.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅਠਾਈਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਛਬੀ ਭਾਗ ਹੋਰ ਵੀ ਪੜੋ ਜੀ)

ਪਉੜੀ ਨੰ: ੧੫ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੨॥ ਨਾਨਕ ਅੰਧਾ ਹੋਇ ਕੈ, ਰਤਨਾ ਪਰਖਣ ਜਾਇ॥ ਰਤਨਾ ਸਾਰ ਨ ਜਾਣਈ, ਆਵੈ ਆਪੁ ਲਖਾਇ॥ ੧ 

ਮਃ ੨॥ ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਇ॥ ਵਖਰ ਤੈ ਵਣਜਾਰਿਆ, ਦੁਹਾ ਰਹੀ ਸਮਾਇ॥ ਜਿਨ ਗੁਣੁ ਪਲੈ ਨਾਨਕਾ, ਮਾਣਕ ਵਣਜਹਿ ਸੇਇ॥ ਰਤਨਾ ਸਾਰ ਨ ਜਾਣਨੀ, ਅੰਧੇ ਵਤਹਿ ਲੋਇ॥ ੨ 

ਪਉੜੀ॥ ਨਉ ਦਰਵਾਜੇ ਕਾਇਆ ਕੋਟੁ ਹੈ, ਦਸਵੈ ਗੁਪਤੁ ਰਖੀਜੈ॥ ਬਜਰ ਕਪਾਟ ਨ ਖੁਲਨੀ, ਗੁਰ ਸਬਦਿ ਖੁਲੀਜੈ॥ ਅਨਹਦ ਵਾਜੇ ਧੁਨਿ ਵਜਦੇ, ਗੁਰ ਸਬਦਿ ਸੁਣੀਜੈ॥ ਤਿਤੁ ਘਟ ਅੰਤਰਿ ਚਾਨਣਾ, ਕਰਿ ਭਗਤਿ ਮਿਲੀਜੈ॥ ਸਭ ਮਹਿ ਏਕੁ ਵਰਤਦਾ, ਜਿਨਿ ਆਪੇ ਰਚਨ ਰਚਾਈ॥ ੧੫ 

(ਪਉੜੀ ਨੰ: ੧੫ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੨॥ ਨਾਨਕ ਅੰਧਾ ਹੋਇ ਕੈ, ਰਤਨਾ ਪਰਖਣ ਜਾਇ॥ ਰਤਨਾ ਸਾਰ ਨ ਜਾਣਈ, ਆਵੈ ਆਪੁ ਲਖਾਇ॥ ੧॥ {ਪੰਨਾ ੯੫੪}

ਪਦ ਅਰਥ : — ਅੰਧਾ ਹੋਇ ਕੈ— ਇਲਾਹੀ ਗੁਣਾਂ ਤੋਂ ਸਖਣਾ, ਸੰਸਾਰਕ ਮੋਹ ਮਾਇਆ `ਚ ਖੱਚਤ ਅਗਿਆਨਤਾ ਦੇ ਹਨੇਰੇ `ਚ ਵਿਸ਼ੇ-ਵਿਕਾਰਾਂ ਦੀਆਂ ਠੋਕਰਾਂ ਖਾ ਰਿਹਾ ਮਨੁੱਖ। ਆਵੈ ਆਪੁ ਲਖਾਇ— ਆਪ ਹੀ ਆਪਣੀ ਅਸਲੀਅਤ ਨੂੰ ਪ੍ਰਗਟ ਕਰ ਕੇ ਵਾਪਿਸ ਆਉਂਦਾ ਹੈ, ਆਪਣੇ ਅਪ ਨੂੰ ਨਸ਼ਰ ਕਰ ਕੇ ਵਾਪਿਸ ਆਉਂਦਾ ਹੈ।

ਅਰਥ : — "ਨਾਨਕ ਅੰਧਾ ਹੋਇ ਕੈ, ਰਤਨਾ ਪਰਖਣ ਜਾਇ" -ਹੇ ਨਾਨਕ! ਜਿਹੜਾ ਮਨੁੱਖ ਆਪ ਅੰਨ੍ਹਾ ਭਾਵ ਆਪ ਤਾਂ ਇਲਾਹੀ ਗੁਣਾਂ ਤੋਂ ਸਖਣਾ, ਅਗਿਆਨੀ ਤੇ ਨਿਰਾ ਮੋਹ ਮਾਇਆ ਤੇ ਸੰਸਾਰਕ-ਰਸਾਂ `ਚ ਹੀ ਖੱਚਤ ਹੋਵੇ ਪਰ ਟੁਰ ਪਵੇ ਰਤਨਾਂ ਨੂੰ ਪਰਖਣ ਭਾਵ ਕਿਸੇ ਗੁਰਮੁਖ ਦੇ ਜੀਵਨ `ਤੇ ਭਾਰੂ ਹੋਣ ਤੇ ਉਸ ਦੇ ਉਜਲੇ ਜੀਵਨ `ਤੇ ਹੁੱਜਤਾਂ ਕਰਣ ਲਈ।

