.

ਰੱਬ ਅਤੇ ਉਸ ਦਾ ਵਿਕਲਪ

( ਭਾਗ ਪਹਿਲਾ)

‘ਰੱਬ’ ਦੀ ਹੋਂਦ ਨੂੰ ਵਿਸ਼ਾ ਬਣਾ ਕੇ ਸੰਸਾਰ ਦੇ ਹਰ ਹਿੱਸੇ ਵਿਚ ਲ਼ੰਬੇ ਸਮੇਂ ਤੋਂ ਵਿਚਾਰ-ਚਰਚਾ ਹੁੰਦੀ ਆ ਰਹੀ ਹੈ ਅਤੇ ਰੱਬ ਵਿਚ ਵਿਸ਼ਵਾਸ ਕਰਨ ਜਾਂ ਨਾ ਕਰਨ ਬਾਰੇ ਬਹਿਸਾਂ ਚਲਦੀਆਂ ਰਹਿੰਦੀਆਂ ਹਨ। ਪਰੰਤੂ ਪਿਛਲੇ ਦਿਨੀਂ ਕੁਝ ‘ ਸਿਖ ’ ਪਰਚਾਰਕਾਂ ਵੱਲੋਂ ‘ ਰੱਬ ’ ਦੇ ਵਿਸ਼ੇ ਉੱਤੇ ਕੁਝ ਏਹੋ ਜਿਹੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਹਨ ਕਿ ‘ ਰੱਬ ’ ਇਕ ਭਖਦਾ ਮੁੱਦਾ ਬਣਿਆ ਹੋਇਆ ਹੈ। ਇਹਨਾਂ ਦਲੀਲਾਂ ਵਿਚ ‘ ਰੱਬ ’ ਦੇ ਸੰਕਲਪ ਤੋਂ ਇਲਾਵਾ ਮੁੱਖ ਤੌਰ ਤੇ ਜੋ ਨੁਕਤੇ ਪੇਸ਼ ਹੋਏ ਹਨ ਉਹ ਹਨ: ‘ ਰੱਬ ’ ਦੀ ਹੋਂਦ, ‘ ਪੁਜਾਰੀ ਵਾਲਾ ਰੱਬ ’, ‘ ਕੁਦਰਤ ਵਾਲਾ ਰੱਬ ’ ਅਤੇ ‘ ਰੱਬ ’ ਦੇ ਸੰਕਲਪ ਸਬੰਧੀ ਗੁਰਬਾਣੀ ਦਾ ਸਿਧਾਂਤ। ਇਸ ਸੰਦਰਭ ਵਿਚ ਰੱਬ ਦੇ ਵਿਕਲਪ (substitute) ਦਾ ਵਿਚਾਰ ਨਿਸਚੇ ਹੀ ਇਕ ਨਿਵੇਕਲਾ ਪਰੰਤੂ ਦਿਲਚਸਪ ਵਿਸ਼ਾ ਬਣ ਕੇ ਸਾਹਮਣੇ ਆਉਂਦਾ ਹੈ।

ਸੰਸਾਰ ਦੇ ਹਰੇਕ ਮਜ਼ਹਬ/ਧਰਮ/religion ਦਾ ਅਧਾਰ ਰਹੱਸਵਾਦ (mysticism), ਅਪ੍ਰਾਕ੍ਰਿਤਕਤਾ (supernaturalism), ਪ੍ਰਾਲੌਕਿਕਤਾ (metaphysics) ਅਤੇ ਆਤਮਿਕਤਾ (spirituality) ਉੱਤੇ ਟਿਕਿਆ ਹੋਇਆ ਹੈ ਅਤੇ ਇਸ ਵਿਚ ‘ ਰੱਬ ’ ਦਾ ਸੰਕਲਪ ਪ੍ਰਮੁੱਖ ਤੌਰ ਤੇ ਸ਼ਾਮਲ ਹੈ। ‘ ਰੱਬ ’ ਲਈ ਇਸ ਤੋਂ ਇਲਾਵਾ ਕੁਝ ਹੋਰ ਸ਼ਬਦ ਵੀ ਪਰਚਲਤ ਹਨ ਜਿਵੇਂ ਇਸਾਈ ਮੱਤ ਵਿਚ ‘ ਗੌਡ ’, ਇਸਲਾਮ ਵਿਚ ‘ ਅੱਲਾ ’ ਜਾਂ ‘ ਖੁਦਾ ’, ਹਿੰਦੂ ਮੱਤ ਵਿਚ ‘ ਪਰਮੇਸ਼ਵਰ ’ ਜਾਂ ‘ ਪਰਮਾਤਮਾ ’, ਯਹੂਦੀ ਮੱਤ ਵਿਚ ’ ਜੀਹੋਵਾ ’, ਪਾਰਸੀ ਮੱਤ ਵਿਚ ‘ ਅਹੂਰਾ ਮਾਜ਼ਦਾ ’ ਅਤੇ ਸਿਖ ਮੱਤ ਵਿਚ ‘ ਪਰਮਾਤਮਾ ’ ਜਾਂ ‘ ਅਕਾਲ-ਪੁਰਖ ’। ਵੱਖ-ਵੱਖ ਮਜ਼ਹਬਾਂ ਵਿਚ ਮਾਨਤਾ-ਪਰਾਪਤ ਇਹ ਨਾਮ ਇਕ ਹੀ ਹਸਤੀ ਦੇ ਹਨ ਜਾਂ ਇਹਨਾਂ ਵਿੱਚੋਂ ਹਰ ਇਕ ਕਿਸੇ ਅਲੱਗ ਹਸਤੀ ਦਾ ਨਾਮ ਹੈ ਇਸ ਬਾਰੇ ਕਿਧਰੇ ਵੀ ਸਪਸ਼ਟ ਕੀਤਾ ਹੋਇਆ ਨਹੀਂ ਮਿਲਦਾ, ਨਾ ਹੀ ਕਦੇ ਅੱਡ-ਅੱਡ ਮਜ਼ਹਬਾਂ ਦੇ ਨੁਮਾਇੰਦਿਆਂ ਨੇ ਇੱਕਠੇ ਹੋ ਕੇ ਕਦੀ ਇਸ ਬਾਰੇ ਫੈਸਲਾ ਲਿਆ ਹੈ। ਕੁਝ ਮੱਤ ਅਜਿਹੇ ਹਨ ਜੋ ‘ ਰੱਬ ’ ਨੂੰ ਤਾਂ ਮਾਨਤਾ ਨਹੀਂ ਦੇਂਦੇ ਪਰੰਤੂ ਉਹਨਾਂ ਦੇ ਆਪਣੇ-ਆਪਣੇ ਦੇਵਤੇ ਹਨ ਜਿਹਨਾਂ ਦੇ ਵੱਖੋ-ਵੱਖਰੇ ਨਾਮ ਹਨ। ਬੁੱਧ ਮੱਤ ਅਤੇ ਜੈਨ ਮੱਤ ਵਰਗੇ ਜਿਹੜੇ ਮਜ਼ਹਬ ਰੱਬ ਜਾਂ ਦੇਵਤਿਆਂ ਨੂੰ ਮਾਨਤਾ ਨਹੀਂ ਦੇਂਦੇ ਉਹ ਕਿਸੇ ਨਾ ਕਿਸੇ ਹੋਰ ਰਹੱਸਵਾਦੀ ਸੰਕਲਪ ਨੂੰ ਆਪਣਾ ਅਧਾਰ ਬਣਾਉਂਦੇ ਹਨ। ਏਥੇ ਧਿਆਨ ਦੇਣ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਕਾਲਕ੍ਰਮ ਅਨੁਸਾਰ ਦੇਵਤੇ ਦਾ ਜਾਂ ‘ਰੱਬ’ ਦਾ ਸੰਕਲਪ ਪਹਿਲਾਂ ਹੋਂਦ ਵਿਚ ਆਇਆ ਅਤੇ ਮਜ਼ਹਬ ਉਸ ਸੰਕਲਪ ਦੇ ਸੰਸਥਾਗਤ ਰੂਪ ਵਜੋਂ ਬਾਦ ਵਿਚ ਉਪਜਿਆ ਹੈ। ਦੇਵਤੇ ਅਤੇ ਰੱਬ ਵਿੱਚੋਂ ਵੀ ਦੇਵਤੇ ਦੀ ਹੋਂਦ ਦਾ ਕਿਆਸ ਪਹਿਲਾਂ ਪੈਦਾ ਹੋਇਆ ਹੈ ਅਤੇ ਰੱਬ ਦਾ ਬਾਦ ਵਿਚ।

‘ ਰੱਬ ’ ਦੇ ਸੰਕਲਪ ਦੇ ਨਾਲ ਜੁੜੇ ਹੋਏ ਕੁਝ ਮਹੱਤਵਪੂਰਨ ਨੁਕਤੇ ਹਨ ਜਿਹਨਾਂ ਦਾ ਏਥੇ ਜ਼ਿਕਰ ਕਰਨਾ ਜ਼ਰੂਰੀ ਬਣ ਜਾਂਦਾ ਹੈ। ਇਹਨਾਂ ਨੁਕਤਿਆਂ ਸਬੰਧੀ ਵੱਖ-ਵੱਖ ਮਜ਼ਹਬਾਂ ਨੇ ਆਪਣੀਆਂ ਮਾਨਤਾਵਾਂ ਨਿਸਚਤ ਕੀਤਿਆਂ ਹੋਈਆਂ ਹਨ ਜੋ ਥੋੜੇ ਫਰਕ ਨਾਲ ਆਪਸ ਵਿਚ ਮਿਲਦੀਆਂ-ਜੁਲਦੀਆਂ ਹੀ ਹਨ। ਇਹਨਾਂ ਨੁਕਤਿਆਂ ਅਤੇ ਮਾਨਤਾਵਾਂ ਦਾ ਵੇਰਵਾ ਹੇਠਾਂ ਪੇਸ਼ ਹੈ।

