇ ਸੱਚੇ ਨਾਮੁ ਨੂੰ ਛੱਡਿਆ ਹੋਇਆ ਹੈ, ਤੇ ਜਿਹੜੇ ਵਿਕਾਰਾਂ ਵਿੱਚ ਫਸੇ ਹੋਏ ਹਨ, ਉਨ੍ਹਾਂ ਨੇ ਆਪਣੀ ਜੀਵਨ ਦੀ ਖੇਡ ਜੂਏ ਵਿੱਚ ਹਾਰ ਲਈ ਸਮਝੋ।

ਜੀਅਹੁ ਮੈਲੇ ਬਾਹਰਹੁ ਨਿਰਮਲ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ॥ ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ॥ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ॥ ੧੯॥ (੯੧੯)

ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਨਾਲ ਮਨ ਵਿੱਚ ਵਿਕਾਰਾਂ ਦੀ ਮੈਲ ਉਸੇ ਤਰ੍ਹਾਂ ਟਿਕੀ ਰਹਿੰਦੀ ਹੈ, ਤੇ ਮਨ ਨੂੰ ਮਾਇਆ ਦੇ ਮੋਹ ਦਾ ਰੋਗ ਚੰਬੜਿਆ ਰਹਿੰਦਾ ਹੈ। ਫਿਰ ਜਿੱਥੇ ਰੋਗ ਹੈ, ਉਥੇ ਆਨੰਦ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਸੱਚੇ ਨਾਮੁ ਨੂੰ ਸਦਾ ਚੇਤੇ ਕਰਦੇ ਰਹੋ। ਇਹੀ ਹੈ ਮਨ ਦੀ ਅਰੋਗਤਾ ਦਾ ਅਸਲੀ ਵਸੀਲਾ, ਤੇ ਆਤਮਕ ਆਨੰਦ ਹਾਸਲ ਕਰਨ ਵਾਲਾ ਮਾਰਗ।

ਹੇ ਪਖੰਡੀ ਮਨੁੱਖ! ਤੇਰੇ ਮਨ ਵਿੱਚ ਤਾਂ ਠੱਗੀ ਹੈ, ਪਰੰਤੂ ਤੂੰ ਮੂੰਹੋਂ ਬ੍ਰਹਮ ਗਿਆਨ ਦੀਆਂ ਗੱਲਾਂ ਕਰ ਰਿਹਾ ਹੈ। ਤੈਨੂੰ ਇਸ ਤਰ੍ਹਾਂ ਪਾਣੀ ਰਿੜਕਣ ਨਾਲ ਕੋਈ ਲਾਭ ਨਹੀਂ ਹੋ ਸਕਦਾ। ਜੇਕਰ ਹਿਰਦੇ ਵਿੱਚ ਕੂੜ ਕਪਟ ਦੀ ਮੈਲ ਭਰੀ ਹੋਈ ਹੈ, ਤਾਂ ਇਸ ਤਰ੍ਹਾਂ ਆਪਣੇ ਸਰੀਰ ਨੂੰ ਬਾਹਰੋ ਮਾਂਜਣ ਦਾ ਕੋਈ ਫ਼ਾਇਦਾ ਨਹੀਂ। ਲੋੜ ਹੈ ਆਪਣੇ ਆਪ ਨੂੰ ਅੰਦਰੋਂ ਸਾਫ ਕਰਨ ਦੀ, ਮਨ ਵਿਚੋਂ ਵਿਕਾਰ ਕੱਡਣ ਦੀ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਣਾ ਇੱਕ ਧੋਖਾ ਹੈ। ਜੇਕਰ ਲਉਕੀ ਅਠਾਹਠ ਤੀਰਥਾਂ ਉੱਤੇ ਵੀ ਇਸ਼ਨਾਨ ਕਰ ਲਏ, ਤਾਂ ਵੀ ਉਸ ਦੀ ਅੰਦਰਲੀ ਕੁੜੱਤਣ ਦੂਰ ਨਹੀਂ ਹੁੰਦੀ। ਇਸ ਅੰਦਰਲੀ ਮੈਲ ਨੂੰ ਦੂਰ ਕਰਨ ਲਈ ਕਬੀਰ ਜੀ ਤਾਂ ਸੋਚ ਵਿਚਾਰ ਕੇ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਦੇ ਹਨ, ਕਿ ਹੇ ਅਕਾਲ ਪੁਰਖੁ! ਤੂੰ ਮੈਨੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਲੈ। ਇਸ ਸਬਦ ਵਿੱਚ ਕਬੀਰ ਜੀ ਇਹੀ ਸਮਝਾਦੇ ਹਨ ਕਿ, ਮਨ ਦੀ ਮੈਲ ਤੀਰਥ ਇਸ਼ਨਾਨ ਜਾਂ ਗਿਆਨ ਚਰਚਾ ਕਰਨ ਨਾਲ ਦੂਰ ਨਹੀਂ ਹੁੰਦੀ, ਇਸ ਦਾ ਇਲਾਜ ਇੱਕੋ ਹੀ ਹੈ, ਕਿ ਨਿਮਾਣੇ ਹੋ ਕੇ ਅਕਾਲ ਪੁਰਖੁ ਦੇ ਦਰ ਤੇ ਢਹਿ ਪੈਣਾ ਹੈ।

ਹ੍ਰਿਦੈ ਕਪਟੁ ਮੁਖ ਗਿਆਨੀ॥ ਝੂਠੇ ਕਹਾ ਬਿਲੋਵਸਿ ਪਾਨੀ॥ ੧॥ ਕਾਂਇਆ ਮਾਂਜਸਿ ਕਉਨ ਗੁਨਾਂ॥ ਜਉ ਘਟ ਭੀਤਰਿ ਹੈ ਮਲਨਾਂ॥ ੧॥ ਰਹਾਉਲਉਕੀ ਅਠਸਠਿ ਤੀਰਥ ਨਾੑਈ॥ ਕਉਰਾਪਨੁ ਤਊ ਨ ਜਾਈ॥ ੨॥ ਕਹਿ ਕਬੀਰ ਬੀਚਾਰੀ॥ ਭਵ ਸਾਗਰੁ ਤਾਰਿ ਮੁਰਾਰੀ॥ ੩॥ ੮॥ (੬੫੬)

ਜਿਹੜੇ ਮਨੁੱਖ ਸਵੇਰੇ ਤੇ ਸ਼ਾਮ ਨੂੰ, ਭਾਵ, ਦੋਵੇਂ ਵੇਲੇ ਨਿਰਾ ਇਸ਼ਨਾਨ ਹੀ ਕਰਦੇ ਹਨ ਤੇ ਆਪਣੇ ਆਪ ਨੂੰ ਸਮਝਦੇ ਹਨ, ਕਿ ਅਸੀਂ ਪਵਿੱਤਰ ਹੋ ਗਏ ਹਾਂ, ਤਾਂ ਉਹ ਇਉਂ ਹਨ, ਜਿਵੇਂ ਪਾਣੀ ਵਿੱਚ ਡੱਡੂ ਵੱਸ ਰਹੇ ਹਨ, ਕਿਉਂਕਿ ਡੱਡੂ ਵੀ ਦਿਨ ਵਿੱਚ ਕਈ ਵਾਰੀ ਇਸ਼ਨਾਨ ਕਰਦੇ ਰਹਿੰਦੇ ਹੈ। ਪਰੰਤੂ ਜੇਕਰ ਉਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਪਿਆਰ ਨਹੀਂ ਹੈ, ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।

ਗਉੜੀ ਕਬੀਰ ਜੀ॥ ਸੰਧਿਆ ਪ੍ਰਾਤ ਇਸ˜ਾਨੁ ਕਰਾਹੀ॥ ਜਿਉ ਭਏ ਦਾਦੁਰ ਪਾਨੀ ਮਾਹੀ॥ ੧॥ ਜਉ ਪੈ ਰਾਮ ਰਾਮ ਰਤਿ ਨਾਹੀ॥ ਤੇ ਸਭਿ ਧਰਮ ਰਾਇ ਕੈ ਜਾਹੀ॥ ੧॥ ਰਹਾਉ॥ (੩੨੪)

ਤੀਰਥਾਂ ਤੇ ਇਸ਼ਨਾਨ, ਕਈ ਤਰ੍ਹਾਂ ਦੇ ਭੇਖ, ਵੇਦ ਆਦਿਕ ਧਰਮਿਕ ਪੁਸਤਕਾਂ ਦੇ ਨਿਰੇ ਪਾਠ, ਅਜਿਹਾ ਕੋਈ ਕਰਮ ਵੀ ਸੱਚਾ ਸੁਖ ਨਹੀਂ ਦੇ ਸਕਦਾ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਪਿਆਰ ਨਹੀਂ, ਉਸ ਨੇ ਜਮਾਂ ਦੇ ਹੀ ਵੱਸ ਪੈਣਾ ਹੈ। ਅਸਲੀ ਉੱਦਮ ਉਹ ਹੈ, ਕਿ ਪੰਜੇ ਵਿਕਾਰਾਂ ਤੇ ਕਾਬੂ ਕਰਕੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਈਏ ਅਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਜੀਵਨ ਬਤੀਤ ਕਰੀਏ।

ਉਸ ਗੁਰੂ ਦੇ ਚਰਨਾਂ ਦਾ ਧਿਆਨ ਹੀ ਜਿੰਦ ਵਾਸਤੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹਨ, ਜਿਸ ਗੁਰੂ ਨੇ ਆਪਣੀ ਸਰਨ ਵਿੱਚ ਆਏ ਮਨੁੱਖ ਨੂੰ ਇੱਕ ਛਿਨ ਵਿੱਚ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਦਿੱਤਾ। ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ, ਤੇ ਕੋਈ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ, ਪਰੰਤੂ ਅਕਾਲ ਪੁਰਖੁ ਦੇ ਦਾਸਾਂ ਨੇ ਸਦਾ ਅਕਾਲ ਪੁਰਖੁ ਦਾ ਨਾਮੁ ਹੀ ਧਿਆਇਆ ਹੈ। ਗੁਰੂ ਸਾਹਿਬ ਸਮਝਾਦੇ ਹਨ ਕਿ, ਦਾਸ ਨਾਨਕ ਵੀ ਉਸ ਅਕਾਲ ਪੁਰਖੁ ਦਾ ਨਾਮੁ ਸਿਮਰਦਾ ਹੈ, ਜਿਹੜਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੀਵਾਂ ਦੇ ਮਾਇਆ ਦੇ ਬੰਧਨ ਕੱਟਣ ਦੀ ਸਮਰਥਾ ਰੱਖਦਾ ਹੈ।

ਧਨਾਸਰੀ ਮਹਲਾ ੫॥ ਗੁਰ ਕੇ ਚਰਨ ਜੀਅ ਕਾ ਨਿਸਤਾਰਾ॥ ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ॥ ੧॥ ਰਹਾਉ॥ ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ॥ ਦਾਸੰØੀ ਹਰਿ ਕਾ ਨਾਮੁ ਧਿਆਇਆ॥ ੧॥ ਬੰਧਨ ਕਾਟਨਹਾਰੁ ਸੁਆਮੀ॥ ਜਨ ਨਾਨਕੁ ਸਿਮਰੈ ਅੰਤਰਜਾਮੀ॥ ੨॥ ੩॥ ੫੭॥ (੬੮੪)

