.

ਰੱਬ ਅਤੇ ਉਸ ਦਾ ਵਿਕਲਪ

( ਭਾਗ ਦੂਜਾ )

ਅਸੀਂ ਵੇਖਿਆ ਹੈ ਕਿ ਲਗ-ਭਗ 5000 ਸਾਲ ਪੂਰਵ ਈਸਾ ਸਮੇਂ ਤੋਂ ਲੈ ਕੇ ਮਜ਼ਹਬਾਂ ਭਾਵ ਸੰਸਥਾਗਤ/ਸੰਪਰਦਾਈ ਧਰਮਾਂ ਦੀ ਹੋਂਦ ਪੈਦਾ ਹੋਣ ਲੱਗ ਪਈ ਅਤੇ ਉਹ ਵੱਖ-ਵੱਖ ਰੂਪਾਂ ਵਿਚ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਸਥਾਪਤ ਹੋਣ ਲੱਗੇ ਸਨ। ਸੰਸਾਰ ਵਿਚ ਮਜ਼ਹਬਾਂ ਭਾਵ ਸੰਸਥਾਗਤ/ਸੰਪਰਦਾਈ ਧਰਮਾਂ ਦੇ ਵੱਖ-ਵੱਖ ਰੂਪਾਂ ਦੀ ਗਿਣਤੀ 4000 ਤੋਂ ਵੀ ਵੱਧ ਦੱਸੀ ਜਾਂਦੀ ਹੈ ਜਿਹਨਾਂ ਵਿੱਚੋਂ ਇਸਾਈ ਮੱਤ, ਇਸਲਾਮ, ਬੁੱਧ ਮੱਤ, ਸਿਖ ਮੱਤ, ਯਹੂਦੀ ਮੱਤ, ਜੈਨ ਮੱਤ ਅਤੇ ਜ਼ਰੁਸਤੀ ਮੱਤ ਪ੍ਰਮੁੱਖ ਹਨ। ਮਜ਼ਹਬ/ਰਿਲੀਜਨ ਦੇ ਮਨੁੱਖੀ ਸਭਿਅਤਾ ਦੇ ਵਿਕਾਸ ਉੱਤੇ ਜੋ ਦੁਸ਼ਪਰਭਾਵ ਪਏ ਹਨ ਉਹ ਹੇਠਾਂ ਦਿੱਤੇ ਅਨੁਸਾਰ ਹਨ:

1.ਮਜ਼ਹਬ/ਰਿਲੀਜਨ ਭਾਵ ਸੰਸਥਾਗਤ ਧਰਮ ਨੇ ਆਪਣੀਆਂ ਬੰਦਸ਼ਾਂ ਰਾਹੀਂ ਮਨੁੱਖ ਦੇ ਕੁਦਰਤੀ ਪ੍ਰੀਕਿਰਿਆ ਰਾਹੀਂ ਹੋਣ ਵਾਲੇ ਮਾਨਸਿਕ ਵਿਕਾਸ ਨੂੰ ਪਿਛਲੇ ਲਗ-ਭਗ 7,000 ਸਾਲਾਂ ਤੋਂ ਰੋਕ ਰੱਖਿਆ ਹੋਇਆ ਹੈ।

2.ਮਨੁੱਖ ਦੇ ਮਾਨਸਿਕ ਵਿਕਾਸ ਵਿਚ ਆਈ ਰੁਕਾਵਟ ਕਰਕੇ ਵਿਗਿਆਨ ਦਾ ਵਿਕਾਸ ਵੀ ਰੁਕਿਆ ਰਿਹਾ ਹੈ। ਜੇਕਰ ਵਿਗਿਆਨ ਕੁਦਰਤੀ ਢੰਗ ਨਾਲ ਵਿਕਾਸ ਕਰਦਾ ਰਹਿੰਦਾ ਤਾਂ ਇਸ ਨੇ ਵਰਤਮਾਨ ਵਾਲੀ ਸਥਿਤੀ ਵਿਚ 3000 ਸਾਲ ਪਹਿਲਾਂ ਹੀ ਪਹੁੰਚ ਜਾਣਾ ਸੀ ਜਦੋਂ ਕਿ ਮਜ਼ਹਬ ਦੀਆਂ ਬੰਦਸ਼ਾਂ ਨੂੰ ਤੋੜਦੇ-ਤੋੜਦੇ ਵਿਗਿਆਨ ਦਾ ਵਿਕਾਸ ਕੇਵਲ ਤਿੰਨ ਕੁ ਸੌ ਸਾਲ ਪਹਿਲਾਂ ਹੀ ਅਰੰਭ ਹੋ ਸਕਿਆ ਹੈ।

3.ਹਰੇਕ ਮਜ਼ਹਬ/ਸੰਸਥਾਗਤ ਧਰਮ ਇਕ ਵੱਖਰਾ ਫਿਰਕਾ ਖੜ੍ਹਾ ਕਰਕੇ ਮਨੁੱਖਤਾ ਵਿਚ ਵੰਡੀਆਂ ਪਾਉਂਦਾ ਹੈ।

4.ਹਰੇਕ ਮਜ਼ਹਬ/ਸੰਸਥਾਗਤ ਧਰਮ ਨੂੰ ਮੰਨਣ ਵਾਲੇ ਦੇ ਮਨ ਵਿਚ ਭਰਮ ਹੁੰਦਾ ਹੈ ਕਿ ਉਸਦਾ ਦਾ ਮਜ਼ਹਬ ਦੂਸਰੇ ਸਾਰੇ ਮਜ਼ਹਬਾਂ ਤੋਂ ਚੰਗੇਰਾ ਹੈ ਜਿਸ ਕਰਕੇ ਧਾਰਮਿਕ ਫਿਰਕੇ ਆਪਸੀ ਨਫਰਤ ਨਾਲ ਬੁਰੀ ਤਰ੍ਹਾਂ ਗ੍ਰਸਤ ਹੁੰਦੇ ਹਨ।

5.ਮਜ਼ਹਬਾਂ/ਸੰਸਥਾਗਤ ਧਰਮਾਂ ਨੇ ਮਨੁੱਖਤਾ ਨੂੰ ਮਾਨਸਿਕ ਰੋਗੀਆਂ ਦੀ ਭੀੜ ਬਣਾ ਦਿੱਤਾ ਹੋਇਆ ਹੈ।

6. ਹਰ ਮਜ਼ਹਬ/ਸੰਸਥਾਗਤ ਧਰਮ ਧੋਖਾਧੜੀ ਦੀ ਪਹੁੰਚ ਅਪਣਾਉਂਦਾ ਹੈ ਇਹ ਦਾਵਾ ਕਰਦੇ ਹੋਏ ਕਿ ਇਹ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਹੈ ਜਦੋ ਕਿ ਇਸ ਨੂੰ ਮੰਨਣ ਵਾਲੇ ਆਪ ਇਸ ਨੈਤਿਕਤਾ ਨੂੰ ਅਮਲ ਵਿਚ ਨਹੀਂ ਲਿਆਉਂਦੇ।

7. ਮਨੁੱਖਾਂ ਅਤੇ ਧਰਤੀ ਉਤਲੇ ਪਸ਼ੂ-ਪੰਛੀਆਂ ਵਿਚ ਕੁਦਰਤੀ ਤੌਰ ਤੇ ਹੀ ਨੈਤਿਕਤਾ ਦੀ ਹੋਂਦ ਮੌਜੂਦ ਹੁੰਦੀ ਹੈ। ਇਸ ਦੀ ਹੋਂਦ ਮਜ਼ਹਬ ਦੇ ਆਉਣ ਤੋਂ ਬਹੁਤ ਪਹਿਲਾਂ ਆਦਿਕਾਲੀਨ ਸਮੇਂ ਤੋਂ ਹੀ ਮੌਜੂਦ ਹੈ।

8. ਹਰ ਮਜ਼ਹਬ/ਸੰਸਥਾਗਤ ਧਰਮ ਪਰਉਪਕਾਰਵਾਦ ਭਾਵ ਮਾਨਵਤਾਵਾਦ (humanitarianism) ਨੂੰ ਸਮਰਪਿਤ ਹੋਣ ਦਾ ਵਿਖਾਵਾ ਕਰਦਾ ਹੈ ਜਦੋਂ ਕਿ ਹਰ ਮਜ਼ਹਬ/ਸੰਸਥਾਗਤ ਧਰਮ ਅਮਾਨਵੀ ਹੁੰਦਾ ਹੈ ਜਿਵੇਂ ਕਿ ਇਤਹਾਸ ਇਹ ਸਾਬਤ ਕਰਦਾ ਹੈ।

9. ਮਜ਼ਹਬ ਨੇ ਮਾਨਵਵਾਦ ਦੇ ਸੰਕਲਪ ਦੇ ਉਗਮਣ ਹੋਣ ਵਿਚ ਦੇਰੀ ਕਰਵਾਈ ਹੈ। ਜੇਕਰ ਮਨੁੱਖੀ ਮਾਨਸਿਕ ਵਿਕਾਸ ਅਤੇ ਵਿਗਿਆਨ ਦਾ ਵਿਕਾਸ ਕੁਦਰਤੀ ਪ੍ਰੀਕਿਰਿਆ ਅਨੁਸਾਰ ਨਿਰਵਿਘਨ ਚੱਲਦਾ ਰਹਿੰਦਾ ਤਾਂ ਮਾਨਵਵਾਦ ਵੀ ਕੁਦਰਤੀ ਢੰਗ ਨਾਲ ਬਹੁਤ ਪਹਿਲਾਂ ਉਗਮ ਪੈਣਾ ਸੀ ਅਤੇ ਇਹ ਸੰਸਾਰ ਨਫਰਤ, ਜ਼ੁਲਮ ਅਤੇ ਮਾਰ-ਵੱਢ ਤੋਂ ਰਹਿਤ ਇਕ ਅਨੰਦ-ਭਰਪੂਰ ਸਥਾਨ ਹੋਣਾ ਸੀ।

10. ਜਦੋਂ ਕਿ ਕੋਈ ਵੀ ਮਜ਼ਹਬ/ਸੰਸਥਾਗਤ ਧਰਮ ਦੂਸਰੇ ਮਜ਼ਹਬਾਂ ਪ੍ਰਤੀ ਸਹਿਨਸ਼ੀਲਤਾ ਨਹੀਂ ਵਿਖਾਉਂਦਾ, ਅੰਤਰ-ਧਰਮ (Inter-faith) ਸੰਵਾਦ ਦੀ ਗੱਲ ਕਰਨੀ ਕੇਵਲ ਦਿਖਾਵੇ ਅਤੇ ਪਖੰਡ ਦੀ ਕਾਰਵਾਈ ਹੀ ਪਰਤੀਤ ਹੁੰਦੀ ਹੈ।