1.ਰੱਬ ਦੀ ਹੋਂਦ ਭਾਵ ਰੱਬ ਹੈ ਕਿ ਨਹੀਂ।

ਲਗ-ਭਗ ਸਾਰੇ ਮਜ਼ਹਬ ਰੱਬ ਦੀ ਹੋਂਦ ਨੂੰ ਸਵੀਕਾਰ ਕਰਦੇ ਹਨ ਅਤੇ ‘ ਆਪਣੇ-ਆਪਣੇ ’ ਰੱਬ ਨੂੰ ਸਰਵਸ੍ਰੇਸ਼ਟ ਅਤੇ ਸਰਵਸ਼ਕਤੀਮਾਨ ਹੋਂਦ ਦਸਦੇ ਹਨ (ਭਾਵੇਂ ਕਿ ਕੁਝ ਮਜ਼ਹਬ ‘ ਰੱਬ ’ ਦੀ ਬਜਾਇ ਦੇਵੀ-ਦੇਵਤਿਆਂ ਨੂੰ ਮਾਨਤਾ ਦਿੰਦੇ ਹਨ ਜਿਹਨਾਂ ਦੇ ਆਪਣੇ-ਆਪਣੇ ਖੇਤਰ ਨਿਸਚਤ ਹਨ)। ਜਿਹੜੇ ਮਜ਼ਹਬਾਂ ਵਿਚ ਰੱਬ ਦੇ ਨਾਲ ਦੇਵੀ-ਦੇਵਤੇ ਵੀ ਮੌਜੂਦ ਹਨ ਉਹ ਸਾਰੇ ਰੱਬ ਦੇ ਅਧੀਨ ਮੰਨੇਂ ਜਾਂਦੇ ਹਨ।

2.ਰੱਬ ਦਾ ਸਰੂਪ ਭਾਵ ਰੱਬ ਦੀ ਪਛਾਣ ਕੀ ਹੈ।

ਜ਼ਿਆਦਾ ਕਰਕੇ ਰੱਬ ਨੂੰ ਸ਼ਖਸੀ ਰੂਪ ਵਿਚ ਕਿਆਸਿਆ ਜਾਂਦਾ ਹੈ ਪਰੰਤੂ ਅਜ ਤਕ ਕਿਸੇ ਨੇ ਵੀ ਰੱਬ ਦੇ ਸਰੂਪ ਦੀ ਸਪਸ਼ਟ ਵਿਆਖਿਆ ਨਹੀਂ ਕੀਤੀ। ਹਿੰਦੂ ਮੱਤ ਵਿਚ ਇਕ ਪਾਸੇ ਰੱਬ ਨੂੰ ਪਰਮਾਤਮਾ (ਪਰਮ+ਆਤਮਾ) ਦੇ ਤੌਰ ਤੇ ਕਿਆਸਦੇ ਹੋਏ ‘ ਬ੍ਰਹਮ ’ ਦਾ ਨਾਮ ਦਿੱਤਾ ਜਾਂਦਾ ਹੈ ਜੋ ਰੂਪ-ਰਹਿਤ ਹੈ ਅਤੇ ਦੂਸਰੇ ਪਾਸੇ ਰੱਬ ਦਾ ਸ਼ਖਸੀ ਰੂਪ ਤਿੰਨ ਦੇਵਤਿਆਂ --- ਬ੍ਰਹਮਾਂ, ਵਿਸ਼ਨੂੰ ਅਤੇ ਮਹੇਸ਼--- ਦੇ ਤੌਰ ਤੇ ਕਿਆਸਿਆ ਜਾਂਦਾ ਹੈ। ਇਹਨਾਂ ਵਿੱਚੋਂ ਵਿਸ਼ਨੂੰ ਨੂੰ ‘ ਪਰਮਾਤਮਾ ’ ਵੀ ਕਹਿ ਦਿੱਤਾ ਜਾਂਦਾ ਹੈ।

3.ਰੱਬ ਦਾ ਨਿਵਾਸ-ਅਸਥਾਨ ਭਾਵ ਰੱਬ ਕਿੱਥੇ ਰਹਿੰਦਾ ਹੈ।

ਸਾਰੇ ਮਜ਼ਹਬਾਂ ਵਿਚ ਰੱਬ ਨੂੰ ਪਰਲੋਕ ਦਾ ਨਿਵਾਸੀ ਮੰਨਿਆਂ ਜਾਂਦਾ ਹੈ ਭਾਵ ਇਹ ਸਮਝਿਆ ਜਾਂਦਾ ਹੈ ਕਿ ਉਹ ਇਸ ਦੁਨੀਆਂ ਤੋਂ ਦੂਰ ਕਿਸੇ ਹੋਰ ਅਣਜਾਣੇ ਸਥਾਨ ਤੇ ਵਿਚਰਦਾ ਹੈ। ਪਰੰਤੂ ਉਸ ਦੇ ਨਿਵਾਸ-ਅਸਥਾਨ ਜਾਂ ਉਸ ਦੇ ਕੰਮ-ਕਾਜ ਅਤੇ ਘੁੰਮਣ-ਫਿਰਨ ਦੇ ਇਲਾਕਿਆਂ ਦੇ ਬਾਰੇ ਕੋਈ ਅੱਖੀਂ-ਡਿੱਠਾ ਵੇਰਵਾ ਉਪਲਭਦ ਨਹੀਂ। ਰੱਬ ਦੇ ਅਧੀਨ ਪੈਂਦੇ ਪਰਲੋਕ ਵਿਚ ਸਵਰਗ ਅਤੇ ਨਰਕ ਦੇ ਸਥਾਨ ਵੀ ਕਿਆਸੇ ਜਾਂਦੇ ਹਨ ਪਰੰਤੂ ਉਹਨਾਂ ਬਾਰੇ ਵੀ ਕੇਵਲ ਕਿਆਸ-ਅਰਾਈਆਂ ਤੇ ਅਧਾਰਿਤ ਵੇਰਵੇ ਹੀ ਪੇਸ਼ ਕੀਤੇ ਜਾਂਦੇ ਹਨ।

4.ਰੱਬ ਦਾ ਕਾਰਜ-ਖੇਤਰ ਭਾਵ ਰੱਬ ਨੇ ਆਪਣੇ ਜੁਮੇਂ ਕਿਹੜੇ-ਕਿਹੜੇ ਕੰਮ ਲਏ ਹੋਏ ਹਨ।

ਲਗ-ਭਗ ਸਾਰੇ ਮਜ਼ਹਬ ਸ੍ਰਿਸ਼ਟੀ ਦੀ ਉਤਪੱਤੀ ਦਾ ਸਿਹਰਾ ਆਪਣੇ-ਆਪਣੇ ‘ ਰੱਬ ’ ਦੇ ਸਿਰ ਬੰਨਦੇ ਹਨ। ਇਸ ਦੇ ਨਾਲ-ਨਾਲ ਸ੍ਰਿਸ਼ਟੀ ਦਾ ਪਾਲਣ-ਪੋਸ਼ਣ, ਇਸ ਦਾ ਆਂਮ ਪ੍ਰਬੰਧ ਅਤੇ ਇਸ ਦੇ ਕੁਝ ਅੰਗਾਂ ਦਾ ਵਿਨਾਸ਼ ਵੀ ‘ ਰੱਬ ’ ਦੇ ਹੀ ਹੱਥ ਸਮਝਿਆ ਜਾਂਦਾ ਹੈ। ਉਂਜ ‘ ਰੱਬ ’ ਦੀ ਸਮੁੱਚੀ ਜੀਵਨ-ਸ਼ੈਲੀ ਬਾਰੇ ਕਿਸੇ ਵੱਲੋਂ ਕੋਈ ਵੇਰਵਾ ਪੇਸ਼ ਨਹੀਂ ਕੀਤਾ ਜਾਂਦਾ।

5.ਰੱਬ ਦੇ ਸਹਿਯੋਗੀ ਭਾਵ ਰੱਬ ਨਾਲ ਵਿਚਰਨ ਵਾਲੇ ਹੋਰ ਕੌਣ-ਕੌਣ ਹਨ।

ਦੇਵੀ-ਦੇਵਤੇ, ਜਮਰਾਜ/ਧਰਮਰਾਜ, ਯਮ ਆਦਿਕ ਰੱਬ ਦੇ ਸਹਿਯੋਗੀ ਮੰਨੇਂ ਜਾਂਦੇ ਹਨ। ਅਬਰਾਹਮਿਕ ਮਜ਼ਹਬਾਂ ਵਿਚ ‘ ਸ਼ੈਤਾਨ ’ ਵੀ ਪਰਲੋਕ ਵਿਚ ਨਿਵਾਸ ਕਰਦਾ ਹੈ ਭਾਵੇਂ ਕਿ ਉਹ ‘ ਰੱਬ ’ ਦੇ ਵਿਰੋਧ ਵਿਚ ਕਾਰਜਸ਼ੀਲ ਰਹਿੰਦਾ ਹੈ। ‘ ਰੱਬ ’ ਧਰਤੀ ਉੱਤੇ ਆਪਣੇ ਏਲਚੀਆਂ ਦੇ ਤੌਰ ਤੇ ਵੱਖ-ਵੱਖ ਪੈਗੰਬਰਾਂ ਨੂੰ ਭੇਜਦਾ ਰਹਿੰਦਾ ਹੈ ਜੋ ਮਨੁੱਖੀ ਰੂਪ ਵਿਚ ਵਿਚਰਦੇ ਹੋਏ ਆਪਣਾ-ਆਪਣਾ ਮਜ਼ਹਬ ਸਥਾਪਤ ਕਰਨ ਦਾ ਕਾਰਜ ਸਿਰੇ ਚਾੜ੍ਹਦੇ ਹਨ। ਏਸੇ ਤਰ੍ਹਾਂ ਦੇਵੀ-ਦੇਵਤੇ ਵੀ ਧਰਤੀ ਉੱਤੇ ਅਵਤਾਰਾਂ ਵਜੋਂ ਮਨੁੱਖੀ ਰੂਪ ਵਿਚ ਪਰਗਟ ਹੁੰਦੇ ਰਹਿੰਦੇ ਹਨ।

6.ਰੱਬ ਦਾ ਮਨੁੱਖ ਨਾਲ ਸਬੰਧ ਭਾਵ ਰੱਬ ਦੀ ਹੋਂਦ ਮਨੁੱਖ ਦੀ ਹੋਂਦ ਨਾਲ ਕਿਸ ਤਰ੍ਹਾਂ ਜੁੜੀ ਹੋਈ ਹੈ।

