.

ਸਵਈਏ ਮਹਲੇ ਪਹਿਲੇ ਕੇ ੧
(ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ ਉਚਾਰੇ ਹੋਏ ਕਲ੍ਯ ਭੱਟ ਦੇ 10 ਸਵਈਏ)

ਨੋਟ: ਲੇਖ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਲਈ ਇਹ ਦੱਸਣਾ ਜਰੂਰੀ ਹੈ ਕਿ ਗੁਰਬਾਣੀ ਸ਼ਬਦਾਂ ਦੀ ਵਿਆਖਿਆ ਲਿਖਣਾ ਮੇਰਾ ਕੋਈ ਪੇਸ਼ਾ ਨਹੀਂ ਹੈ ਅਤੇ ਮੈਂ ਕੋਈ ਕਥਾਵਾਚਕ ਵੀ ਨਹੀਂ। ਮੇਰਾ ਇਸ਼ਟ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਮੈਂ ਕਿਸੇ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਜਨਮ ਸਾਖੀ, ਸੰਤ ਅਤੇ ਬਾਬੇ ਆਦਿ ਨੂੰ ਨਹੀਂ ਮੰਨਦਾ। ਮੇਰਾ ਸੰਤ, ਬਾਬਾ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਕੋਈ ਬੰਦਾ ਸੰਤ ਹੋ ਹੀ ਨਹੀਂ ਸਕਦਾ। ਸਾਡੇ ਪ੍ਰਚਾਰਕ, ਰਾਗੀ, ਢਾਡੀ ਆਦਿ ਗੁਰਬਾਣੀ ਨਾਲ ਨਿਆਂ ਨਹੀਂ ਕਰਦੇ। ਉਹ ਆਪਣੀ ਮਰਜ਼ੀ ਮੁਤਾਬਕ ਗੁਰਬਾਣੀ ਦੇ ਅਰਥ ਕਰਦੇ ਹਨ। ਉਹ ਜਨਮ ਸਾਖੀਆਂ, ਦਸਮ ਗ੍ਰੰਥ ਆਦਿ ਨੂੰ ਗੁਰਬਾਣੀ ਨਾਲੋਂ ਵਧੇਰੇ ਮਹਾਨਤਾ ਦਿੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੀ ਜਿੰਦ-ਜਾਨ ਹੈ। ਗੁਰਬਾਣੀ ਹੀ ਸਾਡਾ ਦਾ ਲੋਕ-ਪਰਲੋਕ ਨੂੰ ਸੁਹੇਲਾ ਬਣਾਉਣ ਦੇ ਸਮਰੱਥ ਹੈ। ਇਸ ਲਈ ਜਿਨ੍ਹਾਂ ਭੀ ਸਿਦਕ ਅਤੇ ਸ਼ਰਧਾ ਗੁਰਸਿੱਖ ਸਤਿਗੁਰੂ ਜੀ ਦੀ ਬਾਣੀ ਤੇ ਰਖਾਂਗੇ ਉਨ੍ਹਾਂ ਹੀ ਥੋੜ੍ਹਾ ਹੋਵੇਗਾ।
ਸਿੱਖ ਕੌਮ ਵਾਸਤੇ ਇਹ ਗੱਲ ਖ਼ਾਸ ਫ਼ਖ਼ਰ ਵਾਲੀ ਹੈ, ਕਿ ਪੰਥ ਦੀ ਆਤਮਕ ਰਾਹਬਰੀ ਵਾਸਤੇ ਸਤਿਗੁਰੂ ਜੀ ਆਪਣੀ ਹਾਜ਼ਰੀ ਵਿੱਚ ‘ਗੁਰਬਾਣੀ’ ਦੀ ਬਖ਼ਸ਼ਸ਼ ਕਰ ਗਏ ਹਨ, ਜਿਸ ਤੋਂ ਅਨੇਕਾਂ ਜੀਵਾਂ ਦਾ ਬੇੜਾ ਪਾਰ ਹੁੰਦਾ ਆ ਰਿਹਾ ਹੈ। ਜਿਥੇ ਗੁਰੂ ਸਾਹਿਬ ਨੇ ਸਾਨੂੰ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ, ਉੱਥੇ ਇਹ ਹੁਕਮ ਭੀ ਕੀਤਾ ਕਿ ਗੁਰਬਾਣੀ ਦੀ ਇਸ ‘ਦਾਤਿ’ ਵਿੱਚ ਹੁਣ ਕਿਸੇ ਲਗ ਮਾਤ੍ਰ ਦੀ ਤਬਦੀਲੀ ਭੀ ਨਹੀਂ ਹੋ ਸਕਣੀ। ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਕਈ ਅਖੌਤੀ ਡੇਰੇਦਾਰ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਆਉਂਦੀਆਂ ਲਗਾਂ-ਮਾਤਰਾਂ ਦੀ ਅੱਜ ਕੋਈ ਲੋੜ੍ਹ ਨਹੀਂ, ਇਹ ਕੱਟ ਦੇਣੀਆਂ ਚਾਹੀਦੀਆਂ ਹਨ ਅਤੇ ਕਈਆਂ ਨੇ ਇਹ ਕੱਟ ਵੀ ਦਿੱਤੀਆਂ ਵੀ ਹਨ। ਉਦਾਹਰਣ ਵਜੋਂ ਧੁੱਮਾਂ ਟਕਸਾਲ ਨੇ ਆਪਣੇ ਗੁਟਕੇ ਇਨ੍ਹਾਂ ਲਗਾਂ-ਮਾਤਰਾਂ ਤੋਂ ਬਗੈਰ ਛਪਵਾ ਦਿੱਤੇ ਹਨ।
ਗੁਰੂ ਨਾਨਕ ਸਾਹਿਬ ਦੇ ਨਾਮ-ਲੇਵਾ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਨਵੰਬਰ 2019 ਮਹੀਨੇ ਵਿੱਚ ਮਨਾਉਣ ਜਾ ਰਹੇ ਹਨ। ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿੱਚ ਹੋਇਆ ਸੀ। ਭਾਈ ਬਾਲੇ ਵਾਲੀ ਜਨਮਸਾਖੀ ਤੋਂ ਬਗੈਰ ਸਾਰੇ ਪੁਰਾਤਨ ਸਰੋਤ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਿਸਾਖ ਮਹੀਨੇ ਨੂੰ ਮੰਨਦੇ ਹਨ। ਇਹ ਪਹਿਲੀ ਵਾਰੀ ਦੇਖਿਆ ਗਿਆ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਕੱਤਕ ਦੇ ਮਹੀਨੇ ਵਿੱਚ ਲਿਖਿਆ ਹੋਇਆ ਹੈ।
ਇਥੇ ਇਹ ਗੱਲ ਵੀ ਸ਼ਪਸ਼ਟ ਕਰਨੀ ਜ਼ਰੂਰੀ ਹੈ ਕਿ ਕੋਈ ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਕਦੇ ਵੀ ਨਹੀਂ ਸੀ ਹੋਇਆ। ਭਾਈ ਬਾਲੇ ਵਾਲੀ ਇਸ ਜਨਮ ਸਾਖੀ ਨੇ ਸਪਸ਼ਟ ਕਰ ਦਿੱਤਾ ਕਿ 1658 ਵਿੱਚ ਭਾਈ ਬਾਲੇ ਦੀ ਜਨਮ ਸਾਖੀ ਮੌਜ਼ੂਦ ਸੀ।
ਹੁਣ ਦੇਖੀਏ ਕਿ ਭਾਈ ਬਾਲੇ ਵਾਲੀ ਇਹ ਜਨਮ ਸਾਖੀ ਕਦੋਂ ਹੋਂਦ ਵਿੱਚ ਆਈ। ਇਹ ਗੱਲ ਮੰਨੀ ਜਾਂਦੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਬਾਬਾ ਹੰਦਾਲ ਦੀ ਪਰਚੀ ਦੇ ਪਿੱਛੋਂ ਲਿਖੀ ਗਈ ਹੈ। "ਗੁਰੂ ਹੰਦਾਲ ਪ੍ਰਕਾਸ਼" ਅਨੁਸਾਰ ਬਾਬੇ ਹੰਦਾਲ ਦਾ ਜਨਮ 1573 ਈਸਵੀ ਅਤੇ ਦਿਹਾਂਤ 1648 ਈਸਵੀ ਵਿਚ ਹੋਇਆ। ਹੰਦਾਲ ਦੇ ਪੁੱਤਰ ਬਿਧੀ ਚੰਦ ਦਾ ਦਿਹਾਂਤ 1658 ਈਸਵੀ ਵਿੱਚ ਹੋਇਆ ਅਤੇ ਇਸੇ ਸਾਲ ਹੀ ਭਾਈ ਬਾਲੇ ਵਾਲੀ ਜਨਮ ਸਾਖੀ ਪੈੜਾ ਮੋਖਾ ਵਲੋਂ ਲਿਖੀ ਗਈ।
ਇੱਕ ਸਿਧਾਂਤ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਾਈ ਬਾਲੇ ਵਾਲੀ ਇਹ ਜਨਮ ਸਾਖੀ ਹੰਦਾਲੀਆਂ ਨੇ ਲਿਖਵਾਈ ਅਤੇ ਇਸ ਜਨਮ ਸਾਖੀ ਵਿੱਚ ਹੰਦਾਲ ਦਾ ਜਨਮ ਹੋਣਾ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਦੱਸਿਆ ਗਿਆ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਦਾ ਮੁੱਖ ਮੰਤਵ ਇੱਕੋ ਗੱਲ ਨੂੰ ਦ੍ਰਿੜ ਕਰਵਾਉਣਾ ਹੈ ਕਿ ਹੰਦਾਲ ਦੀ ਮਹਾਨਤਾ ਗੁਰੂ ਨਾਨਕ ਸਾਹਿਬ ਤੋਂ ਜਿਆਦਾ ਹੈ। ਭਾਈ ਬਾਲੇ ਦੀ ਜਨਮ ਸਾਖੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਭਾਈ ਬਾਲਾ ਸੰਧੂ ਜਾਤ ਦਾ ਜੱਟ ਸੀ। ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਬਚਪਨ ਦਾ ਸਾਥੀ ਸੀ ਜੋ ਕਿ ਸੱਚ ਨਹੀ।
ਗੁਰੂ ਦੋਖੀਆਂ ਦੀ ਬਦੌਲਤ ਭਾਈ ਬਾਲੇ ਵਾਲੀ ਜਨਮ ਸਾਖੀ ਬਹੁਤ ਪ੍ਰਚਲੱਤ ਹੋਈ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਦੀ ਬਹੁਤ ਜ਼ਿਆਦਾ ਤੋਹੀਨ ਕੀਤੀ ਹੋਈ ਮਿਲਦੀ ਹੈ। ਇਸ ਗੱਲ ਨੂੰ ਸਮਝਣ ਵਾਸਤੇ ਇੱਥੇ ਅਸੀਂ ਭਾਈ ਬਾਲੇ ਵਾਲੀ ਸਾਖੀ ਵਿੱਚੋਂ ਇੱਕ ਉਦਾਹਰਣ ਦੇਣੀ ਉਚਿੱਤ ਸਮਝਦੇ ਹਾਂ।
ਇਹ ਕਹਾਣੀ ਝੂੱਠੀ ਸਾਬਤ ਕਰਨ ਲਈ ਪਹਿਲਾਂ ਸ੍ਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੬੨ ਤੇ ਗੁਰੂ ਨਾਨਕ ਸਾਹਿਬ ਦਾ ਆਪ ਉਪਦੇਸ਼ ਕਰਦੇ ਹਨ ਕਿ, "ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ।।" ਭਾਵ ਪ੍ਰਮਾਤਮਾ (ਸੱਚ) ਤੋਂ ਬਾਅਦ ਪ੍ਰਾਣੀ ਦਾ ਆਪਣਾ ਆਚਰਣ ਹੀ ਸੱਭ ਤੋਂ ਉੱਚਾ ਹੈ।
ਗੁਰੂ ਨਾਨਕ ਸਾਹਿਬ ਦੇ ਆਚਰਣ ਵਾਰੇ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਵਾਰੇ ਜੋ ਲਿਖਿਆ ਹੈ, ਉਸ ਨੂੰ ਪੜ੍ਹ ਕੇ ਸ਼ਰਮ ਤਾਂ ਆਵੇਗੀ ਪਰ ਸਚਾਈ ਜਾਨਣ ਵਾਸਤੇ ਅਸੀਂ ਉਸ ਦਾ ਉਤਾਰਾ ਇੱਥੇ ਦੇਣਾ ਜ਼ਰੂਰੀ ਸਮਝਦੇ ਹਾਂ। ਇਸ ਸਾਖੀ ਨੂੰ ਜ਼ਰਾ ਜਿਗਰਾ ਅਤੇ ਹੌਸਲਾ ਕਰਕੇ ਪੜ੍ਹਨ ਦੀ ਲੋੜ੍ਹ ਹੈ;
"ਹੈ ਤਾ ਸਭ ਕੁੱਝ ਕਰਤਾਰ ਦਾ ਪਰ ਦੇਹ ਦੁਨੀਆਂ ਦੀ ਵਰਤਨਿ ਹੈ।। ਮੇਰੀ ਧੀ ਆਹੀ ਜੋ ਨਜਰਿ ਗੁਰੂ ਨਾਨਕ ਦੀ ਪਈ।। ਤਾਂ ਗੁਰੂ ਨਾਨਕ ਕਹਿਆ ਬਚਾ ਆਪਣੀ ਧੀ ਨੂੰ ਰਾਤੀ ਬਣਾਇ ਕੇ ਲੈ ਆਵੇ।। ਮੈ ਸੀ ਨ ਕੀਤੀ ਰਾਤਿ ਨੂੰ ਬਣਾਇ ਕੇ ਲੈ ਆਇਆ।। ਤਾ ਗੁਰੂ ਨਾਨਕ ਕਹਿਆ ਤੂ ਜਾਹਿ ਬਚਾ ਤਾ ਮੈ ਆਖਿਆ ਜੀ ਮੈ ਇਸ ਤਾਈ ਨਾਲੇ ਲੈ ਜਾਸਾਂ।। ਤਾ ਗੁਰੂ ਨਾਨਕ ਕਹਿਆ ਤੂ ਜਾ ਬਚਾ ਬਹਿ ਰਹੁ ਬਾਹਰਿ।। ਤਾ ਮੈ ਬਹਰਿ ਡਿਉਡੀ ਵਿਚ ਆਇ ਬੈਠਾ।। ਤਾ ਗੁਰੂ ਨਾਨਕ ਸੰਗ ਲਗਾ ਕਰਨਿ ਤਾ ਮੰਜੀ ਦੀ ਹੀਂਹ ਟੁੱਟ ਗਈ ਤਾ ਗੁਰੂ ਨਾਨਕ ਆਪਣੇ ਖਿਆਲ ਵਿਚ ਆਹਾ ਮੈ ਜਾਤਾ ਜੋ ਗੁਰੂ ਨਾਨਕ ਦੇ ਸਹਜ ਵਿਚਿ ਕੁਸਹਜ ਹੋਇ ਜਾਂਦਾ ਹੈ ਤਾ ਮੈ ਹੀਂਹ ਦੀ ਜਾਹਗਾ ਆਪਣੀ ਢੂਹੀ ਦਿਤੀ।।"
ਅਸੀਂ ਇਸ ਲੇਖ ਅਤੇ ਅਗਲੇ ਮਹੀਨੇ ਦੇ ਲੇਖ ਵਿੱਚ ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਇਸ ਲੇਖ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਭਾਈ ਬਲਵੰਡ, ਭਾਈ ਸੱਤਾ ਅਤੇ 11 ਭੱਟਾਂ ਵਿੱਚੋਂ ਭੱਟ ਕਲ੍ਹ ਦੀ ਬਾਣੀ ਦੇ ਹਵਾਲਿਆਂ ਦੁਆਰਾ ਕੀਤੀ ਜਾ ਰਹੀ ਹੈ;