ਭਗਤ ਕਬੀਰ ਜੀ ਸਮਝਾਦੇ ਹਨ ਕਿ, ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ! ਉਹ ਮੇਰਾ ਸਾਈਂ ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ ਮੇਰੇ ਉਤੇ ਗੁੱਸੇ ਹੋਇਆ ਤੇ ਆਖਣ ਲੱਗਾ ਕਿ ਮੈਂ ਤਾਂ ਇਹ ਹੁਕਮ ਦਿੱਤਾ ਹੀ ਨਹੀਂ ਸੀ, ਕਿ ਤੂੰ ਮੇਰੇ ਨਾਂ ਤੇ ਗਾਂ ਆਦਿਕ ਦੀ ਕੁਰਬਾਨੀ ਦੇਵੇਂਗਾ, ਤੇ ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ। ਹੇ ਸਾਈਂ! ਮੈਂ ਕਈ ਵਾਰੀ, ਤੇਰੇ ਘਰ ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ, ਪਰੰਤੂ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿੱਚ ਤੂੰ ਕੀ ਖ਼ਤਾ ਵੇਖ ਰਿਹਾ ਹੈਂ? ਜੋ ਹੱਜ ਅਤੇ ਕੁਰਬਾਨੀ ਨਾਲ ਵੀ ਮੈਂ ਬਖ਼ਸ਼ਿਆ ਨਹੀਂ ਗਿਆ? ਇਹ ਧਿਆਨ ਵਿੱਚ ਰੱਖਣਾ ਹੈ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਉਹ ਹਿੰਦੂ ਜੁਲਾਹਾ ਸਨ। ਸੋ ਉਨ੍ਹਾਂ ਨੂੰ ਹੱਜ ਤੇ ਜਾਣ ਦੀ ਕੋਈ ਲੋੜ ਨਹੀਂ ਸੀ, ਕਿਸੇ ਹੋਰ ਦੀ ਉਕਾਈ ਨੂੰ ਯਕੀਨੀ ਤੌਰ ਤੇ ਤਸੱਲੀ ਨਾਲ ਸਮਝਾਣ ਲਈ ਇਹ ਇੱਕ ਤਰੀਕਾ ਹੈ ਕਿ ਆਪਣੇ ਆਪ ਨੂੰ ਵੀ ਉਹੀ ਕੰਮ ਕਰਦਾ ਜ਼ਾਹਰ ਕੀਤਾ ਜਾਂਦਾ ਹੈ। ਭਗਤ ਕਬੀਰ ਜੀ ਇਨ੍ਹਾਂ ਦੋਵਾਂ ਸਲੋਕਾਂ ਵਿੱਚ ਸਮਝਾਦੇ ਹਨ, ਕਿ ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ। ਲੋਕ ਧੱਕਾ ਕਰ ਕੇ ਗਾਂ ਆਦਿਕ ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ, ਕਿ ਇਹ ਜ਼ਬਹ ਕੀਤਾ ਹੋਇਆ ਮਾਸ ਖ਼ੁਦਾ ਦੇ ਨਾਮੁ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ, ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ ਇਨ੍ਹਾਂ ਲੋਕਾਂ ਪਾਸੋਂ ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਨ੍ਹਾਂ ਦਾ ਕੀ ਹਾਲ ਹੋਵੇਗਾ? ਕਿਉਂਕਿ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ। ਇਹ ਧਿਆਨ ਵਿੱਚ ਰੱਖਣਾ ਹੈ, ਕਿ ਇਥੇ ਮਾਸ ਖਾਣ ਜਾਂ ਨਾ ਖਾਣ ਤੇ ਬਹਸ ਨਹੀਂ ਹੋ ਰਹੀ ਹੈ। ਕਬੀਰ ਜੀ ਸਿਰਫ਼ ਇਹ ਆਖਦੇ ਹਨ ਕਿ ਕੁਰਬਾਨੀ ਦੇਣ ਵਾਲੇ ਖਾ ਪੀ ਤਾਂ ਆਪ ਹੀ ਜਾਂਦੇ ਹਨ, ਪਰ ਫ਼ਰਜ਼ ਇਹ ਕਰ ਲੈਂਦੇ ਹਨ, ਕਿ ਖ਼ੁਦਾ ਦੇ ਅੱਗੇ ਭੇਟ ਕੀਤਾ ਗਿਆ ਹੈ, ਤੇ ਖ਼ੁਦਾ ਨੇ ਸਾਡੇ ਪਾਪ ਬਖ਼ਸ਼ ਦਿੱਤੇ ਹਨ। ਖ਼ੁਦਾ ਨੂੰ ਖ਼ੁਸ਼ ਕਰਨ ਦੀ ਥਾਂ, ਇਹ ਤਾਂ ਉਸ ਨੂੰ ਸਗੋਂ ਨਾਰਾਜ਼ ਕਰਨ ਵਾਲੀ ਗੱਲ ਹੈ। ਜੋ ਵੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ, ਜ਼ੁਲਮ ਕਰਦਾ ਹੈ ਤਾਂ ਜ਼ੁਲਮ ਦਾ ਲੇਖਾ ਖ਼ੁਦਾ ਮੰਗਦਾ ਹੈ। ਕੀਤੇ ਗੁਨਾਹਾਂ ਨੂੰ ‘ਕੁਰਬਾਨੀ’ ਦੇ ਕੇ ਧੋਤਾ ਨਹੀਂ ਜਾ ਸਕਦਾ। ਉਹ ਖ਼ੁਦਾ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ, ਜੇਕਰ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ।

ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿੑ ਫੁਰਮਾਈ ਗਾਇ॥ ੧੯੭॥ ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ॥ ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ॥ ੧੯੮॥ (੧੩੭੫)

ਬਾਬਾ ਫਰੀਦ ਜੀ ਸਮਝਾਦੇ ਹਨ ਕਿ, ਹਰੇਕ ਜੰਗਲ ਨੂੰ ਗਾਹਣ ਦਾ ਕੀ ਲਾਭ ਹੈ? ਜੰਗਲ ਵਿੱਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਰੱਬ ਤਾਂ ਤੇਰੇ ਹਿਰਦੇ ਵਿੱਚ ਵੱਸਦਾ ਹੈ, ਜੰਗਲ ਵਿੱਚ ਭਾਲਣ ਦਾ ਕੀ ਫ਼ਾਇਦਾ? ਇਨ੍ਹਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਜਵਾਨੀ ਵੇਲੇ ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ ਹਾਂ, ਪਰੰਤੂ ਅੱਜ ਬੁਢੇਪੇ ਵਿੱਚ ਮੈਨੂੰ ਇਹ ਥੋੜੀ ਦੂਰ ਪਿਆ ਹੋਇਆ ਲੋਟਾ ਵੀ ਸੌ ਕੋਹ ਦੂਰੀ ਦੀ ਤਰ੍ਹਾਂ ਲਗ ਰਿਹਾ ਹੈ। ਫਰੀਦ ਜੀ ਚਿਤਾਵਨੀ ਦੇ ਸਮਝਾਦੇ ਹਨ, ਕਿ ਬੰਦਗੀ ਦਾ ਵੇਲਾ ਵੀ ਜੁਆਨੀ ਦਾ ਹੀ ਹੈ, ਜਦੋਂ ਸਰੀਰ ਕੰਮ ਕਾਜ ਕਰ ਸਕਦਾ ਹੈ। ਜੇਕਰ ਜੁਆਨੀ ਵਿੱਚ ਹੁਕਮੁ ਤੇ ਰਜਾ ਅਨੁਸਾਰ ਚੱਲਾਂਗੇ ਤਾਂ ਬੁਢੇਪਾ ਆਪਣੇ ਆਪ ਸੁਖਾਲਾ ਹੋ ਜਾਵੇਗਾ।

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ ੧੯॥ ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿੑ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ ੨੦॥ (੧੩੭੮)

ਆਮ ਵੇਖਣ ਵਿੱਚ ਆਉਂਦਾ ਹੈ ਕਿ ਕਈ ਮਨੁੱਖ ਸਤਿਗੁਰ ਦੇ ਸੱਚੇ ਤੀਰਥ ਨੂੰ ਛੱਡ ਕੇ ਅਠਾਹਠ ਤੀਰਥਾਂ ਤੇ ਨਾਵਣ ਲਈ ਜਾਂਦੇ ਹਨ। ਉਥੇ ਬਗਲੇ ਦੀ ਤਰ੍ਹਾਂ ਅੱਖਾਂ ਮੀਟ ਕੇ ਦਿਖਾਵੇ ਕਰਨ ਲਈ ਸਮਾਧੀ ਲਾਉਂਦੇ ਹਨ। ਜਿਸ ਤਰ੍ਹਾਂ ਬਗਲਾ ਪਾਣੀ ਵਿੱਚ ਮੱਛੀਆਂ ਨੂੰ ਘੁਟ ਘੁਟ ਕੇ ਫੜਦਾ ਤੇ ਖਾਂਦਾ ਹੈ, ਉਸੇ ਤਰ੍ਹਾਂ ਅਜੇਹੇ ਮਨੁੱਖ ਆਮ ਜਨਤਾ ਨੂੰ ਧੋਖੇ ਨਾਲ ਲੁਟਦੇ ਹਨ ਤੇ ਉਨ੍ਹਾਂ ਦਾ ਖੂਨ ਚੂਸਦੇ ਹਨ। ਜਿਸ ਤਰ੍ਹਾਂ ਹਾਥੀ ਨੂੰ ਪਾਣੀ ਨਾਲ ਨ੍ਹਾਉਣ ਤੋਂ ਬਾਅਦ, ਉਹ ਬਾਹਰ ਨਿਕਲ ਕੇ ਆਪਣੇ ਸਰੀਰ ਉਪਰ ਖੇਹ ਉਡਾ ਕੇ ਪਾਂਦਾ ਹੈ, ਤੀਰਥਾਂ ਤੇ ਜਾਣ ਵਾਲਿਆਂ ਦਾ ਵੀ ਉਹੀ ਹਾਲ ਹੈ, ਉਹ ਤੀਰਥਾਂ ਤੇ ਜਾ ਕੇ ਇੱਕ ਪਾਪ ਨੂੰ ਤਾਂ ਉਤਾਰ ਲਿਆ ਸਮਝਦੇ ਹਨ, ਤੇ ਆਪਣੇ ਅੰਦਰ ਹੋਰ ਹੰਕਾਰ ਪੈਦਾ ਕਰਨ ਦੇ ਨਾਲ ਨਾਲ, ਹੋਰ ਕਈ ਪਾਪ ਚੜ੍ਹਾ ਲੈਂਦੇ ਹਨ। ਜਿਸ ਤਰ੍ਹਾਂ ਨਦੀ ਦੇ ਪਾਣੀ ਵਿੱਚ ਤੂੰਬੜੀ ਡੁਬਦੀ ਨਹੀਂ ਤੇ ਉਸ ਦੀ ਕੁੜੱਤਣ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ, ਠੀਕ ਉਸੇ ਤਰ੍ਹਾਂ ਤੀਰਥ ਮਨੁੱਖ ਦੇ ਮਨ ਅੰਦਰ ਪਾਪਾ ਦੇ ਨਾਲ ਭਰੇ ਹੋਏ ਜਹਿਰ ਨੂੰ ਦੂਰ ਨਹੀਂ ਕਰ ਸਕਦੇ। ਪੱਥਰ ਨੂੰ ਪਾਣੀ ਵਿੱਚ ਜਿੰਨਾਂ ਚਿਰ ਮਰਜੀ ਪਿਆ ਰਹਿੰਣ ਦਿਓ, ਉਸ ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਹੈ, ਪੱਥਰ ਉਸੇ ਤਰ੍ਹਾਂ ਕਠੋਰ ਹੀ ਰਹਿੰਦਾ ਹੈ। ਠੀਕ ਇਸੇ ਤਰ੍ਹਾਂ ਤੀਰਥਾਂ ਤੇ ਜਾਣ ਨਾਲ ਮਨੁੱਖ ਦਾ ਕਠੋਰ ਮਨ ਭਿਜ ਨਹੀਂ ਸਕਦਾ। ਕਰਮ ਕਾਂਡਾਂ ਦੇ ਭੰਭਲ ਭੂਸਿਆਂ ਵਿੱਚ ਪਏ ਹੋਏ ਮਨਮੁਖ ਦੇ ਭਰਮ ਦੂਰ ਨਹੀਂ ਹੁੰਦੇ, ਤੇ ਉਹ ਇਧਰ ਉਧਰ ਭਰਮਾਂ ਵਿੱਚ ਭੌਦਾ ਰਹਿੰਦਾ ਹੈ। ਭਾਈ ਗੁਰਦਾਸ ਜੀ ਸਮਝਾਦੇ ਹਨ, ਕਿ ਪੂਰੇ ਗੁਰੂ ਤੋਂ ਬਿਨਾਂ ਮਨੁੱਖ ਦੇ ਮਨ ਅੰਦਰੋਂ ਵਿਕਾਰਾ ਦੀ ਮੈਲ ਨਹੀਂ ਉਤਰ ਸਕਦੀ ਤੇ ਉਸ ਦਾ ਪਾਰ ਉਤਾਰਾ ਨਹੀਂ ਹੋ ਸਕਦਾ।