ਇਹ ਸਮਝਿਆ ਜਾਂਦਾ ਹੈ ਕਿ ਧਰਤੀ ਉਤਲੇ ਬਾਕੀ ਪ੍ਰਾਣੀਆਂ ਦੇ ਨਾਲ-ਨਾਲ ਮਨੁੱਖ ਦੀ ਉਤਪੱਤੀ ‘ ਰੱਬ ’ ਨੇ ਕੀਤੀ ਹੈ ਅਤੇ ‘ ਰੱਬ ’ ਹੀ ਉਸ ਦੇ ਜਨਮ, ਉਸ ਦੀ ਮੌਤ, ਉਸ ਦੀ ਆਯੂ ਅਤੇ ਉਸ ਦੀਆਂ ਪ੍ਰਸਥਿਤੀਆਂ ਨੂੰ ਨਿਸਚਤ ਕਰਦਾ ਹੈ। ਰੱਬ ਮਨੁੱਖ ਨੂੰ ਨੇਕ ਬਣਨ ਦਾ ਮੌਕਾ ਦੇਂਦਾ ਹੈ ਪਰੰਤੁ ਉਸ ਵੱਲੋਂ ਕੀਤੇ ਚੰਗੇ-ਮਾੜੇ ਕਰਮਾਂ ਦਾ ਮਨੁੱਖ ਦੀ ਮੌਤ ਤੋਂ ਬਾਦ ਲੇਖਾ ਜੋਖਾ ਰੱਬ ਕਰਦਾ ਹੈ ਅਤੇ ਮਨੁੱਖ ਨੂੰ ਵਾਜਬ ਇਨਾਮ ਜਾਂ ਸਜ਼ਾ ਦੇਂਦਾ ਹੈ।

7.ਰੱਬ ਦਾ ਸ਼ਾਸਨ-ਢੰਗ ਭਾਵ ਰੱਬ ਦਾ ਸ੍ਰਿਸ਼ਟੀ ਉਤਲੇ ਪ੍ਰਬੰਧ ਦਾ ਗੁਣਾਤਮਕ ਪੱਖ ਕੀ ਹੈ।

ਇਹ ਮੰਨਿਆਂ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਹਰ ਖੇਤਰ ਵਿਚਲਾ ਵਰਤਾਰਾ ਰੱਬ ਦੇ ਹੁਕਮ ਮੁਤਾਬਿਕ ਚੱਲਦਾ ਹੈ, ਅਤੇ ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਇਸ ਦੇ ਨਾਲ ਹੀ ਰੱਬ ਨੂੰ ਮਿਹਰਬਾਨ ਵੀ ਮੰਨਿਆਂ ਜਾਂਦਾ ਹੈ। ਪਰੰਤੂ ਜਦੋਂ ਰੱਬ ਦੀ ਹੋਂਦ ਦੀ ਵਿਰੋਧਤਾ ਕਰਨ ਵਾਲੇ ਲੋਕ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਕੀ ਭੁਚਾਲ, ਹੜ੍ਹ, ਸੁਨਾਮੀ, ਝੱਖੜ, ਅਸਮਾਨੀ ਬਿਜਲੀ, ਮਹਾਂਮਾਰੀ ਵਰਗੀਆਂ ਕੁਦਰਤੀ ਆਫਤਾਂ ਰੱਬ ਦੀ ਮਰਜ਼ੀ ਕਰ ਕੇ ਆਉਂਦੀਆਂ ਹਨ ਅਤੇ ਕੀ ਚੋਰੀ, ਡਾਕਾ, ਕਤਲ, ਬਲਾਤਕਾਰ, ਧੋਖਾਧੜੀ, ਦੁਰਘਟਨਾ, ਜੰਗ-ਯੁੱਧ ਆਦਿਕ ਵੀ ਰੱਬ ਦੀ ਮਰਜ਼ੀ ਨਾਲ ਵਾਪਰਦੇ ਹਨ ਤਾਂ ਰੱਬ ਵਿਚ ਵਿਸ਼ਵਾਸ ਕਰਨ ਵਾਲਿਆਂ ਦਾ ਉੱਤਰ ਹੁੰਦਾ ਹੈ ਕਿ ਕੁਦਰਤੀ ਆਫਤਾਂ ਸੰਸਾਰ ਵਿਚ ਮਨੁੱਖਾਂ ਵੱਲੋਂ ਕੀਤੇ ਜਾ ਰਹੇ ਪਾਪਾਂ ਦੇ ਬਹੁਤ ਵਧਣ ਵਾਪਰਦੀਆਂ ਹਨ ਅਤੇ ਮਨੁੱਖ ਦੇ ਕਸ਼ਟ ਉਸ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੁੰਦੇ ਹਨ।

ਏਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ‘ ਰੱਬ ’ ਦੇ ਸੰਕਲਪ ਸਬੰਧੀ ਅਜਿਹੇ ਵੇਰਵੇ ਮਜ਼ਹਬਾਂ ਦੇ ਰਾਹੀਂ ਹੀ ਪੇਸ਼ ਹੋਏ ਹਨ ਨਾ ਕਿ ਚਿੰਤਕਾਂ/ਦਾਰਸ਼ਨਿਕਾਂ ਦੇ ਵਿਚਾਰਾਂ ਰਾਹੀਂ ਜਾਂ ਵਿਗਿਆਨੀਆਂ ਦੇ ਸਿਧਾਂਤਾਂ ਰਾਹੀਂ। ਰੱਬ ਅਤੇ ਦੇਵੀ-ਦੇਵਤਿਆਂ ਦੀ ਹੋਂਦ ਵਿਚਲੇ ਵਿਸ਼ਵਾਸ ਦੇ ਅਧਾਰ ਤੇ ਵੱਖ-ਵੱਖ ਮਜ਼ਹਬ/ਰਿਲੀਜਨ ਬਣੇ ਹੋਏ ਹਨ। ਇਹਨਾਂ ਮਜ਼ਹਬਾਂ ਨੇ ਆਪਣੇ-ਆਪਣੇ ਧਰਮ-ਤੰਤਰ ਬਣਾਏ ਹੋਏ ਹਨ ਜੋ ਲਗ-ਭਗ ਇਕੋ ਜਿਹੇ ਹੀ ਹਨ ਭਾਵ ਹਰੇਕ ਮਜ਼ਹਬ ਵਿਚ ਹੇਠਾਂ ਦਰਸਾਈਆਂ ਵਿਸ਼ੇਸ਼ਤਾਵਾਂ ਮੌਜੂਦ ਹਨ:

1. ਕੋਈ ਇਕ ਵਿਸ਼ੇਸ਼ ਜਨ ਸਮੂਹ ਜਾਂ ਭਾਈਚਾਰਾ
2. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸ
3. ਸਾਂਝੇ ਵਿਸ਼ਵਾਸਾਂ ਨੂੰ ਪਰਗਟ ਕਰਨ ਵਾਲਾ ਪੈਗੰਬਰ
4. ਰੱਬ ਅਤੇ ਹੋਰ ਦੈਵੀ ਸ਼ਕਤੀਆਂ ਵਿਚ ਵਿਸ਼ਵਾਸ
5. ਦੈਵੀ ਸ਼ਕਤੀਆਂ ਅਤੇ ਮਨੁੱਖ ਦਾ ਆਪਸੀ ਸਬੰਧ
6. ਦੈਵੀ ਸ਼ਕਤੀਆਂ ਅਤੇ ਬ੍ਰਹਮੰਡ ਦਾ ਆਪਸੀ ਸਬੰਧ
7. ਪੂਜਾ ਦੀਆਂ ਰਹੁ-ਰੀਤਾਂ, ਪ੍ਰਾਰਥਨਾ-ਕਿਰਿਆ ਅਤੇ ਹੋਰ ਕਰਮ-ਕਾਂਡ
8. ਪੁਜਾਰੀ ਸ਼੍ਰੇਣੀ, ਪੁਜਾਰੀਆਂ ਦੀ ਦਰਜਾਬੰਦੀ ਅਤੇ ਧਰਮਤੰਤਰਵਾਦ
9. ਵਿਸ਼ੇਸ਼ ਰਹਿਤ-ਮਰਿਯਾਦਾ
10. ਫਤਵਾਸ਼ਾਹੀ ਦੀ ਪ੍ਰਥਾ
11. ਵਿਸ਼ੇਸ਼ ਧਾਰਮਿਕ ਗ੍ਰੰਥ
12. ਵਿਸ਼ੇਸ਼ ਪੂਜਾ-ਅਸਥਾਨ
13. ਵਿਸ਼ੇਸ਼ ਤੀਰਥ-ਅਸਥਾਨ
14. ਮਿਥਹਾਸਿਕ ਸਾਹਿਤ (ਲਿਖਤੀ ਜਾਂ ਮੌਖਿਕ)
15. ਇਤਹਾਸਿਕ ਅਤੇ ਹੋਰ ਲਿਖਤਾਂ
16. ਪਵਿਤ੍ਰਤਾ ਅਤੇ ਅਪਵਿਤ੍ਰਤਾ ਦੇ ਸੰਕਲਪ
17. ਫਿਰਕੇ ਵਿਚ ਸ਼ਾਮਲ ਲੋਕਾਂ ਦੀ ਵਿਸ਼ੇਸ਼ ਸਰੀਰਕ ਪਛਾਣ ਅਤੇ ਦਿੱਖ
18. ਸਬੰਧਿਤ ਜਨ-ਸਮੂਹ ਦੇ ਉਪ-ਫਿਰਕੇ ਅਤੇ ਉਪ-ਸਮੂਹ

 

ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਰੱਬ ਦੇ ਸੰਕਲਪ ਨਾਲ ਸਬੰਧਤ ਮਾਨਤਾਵਾਂ ਅਤੇ ਧਾਰਨਾਵਾਂ ਕੇਵਲ ਮਜ਼ਹਬਾਂ ਦੇ ਰਾਹੀਂ ਹੀ ਪੇਸ਼ ਹੋਈਆਂ ਹਨ ਇਸ ਦਾ ਸਪਸ਼ਟ ਭਾਵ ਇਹ ਹੈ ਕਿ ਤਰਕ ਅਤੇ ਵਿਗਿਆਨ ਰੱਬ ਦੇ ਸੰਕਲਪ ਨੂੰ ਕਾਲਪਨਿਕ, ਤਰਕਹੀਣ ਅਤੇ ਗੈਰਵਿਗਿਆਨਕ ਮੰਨਦਾ ਹੈ। ਵਿਗਿਆਨਕ ਦੀ ਉਮਰ ਹਾਲੇ ਦੋ-ਢਾਈ ਸੌ ਸਾਲ ਹੋਈ ਹੈ ਪਰੰਤੂ ਇਸ ਸਮੇਂ ਵਿਚ ਹੀ ਵਿਗਿਆਨਕ ਖੋਜ ਨੇ ਮਜ਼ਹਬ ਦੀਆਂ ਰੱਬ ਦੇ ਸੰਕਲਪ ਸਮੇਤ ਲਗ-ਭਗ ਸਾਰੀਆਂ ਮਾਨਤਾਵਾਂ ਅਤੇ ਧਾਰਨਾਵਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਅਜ ਵਿਗਿਆਨ ਮਜ਼ਹਬ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਉਸ ਦੀਆਂ ਕਾਲਪਨਿਕ, ਮਿਥਹਾਸਿਕ ਅਤੇ ਗੈਰਵਿਗਿਆਨਕ ਮਾਨਤਾਵਾਂ ਉੱਤੇ ਕਿੰਤੂ-ਪ੍ਰੰਤੂ ਕਰਨ ਦੇ ਯੋਗ ਹੋ ਚੁੱਕਾ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਮਨੋਵਿਗਿਆਨਕ ਕਾਰਨਾਂ ਕਰਕੇ ਮਜ਼ਹਬ ਹਾਲੇ ਨਾ ਕੇਵਲ ਮਨੁੱਖੀ ਮਨ ਉੱਤੇ ਆਪਣਾ ਦਬਦਬਾ ਬਣਾਈ ਰੱਖਣ ਵਿਚ ਕਾਮਯਾਬ ਹੈ ਸਗੋਂ ਉਹ ਵਿਗਿਆਨਕ ਲੱਭਤਾਂ ਅਤੇ ਤਕਨੀਕਾਂ ਨੂੰ ਵੀ ਆਪਣੇ ਪਰਚਾਰ-ਪਸਾਰ ਹਿਤ ਖੂਬ ਵਰਤ ਰਿਹਾ ਹੈ।

ਇਸ ਸੰਦਰਭ ਵਿਚ ਜੋ ਵਿਗਿਆਨ ਦੀ ਅਤੀ ਮਹੱਤਵਪੂਰਨ ਖੋਜ ਸਾਹਮਣੇ ਆਉਂਦੀ ਹੈ ਉਹ ਚਾਰਲਸ ਡਾਰਵਿਨ ਵੱਲੋਂ ਪੇਸ਼ ਕੀਤਾ ਗਿਆ ਵਿਕਾਸ ਦਾ ਸਿਧਾਂਤ (Theory of Evolution) ਹੈ। ਡਾਰਵਿਨ ਦੇ ਇਸ ਸਿਧਾਂਤ ਨੂੰ ਅਧਾਰ ਬਣਾ ਕੇ ਹੋਈਆਂ ਮਾਨਵਵਿਗਿਆਨਿਕ (anthropological) ਖੋਜਾਂ ਅਨੁਸਾਰ ਧਰਤੀ ਉੱਤੇ ਜੀਵਨ ਲਗ-ਭਗ 44 ਕਰੋੜ ਸਾਲ ਪਹਿਲਾਂ ਹੋਂਦ ਵਿਚ ਆਇਆ ਅਤੇ ਲੰਬੀ ਵਿਕਾਸ ਪ੍ਰੀਕਿਰਿਆ ਰਾਹੀਂ ਵੱਖ-ਵੱਖ ਪਰਜਾਤੀਆਂ ਹੋਂਦ ਵਿਚ ਆਉਣੀਆਂ ਅਰੰਭ ਹੋਈਆਂ। ਕਰੋੜਾਂ ਸਾਲਾਂ ਦੇ ਇਸ ਲੰਬੇ ਅਰਸੇ ਦੌਰਾਨ ‘ ਰੱਬ ’ ਦਾ ਸੰਕਲਪ ਅੱਜ ਤੋਂ ਕੇਵਲ ਸੱਤ ਕੁ ਹਜ਼ਾਰ ਸਾਲ ਪਹਿਲਾਂ ਉਪਜਿਆ ਹੈ।

ਹੇਠਾਂ ਅਸੀਂ ਮਨੁੱਖ ਦੇ ਮਾਨਵਵਿਗਿਅਨਕ (anthropological) ਵਿਕਾਸ ਦੇ ਕਾਲਕ੍ਰਮ ਅਨੁਸਾਰ ਬਣਦੇ ਤਿੰਨ ਮੁੱਖ ਪੜਾਵਾਂ ਦਾ ਜ਼ਿਕਰ ਕਰਾਂਗੇ ਅਤੇ ਨਾਲ-ਨਾਲ ਲਗਾਤਾਰ ਉੱਨਤ ਹੁੰਦੇ ਆ ਰਹੇ ਮਨੁੱਖੀ ਦਿਮਾਗ ਦੇ ਕੁਦਰਤ ਸਬੰਧੀ ਬਣਦੇ ਰਹੇ ਪ੍ਰਤੀਕਰਮਾਂ ਦਾ ਵੀ ਵਰਨਣ ਕਰਾਂਗੇ।

ਪੜਾਅ 1

ਲਗ-ਭਗ 60 ਲੱਖ ਸਾਲ ਪਹਿਲਾਂ ਤੋਂ ਮਨੁੱਖ ਬਾਂਦਰ ਪਰਜਾਤੀ ਤੋਂ ਵੱਖ ਹੋ ਕੇ ਆਪਣੀ ਸੁਤੰਤਰ ਵਿਕਾਸ-ਪ੍ਰੀਕਿਰਿਆ ਵਿਚ ਦਾਖਲ ਹੋਇਆ ਜਿਸ ਦੌਰਾਨ ਉਸਦਾ ਜੀਵਨ ਜੰਗਲੀ ਜਾਨਵਰਾਂ ਵਾਲਾ ਹੀ ਰਿਹਾ ਸੀ ਅਤੇ ਉਹ ਕੋਡੇ ਰੂਪ ਵਿਚ ਹੱਥਾਂ-ਪੈਰਾਂ ਉੱਤੇ ਚਲਦਾ ਸੀ। ਪਰੰਤੂ ਅੱਗੇ ਜਾ ਕੇ ਇਸ ਕਾਲ ਵਿਚ ਉਹ ਪੱਥਰਾਂ ਨੂੰ ਘੜ ਕੇ ਮਾੜੇ-ਮੋਟੇ ਸੰਦ ਬਣਾਉਣ ਲੱਗਾ ਸੀ। 16 ਲੱਖ ਸਾਲ ਪਹਿਲਾਂ ਉਹ ਦੋ ਪੈਰਾਂ ਉੱਤੇ ਚੱਲਣ ਦੇ ਯੋਗ ਹੋਇਆ ਅਤੇ ਹੱਥਾਂ ਦੀ ਸੁਤੰਤਰ ਵਰਤੋਂ ਕਰਨ ਲੱਗਾ ਸੀ। ਇਸ ਕਾਲ ਵਿਚ ਆ ਕੇ ਮਨੁੱਖ ਝੁੰਡਾਂ ਵਿਚ ਰਹਿਣ ਲੱਗਾ ਸੀ ਅਤੇ ਉਸ ਨੇ ਅੱਗ ਉੱਤੇ ਕਾਬੂ ਪਾ ਲਿਆ ਸੀ। ਇਸ ਕਾਲ ਦੇ ਅੰਤ ਦੇ ਨੇੜੇ ਜਾ ਕੇ ਲਗ-ਭਗ ਇਕ ਲੱਖ ਸਾਲ ਪਹਿਲਾਂ ਭਾਸ਼ਾ ਦਾ ਨਿਰਮਾਣ ਹੋਣਾ ਅਰੰਭ ਹੋ ਗਿਆ ਸੀ। 60 ਲੱਖ ਸਾਲ ਦੇ ਇਸ ਕਾਲ ਦੇ ਮਨੁੱਖ ਨੂੰ ਆਦਿ-ਕਲੀਨ (primitive) ਮਨੁੱਖ ਕਿਹਾ ਜਾਂਦਾ ਹੈ।

ਪ੍ਰਤੀਕਰਮ

ਕੁਦਰਤ ਦੇ ਨਿਯਮਾਂ ਤੋਂ ਅਣਜਾਣ ਆਦਿਕਾਲੀਨ ਮਨੁੱਖ ਆਪਣੇ ਆਲੇ-ਦੁਆਲੇ ਦੇ ਕੁਦਰਤੀ ਵਰਤਾਰੇ ਭਾਵ ਧਰਤੀ, ਪਾਣੀ, ਹਵਾ, ਅਸਮਾਨੀ ਬਿਜਲੀ, ਬੱਦਲ ਦੀ ਗਰਜ, ਭੁਚਾਲ, ਸੂਰਜ, ਚੰਦਰਮਾ, ਤਾਰੇ, ਰਾਤ, ਦਿਨ, ਰੁੱਤਾਂ ਦੀ ਤਬਦੀਲੀ, ਬੀਜ ਦਾ ਪੁੰਗਰਨਾ, ਬਿਮਾਰੀ, ਜਨਮ, ਜੀਵਨ ਅਤੇ ਮੌਤ ਦੇ ਡੂੰਘੇ ਰਹੱਸਾਂ ਕਰਕੇ ਭੈ-ਭੀਤ ਹੁੰਦਾ ਸੀ। ਦੂਸਰੇ ਪਾਸੇ ਕੁਦਰਤ ਦੀ ਸੁੰਦਰਤਾ ਉਸ ਨੂੰ ਵਿਸਮਾਦ ਵੀ ਪਰਦਾਨ ਕਰਦੀ ਸੀ। ਪਰੰਤੂ ਉਸ ਦੇ ਲਈ ਇਹ ਸਾਰਾ ਕੁਝ ਰਹੱਸਮਈ ਸੀ ਜਿਸ ਬਾਰੇ ਕੁਝ ਵੀ ਜਾਣਿਆਂ ਨਹੀਂ ਸੀ ਜਾ ਸਕਦਾ।