ਭਾਈ ਸੱਤਾ ਅਤੇ ਭਾਈ ਬਲਵੰਡ ਵਾਰੇ ਸੰਖੇਪ ਜਾਣਕਾਰੀ
ਭਾਈ ਸੱਤਾ ਅਤੇ ਭਾਈ ਬਲਵੰਡ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਏ ਹਨ
ਕਈ ਵਿਦਵਾਨਾਂ ਦਾ ਖ਼ਿਆਲ ਹੈ ਕਿ ਭਾਈ ਸੱਤਾ ਅਤੇ ਬਲਵੰਡ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ। ਜਦੋਂ ਅੰਮ੍ਰਿਤਸਰ ਸ਼ਹਿਰ ਵੱਸਿਆ ਤਾਂ ਗੁਰੂ ਅਰਜਨ ਸਾਹਿਬ ਨੇ ਵੱਖ-ਵੱਖ ਕੰਮਾਂ ਵਾਲੇ ਲੋਕ ਇੱਥੇ ਅਮ੍ਰਿਤਸਰ ਮੰਗਾ ਕੇ ਵਸਾਏ ਸਨ। ਸੱਤਾ ਤੇ ਬਲਵੰਡ ਭੀ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਆ ਵੱਸੇ ਹੋਣਗੇ ਇਨ੍ਹਾਂ ਦਾ ਤਾਂ ਕੰਮ ‘ਕੀਰਤਨ’ ਸੀ ਜਿਸ ਦੀ ਮੰਗ ਗੁਰੂ ਕੇ ਦਰਬਾਰ ਵਿੱਚ ਹੀ ਹੋ ਸਕਦੀ ਸੀ। ਗੁਰ-ਉਸਤਤ ਵਿੱਚ ਇਨ੍ਹਾਂ ਦੀਆਂ 8 ਪਉੜੀਆਂ ਹਨ, ਭਾਈ ਬਲਵੰਡ ਨੇ ਪਹਿਲੀਆਂ 3 ਪਉੜੀਆਂ ਅਤੇ ਭਾਈ ਸੱਤਾ ਨੇ ਅਖ਼ੀਰਲੀਆਂ 5 ਪਉੜੀਆਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਸੰਗਤ ਵਿੱਚ ਉਚਾਰੀਆਂ ਅਤੇ ਉਨ੍ਹਾਂ ਦਾ ਗਾਇਣ ਕੀਤਾ।
ਇਸੇ ਤਰ੍ਹਾਂ ਹੀ ਗੁਰੂ ਅਰਜਨ ਸਾਹਿਬ ਦੇ ਸਮੇਂ ਦੂਰੋਂ ਆਏ ਨਿਰਪੱਖ ਪਰਦੇਸੀ 11 ਭੱਟਾਂ ਨੇ ਭੀ ਗੁਰੂ ਅਰਜਨ ਸਾਹਿਬ ਦੇ ਭਰੇ ਦਰਬਾਰ ਵਿੱਚ ‘ਸਵਈਆਂ’ ਦੀ ਰਾਹੀਂ ਸੱਚਾਈ ਦਾ ਹੋਕਾ ਦਿੱਤਾ ਅਤੇ ਗੁਰੂ ਸਾਹਿਬਾਨਾਂ ਦੀ ਉਪਮਾ ਗਾਈ।
ਜਿਵੇਂ 11 ਭੱਟਾਂ ਦੀ ‘ਗੁਰ ਮਹਿਮਾ’ ਗੁਰੂ ਅਰਜਨ ਸਾਹਿਬ ਨੇ ‘ਬੀੜ’ ਵਿੱਚ ਦਰਜ਼ ਕੀਤੀ, ਉਸੇ ਤਰ੍ਹਾਂ ਰਾਮਕਲੀ ਕੀ ਵਾਰ ਵਿੱਚ "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ" ਦਾ ਸਿਰਲੇਖ ਦੇ ਕੇ ਭਾਈ ਸੱਤਾ ਅਤੇ ਭਾਈ ਬਲਵੰਡ ਦੀ ਵਾਰ ਭੀ ‘ਬੀੜ’ ਤਿਆਰ ਕਰਨ ਵੇਲੇ ਬੀੜ ਵਿੱਚ ਦਰਜ਼ ਕੀਤੀ ਗਈ।

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ:

ਇਹ ਵਾਰ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੯੬੬ ਤੇ ਦਰਜ਼ ਹੈ। ਇਸ ਵਾਰ ਦੀਆਂ ਕੁੱਲ 8 ਪਉੜੀਆਂ ਹਨ। ਪਹਿਲੀ ਅਤੇ ਚੌਥੀ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ ਗਈ ਹੈ ਅਤੇ ਆਖਿਆ ਗਿਆ ਹੈ ਕਿ ਗੁਰੂ ਨਾਨਕ ਜੀ ਦਾ ‘ਨਾਮਣਾ’ ਕਾਦਰ ਕਰਤਾਰ ਨੇ ਆਪ ਵੱਡਾ ਕੀਤਾ ਅਤੇ ਧਰਮ ਦਾ ਰਾਜ ਗੁਰੂ ਨਾਨਕ ਨੇ ਚਲਾਇਆ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸੇਵਕ ਬਾਬਾ ਲਹਣਾ ਜੀ ਅੱਗੇ ਮੱਥਾ ਟੇਕਿਆ ਅਤੇ ਆਪਣੀ ਹਾਜ਼ਰੀ ਵਿੱਚ ਹੀ ਭਾਈ ਲਹਿਣਾ ਜੀ ਨੂੰ ਆਪਣੀ ਥਾਂ ਆਪਣਾ ਉੱਤਰਾਧਿਕਾਰੀ ਚੁਣ ਲਿਆ ਸੀ। ਦੂਜੀ, ਤੀਜੀ ਅਤੇ ਪੰਜਵੀਂ ਪਉੜੀ ਵਿੱਚ ਗੁਰੂ ਅੰਗਦ ਸਾਹਿਬ ਦੀ ਉਸਤਤ ਹੈ। ਛੇਵੀਂ ਪਉੜੀ ਵਿੱਚ ਗੁਰੂ ਅਮਰ ਦਾਸ ਸਾਹਿਬ ਦੀ ਉਸਤਤ ਹੈ। ਸਤਵੀਂ ਪਉੜੀ ਵਿੱਚ ਗੁਰੂ ਰਾਮ ਦਾਸ ਸਾਹਿਬ ਦੀ ਉਸਤਤ ਹੈ। ਅੱਠਵੀਂ ਪਉੜੀ ਵਿੱਚ ਗੁਰੂ ਅਰਜਨ ਸਾਹਿਬ ਦੀ ਉਸਤਤ ਹੈ।
ਆਓ ਹੁਣ ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ ਉਚਾਰੀ ਭਾਈ ਬਲਵੰਡ ਦੀ ਪਹਿਲੀ ਅਤੇ ਭਾਈ ਸੱਤਾ ਦੀ ਚੌਥੀ ਵਾਰ ਨੂੰ ਅਰਥਾਂ ਸਮੇਤ ਸਮਝਣ ਦੀ ਕੋਸ਼ਿਸ਼ ਕਰੀਏ;

ੴ ਸਤਿਗੁਰ ਪ੍ਰਸਾਦਿ ॥
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥੧
॥ ਪੰਨਾਂ ੯੬੬

ਪਦਅਰਥ: ਨਾਉ-ਵਡਿਆਈ; ਜੋਖੀਵਦੈ-ਉਸ ਦੀ ਵਡਿਆਈ ਤੋਲਣ ਲਈ; ਕਿਉ ਹੋਵੈ-ਨਹੀਂ ਹੋ ਸਕਦਾ; ਦੇ ਗੁਨਾ ਸਤਿ-ਸੱਚਾਈ ਆਦਿ ਦੇ ਰੱਬੀ ਗੁਣ; ਪਾਰੰਗਤਿ-ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ; ਦਾਨੁ-ਬਖ਼ਸ਼ਸ਼; ਪੜੀਵਦੈ-ਪ੍ਰਾਪਤ ਕਰਨ ਲਈ; ਕੋਟੁ-ਕਿਲ੍ਹਾ; ਸਤਾਣੀ-ਬਲ ਦੇਣ ਵਾਲੀ; ਨੀਵ-ਨੀਂਹ; ਧਰਿਓਨੁ-ਧਰਿਆ; ਉਨਿ ਗੁਰੂ ਨਾਨਕ ਸਾਹਿਬ ਨੇ; ਲਹਣੇ ਧਰਿਓਨੁ ਛਤੁ ਸਿਰਿ-ਲਹਿਣੇ ਦੇ ਸਿਰ ਉਤੇ ਗੁਰੂ ਨਾਨਕ ਸਾਹਿਬ ਨੇ ਛਤਰ ਧਰਿਆ; ਕਰਿ ਸਿਫਤੀ-ਸਿਫ਼ਤਾਂ ਕਰ ਕੇ; ਮਤਿ ਗੁਰ ਆਤਮ ਦੇਵ ਦੀ-ਆਤਮਦੇਵ ਗੁਰੂ ਦੀ ਮਤ ਦੀ ਰਾਹੀਂ; ਖੜਗਿ-ਖੜਗ ਦੀ ਰਾਹੀਂ; ਪਰਾਕੁਇ-ਤਾਕਤ ਨਾਲ; ਜੀਅ ਦਾਨ-ਆਤਮਕ ਜੀਵਨ ਦਾ ਦਾਨ; ਗੁਰਿ-ਗੁਰੂ ਨੇ ਭਾਵ ਗੁਰੂ ਨਾਨਕ ਸਾਹਿਬ ਨੇ; ਚੇਲੇ ਰਹਰਾਸਿ-ਬਾਬਾ ਲਹਣਾ ਜੀ ਨੂੰ ਨਮਸਕਾਰ; ਕੀਈ-ਕੀਤੀ; ਸਲਾਮਤਿ ਥੀਵਦੈ-ਸਰੀਰਕ ਤੌਰ ਤੇ ਜਿਊਂਦਿਆਂ ਹੀ; ਸਹਿ-ਸਹੁ ਨੇ ਭਾਵ ਗੁਰੂ ਨਾਨਕ ਸਾਹਿਬ ਨੇ; ਦਿਤੋਸੁ-ਉਸ ਨੂੰ ਦਿੱਤਾ; ਜੀਵਦੈ-ਜਿਊਂਦਿਆਂ ਹੀ।