ਸਤਿਗੁਰ ਤੀਰਥ ਛਡਕੈ ਅਠਸਠਿ ਤੀਰਥ ਨਾਵਣ ਜਾਹੀਂ॥ ਬਗਲ ਸਮਾਧ ਲਗਾਇਕੇ ਜਿਉਂ ਜਲ ਜੰਤਾਂ ਘੁਟ ਘੁਟ ਖਾਹੀਂ॥ ਹਸਤੀ ਨੀਰ ਨਵਾਲੀਅਨਿ ਬਾਹਰ ਨਿਕਲ ਖੇਹ ਉਡਾਹੀਂ॥ ਨਦੀ ਨ ਡੁਬੈ ਤੂੰਬੜੀ ਤੀਰਥ ਵਿਸ ਨਿਵਾਰੈ ਨਾਹੀਂ॥ ਪੱਥਰ ਨੀਰ ਪਖਾਲੀਐ ਚਿੱਤ ਕਠੋਰ ਨ ਭਿਜੈ ਕਾਹੀਂ॥ ਮਨਮੁਖ ਭਰਮ ਨ ਉਤਰੈ ਭੰਭਲ ਭੂਸੇ ਖਾਇ ਭਵਾਹੀਂ॥ ਗੁਰ ਪੂਰੇ ਵਿਣ ਪਾਰ ਨ ਪਾਹੀਂ॥ ੧੦॥ (੧੫-੧੦-੭)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