ਉੱਪਰ ਦਿੱਤੇ ਸਮੁੱਚੇ ਮਾਨਵਵਿਗਿਆਨਕ (anthropological) ਵਿਸਥਾਰ ਤੋਂ ਸਪਸ਼ਟ ਤੌਰ ਤੇ ਇਹ ਸਾਬਿਤ ਹੁੰਦਾ ਹੈ ਕਿ ਰੱਬ ਇਕ ਕਾਲਪਨਿਕ, ਗੈਰ ਵਿਗਿਆਨਕ ਅਤੇ ਅਣ-ਵਿਵਹਾਰਿਕ ਹੋਂਦ ਹੈ। ਏਸੇ ਤਰ੍ਹਾਂ ਮਜ਼ਹਬ ਭਾਵ ਸੰਸਥਾਗਤ/ਸੰਪਰਦਾਈ ਧਰਮ ਰੱਬ ਦੇ ਸੰਕਲਪ ਉੱਤੇ ਉੱਸਰਿਆ ਹੋਇਆ ਇਕ ਗੈਰਕੁਦਰਤੀ ਅਤੇ ਅਣ-ਮਨੁੱਖੀ ਵਰਤਾਰਾ ਹੋ ਨਿਬੜਦਾ ਹੈ। ਏਥੇ ਇਹ ਤੱਥ ਵੀ ਉਭਰਕੇ ਸਾਹਮਣੇ ਆਉਂਦਾ ਹੈ ਕਿ ‘ ਰੱਬ ’ ਦਾ ਸੰਕਲਪ ਮਨੁੱਖ ਦੇ ਆਲੇ-ਦੁਆਲੇ ਪੱਸਰੀ ਹੋਈ ਕੁਦਰਤ ਭਾਵ ਬ੍ਰਹਮੰਡੀ ਵਰਤਾਰੇ ਦੇ ਅਧਾਰ ਤੇ ਹੀ ਘੜਿਆ ਗਿਆ ਸੀ। ਪਰੰਤੂ ਇਸ ਵਿਚ ਬ੍ਰਹਮੰਡ ਦੀ ਜੋ ਤਸਵੀਰ ਸਾਹਮਣੇ ਰੱਖੀ ਗਈ ਸੀ ਉਹ ਪੂਰਵ-ਵਿਗਿਆਨਕ ਮਨੋਬਿਰਤੀ ਦੀ ਉਪਜ ਸੀ। ਇਹ ਮਨੋਬਿਰਤੀ ਉਹਨਾਂ ਸਮਿਆਂ ਦੀ ਦੇਣ ਹੈ ਜਦੋਂ ਮਨੁੱਖ ਵਿਚ ਹਾਲੇ ਬ੍ਰਹਮੰਡੀ ਵਰਤਾਰੇ ਪਿਛਲੇ ਵਿਗਿਆਨਕ ਨਿਯਮਾਂ ਨੂੰ ਸਮਝਣ ਦੀ ਯੋਗਤਾ ਨਹੀਂ ਸੀ ਪੈਦਾ ਹੋਈ ਅਤੇ ਉਸਨੇ ਬ੍ਰਹਮੰਡੀ ਵਰਤਾਰੇ ਬਾਰੇ ਅਟਕਲਪੱਚੂ ਲਗਾਉਂਦੇ ਹੋਏ ਗੈਰਵਿਗਿਆਨਕ ਧਾਰਨਾਵਾਂ ਬਣਾ ਲਈਆਂ ਹੋਈਆਂ ਸਨ। ਮਜ਼ਹਬ ਇਕ ਪਾਸੇ ਤਾਂ ਪਰਲੋਕ ਦਾ ਕਾਲਪਨਿਕ ਸੰਸਾਰ ਉਸਾਰ ਲੈਂਦਾ ਹੈ ਅਤੇ ਦੂਸਰੇ ਪਾਸੇ ਉਸ ਸੰਸਾਰ ਨੂੰ ਆਪਣੀ ਸਮਝ ਮੁਤਾਬਿਕ ਕਿਆਸੇ ਗਏ ਬ੍ਰਹਮੰਡ ਨਾਲ ਜੋੜ ਦੇਂਦਾ ਹੈ। ਅਜ ਵਿਗਿਆਨ ਨੇ ਬ੍ਰਹਮੰਡ ਦੀ ਸਮੁੱਚੀ ਤਸਵੀਰ ਸਾਹਮਣੇ ਲੈ ਆਂਦੀ ਹੈ ਅਤੇ ਵਿਗਿਆਨਕ ਸੋਚ ਵਾਲੇ ਮਨੁੱਖ ਨੂੰ ਕਾਲਪਨਿਕ, ਆਪ੍ਰਕ੍ਰਿਤਿਕ ਅਤੇ ਪ੍ਰਾਲੌਕਿਕ ਕਹਾਣੀਆਂ ਵਿਚ ਉਲਝਾਇਆ ਨਹੀਂ ਜਾ ਸਕਦਾ।

ਸਮੱਸਿਆ ਦਾ ਹਲ

ਏਥੇ ਆਕੇ ਇਹ ਸਵਾਲ ਪੈਦਾ ਹੋ ਜਾਂਦਾ ਹੈ ਕਿ ਮਨੁੱਖੀ ਮਨ ਨੂੰ ਇਸ ਕਾਲਪਨਿਕ ਰੱਬ ਵਿਚਲੇ ਵਿਸ਼ਵਾਸ ਦੇ ਵਹਿਣ ਵਿੱਚੋਂ ਕਿਵੇਂ ਬਾਹਰ ਕੱਢਿਆ ਜਾਵੇ। ਇਹ ਠੀਕ ਹੈ ਕਿ ਅੰਨੀਂ ਸ਼ਰਧਾ ਇਕ ਭਾਵਨਾਤਮਿਕ ਸਥਿਤੀ ਹੁੰਦੀ ਹੈ ਅਤੇ ਇਸ ਵਿਚ ਇਕ ਦਮ ਹੀ ਵੱਡੀ ਤਬਦੀਲੀ ਲੈ ਆਉਣੀ ਸੰਭਵ ਨਹੀਂ ਹੁੰਦੀ ਅਤੇ ਇਸ ਨਾਲ ਜੁੜੇ ਮਜ਼ਹਬੀ ਵਰਤਾਰੇ ਨੂੰ ਰੋਕਣਾ ਕੋਈ ਸੌਖਾ ਕੰਮ ਨਹੀਂ। ਹਾਲ ਦੀ ਘੜੀ ਤਾਂ ਸਗੋਂ ਇਹ ਲੱਗ ਰਿਹਾ ਹੈ ਕਿ ਵਿਗਿਆਨ ਵੱਲੋਂ ਪਰਦਾਨ ਕੀਤੀਆਂ ਗਈਆਂ ਲੱਭਤਾਂ ਅਤੇ ਤਕਨੀਕਾਂ ਦੀ ਵਰਤੋਂ ਰਾਹੀਂ ਧਾਰਮਿਕ ਵਿਸ਼ਵਾਸ ਹੋਰ ਜ਼ੋਰ ਪਕੜ ਰਿਹਾ ਹੈ। ਪਰੰਤੂ ਇਹ ਵੀ ਸੱਚ ਹੈ ਕਿ ਸੰਸਾਰ ਪੱਧਰ ਤੇ ਕੁੱਲ ਆਬਾਦੀ ਵਿਚ ਨਾਸਤਿਕਾਂ ਦੀ ਗਿਣਤੀ ਦੇ ਪ੍ਰਤੀਸ਼ਤ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ ਭਾਵੇਂ ਕਿ ਇਸ ਵਾਧੇ ਦੀ ਗਤੀ ਕਾਫੀ ਧੀਮੀ ਹੈ। ਜਿਵੇਂ ਕਿ ਪ੍ਰਸਿੱਧ ਸਮਾਜ-ਸ਼ਾਸਤਰੀ ਕਾਰਲ ਮਾਰਕਸ ਨੇ ਧਾਰਮਿਕ ਵਿਸ਼ਵਾਸ ਦੀ ਨਸ਼ਾਖੋਰੀ ਅਤੇ ਨਾਮਵਰ ਮਨੋਵਿਗਿਆਨੀ ਸਿਗਮੰਡ ਫਰਾਇਡ ਨੇ ਇਸ ਦੀ ਮਾਨਸਿਕ ਬਿਮਾਰੀ ਨਾਲ ਤੁਲਨਾ ਕੀਤੀ ਹੈ, ਇਸ ਸਮੱਸਿਆ ਦਾ ਹਲ ਵੀ ਨਿਵੇਕਲੀਆਂ ਤਕਨੀਕਾਂ ਰਾਹੀਂ ਹੀ ਹੋ ਸਕਦਾ ਹੈ ਜਦੋਂ ਕਿ ਹਾਲੇ ਅਜਿਹੀਆਂ ਤਕਨੀਕਾਂ ਖੋਜਣ ਜਾਂ ਲਾਗੂ ਕਰਨ ਵਾਲੀਆਂ ਧਿਰਾਂ ਨਿੱਠ ਕੇ ਸਾਹਮਣੇ ਨਹੀਂ ਆਈਆਂ। ਦੂਜੇ ਪਾਸੇ ਮਜ਼ਹਬ ਇਕ ਵੱਡੇ ਕਾਰੋਬਾਰ ਵਿਚ ਬਦਲ ਚੁੱਕਾ ਹੈ ਅਤੇ ਹਮੇਸ਼ਾ ਵਾਂਗ ਮਜ਼ਹਬ ਦਾ ਰਾਜ-ਤੰਤਰ ਨਾਲ ਗੱਠ-ਜੋੜ ਵੀ ਪੂਰੀ ਪਕਿਆਈ ਨਾਲ ਕਾਇਮ ਹੈ। ਪਿਛਲੀਆਂ ਦੋ ਤਿੰਨ ਸਦੀਆਂ ਦੇ ਸਮੇਂ ਵਿਚ ਵਿਗਿਆਨ ਦੇ ਵਿਕਾਸ ਨੇ ਅਸਿੱਧੇ ਤੌਰ ਤੇ ਮਨੁੱਖੀ ਮਨ ਉੱਤੋਂ ਰੱਬ ਦੇ ਸੰਕਲਪ ਦੇ ਪਏ ਹੋਏ ਗਲਬੇ ਨੂੰ ਹਟਾਉਣ ਵਿਚ ਭਾਰੀ ਯੋਗਦਾਨ ਪਾਇਆ ਹੈ ਅਤੇ ਮੁੱਢਲੇ ਤੌਰ ਤੇ ਅਜੋਕੇ ਸਮੇਂ ਦਾ ਨਾਸਤਿਕਤਾ ਦਾ ਰੁਝਾਨ ਵਿਗਿਆਨ ਦਾ ਹੀ ਪੈਦਾ ਕੀਤਾ ਹੋਇਆ ਹੈ। ਪਰੰਤੂ ਇਸ ਪਾਸੇ ਤੇਜ਼ ਗਤੀ ਦਾ ਸੁਧਾਰ ਲਿਆਉਣ ਵਿਚ ਸਮਾਂ ਲੱਗ ਸਕਦਾ ਹੈ।