ਅਰਥ: ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ ਇਹ ਪਉੜੀ ਭਾਈ ਬਲਵੰਡ ਜੀ ਦੀ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਦੀ ਉਸਤਤ ਕਰਦੇ ਹੋਏ ਭਾਈ ਬਲਵੰਡ ਕਹਿੰਦੇ ਹਨ ਕਿ ਕਿਸੇ ਪੁਰਖ ਦਾ ਨਾਮਣਾ ਜੋ ਕਾਦਰ ਕਰਤਾ ਭਾਵ ਪ੍ਰਮਾਤਮਾ ਆਪ ਉੱਚਾ ਕਰੇ, ਉਸ ਨੂੰ ਤੋਲਣ ਲਈ ਕਿਸੇ ਕੋਲੋਂ ਕੋਈ ਗੱਲ ਨਹੀਂ ਹੋ ਸਕਦੀ ਭਾਵ ਮੈਂ ਵਿਚਾਰਾ ਬਲਵੰਡ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਨਹੀਂ ਕਰ ਸਕਦਾ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤ ਆਦਿ ਰੱਬੀ ਗੁਣ ਲੋਕ ਬਹੁਤ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਗੁਰੂ ਨਾਨਕ ਸਾਹਿਬ ਦੇ ਤਾਂ ਭੈਣ ਅਤੇ ਭਰਾ ਹਨ ਭਾਵ ਉਹ ਗੁਣ ਗੁਰੂ ਨਾਨਕ ਸਾਹਿਬ ਦੇ ਅੰਦਰ ਤਾਂ ਸੁਭਾਵਿਕ ਹੀ ਮੌਜ਼ੂਦ ਹਨ। ਇਸ ਉੱਚੇ ਨਾਮ ਵਾਲੇ ਗੁਰੂ ਨਾਨਕ ਸਾਹਿਬ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ ਧਰਮ ਦਾ ਰਾਜ ਚਲਾਇਆ ਹੋਇਆ ਹੈ। ਅਕਾਲ ਪੁਰਖ ਦੀ ਬਖ਼ਸ਼ੀ ਹੋਈ ਮਤ-ਰੂਪ ਤਲਵਾਰ, ਜ਼ੋਰ ਅਤੇ ਬਲ ਨਾਲ ਅੰਦਰੋਂ ਪਹਿਲਾ ਜੀਵਨ ਕੱਢ ਕੇ ਆਤਮਕ ਜ਼ਿੰਦਗੀ ਬਖ਼ਸ਼ ਕੇ, ਬਾਬਾ ਲਹਿਣਾ ਜੀ ਦੇ ਸਿਰ ਉੱਤੇ ਟਿਕਾ ਦਿੱਤਾ। ਬਾਬਾ ਲਹਿਣਾ ਜੀ ਜੋ ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਕਰਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦਾ ਛਤਰ ਬਾਬਾ ਲਹਿਣਾ ਦੇ ਸਿਰ ਤੇ ਧਰ ਦਿੱਤਾ ਹੈ। ਹੁਣ ਆਪਣੇ ਹੁੰਦੇ ਹੀ ਭਾਵ ਗੁਰੂ ਨਾਨਕ ਸਾਹਿਬ ਨੇ ਜਿਉਂਦੇ-ਜੀਅ ਆਪਣੇ ਸਿੱਖ, ਬਾਬਾ ਲਹਣਾ ਜੀ ਅੱਗੇ ਮੱਥਾ ਟੇਕਿਆ ਅਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਜਿਊਂਦਿਆਂ ਹੀ ਗੁਰਿਆਈ ਦਾ ਟਿੱਕਾ ਬਾਬਾ ਲਹਣਾ ਜੀ ਨੂੰ ਦੇ ਦਿੱਤਾ ਹੈ।
ਨੋਟ: ਬਾਬਾ ਲਹਿਣਾ ਜੀ ਦਾ ਨਾਮ ਲਹਿਣਾ ਤੋਂ ਬਦਲ ਕੇ ਗੁਰੂ ਅੰਗਦ ਕਰ ਦਿੱਤਾ ਗਿਆ ਸੀ।

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥
ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪
॥ ਪੰਨਾਂ ੯੬੭

ਪਦ ਅਰਥ: ਹੋਰਿਂਓ-ਹੋਰ ਪਾਸੇ ਵਲੋਂ; ਵਹਾਈਐ-ਚਲਾਈ ਹੈ; ਦੁਨਿਆਈ-ਦੁਨੀਆ ਦੇ ਲੋਕ; ਕਿ-ਕੀ? ਕਿਓਨੁ- ਉਸ ਨੇ ਕੀਤਾ ਹੈ; ਈਸਰਿ-ਗੁਰੂ ਨੇ; ਜਗਨਾਥਿ-ਜਗਤ ਦੇ ਨਾਥ ਨੇ; ਉਚਹਦੀ-ਹੱਦ ਤੋਂ ਉੱਚਾ; ਵੈਣੁ-ਬਚਨ; ਵਿਰਿਕਿਓਨੁ-ਉਸ ਨੇ ਬੋਲਿਆ ਹੈ; ਪਰਬਤੁ-ਉੱਚੀ ਸੁਰਤ ਭਾਵ ਪੁਰਾਣਿਕ ਕਥਾ ਅਨੁਸਾਰ ਜਿਵੇਂ ਦੇਵਤਿਆਂ ਨੇ ਖੀਰ ਸਮੁੰਦਰ ਨੂੰ ਰਿੜਕਣ ਵੇਲੇ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਉੱਚੀ ਸੁਰਤ ਨੂੰ ਮਧਾਣੀ ਬਣਾਇਆ; ਬਾਸਕੁ-ਸੱਪਾਂ ਦਾ ਰਾਜਾ; ਨੇਤ੍ਰਿ-ਨੇਤ੍ਰੇ ਵਿੱਚ; ਕਰਿ ਨੇਤ੍ਰਿ ਬਾਸਕੁ- ਮਨ-ਰੂਪ ਸੱਪ ਨੂੰ ਨੇਤ੍ਰਾ ਬਣਾ ਭਾਵ ਮਨ ਨੂੰ ਕਾਬੂ ਕਰ ਕੇ; ਨਿਕਾਲਿਅਨੁ-ਗੁਰੂ ਨਾਨਕ ਸਾਹਿਬ ਨੇ ਨਿਕਲੇ; ਆਵਾਗਉਣੁ-ਸੰਸਾਰ; ਚਿਲਕਿਓਨੁ-ਗੁਰੂ ਨਾਨਕ ਸਾਹਿਬ ਨੇ ਲਿਸ਼ਕਾ ਦਿੱਤਾ ਭਾਵ ਸੁਖ-ਰੂਪ ਬਣਾ ਦਿੱਤਾ; ਕੁਦਰਤਿ-ਤਾਕਤ; ਅਹਿ-ਇਹੋ ਜਿਹੀ; ਵੇਖਾਲੀਅਨੁ-ਗੁਰੂ ਨਾਨਕ ਸਾਹਿਬ ਨੇ ਵਿਖਾਲੀ; ਜਿਣਿ-ਬਾਬਾ ਲਹਣਾ ਜੀ ਦੇ ਮਨ ਨੂੰ ਜਿੱਤ ਕੇ; ਐਵਡ-ਇਨ੍ਹਾਂ ਵੱਡਾ; ਠਿਣਕਿਓਨ-ਗੁਰੂ ਨਾਨਕ ਸਾਹਿਬ ਨੇ ਪਰਖਿਆ; ਲਹਣੇ ਸਿਰਿ-ਲਹਣੇ ਦੇ ਸਿਰ ਉਤੇ; ਧਰਿਓਨੁ-ਗੁਰੂ ਨਾਨਕ ਨੇ ਧਰਿਆ; ਅਸਮਾਨਿ-ਅਸਮਾਨ ਤਕ; ਕਿਆੜਾ-ਗਿੱਚੀ; ਛਿਕਿਓਨੁ-ਗੁਰੂ ਨਾਨਕ ਸਾਹਿਬ ਨੇ ਖਿੱਚਿਆ; ਆਪੁ-ਆਪਣੇ ਆਪ ਨੂੰ; ਆਪੈ ਸੇਤੀ-ਆਪੇ ਦੇ ਨਾਲ; ਮਿਕਿਓਨੁ- ਗੁਰੂ ਨਾਨਕ ਸਾਹਿਬ ਨੇ ਬਰਾਬਰ ਕੀਤਾ; ਘੋਖਿ ਕੈ-ਪਰਖ ਕੇ; ਉਮਤਿ-ਸੰਗਤ; ਕਿਓਨੁ-ਗੁਰੂ ਨਾਨਕ ਸਾਹਿਬ ਨੇ; ਸੁਧੋਸੁ-ਉਸ ਦੀ ਸੋਧ ਕੀਤੀ; ਟਿਕਿਓਨੁ- ਗੁਰੂ ਨਾਨਕ ਸਾਹਿਬ ਨੇ ਚੁਣਿਆ।
ਅਰਥ: ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ ਇਹ ਪਉੜੀ ਭਾਈ ਸੱਤਾ ਜੀ ਦੀ ਲਿਖੀ ਹੋਈ ਹੈ। ਆਮ ਕਰਕੇ ਗੱਦੀ ਆਪਣੇ ਘਰ ਵਿੱਚ ਹੀ ਰੱਖੀ ਜਾਂਦੀ ਹੈ ਪਰ ਦੁਨੀਆਂ ਆਖਦੀ ਹੈ ਜਗਤ ਦੇ ਨਾਥ, ਗੁਰੂ ਨਾਨਕ ਸਾਹਿਬ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ਅਤੇ ਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀ ਕੀਤਾ ਹੈ?
ਗੁਰੂ ਨਾਨਕ ਸਾਹਿਬ ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, ਮਨ-ਰੂਪ ਬਾਸਕ ਨਾਗ ਨੂੰ ਨੇਤ੍ਰੇ ਵਿੱਚ ਪਾ ਕੇ ਭਾਵ, ਮਨ ਨੂੰ ਕਾਬੂ ਕਰ ਕੇ ‘ਸ਼ਬਦ’ ਨੂੰ ਵਿਚਾਰਿਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ‘ਸ਼ਬਦ’-ਰੂਪ ਸਮੁੰਦਰ ਵਿੱਚੋਂ ‘ਰੱਬੀ ਗੁਣਾਂ’ ਦੇ ਚੌਦਾਂ ਰਤਨ ਕਢੇ ਅਤੇ ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਇਹ ਇਸੇ ਤਰ੍ਹਾਂ ਹੀ ਹੋਇਆ ਜਿਵੇਂ ਕਿਹਾ ਜਾਂਦਾ ਹੈ ਕਿ ਦੇਵਤਿਆਂ ਨੇ ਸਮੁੰਦਰ ਵਿੱਚੋਂ ਚੌਦਾਂ ਰਤਨ ਕੱਢੇ ਸਨ ਅਤੇ ਇਨ੍ਹਾਂ ਰਤਨਾਂ ਨਾਲ ਅਤੇ ਇਸ ਉੱਦਮ ਨਾਲ ਸੰਸਾਰ ਨੂੰ ਸੋਹਣਾ ਬਣਾ ਦਿੱਤਾ ਸੀ।
ਗੁਰੂ ਨਾਨਕ ਸਾਹਿਬ ਨੇ ਐਸੀ ਸਮਰੱਥਾ ਵਿਖਾਈ ਕਿ ਪਹਿਲਾਂ ਬਾਬਾ ਲਹਣਾ ਜੀ ਦਾ ਮਨ ਜਿੱਤ ਕੇ ਉਨ੍ਹਾਂ ਦੀ ਇਨ੍ਹੀਂ ਉੱਚੀ ਆਤਮਾ ਨੂੰ ਪਰਖਿਆ। ਫਿਰ ਬਾਬਾ ਲਹਣਾ ਜੀ ਦੇ ਸਿਰ ਉੱਤੇ ਗੁਰਿਆਈ ਦਾ ਛਤਰ ਧਰ ਦਿੱਤਾ ਅਤੇ ਉਨ੍ਹਾਂ ਦੀ ਸ਼ੋਭਾ ਅਸਮਾਨ ਤੱਕ ਪਹੁੰਚਾ ਦਿੱਤੀ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਆਤਮਾ ਬਾਬਾ ਲਹਣਾ ਜੀ ਦੀ ਆਤਮਾ ਵਿੱਚ ਮਿਲ ਗਈ ਅਤੇ ਗੁਰੂ ਨਾਨਕ ਸਾਹਿਬ ਨੇ ਆਪਣੇ-ਆਪ ਨੂੰ ਬਾਬਾ ਲਹਣਾ ਜੀ ਨਾਲ ਬਰਾਬਰ ਕਰ ਲਿਆ।
ਭਾਈ ਸੱਤਾ ਜੀ ਕਹਿੰਦੇ ਹਨ ਕਿ ਹੇ ਸਾਰੀ ਸੰਗਤ ਜੀ! ਵੇਖੋ, ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਜਦੋਂ ਉਨ੍ਹਾਂ ਆਪਣੇ ਸਿੱਖਾਂ ਅਤੇ ਪੁੱਤ੍ਰਾਂ ਨੂੰ ਪਰਖਿਆ ਅਤੇ ਜਦੋਂ ਉਨ੍ਹਾਂ ਸਾਰਿਆ ਦੀ ਸੁਧਾਈ ਕੀਤੀ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਥਾਂ ਤੇ ਬਾਬਾ ਲਹਣਾ ਜੀ ਨੂੰ ਚੁਣ ਲਿਆ।
ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਜਿਨ੍ਹਾਂ ਨੇ ਪੁੱਤਰਾਂ ਤੋਂ ਮਨੁੱਖੀ ਗੁਣਾਂ ਨੂੰ ਪਹਿਲ ਦਿੱਤੀ।