Top Brief Conclusion

  • ਜੇਕਰ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੁੱਚ ਰੱਖੀ ਜਾਵੇ, ਤਾਂ ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮਨ ਦੀ ਸੁੱਚ ਨਹੀਂ ਹੋ ਸਕਦੀ। ਅਕਾਲ ਪੁਰਖੁ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੇ ਹੁਕਮੁ ਤੇ ਰਜ਼ਾ ਵਿੱਚ ਚੱਲੇ। ਸਿੱਖ ਧਰਮ ਦਾ ਮੁਢਲਾ ਸਿਧਾਂਤ ਵੀ "ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ", ਹੀ ਹੈ, ਜਿਸ ਦਾ ਜਿਕਰ ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਤੇ ਗੁਰੂ ਗਰੰਥ ਸਾਹਿਬ ਦੇ ਆਰੰਭ ਵਿੱਚ ਹੀ ਕਰ ਦਿਤਾ ਹੈ।
  • ਜਿਹੜੇ ਮਨੁੱਖ ਮਨ ਅੰਦਰੋਂ ਤਾਂ ਝੂਠੇ ਹਨ, ਪਰੰਤੂ ਬਾਹਰੋ ਝੂਠੀ ਇੱਜ਼ਤ ਬਣਾਈ ਰੱਖਦੇ ਹਨ, ਤੇ ਜਗਤ ਵਿੱਚ ਵਿਖਾਵਾ ਕਰਦੇ ਰਹਿੰਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰ ਲੈਂਣ, ਤਾਂ ਵੀ ਉਨ੍ਹਾਂ ਦੇ ਮਨ ਵਿਚਲੀ ਵਿਕਾਰਾਂ ਦੀ ਮੈਲ ਕਦੇ ਨਹੀਂ ਉਤਰਦੀ।
  • ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਗੁਰਬਾਣੀ ਅਨੁਸਾਰ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰ ਲੈਂਣ ਨਾਲ, ਮਨ ਵਿਚਲੀ ਵਿਕਾਰਾਂ ਦੀ ਮੈਲ ਕਦੇ ਨਹੀਂ ਉਤਰਦੀ ਤਾਂ ਫਿਰ ਸਿੱਖਾਂ ਦਾ ਪੰਜ ਤਖਤਾਂ ਜਾਂ ਬਹੁਤ ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰਨ ਨਾਲ ਜਾਂ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਕਿਸ ਤਰ੍ਹਾਂ ਉਤਰ ਸਕਦੀ ਹੈ?
  • ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਤਰੀਕੇ ਦੀ ਰਵਾਇਤ ਪ੍ਰਵਾਨ ਨਹੀਂ ਕੀਤੀ ਹੈ ਤੇ ਨਾ ਹੀ ਕਿਸੇ ਤੀਰਥ ਅਸਥਾਨ ਤੇ ਜਾ ਕੇ ਇਸ਼ਨਾਨ ਕਰਨਾ ਪ੍ਰਵਾਨ ਕੀਤਾ ਹੈ, ਬਲਕਿ ਗੁਰਸਿਖ ਵਾਸਤੇ ਤੀਰਥ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਸਪੱਸ਼ਟ ਤੌਰ ਤੇ ਕਹਿ ਦਿੱਤਾ ਕਿ ਤੀਰਥੁ, ਅਕਾਲ ਪੁਰਖੁ ਦਾ ਨਾਮੁ ਹੀ ਹੈ, ਤੇ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਟਿਕਾਣਾ ਹੀ ਅਸਲੀ ਤੀਰਥੁ ਇਸ਼ਨਾਨ ਹੈ।
  • ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਵਿੱਚ ਵੱਖ ਵੱਖ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰਨ ਦੇ ਜਾਂ ਯਾਤਰਾ ਕਰਨ ਦੇ ਕਈ ਬੋਰਡ ਮਿਲਣਗੇ, ਪਰ ਨਾਮੁ ਦੇ ਇਸ਼ਨਾਨ ਕਰਨ ਦਾ ਕਿਤੇ ਕੋਈ ਬੋਰਡ ਨਹੀਂ ਮਿਲੇਗਾ, "ਤੀਰਥੁ ਨਾਮੁ ਹੈ"। ਖਾਲੀ ਵਾਹਿਗੁਰੂ ਵਾਹਿਗੁਰੂ ਦਾ ਰਟਨ ਕਰਵਾਉਂਣ ਵਾਲੇ ਤਾਂ ਬਹੁਤ ਮਿਲਣਗੇ, ਪਰੰਤੂ, "ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ" ਦੀ ਵੀਚਾਰ ਕਰਨ ਵਾਲਾ ਕੋਈ ਵਿਰਲਾ ਹੀ ਮਿਲੇਗਾ।
  • ਗੁਰਬਾਣੀ ਅਨੁਸਾਰ ਤੀਰਥੁ ਨਾਮੁ ਹੈ, ਸਬਦ ਦੀ ਬੀਚਾਰੁ ਦੁਆਰਾ ਆਪਣੇ ਹਿਰਦੇ ਅੰਤਰਿ ਹਾਸਲ ਕੀਤਾ ਗਿਆਨੁ ਹੀ ਅਸਲੀ ਤੀਰਥੁ ਹੈ। ਇਸ ਲਈ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਪੈਦਾ ਹੋਇਆ ਅੰਤਰ ਗਿਆਨੁ ਹੀ ਨਾਮੁ ਹੈ।
  • ਗੁਰੂ ਸਾਹਿਬ ਸਮਝਾਂਦੇ ਹਨ ਕਿ ਮੈਂ ਅਨੇਕਾਂ ਹੀ ਲੋਕ ਨੂੰ ਅਜੇਹੇ ਮਿਥੇ ਹੋਏ ਧਾਰਮਿਕ ਕਰਮ ਕਰਦੇ ਵੇਖਿਆ ਹੈ, ਪਰੰਤੂ ਇਨ੍ਹਾਂ ਤਰੀਕਿਆਂ ਨਾਲ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। ਮੈਂ ਤਾਂ ਇਨ੍ਹਾਂ ਕਰਮ ਕਾਂਡਾਂ ਦਾ ਆਸਰਾ ਛੱਡ ਕੇ ਮਾਲਕ ਅਕਾਲ ਪੁਰਖੁ ਦੇ ਦਰ ਤੇ ਆ ਡਿੱਗਾ ਹਾਂ ਤੇ ਅਰਜ਼ੋਈ ਕਰਦਾ ਰਹਿੰਦਾ ਹਾਂ, ਕਿ ਹੇ ਅਕਾਲ ਪੁਰਖੁ! ਮੈਨੂੰ ਬਿਬੇਕ ਬੁਧੀ ਵਾਲੀ ਅਕਲ ਦੇ ਤਾਂ ਜੋ ਮੈਂ ਚੰਗੇ ਬੁਰੇ ਦੀ ਪਰਖ ਕਰ ਸਕਾ।
  • ਜਿਸ ਤਰ੍ਹਾਂ ਸਾਫ਼ ਪਾਣੀ ਨਾਲ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਉਸੇ ਤਰ੍ਹਾਂ ਅਕਾਲ ਪੁਰਖੁ ਦੇ ਪਵਿਤ੍ਰ ਨਾਮੁ ਜਲ ਵਿੱਚ ਇਸ਼ਨਾਨ ਕਰਨ ਨਾਲ ਮਨ ਵਿਚੋਂ ਵਿਕਾਰਾਂ ਦੀ ਮੈਲ ਨਿਕਲ ਜਾਂਦੀ ਹੈ।
  • ਜੇਹੜਾ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ, ਤੇ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ।
  • ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਤੀਰਥ, ਗੁਰੂ ਦਾ ਸ਼ਬਦ ਹੀ ਹੈ। ਗੁਰੂ ਦੇ ਸ਼ਬਦ ਵਿਚੋਂ ਹੀ ਅਕਾਲ ਪੁਰਖੁ ਉਸ ਨੂੰ ਅਠਾਹਠ ਤੀਰਥ ਵਿਖਾ ਦੇਂਦਾ ਹੈ, ਤੇ ਸੋਝੀ ਬਖਸ਼ ਦੇਂਦਾ ਹੈ, ਕਿ ਗੁਰੂ ਦਾ ਸ਼ਬਦ ਹੀ ਅਸਲੀ ਤੀਰਥ ਹੈ, ਜਿਸ ਵਿੱਚ ਨ੍ਹਾਤਿਆਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਅਜੇਹਾ ਗੁਰਮੁਖਿ ਪੂਰੇ ਗੁਰੂ ਪਾਸੋਂ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸੱਚੀ ਸਿਫ਼ਤਿ ਸਾਲਾਹ ਪ੍ਰਾਪਤ ਕਰ ਲੈਂਦਾ ਹੈ।
  • ਗੁਰੂ ਨੇ ਮੇਰੇ ਅੰਦਰ ਹੀ ਅਠਾਹਠ ਤੀਰਥ ਵਿਖਾ ਦਿੱਤੇ ਹਨ। ਇਸ ਲਈ ਮੈਂ ਆਪਣੇ ਅੰਦਰ ਹੀ ਆਤਮ ਤੀਰਥ ਉੱਤੇ ਇਸ਼ਨਾਨ ਕਰਦਾ ਹਾਂ।
  • ਅਕਾਲ ਪੁਰਖ ਦੇ ਨਾਮੁ ਵਿੱਚ ਸੁਰਤ ਜੋੜਨ ਨਾਲ ਮਨੁੱਖ ਦਾ ਮਨ ਵਿਸ਼ਾਲ ਹਿਰਦੇ ਵਾਲਾ ਹੋ ਜਾਂਦਾ ਹੈ, ਲੋੜਵੰਦਾਂ ਦੀ ਸਹਾਇਤਾ ਕਰਨ ਤੇ ਸਬਰ ਸੰਤੋਖ ਵਾਲਾ ਜੀਵਨ ਬਣ ਜਾਂਦਾ ਹੈ। ਮਨੁੱਖ ਨੂੰ ਜਗਤ ਦੇ ਕਿਸੇ ਮਾਣ ਜਾਂ ਆਦਰ ਸਤਿਕਾਰ ਦੀ ਪਰਵਾਹ ਨਹੀਂ ਰਹਿ ਜਾਂਦੀ, ਉਸ ਦਾ ਮਨ ਸਹਜਿ ਅਵਸਥਾ ਤੇ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ।
  • ਗੁਰੂ ਦੀ ਸਿੱਖਿਆ ਲੈ ਕੇ ਅਕਾਲ ਪੁਰਖੁ ਦੇ ਨਾਮੁ ਦੁਆਰਾ ਹੀ ਪਾਪਾਂ ਤੋਂ ਬਚਾਉ ਹੁੰਦਾ ਹੈ। ਇਹ ਪੂਰੀ ਮਤਿ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੁਆਰਾ, ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਮਿਲਦੀ ਹੈ, ਕਿ ਅਕਾਲ ਪੁਰਖੁ ਦਾ ਨਾਮੁ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਅਕਾਲ ਪੁਰਖੁ ਦਾ ਨਾਮੁ ਹੀ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ।
  • ਸਬਦ ਗੁਰੂ ਨੇ ਸਾਨੂੰ ਆਤਮਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਹੈ, ਕਿ ਮਨੁੱਖ ਨੂੰ ਥਾਂ ਥਾਂ ਤੇ ਜਾ ਕੇ ਭਟਕਣ ਦੀ ਕੋਈ ਲੋੜ ਨਹੀਂ, ਸਭ ਕੁੱਝ ਅਕਾਲ ਪੁਰਖੁ ਦੇ ਨਾਮੁ ਦੁਆਰਾ ਪ੍ਰਾਪਤ ਹੋ ਸਕਦਾ ਹੈ।
  • ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਲਿਆ। ਫਿਰ ਸਮਝੋ ਉਸ ਨੇ ਸਤਿਸੰਗਤ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰ ਕੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ।
  • ਅਕਾਲ ਪੁਰਖੁ ਦੇ ਨਾਮੁ ਦੀ ਡੂੰਘਾਈ ਬਾਹਰਲੇ ਧਾਰਮਿਕ ਭੇਖਾਂ ਜਾਂ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਅਤੇ ਨਾ ਹੀ ਤੀਰਥਾਂ ਤੇ ਇਸ਼ਨਾਨ ਕੀਤਿਆਂ ਜਾਂ ਪੁੰਨ ਦਾਨ ਕੀਤਿਆਂ ਲੱਭ ਸਕਦੀ ਹੈ। ਅਕਾਲ ਪੁਰਖੁ ਦੇ ਨਾਮੁ ਦੀ ਕਦਰ ਉਹੀ ਮਨੁੱਖ ਕਰਦਾ ਹੈ, ਜਿਸ ਨੂੰ ਪੂਰਾ ਗੁਰੂ ਮਿਲਦਾ ਹੈ, ਕਿਉਂਕਿ ਪੂਰੇ ਗੁਰੂ ਦੁਆਰਾ ਹੀ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਬਣਦੀ ਹੈ।
  • ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦੀ ਬਰਕਤਿ ਨਾਲ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ ਜੰਜਾਲ, ਆਦਿਕ, ਕੋਈ ਵੀ ਪੋਹ ਨਹੀਂ ਸਕਦਾ, ਪਰੰਤੂ ਇਹ ਅਸਥਾਨ ਗੁਰੂ ਪਾਸੋਂ ਲੱਭਦਾ ਹੈ।
  • ਮਾਇਆ ਦੇ ਮੋਹ ਦੀ ਇਹ ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰ ਸਕਦੀ। ਤੀਰਥ ਇਸ਼ਨਾਨ ਆਦਿਕ ਇਹ ਸਾਰੇ ਮਿਥੇ ਹੋਏ ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ। ਤੀਰਥ ਇਸ਼ਨਾਨ ਆਦਿਕ ਕਰਮਾਂ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਅਕਾਲ ਪੁਰਖੁ ਦੇ ਨਾਮੁ ਤੋਂ ਸੱਖਣੇ ਸਭ ਜੀਵ ਇਥੋਂ ਰੋ ਰੋ ਕੇ ਹੀ ਜਾਣਗੇ।
  • ਲੋਕ ਕਈ ਕਿਸਮਾਂ ਦੇ ਮਿਥੇ ਹੋਏ ਧਾਰਮਿਕ ਕੰਮ ਕਰਦੇ ਹਨ, ਇਸ ਤਰ੍ਹਾਂ ਸਗੋਂ ਅੱਗੇ ਨਾਲੋਂ ਦੂਣੀ ਹਉਮੈ ਦੀ ਮੈਲ ਆ ਲਗਦੀ ਹੈ। ਪੜ੍ਹੇ ਹੋਏ ਲੋਕਾਂ ਦੇ ਮਨ ਅੰਦਰ ਉੱਚੀ ਪਦਵੀ ਜਾਂ ਵਿੱØਦਿਆ ਪੜ੍ਹਨ ਦਾ ਹੰਕਾਰ ਹੀ ਬਣਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ, ਫਿਰ ਵੀ ਹਉਮੈ ਦੀ ਮੈਲ ਉਨ੍ਹਾਂ ਪਾਸੋਂ ਧੋਤੀ ਨਹੀਂ ਜਾ ਸਕਦੀ।
  • ਗੁਰੂ ਸਾਹਿਬ ਸਮਝਾਦੇ ਹਨ ਕਿ, ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ, ਜੇ ਇਸ ਤਰ੍ਹਾਂ ਕਰਨ ਨਾਲ ਉਸ ਅਕਾਲ ਪੁਰਖੁ ਨੂੰ ਖ਼ੁਸ਼ ਕਰ ਸਕਾਂ, ਪਰੰਤੂ ਜੇਕਰ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰਕੇ ਕੀ ਖੱਟਾਂਗਾ?
  • ਜੇਕਰ ਸਤਿਗੁਰੂ ਦੀ ਇੱਕ ਸਿੱਖਿਆ ਵੀ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧੀ ਦੇ ਅੰਦਰ ਰਤਨ, ਜਵਾਹਰ ਤੇ ਮੋਤੀ ਉਪਜ ਪੈਂਦੇ ਹਨ, ਭਾਵ, ਮਨੁੱਖ ਦੀ ਬੁੱਧੀ ਦੇ ਅੰਦਰ ਅਕਾਲ ਪੁਰਖੁ ਦੇ ਅਨਮੋਲਕ ਗੁਣ ਪੈਦਾ ਹੋ ਜਾਂਦੇ ਹਨ।
  • ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਤੋਂ ਬਿਨਾ, ਅਨੇਕਾਂ ਪੁੰਨ ਦਾਨ ਕਰਨ ਨਾਲ ਜਾਂ ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ, ਕੋਈ ਵੀ ਜੀਵ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਧੋ ਸਕਦਾ। ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦਾ ਦਰਬਾਰ ਗੁਰੂ ਦੇ ਸ਼ਬਦ ਦੁਆਰਾ ਹੀ ਪਛਾਣਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ, ਉਸ ਅਕਾਲ ਪੁਰਖੁ ਦੇ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ।
  • ਜੇ ਜੀਵ ਨੂੰ ਗੁਰੂ ਮਿਲ ਪਏ, ਤਾਂ ਅਕਾਲ ਪੁਰਖੁ ਦੇ ਗੁਣਾਂ ਦੀ ਬਰਕਤਿ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚੋਂ ਹੰਕਾਰ ਦੂਰ ਹੋ ਜਾਂਦਾ ਹੈ। ਅਕਾਲ ਪੁਰਖੁ ਦਾ ਨਾਮੁ ਇੱਕ ਪਲ ਵਾਸਤੇ ਵੀ ਮਨੁੱਖ ਦੇ ਮਨ ਵਿੱਚ ਵੱਸ ਜਾਏ ਤਾਂ ਉਸ ਮਨੁੱਖ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਵਿੱਚ ਇਸ਼ਨਾਨ ਕਰਨ ਨਾਲ, ਤਾਂ ਮਨ ਵੀ ਪਵਿਤ੍ਰ ਤੇ ਸਰੀਰ ਵੀ ਪਵਿਤ੍ਰ ਹੋ ਜਾਂਦਾ ਹੈ।
  • ਗੁਰੂ ਨਾਨਕ ਸਾਹਿਬ ਜੋਗੀ ਨੂੰ ਸਮਝਾਦੇ ਹਨ, ਕਿ ਅਸਲ ਗਿਆਨ ਦੀ ਵਿਚਾਰ ਇਹ ਹੈ, ਕਿ ਦੁਨੀਆ ਦੇ ਧੰਧਿਆਂ ਵਿੱਚ ਰਹਿੰਦਿਆਂ ਹੋਇਆ ਵੀ ਮਨੁੱਖ ਨੂੰ ਨੀਂਦ ਨਾ ਆਵੇ, ਭਾਵ, ਉਹ ਦੁਨੀਆਵੀ ਧੰਧਿਆਂ ਵਿੱਚ ਹੀ ਨਾ ਗ਼ਰਕ ਹੋ ਜਾਏ, ਪਰਾਏ ਘਰ ਵਿੱਚ ਆਪਣੇ ਮਨ ਨੂੰ ਡੋਲਣ ਨਾ ਦੇਵੇ; ਪਰੰਤੂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ ਮਾਇਆ ਦੀ ਤ੍ਰਿਸ਼ਨਾ ਨਹੀਂ ਹਟ ਸਕਦੀ।
  • ਅਫਸੋਸ ਦੀ ਗਲ ਇਹ ਹੈ, ਕਿ ਅੱਜਕਲ ਸਾਡੇ ਗੁਰੁਦਆਰਿਆਂ ਵਿੱਚ ਰਵਾਇਤਾਂ, ਜੋਗ ਮਤ ਜਾਂ ਹੋਰ ਮੱਤਾ ਦਾ ਪਰਚਾਰ ਤਾਂ ਬਹੁਤ ਜਿਆਦਾ ਹੁੰਦਾ ਹੈ, ਪਰੰਤੂ ਗੁਰਮਤਿ ਦਾ ਖੋਜ ਵਾਲ ਗਿਆਨ ਬਹੁਤ ਘਟ ਸਮਝਾਇਆ ਜਾਂਦਾ ਹੈ।
  • ਗੁਰੂ ਸਾਹਿਬ ਸਮਝਾਦੇ ਹਨ ਕਿ, ਮੇਰੇ ਵਾਸਤੇ ਤਾਂ ਅਕਾਲ ਪੁਰਖੁ ਦਾ ਨਾਮੁ ਹੀ ਸਭ ਤਰ੍ਹਾਂ ਦੇ ਸਗਨ, ਮੁਹੂਰਤ, ਸੁਆਦ, ਤੀਰਥ ਇਸ਼ਨਾਨ, ਤੀਰਥਾਂ ਤੇ ਜਾ ਕੇ ਸਭ ਕੁੱਝ ਦਾਨ ਕਰ ਦੇਣਾ, ਵੇਦ ਸ਼ਾਸਤ੍ਰ ਦੀ ਚਰਚਾ, ਜੋਗੀਆਂ ਦੀ ਸਿੰਙੀ ਵਜਾਣਾ, ਦੇਵਤਿਆਂ ਦੀ ਪੂਜਾ, ਸੇਵਾ ਭਗਤੀ, ਆਦਿ ਹੈ। ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਜਪਦੇ ਹਨ, ਉਹ ਸੱਚੇ ਤੇ ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ।
  • ਕਿਸੇ ਤਰ੍ਹਾਂ ਦੇ ਕਰਮ ਕਾਂਡ ਜਾਂ ਤੀਰਥ ਇਸ਼ਨਾਨ ਕਰਨ ਨਾਲ ਮਨੁੱਖ ਦੀ ਕਾਮ ਵਾਸਨਾ ਰੋਕੀ ਨਹੀਂ ਜਾ ਸਕਦੀ, ਮਨੁੱਖ ਦਾ ਮਨ ਡੋਲਦਾ ਰਹਿੰਦਾ ਹੈ, ਤੇ ਜੀਵ ਨਰਕ ਵਿੱਚ ਪਿਆ ਰਹਿੰਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਵਿੱਚ ਟਿਕਾ ਕੇ ਗੁਰੂ ਦੇ ਦੱਸੇ ਮਾਰਗ ਤੇ ਚਲਦੇ ਹਨ, ਉਨ੍ਹਾਂ ਦੇ ਮਨ ਤੇ ਸਰੀਰ ਵਿਚ, ਭਾਵ, ਇੰਦ੍ਰਿਆਂ ਵਿੱਚ ਪਵਿਤ੍ਰਤਾ ਆ ਜਾਂਦੀ ਹੈ।