"ਰਤਨਾ ਸਾਰ ਨ ਜਾਣਈ, ਆਵੈ ਆਪੁ ਲਖਾਇ"॥ ੧॥ -ਅਜਿਹਾ ਅਗਿਆਨੀ ਮਨੁੱਖ ਉਸ ਗੁਰਮੁਖ ਦਾ ਤਾਂ ਕੁੱਝ ਵਿਗਾੜ ਨਹੀਂ ਸਕਦਾ ਉਲਟਾ ਉਹ ਆਪ ਆਪਣੇ ਅੰਦਰਲੇ ਅੰਨ੍ਹੇ-ਪਨ ਤੇ ਨਾਲਾਇਕੀ ਨੂੰ ਹੀ ਜ਼ਾਹਿਰ ਕਰ ਕੇ ਅਤੇ ਨਸ਼ਰ ਹੋ ਕੇ ਪਰਤਦਾ ਹੈ। ੧।

ਮਃ ੨॥ ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਇ॥ ਵਖਰ ਤੈ ਵਣਜਾਰਿਆ, ਦੁਹਾ ਰਹੀ ਸਮਾਇ॥ ਜਿਨ ਗੁਣੁ ਪਲੈ ਨਾਨਕਾ, ਮਾਣਕ ਵਣਜਹਿ ਸੇਇ॥ ਰਤਨਾ ਸਾਰ ਨ ਜਾਣਨੀ, ਅੰਧੇ ਵਤਹਿ ਲੋਇ॥ ੨॥ {ਪੰਨਾ ੯੫੪}

ਪਦ ਅਰਥ : —ਰਤਨ—ਨਾਮ-ਰਤਨ, ਇਲਾਹੀ ਗੁਣ। ਰਤਨੀ—ਰਤਨਾਂ ਭਾਵ ਇਲਾਹੀ ਗੁਣਾਂ ਦਾ ਪਾਰਖੂ ਸਤਿਗੁਰੂਵਖਰ—ਵੱਖਰ, ਪੂੰਜੀ, ਨਾਮ-ਧਨ ਦਾ ਖਜ਼ਾਨਾ। ਤੈ—ਅਤੇ। ਵਣਜਾਰਾ—ਵਣਜ ਕਰਣ ਵਾਲਾ, ਗੁਰਮੁਖ ਜਨ। ਮਾਣਕ—ਰਤਨ, ਇਲਾਹੀ ਗੁਣ, ਪ੍ਰਭੂ ਦੀ ਸਿਫ਼ਤ ਸਲਾਹ। ਸੇਇ—ਉਹੀ ਬੰਦੇ। ਵਤਹਿ—ਭਟਕਦੇ ਹਨ, ਜੀਵਨ ਦੌਰਾਨ ਵਿਸ਼ੇ-ਵਿਕਾਰਾਂ ਦੀਆਂ ਚੋਟਾਂ ਖਾਂਦੇ ਹਨ। ਰਤਨਾ ਸਾਰ ਨ ਜਾਣਨੀ—ਨਾਮ ਰਸ ਤੋਂ ਅਣਜਾਣ, ਅਗਿਆਨੀ। ਲੋਇ—ਜਗਤ `ਚ, ਸੰਸਾਰ `ਚ। ਕੇਰੀ—ਦੀ।

ਅਰਥ : — "ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਇ" - ਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆਪ ਆ ਕੇ ਖੋਲ੍ਹੀ ਹੈ।

"ਵਖਰ ਤੈ ਵਣਜਾਰਿਆ, ਦੁਹਾ ਰਹੀ ਸਮਾਇ" - ਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਅਤੇ ਦੂਜੇ ਪਾਸੇ ਵਿਹਾਝਣ ਵਾਲੇ ਗੁਰਮੁਖ ਜਨ, ਦੋਨਾਂ ਦੇ ਹਿਰਦੇ `ਚ ਟਿੱਕਦੀ ਭਾਵ, ਦੋਨਾਂ ਨੂੰ ਇਲਾਹੀ ਗੁਣ ਹੀ ਪਿਆਰੇ ਤੇ ਚੰਗੇ ਲੱਗਦੇ ਅਤੇ ਦੋਵੇਂ ਨਾਮ ਰੰਗ `ਚ ਰੰਗੇ ਹੁੰਦੇ ਹਨ।