ਆਓ ਹੁਣ ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ ਉਚਾਰੇ ਕਵੀ ਭੱਟ ਨਲ੍ਯ੍ਯ ਦੇ ਸਵਈਆਂ ਨੂੰ ਅਰਥਾਂ ਸਮੇਤ ਸਮਝਣ ਦੀ ਕੋਸ਼ਿਸ਼ ਕਰੀਏ;
ਸਵਈਏ ਮਹਲੇ ਪਹਿਲੇ ਕੇ ੧: ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ ਭੱਟ ਕਲਸਹਾਰ ਦੇ ਉਚਾਰੇ ਹੋਏ ਇਹ 10 ਸਵੀਏ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੧੩੮੯ ਤੋਂ ਸ਼ੁਰੂ ਹੁੰਦੇ ਹਨ।

ਭੱਟਾਂ ਦੀ ਭਾਈਚਾਰਕ ਜਾਣ-ਪਛਾਣ

ਗਿਆਨੀ ਗੁਰਦਿੱਤ ਸਿੰਘ ਜੀ ਅਨੁਸਾਰ ਪੰਜਾਬ ਦੇ ਭੱਟ ਜਾਤ ਦੇ ਸਾਰਸੁਤ ਬ੍ਰਾਹਮਣ ਸਨ। ਇਹ ਆਪਣੀ ਉਤਪੱਤੀ ਕੌਸ਼ਸ਼ ਰਿਸ਼ੀ ਤੋਂ ਦੱਸਦੇ ਹਨ। ਉੱਚੀਆਂ ਜਾਤੀਆਂ ਦੇ ਬ੍ਰਾਹਮਣ, ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤ ਦੇ ਬ੍ਰਾਹਮਣ ਸਮਝਦੇ ਹਨ। ਇਹ ਲੋਕ ਸਰਸ੍ਵਤੀ ਨਦੀ ਦੇ ਕੰਢੇ ਉੱਤੇ ਵੱਸੇ ਹੋਏ ਸਨ। ਇਹ ਨਦੀ ਪਹਿਲਾਂ ਪਹੇਵੇ (ਹਰਿਆਣਾ) ਕੋਲੋਂ ਦੀ ਵਗਦੀ ਸੀ। ਜਿਹੜੇ ਭੱਟ ਨਦੀ ਦੇ ਉਰਲੇ ਪਾਸੇ ਵੱਸਦੇ ਸਨ ਉਹ ਸਾਰਸੁਤ ਅਤੇ ਦੂਜੇ ਪਾਸੇ ਵਾਲੇ ਆਪਣੇ-ਆਪ ਨੂੰ ਗੌੜ ਅਖਵਾਉਣ ਲੱਗ ਪਏ।
ਭੱਟਾਂ ਦੀ ਇਹ ਬੰਸਾਵਲੀ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਭਾਈ ਸੰਤ ਸਿੰਘ ਕੋਲੋਂ ਮਿਲੀ ਸੀ। ਇਨ੍ਹਾਂ ਹੀ ਭੱਟਾਂ ਦੇ ਕੁੱਝ ਖ਼ਾਨਦਾਨ ਯੂ.ਪੀ. ਆਦਿ ਵਿੱਚ ਭੀ ਵੱਸਦੇ ਹਨ ਅਤੇ ਕੁੱਝ ਸਹਾਰਨਪੁਰ ਅਤੇ ਜਗਾਧਰੀ ਦੇ ਇਲਾਕੇ ਵਿੱਚ ਰਹਿੰਦੇ ਹਨ। ਭੱਟਾਂ ਕੋਲ ਵਹੀਆਂ ਹਨ, ਜਿਨ੍ਹਾਂ ਉੱਤੇ ਉਹ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਹਨ।
ਭੱਟ ਸੰਤ ਸਿੰਘ ਜੀ ਦੀ ਪੰਜਾਬ ਵਾਲੀ ਵਹੀ ਦੇ ਅਨੁਸਾਰ ਭੱਟ ਭਿੱਖਾ ਅਤੇ ਟੋਡਾ, ਭੱਟ ਰਈਏ ਦੇ ਪੁੱਤਰ ਸਨ। ਉਸ ਵਹੀ ਤੋਂ ਇਹ ਭੀ ਪਤਾ ਚੱਲਦਾ ਹੈ ਕਿ ਇਹ ਭੱਟ ਸੁਲਤਾਨਪੁਰ ਦੇ ਰਹਿਣ ਵਾਲੇ ਸਨ।
ਬੰਸਾਵਲੀ ਭੱਟ ਭਗੀਰਥ ਤੋਂ ਸ਼ੁਰੂ ਹੁੰਦੀ ਹੈ। ਭਗੀਰਥ ਤੋਂ ਨੌਵੀਂ ਪੀੜ੍ਹੀ ਵਿੱਚ ਭੱਟ ਰਈਆ ਹੋਇਆ, ਜਿਸ ਦੇ ਛੇ ਪੁੱਤਰ ਸਨ-ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਅਤੇ ਟੋਡਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਭੱਟਾਂ ਦੀ ਬਾਣੀ ਦਰਜ਼ ਹੈ, ਉਨ੍ਹਾਂ ਵਿੱਚੋਂ ਮਥੁਰਾ, ਜਾਲਪ ਅਤੇ ਕੀਰਤ ਇਹ ਤਿੰਨ ਭੱਟ ਭਿੱਖੇ ਦੇ ਪੁੱਤਰ ਸਨ। ਭੱਟ ਸਲ੍ਯ੍ਯ ਅਤੇ ਭਲ੍ਯ੍ਯ ਇਹ ਦੋ ਭੱਟ ਭਿੱਖੇ ਦੇ ਛੋਟੇ ਭਰਾ ਸੇਖੇ ਦੇ ਪੁੱਤਰ ਸਨ। ਭੱਟ ਬਲ੍ਯ੍ਯ ਭਿੱਖੇ ਦੇ ਛੋਟੇ ਭਰਾ ਤੋਖੇ ਦਾ ਪੁੱਤਰ ਸੀ। ਭੱਟ ਹਰਬੰਸ ਭੱਟ ਭਿੱਖੇ ਦੇ ਭਰਾ ਗੋਖੇ ਦਾ ਪੁੱਤਰ ਸੀ। ਭੱਟ ਕਲਸਹਾਰ ਅਤੇ ਗਯੰਦ ਭੱਟ ਭਿੱਖੇ ਦੇ ਭਰਾ ਚੋਖੇ ਦੇ ਪੁੱਤਰ ਸਨ।
ਭਿੱਖਾ ਭੱਟ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਬਣਿਆ ਸੀ। ਭਾਈ ਗੁਰਦਾਸ ਜੀ ਨੇ ਇਸ ਦਾ ਨਾਮ ਸਤਿਗੁਰੂ ਅਮਰਦਾਸ ਜੀ ਦੇ ਸਿੱਖਾਂ ਵਿੱਚ ਲਿਖਿਆ ਹੈ। ਪਰ ਕਈ ਵਿਦਵਾਨ ਸੱਜਣ ਭੱਟਾਂ ਦੀ ਇਸ ਬੰਸਾਵਲੀ ਨੂੰ ਸ਼ੱਕ ਦੀ ਨਿਗਾਹ ਨਾਲ ਭੀ ਵੇਖਦੇ ਹਨ।
ਗੁਰੂ ਗ੍ਰੰਥ ਵਿੱਚ ਆਏ 11 ਭੱਟਾਂ ਦੇ ਨਾਮ ਇਸ ਤਰ੍ਹਾਂ ਹਨ:
(1) ਕਲ੍ਯ੍ਯ, ਜਿਸ ਦੇ ਦੂਜੇ ਨਾਮ ‘ਕਲਸਹਾਰ’ ਅਤੇ ‘ਟਲ੍ਯ੍ਯ’ ਹਨ।
(2) ਜਾਲਪ, ਜਿਸ ਦਾ ਦੂਜਾ ਨਾਮ ‘ਜਲ੍ਯ੍ਯ’ ਹੈ।
(3) ਕੀਰਤ, (4) ਭਿੱਖਾ, (5) ਸਲ੍ਯ੍ਯ, (6) ਭਲ੍ਯ੍ਯ, (7) ਨਲ੍ਯ੍ਯ, (8) ਗਯੰਦ, (9) ਮਥੁਰਾ, (10) ਬਲ੍ਯ੍ਯ, (11) ਹਰਿਬੰਸ।

ਸਵ੍ਯਾਂ ਦਾ ਮਜ਼ਮੂਨ: ਭੱਟ ‘ਕਲਸਹਾਰ’ ਇਸ ਜਥੇ ਦਾ ਜੱਥੇਦਾਰ ਸੀ ਅਤੇ ਇਹ ਸਾਰੇ ਭੱਟ ਇਕੱਠੇ ਮਿਲ ਕੇ ਗੁਰੂ ਅਰਜਨ ਸਾਹਿਬ ਕੋਲ ਗੋਇੰਦਵਾਲ ਆਏ ਸਨ। ਭੱਟਾਂ ਦਾ ਜੱਥੇਦਾਰ ਇਸ ਬਾਣੀ ਦਾ ਮੰਤਵ ਸਾਫ਼ ‘ਗੁਰ-ਉਪਮਾ’ ਦੱਸ ਰਿਹਾ ਹੈ। ਕੇਵਲ ‘ਕਲਸਹਾਰ’ ਨੇ ਹੀ ‘ਗੁਰ-ਉਪਮਾ’ ਕਰਨ ਵੇਲੇ ‘ਅਕਾਲ ਪੁਰਖ’ ਦੀ ਉਪਮਾ ਕੀਤੀ ਹੈ, ਉਹ ਭੀ ਆਪਣੇ ਸਵਈਆਂ ਦੇ ਸ਼ੁਰੂ ਵਿੱਚ।
ਸਵਈਆਂ ਵਿੱਚ ਕੇਵਲ ‘ਗੁਰੂ’ ਦੀ ਵਡਿਆਈ ਕੀਤੀ ਗਈ ਹੈ ‘ਗੁਰੂ’ ਦੀ ਉਪਮਾ ਕਰਨ ਲੱਗਿਆਂ ‘ਗੁਰ-ਵਿਅਕਤੀ’ ਦੀ ਉਪਮਾ ਹੋਣੀ ਕੁਦਰਤੀ ਗੱਲ ਸੀ। ਇਨ੍ਹਾਂ ਭੱਟਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਹਰੇਕ ‘ਗੁਰ-ਵਿਅਕਤੀ’ ਦੀ ਸਿਫ਼ਤ ਕੀਤੀ ਹੈ।