ਫਿਰ ਵੀ ਇਸ ਸਥਿਤੀ ਵਿਚ ਇਕ ਉਪਰਾਲਾ ਇਹ ਹੋ ਸਕਦਾ ਹੈ ਕਿ ਮਨੁੱਖ ਨੂੰ ਰੱਬ ਦਾ ਇਕ ਐਸਾ ਵਿਕਲਪ (substitute) ਪਰਦਾਨ ਕੀਤਾ ਜਾਵੇ ਜੋ ਵਿਗਿਆਨਕ ਅਧਾਰ ਉੱਤੇ ਉਸਾਰਿਆ ਗਿਆ ਹੋਵੇ। ਇਹ ਇਕ ਬੜਾ ਹੀ ਮਹੱਤਵਪੂਰਨ ਇਤਹਾਸਿਕ ਤੱਥ ਹੈ ਕਿ ਰੱਬ ਦਾ ਅਜਿਹਾ ਵਿਕਲਪ ਪੇਸ਼ ਕਰਨ ਵਿਚ ਪਹਿਲਕਦਮੀ ਗੁਰੂ ਨਾਨਕ ਜੀ ਵੱਲੋਂ 500 ਸਾਲ ਤੋਂ ਵੱਧ ਦੇ ਸਮੇਂ ਪਹਿਲਾਂ ਤੋਂ ਕਰ ਦਿੱਤੀ ਗਈ ਸੀ ਜਦੋਂ ਉਹਨਾਂ ਨੇ ਮਜ਼ਹਬ ਦੇ ਵਿਕਲਪ ਦੇ ਤੌਰ ਤੇ ਮਾਨਵਵਾਦ ਦੀ ਲਹਿਰ ਚਾਲੂ ਕੀਤੀ ਸੀ। ਗੁਰੂ ਜੀ ਵੱਲੋਂ ਕੀਤੇ ਗਏ ਇਸ ਉਪਰਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਿਹਾਂਤ ਪਿੱਛੋਂ ਉਹਨਾਂ ਦੇ ਹੀ ਪੈਰੋਕਾਰਾਂ ਵੱਲੋਂ ਜਲਦੀ ਹੀ ਭੁਲਾ ਦਿੱਤਾ ਗਿਆ ਅਤੇ ਉਹ ਮਾਨਵਵਾਦ ਨੂੰ ਛੱਡ ਕੇ ਰਾਜ-ਪਰਾਪਤੀ ਦੇ ਸੰਘਰਸ਼ ਵਿਚ ਉਲਝ ਕੇ ਰਹਿ ਗਏ। ਇਸ ਸਮੇਂ ਵਿਚ ਗੁਰੂ ਨਾਨਕ ਜੀ ਵੱਲੋਂ ਵਿੱਢੀ ਮਾਨਵਵਾਦ ਦੀ ਲਹਿਰ ਨੂੰ ਮਾਨਵਵਾਦ ਵਿਰੋਧੀ ਧਿਰਾਂ ਵੱਲੋਂ ਇਕ ਮਜ਼ਹਬ ਭਾਵ ਸੰਸਥਾਗਤ ਧਰਮ ਦਾ ਰੂਪ ਦੇ ਦਿੱਤਾ ਗਿਆ। ਗੁਰੂ ਨਾਨਕ ਜੀ ਵੱਲੋਂ ਪੇਸ਼ ਕੀਤੀ ਗਈ ਮਾਨਵਵਾਦੀ ਵਿਚਾਰਧਾਰਾ ਉਹਨਾਂ ਦੀ ਕਾਵਿਕ ਰਚਨਾ ਵਿੱਚੋਂ ਪਰਗਟ ਹੁੰਦੀ ਹੈ ਅਤੇ ਇਹ ਰਚਨਾ ’ ਗੁਰਬਾਣੀ-ਗ੍ਰੰਥ ’ ਵਿਚ ਉਪਲਭਦ ਹੈ। ਅਸਲ ਵਿਚ ‘ ਗੁਰਬਾਣੀ-ਗ੍ਰੰਥ ’ ਵਿਚਲੀ ਸਾਰੀ ਰਚਨਾ ਗੁਰੂ ਨਾਨਕ ਜੀ ਦੀ ਮਾਨਵਵਾਦੀ ਵਿਚਾਰਧਾਰਾ ਦਾ ਹੀ ਵਿਸਥਾਰ ਹੈ। ਇਸ ਸਮੁੱਚੀ ਰਚਨਾ ਨੂੰ ਗੁਰਬਾਣੀ ਕਿਹਾ ਜਾਂਦਾ ਹੈ ਅਤੇ ਗੁਰਬਾਣੀ ਦੇ ਫਲਸਫੇ ਨੂੰ ਗੁਰਮੱਤ ਦਾ ਨਾਮ ਦਿੱਤਾ ਜਾਂਦਾ ਹੈ। ਅਸੀਂ ਅੱਗੇ ਜਾ ਕੇ ਵੇਖਾਂਗੇ ਕਿ ਕਿਸ ਤਰ੍ਹਾਂ ਗੁਰਮੱਤ ਮਜ਼ਹਬਾਂ ਦੇ ਕਾਲਪਨਿਕ ਰੱਬ ਦਾ ਵਿਕਲਪ ਪੇਸ਼ ਕਰਦੀ ਹੈ।

ਪਰਚਾਰਕਾਂ ਦਾ ਮਤ

ਇਸ ਤੋਂ ਪਹਿਲਾਂ ਕਿ ਰੱਬ ਦੇ ਸਬੰਧ ਵਿਚ ਗੁਰਮੱਤ ਦੀ ਵਿਚਾਰਧਾਰਾ ਦਾ ਜ਼ਿਕਰ ਕੀਤਾ ਜਾਵੇ ਅਸੀਂ ਰੱਬ ਦੇ ਵਿਸ਼ੇ ਉੱਤੇ ਕੁਝ ‘ ਸਿਖ ’ ਪਰਚਾਰਕਾਂ ਵੱਲੋਂ ਪੇਸ਼ ਕੀਤੀਆਂ ਗਈਆਂ ਉਹਨਾਂ ਦਲੀਲਾਂ ਦਾ ਤਰਕ-ਅਧਾਰਿਤ ਵਿਸ਼ਲੇਸ਼ਣ ਕਰਾਂਗੇ ਜਿਹੜੀਆਂ ਪਿਛਲੇ ਕੁਝ ਸਮੇਂ ਵਿਚ ਚਰਚਾ ਵਿਚ ਆਈਆਂ ਹਨ। ਇਹ ਵਿਸ਼ਲੇਸ਼ਣ ਹੇਠਾਂ ਦਿੱਤੇ ਅਨੁਸਾਰ ਹੈ।

ਪੁਜਾਰੀ ਵਾਲਾ ਰੱਬ

ਸਬੰਧਤ ਪਰਚਾਰਕ ਬੜੇ ਜ਼ੋਰ-ਸ਼ੋਰ ਨਾਲ ਇਹ ਦਾਵਾ ਕਰਦੇ ਹਨ ਕਿ ਉਹ ‘ ਪੁਜਾਰੀ ਵਾਲੇ ਰੱਬ ’ ਨੂੰ ਨਹੀਂ ਮੰਨਦੇ। ਪਰੰਤੂ ਅਸੀਂ ਉੱਪਰ ਵੇਖ ਆਏ ਹਾਂ ਕਿ ਰੱਬ ਦਾ ਸੰਕਲਪ ਕੁਝ ‘ ਸਿਆਣੇ ’ (witch-doctor) ਕਰਕੇ ਜਾਣੇ ਜਾਂਦੇ ਚਲਾਕ ਅਤੇ ਮੌਕਾਪ੍ਰਸਤ ਲੋਕਾਂ ਵੱਲੋਂ ਅੱਜ ਤੋਂ ਕੋਈ ਸੱਤ ਕੁ ਹਜ਼ਾਰ ਸਾਲ ਪਹਿਲਾਂ ਘੜਿਆ ਗਿਆ ਸੀ। ਇਹਨਾਂ ਲੋਕਾਂ ਦਾ ਨਿਸ਼ਾਨਾ ਸੀ ਆਪ ਸਰੀਰਕ ਮਿਹਨਤ ਤੋਂ ਬਚਾਅ ਕਰਦੇ ਹੋਏ ਆਮ ਲੋਕਾਂ ਨੂੰ ਗੁਮਰਾਹ ਕਰਕੇ ਉਹਨਾਂ ਦੀ ਆਰਥਿਕ ਲੁੱਟ ਕਰਨਾ ਅਤੇ ਰਾਜੇ ਨੂੰ ਰੱਬ ਦੇ ਨੇਕਲੰਕ ਨੁਮਾਇੰਦੇ ਦੇ ਤੌਰ ਤੇ ਸਥਾਪਤ ਕਰਦੇ ਹੋਏ ਨਿਰੁੰਕਸ਼ ਰਾਜ ਨੂੰ ਪੱਕੇ-ਪੈਰੀਂ ਕਰਨਾ ਤਾਂ ਕਿ ਬਦਲੇ ਵਿਚ ਰਾਜੇ ਕੋਲੋਂ ਵੱਡੇ ਲਾਭ ਪਰਾਪਤ ਕੀਤੇ ਜਾ ਸਕਣ। ਪਰੰਤੂ ਸਹੀ ਅਰਥਾਂ ਵਿਚ ਕਾਲਪਨਿਕ ਰੱਬ ਦੇ ਸੰਕਲਪ ਨੂੰ ਪਰਚਲਤ ਕਰਨ ਦਾ ਕੰਮ ਧਰਮ-ਤੰਤਰ ਨੇ ਕੀਤਾ ਹੈ ਅਤੇ ਪੁਜਾਰੀ ਵਿਵਸਥਾ ਧਰਮ-ਤੰਤਰ ਦੇ ਹਿੱਸੇ ਦੇ ਤੌਰ ਤੇ ਹੀ ਹੋਂਦ ਵਿਚ ਆਈ ਅਤੇ ਕਾਰਜਸ਼ੀਲ ਰਹੀ ਹੈ। ਪੁਜਾਰੀ ਕੇਵਲ ਧਰਮ-ਤੰਤਰ ਦਾ ਪੁਰਜ਼ਾ ਮਾਤਰ ਹੁੰਦਾ ਹੈ ਜਿਸ ਦੀ ਜ਼ਿੰਮੇਵਾਰੀ ਪੂਜਾ ਦੇ ਕਰਮ-ਕਾਂਡਾਂ ਨੂੰ ਨਿਭਾਉਣਾਂ ਹੁੰਦਾ ਹੈ। ਇਸ ਕਾਰਜ ਨੂੰ ਨਿਭਾਉਣ ਦੇ ਬਦਲੇ ਵਿਚ ਉਸ ਨੂੰ ਇਵਜ਼ਾਨਾ ਮਿਲਦਾ ਹੈ ਜਿਸ ਨਾਲ ਉਹ ਆਪਣਾ ਨਿਰਬਾਹ ਕਰਦਾ ਹੈ। ਪਰੰਤੂ ਰੱਬ ਦਾ ਅਸਲੀ ਪਰਚਾਰਕ ਧਰਮ-ਤੰਤਰ ਹੁੰਦਾ ਹੈ ਅਤੇ ਧਰਮ-ਤੰਤਰ ਦੇ ਆਗੂ ਸਵਾਰਥੀ ਅਤੇ ਮੌਕਾਪ੍ਰਸਤ ਕਾਰੋਬਾਰੀ ਲੋਕ ਹੁੰਦੇ ਹਨ ਜੋ ਰੱਬ ਦੀ ਘਾੜਤ ਘੜਨ ਵਾਲੇ ਚਲਾਕ ਲੋਕਾਂ ਵੱਲੋਂ ਵਿੱਢੇ ਗਏ ਕਾਰੋਬਾਰ ਦਾ ਸੰਚਾਲਨ ਕਰਦੇ ਹਨ ਅਤੇ ਇਹ ਸਿਲਸਿਲਾ ਅਜ ਵੀ ਜਾਰੀ ਹੈ। ਇਸ ਲਈ ਤਰਕ-ਸੰਗਤ ਇਹ ਹੋਵੇਗਾ ਕਿ ਕਾਲਪਨਿਕ ਰੱਬ ਨੂੰ ‘ ਪੁਜਾਰੀ ਵਾਲਾ ਰੱਬ ’ ਕਹਿਣ ਦੀ ਬਜਾਇ ਧਰਮ-ਤੰਤਰ ਦਾ ਭਾਵ ਮਜ਼ਹਬੀ ਕਾਰੋਬਾਰ ਵਾਲਾ ਰੱਬ ਕਿਹਾ ਜਾਵੇ। ਪਰੰਤੂ ਸਬੰਧਤ ਪਰਚਾਰਕ ਅਜਿਹਾ ਜਾਣ ਬੁੱਝ ਕੇ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਅਜਿਹਾ ਕਹਿਣ ਨਾਲ ਉਹਨਾਂ ਲਈ ਮਜ਼ਹਬ ਨੂੰ ਸਿੱਧਾ ਹੀ ਨਕਾਰਨ ਦਾ ਐਲਾਨ ਕਰਨਾ ਜ਼ਰੂਰੀ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਡਰ ਹੁੰਦਾ ਹੈ ਕਿ ਅਜਿਹਾ ਕਰਨ ਨਾਲ ਉਹਨਾਂ ਉੱਤੇ ਨਾਸਤਿਕ ਹੋਣ ਦਾ ਠੱਪਾ ਲਗ ਜਾਵੇਗਾ (ਮਜ਼ਹਬਾਂ ਵੱਲੋਂ ਕੀਤੇ ਜਾਂਦੇ ਦੁਸ਼-ਪਰਚਾਰ ਹੇਠ ‘ ਨਾਸਤਿਕ ’ ਸ਼ਬਦ ਨੂੰ ਇਕ ਗਾਲੀ ਵਾਂਗ ਹੀ ਵਰਤਿਆ ਜਾਂਦਾ ਹੈ)। ਇਹ ਪਰਚਾਰਕ ਸੱਜਣ ਅਸਲ ਵਿਚ ਦਿਲੋਂ ਸੁਹਿਰਦ ਵੀ ਨਹੀਂ ਕਿਉਂਕਿ ਆਪ ਉਹ ਮਜ਼ਹਬ ਨਾਲ ਚਿੰਬੜੇ ਰਹਿਣਾ ਚਾਹੁੰਦੇ ਹਨ ਅਤੇ ਧਾਰਮਿਕ ਕਾਰੋਬਾਰ ਨੂੰ ਆਪਣੇ ਢੰਗ ਨਾਲ ਚਾਲੂ ਰੱਖਣਾ ਚਾਹੁੰਦੇ ਹਨ। ਉਹਨਾਂ ਵਿੱਚੋਂ ਕੁਝ ਕੁ ਤਾਂ ਮਾਰਟਿਨ ਲੂਥਰ ਦੀ ਤਰਜ਼ ਤੇ ਮਜ਼ਹਬ ਦੇ ਸੁਧਾਰ ਦੀ ਲਹਿਰ ਦੇ ਮੋਹਰੀ ਬਣ ਕੇ ਵਾਹ-ਵਾਹ ਵੀ ਖੱਟਣਾ ਚਾਹੁੰਦੇ ਹਨ। ਕੁਝ ਪਰਚਾਰਕਾਂ ਨੇ ਆਪਣਾ ਉਦੇਸ਼ ਹੀ ਮਿਥ ਰਖਿਆ ਹੈ ਕਿ ਮਾਰਟਿਨ ਲੂਥਰ ਦੇ ਨਾਮ ਤੇ ਸੋਲ੍ਹਵੀਂ ਸਦੀ ਈਸਵੀ ਵਿਚ ਚਾਲੂ ਹੋਈ ਇਸਾਈ ਮੱਤ ਦੀ ਪ੍ਰੋਟੈਸਟੈਂਟ ਸ਼ਾਖ ਵਾਂਗ ‘ ਸਿਖ ਧਰਮ ’ ਦੀ ਵੀ ਇਕ ਵੱਖਰੀ ਸ਼ਾਖ ਸਥਾਪਤ ਕਰ ਲਈ ਜਾਵੇ ਅਤੇ ਆਪਣੇ ਲਈ ਮਾਰਟਿਨ ਲੂਥਰ ਵਾਲਾ ਰੁਤਬਾ ਹਾਸਿਲ ਕਰ ਲਿਆ ਜਾਵੇ। ਇਹਨਾਂ ਸਾਰੇ ਕਾਰਨਾਂ ਕਰਕੇ ਹੀ ਸਬੰਧਤ ਪਰਚਾਰਕ ‘ ਪੁਜਾਰੀ ਵਾਲੇ ਰੱਬ ’ ਦਾ ਸੰਕਲਪ ਪੇਸ਼ ਕਰਕੇ ਆਮ ਆਦਮੀ ਨੂੰ ਭੰਬਲਭੂਸੇ ਵਿਚ ਉਲਝਾ ਰਹੇ ਹਨ। ਇਸ ਦੇ ਨਾਲ-ਨਾਲ ਉਹਨਾਂ ਨੇ’ ਕੁਦਰਤ ਦੇ ਰੱਬ ’ ਵਾਲਾ ਨਾਰਾ ਵੀ ਪੈਦਾ ਕਰ ਲਿਆ ਹੈ।