  • ਕਿਸੇ ਤਰ੍ਹਾਂ ਦੇ ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ ਆਦਿਕ ਧਾਰਮਿਕ ਪੁਸਤਕਾਂ ਪੜ੍ਹਨ ਨਾਲ, ਸਮਾਧੀ ਲਾਇਆਂ, ਗਿਆਨ ਦੀ ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ, ਨਿਤ ਦੇ ਸੋਗ ਕੀਤਿਆਂ, ਰੂਪ, ਮਾਲ ਧਨ ਤੇ ਰੰਗ ਤਮਾਸ਼ਿਆਂ ਵਿੱਚ ਰੁੱਝਿਆਂ, ਤੀਰਥ ਤੇ ਨ੍ਹਾਤਿਆਂ ਜਾਂ ਨੰਗੇ ਘੁਮਣ ਨਾਲ, ਦਾਨ ਪੁੰਨ ਕੀਤਿਆਂ, ਬਾਹਰ ਜੰਗਲਾਂ ਵਿੱਚ ਸੁੰਨ ਮੁੰਨ ਅਵਸਥਾ ਵਿੱਚ ਬੈਠਿਆਂ, ਉਹ ਅਕਾਲ ਪੁਰਖੁ ਪ੍ਰਸੰਨ ਨਹੀਂ ਹੁੰਦਾ ਹੈ। ਅਕਾਲ ਪੁਰਖੁ ਤਾਂ ਪ੍ਰਸੰਨ ਹੁੰਦਾ ਹੈ, ਜੇਕਰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜੀਏ, ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ ਪਰਖ, ਉਨ੍ਹਾਂ ਦੇ ਮਨ ਦੀ ਭਾਵਨਾ ਅਨੁਸਾਰ ਹੀ ਕੀਤੀ ਜਾਂਦੀ ਹੈ।
  • ਜੇਕਰ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹੇ ਤਾਂ ਉਹ ਮਨੁੱਖ ਜੋ ਕੁੱਝ ਵੀ ਕਰਦਾ ਹੈ, ਸਭ ਕੁੱਝ ਵਿਕਾਰ ਹੀ ਕਰਦਾ ਹੈ, ਸਰੀਰ ਨੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ।
  • ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ, ਭਾਵ ਭਰ ਜਵਾਨੀ ਦੇ ਕਾਰਨ ਜੀਵ ਦੀ ਅਕਲ ਇਸ ਤਰ੍ਹਾਂ ਹੋ ਜਾਂਦੀ ਹੈ, ਜਿਵੇਂ ਕੋਈ ਸ਼ਰਾਬ ਵਿੱਚ ਗੁੱਟ ਹੋਵੇ। ਜੀਵ ਦਿਨ ਰਾਤ ਕਾਮ ਵਾਸਨਾ ਵਿੱਚ ਦਬਿਆ ਰਹਿੰਦਾ ਹੈ, ਕਾਮ ਵਿੱਚ ਅੰਨ੍ਹੇ ਹੋਏ ਨੂੰ ਅਕਾਲ ਪੁਰਖੁ ਦਾ ਨਾਮੁ ਆਪਣੇ ਚਿੱਤ ਵਿੱਚ ਟਿਕਾਣ ਦੀ ਸੁਰਤਿ ਨਹੀਂ ਹੁੰਦੀ। ਅਕਾਲ ਪੁਰਖੁ ਦੇ ਪ੍ਰੇਮ ਦੁਆਰਾ ਹੀ, ਅਕਾਲ ਪੁਰਖੁ ਦੀ ਭਗਤੀ ਦੁਆਰਾ ਹੀ, ਇਸ ਕਾਮ ਵਾਸ਼ਨਾ ਤੋਂ ਜੀਵ ਦਾ ਬਚਾ ਹੋ ਸਕਦਾ ਹੈ। ਪਰੰਤੂ ਅਕਾਲ ਪੁਰਖੁ ਦੀ ਭਗਤੀ ਤੇ ਸਿਮਰਨ ਵਲੋਂ ਦੁਚਿੱਤਾਪਨ ਰੱਖਿਆਂ ਕਾਮਾਦਿਕ ਦੀ ਸ਼ਕਲ ਵਿੱਚ ਮਾਇਆ ਦਾ ਮੋਹ ਜੀਵ ਉਪਰ ਜ਼ੋਰ ਪਾਂਦਾ ਰਹਿੰਦਾ ਹੈ।
  • ਜੇਹੜਾ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ; ਪਿੰਡੇ ਤੇ ਸੁਆਹ ਮਲਣ ਦੀ ਥਾਂ, ਜੇਹੜਾ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਆਪਣੀ ਸੁਰਤਿ ਟਿਕਾਈ ਰੱਖਦਾ ਹੈ; ਜਿਹੜਾ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਸਦਾ ਆਪਣੇ ਹਿਰਦੇ ਅੰਦਰ ਵਸਾਈ ਰੱਖਦਾ ਹੈ, ਤਾਂ ਮਾਨੋ ਕਿ ਉਹ ਅਸਲੀ ਨਾਦ ਵਜਾ ਲੈਂਦਾ ਹੈ, ਉਸ ਨੇ ਅਸਲ ਭੇਖ ਧਾਰਨ ਕਰ ਲਿਆ ਹੈ, ਤਾਂ ਫਿਰ ਉਹ ਸਦਾ ਅਡੋਲ ਆਤਮਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ।
  • ਗੁਰੂ ਦੇ ਉਪਦੇਸ਼ ਰੂਪੀ ਡੂੰਘੇ ਗਿਆਨ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਅਨਮੋਲਕ ਮੋਤੀ ਤੇ ਜਵਾਹਰ ਹਨ, ਤੇ ਜੇਹੜਾ ਸਿੱਖ ਗੁਰੂ ਦੇ ਅਜੇਹੇ ਗਿਆਨ ਵਾਲੇ ਤੀਰਥ ਨੂੰ ਸੇਂਵਦਾ ਹੈ, ਉਸ ਵਿੱਚ ਸਰਧਾ ਨਾਲ ਆਉਂਦਾ ਹੈ, ਉਹ ਗਿਆਨ ਦੇ ਅਨਮੋਲਕ ਖਜਾਨੇ ਖੋਜ ਕੇ ਲੱਭ ਲੈਂਦਾ ਹੈ। ਗੁਰੂ ਤੋਂ ਮਿਲਣ ਵਾਲਾ ਆਤਮਕ ਗਿਆਨ ਮਨੁੱਖ ਨੂੰ ਪਸੂਆਂ ਪਰੇਤਾਂ ਵਾਲੀ ਬਿਰਤੀ ਤੋਂ ਦੇਵਤਿਆਂ ਵਾਲੀ ਬਿਰਤੀ ਵਾਲਾ ਸਫਲ ਮਨੁੱਖ ਬਣਾ ਦੇਂਦਾ ਹੈ।
  • ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿੱਚ ਇਸ਼ਨਾਨ ਕਰਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹਨ, ਉਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਦੀ ਵਿਕਾਰਾਂ ਵਾਲੀ ਮੈਲ ਦੂਰ ਕਰ ਲਈ ਹੈ।
  • ਮੂੰਹ ਨਾਲ ਪਾਣੀ ਪੀਤਿਆਂ ਤ੍ਰੇਹ ਜਰੂਰ ਮਿਟ ਸਕਦੀ ਹੈ, ਪਰੰਤੂ ਪਾਣੀ ਨਾਲ ਚੁਲੀ ਕੀਤਿਆਂ ਮਨ ਨਹੀਂ ਧੁਪ ਸਕਦਾ। ਸੁੱਚੀ ਚੁਲੀ ਤਾਂ ਹੋ ਸਕਦੀ ਹੈ, ਜੇਕਰ ਆਪਣੇ ਜੀਵਨ ਦਾ ਮੰਤਵ ਤੇ ਮਨੁੱਖਤਾ ਪ੍ਰਤੀ ਫਰਜ਼ ਨਿਭਾਇਆ ਜਾਵੇ।
  • ਜੇਹੜਾ ਵੱਡਭਾਗੀ ਮਨੁੱਖ ਗੁਰੂ ਦੀ ਸਰਨ ਵਿੱਚ ਆ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ ਮਨ ਵਿੱਚ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਸਦਾ ਵੱਸਿਆ ਰਹਿੰਦਾ ਹੈ, ਇਸ ਵਾਸਤੇ ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ।
  • ਗੁਰ ਕੀ ਸੇਵਾ ਹੀ ਅਸਲੀ ਤੀਰਥ ਇਸ਼ਨਾਨ ਹੈ, ਭਾਵ ਗੁਰੂ ਦੇ ਸਬਦ ਦੀ ਵੀਚਾਰ ਤੇ ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲੀ ਤੀਰਥ ਇਸ਼ਨਾਨ ਹੈ। ਪਾਣੀ ਵਿੱਚ ਚੁੱਭੀ ਲਾਇਆਂ ਜੇਕਰ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਤਾਂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ। ਇਸ ਲਈ ਅਸਲੀ ਸੱਚਾ ਨਾਵਣੁ, ਗੁਰ ਕੀ ਸੇਵਾ ਹੈ, ਜਿਹੜੀ ਕਿ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਹੀ ਹੋ ਸਕਦੀ ਹੈ।
  • ਜਿਸ ਤਰ੍ਹਾਂ ਅੱਗ ਨੂੰ ਠੰਡਾ ਕਰਨ ਲਈ ਅਤੇ ਬੁਝਾਣ ਲਈ ਪਾਣੀ ਚਾਹੀਦਾ ਹੈ। ਇਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਸ਼ਾਂਤ ਕਰਨ ਲਈ, ਨਾਮੁ ਰੂਪੀ ਅੰਮ੍ਰਿਤ ਦੀ ਲੋੜ ਹੈ। ਅੰਦਰਲੀ ਉੱਚੀ ਅਵਸਥਾ ਤਾਂ ਹੀ ਬਣ ਸਕਦੀ ਹੈ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਅਕਾਲ ਪੁਰਖੁ ਦਾ ਪਵਿਤ੍ਰ ਨਾਮੁ ਜੱਪਾਗੇ।
  • ਜੇਕਰ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਸਿਰਫ ਅਕਾਲ ਪੁਰਖ ਦੇ ਨਾਮੁ ਵਿੱਚ ਰੰਗਿਆਂ ਹੀ ਧੋਤੇ ਜਾ ਸਕਦੇ ਹਨ। ਪੁੰਨ ਜਾਂ ਪਾਪ ਨਿਰੇ ਕਹਿਣ ਵਾਸਤੇ ਨਹੀਂ ਹਨ, ਬਲਕਿ ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹੇ ਸੰਸਕਾਰ ਆਪਣੇ ਅੰਦਰ ਲਿਖ ਕੇ ਨਾਲ ਲੈ ਜਾਵਾਂਗੇ।
  • ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਸਿੱਖ ਧਰਮ ਦਾ ਮੁਢਲਾ ਸਿਧਾਂਤ, ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’ ਸਮਝਾ ਦਿੱਤਾ ਹੈ। ਦੂਜੀ ਪਉੜੀ ਵਿੱਚ ਹੁਕਮੁ ਦੀ ਵਿਸਥਾਰ ਸਮਝਾਂਦੇ ਹੋਏ, ਹੁਕਮੁ ਸਬੰਧੀ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’। ਅਕਾਲ ਪੁਰਖ ਦੇ ਨਿਯਮ ਅਜੇਹੇ ਹਨ, ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹਾ ਫਲ ਪਾਂਦਾ ਹੈ। ਜੇਕਰ ਸਬਦ ਗੁਰੂ ਦੁਆਰਾ ਨਾਮੁ ਦੀ ਸੋਝੀ ਮਿਲ ਜਾਵੇ ਤਾਂ, ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰ ਕੇ ਮਨੁੱਖ ਆਪਣਾ ਜਨਮ ਸਫਲ ਕਰ ਸਕਦਾ ਹੈ।
  • ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਵੀਚਾਰ ਕੇ, ਤੇ ਗੁਰੂ ਦੀ ਸਿਖਿਆ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ, ਆਤਮਕ ਜੀਵਨ ਦੇ ਸਾਰੇ ਗੁਣ ਠੀਕ ਠਾਕ ਬਚਾ ਲਏ, ਤਾਂ ਸਮਝੋ ਅਕਾਲ ਪੁਰਖੁ ਨੇ ਉਸ ਦੇ ਹਿਰਦੇ ਅੰਦਰ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ ਹਨ।
  • ਜੇਹੜਾ ਮਨੁੱਖ ਤੀਰਥਾਂ ਜਾ ਧਾਰਮਕ ਸਥਾਨਾ ਤੇ ਜਾ ਕੇ ਨਿਰਾ ਬਾਹਰਲਾ ਸਰੀਰ ਧੋ ਲੈਂਦਾ ਹੈ, ਤੇ ਅੰਦਰਲਾ ਮਨ ਵਿਕਾਰਾਂ ਨਾਲ ਮੈਲਾ ਹੀ ਰੱਖਦਾ ਹੈ, ਉਹ ਵਰਤਮਾਨ ਵਿੱਚ ਰਹਿੰਦਿਆਂ ਹੋਇਆ ਕਾਮ ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਭਵਿੱਖ ਵਿੱਚ ਜਾ ਕੇ ਫਿਰ ਉਹ ਮਾਨਸਿਕ ਤੇ ਸਰੀਰਕ ਰੋਗਾ ਕਰਕੇ ਹਟਕੋਰੇ ਲੈ ਲੈ ਕੇ ਰੋਂਦਾ ਰਹਿੰਦਾ ਹੈ।
  • ਜੇਕਰ ਮਨੁੱਖ ਅਕਾਲ ਪੁਰਖੁ ਦਾ ਨਾਮੁ ਨਹੀਂ ਸੁਣਦਾ, ਜੇਕਰ ਨਾਮੁ ਵਲੋਂ ਬੋਲਾ ਰਹਿੰਦਾ ਹੈ ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ, ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ ਹੈ। ਜੇਕਰ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ, ਠੀਕ ਇਸੇ ਤਰ੍ਹਾਂ ਬਾਹਰਲੇ ਕਰਮ ਕਾਂਡ ਕਰਨ ਨਾਲ ਮਨੁੱਖ ਦਾ ਮਨ ਵੱਸ ਵਿੱਚ ਨਹੀਂ ਆਉਂਦਾ।
  • ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਤੀਰਥ ਵਿੱਚ ਕੀਤਾ ਹੋਇਆ ਆਤਮਕ ਇਸ਼ਨਾਨ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਸਾਧ ਸੰਗਤਿ ਵਿੱਚ ਰਹਿ ਕੇ ਸਿਖੀ ਹੋਈ ਜੀਵਨ ਜਾਚ, ਉਸ ਮਨੁੱਖ ਦੇ ਮਨ ਅੰਦਰੋਂ ਸਾਰੇ ਵਿਕਾਰ ਦੂਰ ਕਰ ਦੇਂਦੀ ਹੈ ਤੇ ਉਸ ਦਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।
  • ਅਕਾਲ ਪੁਰਖੁ ਨਾਲ ਮਿਲਾਪ ਤਾਂ ਸੰਭਵ ਹੋ ਸਕੇਗਾ, ਜੇਕਰ ਸਤਿਗੁਰੂ ਅੱਗੇ ਆਪਾ ਵਾਰਿਆ ਜਾਏ। ਇਸ ਲਈ ਨਿਰਾ ‘ਗਿਆਨ’ ਹੀ ਕਾਫ਼ੀ ਨਹੀਂ, ਗਿਆਨ ਦੇ ਦਾਤੇ ਸਤਿਗੁਰੂ ਨਾਲ ਪਿਆਰ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਅਸਲੀ ਤੀਰਥ ‘ਸਤਿਗੁਰੂ’ ਹੈ, ਜਿਸ ਨਾਲ ਪਿਆਰ ਕਰਨ ਸਦਕਾ, ਉਹ ਗਿਆਨ ਪ੍ਰਾਪਤ ਹੁੰਦਾ ਹੈ, ਜਿਹੜਾ ਮਨੁੱਖ ਨੂੰ ਅਕਾਲ ਪੁਰਖੁ ਨਾਲ ਜੋੜ ਦੇਂਦਾ ਹੈ।
  • ਜਿਥੇ ਵੀ ਗੁਰੂ ਅਮਰਦਾਸ ਸਾਹਿਬ ਜਾਂਦੇ ਸੀ, ਉਨ੍ਹਾਂ ਦੇ ਨਾਲ ਬਹੁਤ ਸਾਰੇ ਸਿੱਖ ਉਸ ਲੰਮੇ ਪੈਂਡੇ ਵਿੱਚ ਉਨ੍ਹਾਂ ਨਾਲ ਜਾਂਦੇ ਸਨ, ਤੇ ਸਤਿਗੁਰ ਦੀ ਸਿਖਿਆ ਅਨੁਸਾਰ ਅਨੇਕਾਂ ਸਿੱਖ ਗੁਰੂ ਅਮਰਦਾਸ ਸਾਹਿਬ ਦੇ ਦੱਸੇ ਮਾਰਗ ਤੇ ਚੱਲਦੇ ਸਨ।
  • ਜੇਕਰ ਲੋਕ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਲਈ ਤੁਰ ਪਏ ਅਤੇ ਸਰੀਰ ਵਿੱਚ ਕਾਮਾਦਿਕ ਚੋਰ ਵੀ ਉਸੇ ਤਰ੍ਹਾਂ ਟਿਕੇ ਰਹੇ, ਤਾਂ ਅਜੇਹੇ ਨ੍ਹਾਉਣ ਦੀ ਕੀ ਲਾਭ ਹੈ। ਗੁਰੂ ਸਾਹਿਬ ਸਮਝਾਦੇ ਹਨ ਕਿ, ਭਲੇ ਮਨੁੱਖ ਤੀਰਥਾਂ ਤੇ ਨ੍ਹਾਉਣ ਤੋਂ ਬਿਨਾ ਹੀ ਚੰਗੇ ਹਨ, ਤੇ ਚੋਰ ਤੀਰਥਾਂ ਤੇ ਨਹ੍ਹਾ ਕੇ ਵੀ ਚੋਰ ਹੀ ਰਹਿੰਦੇ ਹਨ।
  • ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਤੇ ਮਨ ਅੰਦਰੋਂ ਵਿਕਾਰੀ ਹੋਣ, ਉਨ੍ਹਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ, ਜਿਵੇਂ ਕੋਈ ਜੁਆਰੀਆ ਜੂਏ ਵਿੱਚ ਧਨ ਹਾਰ ਕੇ ਆਉਂਦਾ ਹੈ। ਜਿਨ੍ਹਾਂ ਨੇ ਅਕਾਲ ਪੁਰਖੁ ਦੇ ਸੱਚੇ ਨਾਮੁ ਨੂੰ ਛੱਡਿਆ ਹੋਇਆ ਹੈ, ਤੇ ਜਿਹੜੇ ਵਿਕਾਰਾਂ ਵਿੱਚ ਫਸੇ ਹੋਏ ਹਨ, ਉਨ੍ਹਾਂ ਨੇ ਆਪਣੀ ਜੀਵਨ ਦੀ ਖੇਡ ਜੂਏ ਵਿੱਚ ਹਾਰ ਲਈ ਸਮਝੋ।
  • ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਨਾਲ ਮਨ ਵਿੱਚ ਵਿਕਾਰਾਂ ਦੀ ਮੈਲ ਉਸੇ ਤਰ੍ਹਾਂ ਟਿਕੀ ਰਹਿੰਦੀ ਹੈ, ਤੇ ਮਨ ਨੂੰ ਮਾਇਆ ਦੇ ਮੋਹ ਦਾ ਰੋਗ ਚੰਬੜਿਆ ਰਹਿੰਦਾ ਹੈ। ਫਿਰ ਜਿੱਥੇ ਰੋਗ ਹੈ, ਉਥੇ ਆਨੰਦ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਸੱਚੇ ਨਾਮੁ ਨੂੰ ਸਦਾ ਚੇਤੇ ਕਰਦੇ ਰਹੋ। ਇਹੀ ਹੈ ਮਨ ਦੀ ਅਰੋਗਤਾ ਦਾ ਅਸਲੀ ਵਸੀਲਾ, ਤੇ ਆਤਮਕ ਆਨੰਦ ਹਾਸਲ ਕਰਨ ਵਾਲਾ ਮਾਰਗ।
  • ਜੇਕਰ ਹਿਰਦੇ ਵਿੱਚ ਕੂੜ ਕਪਟ ਦੀ ਮੈਲ ਭਰੀ ਹੋਈ ਹੈ, ਤਾਂ ਇਸ ਤਰ੍ਹਾਂ ਆਪਣੇ ਸਰੀਰ ਨੂੰ ਬਾਹਰੋ ਮਾਂਜਣ ਦਾ ਕੋਈ ਫ਼ਾਇਦਾ ਨਹੀਂ। ਲੋੜ ਹੈ ਆਪਣੇ ਆਪ ਨੂੰ ਅੰਦਰੋਂ ਸਾਫ ਕਰਨ ਦੀ, ਮਨ ਵਿਚੋਂ ਵਿਕਾਰ ਕੱਡਣ ਦੀ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਣਾ ਇੱਕ ਧੋਖਾ ਹੈ। ਜੇਕਰ ਲਉਕੀ ਅਠਾਹਠ ਤੀਰਥਾਂ ਉੱਤੇ ਵੀ ਇਸ਼ਨਾਨ ਕਰ ਲਏ, ਤਾਂ ਵੀ ਉਸ ਦੀ ਅੰਦਰਲੀ ਕੁੜੱਤਣ ਦੂਰ ਨਹੀਂ ਹੁੰਦੀ।
  • ਜਿਹੜੇ ਮਨੁੱਖ ਸਵੇਰੇ ਤੇ ਸ਼ਾਮ ਨੂੰ, ਭਾਵ, ਦੋਵੇਂ ਵੇਲੇ ਨਿਰਾ ਇਸ਼ਨਾਨ ਹੀ ਕਰਦੇ ਹਨ ਤੇ ਆਪਣੇ ਆਪ ਨੂੰ ਸਮਝਦੇ ਹਨ, ਕਿ ਅਸੀਂ ਪਵਿੱਤਰ ਹੋ ਗਏ ਹਾਂ, ਤਾਂ ਉਹ ਇਉਂ ਹਨ, ਜਿਵੇਂ ਪਾਣੀ ਵਿੱਚ ਡੱਡੂ ਵੱਸ ਰਹੇ ਹਨ, ਕਿਉਂਕਿ ਡੱਡੂ ਵੀ ਦਿਨ ਵਿੱਚ ਕਈ ਵਾਰੀ ਇਸ਼ਨਾਨ ਕਰਦੇ ਰਹਿੰਦੇ ਹੈ।
  • ਅਸਲੀ ਉੱਦਮ ਉਹ ਹੈ, ਕਿ ਪੰਜੇ ਵਿਕਾਰਾਂ ਤੇ ਕਾਬੂ ਕਰਕੇ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸਾਈਏ ਅਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਜੀਵਨ ਬਤੀਤ ਕਰੀਏ।
  • ਕੀਤੇ ਗੁਨਾਹਾਂ ਨੂੰ ‘ਕੁਰਬਾਨੀ’ ਦੇ ਕੇ ਧੋਤਾ ਨਹੀਂ ਜਾ ਸਕਦਾ। ਉਹ ਖ਼ੁਦਾ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ, ਜੇਕਰ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ।
  • ਬੰਦਗੀ ਦਾ ਵੇਲਾ ਵੀ ਜੁਆਨੀ ਦਾ ਹੀ ਹੈ, ਜਦੋਂ ਸਰੀਰ ਕੰਮ ਕਾਜ ਕਰ ਸਕਦਾ ਹੈ। ਜੇਕਰ ਜੁਆਨੀ ਵਿੱਚ ਹੁਕਮੁ ਤੇ ਰਜਾ ਅਨੁਸਾਰ ਚੱਲਾਂਗੇ ਤਾਂ ਬੁਢੇਪਾ ਆਪਣੇ ਆਪ ਸੁਖਾਲਾ ਹੋ ਜਾਵੇਗਾ।
  • ਤੀਰਥਾਂ ਤੇ ਜਾਣ ਨਾਲ ਮਨੁੱਖ ਦਾ ਕਠੋਰ ਮਨ ਭਿਜ ਨਹੀਂ ਸਕਦਾ। ਕਰਮ ਕਾਂਡਾਂ ਦੇ ਭੰਭਲ ਭੂਸਿਆਂ ਵਿੱਚ ਪਏ ਹੋਏ ਮਨਮੁਖ ਦੇ ਭਰਮ ਦੂਰ ਨਹੀਂ ਹੁੰਦੇ, ਤੇ ਉਹ ਇਧਰ ਉਧਰ ਭਰਮਾਂ ਵਿੱਚ ਭੌਦਾ ਰਹਿੰਦਾ ਹੈ। ਭਾਈ ਗੁਰਦਾਸ ਜੀ ਸਮਝਾਦੇ ਹਨ, ਕਿ ਪੂਰੇ ਗੁਰੂ ਤੋਂ ਬਿਨਾਂ ਮਨੁੱਖ ਦੇ ਮਨ ਅੰਦਰੋਂ ਵਿਕਾਰਾ ਦੀ ਮੈਲ ਨਹੀਂ ਉਤਰ ਸਕਦੀ ਤੇ ਉਸ ਦਾ ਪਾਰ ਉਤਾਰਾ ਨਹੀਂ ਹੋ ਸਕਦਾ।