ਕਈ ਵਿਦਵਾਨਾ ਦਾ ਖਿਆਲ ਹੈ ਹੈ ਕਿ 11 ਭੱਟ ਸਾਰੇ ਇਕੱਠੇ ਮਿਲ ਕੇ ਗੁਰੂ ਅਰਜਨ ਸਾਹਿਬ ਜੀ ਪਾਸ ਨਹੀਂ ਆਏ ਸਨ। ਉਹ ਵੱਖੋ-ਵੱਖਰੇ ਸਮੇ ਵਿੱਚ ਹੋਏ ਹਨ ਅਤੇ ਹਰੇਕ ਸਤਿਗੁਰੂ ਜੀ ਦੇ ਸਮੇ ਵਿੱਚ ਹੋਏ ਸਨ ਅਤੇ ਹਰੇਕ ਸਤਿਗੁਰੂ ਜੀ ਦੇ ਸਮੇ ਵਿੱਚ ਆਏ ਹਨ।
ਪਰ ਇਹ ਖਿਆਲ ਠੀਕ ਨਹੀਂ ਹੈ। ਭੱਟ ਕਦੋਂ ਗੁਰੂ ਸਾਹਿਬ ਪਾਸ ਆਏ ਸਨ? ਇਸ ਸੰਬੰਧੀ ਜਾਣਕਾਰੀ, ਸਾਨੂੰ ਭੱਟ ਹਰਬੰਸ, ਜਿਸ ਨੇ ਗੁਰੂ ਅਰਜਨ ਸਾਹਿਬ ਦੀ ਉਸਤਤ ਵਿੱਚ ਦੋ ਸਵਈਏ ਲਿਖੇ ਹਨ, ਵਿੱਚੋਂ ਮਿਲਦੀ ਹੈ। ਭੱਟ ਹਰਿਬੰਸ ਦੇ ਸ੍ਵਯਾਂ ਤੋਂ ਇਹ ਸਾਫ਼ ਸਿੱਧ ਹੋ ਜਾਂਦਾ ਹੈ ਕਿ ਸਾਰੇ ਭੱਟ ਗੁਰੂ ਅਰਜਨ ਸਾਹਿਬ ਉਸ ਵੇਲੇ ਹਾਜ਼ਰ ਹੋਏ ਜਦੋਂ ਗੁਰੂ ਰਾਮਦਾਸ ਜੀ ਨੂੰ ਜੋਤੀ-ਜੋਤ ਸਮਾਇਆਂ ਅਜੇ ਥੋੜ੍ਹੇ ਹੀ ਦਿਨ ਹੋਏ ਸਨ। ਭੱਟ ਹਰਬੰਸ ਲਿਖਦਾ ਹੈ:

ਅਜੈ ਗੰਗ ਜਲੁ ਅਟਲੁ, ਸਿਖ ਸੰਗਤਿ ਸਭ ਨਾਵੈ ॥
ਨਿਤ ਪੁਰਾਣ ਬਾਚੀਅਹਿ, ਬੇਦ ਬ੍ਰਹਮਾ ਮੁਖਿ ਗਾਵੈ ॥
ਅਜੈ ਚਵਰੁ ਸਿਰਿ ਢੁਲੈ, ਨਾਮੁ ਅੰਮ੍ਰਿਤੁ ਮੁਖਿ ਲੀਅਉ ॥
ਗੁਰ ਅਰਜੁਨ ਸਿਰਿ ਛਤ੍ਰੁ, ਆਪਿ ਪਰੁਮੇਸਰਿ ਦੀਅਉ ॥
ਮਿਲਿ ਨਾਨਕ ਅੰਗਦ ਅਮਰ ਗੁਰ, ਰਾਮਦਾਸੁ ਹਰਿ ਪਹਿ ਗਯਉ ॥
ਹਰਿਬੰਸ, ਜਗਤਿ ਜਸੁ ਸੰਚਰ੍ਯ੍ਯਉ, ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ ॥੧

ਦੇਵ ਪੁਰੀ ਮਹਿ ਗਯਉ, ਆਪ ਪਰਮੇਸ੍ਵਰ ਭਾਯਉ ॥
ਹਰਿ ਸਿੰਘਾਸਣੁ ਦੀਅਉ, ਸਿਰੀ ਗੁਰੁ ਤਹ ਬੈਠਾਯਉ ॥
ਰਹਸੁ ਕੀਅਉ ਸੁਰ ਦੇਵ, ਤੋਹਿ ਜਸੁ ਜਯ ਜਯ ਜੰਪਹਿ ॥
ਅਸੁਰ ਗਏ ਤੇ ਭਾਗਿ, ਪਾਪ ਤਿਨ੍ਹ ਭੀਤਰਿ ਕੰਪਹਿ ॥
ਕਾਟੇ ਸੁ ਪਾਪ ਤਿਨ੍ਹ ਨਰਹੁ ਕੇ, ਗੁਰੁ ਰਾਮਦਾਸੁ ਜਿਨ੍ਹ ਪਾਇਯਉ ॥
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥ ਪੰਨਾਂ ੧੪੦੯

ਭੱਟ ਕਿੱਥੇ ਆਏ ਸਨ? ਇਹ ਵੀ ਭੱਟ ਨਲਯਯ ਦੇ ਹੇਠ ਲਿਖੇ ਤੋਂ ਸਵਯੇ ਤੋ ਤਾ ਚਬਦਾ ਹੈ ਕਿ ਸਾਰੇ ਭੱਟ ਇੱਕਠੇ ਗੁਰੂ ਅਰਜਨ ਸਾਹਿਬ ਕੋਲ ਗੋਇੰਦਵਾਲ ਆਏ ਸਨ। ਗੁਰੂ ਰਾਮਦਾਸ ਜੀ ਗੋਇੰਦਵਾਲ ਜਾ ਕੇ ਜੋਤੀ ਜੋਤਿ ਸਮਾਏ ਸਨ। ਗੁਰੂ ਸਾਹਿਬ ਦਾ ਦੀਦਾਰ ਕਰ ਕੇ ਜੋ ਆਤਮਕ ਆਨੰਦ ਭੱਟਾਂ ਨੂੰ ਮਿਲਿਆ ਸੀ ਉਸ ਦਾ ਜ਼ਿਕਰ ਭੱਟ ਨਲ੍ਯ੍ਯ ਆਪਣੇ ਸਵਈਆਂ ਵਿੱਚ ਕਰਦਾ ਹੈ ਅਤੇ ਆਖਦਾ ਹੈ-ਨਾਮ-ਅੰਮ੍ਰਿਤ ਪੀਣ ਦੀ ਮੇਰੇ ਅੰਦਰ ਚਿਰਾਂ ਦੀ ਤਾਂਘ ਸੀ। ਜਦੋਂ ਮੈਂ ਗੁਰੂ ਅਰਜਨ ਸਾਹਿਬ ਦਾ ਦਰਸ਼ਨ ਕੀਤਾ ਮੇਰੀ ਉਹ ਤਾਂਘ ਪੂਰੀ ਹੋ ਗਈ। ਮੇਰਾ ਮਨ ਜੋ ਪਹਿਲਾਂ ਭਟਕਦਾ ਫਿਰਦਾ ਸੀ, ਗੁਰੂ ਜੀ ਦਾ ਦਰਸ਼ਨ ਕਰ ਕੇ ਟਿਕਾਣੇ ਆ ਗਿਆ ਅਤੇ ਕਈ ਵਰ੍ਹਿਆਂ ਦਾ ਦੁੱਖ ਮੇਰੇ ਅੰਦਰੋਂ ਦੂਰ ਹੋ ਗਿਆ। ਉੱਥੇ ਹੀ ਭੱਟ ਨਲ੍ਯ੍ਯ ਲਿਖਦਾ ਹੈ ਕਿ ਇਹ ਦਰਸ਼ਨ ਮੈਨੂੰ ਗੋਇੰਦਵਾਲ ਵਿੱਚ ਹੋਇਆ ਹੈ;

ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥
ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥
ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰਦਿਸਿ ਧਾਯਉ ॥
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਯ੍ਯਨ ਤੀਰਿ ਬਿਪਾਸ ਬਨਾਯਉ ॥
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥੬
॥ ਪੰਨਾਂ ੧੪੦੦

ਭੱਟਾਂ ਵਾਰੇ ਇਸ ਸੰਖੇਪ ਜਾਣਕਾਰੀ ਤੋਂ ਉਪਰੰਤ ਅਸੀਂ ਭੱਟਾਂ ਦੁਆਰਾ ਗੁਰੂ ਨਾਨਕ ਸਾਹਿਬ ਦੀ ਉਸਤਤ ਵਲ ਆਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ ਉਚਾਰੇ ਹੋਏ 10 ਸਵਈਏ ਹਨ। ਇਹ 10 ਸਵਈਏ ਭੱਟ ਕਲ੍ਯ੍ਯ ਦੇ ਉਚਾਰੇ ਹੋਏ ਹਨ।

ੴ ਸਤਿਗੁਰ ਪ੍ਰਸਾਦਿ ॥
ਇਕ ਮਨਿ ਪੁਰਖੁ ਧਿਆਇ ਬਰਦਾਤਾ ॥
ਸੰਤ ਸਹਾਰੁ ਸਦਾ ਬਿਖਿਆਤਾ ॥
ਤਾਸੁ ਚਰਨ ਲੇ ਰਿਦੈ ਬਸਾਵਉ ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧
॥ ਪੰਨਾਂ ੧੩੮੯

ਪਦ ਅਰਥ: ਇਕ ਮਨਿ-ਇਕਾਗਰ ਹੋ ਕੇ; ਧਿਆਇ- ਯਾਦ ਕਰ ਕੇ; ਬਰਦਾਤਾ-ਬਖ਼ਸ਼ਿਸ਼ ਕਰਨ ਵਾਲਾ; ਸੰਤ ਸਹਾਰੁ-ਸੰਤਾਂ ਦਾ ਆਸਰਾ; ਬਿਖਿਆਤਾ-ਪ੍ਰਗਟ; ਤਾਸੁ-ਉਸ ਦੇ; ਬਸਾਵਉ-ਮੈਂ ਵਸਾਉਂਦਾ ਹਾਂ; ਤਉ-ਤਾਂ; ਗੁਰੂ ਨਾਨਕ ਗੁਨ-ਗੁਰੂ ਨਾਨਕ ਦੇ ਗੁਣ।
ਅਰਥ: ਉਸ ਆਕਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ, ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ-ਨਾਜ਼ਰ ਹੈ। ਮੈਂ ਉਸ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ ਅਤੇ ਇਨ੍ਹਾਂ ਦੀ ਬਰਕਤ ਨਾਲ ਆਪਣੇ ਪਰਮ ਸਤਿਗੁਰੂ, ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਉਂਦਾ ਹਾਂ।

ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥
ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ ॥
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨
॥ ਪੰਨਾਂ ੧੩੮੯

ਪਦ ਅਰਥ: ਗੁਨ ਸੁਖ ਸਾਗਰ-ਸੁੱਖਾਂ ਦੇ ਸਮੁੰਦਰ ਖ਼ਜ਼ਾਨੇ ਸਤਿਗੁਰੂ ਦੇ ਗੁਣ; ਦੁਰਤ-ਪਾਪ; ਦੁਰਤ ਨਿਵਾਰਣ-ਜੋ ਗੁਰੂ ਪਾਪਾਂ ਨੂੰ ਦੂਰ ਕਰਦਾ ਹੈ; ਸਬਦ ਸਰੇ-ਜੋ ਗੁਰੂ ਸ਼ਬਦ ਭਾਵ ਬਾਣੀ ਦਾ ਸੋਮਾ ਹੈ; ਧੀਰ-ਧੀਰਜ ਵਾਲੇ ਜੀਵ; ਮਤਿ ਸਾਗਰ-ਉੱਚੀ ਮਤ ਵਾਲੇ; ਧਿਆਨੁ ਧਰੇ-ਧਿਆਨ ਧਰ ਕੇ; ਪਰਮ-ਸਭ ਤੋਂ ਉੱਚਾ; ਇੰਦ੍ਰਾਦਿ-ਇੰਦ੍ਰ ਅਤੇ ਹੋਰ; ਭਗਤ ਪ੍ਰਹਿਲਾਦਿਕ-ਪ੍ਰਹਲਾਦ ਆਦਿ ਭਗਤ; ਆਤਮ ਰਸੁ-ਆਤਮਾ ਦਾ ਆਨੰਦ; ਜਿਨਿ-ਜਿਸ ਗੁਰੂ ਨਾਨਕ ਨੇ; ਕਬਿ ਕਲ-ਹੇ ਕਲ੍ਯ੍ਯ ਕਵੀ! ਸੁਜਸੁ-ਸੋਹਣਾ ਜਸ; ਗੁਰ ਨਾਨਕ-ਗੁਰੂ ਨਾਨਕ ਦਾ; ਜਿਨਿ-ਜਿਸ ਗੁਰੂ ਨਾਨਕ ਨੇ।
ਅਰਥ: ਮੈਂ ਉਸ ਪਰਮ ਗੁਰੂ, ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ। ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ, ਜੋ ਧੀਰਜਵਾਨ ਹਨ ਅਤੇ ਜੋ ਉੱਚੀ ਮਤ ਵਾਲੇ ਹਨ।
ਜਿਸ ਗੁਰੂ ਨਾਨਕ ਸਾਹਿਬ ਨੇ ਆਤਮਕ ਆਨੰਦ ਜਾਣਿਆ ਹੈ, ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਇੰਦਰ ਆਦਿ ਅਤੇ ਪ੍ਰਹਿਲਾਦ ਆਦਿ ਭਗਤ ਵੀ ਗਾਉਂਦੇ ਹਨ। ‘ਕਲ੍ਯ੍ਯ’ ਕਵੀ ਆਖਦਾ ਹੈ ਕਿ ਮੈਂ ਉਸ ਗੁਰੂ, ਗੁਰੂ ਨਾਨਕ ਸਾਹਿਬ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਅਤੇ ਜੋਗ ਮਾਣਿਆ ਹੈ ਭਾਵ ਜੋ ਗ੍ਰਿਹਸਤੀ ਭੀ ਹੈ ਅਤੇ ਮਾਇਆ ਤੋਂ ਉਪਰਾਮ ਹੋ ਕੇ ਪ੍ਰਭੂ ਦੇ ਨਾਲ ਵੀ ਜੁੜਿਆ ਹੋਇਆ ਹੈ।

ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥
ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ

ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੩॥ ਪੰਨਾਂ ੧੩੮੯

ਪਦ ਅਰਥ: ਜੁਗਤਿ-ਸਮੇਤ; ਜੁਗਤਿ ਜੋਗੇਸੁਰ-ਵੱਡੇ ਵੱਡੇ ਜੋਗੀਆਂ ਸਮੇਤ; ਹਰਿ ਰਸ ਪੂਰਨ-ਜੋ ਗੁਰੂ ਨਾਨਕ ਸਾਹਿਬ ਹਰੀ ਦੇ ਆਨੰਦ ਨਾਲ ਪੂਰਨ ਹੈ; ਸਰਬ ਕਲਾ-ਸਾਰੀਆਂ ਕਲਾਂ ਭਾਵ ਸੱਤਾ ਵਾਲਾ ਗੁਰੂ ਨਾਨਕ ਸਾਹਿਬ; ਸਨਕਾਦਿ-ਬ੍ਰਹਮਾ ਦੇ ਪੁੱਤ੍ਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ; ਸਿਧਾਦਿਕ-ਸਿੱਧ ਆਦਿਕ; ਅਛਲ-ਨਾ ਛਲਿਆ ਜਾਣ ਵਾਲਾ ਗੁਰੂ ਨਾਨਕ ਸਾਹਿਬ; ਛਲਾ-ਛਲਣ ਵਾਲੀ; ਧੋਮ-ਇਕ ਰਿਸ਼ੀ; ਅਟਲ ਮੰਡਲਵੈ-ਅਟੱਲ ਮੰਡਲ ਵਾਲਾ ਧ੍ਰੂ ਭਗਤ; ਭਗਤਿ ਭਾਇ-ਭਗਤੀ ਵਾਲੇ ਭਾਵ ਨਾਲ; ਰਸੁ-ਪ੍ਰਭੂ ਦੇ ਮਿਲਾਪ ਦਾ ਆਨੰਦ।
ਅਰਥ: ਜੋ ਗੁਰੂ ਨਾਨਕ ਸਾਹਿਬ ਹਰੀ ਦੇ ਰਸ ਵਿੱਚ ਭਿੱਜਿਆ ਹੋਇਆ ਹੈ, ਜੋ ਗੁਰੂ ਨਾਨਕ ਸਾਹਿਬ ਹਰ ਪ੍ਰਕਾਰ ਦੀ ਸੱਤਿਆ ਵਾਲਾ ਹੈ, ਉਸ ਦੇ ਗੁਣਾਂ ਨੂੰ ਜਨਕ ਆਦਿ ਵੱਡੇ -ਵੱਡੇ ਜੋਗੀਆਂ ਸਮੇਤ ਗਾਉਂਦੇ ਹਨ। ਜਿਸ ਗੁਰੂ ਨਾਨਕ ਸਾਹਿਬ ਨੂੰ ਮਾਇਆ ਨਹੀਂ ਛੱਲ ਸਕੀ, ਉਸ ਦੇ ਗੁਣਾਂ ਨੂੰ ਰਿਸ਼ੀ ਗਾਉਂਦੇ ਹਨ। ਸਨਕ ਆਦਿ ਸਾਧ ਅਤੇ ਸਿੱਧ ਆਦਿ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਉਂਦੇ ਹਨ।
ਜਿਸ ਗੁਰੂ ਨਾਨਕ ਸਾਹਿਬ ਨੇ ਭਗਤੀ ਵਾਲੇ ਭਾਵ ਦੁਆਰਾ ਹਰੀ ਦੇ ਮਿਲਾਪ ਦਾ ਆਨੰਦ ਜਾਣਿਆ ਹੈ, ਉਸ ਦੇ ਗੁਣਾਂ ਨੂੰ ਧੋਮੁ ਰਿਸ਼ੀ ਗਾਉਂਦਾ ਹੈ ਅਤੇ ਧ੍ਰੂ ਭਗਤ ਗਾਉਂਦਾ ਹੈ। ਕਲ੍ਯ੍ਯ ਕਵੀ ਆਖਦਾ ਹੈ ਕਿ ‘ਮੈਂ ਉਸ ਗੁਰੂ ਨਾਨਕ ਸਾਹਿਬ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਅਤੇ ਜੋਗ ਮਾਣਿਆ ਹੈ’।

ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥
ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੪॥ ਪੰਨਾਂ ੧੩੮੯

ਪਦ ਅਰਥ: ਕਪਿਲਾਦਿ-ਕਪਿਲ ਰਿਸ਼ੀ ਆਦਿ; ਆਦਿ ਜੋਗੇਸੁਰ- ਵੱਡੇ-ਵੱਡੇ ਪਰਤਨ ਜੋਗੀ ਜ਼ਨ; ਅਪਰੰਪਰ-ਜਿਸਦਾ ਪਾਰ ਨਾ ਪਾਇਆ ਜਾ ਸਕੇ ਭਾਵ ਬੇਅੰਤ; ਵਰ-ਉੱਤਮ; ਅਪਰੰਪਰ ਅਵਤਾਰ ਵਰੋ-ਬੇਅੰਤ ਹਰੀ ਦੇ ਸ੍ਰੇਸ਼ਟ ਅਵਤਾਰ ਗੁਰੂ ਨਾਨਕ ਸਾਹਿਬ ਨੂੰ; ਕਰ-ਹੱਥ; ਕੁਠਾਰੁ-ਕੁਹਾੜਾ; ਤੇਜੁ-ਪ੍ਰਤਾਪ; ਰਘੁ-ਸ੍ਰੀ ਰਾਮ ਚੰਦਰ ਜੀ; ਕਰ ਕੁਠਾਰੁ-ਹੱਥ ਦਾ ਕੁਹਾੜਾ; ਉਧੌ-ਸ੍ਰੀ ਕ੍ਰਿਸ਼ਨ ਜੀ ਦਾ ਇੱਕ ਭਗਤ; ਅਕ੍ਰੂਰੁ-ਸ੍ਰੀ ਕ੍ਰਿਸ਼ਨ ਜੀ ਦਾ ਇੱਕ ਭਗਤ; ਬਿਦਰੁ-ਸ੍ਰੀ ਕ੍ਰਿਸ਼ਨ ਜੀ ਦਾ ਇੱਕ ਭਗਤ; ਸਰਬਾਤਮੁ-ਸਰਬ ਵਿਆਪਕ ਪ੍ਰਮਾਤਮਾ ਹਰੀ; ਜਿਨਿ-ਜਿਸ ਗੁਰੂ ਨਾਨਕ ਸਾਹਿਬ ਨੇ।
ਅਰਥ: ਕਪਿਲ ਆਦਿ ਰਿਸ਼ੀ, ਵੱਡੇ-ਵੱਡੇ ਪੁਰਾਤਨ ਜੋਗੀ ਜਨ ਅਤੇ ਪ੍ਰਮਾਤਮਾ ਦੇ ਸ਼ਿਰੋਮਣੀ ਅਵਤਾਰ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਉਂਦੇ ਹਨ। ਗੁਰੂ ਨਾਨਕ ਸਾਹਿਬ ਦੇ ਗੁਣਾਂ ਦੇ ਜਸ ਨੂੰ ਜਮਦਗਨ ਦਾ ਪੁੱਤਰ ਪਰਸਰਾਮ ਭੀ ਗਾ ਰਿਹਾ ਹੈ। ਇਹ ਉਹ ਪਰਸਰਾਮ ਹੈ ਜਿਸ ਦੇ ਹੱਥ ਦਾ ਕੁਹਾੜਾ ਅਤੇ ਜਿਸ ਦਾ ਪ੍ਰਤਾਪ ਸ੍ਰੀ ਰਾਮ ਚੰਦਰ ਜੀ ਨੇ ਖੋਹ ਲਿਆ ਸੀ।
ਜਿਸ ਗੁਰੂ ਨਾਨਕ ਸਾਹਿਬ ਨੇ ਸਰਬ-ਵਿਆਪਕ ਹਰੀ ਨੂੰ ਜਾਣ ਕੇ ਡੂੰਘੀ ਸਾਂਝ ਪਾਈ ਹੋਈ ਸੀ, ਉਸ ਦੇ ਗੁਣ ਉਧੌ ਗਾ ਰਿਹਾ ਹੈ, ਅਕ੍ਰੂਰੁ ਗਾ ਰਿਹਾ ਹੈ ਅਤੇ ਬਿਦਰ ਭਗਤ ਗਾ ਰਿਹਾ ਹੈ। ਕਲ੍ਯ੍ਯ ਕਵੀ ਆਖਦਾ ਹੈ ਕਿ ‘ਮੈਂ ਉਸ ਗੁਰੂ ਨਾਨਕ ਸਾਹਿਬ ਦਾ ਸੋਹਣਾ ਜਸ ਗਾਉਂਦਾ ਹਾਂ, ਜਿਸ ਨੇ ਰਾਜ ਅਤੇ ਜੋਗ ਦੋਵੇਂ ਮਾਣੇ ਹਨ’।

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥
ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥
ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫
॥ ਪੰਨਾਂ ੧੩੯੦

ਪਦ ਅਰਥ: ਗਾਵਹਿ-ਗਾਉਂਦੇ ਹਨ; ਗਾਵੈ-ਗਾਉਂਦਾ ਹੈ; ਬਰਨ ਚਾਰਿ-ਚਾਰੇ ਵਰਣ ਭਾਵ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ; ਖਟ ਦਰਸਨ-ਛੇ ਭੇਖੁ; ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਆਦਿ; ਸਿਮਰੰਥਿ-ਸਿਮਰਦੇ ਹਨ; ਗੁਨਾ-ਗੁਣਾਂ ਨੂੰ; ਸੇਸੁ-ਸ਼ੇਸ਼ਨਾਗ; ਸਹਸ ਜਿਹਬਾ-ਹਜ਼ਾਰ ਜੀਭਾਂ ਨਾਲ; ਰਸ-ਪ੍ਰੇਮ ਨਾਲ; ਆਦਿ ਅੰਤਿ-ਸਦਾ ਇਕ-ਰਸ; ਲਿਵ ਲਾਗਿ ਧੁਨਾ-ਲਿਵ ਦੀ ਧੁਨ ਲਗਾ ਕੇ; ਮਹਾਦੇਉ-ਸ਼ਿਵ ਜੀ; ਬੈਰਾਗੀ-ਵੈਰਾਗਵਾਨ ਤਿਆਗੀ; ਜਿਨਿ-ਜਿਸ ਗੁਰੂ ਨਾਨਕ ਸਾਹਿਬ ਨੇ; ਨਿਰੰਤਰਿ-ਇਕ-ਰਸ।
ਅਰਥ: ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਹੇ ਹਨ। ਬ੍ਰਹਮਾ ਆਦਿ ਭੀ ਉਸ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਯਾਦ ਕਰ ਰਹੇ ਹਨ। ਸ਼ੇਸ਼ਨਾਗ ਹਜ਼ਾਰਾਂ ਜੀਭਾਂ ਅਤੇ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦਾ ਹੈ।
ਜਿਸ ਗੁਰੂ ਨਾਨਕ ਸਾਹਿਬ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ ਅਤੇ ਸਾਂਝ ਪਾਈ ਹੈ, ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ ਭੀ ਗਾ ਰਿਹਾ ਹੈ। ਕਲ੍ਯ੍ਯ ਕਵੀ ਆਖਦਾ ਹੈ ਕਿ ‘ਮੈਂ ਉਸ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦਾ ਹਾਂ, ਜਿਸ ਨੇ ਰਾਜ ਅਤੇ ਜੋਗ ਦੋਵੇਂ ਮਾਣੇ ਹਨ’।

ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥
ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥
ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥
ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥
ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥ ਪੰਨਾਂ ੧੩੯੦