ਪੜਾਅ 2

ਲਗ-ਭਗ 35-40 ਹਜ਼ਾਰ ਸਾਲ ਪਹਿਲਾਂ ਦੇ ਸਮੇਂ ਵਿਚ ਮਨੁੱਖੀ ਵਿਕਾਸ ਦਾ ਪੂਰਵ-ਇਤਹਾਸਿਕ ਕਾਲ ਅਰੰਭ ਹੁੰਦਾ ਹੈ ਜਿਸ ਵਿਚ ਪੂਰਵ-ਇਤਹਾਸਿਕ ਕਾਲ ਦੇ ਪਰੀਵਾਰਿਕ ਟੋਲੇ ਕਬੀਲਿਆਂ ਵਿਚ ਬਦਲਣ ਲੱਗ ਪਏ ਸਨ ਭਾਵੇਂ ਮਨੁੱਖ ਦਾ ਨਿਵਾਸ ਗੁਫਾਵਾਂ ਅਤੇ ਕੰਦਰਾਂ ਵਿਚ ਹੀ ਸੀ। ਜੀਵਨ ਚਲਦਾ ਰੱਖਣ ਲਈ ਸ਼ਿਕਾਰ ਕਰਨਾ ਅਤੇ ਖਾਧ-ਪਦਾਰਥ ਇੱਕਠੇ ਕਰਨੇ ਮਨੁੱਖ ਦੇ ਧੰਦੇ ਬਣ ਗਏ ਸਨ। ਭਾਸ਼ਾ ਚੰਗਾ ਵਿਕਾਸ ਕਰ ਗਈ ਹੋਈ ਸੀ।

ਪ੍ਰਤੀਕਰਮ

ਪੂਰਵ-ਇਤਹਾਸਿਕ ਕਾਲ ਦੇ ਮਨੁੱਖ ਨੂੰ ਕੁਦਰਤੀ ਵਰਤਾਰੇ ਦੇ ਪਿੱਛੇ ਵੀ ਜਾਦੂਈ ਸ਼ਕਤੀ ਦੇ ਸੰਦ ਦੀ ਵਰਤੋਂ ਹੁੰਦੀ ਜਾਪ ਰਹੀ ਸੀ। ਉਸ ਲਈ ‘ਜਾਦੂਈ’ ਸ਼ਕਤੀ ਤੋਂ ਭਾਵ ਸੀ ਐਸੀ ਸ਼ਕਤੀ ਜਿਸਦੀ ਤਾਰਕਿਕ ਵਿਆਖਿਆ ਉਸ ਦੀ ਸੂਝ ਤੋਂ ਪਰ੍ਹੇ ਦੀ ਗੱਲ ਸੀ। ਇਸ ਲਈ ਪੂਰਵ-ਇਤਹਾਸਿਕ ਕਾਲ ਦੇ ਮਨੁੱਖ ਦੇ ਮਨ ਵਿਚ ਇਹ ਵਿਸ਼ਵਾਸ ਉਤਪੰਨ ਹੋ ਗਿਆ ਸੀ ਕਿ ਰਹੱਸਮਈ ਕੁਦਰਤੀ ਵਰਤਾਰੇ ਦੇ ਪਿੱਛੇ ਜ਼ਰੂਰ ਕਿਸੇ ਨਾ ਕਿਸੇ ਸ਼ਖਸੀ ਰੂਪ ਵਾਲੀ ਕਿਸੇ ਵੱਖਰੀ ਸ਼ਕਤੀ ਦਾ ਹੱਥ ਸੀ। ਭਾਵੇਂ ਰਹੱਸਮਈ ਕੁਦਰਤੀ ਸ਼ਕਤੀਆਂ ਸਬੰਧੀ ਇਸ ਕਾਲ ਦੇ ਮਨੁੱਖ ਦੇ ਅਨੁਮਾਨ ਕੱਚਘਰੜ ਹੀ ਸਨ ਪਰੰਤੂ ਉਸਦੇ ਅਜਿਹੀਆਂ ਸ਼ਕਤੀਆਂ ਬਾਰੇ ਉਪਜੇ ਵਿਸ਼ਵਾਸ ਕਰ ਕੇ ਉਸ ਨੇ ਕਿਸੇ ਨਾ ਕਿਸੇ ਰੂਪ ਵਾਲੇ ਦੇਵੀ-ਦੇਵਤਿਆਂ ਦੀ ਹੋਂਦ ਹੋਣ ਬਾਰੇ ਕਲਪਨਾ ਕਰਨੀ ਅਰੰਭ ਕਰ ਦਿੱਤੀ ਸੀ। ਉਹ ਆਪਣੇ ਦੇਵੀ-ਦੇਵਤਿਆਂ ਨੂੰ ਏਸੇ ਧਰਤੀ ਉਤਲੀਆਂ ਕਿਸੇ ਦੂਰ-ਦੁਰਾਡੀਆਂ ਅਤੇ ਅਣਜਾਣੀਆਂ ਪਰੰਤੂ ਇੰਦਰੀਆਂ ਰਾਹੀਂ ਕਿਆਸੀਆਂ ਜਾ ਸਕਣ ਵਾਲੀਆਂ ਥਾਵਾਂ ਦੇ ਵਸਨੀਕ ਮੰਨਦਾ ਸੀ। ਉਸ ਕੋਲ ਆਪਣੇ ਕਲਪਿਤ ਦੇਵੀ-ਦੇਵਤਿਆਂ ਨਾਲ ਸੰਚਾਰ ਲਈ ਕੋਈ ਵਿਧੀ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦਾ ਵਿਸ਼ਵਾਸ ਹਾਲੇ ਕਿਸੇ ਮਜ਼ਹਬ ਦਾ ਰੂਪ ਧਾਰਨ ਕਰਨ ਤੋਂ ਬਹੁਤ ਦੂਰ ਸੀ।

ਪੜਾਅ 3

ਇਤਹਾਸਿਕ ਕਾਲ ਵਿਚ ਆ ਕੇ ਭਾਵ 15-20 ਹਜ਼ਾਰ ਸਾਲ ਪਹਿਲਾਂ ਦੇ ਸਮੇਂ ਮਨੁੱਖ ਹਾਲੇ ਕਬੀਲਾ ਜੀਵਨ ਦੇ ਪੱਧਰ ਤੇ ਹੀ ਵਿਚਰ ਰਿਹਾ ਸੀ। ਇਸ ਸਮੇਂ ਤਕ ਭਾਸ਼ਾ ਚੰਗੀ ਤਰ੍ਹਾਂ ਵਿਕਸਤ ਹੋ ਚੁੱਕੀ ਸੀ। ਇਤਹਾਸਿਕ ਕਾਲ ਵਿਚ ਹੀ ਹੋਰ ਅੱਗੇ ਆਕੇ ਕਬੀਲੀਆਈ ਮਨੁੱਖ ਨੇ ਸ਼ਿਕਾਰ ਦੇ ਨਾਲ-ਨਾਲ ਕਿਰਸਾਣੀ ਵੀ ਅਰੰਭ ਕਰ ਲਈ ਸੀ, ਉਸ ਨੇ ਪੱਥਰ ਦੇ ਸੰਦ ਬਣਾ ਲਏ ਅਤੇ ਉਹ ਖੇਤੀ ਲਈ ਪਸ਼ੂਆਂ ਦਾ ਉਪਯੋਗ ਕਰਨ ਲੱਗਾ ਸੀ। ਕਿਰਸਾਣੀ ਦਾ ਕੰਮ ਚਲਾਉਣ ਲਈ ਮਨੁੱਖ ਨੂੰ ਭੁਮੱਕੜੀ ਜੀਵਨ ਤਿਆਗ ਕੇ ਇਕ ਜਗਹ ਉੱਤੇ ਵਸੇਬਾ ਕਰਨ ਦੀ ਜ਼ਰੂਰਤ ਪਏ ਗਈ ਸੀ। ਹੁਣ ਮਨੁੱਖ ਅਰਧ-ਸਭਿਅਕ ਜੀਵਨ ਵਲ ਵੱਧਣ ਲੱਗਾ ਸੀ। ਇਸ ਪੜਾਅ ਵਾਲੇ ਪ੍ਰਤੀਕਰਮ ਨੂੰ ਕਾਲਕ੍ਰਮ ਅਨੁਸਾਰ ਅੱਗੇ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ, ਪਹਿਲਾ ਜਿਸ ਵਿਚ ਦੇਵਤਿਆਂ ਨੂੰ ਪਹਿਲਾਂ ਵਾਂਗ ਹਾਲੇ ਜਾਦੂਈ ਸ਼ਕਤੀ ਦੇ ਧਾਰਨੀ ਮੰਨਿਆਂ ਜਾਂਦਾ ਸੀ ਅਤੇ ਦੂਸਰਾ ਜਿਸ ਵਿਚ ਦੇਵਤਿਆਂ ਨੂੰ ਦੈਵੀ ਸ਼ਕਤੀ ਪਰਦਾਨ ਕਰ ਦਿੱਤੀ ਗਈ ਸੀ।

ਪ੍ਰਤੀਕਰਮ(ੳ)