ਕੋਈ ਵਿਰਲਾ ਮਨੁੱਖ ਹੀ ਪੂਰੇ ਗੁਰੂ, ਸਬਦ ਗੁਰੂ ਦੀ ਵੀਚਾਰ ਨਾਲ ਆਪਣੇ ਮਨ ਅੰਦਰੋਂ ਵਿਕਾਰਾ ਦੀ ਮੈਲ ਉਤਾਰਨ ਦੀ ਕੋਸ਼ਿਸ਼ ਕਰਦਾ ਹੈ। ਜਿਆਦਾ ਤਰ ਲੋਕ ਇਹੀ ਸਮਝਦੇ ਹਨ ਕਿ ਕੁੱਝ ਰਵਾਇਤਾਂ ਪੂਰੀਆਂ ਕਰਨ ਨਾਲ ਜਾਂ ਕਰਮ ਕਾਂਡ ਕਰਨ ਨਾਲ, ਜਾਂ ਮਾਇਆ ਭੇਟ ਕਰਨ ਨਾਲ ਅਕਾਲ ਪੁਰਖੁ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਇਹ ਆਮ ਭੁਲੇਖਾ ਹੈ ਕਿ ਅਸੀਂ ਮਾਇਆ, ਗੁਰੂ ਨੂੰ ਭੇਟ ਕਰਦੇ ਹਾਂ। ਗੁਰੂ ਕੋਈ ਪੈਸੇ ਜਾਂ ਚੀਜ਼ ਨਹੀਂ ਮੰਗਦਾ ਹੈ। ਸਿੱਖ ਪੈਸਿਆਂ ਦੀ ਕਸੌਟੀ ਨਾਲ ਨਹੀਂ ਪਰਖਿਆ ਜਾਂਦਾ ਹੈ। ਅਸੀਂ ਤਾਂ ਆਪ ਗੁਰੂ ਕੋਲੋ ਮੰਗਦੇ ਹਾਂ, ਫਿਰ ਅਸੀਂ ਗੋਲਕ ਵਿੱਚ ਪਾ ਕੇ, ਗੁਰੂ ਨੂੰ ਦੇਣ ਵਾਲੇ ਕਿਸ ਤਰ੍ਹਾਂ ਹੋ ਗਏ। ਗੋਲਕ ਵਿੱਚ ਤਾਂ ਅਸੀਂ ਗੁਰੂ ਘਰ ਦੇ ਕਾਰਜ ਕਰਨ ਲਈ ਸੰਸਥਾ ਨੂੰ ਦਿੰਦੇ ਹਾਂ। ਫਿਰ ਜਿਹੋ ਜਿਹੇ ਪ੍ਰਬੰਧਕ ਅਸੀਂ ਚੁਣਾਂਗੇ ਉਹੇ ਜਿਹੇ ਕੰਮ ਗੁਰੂ ਘਰਾਂ ਵਿੱਚ ਹੋਣਗੇ ਤੇ ਨਤੀਜੇ ਵੀ ਅਸੀਂ ਉਸ ਅਨੁਸਾਰ ਹੀ ਭੁਗਤਾਂਗੇ।