ਕੁਦਰਤ ਦਾ ਰੱਬ

‘ ਕੁਦਰਤ ਦਾ ਰੱਬ ’ ਵਾਲਾ ਨਾਰਾ ਲਗਾਉਣ ਵਾਲੇ ਪਰਚਾਰਕ ਇਹ ਦਾਵਾ ਕਰਦੇ ਹਨ ਉਹ ਪੁਜਾਰੀ ਵਾਲੇ ਰੱਬ ਭਾਵ ਮਜ਼ਹਬਾਂ ਵਾਲੇ ਕਾਲਪਨਿਕ ਰੱਬ ਦੀ ਜਗਹ ਉੱਤੇ ਕੁਦਰਤ ਨੂੰ ਰੱਬ ਨੂੰ ਮੰਨਦੇ ਹਨ। ਏਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਕੁਦਰਤ ਦੇ ਅਰਥ ਬ੍ਰਹਮੰਡ ਦਾ ਉਹ ਪਸਾਰਾ ਹੈ ਜੋ ਧਰਤੀ ਉੱਤੇ ਅਤੇ ਧਰਤੀ ਤੋਂ ਬਾਹਰ ਹਰ ਪਾਸੇ ਫੈਲਿਆ ਹੋਇਆ ਹੈ ਅਤੇ ਬ੍ਰਹਮੰਡ ਦਾ ਆਪਣਾ ਸੰਪੂਰਨ ਨਿਯਮ-ਤੰਤਰ (system) ਮੌਜੂਦ ਹੈ। ਇਸ ਤੱਥ ਨੂੰ ਸਬੰਧਤ ਪਰਚਾਰਕ ਵੀ ਸਵੀਕਾਰਦੇ ਹਨ। ਹੁਣ ਜਦੋਂ ਮਜ਼ਹਬਾਂ ਦਾ ‘ ਰੱਬ ’ ਇਕ ਕਾਲਪਨਿਕ ਹੋਂਦ ਸਾਬਿਤ ਹੋ ਜਾਂਦਾ ਹੈ ਤਾਂ ਇਕ ਅਸਲੀ ਹੋਂਦ (ਬ੍ਰਹਮੰਡੀ ਪਸਾਰੇ) ਨੂੰ ‘ ਰੱਬ ’ ਦਾ ਨਾਮ ਕਿਵੇਂ ਦਿੱਤਾ ਜਾ ਸਕਦਾ ਹੈ ? ਲੋੜ ਤਾਂ ਇਹ ਹੈ ਕਿ ਵਿਗਿਆਨ ਦੇ ਅਜੋਕੇ ਯੁਗ ਵਿਚ ਲੋਕਾਂ ਦਾ ‘ ਰੱਬ ’ ਵਰਗੇ ਅਤਾਰਕਿਕ ਸੰਕਲਪ ਤੋਂ ਛੁਟਕਾਰਾ ਦੁਆਇਆ ਜਾਵੇ ਪਰੰਤੂ ‘ ਕੁਦਰਤ ਦਾ ਰੱਬ ’ ਵਾਲਾ ਸੰਕਲਪ ‘ ਰੱਬ ’ ਸ਼ਬਦ ਨੂੰ ਨਾਲ ਹੀ ਲੈਕੇ ਤੁਰਦਾ ਹੈ। ਇਹ ਵੀ ਤਾਂ ਕਿਹਾ ਜਾ ਸਕਦਾ ਸੀ ਕਿ ਅਸੀਂ ਕਾਲਪਨਿਕ ਰੱਬ ਨੂੰ ਨਹੀਂ ਮੰਨਦੇ ਅਤੇ ਉਸ ਦੀ ਜਗਹ ਤੇ ਕੁਦਰਤ ਨੂੰ ਭਾਵ ਬ੍ਰਹਮੰਡੀ ਨਿਯਮ-ਤੰਤਰ ਨੂੰ ਮਾਨਤਾ ਦੇਂਦੇ ਹਾਂ। ਪਰੰਤੂ ਸਬੰਧਤ ਪਰਚਾਰਕ ਅਜਿਹਾ ਕਹਿਣ ਤੋਂ ਗੁਰੇਜ਼ ਕਰਦੇ ਹਨ। ਕਾਰਨ ਉਹਨਾਂ ਦਾ ਅੰਦਰਲਾ ਡਰ ਹੈ ਕਿ ‘ ਰੱਬ ’ ਸ਼ਬਦ ਦੀ ਵਰਤੋਂ ਬੰਦ ਕਰਨ ਨਾਲ ਉਹਨਾਂ ਉੱਤੇ ਨਾਸਤਿਕਤਾ ਦਾ ਠੱਪਾ ਲੱਗ ਜਾਵੇਗਾ ਅਤੇ ਉਹਨਾਂ ਦੇ ਕਾਰੋਬਾਰੀ ਹਿਤ ਵੀ ਨੁਕਸਾਨੇ ਜਾਣਗੇ। ਦੂਸਰੇ ਪਾਸੇ ਤਰਕ-ਵਿਗਿਆਨ (Logic) ਪੱਖੋਂ ਇਹ ਕਹਿਣਾ ਉਂਜ ਹੀ ਸਹੀ ਨਹੀਂ ਕਿ ਅਸੀਂ ਕਾਲਪਨਿਕ ਰੱਬ ਨੂੰ ਨਹੀਂ ਮੰਨਦੇ ਕਿਉਂਕਿ ਸਾਡੇ ਲਈ ਕੁਦਰਤ ਹੀ ਰੱਬ ਹੈ। ਇਹ ਤਾਂ ਓਹੀ ਗੱਲ ਹੋਈ ਜਦੋਂ ਕੋਈ ਇਹ ਕਹੇ ਕਿ ਮੈਂ ਮੋਰ ਬਾਰੇ ਕੁਝ ਨਹੀਂ ਜਾਣਦਾ ਅਤੇ ਉਸ ਨੂੰ ਮਾਨਤਾ ਨਹੀਂ ਦੇਂਦਾ ਪਰੰਤੂ ਮੇਰੇ ਕੋਲ ਇਕ ਘੋੜਾ ਹੈ ਅਤੇ ਮੇਰੇ ਲਈ ਉਹ ਘੋੜਾ ਹੀ ਮੋਰ ਹੈ। ਏਥੇ ਤਰਕਹੀਣਤਾ ਇਸ ਗੱਲ ਵਿਚ ਹੈ ਕਿ ਜੇਕਰ ਸਬੰਧਤ ਵਿਅਕਤੀ ਮੋਰ ਨੂੰ ਮਾਨਤਾ ਨਹੀਂ ਦੇਂਦਾ ਤਾਂ ਘੋੜੇ ਨੂੰ ਮੋਰ ਕਹਿਣ ਦੀ ਲੋੜ ਹੀ ਨਹੀਂ ਉਪਜਦੀ। ਉਸ ਨੂੰ ਤਾਂ ਬਸ ਇਤਨਾ ਹੀ ਕਹਿਣਾ ਚਾਹੀਦਾ ਹੈ ਕਿ ਉਹ ਮੋਰ ਨੂੰ ਨਹੀਂ ਮੰਨਦਾ ਅਤੇ ਉਸ ਨੂੰ ਇਸ ਦੀ ਲੋੜ ਵੀ ਨਹੀਂ ਕਿਉਂਕਿ ਉਸ ਨੂੰ ਆਪਣੇ ਘੋੜੇ ਨਾਲ ਹੀ ਸੰਤੁਸ਼ਟੀ ਹੈ। ‘ ਰੱਬ ’ ਦਾ ਵਿਕਲਪ ‘ ਰੱਬ ’ ਨਹੀਂ ਹੋ ਸਕਦਾ ਭਾਵ ਰੱਬ ਦੇ ਵਿਕਲਪ ਲਈ ‘ ਰੱਬ ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਸ ਲਈ ਸਬੰਧਕ ਪਰਚਾਰਕ ਜੇਕਰ ਸੁਹਿਰਦ ਹਨ ਤਾਂ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਮਜ਼ਹਬਾਂ ਵੱਲੋਂ ਮੰਨੇ ਜਾਂਦੇ ‘ ਰੱਬ ’ ਨੂੰ ਨਹੀਂ ਮੰਨਦੇ ਕਿਉਂਕਿ ਇਹ ਇਕ ਅਤਾਰਕਿਕ ਹੋਂਦ ਹੈ ਜਦ ਕਿ ਉਹਨਾਂ ਕੋਲ ਕੁਦਰਤ ਦੇ ਰੂਪ ਵਿਚ ਇਸ ਦਾ ਬਦਲ ਮੌਜੂਦ ਹੈ ਅਤੇ ਉਹ ਇਸਦੇ ਨਾਲ ਸੰਤੁਸ਼ਟ ਹਨ। ਪਰੰਤੂ ‘ ਪੁਜਾਰੀ ਦਾ ਰੱਬ ’ ਕਹਿਣ ਵਾਂਗ ‘ ਕੁਦਰਤ ਰੱਬ ਹੈ ’ ਕਹਿਣਾ ਵੀ ਸਬੰਧਤ ਪਰਚਾਰਕਾਂ ਦੀ ਮਜਬੂਰੀ ਬਣੀ ਹੋਈ ਹੈ।