ਕਿਸੇ ਨਾ ਕਿਸੇ ਸ਼ਖਸੀ ਰੂਪ ਵਿਚ ਵਿਚਰਨ ਵਾਲੇ ਦੇਵੀ-ਦੇਵਤਿਆਂ ਦਾ ਸੰਕਲਪ ਇਤਹਾਸਿਕ ਕਾਲ (ਅਰੰਭ 15-20 ਹਜ਼ਾਰ ਸਾਲ ਪਹਿਲਾਂ) ਵਿਚ ਆ ਕੇ ਹੋਰ ਵੀ ਪੱਕਾ ਹੋ ਗਿਆ ਜਦੋਂ ਮਨੁੱਖੀ ਸੂਝ ਹੋਰ ਤੀਖਣ ਹੋ ਗਈ ਸੀ ਅਤੇ ਭਾਸ਼ਾ ਦਾ ਵਿਕਾਸ ਪਰਪੱਕ ਹੋ ਚੁੱਕਾ ਸੀ। ਭਾਸ਼ਾ ਨੇ ਇਹਨਾਂ ਕਲਪਿਤ ਦੇਵੀ-ਦੇਵਤਿਆਂ ਨੂੰ ਨਾਮ ਪਰਦਾਨ ਕਰ ਦਿੱਤੇ ਸਨ। ਹੁਣ ਮਨੁੱਖ ਨੂੰ ਜਾਪਦਾ ਸੀ ਕਿ ਹਰੇਕ ਕੁਦਰਤੀ ਵਰਤਾਰੇ ਦੇ ਪਿੱਛੇ ਕੋਈ ਵਿਸ਼ੇਸ਼ ਦੇਵ-ਪੁਰਸ਼ ਕੰਮ ਕਰ ਰਿਹਾ ਹੈ ਅਤੇ ਉਸ ਦੇਵ-ਪੁਰਸ਼ ਦੀ ਸ਼ਕਤੀ ਦੇ ਪ੍ਰਗਟਾਵੇ ਰਾਹੀਂ ਮਨੁੱਖ ਨੂੰ ਲਾਭ ਪਹੁੰਚਦਾ ਹੈ ਜਾਂ ਉਸ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਉਸ ਨੇ ਇਹ ਜ਼ਰੂਰੀ ਸਮਝ ਲਿਆ ਕਿ ਇਹਨਾਂ ਦੈਵੀ ਤਾਕਤਾਂ ਨੂੰ ਰਿਝਾਇਆ ਜਾਵੇ ਤਾਂ ਕਿ ਜੀਵਨ ਦੀਆਂ ਵੱਖ-ਵੱਖ ਪ੍ਰਸਥਿਤੀਆਂ ਵਿਚ ਉਹਨਾਂ ਤੋਂ ਲਾਭ ਪਰਾਪਤ ਹੋ ਸਕੇ ਜਾਂ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਅਜਿਹਾ ਉਹਨਾਂ ਤਾਕਤਾਂ ਨਾਲ ਕਿਸੇ ਵਿਸ਼ੇਸ਼ ਮਾਧਿਅਮ ਰਾਹੀਂ ਸੰਚਾਰ ਕਾਇਮ ਕਰਕੇ ਹੀ ਕੀਤਾ ਜਾ ਸਕਦਾ ਸੀ। ਉਸ ਨੇ ਵੇਖਿਆ ਸੀ ਕਿਵੇਂ ਪਸ਼ੂ, ਪੰਛੀ ਅਤੇ ਕੀੜੇ-ਮਕੌੜੇ ਆਪਣੇ-ਆਪਣੇ ਸਰੀਰਾਂ ਰਾਹੀਂ ਤਾਲ-ਬੱਧ ਹਰਕਤਾਂ ਕਰਕੇ ਇਕ ਵਿਸ਼ੇਸ਼ ਆਕਰਸ਼ਣ ਵਾਲਾ ਪਰਭਾਵ ਪੈਦਾ ਕਰ ਲੈਂਦੇ ਸਨ। ਉਸ ਨੂੰ ਇਹਨਾਂ ਤਾਲ-ਬੱਧ ਸਰੀਰਕ ਹਰਕਤਾਂ ਵਿਚ ਜਾਦੂਈ ਸਮਰੱਥਾ ਦਾ ਅਨੁਭਵ ਮਹਿਸੂਸ ਹੁੰਦਾ ਸੀ ਜਿਸ ਤੋਂ ਪਰਭਾਵਿਤ ਹੋ ਕੇ ਉਸ ਨੇ ਵੀ ਆਪਣੇ ਸਰੀਰਕ ਅੰਗਾਂ ਰਾਹੀਂ ਪੈਦਾ ਕੀਤੀਆਂ ਨਾਚ ਵਰਗੀਆਂ ਤਾਲ-ਬੱਧ ਹਰਕਤਾਂ ਨੂੰ ਇਹਨਾਂ ਗੁਪਤ ਤਾਕਤਾਂ ਨਾਲ ਸੰਚਾਰ ਕਾਇਮ ਕਰਨ ਦੇ ਸਭ ਤੋਂ ਵੱਧ ਉਪਯੋਗੀ ਅਤੇ ਪਰਭਾਵਸ਼ਾਲੀ ਸਾਧਨ ਦੇ ਤੌਰ ਤੇ ਅਪਣਾ ਲਿਆ। ਏਥੋਂ ਤੱਕ ਕਿ ਵਿਅਕਤੀਗਤ ਸਮੱਸਿਆਵਾਂ ਜਿਵੇਂ ਕਿ ਬਿਮਾਰੀ ਅਤੇ ਕਿਸੇ ਹਾਦਸੇ ਵਿਚ ਆਈ ਚੋਟ ਨੂੰ ਵੀ ਕਿਸੇ ਦੈਵੀ ਸ਼ਕਤੀ ਦੀ ਭੈੜੀ ਜਾਦੂਈ ਕਾਰਵਾਈ ਮੰਨ ਲਿਆ ਜਾਂਦਾ ਸੀ ਅਤੇ ਅਜਿਹੇ ਸਮੇਂ ਸਮੂਹ ਵਿੱਚੋਂ ਕੋਈ ਜ਼ਿਆਦਾ ਚਲਾਕ ਮਨੁੱਖ ਜਾਦੂ ਦਾ ਅਸਰ ਦੂਰ ਕਰਨ ਵਾਲੇ ‘ਸਿਆਣੇ’ (witch-doctor) ਦੇ ਤੌਰ ਤੇ ਮਦਦ ਲਈ ਆ ਪਹੁੰਚਦਾ ਸੀ। ਉਸ ‘ਸਿਆਣੇ’ ਵੱਲੋਂ ਨਿਭਾਈਆਂ ਜਾਂਦੀਆਂ ਕੁਝ ਹੁਨਰੀ ਸਰੀਰਕ ਮੁਦਰਾਵਾਂ ਦਾ ਰੋਗੀ ਉੱਤੇ ਫੋਕਾ-ਧਰਵਾਸੀ (Placebo) ਪ੍ਰਭਾਵ ਹੋਣ ਲੱਗਦਾ ਜਦੋਂ ਕਿ ਬਿਮਾਰੀ ਜਾਂ ਚੋਟ ਨੇ ਕੁਦਰਤੀ ਤੌਰ ਤੇ ਵੀ ਠੀਕ ਹੋਣਾ ਹੀ ਹੁੰਦਾ ਸੀ। ਪਰੰਤੂ ਰੋਗੀ ਨੂੰ ‘ਸਿਆਣੇ’ ਵੱਲੋਂ ਨਿਭਾਈਆਂ ਗਈਆਂ ਸਰੀਰਕ ਮੁਦਰਾਵਾਂ ਦੇ ਜਾਦੂਈ ਅਸਰ ਤੇ ਯਕੀਨ ਬੱਝ ਜਾਂਦਾ ਸੀ।

ਇਸ ਕਾਲ ਭਾਵ ਇਤਹਾਸਿਕ ਕਾਲ ਵਿਚ ਆ ਕੇ ਹਰੇਕ ਕਬੀਲੇ ਨੇ ਆਪਣਾ ਵਿਸ਼ੇਸ਼ ਮੁੱਖ-ਦੇਵਤਾ ਅਪਣਾ ਰੱਖਿਆ ਹੁੰਦਾ ਸੀ। ਕਲਪਿਤ ਦੇਵਤਿਆਂ ਨੂੰ ਰਿਝਾਉਣ ਲਈ ਕੀਤੀਆਂ ਜਾਂਦੀਆਂ ਨਾਚ ਵਰਗੀਆਂ ਸਰੀਰਕ ਮੁਦਰਾਵਾਂ ਹੁਣ ਜ਼ਿਆਦਾ ਨੇਮ-ਬੱਧ ਹੋ ਗਈਆਂ ਸਨ ਜੋ ਦੇਵੀ-ਦੇਵਤਿਆਂ ਅੱਗੇ ਰਹੁ-ਰੀਤਾਂ ਨਿਭਾਉਣ ਦਾ ਹਾਲੇ ਇੱਕੋ-ਇਕ ਸਾਧਨ ਸਨ। ਇਹ ਨਾਚ ਪੇਸ਼ਕਾਰੀ ਸਮੂਹਿਕ ਹੋਇਆ ਕਰਦੀ ਸੀ ਅਤੇ ਢੋਲ ਦੀ ਸੰਗਤ ਵਿਚ ਨਿਭਾਈ ਜਾਂਦੀ ਸੀ। ਕਬੀਲੇ ਵਿੱਚੋਂ ਜਿਹੜਾ ਵਿਅਕਤੀ ਇਸ ਹੁਨਰ ਵਿਚ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਪਰਭਾਵਸ਼ਾਲੀ ਹੁੰਦਾ ਸੀ ਉਹ ਸਾਂਝੀ ਪੇਸ਼ਕਾਰੀ ਦੀ ਅਗਵਾਈ ਕਰਨ ਲਈ ਅੱਗੇ ਆ ਜਾਂਦਾ ਸੀ। ਇਸ ਪੇਸ਼ਕਾਰੀ ਦਾ ਮਕਸਦ ਕੇਵਲ ਇਕ ਰਹੁ-ਰੀਤ ਨੂੰ ਨਿਭਾਉਣਾ ਸੀ ਜਿਸ ਰਾਹੀਂ ਕਿਸੇ ਪ੍ਰਸਥਿਤੀ ਉੱਤੇ ਮਨਚਾਹਿਆ ਪਰਭਾਵ ਪਾਉਣ ਦੀ ਚੇਸ਼ਟਾ ਕੀਤੀ ਹੁੰਦੀ ਸੀ। ਪਰੰਤੂ ਇਹ ਪੇਸ਼ਕਾਰੀ ਕੋਈ ਧਾਰਮਿਕ ਕਰਮ-ਕਾਂਡ ਭਾਵ ਕਿਸੇ ਕਿਸਮ ਦੀਆਂ ਪੂਜਾ ਰਹੁ-ਰੀਤਾਂ ਦਾ ਨਿਭਾਅ ਨਹੀਂ ਹੁੰਦਾ ਸੀ ਕਿਉਂਕਿ ਓਦੋਂ ਹਾਲੇ ਸੰਸਥਾਗਤ ਮਜ਼ਹਬ/ਰਿਲੀਜਨ ਦਾ ਸੰਕਲਪ ਪੈਦਾ ਨਹੀਂ ਹੋਇਆ ਸੀ। ਉਂਜ ਹੁਣ ਦੇਵ-ਪੁਰਸ਼ਾਂ ਦੇ ਰਹਿਣ ਵਾਲੀਆਂ ਥਾਵਾਂ ਦੀ ਪਛਾਣ ਕਰ ਲਈ ਗਈ ਸੀ ਅਤੇ ਇਹਨਾਂ ਥਾਵਾਂ ਦੀ ਕਲਪੀ ਗਈ ਹੋਂਦ ਹਾਲੇ ਧਰਤੀ ਉੱਤੇ ਹੀ ਸਮਝੀ ਜਾਂਦੀ ਸੀ ਵਿਸ਼ੇਸ਼ ਕਰਕੇ ਉੱਚੇ ਪਹਾੜਾਂ ਦੀਆਂ ਚੋਟੀਆਂ ਉੱਤੇ।

ਪ੍ਰਤੀਕਰਮ(ਅ)