"ਜਿਨ ਗੁਣੁ ਪਲੈ ਨਾਨਕਾ, ਮਾਣਕ ਵਣਜਹਿ ਸੇਇ" - ਹੇ ਨਾਨਕ! ਜਿਨ੍ਹਾਂ ਪਾਸ ਭਾਵ ਜਿਨ੍ਹਾਂ ਦੇ ਹਿਰਦੇ ਘਰ `ਚ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਣ ਮੌਜੂਦ ਹੁੰਦਾ ਹੈ, ਕੇਵਲ ਉਹੀ ਲੋਕ ਨਾਮ-ਰਤਨ ਵਿਹਾਝਦੇ ਤੇ ਇਨ੍ਹਾਂ ਦਾ ਵਣਜ ਕਰਦੇ ਭਾਵ ਦੂਜਿਆਂ ਤੀਕ ਵੀ ਪਹੁੰਚਾਉਂਦੇ ਹਨ।

"ਰਤਨਾ ਸਾਰ ਨ ਜਾਣਨੀ, ਅੰਧੇ ਵਤਹਿ ਲੋਇ"॥ ੨॥ -ਇਸ ਦੇ ਉਲਟ ਜਿਹੜੇ ਇਲਾਹੀ ਗੁਣਾਂ ਰੂਪੀ ਰਤਨਾਂ ਦੀ ਕੱਦਰ ਹੀ ਨਹੀਂ ਜਾਣਦੇ, ਮਨੁੱਖਾ ਜਨਮ ਪਾ ਕੇ ਵੀ ਉਹ ਅੰਨ੍ਹਿਆਂ ਵਾਂਙ ਮਾਇਕ ਰਸਾਂ `ਚ ਖੱਚਤ ਰਹਿਕੇ ਅਗਿਆਨਤਾ ਦੇ ਘੁੱਪ ਹਨੇਰੇ `ਚ ਭਟਕਦੇ ਤੇ ਵਿਸ਼ੇ-ਵਿਕਾਰਾਂ ਦੀਆਂ ਠੋਕਰਾਂ ਖਾਂਦੇ ਰਹਿ ਕੇ ਪ੍ਰਾਪਤ ਦੁਰਲਭ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਦਿੰਦੇ ਹਨ। ੨।

ਪਉੜੀ॥ ਨਉ ਦਰਵਾਜੇ ਕਾਇਆ ਕੋਟੁ ਹੈ, ਦਸਵੈ ਗੁਪਤੁ ਰਖੀਜੈ॥ ਬਜਰ ਕਪਾਟ ਨ ਖੁਲਨੀ, ਗੁਰ ਸਬਦਿ ਖੁਲੀਜੈ॥ ਅਨਹਦ ਵਾਜੇ ਧੁਨਿ ਵਜਦੇ, ਗੁਰ ਸਬਦਿ ਸੁਣੀਜੈ॥ ਤਿਤੁ ਘਟ ਅੰਤਰਿ ਚਾਨਣਾ, ਕਰਿ ਭਗਤਿ ਮਿਲੀਜੈ॥ ਸਭ ਮਹਿ ਏਕੁ ਵਰਤਦਾ, ਜਿਨਿ ਆਪੇ ਰਚਨ ਰਚਾਈ॥ ੧੫॥ {ਪੰਨਾ ੯੫੪}

ਪਦ ਅਰਥ : —ਦਰਵਾਜੇ—ਸਰੀਰ ਦੇ ਬਾਹਮੁਖੀ ਨੌ ਦਰਵਾਜ਼ਿਆਂ ਰੂਪੀ ਨੌ ਗੋਲਕਾਂ। ਕੋਟੁ—ਕਿਲ੍ਹਾ। ਬਜਰ—ਕਰੜੇ। ਕਪਾਟ—ਕਿਵਾੜ। ਖੁਲੀਜੈ—ਖੁਲ੍ਹਦੇ ਹਨ। ਅਨਹਦ—ਇਕ-ਰਸ। ਧੁਨਿ—ਸੁਰ। ਤਿਤੁ—ਉਸ `ਚ। ਘਟ—ਮਨੁੱਖਾ ਸਰੀਰ। ਜਿਨਿ—ਜਿਸ ਪ੍ਰਭੂ ਨੇ।

ਅਰਥ : — "ਨਉ ਦਰਵਾਜੇ ਕਾਇਆ ਕੋਟੁ ਹੈ, ਦਸਵੈ ਗੁਪਤੁ ਰਖੀਜੈ" - ਮਨੁੱਖਾ ਸਰੀਰ ਇੱਕ ਅਜਿਹਾ ਕਿਲ੍ਹਾ ਹੈ, ਜਿਸ `ਚ ਨੌ ਦਰਵਾਜ਼ਿਆਂ ਰੂਪੀ ਨੌ ਗੋਲਕਾ ਹਨ ਜਿਹੜੀਆਂ ਬਾਹਰਮੁਖੀ ਹਨ, ਜਦਕਿ ਇਸ ਸਰੀਰ `ਚ ਇੱਕ ਹੋਰ ਦਸਵਾਂ ਦਰਵਾਜ਼ਾ ਵੀ ਹੈ ਜਿਹੜਾ ਪ੍ਰਭੂ ਨੇ ਆਪ ਹੀ ਗੁਪਤ ਰੱਖਿਆ ਹੋਇਆ ਹੈ ਤੇ ਉਹ ਬਾਹਰ ਨੂੰ ਨਹੀਂ ਖੁਲਦਾ, ਕਿਉਂਕਿੇ ਉਹ ਬਾਹਰਮੁਖੀ ਨਹੀਂ।