ਪਦ ਅਰਥ: ਬਸਿਓ-ਵੱਸ ਰਿਹਾ ਹੈ; ਰਿਦੰਤਰਿ-ਗੁਰੂ ਨਾਨਕ ਦੇ ਹਿਰਦੇ ਵਿੱਚ; ਸਗਲ-ਸਾਰੀ; ਉਧਰੀ-ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤੀ ਹੈ; ਨਾਮਿ-ਨਾਮ ਦੇ ਰਾਹੀਂ; ਲੇ-ਆਪ ਨਾਮ ਜਪ ਕੇ; ਤਰਿਓ-ਗੁਰੂ ਨਾਨਕ ਸਾਹਿਬ ਤਰ ਗਿਆ ਹੈ; ਨਿਰੰਤਰਿ-ਇਕ-ਰਸ; ਸਨਕਾਦਿ-ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ; ਆਦਿ-ਪੁਰਾਤਨ; ਜਨਕਾਦਿ-ਜਨਕ ਆਦਿ ਰਿਸ਼ੀ; ਜੁਗਹ ਲਗਿ-ਸਦਾ ਹੀ; ਸਕਯਥੁ-ਸਫਲ; ਭਲੌ-ਚੰਗਾ; ਜਗਿ-ਸੰਸਾਰ ਵਿੱਚ।
ਅਰਥ: ਗੁਰੂ ਨਾਨਕ ਸਾਹਿਬ ਨੇ ਰਾਜ ਭੀ ਮਾਣਿਆ ਹੈ ਅਤੇ ਜੋਗ ਭੀ ਮਾਣਿਆ ਹੈ। ਨਿਰਵੈਰ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਵੱਸ ਰਿਹਾ ਹੈ। ਗੁਰੂ ਨਾਨਕ ਸਾਹਿਬ ਆਪ ਇੱਕ-ਰਸ ਪ੍ਰਮਾਤਮਾ ਦਾ ਨਾਮ ਜਪ ਕੇ ਤਰ ਗਿਆ ਹੈ ਅਤੇ ਉਸ ਨੇ ਸਾਰੀ ਸ੍ਰਿਸ਼ਟੀ ਨੂੰ ਭੀ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਤਾਰ ਦਿੱਤਾ ਹੈ। ਪਾਤਾਲਪੁਰੀ, ਪਾਤਾਲ ਲੋਕ ਤੋਂ; ਜੈਕਾਰ ਧੁਨ, ਗੁਰੂ ਨਾਨਕ ਸਾਹਿਬ ਦੇ ਜੈ ਜੈਕਾਰ ਦੀ ਆਵਾਜ਼; ਵਖਾਣਿਓ-ਆਖਦਾ ਹੈ; ਰਸਿਕ-ਰਸੀਆ; ਨਾਨਕ ਗੁਰ-ਹੇ ਗੁਰੂ ਸਾਹਿਬ ਨਾਨਕ! ਤੈ-ਤੂੰ।
ਅਰਥ: ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਹੇ ਹਨ। ਧੰਨ ਹੈ ਗੁਰੂ ਨਾਨਕ ਸਾਹਿਬ! ਧੰਨ ਹੈ ਗੁਰੂ ਨਾਨਕ ਸਾਹਿਬ! ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਲੈਣਾ ਸਫਲ ਅਤੇ ਭਲਾ ਹੋਇਆ ਹੈ।
ਦਾਸ ਕਲ੍ਯ੍ਯ ਕਵੀ ਬੇਨਤੀ ਕਰਦਾ ਹੈ ਕਿ ‘ਹੇ ਪ੍ਰਮਾਤਮਾ ਦੇ ਨਾਮ ਦੇ ਰਸੀਏ, ਹੇ ਗੁਰੂ ਨਾਨਕ ਸਾਹਿਬ! ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ ਉੱਠ ਰਹੀ ਹੈ, ਹੇ ਗੁਰੂ ਨਾਨਕ ਸਾਹਿਬ! ਤੂੰ ਰਾਜ ਅਤੇ ਜੋਗ ਦੋਵੇਂ ਹੀ ਮਾਣੇ ਹਨ’।

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ

ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ ਪੰਨਾਂ ੧੩੯੦

ਪਦ ਅਰਥ: ਸਤਿਜੁਗ-ਸਤਜੁਗ ਵਿੱਚ; ਤੈ-ਹੇ ਗੁਰੂ ਨਾਨਕ ਸਾਹਿਬ ਤੂੰ! ਮਾਣਿਓ-ਰਾਜ ਅਤੇ ਜੋਗ ਮਾਣਿਆ ਹੈ; ਬਲਿ-ਰਾਜਾ ਬਲਿ ਜਿਸ ਨੂੰ ਵਾਮਨ ਅਵਤਾਰ ਨੇ ਛਲਿਆ ਸੀ; ਭਾਇਓ-ਚੰਗਾ ਲੱਗਿਆ; ਬਾਵਨ-ਵਾਮਨ ਅਵਤਾਰ; ਤ੍ਰੇਤੈ-ਤ੍ਰੇਤੇ ਜੁਗ ਵਿੱਚ; ਰਘੁਵੰਸੁ-ਰਘੂ ਦੀ ਵੰਸ ਵਾਲਾ; ਦੁਆਪੁਰਿ-ਦੁਆਪੁਰ ਜੁਗ ਵਿੱਚ; ਮੁਰਾਰਿ-ਮੁਰ ਦੈਂਤ ਦਾ ਵੈਰੀ; ਕਿਰਤਾਰਥੁ- ਮੁਕਤ; ਉਗ੍ਰਸੈਣ-ਮਥੁਰਾ ਦਾ ਰਾਜਾ ਕੰਸ ਅਤੇ ਉਸ ਦਾ ਪਿਤਾ; ਕੰਸ ਇਸ ਨੂੰ ਤਖ਼ਤ ਤੋਂ ਲਾਹ ਕੇ ਰਾਜਾ ਬਣ ਬੈਠਾ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਮੁੜ ਉਗ੍ਰਸੈਣ ਨੂੰ ਰਾਜ ਦੇ ਦਿੱਤਾ ਸੀ; ਅਭੈ-ਨਿਰਭੈਤਾ ਵਾਲਾ ਪਦ; ਭਗਤਹ ਜਨ-ਭਗਤਾਂ ਨੂੰ; ਕਲਿਜੁਗਿ-ਕਲਜੁਗ ਵਿੱਚ; ਪ੍ਰਮਾਣੁ-ਮੰਨਿਆ-ਪਰਮੰਨਿਆ ਅਤੇ ਸਮਰਥਾ ਵਾਲਾ; ਨਾਨਕ-ਹੇ ਗੁਰੂ ਨਾਨਕ ਸਾਹਿਬ! ਸ੍ਰੀ ਗੁਰੂ ਰਾਜੁ-ਸ੍ਰੀ ਗੁਰੂ ਨਾਨਕ ਸਾਹਿਬ ਦਾ ਰਾਜ; ਅਬਿਚਲੁ-ਨਾ ਹਿੱਲਣ ਵਾਲਾ, ਪੱਕਾ ਅਤੇ ਸਥਿਰ; ਆਦਿ ਪੁਰਖਿ-ਅਕਾਲ ਪੁਰਖ ਨੇ।
ਅਰਥ: ਹੇ ਗੁਰੂ ਨਾਨਕ ਸਾਹਿਬ! ਸਤਜੁਗ ਵਿੱਚ ਭੀ ਤੂੰ ਹੀ ਰਾਜ ਅਤੇ ਜੋਗ ਮਾਣਿਆ ਸੀ। ਤੂੰ ਹੀ ਰਾਜਾ ਬੱਲ ਨੂੰ ਛੱਲਿਆ ਸੀ ਅਤੇ ਉਸ ਵੇਲੇ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਿਆ ਸੀ। ਤ੍ਰੇਤੇ ਵਿੱਚ ਭੀ ਤੂੰ ਹੀ ਰਾਜ ਅਤੇ ਜੋਗ ਮਾਣਿਆ ਸੀ। ਉਸ ਵੇਲੇ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ ਭਾਵ ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਵਾਮਨ ਅਵਤਾਰ ਹੈਂ ਅਤੇ ਤੂੰ ਹੀ ਰਘੁਵੰਸੀ ਰਾਮ ਹੈਂ।
ਹੇ ਗੁਰੂ ਨਾਨਕ ਸਾਹਿਬ! ਦੁਆਪੁਰ ਜੁਗ ਵਿੱਚ ਕ੍ਰਿਸ਼ਨ ਮੁਰਾਰੀ ਭੀ ਤੂੰ ਹੀ ਸੀ। ਹੇ ਗੁਰੂ ਨਾਨਕ ਸਾਹਿਬ! ਤੂੰ ਹੀ ਕੰਸ ਨੂੰ ਮਾਰ ਕੇ ਮੁਕਤ ਕੀਤਾ ਸੀ। ਹੇ ਗੁਰੂ ਨਾਨਕ ਸਾਹਿਬ! ਤੂੰ ਹੀ ਉਗ੍ਰਸੈਣ ਨੂੰ ਮਥੁਰਾ ਦਾ ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ। ਹੇ ਗੁਰੂ ਨਾਨਕ ਸਾਹਿਬ! ਮੇਰੇ ਵਾਸਤੇ ਤਾਂ ਤੂੰ ਹੀ ਸ੍ਰੀ ਕ੍ਰਿਸ਼ਨ ਹੈਂ।
ਹੇ ਗੁਰੂ ਨਾਨਕ ਸਾਹਿਬ! ਕਲਜੁਗ ਵਿੱਚ ਭੀ ਤੂੰ ਹੀ ਸਮਰਥਾ ਵਾਲਾ ਹੈਂ। ਹੇ ਗੁਰੂ ਨਾਨਕ ਸਾਹਿਬ! ਤੂੰ ਹੀ ਆਪਣੇ-ਆਪ ਨੂੰ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਅਖਵਾਇਆ ਹੈ। ਇਹ ਤਾਂ ਅਕਾਲ ਪੁਰਖ ਨੇ ਹੀ ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਦਾ ਰਾਜ ਸਦਾ-ਥਿਰ ਅਤੇ ਅਟੱਲ ਹੈ।

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥
ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ

ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥ ਪੰਨਾਂ ੧੩੯੦

ਪਦ ਅਰਥ: ਗਾਵਹਿ-ਗਾਉਂਦੇ ਹਨ; ਸਮਲੋਚਨ-ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਜੋ ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ। ਸਮ-ਬਰਾਬਰ; ਲੋਚਨ-ਅੱਖ ਰਵੈ-ਜਪਦਾ ਹੈ; ਸਹਜਿ-ਸਹਜ ਅਤੇ ਅਡੋਲਤਾ ਵਿੱਚ ਰਹਿ ਕੇ; ਆਤਮ ਰੰਗੁ-ਪ੍ਰਮਾਤਮਾ ਦੇ-ਮਿਲਾਪ ਦਾ ਸੁਆਦ; ਜੋਗ-ਪ੍ਰਮਾਤਮਾ ਦਾ ਮਿਲਾਪ; ਜੋਗ ਧਿਆਨਿ-ਜੋਗ ਦੇ ਧਿਆਨ ਵਿੱਚ ਅਤੇ ਪ੍ਰਮਾਤਮਾ ਦੇ ਮਿਲਾਪ ਦੀ ਸੁਰਤ ਜੋੜ ਕੇ; ਗੁਰ ਗਿਆਨ-ਗੁਰੂ ਦੇ ਗਿਆਨ ਦੁਆਰਾ; ਅਵਰੁ-ਕਿਸੇ ਹੋਰ ਨੂੰ; ਸੁਖਦੇਉ-ਬਿਆਸ ਰਿਸ਼ੀ ਦੇ ਇਕ ਪੁੱਤ੍ਰ ਦਾ ਨਾਮ ਹੈ; ਇਹ ਸੁਖਦੇਵ ਰਿਸ਼ੀ ਘ੍ਰਿਤਾਚੀ ਨਾਮ ਅਪੱਛਰਾਂ ਦੀ ਕੁੱਖੋਂ ਜੰਮਿਆ ਸੀ; ਜੰਮਦੇ ਹੀ ਗਿਆਨ-ਵਾਨ ਸੀ, ਭਾਰੇ ਤਪੀ ਪ੍ਰਸਿੱਧ ਹੋਇਆ, ਇਸ ਨੇ ਹੀ ਰਾਜਾ ਪਰੀਖਤ ਨੂੰ ਭਾਗਵਤ ਪੁਰਾਣ ਸੁਣਾਇਆ ਸੀ; ਪਰੀਖ੍ਯ੍ਯਤੁ-ਇਹ ਰਾਜਾ ਅਭਿਮੰਨਯੂ ਦਾ ਪੁੱਤ੍ਰ ਅਤੇ ਅਰਜੁਨ ਦਾ ਪੋਤ੍ਰਾ ਹੋਇਆ ਹੈ, ਯੁਧਿਸ਼ਟਰ ਤੋਂ ਪਿੱਛੋਂ ਹਸਤਨਾਪੁਰ ਦਾ ਰਾਜ ਇਸੇ ਨੂੰ ਹੀ ਮਿਲਿਆ ਸੀ, ਸੱਪ ਲੜਨ ਕਰ ਕੇ ਇਸ ਦੀ ਮੌਤ ਹੋਈ ਸੀ। ਕਹਿੰਦੇ ਹਨ, ਕਲਜੁਗ ਦਾ ਸਮਾਂ ਇਸ ਦੇ ਰਾਜ ਤੋਂ ਹੀ ਆਰੰਭ ਹੋਇਆ ਸੀ; ਰਵੈ-ਇੱਕ ਵਚਨ ਸਿਮਰ ਰਿਹਾ ਹੈ; ਸੁਜਸੁ ਨਾਨਕ ਗੁਰ-ਗੁਰੂ ਨਾਨਕ ਸਾਹਿਬ ਦਾ ਸੋਹਣਾ ਜਸ; ਨਵਤਨੁ-ਨਵਾਂ; ਛਾਇਓ-ਛਾਇਆ ਹੋਇਆ ਹੈ।
ਅਰਥ: ਗੁਰੂ ਨਾਨਕ ਸਾਹਿਬ ਦੇ ਗੁਣ ਰਵਿਦਾਸ ਭਗਤ ਗਾ ਰਿਹਾ ਹੈ। ਭਗਤ ਜੈਦੇਵ ਅਤੇ ਭਗਤ ਤ੍ਰਿਲੋਚਨ ਗੁਰੂ ਨਾਨਕ ਸਾਹਿਬ ਦੇ ਗਾ ਰਹੇ ਹਨ। ਭਗਤ ਨਾਮਦੇਵ ਅਤੇ ਭਗਤ ਕਬੀਰ ਜੀ ਭੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਹੇ ਹਨ। ਇਹ ਸਾਰੇ ਉਸ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਹੇ ਹਨ, ਜੋ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ।
ਜੋ ਗੁਰੂ ਨਾਨਕ ਸਾਹਿਬ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ, ਜੋ ਗੁਰੂ ਨਾਨਕ ਸਾਹਿਬ ਗੁਰੂ ਦੇ ਗਿਆਨ ਦੀ ਬਰਕਤ ਨਾਲ ਅਕਾਲ ਪੁਰਖ ਵਿੱਚ ਸੁਰਤੀ ਜੋੜ ਕੇ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਜਾਣਦਾ, ਉਸ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਭਗਤ ਬੇਣੀ ਜੀ ਭੀ ਗਾ ਰਹੇ ਹਨ।
ਸੁਖਦੇਵ ਰਿਸ਼ੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਿਹਾ ਹੈ ਅਤੇ ਰਾਜਾ ਪਰੀਖਤ ਭੀ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ ਭੀ ਗੁਰੂ ਨਾਨਕ ਸਾਹਿਬ ਦਾ ਹੀ ਜਸ ਗਾਇਆ ਹੈ। ਹੇ ਕਲ੍ਯ੍ਯ ਕਵੀ! ਗੁਰੂ ਨਾਨਕ ਸਾਹਿਬ ਦੀ ਸੋਹਣੀ ਸ਼ੋਭਾ ਨਿੱਤ ਨਵੀਂ ਹੈ ਅਤੇ ਸੰਸਾਰ ਵਿੱਚ ਆਪਣਾ ਪ੍ਰਭਾਵ ਪਾ ਰਹੀ ਹੈ।

ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥
ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥
ਗੁਣ ਗਾਵੈ ਮੁਨਿ ਬ੍ਯ੍ਯਾਸੁ ਜਿਨਿ ਬੇਦ ਬ੍ਯ੍ਯਾਕਰਣ ਬੀਚਾਰਿਅ ॥
ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥
ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ
॥੯॥ ਪੰਨਾਂ ੧੩੯੦

ਪਦ ਅਰਥ: ਪਾਯਾਲਿ-ਪਤਾਲ ਵਿੱਚ; ਨਾਗਾਦਿ-ਸ਼ੇਸ਼ ਨਾਗ ਆਦਿ; ਭੁਯੰਗਮ-ਸੱਪ; ਜਤਿ-ਜਤੀ; ਜੰਗਮ-ਜੋ ਛੇ ਭੇਖਾਂ ਵਿੱਚੋਂ ਇੱਕ ਭੇਖ ਹੈ; ਜਿਨਿ-ਜਿਸ ਵਿਆਸ ਮੁਨੀ ਨੇ; ਬੇਦ-ਵੇਦਾਂ ਨੂੰ; ਬ੍ਯ੍ਯਾਕਰਣ-ਵਿਆਕਰਣਾਂ ਦੁਆਰਾ; ਬੀਚਾਰਿਅ-ਵਿਚਾਰਿਆ ਹੈ; ਜਿਨਿ-ਜਿਸ ਬ੍ਰਹਮਾ ਨੇ; ਹੁਕਮਿ-ਅਕਾਲ ਪੁਰਖ ਦੇ ਹੁਕਮ ਵਿੱਚ; ਸਵਾਰੀਅ-ਰਚੀ ਹੈ; ਬ੍ਰਹਮੰਡ ਖੰਡ-ਖੰਡਾਂ ਬ੍ਰਹਮੰਡਾਂ ਭਾਵ ਸਾਰੀ ਦੁਨੀਆ ਵਿੱਚ; ਪੂਰਨ-ਵਿਆਪਕ ਅਤੇ ਹਾਜ਼ਰ-ਨਾਜ਼ਰ; ਬ੍ਰਹਮ-ਅਕਾਲ ਪੁਰਖ; ਗੁਣ-ਗੁਣਾਂ ਵਾਲਾ; ਸਮ-ਇੱਕੋ ਜਿਹਾ; ਜਪੁ-ਯਾਦ ਕਰਨਾ; ਸੁਜਸੁ-ਸੋਹਣਾ ਜਸ; ਕਲ-ਹੇ ਕਲ੍ਯ੍ਯ ਕਵੀ! ਨਾਨਕ ਗੁਰ-ਗੁਰੂ ਨਾਨਕ ਸਾਹਿਬ ਦੇ; ਸਹਜੁ-ਅਡੋਲ ਅਤੇ ਸ਼ਾਂਤ ਅਵਸਥਾ; ਜਿਨਿ-ਜਿਸ ਗੁਰੂ ਨਾਨਕ ਸਾਹਿਬ ਨੇ; ਜੋਗ-ਪ੍ਰਭੂ ਦੇ ਮਿਲਾਪ।
ਅਰਥ: ਪਾਤਾਲ ਵਿੱਚ ਭੀ ਸ਼ੇਸ਼-ਨਾਗ ਆਦਿ ਹੋਰ ਸੱਪਾਂ ਦੇ ਭਗਤ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਹੇ ਹਨ।
ਜਿਸ ਵਿਆਸ ਮੁਨੀ ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ ਭੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਿਹਾ ਹੈ। ਜਿਸ ਬ੍ਰਹਮਾ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ ਭੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਿਹਾ ਹੈ।
ਜਿਸ ਗੁਰੂ ਨਾਨਕ ਸਾਹਿਬ ਨੇ ਅਡੋਲ ਅਵਸਥਾ ਅਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਜਿਸ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆਂ ਵਿੱਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਅਤੇ ਨਿਰਗੁਣ ਰੂਪਾਂ ਵਿੱਚ ਇੱਕੋ ਜਿਹਾ ਪਛਾਣਿਆ ਹੈ, ਹੇ ਕਲ੍ਯ੍ਯ ਕਵੀ! ਉਸ ਗੁਰੂ ਨਾਨਕ ਸਾਹਿਬ ਦੇ ਸੋਹਣੇ ਗੁਣਾਂ ਨੂੰ ਯਾਦ ਕਰ।

ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ ॥
ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ ॥
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ
॥੧੦॥ ਪੰਨਾਂ ੧੩੯੦

ਪਦ ਅਰਥ: ਨਵ ਨਾਥ-ਨੌ ਨਾਥ ਗੋਰਖ, ਮਛਿੰਦਰ ਆਦਿ; ਸਾਚਿ-ਸਾਚ ਵਿੱਚ; ਸਦਾ-ਥਿਰ ਹਰੀ ਵਿੱਚ; ਸਮਾਇਓ-ਲੀਨ ਹੋ ਗਿਆ ਹੈ; ਮਾਂਧਾਤਾ-ਸੂਰਜਬੰਸੀ ਕੁਲ ਦਾ ਇਕ ਰਾਜਾ, ਯੁਵਨਾਂਸ਼ੁ ਦਾ ਪੁੱਤ੍ਰ, ਬਹੁਤ ਬਲੀ ਰਾਜਾ ਸੀ; ਜੇਨ-ਜਿਸ ਨੇ ਆਪਣੇ-ਆਪ ਨੂੰ; ਚਕ੍ਰਵੈ-ਚਕਰਵਰਤੀ; ਕਹਾਇਓ-ਅਖਵਾਇਆ ਸੀ; ਬਲਿਰਾਉ-ਰਾਜਾ ਬਲ; ਸਪਤ ਪਾਤਾਲਿ-ਸਤਵੇਂ ਪਾਤਾਲ ਵਿੱਚ; ਬਸੰਤੌ-ਵੱਸਦਾ ਹੋਇਆ; ਗੁਰ ਸੰਗਿ-ਗੁਰੂ ਦੇ ਨਾਲ; ਰਹੰਤੌ-ਰਹਿੰਦਾ ਹੋਇਆ; ਦੂਰਬਾ-ਦਰਵਾਸਾ ਰਿਸ਼ੀ; ਪਰੂਰਉ-ਰਾਜਾ ਪੁਰੂ, ਚੰਦ੍ਰਬੰਸੀ ਕੁਲ ਦਾ ਛੇਵਾਂ ਰਾਜਾ, ਯਯਾਤੀ ਅਤੇ ਸ਼ਰਮਿਸ਼ਟ ਦਾ ਸਭ ਤੋਂ ਛੋਟਾ ਪੁੱਤ੍ਰ; ਅੰਗਰੈ-ਇਕ ਪ੍ਰਸਿੱਧ ਰਿਸ਼ੀ ਜੋ ਰਿਗਵੇਦ ਵਿੱਚ ਕਈ ਛੰਦ ਇਸ ਰਿਸ਼ੀ ਦੇ ਨਾਮ ਤੇ ਹਨ; ਬ੍ਰਹਮਾ ਦੇ ਮਨ ਤੋਂ ਪੈਦਾ ਹੋਏ ਦਸ ਪੁੱਤ੍ਰਾਂ ਵਿੱਚੋਂ ਇੱਕ ਇਹ ਭੀ ਸੀ; ਨਾਨਕ ਜਸੁ-ਗੁਰੂ ਨਾਨਕ ਸਾਹਿਬ ਦਾ ਜਸ; ਘਟਿ-ਹਿਰਦੇ ਵਿਚ; ਘਟਿ ਘਟਿ-ਹਰ ਹਿਰਦੇ ਵਿੱਚ; ਸਹਜਿ-ਅਡੋਲ ਅਵਸਥਾ ਵਿੱਚ।
ਅਰਥ: ਨੌ ਨਾਥ ਭੀ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦੇ ਹਨ ਅਤੇ ਆਖਦੇ ਹਨ ਕਿ "ਗੁਰੂ ਨਾਨਕ ਸਾਹਿਬ ਧੰਨ ਹੈ ਜੋ ਸੱਚੇ ਹਰੀ ਵਿੱਚ ਜੁੜਿਆ ਹੋਇਆ ਹੈ।"
ਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਿਹਾ ਹੈ।
ਸਤਵੇਂ ਪਾਤਾਲ ਵਿੱਚ ਰਹਿੰਦਾ ਹੋਇਆ ਰਾਜਾ ਬੱਲ ਭੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਿਹਾ ਹੈ। ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰ ਜੋਗੀ ਭੀ ਸਦਾ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਿਹਾ ਹੈ।
ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਅਤੇ ਅੰਗਰ ਰਿਸ਼ੀ ਨੇ ਭੀ ਗੁਰੂ ਨਾਨਕ ਸਾਹਿਬ ਦਾ ਜਸ ਗਾਇਆ ਹੈ। ਹੇ ਕਲ੍ਯ੍ਯ ਕਵੀ! ਗੁਰੂ ਨਾਨਕ ਸਾਹਿਬ ਦੀ ਸੋਹਣੀ ਸ਼ੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਦਿਲ ਵਿੱਚ ਟਿਕੀ ਹੋਈ ਹੈ।

ਗੁਰੂ ਨਾਨਕ ਸਾਹਿਬ ਦੀ ਇਹ ਉਹ ਉਸਤਤ ਹੈ ਜੋ ਭਾਈ ਬਲਵੰਡ, ਭਾਈ ਸੱਤਾ ਅਤੇ ੧੧ ਭੱਟਾਂ ਨੇ ਗੁਰਬਾਣੀ ਵਿੱਚ ਕੀਤੀ ਹੋਈ ਹੈ ਅਤੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰਕੇ ਗੁਰੂ ਅਰਜਨ ਸਾਹਿਬ ਨੇ ਸੁਰਿਖਿਅਤ ਕਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਗੁਰੂ ਨਾਨਕ ਸਾਹਿਬ ਦੇ ਗੁਣਾਂ ਤੋਂ ਸੇਧ ਲੈ ਸਕਣ। ਗੁਰੂ ਨਾਨਕ ਸਾਹਿਬ ਦੀ ਵਡਿਆਈ ਜਾਨਣ ਵਾਸਤੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਜਨਮ ਸਾਖੀ ਜਾਂ ਕਿਸੇ ਹੋਰ ਗ੍ਰੰਥ ਦਾ ਆਸਰਾ ਲੈਣਾ ਸਾਡੇ ਲਈ ਬਹੁਤ ਵੱਡੀ ਭੁੱਲ ਹੋਵੇਗੀ।

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਜੀ।

ਵਾਹਿ ਗੁਰੂ ਜੀ ਕਾ ਖਾਲਸਾ॥

ਵਾਹਿ ਗੁਰੂ ਜੀ ਕੀ ਫਤਹਿ॥

ਬਲਬਿੰਦਰ ਸਿੰਘ
.