ਇਸ ਕਾਲ ਵਿਚ ਮਨੁੱਖ ਦਾ ਦੇਵੀ-ਦੇਵਤਿਆਂ ਪ੍ਰਤੀ ਵਿਸ਼ਵਾਸ ਤਾਂ ਕਾਇਮ ਹੈ ਹੀ ਸੀ ਅਤੇ ਉਹਨਾਂ ਦੇ ਰਹਿਣ ਵਾਲੀਆਂ ਕਲਪਿਤ ਥਾਵਾਂ ਹਾਲੇ ਧਰਤੀ ਉੱਤੇ ਹੀ ਸਨ। ਪਰੰਤੂ ਹੁਣ ਉਸ ਨੇ ਇਹਨਾਂ ਦੇਵੀ-ਦੇਵਤਿਆਂ ਨੂੰ ਰਿਝਾਉਣ ਹਿਤ ਨਿਭਾਈਆਂ ਜਾਣ ਵਾਲੀਆਂ ਰਸਮਾਂ ਪੈਦਾ ਕਰ ਲਈਆਂ ਸਨ। ਅੱਗ ਉੱਤੇ ਕਾਬੂ ਪਾ ਲੈਣ ਨਾਲ ਮਨੁੱਖ ਨੇ ਆਪਣੇ ਵਿਚ ਦੈਵੀ ਸ਼ਕਤੀ ਦੀ ਹੋਂਦ ਮਹਿਸੂਸ ਕੀਤੀ ਸੀ। ਹੁਣ ਅਨਾਜ ਉਗਾਉਣ ਨਾਲ ਉਸ ਨੇ ਆਪਣੇ ਆਤਮ-ਵਿਸ਼ਵਾਸ ਵਿਚ ਵਾਧਾ ਕਰਨ ਵਿਚ ਸਫਲਤਾ ਹਾਸਿਲ ਕਰ ਲਈ ਸੀ। ਇਸ ਨਾਲ ਉਸਨੇ ਦੇਵ-ਪੁਰਸ਼ਾਂ ਨੂੰ ਪਰਫੁੱਲਤਾ ਦੇ ਸੋਮੇ ਸਮਝਣਾ ਅਰੰਭ ਕਰ ਦਿੱਤਾ। ਏਸੇ ਸਮੇਂ ਵਿਚ ‘ ਸਿਆਣੇ ’ (witch-doctor) ਸ਼੍ਰੇਣੀ ਦੇ ਲੋਕ ਦੂਸਰਿਆਂ ਨਾਲੋਂ ਵਧੇਰੇ ਚਲਾਕ ਬਣ ਗਏ ਹੋਏ ਸਨ ਅਤੇ ਉਹਨਾਂ ਨੇ ਇਹ ਪਰਚਾਰਨਾ ਅਰੰਭ ਕਰ ਦਿੱਤਾ ਕਿ ਦੇਵ-ਪੁਰਸ਼ਾਂ ਕੋਲ ਕੁਝ ਆਲੌਕਿਕ ਸ਼ਕਤੀਆਂ ਹੁੰਦੀਆਂ ਹਨ ਅਤੇ ਦੇਵ-ਪੁਰਸ਼ਾਂ ਦੀਆਂ ਅਜਿਹੀਆਂ ਸ਼ਕਤੀਆਂ ਨੂੰ ਲਾਭ ਪਰਾਪਤ ਕਰਵਾਉਣ ਲਈ ਪਰਭਾਵਿਤ ਕਰਨ ਦੀਆਂ ਕੁਝ ਵਿਸ਼ੇਸ਼ ਤਕਨੀਕਾਂ ਉੱਤੇ ਉਹਨਾਂ (‘ ਸਿਆਣਿਆਂ ’) ਨੇ ਆਬੂਰ ਹਾਸਿਲ ਕਰ ਲਿਆ ਸੀ। ਹੁਣ ਦੇਵ-ਸ਼ਕਤੀ ਨੂੰ ਜਾਦੂਈ ਤਾਕਤ ਤੋਂ ਦੈਵੀ (divine) ਸ਼ਕਤੀ ਵਿਚ ਬਦਲ ਕੇ ਅਪ੍ਰਾਕ੍ਰਿਤਿਕਤਾ ਦਾ ਰੂਪ ਦੇ ਦਿੱਤਾ ਗਿਆ ਸੀ। ਕਬੀਲਿਆਂ ਵਿਚ ਸ਼ਾਮਲ ਲੋਕ ‘ ਸਿਆਣਿਆਂ ’ ਦੀਆਂ ਅਜਿਹੀਆਂ ਗੱਲਾਂ ਵਿਚ ਜਲਦੀ ਆ ਜਾਂਦੇ ਸਨ ਕਿਉਂਕਿ ਆਮ ਕਰਕੇ ਕੁਦਰਤ ਦੇ ਵਰਤਾਰੇ ਤੋਂ ਅਣਜਾਣ ਹੋਣ ਕਰਕੇ ਅਤੇ ਹਰ ਸਮੇਂ ਮੌਤ ਦੇ ਡਰ ਹੇਠ ਜੀਵਨ ਬਸਰ ਕਰ ਰਹੇ ਹੋਣ ਕਰਕੇ ਉਹ ਅੱਤ ਦਾ ਅਸੁਰਖਿਅਤ ਮਹਿਸੂਸ ਕਰਦੇ ਸਨ। ਅਸਲ ਵਿਚ ਅਜਿਹੀਆਂ ਗੱਲਾਂ ‘ ਸਿਆਣਿਆਂ ’ ਵੱਲੋਂ ਇਸ ਕਰਕੇ ਘੜੀਆਂ ਜਾਂਦੀਆਂ ਸਨ ਤਾਂ ਕਿ ਉਹ ਸਾਰੇ ਕਬੀਲੇ ਦੇ ਭਲੇ ਲਈ ਦੇਵ-ਪੁਰਸ਼ਾਂ ਦੀ ਪੂਜਾ ਦੇ ਫੋਕੇ ਕਰਮ-ਕਾਂਡ ਨਿਭਾਉਣ ਦੇ ਬਹਾਨੇ ਨਾਲ ਉਸ ਵੇਲੇ ਦੇ ਭਾਰੀ ਮਿਹਨਤ-ਮੁਸ਼ੱਕਤ ਵਾਲੇ ਕੰਮ ਕਰਨ ਤੋਂ ਬਚੇ ਰਹਿਣ। ਨਾਲ ਹੀ ‘ ਸਿਆਣਿਆਂ ’ਨੂੰ ਪੂਜਾ-ਵਿਧੀਆਂ ਦੇ ਮਾਹਿਰ ਮੰਨੇਂ ਜਾਣ ਦੇ ਨਾਤੇ ਸਾਰੇ ਕਬੀਲੇ ਵਿਚ ਵਿਸ਼ੇਸ਼ ਰੁਤਬਾ ਹਾਸਿਲ ਹੋ ਜਾਂਦਾ ਸੀ। ਇਤਹਾਸਿਕ ਕਾਲ ਵਿਚ ਇਹ ਵਿਵਸਥਾ ਲਗ-ਭਗ ਦਸ ਹਜ਼ਾਰ ਸਾਲ ਤਕ ਚੱਲਦੀ ਰਹੀ। ਪਰੰਤੂ ਇਸ ਸਮੇਂ ਦੇ ਕਬੀਲਿਆਂ ਵਿਚ ਪਰਚਲਤ ਰਹੇ ਦੇਵ-ਪੂਜਾ ਸਬੰਧੀ ‘ ਸਿਆਣਿਆਂ ’ ਦੀ ਵਿਸ਼ੇਸ਼ ਭੂਮਿਕਾ ਦੇ ਹੋਣ ਦੇ ਬਾਵਜੂਦ ਤਾਂਬਾ/ਕਾਂਸੀ ਕਾਲ ਦੇ ਅਰੰਭ ਭਾਵ 5000 ਸਾਲ ਪੂਰਵ ਈਸਾ ਦੇ ਸਮੇਂ ਤਕ ਇਸ ਵਰਤਾਰੇ ਨੇ ਸੰਸਥਾਗਤ ਮਜ਼ਹਬ/ਰਿਲੀਜਨ ਦਾ ਰੂਪ ਨਹੀਂ ਅਖਤਿਆਰ ਕੀਤਾ ਸੀ।