"ਬਜਰ ਕਪਾਟ ਨ ਖੁਲਨੀ, ਗੁਰ ਸਬਦਿ ਖੁਲੀਜੈ" - ਉਸ ਦਸਵੇਂ ਦਰਵਾਜ਼ੇ ਦੇ ਕਿਵਾੜ ਬਹੁਤ ਕਰੜੇ ਹਨ ਤੇ ਬਾਹਰਮੁਖੀ ਨਹੀਂ ਹਨ, ਉਹ ਕੇਵਲ ਸਤਿਗੁਰੂ ਦੇ ਸ਼ਬਦ ਅਥਵਾ ਸ਼ਬਦ-ਗੁਰੂ ਦੀ ਕਮਾਈ ਰਾਹੀਂ ਹੀ ਖੁਲਦੇ ਹਨ।

"ਅਨਹਦ ਵਾਜੇ ਧੁਨਿ ਵਜਦੇ, ਗੁਰ ਸਬਦਿ ਸੁਣੀਜੈ" -ਜਦੋਂ ਇਹ ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ ਤਾਂ ਮਾਨੋ ਇਕ-ਰਸ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਰਾਹੀਂ ਹੀ ਸੁਣੀਦੇ ਹਨ ਭਾਵ "ਗੁਰਪ੍ਰਸਾਦਿ" ਸਤਿਗੁਰ ਦੀ ਮਿਹਰ ਰਾਹੀਂ ਹੀ ਸੁਣੀਦੇ ਹਨ।

"ਤਿਤੁ ਘਟ ਅੰਤਰਿ ਚਾਨਣਾ, ਕਰਿ ਭਗਤਿ ਮਿਲੀਜੈ" -ਜਿਸ ਹਿਰਦੇ ਘਰ `ਚ ਸ਼ਬਦ-ਗੁਰੂ ਦੀ ਕਮਾਈ ਰਾਹੀਂ ਆਨੰਦ ਪੈਦਾ ਹੋ ਜਾਂਦਾ ਹੈ ਤਾਂ ਉਸ ਹਿਰਦੇ ਘਰ `ਚ ਇਲਾਹੀ ਗਿਆਨ ਦਾ ਚਾਨਣ ਹੋ ਜਾਂਦਾ ਹੈ, ਉਹ ਮਨੁੱਖ ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਤੇ ਉਸ ਦਾ ਪ੍ਰਾਪਤ ਮਨੁੱਖਾ ਜਨਮ ਹੀ ਸਫ਼ਲ ਹੋ ਜਾਂਦਾ ਹੈ।

"ਸਭ ਮਹਿ ਏਕੁ ਵਰਤਦਾ, ਜਿਨਿ ਆਪੇ ਰਚਨ ਰਚਾਈ"॥ ੧੫॥ - ਕਿਉਂਕਿ ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੋਈ ਹੈ ਉਹ ਪ੍ਰਭੂ ਹਰੇਕ ਜੀਵ `ਚ ਆਪ ਵੀ ਵਿਆਪਕ ਹੈ ਪਰ ਉਸ ਨਾਲ ਮਿਲਾਪ ਕੇਵਲ ਤੇ ਕੇਵਲ ਸ਼ਬਦ-ਗੁਰੂ ਦੀ ਕਮਾਈ ਅਥਵਾ "ਗੁਰਪ੍ਰਸਾਦਿ" ਭਾਵ ਸਤਿਗੁਰ ਦੀ ਮਿਹਰ ਨਾਲ ਹੀ ਹੁੰਦਾ ਹੈ। ੧੫। ਯਥਾ:-

() "ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ॥ ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ॥ ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ" (ਪ: ੯੨੨)

() "ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ॥ ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ॥ ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ॥ ਜਨ ਨਾਨਕ ਨਾਮੁ ਧਿਆਇ ਤੂ, ਸਭਿ ਕਿਲਵਿਖ ਕਾਟੁ" (ਪੰ: ੫੧੭)

() "ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ" (ਪੰ: ੧੧) ਆਦਿ (ਚਲਦਾ) #Instt.Pau.15-v..28th. Ramkali ki vaar M.-3-02.20-P.15th

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਅਠਾਈਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.