ਗੁਰਬਾਣੀ ਦੇ ਹਵਾਲੇ

ਸਬੰਧਤ ਪਰਚਾਰਕ ‘ ਰੱਬ ’ ਦੇ ਸੰਕਲਪ ਸਬੰਧੀ ਉੱਪਰ ਪੇਸ਼ ਕੀਤੇ ਗਏ ਨੁਕਤਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ ਗੁਰਬਾਣੀ ਦੀਆਂ ਕੁਝ ਪੰਕਤੀਆਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਵੱਲ ਰੁਚਿਤ ਹੋ ਜਾਂਦੇ ਹਨ। ਉਹਨਾਂ ਦੀ ਵੱਡੀ ਦਲੀਲ ਇਹ ਹੈ ਕਿ ਗੁਰਬਾਣੀ ਵੀ ਕਹਿੰਦੀ ਹੈ ਕਿ ‘ ਕੁਦਰਤ ਰੱਬ ਹੈ ’। ਇਸ ਦਲੀਲ ਦੀ ਪਰੋੜਤਾ ਲਈ ਉਹ ‘ ਗੁਰਬਾਣੀ ਗ੍ਰੰਥ ’ ਵਿੱਚੋਂ ਕੁਝ ਪੰਕਤਿਆਂ ਲੈ ਕੇ ਪੇਸ਼ ਕਰ ਦੇਂਦੇ ਹਨ ਜਿਹਨਾਂ ਵਿਚ ਮੁੱਖ ਤੌਰ ਤੇ ਗੁਰੂ ਨਾਨਕ ਜੀ ਰਚਿਤ ‘ ਵਾਰ ਆਸਾ ’ ਵਿੱਚੋਂ ਹੇਠਾਂ ਦਿੱਤੀਆਂ ਪੰਕਤੀਆਂ ਸ਼ਾਮਲ ਹੁੰਦਿਆਂ ਹਨ:

" ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ "

" ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ "

ਪਰੰਤੂ ਗੁਰਬਾਣੀ ਵਿੱਚੋਂ ਲਈਆਂ ਹੋਈਆਂ ਉੱਪਰ ਦਿੱਤੀਆਂ ਪੰਕਤੀਆਂ ਨੂੰ ਪੜ੍ਹਦੇ ਹੋਏ ਪਹਿਲੀ ਨਜ਼ਰੇ ਹੀ ਇਹ ਪਤਾ ਚਲ ਜਾਂਦਾ ਹੈ ਇਹਨਾਂ ਵਿਚ ਨਾ ਤਾਂ ਇਹ ਕਿਹਾ ਗਿਆ ਹੈ ਕਿ ‘ ਕੁਦਰਤ ਰੱਬ ਹੈ ’ ਅਤੇ ਨਾ ਹੀ ਇਹ ਕਿ ‘ ਕੁਦਰਤ ਵਿਚ ਰੱਬ ਸਮਾਇਆ ਹੋਇਆ ਹੈ ’ ਕਿਉਂਕਿ ਇਹਨਾਂ ਪੰਕਤੀਆਂ ਵਿਚ ‘ ਰੱਬ ’ ਸ਼ਬਦ ਦੀ ਵਰਤੋਂ ਹੀ ਨਹੀਂ ਕੀਤੀ ਗਈ। ਨਾ ਹੀ ਸਾਰੀ ਗੁਰਬਾਣੀ ਵਿਚ ਕੋਈ ਅਜਿਹੀ ਪੰਕਤੀ ਸ਼ਾਮਲ ਹੈ ਜਿਸ ਵਿਚ ਕੁਦਰਤ ਸ਼ਬਦ ਦੇ ਨਾਲ ‘ ਰੱਬ ’ ਜਾਂ ਇਸ ਦੇ ਕਿਸੇ ਪਰਿਆਇਵਾਚੀ ਸ਼ਬਦ ਦੀ ਵਰਤੋਂ ਕੀਤੀ ਗਈ ਹੋਵੇ। ਉੱਪਰ ਦਿੱਤੀਆਂ ਪੰਕਤੀਆਂ ਵਿਚ ਕੇਵਲ ਇਸ਼ਾਰਾ ਮਾਤਰ ਸ਼ਾਮਲ ਹੈ ਕਿ ਕੋਈ ਅਜਿਹੀ ਹੋਂਦ ਮੌਜੂਦ ਹੈ ਜੋ ਬ੍ਰਹਮੰਡ ਦੇ ਪਸਾਰੇ ਵਿਚ ਸਮਾਈ ਹੋਈ ਹੈ। ਪਰੰਤੂ ਇਹ ਤਾਂ ਜ਼ਰੂਰੀ ਨਹੀਂ ਕਿ ਉਹ ਹੋਂਦ ਮਜ਼ਹਬਾਂ ਵਾਲਾ ਰੱਬ ਹੋਵੇ ਜਾਂ ਕੋਈ ਹੋਰ ਅਜਿਹੀ ਹੋਂਦ ਹੋਵੇ ਜਿਸ ਨੂੰ ‘ਰੱਬ’ ਕਹਿਣਾ ਜ਼ਰੂਰੀ ਬਣਦਾ ਹੋਵੇ। ਜੇਕਰ ਸਬੰਧਤ ਪਰਚਾਰਕ ਪੁਜਾਰੀ ਵਾਲੇ ਰੱਬ ਭਾਵ ਮਜ਼ਹਬਾਂ ਵਾਲੇ ‘ ਰੱਬ ’ ਨੂੰ ਨਹੀਂ ਮੰਨਦੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਹ ਚੰਗੀ ਤਰ੍ਹਾਂ ਸਪਸ਼ਟ ਕਰਨ ਕਿ ਬ੍ਰਹਮੰਡੀ ਪਸਾਰੇ ਵਿਚ ਸਮਾਈ ਹੋਈ ਅਸਲੀ ਹੋਂਦ ਕੀ ਹੈ। ਪਰੰਤੂ ਸੁਹਿਰਦਤਾ ਤੋਂ ਊਣੇ ਇਹ ਪਰਚਾਰਕ ਅਜਿਹਾ ਕਰਨ ਵੱਲ ਵੀ ਨਹੀਂ ਤੁਰਦੇ ਜਿਸ ਦੇ ਸਿੱਟੇ ਦੇ ਤੌਰ ਤੇ ਉਹਨਾਂ ਦਾ ਆਮ ਸਰੋਤਾ ਕੁਦਰਤ ਭਾਵ ਬ੍ਰਹਮੰਡੀ ਪਸਾਰੇ ਵਿਚ ਕਾਲਪਨਿਕ ਰੱਬ ਦੇ ਹੀ ਸਮਾਏ ਹੋਣ ਦਾ ਵਿਸ਼ਵਾਸ ਪੱਕਾ ਕਰ ਬੈਠਦਾ ਹੈ।