ਵਿਹਲੇ ਮੰਗਤਿਆਂ ਨੂੰ ਪੈਸੇ ਦੇ ਕੇ ਜਾਂ ਲੰਗਰ ਖਵਾ ਕੇ ਉਨ੍ਹਾਂ ਦੀਆਂ ਆਦਤਾਂ ਖਰਾਬ ਕਰਨ ਦਾ ਕੋਈ ਲਾਭ ਨਹੀਂ ਹੈ। "ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ੧॥" (੧੨੪੫) ਇਹ ਸਬਦ ਸਾਨੂੰ ਸੁਚੇਤ ਕਰਦਾ ਹੈ ਕਿ ਦਾਨ ਵੀ ਅਕਲ ਨਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਨਹੀਂ ਤਾਂ ਸੈਤਾਨ ਪੈਦਾ ਕਰਨ ਦੇ ਕਸੂਰਵਾਰ ਅਸੀਂ ਖੁਦ ਆਪ ਹੋਵਾਂਗੇ। ਇਸ ਲਈ ਅੱਖਾਂ ਮੀਟ ਕੇ ਦਾਨ ਕਰਨ ਦੀ ਬਜਾਏ, ਸੋਚ ਸਮਝ ਕੇ ਮਾਇਆ ਦੇਣੀ ਚਾਹੀਦੀ ਹੈ, ਜਿਸ ਨਾਲ ਕਿਸੇ ਲੋੜਵੰਦ ਦੀ ਭਲਾਈ ਹੋ ਸਕੇ। ਕਿਸੇ ਗਰੀਬ ਕਿਰਤੀ ਨੂੰ ਰੁਜਗਾਰ ਜਾਂ ਧਨ ਦੀ ਲੋੜ ਹੋ ਸਕਦੀ ਹੈ, ਤੇ ਕਿਸੇ ਅਮੀਰ ਨੂੰ ਸਬਦ ਗੁਰੂ ਅਨੁਸਾਰ ਜੀਵਨ ਜਾਚ ਦੀ ਲੋੜ ਹੋ ਸਕਦੀ ਹੈ। ਮੰਗਤੇ ਨੂੰ ਪੈਸੇ ਦੇ ਕੇ ਉਸ ਦੀ ਆਦਤ ਹੋਰ ਵਿਗਾੜਨੀ ਨਹੀਂ ਚਾਹੀਦੀ, ਬਲਕਿ ਉਸ ਨੂੰ ਕਿਰਤ ਕਰਨ ਲਈ ਪ੍ਰੇਰਨਾ ਚਾਹੀਦਾ ਹੈ।