ਅਜਿਹੀ ਨਿਰਾਸ਼ਾਜਨਕ ਸਥਿਤੀ ਪਿੱਛੇ ਵੱਡਾ ਕਾਰਨ ਇਹ ਹੈ ਕਿ ‘ ਸਿਖ ’ ਅਖਵਾਉਂਦੇ ਲਗ-ਭਗ ਸਾਰੇ ਲੋਕ ਬ੍ਰਾਹਮਣਵਾਦ ਦੇ ਪਰਭਾਵ ਹੇਠ ਇਕ ਪਾਸੇ ਤਾਂ ਰੱਬ ਨੂੰ ‘ ਅਕਾਲ-ਪੁਰਖ ’ ਕਹਿੰਦੇ ਹੋਏ ਰੱਬ ਦੇ ਸ਼ਖਸੀ ਰੂਪ ਨੂੰ ਮਾਨਤਾ ਦੇਈ ਜਾਂਦੇ ਹਨ ਅਤੇ ਦੂਸਰੇ ਪਾਸੇ ਆਤਮਾ/ਰੂਹ (soul) ਅਤੇ ਪਰਮਾਤਮਾ ਵਿਚ ਵਿਸ਼ਵਾਸ ਕਰਦੇ ਹੋਏ ਉਹ ਰੱਬ ਨੂੰ ‘ ਪਰਮਾਤਮਾ ’ ਵੀ ਕਹਿ ਦੇਂਦੇ ਹਨ। ਉਹ ਇਹ ਭੁੱਲੀ ਬੈਠੇ ਹਨ ਕਿ ਗੁਰਬਾਣੀ ਵਿਚ ‘ ਨਿਰੰਕਾਰ ’ ਦਾ ਸੰਕਲਪ ਵੀ ਮੌਜੂਦ ਹੈ ਅਤੇ ਉਹ ਇਹ ਸੋਚਣ ਵੱਲ ਬਿਲਕੁਲ ਵੀ ਰੁਚਿਤ ਨਹੀਂ ਹੁੰਦੇ ਕਿ ਉਹਨਾਂ ਦਾ ਰੱਬ ‘ ਅਕਾਲ-ਪੁਰਖ ’ ਜਾਂ ‘ ਪਰਮਾਤਮਾ ’ ਹੁੰਦੇ ਹੋਏ ‘ ਨਿਰੰਕਾਰ ’ ਕਿਵੇਂ ਹੋ ਸਕਦਾ ਹੈ। ਸਬੰਧਤ ਪਰਚਾਰਕ ਵੀ ਬਦਨੀਤੀ ਨਾਲ ਇਸ ਨੁਕਤੇ ਨੂੰ ਅਣਗੌਲਿਆ ਕਰ ਛੱਡਦੇ ਹਨ। ਵੱਧ ਤੋਂ ਵੱਧ ਉਹ ਇਤਨਾ ਕਹਿ ਕੇ ਹੀ ਪੱਲਾ ਝਾੜ ਲੈਂਦੇ ਹਨ ਕਿ ਕੁਦਰਤ ਦੇ ਆਪਣੇ ਨਿਯਮ ਹਨ ਅਤੇ ਇਹਨਾਂ ਨਿਯਮਾਂ ਰਾਹੀਂ ‘ ਰੱਬ ’ ਕੁਦਰਤ ਵਿਚ ਬਿਰਾਜਮਾਨ ਹੈ। ਸਪਸ਼ਟ ਹੈ ਕਿ ਉਹ ਕਿਸੇ ਵੀ ਹਾਲਤ ਵਿਚ ‘ ਰੱਬ ’ ਸ਼ਬਦ ਦਾ ਖਹਿੜਾ ਛੱਡਣ ਲਈ ਤਿਆਰ ਨਹੀਂ।

ਗੁਰਮੱਤ ਦਾ ਪੱਖ

‘ਰੱਬ’ ਦੇ ਵਿਸ਼ੇ ਉੱਤੇ ਗੁਰਮੱਤ ਦਾ ਪੱਖ ਜਾਣਨ ਲਈ ਸਾਨੂੰ ਗੁਰਬਾਣੀ ਦੀ ਸਹੀ ਵਿਆਖਿਆ ਉੱਤੇ ਨਿਰਭਰ ਹੋਣਾ ਪੈਂਦਾ ਹੈ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਗੁਰਬਾਣੀ ਦੀ ਹੁਣ ਤਕ ਦੀ ਵਿਆਖਿਆ ਬ੍ਰਾਹਮਣਵਾਦੀ ਢੰਗ ਨਾਲ ਹੀ ਕੀਤੀ ਹੋਈ ਮਿਲਦੀ ਹੈ ਅਤੇ ਤਰਕ-ਅਧਾਰਿਤ ਵਿਆਖਿਆ ਕਰਨ ਦੇ ਯਤਨ ਹਾਲੇ ਤਕ ਅਰੰਭ ਨਹੀਂ ਹੋ ਸਕੇ। ਕਾਰਨ ਸਪਸ਼ਟ ਹੀ ਹਨ। ਪਰੰਤੂ ਵਿਚਾਰ-ਅਧੀਨ ਸਥਿਤੀ ਸਬੰਧੀ ਗੁਰਮੱਤ ਦਾ ਪੱਖ ਪੇਸ਼ ਕਰਨ ਲਈ ਅਸੀਂ ਏਥੇ ਗੁਰਬਾਣੀ ਦੀ ਤਰਕ-ਅਧਾਰਿਤ ਵਿਆਖਿਆ ਨੂੰ ਹੀ ਸਾਹਮਣੇ ਰੱਖਾਂਗੇ। ਇਸ ਲਈ ਸਾਨੂੰ ਗੁਰਬਾਣੀ ਸਬੰਧੀ ਹੇਠਾਂ ਦਿੱਤੇ ਨੁਕਤੇ ਧਿਆਨ ਵਿਚ ਰੱਖਣ ਦੀ ਲੋੜ ਹੈ:

1.ਗੁਰਬਾਣੀ ਮਨੁੱਖ ਨੂੰ ਜੀਵਨ ਵਿਚ ਬਿਬੇਕ, ਬੋਧ ਅਤੇ ਤਰਕ ਨੂੰ ਅਪਣਾਉਣ ਉੱਤੇ ਜ਼ੋਰ ਦੇਂਦੀ ਹੈ। ਗੁਰਬਾਣੀ ਦਾ ਕਥਨ ਹੈ

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ

ਅਕਲੀ ਪੜ੍ਹ ਕੇ ਬੁਝੀਐ ਅਕਲੀ ਦੀਚੈ ਦਾਨੁ॥ (ਗੁਰਬਾਣੀ ਗ੍ਰੰਥ ਪੰਨਾਂ 1245)

2.ਗੁਰਮੱਤ ‘ਆਤਮ/ਆਤਮਾ’ ਨੂੰ ਮਨੁੱਖੀ ‘ਸਵੈ’ (self) ਦੇ ਅਰਥਾਂ ਵਿਚ ਸਵੀਕਾਰਦੀ ਹੈ ਨਾ ਕਿ ਰੂਹ (soul) ਦੇ ਅਰਥਾਂ ਵਿਚ।

ਭਾਵ ਗੁਰਬਾਣੀ ਰੂਹ ਨੂੰ ਮਾਨਤਾ ਨਹੀਂ ਦੇਂਦੀ ਅਤੇ ਏਸੇ ਕਰਕੇ ਪਰਮਾਤਮਾ (ਪਰਮ+ਆਤਮਾ) ਨੂੰ ਵੀ ਮਾਨਤਾ ਨਹੀਂ ਦੇਂਦੀ (ਸਾਰੀ ਗੁਰਬਾਣੀ ਵਿਚ ‘ਪਰਮਾਤਮਾ’ ਸ਼ਬਦ ਇਕ ਵਾਰ ਵੀ ਨਹੀਂ ਵਰਤਿਆ ਗਿਆ)। ਗੁਰਮੱਤ ‘ਅਧਿਆਤਮ’ ਨੂੰ ਮਨੁੱਖੀ ਸਵੈ ਦੇ ਅਧਿਐਨ (study of the human self) ਦੇ ਅਰਥਾਂ ਵਿਚ ਲੈਂਦੀ ਹੈ ਅਤੇ ਆਤਮਿਕਤਾ (spirituality) ਭਾਵ ਰੂਹਾਨੀਅਤ ਨੂੰ ਕੋਈ ਮਹੱਤਵ ਨਹੀਂ ਦੇਂਦੀ। ਗੁਰਬਾਣੀ ਵਿਚ ‘ ਅਧਿਆਤਮ ’ ਨੂੰ ‘ ਆਤਮ ਚੀਨਣ ’ ਕਿਹਾ ਗਿਆ ਹੈ:

ਆਤਮ ਚੀਨਿ ਪਰਮ ਰੰਗ ਮਾਨੀ॥ (ਗੁਰਬਾਣੀ ਗ੍ਰੰਥ ਪੰਨਾਂ 187)

ਗੁਰਬਾਣੀ ਅਨੁਸਾਰ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਆਪਣੇ ਸਵੈ ਅਤੇ ਬ੍ਰਹਮੰਡੀ ਸਵੈ ਵਿਚਲੇ ਬਣਦੇ ਸਬੰਧ ਨੂੰ ਪਛਾਣੇ ਅਤੇ ਮਹਿਸੂਸ ਕਰੇ। ਅਸਲ ਵਿਚ ਇਸ ਆਪਸੀ ਸਬੰਧ ਵਾਲੀ ਸਥਿਤੀ ਦੀ ਪਛਾਣ ਅਤੇ ਅਨੁਭੂਤੀ ਹੀ ‘ ਆਤਮ-ਚੀਨਣ ’ ਦਾ ਸਿਖਰ ਹੈ ਅਤੇ ‘ ਮੁਕਤੀ ’ ਦੀ ਅਸਲ ਅਵਸਥਾ ਵੀ ਇਹਯੋ ਹੀ ਹੈ।

3.ਗੁਰਮੱਤ ਦੇ ਸੰਦਰਭ ਵਿਚ ‘ਰੂਹ’ ਦੇ ‘ਅਮਰ’ ਹੋਣ ਦਾ ਕੋਈ ਮੁਦਾ ਨਹੀਂ ਉੱਠਦਾ। ਪਰੰਤੂ ਗੁਰਮੱਤ ਅਨੁਸਾਰ ਸਰੀਰ ਨਾਸ਼ਵਾਨ ਨਹੀਂ ਸਗੋਂ ਅਮਰ ਹੈ ਕਿਉਂਕਿ ਇਹ ਪੰਜ ਤੱਤਾਂ ਵਿੱਚੋਂ ਉਤਪੰਨ ਹੁੰਦਾ ਹੈ ਅਤੇ ਆਖਰ ਪੰਜ ਤੱਤਾਂ ਵਿਚ ਹੀ ਸਮਾ ਜਾਂਦਾ ਹੈ ਜਦੋਂ ਕਿ ਪੰਜ ਤੱਤਾਂ ਦੀ ਹੋਂਦ ਸਦੀਵੀ ਹੈ। ਗੁਰਬਾਣੀ ਅਨੁਸਾਰ

ਪੰਚ ਤਤੁ ਮਿਲ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ (ਗੁਰਬਾਣੀ ਗ੍ਰੰਥ ਪੰਨਾਂ 1030)

ਅਤੇ

ਨਹਿ ਬਿਨਸੈ ਅਬਿਨਾਸੀ ਹੋਗੁ॥ ਨਾ ਕੋਈ ਮਰੈ ਨ ਆਵੈ ਜਾਇਆ॥ (ਗੁਰਬਾਣੀ ਗ੍ਰੰਥ ਪੰਨਾਂ 885)

4.ਗੁਰਮੱਤ ‘ ਮਨੁੱਖੀ ਸਵੈ ’ ਦੇ ਟਾਕਰੇ ਉੱਤੇ ਬ੍ਰਹਮੰਡੀ ਨਿਯਮ-ਤੰਤਰ (cosmic system) ਨੂੰ ‘ ਵਡੇਰਾ ਸਵੈ ’ ਮੰਨਦੀ ਹੈ ਜਿਸ ਵਿਚ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਵੀ ਸ਼ਾਮਲ ਹੈ। ਗੁਰਮੱਤ ਮਜ਼ਹਬਾਂ ਵੱਲੋਂ ਘੜੇ ਗਏ ਕਾਲਪਨਿਕ ਸ਼ਖਸੀ ਰੱਬ ਜਾਂ ਪਰਮਾਤਮਾ (ਬ੍ਰਹਮ) ਨੂੰ ਰਦ ਕਰਦੇ ਹੋਏ ਬ੍ਰਹਮੰਡੀ ਨਿਯਮ-ਤੰਤਰ ਨੂੰ ਰੱਬ ਅਤੇ ਪਰਮਾਤਮਾ ਦੇ ਵਿਕਲਪ (substitute) ਦੇ ਤੌਰ ਤੇ ਪੇਸ਼ ਕਰਦੀ ਹੈ। ਗੁਰਮੱਤ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਨੂੰ ਬ੍ਰਹਮੰਡ ਦਾ ‘ ਸਿਰਜਣਹਾਰ ’ ਮੰਨਦੀ ਹੋਈ ਇਸ ਨੂੰ ‘ ਕਰਤਾ ਪੁਰਖ ’ ਅਤੇ ‘ ਕਰਤਾਰ ’ ਦਾ ਨਾਮ ਦਿੰਦੀ ਹੈ। ਇਸ ਤੋਂ ਅੱਗੇ ਗੁਰਬਾਣੀ ਏਸੇ ਬ੍ਰਹਮੰਡੀ ਊਰਜਾ ਦਾ ਸਮੁੱਚੇ ਬ੍ਰਹਮੰਡ ਦੇ ਚਾਲਕ ਦੇ ਤੌਰ ਤੇ ਬ੍ਰਹਮੰਡੀ ਨਿਯਮ-ਤੰਤਰ (Cosmic System) ਦੇ ਵਿਚ ਸਮਾਇਆ ਹੋਣਾ ਕਿਆਸਦੀ ਹੈ। ਬ੍ਰਹਮੰਡੀ ਨਿਯਮ-ਤੰਤਰ ਦੀ ਇਹ ਧਾਰਨਾ ਪ੍ਰਾਲੌਕਿਕ ਜਾਂ ਰਹੱਸਵਾਦੀ ਹੋਣ ਦੀ ਬਜਾਇ ਪੂਰੀ ਤਰ੍ਹਾਂ ਵਿਗਿਆਨਕ ਹੈ। ਦੂਸਰੇ ਸ਼ਬਦਾਂ ਵਿਚ ਗੁਰਮੱਤ ਬ੍ਰਹਮੰਡ ਦੇ ਤਿੰਨਾਂ ਪੜਾਵਾਂ-- ਬ੍ਰਹਮੰਡੀ ਊਰਜਾ, ਬ੍ਰਹਮੰਡ ਦਾ ਪਸਾਰ ਅਤੇ ਬ੍ਰਹਮੰਡ ਦੀ ਚਾਲਕ ਸ਼ਕਤੀ--- ਨੂੰ ਬ੍ਰਹਮੰਡੀ ਨਿਯਮਾਂ ਦੇ ਇਕ ਸੰਘਟਿਤ ਪ੍ਰਬੰਧ ਭਾਵ ਬ੍ਰਹਮੰਡੀ ਨਿਯਮ-ਤੰਤਰ ਦੇ ਤੌਰ ਤੇ ਮੰਨਦੀ ਹੈ ਅਤੇ ਇਹ ਰੂਪਰਹਿਤ, ਸਦੀਵੀ (ਅਕਾਲ ਮੂਰਤ), ਸੰਪੂਰਣ ਅਤੇ ਵਿਗਿਆਨਕ ਹੋਂਦ ਹੈ। ਗੁਰਬਾਣੀ ਵਿਚ ਇਸ ਨੂੰ ‘ ਨਿਰੰਕਾਰ ’ ਕਿਹਾ ਗਿਆ ਹੈ ਜੋ ‘ ਸਦਾ ਸਲਾਮਤ ’ ਹੈ। ਸਪਸ਼ਟ ਤੌਰ ਤੇ ਮਨੁੱਖ ਜਾਤੀ ਧਰਤੀ ਉਤਲੀਆਂ ਬਾਕੀ ਪਰਜਾਤੀਆਂ ਅਤੇ ਨਿਰਜੀਵ ਵਸਤਾਂ ਨਾਲ ਮਿਲ ਕੇ ਇਕ ਛੋਟਾ ਜਿਹਾ ਪ੍ਰਬੰਧ ਬਣਾਉਂਦੀ ਹੈ ਜੋ ਬਹੁਤ ਵਿਸ਼ਾਲ ਪਸਾਰੇ ਭਾਵ ਬ੍ਰਹਮੰਡੀ-ਪ੍ਰਬੰਧ ਦਾ ਨਿਗੂਣਾ ਜਿਹਾ ਹਿੱਸਾ ਹੈ ਜਿਸ ਵਿਚ ਮਨੁੱਖ ਇਕ ‘ਛੋਟੇ ਸਵੈ’ ਦੇ ਤੌਰ ਤੇ ਸ਼ਾਮਲ ਹੈ। ਇਸ ਬ੍ਰਹਮੰਡੀ ਨਿਯਮ-ਤੰਤਰ ਦੇ ਵਰਤਾਰੇ ਨੂੰ ਗੁਰਬਾਣੀ ਵਿਚ ‘ਹੁਕਮ’ ਕਿਹਾ ਗਿਆ ਹੈ। ਗੁਰਬਾਣੀ ਦੇ ਇਸ ਬ੍ਰਹਮੰਡੀ ਨਿਯਮ-ਤੰਤਰ ਵਾਲੇ ਸਿਧਾਂਤ ਵਿਚ ਨਾ ਪ੍ਰਾਲੌਕਿਕਤਾ ਹੈ, ਨਾ ਹੀ ਆਤਮਿਕਤਾ ਅਤੇ ਨਾ ਹੀ ਦਿੱਵਤਾ। ਅਜੋਕਾ ਵਿਗਿਆਨ ਵੀ ਬ੍ਰਹਮੰਡ ਦੀ ਉਤਪੱਤੀ ਇੱਕੋ-ਇਕ ਉਰਜਾ ਕੇਂਦਰ/ਸਰੋਤ ਤੋਂ ਹੋਈ ਮੰਨਦਾ ਹੈ ਭਾਵੇਂ ਇਸ ਉਤਪੱਤੀ ਦਾ ਅਰੰਭ ‘ਬਿਗ-ਬੈਂਗ’ ਰਾਹੀਂ ਹੋਇਆ ਹੈ ਜਾਂ ਕਿਸੇ ਹੋਰ ਤਰੀਕੇ ਨਾਲ (ਜਿਸ ਬਾਰੇ ਵਿਗਿਆਨ ਵੀ ਹਾਲੇ ਤਕ ਪੂਰੀ ਤਰ੍ਹਾਂ ਸਪਸ਼ਟ ਨਹੀਂ)।

5.ਗੁਰਮੱਤ ਅਨੁਸਾਰ ਮਨੁੱਖੀ-ਸਵੈ ‘ਛੋਟਾ ਸਵੈ ’ ਹੈ ਅਤੇ ਬ੍ਰਹਮੰਡੀ-ਪ੍ਰਬੰਧ ‘ ਵਡੇਰਾ ਸਵੈ’ ਹੈ ਅਤੇ ਇਹਨਾਂ ਦੋਵ੍ਹਾਂ ਵਿਚ ਸਹਿਜੀਵਤਾ (symbiosis) ਦਾ ਸਬੰਧ ਕਾਇਮ ਹੈ। ਵਿਗਿਆਨਕ ਪਹੁੰਚ ਅਨੁਸਾਰ ਬ੍ਰਹਮੰਡ ਦੀ ਮਨੁੱਖ ਸਮੇਤ ਹਰੇਕ ਜੀਵੰਤ ਜਾਂ ਨਿਰਜੀਵ ਸਥਿਤੀ ਦੇ ਅਤੇ ਸਮੁੱਚੇ ਬ੍ਰਹਮੰਡ ਦੇ ਨਿਯਮ ਇੱਕੋ ਜਿਹੇ ਹੀ ਹਨ। ਗੁਰਬਾਣੀ ਵਿਚ ਦਰਜ ਸਤਰ "ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥" (ਗੁਰਬਾਣੀ ਗ੍ਰੰਥ ਪੰਨਾਂ 695) ਦਾ ਭਾਵ ਵੀ ਏਹੋ ਹੀ ਹੈ। ‘ ਮਨੁੱਖੀ ਸਵੈ’ ਅਤੇ ਬ੍ਰਹਮੰਡੀ-ਪ੍ਰਬੰਧ (ਜਿਸ ਨੂੰ ਗੁਰਬਾਣੀ ‘ ਵਡੇਰਾ-ਸਵੈ ’ ਕਰਕੇ ਪੇਸ਼ ਕਰਦੀ ਹੈ) ਵਿਚਲਾ ਇਹ ਸਹਿਜੀਵੀ (symbiotic) ਸਬੰਧ ਕੇਵਲ ਸਰੀਰਕ ਅਤੇ ਮਾਨਸਿਕ ਪੱਧਰ ਉੱਤੇ ਹੀ ਮੌਜੂਦ ਹੈ ਅਤੇ ਇਸ ਵਿਚ ਮਨੁੱਖ ਵਾਲੇ ਪਾਸੇ ਰੂਹ (soul) ਅਤੇ ਬ੍ਰਹਮੰਡੀ-ਪ੍ਰਬੰਧ ਵਾਲੇ ਪਾਸੇ ‘ ਪਰਮ-ਆਤਮਾ ’ ਦੀ ਕਲਪਿਤ ਹੋਂਦ ਦਾ ਕੋਈ ਸਬੰਧ ਸ਼ਾਮਲ ਨਹੀਂ। ਗੁਰਮੱਤ ਰਾਹੀਂ ਦਿੱਤਾ ਗਿਆ ਇਹ ਸਹਿਜੀਵਤਾ ਦਾ ਸਿਧਾਂਤ ਅਨੁਭਵਸਿੱਧ ਨਿਰੀਖਣ (empirical analysis) ਉੱਤੇ ਅਧਾਰਿਤ ਹੈ ਜਿਸ ਕਰਕੇ ਇਹ ਪੂਰੀ ਤਰ੍ਹਾਂ ਵਿਗਿਆਨਕ ਸਾਬਤ ਹੁੰਦਾ ਹੈ।