ਪਰਖ ਇਹ ਹੈ, ਕਿ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਗੁਰੂ ਦੇ ਹਵਾਲੇ ਕੀਤਾ ਹੈ। ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ ਥਿਰ ਰਹਿਣ ਵਾਲਾ ਨਾਮੁ ਰੂਪੀ ਅੰਮ੍ਰਿਤ ਫਲ ਪਾਇਆ ਜਾ ਸਕਦਾ ਹੈ। ਅਰਦਾਸ ਸਵੈ ਪਰੇਰਨਾ ਲਈ ਕਰਨੀ ਹੈ, ਇਸ ਲਈ ਜੇਕਰ ਅਸੀਂ ਸੁਧਰਨਾ ਚਾਹੁੰਦੇ ਹਾਂ ਤਾਂ ਅਰਦਾਸ ਵੀ ਆਪ ਹੀ ਕਰਨੀ ਹੈ, ਨਾ ਜੋ ਨਿਮਾਣੇ ਹੋ ਕੇ ਬਖਸ਼ਿਸ਼ ਦੇ ਪਾਤਰ ਬਣ ਸਕਈਏ, ਨਹੀਂ ਤਾਂ ਹਉਮੈ ਵਿੱਚ ਰਹਿ ਕੇ ਕੁੱਝ ਹਾਸਲ ਨਹੀਂ ਹੋਣਾ ਹੈ।

ਸਿੱਖ ਦਾ ਵੱਖ ਵੱਖ ਥਾਵਾਂ ਤੇ ਜਾਣ ਦਾ ਮੰਤਵ ਹੈ, ਕਿ ਉਥੋਂ ਦੀ ਇਤਿਹਾਸਕ ਜਾਣਕਾਰੀ ਹਾਸਲ ਕਰਨਾ, ਉਸ ਸਮੇਂ ਦੀਆਂ ਪਰੰਪਰਾਵਾ ਬਾਰੇ ਗਿਆਨ ਪ੍ਰਾਪਤ ਕਰਨਾ, ਗੁਰੂ ਸਾਹਿਬ ਦਾ ਉਸ ਥਾਂ ਤੇ ਜਾਣ ਦਾ ਕੀ ਮੰਤਵ ਸੀ, ਤੇ ਕਿਸ ਤਰ੍ਹਾਂ ਗੁਰੂ ਸਾਹਿਬਾਂ ਨੇ ਲੋਕਾਂ ਦਾ ਉਧਾਰ ਕੀਤਾ। ਇਤਿਹਾਸਕ ਗੁਰਦੁਆਰਿਆਂ ਵਿੱਚ ਚੰਗੇ ਪ੍ਰਚਾਰਕ ਹੁੰਦੇ ਹਨ, ਇਸ ਲਈ ਗੁਰਮਤਿ ਦਾ ਹੋਰ ਜਿਆਦਾ ਗਿਆਨ ਮਿਲ ਸਕਦਾ ਹੈ। ਪਰੰਤੂ ਜੇਕਰ ਰਵਾਇਤਾ ਪੂਰੀਆਂ ਕਰਨ ਵਿੱਚ ਹੀ ਰੁਝੇ ਰਹੇ ਤਾਂ ਉਸ ਦਾ ਕੀ ਲਾਭ? ਹਜ਼ੂਰ ਸਾਹਿਬ ਦੀ ਯਾਤਰਾ ਲਗਭਗ ੫ ਦਿਨ (੧੨੦) ਘੰਟੇ ਦੀ ਹੁੰਦੀ ਹੈ। ਜਿਸ ਵਿੱਚ ਮੁਸ਼ਕਲ ਨਾਲ ੪/੫ ਘੰਟੇ ਗੁਰਬਾਣੀ ਸੁਣਨ ਜਾਂ ਗੁਰਮਤਿ ਦਾ ਗਿਆਨ ਹਾਸਲ ਕਰਨ ਦਾ ਸਮਾਂ ਮਿਲਦਾ ਹੈ। ਬਾਕੀ ਦਾ ਸਮਾਂ ਸਫਰ ਵਿੱਚ ਹੀ ਬੀਤ ਜਾਂਦਾ ਹੈ। ਹੇਮ ਕੁੰਢ ਸਾਹਿਬ ਦੀ ਯਾਤਰਾ ਲਗਭਗ ੧੦ ਦਿਨ (੨੪੦ ਘੰਟੇ) ਦੀ ਹੁੰਦੀ ਹੈ। ਜਿਸ ਵਿੱਚ ਮੁਸ਼ਕਲ ਨਾਲ ੪/੫ ਘੰਟੇ ਗੁਰਬਾਣੀ ਸੁਣਨ ਜਾਂ ਗੁਰਮਤਿ ਦਾ ਗਿਆਨ ਹਾਸਲ ਕਰਨ ਦਾ ਸਮਾਂ ਮਿਲਦਾ ਹੈ। ਬਾਕੀ ਦਾ ਸਮਾਂ ਸਫਰ ਜਾਂ ਆਰਾਮ ਕਰਨ ਵਿੱਚ ਹੀ ਬਤੀਤ ਹੋ ਜਾਂਦਾ ਹੈ। ਹਜ਼ੂਰ ਸਾਹਿਬ ਅਤੇ ਹੇਮ ਕੁੰਢ ਸਾਹਿਬ ਦੇ ਦਰਸ਼ਨ ਜਾਂ ਯਾਤਰਾ ਤੋਂ ਬਾਅਦ ਕੋਈ ਵਿਰਲਾ ਹੀ ਇਹ ਦਸਦਾ ਹੈ, ਕਿ ਕਿਨੀ ਕੁ ਹੋਰ ਇਤਿਹਾਸਕ ਜਾਣਕਾਰੀ ਹਾਸਲ ਕੀਤੀ ਹੈ ਤੇ ਕਿਨਾਂ ਕੁ ਹੋਰ ਗੁਰਮਤਿ ਬਾਰੇ ਗਿਆਨ ਹਾਸਲ ਕੀਤਾ ਹੈ। ਪ੍ਰੰਤੂ ਰਹਿਣ, ਖਾਣਾਂ, ਹੋਟਲ, ਸਰਾਂ, ਸੌਣ ਲਈ ਥਾਂਵਾਂ ਮੱਲਣਾ, ਆਦਿ ਬਾਰੇ ਸਭ ਲੋਕ ਦੱਸਣਗੇ। ਇਸ ਦੇ ਉਲਟ ਜੇਕਰ ਆਪਣੇ ਘਰ ਦੇ ਲਾਗੇ ਦੇ ਗੁਰਦੁਆਰਾਂ ਸਹਿਬ ਵਿੱਚ ਹਰ ਰੋਜ਼ ਸੰਗਤੀ ਰੂਪ ਵਿੱਚ ਉਤਨਾਂ ਸਮਾਂ ਹੀ ਗੁਰਬਾਣੀ ਗਾਇਨ ਕਰਨ, ਸੁਣਨ ਤੇ ਸਮਝਣ ਲਈ ਵਰਤਿਆ ਜਾਵੇ ਅਤੇ ਗੁਰਮਤਿ ਵੀਚਾਰ ਦੁਆਰਾ ਗਿਆਨ ਪ੍ਰਾਪਤ ਕਰਨ ਲਈ ਸਮਾਂ ਬਤੀਤ ਕੀਤਾ ਜਾਵੇ ਤਾਂ ਕਈ ਗੁਣਾਂ ਲਾਭ ਹੋ ਸਕਦਾ ਹੈ।

ਗੁਰੂ ਗਰੰਥ ਸਾਹਿਬ ਇੱਕ ਉੱਚੇ ਆਚਰਨ ਦਾ ਸੋਮਾ ਹੈ, ਉੱਚਾ ਆਚਰਨ ਤੇ ਉੱਚੀ ਵੀਚਾਰ ਸਿਰਫ ਸਬਦ ਗੁਰੂ ਤੋਂ ਹੀ ਮਿਲ ਸਕਦੀਆਂ ਹਨ। ਇਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਬਾਰੇ ਵੀਚਾਰ ਕਰਨੀ ਹੈ ਤੇ ਉਨ੍ਹਾਂ ਅਨਮੋਲ ਗੁਣਾਂ ਨੂੰ ਆਪਣੇ ਜੀਵਨ ਦਾ ਹਿਸਾ ਬਣਾਣਾਂ ਹੈ। ਗੁਰੂ ਗਰੰਥ ਸਾਹਿਬ ਦੀ ਸਹਾਇਤਾ ਨਾਲ ਅਸੀਂ ਅਕਾਲ ਪੁਰਖ ਦੇ ਹੁਕਮੁ ਨੂੰ ਸਮਝ ਸਕਦੇ ਹਾਂ ਤੇ ਉਸ ਹੁਕਮੁ ਅਨੁਸਾਰ ਚਲ ਸਕਦੇ ਹਾਂ। ਜਦੋਂ ਜੀਵ ਨੂੰ ਸਮਝ ਆਉਂਦੀ ਹੈ, ਕਿ ਸਭ ਕੁੱਝ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੋ ਰਿਹਾ ਹੈ, ਤੇ ਜੀਵ ਆਪ ਕੁੱਝ ਵੀ ਨਹੀਂ ਕਰ ਸਕਦਾ ਹੈ, ਤਾਂ ਫਿਰ ਉਸ ਦੀ ਹਉਮੈ ਘਟਨੀ ਸ਼ੁਰੂ ਹੋ ਜਾਂਦੀ ਹੈ, ਜਿਸ ਸਦਕਾ ਉਸ ਦੀ ਅਕਾਲ ਪੁਰਖੁ ਨਾਲ ਨੇੜਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਉੱਚਾ ਆਚਰਨ ਤੇ ਉੱਚੀ ਵਿਚਾਰ ਸਿਰਫ ਸਬਦ ਗੁਰੂ ਤੋਂ ਹੀ ਮਿਲ ਸਕਦੀਆਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਪ੍ਰਾਪਤ ਕਰ ਲੈਂਦਾ ਹੈ, ਉਹ ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧਨ, ਲਾਲਚ, ਹਉਮੈ, ਵਿਸ਼ਿਆਂ ਵਿਕਾਰਾਂ, ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਕ੍ਰੋਧ, ਇਨ੍ਹਾਂ ਸਭ ਨੂੰ ਤਿਆਗ ਦੇਂਦਾ ਹੈ। ਹਰੇਕ ਕਰਮ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਤੋਂ ਘਟੀਆ ਹੈ, ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਕੀਤੇ ਗਏ ਕਰਮ ਸਭ ਤਰ੍ਹਾਂ ਦੇ ਕੀਤੇ ਗਏ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਟ ਹਨ। ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ, ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਚੰਗੇ ਜੀਵਨ ਦੀ ਜਾਚ ਤੇ ਚੰਗਾ ਆਚਰਨ ਹੈ, ਇਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਅਨਮੋਲ ਗੁਣਾਂ ਨੂੰ ਆਪਣੇ ਜੀਵਨ ਦਾ ਹਿਸਾ ਬਣਾਣਾਂ ਚਾਹੀਦਾ ਹੈ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"

Top Brief Conclusion

 

(ਡਾ: ਸਰਬਜੀਤ ਸਿੰਘ)

(Dr. Sarbjit Singh)

 
 

ਆਰ ਐਚ ੧/ਈ - ੮, ਸੈਕਟਰ - ੮,

RH1 / E-8, Sector-8,

 
 

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

 
   

Email = [email protected]

 
   

Web = http://www.geocities.ws/sarbjitsingh

 
   

http://www.sikhmarg.com/article-dr-sarbjit.html

 



.