6.ਗੁਰਬਾਣੀ ਵਿਚ ਬ੍ਰਹਮੰਡੀ ਨਿਯਮ-ਤੰਤਰ ਲਈ ‘ਸੱਚ’ ਅਤੇ ‘ਕਰਤਾਰ’ ਤੋਂ ਇਲਾਵਾ ਹੋਰ ਵੀ ਕਈ ਸ਼ਬਦ ਵਰਤੇ ਗਏ ਹੋਏ ਹਨ ਜਿਵੇਂ ਕਿ ਗੁਰੂ, ਸਤਿਗੁਰੂ, ਪਰਮੇਸਰ, ਪਾਰਬ੍ਰਹਮ, ਪ੍ਰਭ/ਪ੍ਰਭੂ, ਵਾਹ ਗੁਰੂ, ਧਰਮ ਰਾਜ, ਰਾਮ, ਆਤਮਾ ਰਾਮ, ਆਤਮਾ ਦੇਓ, ਹਰੀ, ਸਵਾਮੀ, ਮਾਲਿਕ, ਠਾਕੁਰ, ਖਾਲਿਕ, ਕਾਦਰ, ਜਗਦੀਸ, ਪੀਤੰਬਰ ਆਦਿਕ। ਗੁਰਬਾਣੀ ਵਿਚ ਦਾਰਸ਼ਨਿਕ ਦਲੀਲਾਂ ਨੂੰ ਲੋਕਾਂ ਦੀ ਆਮ ਭਾਸ਼ਾ ਵਿਚ ਪੇਸ਼ ਕਰਨ ਦੇ ਯਤਨ ਵਜੋਂ ਕਾਵਿ-ਕਲਾ ਦੀ ਅਲੰਕਾਰ-ਵਿਧੀ ਵਿਚਲੇ ਰੂਪਕ (metaphor) ਅਤੇ ਮਾਨਵੀਕਰਣ (personification) ਦੀ ਵਰਤੋਂ ਕਰਦੇ ਹੋਏ ਨਾਲ-ਨਾਲ ਕੁਝ ਵਿਸ਼ੇਸ਼ਣੀ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ। ਪਰੰਤੂ ਇਹਨਾਂ ਨਾਵਾਂ ਵਿੱਚੋਂ ਕੋਈ ਵੀ ‘ਪਰਮਾਤਮਾ’ ਜਾਂ ਸ਼ਖਸੀ ‘ਰੱਬ’ ਦੇ ਅਰਥਾਂ ਲਈ ਨਹੀਂ ਵਰਤਿਆ ਗਿਆ। ਇਸ ਪੱਖੋਂ ਸਥਿਤੀ ਸਪਸ਼ਟ ਕਰਨ ਲਈ ਗੁਰਬਾਣੀ ਦੇ ਵਿਚ ਹੀ ਬ੍ਰਹਮੰਡੀ ਨਿਯਮ-ਤੰਤਰ ਦੇ ਅਜਿਹੇ ਨਾਵਾਂ ਨੂੰ ‘ ਕਿਰਤਮ ’ (ਬਨਾਵਟੀ ਭਾਵ ਅਲੰਕਾਰੀ) ਨਾਮ ਕਿਹਾ ਗਿਆ ਹੈ ਅਤੇ ਕੇਵਲ ‘ਸਤਿ’ ਨੂੰ ਹੀ ਅਸਲੀ ਨਾਮ ਕਿਹਾ ਗਿਆ ਹੈ ਜਿਵੇਂ ਕਿ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਕਿਰਤਮ ਨਾਮੁ ਕਥੇ ਤੇਰੇ ਜਿਹਬਾ॥

ਸਤਿ ਨਾਮੁ ਤੇਰਾ ਪਰਾਪੂਰਬਲਾ॥ (ਗੁਰਬਾਣੀ ਗ੍ਰੰਥ ਪੰਨਾਂ 1083)

ਜੇਕਰ ਗੁਰੂ ਨਾਨਕ ਜੀ ਰਚਿਤ ‘ ਜਪੁ ਨੀਸਾਣੁ ’ ਦੀ ਅਰੰਭਕ ਸਤਰ " ੴ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ " ਨੂੰ ਇਸ ਪੱਖੋਂ ਵਿਚਾਰਿਆ ਜਾਵੇ ਤਾਂ ਗੁਰਮੱਤ ਦਾ ਇਹ ਕਾਲਪਨਿਕ ਰੱਬ ਦਾ ਵਿਕਲਪ ਪਰਦਾਨ ਕਰਨ ਵਾਲਾ ਸਿਧਾਂਤ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਜਿਵੇਂ

ੴ: ਉਹ ਇੱਕੋ ਹੀ ਹੈ ਅਤੇ ਉਹਦੇ ਵਰਗਾ ਜਾਂ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। (‘ ੴ ’ ਦਾ ਉਚਾਰਨ ‘ ਏਕੋ ’ ਹੈ ‘ ਇਕ ਓਂਕਾਰ ’ ਨਹੀਂ ਜਿਵੇਂ ਕਿ ਆਮ ਕਰਕੇ ਗਲਤੀ ਨਾਲ ਕਰ ਦਿੱਤਾ ਜਾਂਦਾ ਹੈ)।

ਸਤਿ ਨਾਮ: ਉਸ ਦੀ ਹੋਂਦ ਸੱਚ (ਅਸਲੀਅਤ) ਹੈ (ਏਥੇ ‘ ਨਾਮ ’ ਫਾਰਸੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ‘ ਹੋਂਦ ’ ਤੋਂ ਹੈ)।

ਕਰਤਾ ਪੁਰਖ: ਉਹ ਇਕ ਅਜਿਹਾ ਊਰਜਾ ਕੇਂਦਰ ਹੈ ਜਿਸ ਨੇ ਬ੍ਰਹਮੰਡ ਦੀ ਉਤਪੱਤੀ ਕੀਤੀ ਹੈ।

ਨਿਰਭਉ: ਉਸ ਉੱਤੇ ਕੋਈ ਬਾਹਰੀ ਨਿਯਮ/ਬੰਧਨ ਲਾਗੂ ਨਹੀਂ ਹੁੰਦੇ।

ਨਿਰਵੈਰ: ਉਸ ਦੇ ਮੁਕਾਬਲੇ ਉੱਤੇ ਕੋਈ ਹੋਰ ਮੌਜੂਦ ਨਹੀਂ।

ਅਕਾਲ ਮੂਰਤਿ: ਉਸ ਉੱਤੇ ਸਮੇਂ ਦੀ ਕੋਈ ਬੰਦਿਸ਼ ਲਾਗੂ ਨਹੀਂ ਹੁੰਦੀ।

ਅਜੂਨੀ: ਉਹ ਕਿਸੇ ਜੂਨ (ਜੰਮਣ-ਮਰਨ ਵਾਲੀ ਹੋਂਦ) ਧਾਰਨ ਨਹੀਂ ਕਰਦਾ ਕਿਉਂਕਿ ਉਹ ਗੈਰਸ਼ਖਸੀ ਅਤੇ ਨਿਰੰਕਾਰੀ ਹੋਂਦ ਹੈ।

ਸੈਭੰ: ਉਹ ਆਪਣੇ ਆਪ ਤੋਂ ਉਪਜਿਆ ਹੈ ਅਤੇ ਉਹ ਕਿਸੇ ਬਾਹਰੀ ਸਰੋਤ ਦੀ ਪੈਦਾਇਸ਼ ਨਹੀਂ।

ਗੁਰ: ਉਹ ‘ ਵਡੇਰਾ-ਸਵੈ ’ ਹੈ, ਉਹ ਐਸਾ ਨਿਯਮ-ਪ੍ਰਬੰਧ ਹੈ ਜਿਸ ਵਿਚ ਸਾਰਾ ਬ੍ਰਹਮੰਡ ਸਮਾਇਆ ਹੋਇਆ ਹੈ।

ਪ੍ਰਸਾਦਿ: ਉਹ ਬ੍ਰਹਮੰਡ ਦੀ ਵਿਕਾਸ ਪ੍ਰੀਕਿਰਿਆ ਦੀ ਸਕਾਰਾਤਮਿਕ ਕਰਤਾਰੀ ਸ਼ਕਤੀ ਹੈ ਜੋ ਬ੍ਰਹਮੰਡ ਨੂੰ ਸਿਰਜਦੀ ਵੀ ਹੈ ਅਤੇ ਇਸ ਦੀ ਵਿਕਾਸ ਪ੍ਰੀਕਿਰਿਆ ਨੂੰ ਚਲਾਉਂਦੀ ਵੀ ਹੈ।

(ਇਸ ਤੋਂ ਅੱਗੇ ਆਉਂਦੇ ਸ਼ਬਦ ‘ ਜਪੁ ’ ਰਾਹੀਂ ਇਹ ਸੁਝਾਓ ਦਿੱਤਾ ਗਿਆ ਹੈ ਕਿ ਮਨੁੱਖ ਆਪਣੇ ਅਤੇ ਬ੍ਰਹਮੰਡੀ ਨਿਯਮ-ਤੰਤਰ ਵਿਚਲੇ ਸਬੰਧ ਪ੍ਰਤੀ ਹਰ ਵਕਤ ਚੇਤੰਨ ਰਹੇ।)

ਇਸ ਅਰੰਭਕ ਸਤਰ ਵਿਚ ਨਾ ਹੀ ‘ਰੱਬ’ ਸ਼ਬਦ ਦੀ ਵਰਤੋਂ ਹੋਈ ਹੈ ਨਾ ਹੀ ਇਸ ਸਬਦ ਦੇ ਕਿਸੇ ਹੋਰ ਪਰਿਆਇਵਾਚੀ ਸ਼ਬਦ (ਕਿਰਤਮ ਨਾਮ) ਦੀ ਵਰਤੋਂ ਹੋਈ ਹੈ। ਪਰਤੱਖ ਹੈ ਕਿ ਇਹ ਸਤਰ ਬ੍ਰਹਮੰਡੀ ਨਿਯਮ-ਤੰਤਰ ਸਬੰਧੀ ਹੀ ਵੇਰਵਾ ਪੇਸ਼ ਕਰਦੀ ਹੈ ਨਾ ਕਿ ਕਲਪਿਤ ‘ ਰੱਬ ’ ਬਾਰੇ।

ਨਿਸ਼ਕਰਸ਼

ਇਸ ਤਰ੍ਹਾਂ ਗੁਰਮੱਤ ਵਿਚ ਨਾ ਕੇਵਲ ਮਜ਼ਹਬਾਂ ਦੇ ਪਰਚਲਤ ਕੀਤੇ ਹੋਏ ਰੱਬ ਦੇ ਸੰਕਲਪ ਨੂੰ ਨਕਾਰਿਆ ਗਿਆ ਹੈ ਸਗੋਂ ਕਾਲਪਨਿਕ ਰੱਬ ਦਾ ਵਿਕਲਪ (substitute) ਵੀ ਪੇਸ਼ ਕੀਤਾ ਗਿਆ ਹੈ। ਤਰਕਸ਼ੀਲਤਾ ਨਾਸਤਿਕਤਾ ਦਾ ਵਿਚਾਰ ਤਾਂ ਪੇਸ਼ ਕਰਦੀ ਹੈ ਪਰੰਤੂ ਮਜ਼ਹਬਾ ਦੇ ਕਾਲਪਨਿਕ ਰੱਬ ਦਾ ਵਿਕਲਪ ਪੇਸ਼ ਨਹੀਂ ਕਰਦੀ। ਏਸੇ ਤਰ੍ਹਾਂ ਵਿਗਿਆਨ ਬ੍ਰਹਮੰਡੀ ਨਿਯਮ-ਤੰਤਰ ਦੀ ਵਿਆਖਿਆ ਤਾਂ ਪੇਸ਼ ਕਰਦਾ ਹੈ ਪਰੰਤੂ ਮਜ਼ਹਬਾਂ ਦੇ ਕਾਲਪਨਿਕ ਰੱਬ ਦਾ ਵਿਕਲਪ ਪੇਸ਼ ਨਹੀਂ ਕਰਦਾ। ਕਾਲਪਨਿਕ ਰੱਬ ਦੇ ਵਿਗਿਆਨਕ ਅਧਾਰ ਵਾਲੇ ਵਿਕਲਪ ਵਾਲੀ ਧਾਰਨਾ ਕੇਵਲ ਗੁਰੂ ਨਾਨਕ ਜੀ ਵੱਲੋਂ ਸਥਾਪਤ ਕੀਤੀ ਗਈ ਗੁਰਮੱਤ ਰਾਹੀਂ ਹੀ ਪਰਾਪਤ ਹੁੰਦੀ ਹੈ। ਗੁਰੂ ਨਾਨਕ ਜੀ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਇਸ ਮਹਾਨ ਯੋਗਦਾਨ ਨੂੰ ਸਮੁੱਚੇ ਸੰਸਾਰ ਦੇ ਸਾਹਮਣੇ ਰੱਖਣ ਦੀ ਲੋੜ ਹੈ।

(ਸਮਾਪਤ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.