ਰੱਬ ਦਾ ਜਨਮ

ਇਸ ਤੋਂ ਅਗਲੇ ਸਮੇਂ ਭਾਵ ਸੱਤ ਕੁ ਹਜ਼ਾਰ ਸਾਲ ਪਹਿਲਾਂ ਤੋਂ ਲੈਕੇ ਮਨੁੱਖ ਦੀ ਸਭਿਅਤਾ ਵੱਲ ਵੱਧਣ ਦੀ ਗਤੀ ਜ਼ਿਆਦਾ ਤੇਜ਼ ਹੋ ਗਈ ਸੀ। ਇਸ ਕਾਲ ਵਿਚ ਪਹੁੰਚਣ ਨਾਲ ਤਾਂਬਾ/ਕਾਂਸੀ ਯੁਗ ਦਾ ਅਰੰਭ ਹੋ ਗਿਆ ਸੀ। ਏਥੇ ਆ ਕੇ ਪੂਰਵ-ਇਤਹਾਸਿਕ ਕਾਲ ਦੇ ਚੱਲੇ ਆ ਰਹੇ ਕਬੀਲਿਆਂ ਵੱਲੋਂ ਕਿਰਸਾਨੀ ਕਬੀਲਿਆਂ ਦੀਆਂ ਫਸਲਾਂ ਦੀ ਲੁੱਟ-ਖੋਹ ਕਰਨ ਦੀਆਂ ਘਟਨਾਵਾਂ ਕਰਕੇ ਅਤੇ ਹੁਣ ਦੇ ਕਬੀਲਿਆਂ ਵੱਲੋਂ ਮੱਲੇ ਹੋਏ ਇਲਾਕਿਆਂ ਨੂੰ ਲੈਕੇ ਕਬਾਇਲੀ ਲੜਾਈਆਂ ਹੋਣ ਲੱਗ ਪਈਆਂ ਸਨ। ਸਿੱਟੇ ਵਜੋਂ ਕੁਝ ਕਬੀਲੇ ਅਲੋਪ ਹੋਣ ਲੱਗੇ ਸਨ ਅਤੇ ਕੁਝ ਕਬੀਲੇ ਵਧੇਰੇ ਤਾਕਤਵਰ ਬਣਨ ਲੱਗੇ ਸਨ। ਇਸ ਰੁਝਾਨ ਦੇ ਸਿੱਟੇ ਵਜੋਂ ਕੁਝ ਛੋਡੇ-ਛੋਟੇ ਰਾਜ ਹੋਂਦ ਵਿਚ ਆਉਂਦੇ ਗਏ। ਇਸ ਕਾਲ ਨੂੰ ਅਰਧ-ਸਭਿਅਕ ਮਨੁੱਖੀ ਸਮਾਜ ਦਾ ਯੁਗ ਕਿਹਾ ਜਾਂਦਾ ਹੈ। ਹੁਣ ਕਬੀਲਿਆਂ ਦੇ ਮੁੱਖੀਆਂ ਨੇ ਰਾਜਿਆਂ ਦੀ ਭੂਮਿਕਾ ਅਖਤਿਆਰ ਕਰ ਲਈ ਸੀ। ਰਜਵਾੜਾਸ਼ਾਹੀ ਸਥਾਪਤ ਹੋਣ ਉਪਰੰਤ ਹਰ ਰਾਜਾ ਆਪਣਾ ਵੱਖਰਾ ਮੁੱਖ ਦੇਵਤਾ ਚੁਣ ਲੈਂਦਾ ਸੀ ਜਿਸ ਦੇ ਅਧੀਨ ਕੁਝ ਹੋਰ ਪਰੰਪਰਾਗਤ ਦੇਵੀ-ਦੇਵਤੇ ਵੀ ਹੁੰਦੇ ਸਨ। ਹਰੇਕ ਰਾਜਾ ਕਿਸੇ ‘ ਸਿਆਣੇ ’ (witch-doctor) ਨੂੰ ਵੀ ਸਰਪ੍ਰਸਤੀ ਦੇ ਦਿੰਦਾ ਸੀ ਜੋ ਦੇਵਤੇ ਨੂੰ ਖੁਸ਼ ਕਰਨ ਲਈ ਪੂਜਾ ਦੀਆਂ ਰਹੁ-ਰੀਤਾਂ ਨਿਭਾਉਂਦਾ ਸੀ। ਹੁਣ ‘ ਸਿਆਣਿਆਂ ’ ਨੇ ਦੇਵੀ-ਦੇਵਤਿਆਂ ਦੇ ਰਹਿਣ ਦਾ ਸਥਾਨ ਇਸ ਧਰਤੀ ਦੇ ਸੰਸਾਰ ਵਿੱਚੋਂ ਬਦਲ ਕੇ ਦੂਰ-ਦੁਰਾਡੇ ਦੇ ਕਿਸੇ ਕਲਪਿਤ ਪਰਲੋਕ ਵਿਚ ਸਥਾਪਤ ਕਰ ਦਿੱਤਾ। ਰਾਜੇ ਅਤੇ ਚਲਾਕ ‘ ਸਿਆਣਿਆਂ ’ ਵਿਚਲਾ ਗੱਠ-ਜੋੜ ਹੋਰ ਤਕੜਾ ਹੁੰਦਾ ਗਿਆ ਅਤੇ ਦੋਵ੍ਹਾਂ ਨੇ ਰਲ ਕੇ ਆਮ ਆਦਮੀ ਦਾ ਸ਼ੋਸ਼ਣ ਅਰੰਭ ਕਰ ਦਿੱਤਾ, ਰਾਜੇ ਨੇ ਕਰਾਂ ਦੀ ਉਗਰਾਹੀ ਰਾਹੀਂ ਅਤੇ ‘ ਸਿਆਣੇ ’ ਨੇ ਪੂਜਾ ਸਥਾਨਾਂ ਉੱਤੇ ਇਕੱਤਰ ਕੀਤੀ ਜਾਂਦੀ ਭੇਟਾ-ਸਮੱਗਰੀ ਰਾਹੀਂ। ਇਸ ਤੋਂ ਅੱਗੇ ਧਰਤੀ ਉੱਤੇ ਦੂਸਰੇ ਕਬੀਲਿਆਂ ਦੇ ਮੁੱਖੀਆਂ ਨੂੰ ਅਧੀਨ ਕਰਕੇ ਬਣੇ ਨਿਰੁੰਕਸ਼ ਰਾਜੇ ਦੀ ਪਦਵੀ ਨੇ ਅਤੇ ਉਸ ਦੇ ਰਾਜ-ਪ੍ਰਬੰਧ ਨੇ ਚਲਾਕ ‘ ਸਿਆਣਿਆਂ ’ ਦੇ ਮਨਾਂ ਵਿਚ ਦੇਵੀ-ਦੇਵਤਿਆਂ ਦੇ ਸਬੰਧ ਵਿਚ ਵੀ ਅਜਿਹਾ ਹੀ ਪ੍ਰਬੰਧ ਸਿਰਜਣ ਦਾ ਵਿਚਾਰ ਪੈਦਾ ਕਰ ਦਿੱਤਾ। ਇਸ ਵਿਚਾਰ ਦੇ ਅਧਾਰ ਉੱਤੇ ਧਰਤੀ ਉਤਲੇ ਨਿਰੁੰਕਸ਼ ਰਾਜੇ ਦੀ ਸਥਾਪਤੀ ਦੇ ਸਮਾਨਅੰਤਰ ਈਸ਼ਵਰੀ-ਪ੍ਰਮੁੱਖ ਭਾਵ ਸਾਰੇ ਦੇਵੀ-ਦੇਵਤਿਆਂ ਦੇ ਉੱਪਰ ਇਕ ਸਰਵਸ਼ਕਤੀਮਾਨ ਨਿਰੁੰਕਸ਼ ਦੈਵੀ ਮੁੱਖੀ (‘ ਰਾਜੇ ’) ਦੀ ਕਲਪਨਾ ਕਰ ਲਈ ਗਈ। ਇਸ ਕਲਪਿਤ ਦੈਵੀ ਮੁੱਖੀ ਨੂੰ ਦਿੱਤਾ ਗਿਆ ਨਾਮ ਸੀ ‘ ਰੱਬ ’ (God)। ਇਹ ਸੀ ਉਹ ਪ੍ਰੀਕਿਰਿਆ ਜਿਸ ਰਾਹੀਂ ਸੱਤ ਕੁ ਹਜ਼ਾਰ ਸਾਲ ਪਹਿਲਾਂ ਮਨੁੱਖੀ ਕਲਪਨਾ ਨੇ ਰੱਬ (God) ਦੀ ਹੋਂਦ ਪੈਦਾ ਕਰ ਲਈ। ਇੰਜ ਹੋਇਆ ਰੱਬ ਦਾ ‘ ਜਨਮ ’।

ਮਜ਼ਹਬ ਦੀ ਉਤਪੱਤੀ

ਰੱਬ (God) ਦੀ ਹੋਂਦ ਭਾਵੇਂ ਪੂਰੀ ਤਰ੍ਹਾਂ ਕਲਪਿਤ ਸੀ ਪਰੰਤੂ ਉਸ ਦੀਆਂ ਕੁਝ ਕਲਪਿਤ ਲੋੜਾਂ ਵੀ ਉਤਪੰਨ ਹੋ ਗਈਆਂ ਸਨ। ਨਾਲੇ ‘ ਰੱਬ ’ ਇਕ ਰਾਜੇ ਸਮਾਨ ਸੀ, ਸਰਵਸ਼ਕਤੀਮਾਨ। ਉਸਦੇ ਰਾਜ-ਭਾਗ ਨੂੰ ਦਰਸਾਉਣ ਲਈ ਪਰਲੋਕ ਦੀ ਦੁਨੀਆਂ ਕਲਪਿਤ ਕਰ ਲਈ ਗਈ ਜਿਸ ਵਿਚ ਸਵਰਗ ਅਤੇ ਨਰਕ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਜਿੱਥੇ ਉਹ ਦੇਵੀ-ਦੇਵਤਿਆਂ, ਫਰਿਸ਼ਤੇ-ਪਰੀਆਂ, ਰੂਹਾਂ ਅਤੇ ਸ਼ੈਤਾਨ ਹਸਤੀਆਂ ਉੱਤੇ ਆਪਣੀ ਹਕੂਮਤ ਚਲਾਉਂਦਾ ਸੀ। ਨਾਲ ਹੀ ਉਹ ਧਰਤੀ ਉੱਤੇ ਰਹਿ ਰਹੇ ਪ੍ਰਾਣੀਆਂ ਉੱਤੇ ਵੀ ਕਰੜੀ ਨਿਗਾਹ ਰੱਖਦਾ ਸੀ। ਇਸ ਦੇ ਸੰਦਰਭ ਵਿਚ ਧਰਤੀ ਲਈ ਵੀ ਵਿਸ਼ੇਸ਼ ਸੰਕਲਪ ਘੜੇ ਗਏ ਜਿਹਨਾਂ ਵਿਚ ਮੌਤ ਤੋਂ ਬਾਦ ਦਾ ਜੀਵਨ, ਪੈਗੰਬਰੀ ਹੋਂਦ, ਭੂਤ-ਪਰੇਤ, ਪੁਜਾਰੀ-ਵਿਵਸਥਾ, ਪਾਪ ਅਤੇ ਪੁੰਨ, ਕਰਮ ਅਤੇ ਕਰਮਾਂ ਦਾ ਫਲ, ਧਰਮ-ਗ੍ਰੰਥ, ਮਿਥਹਾਸ, ਪੂਜਾ-ਅਸਥਾਨ, ਮੱਠ, ਰਹੁ-ਰੀਤਾਂ ਅਤੇ ਕਰਮਕਾਂਡ ਆਦਿਕ ਸ਼ਾਮਲ ਸਨ। ਦੇਵਤਿਆਂ ਨੂੰ ਤਾਂ ਕੇਵਲ ਧਰਤੀ ਉਤਲੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਜਾਦੂਈ ਜਾਂ ਅਪ੍ਰਾਕ੍ਰਿਤਿਕ ਸ਼ਕਤੀਆ ਦੇ ਤੌਰ ਤੇ ਕਿਆਸਿਆ ਗਿਆ ਸੀ ਨਾ ਕਿ ਕਰਤਾਰੀ ਸ਼ਕਤੀਆ ਦੇ ਤੌਰ ਤੇ ਪਰੰਤੂ ਕਲਪਿਤ ਰੱਬ ਨੂੰ ਧਰਤੀ ਅਤੇ ਇਸ ਉਤਲੇ ਜੀਵਨ ਨੂੰ ਸ਼ਾਮਲ ਕਰਕੇ ਬਣੇ ਹੋਏ ਇਸ ਬ੍ਰਹਮੰਡ ਦੇ ਪੈਦਾ ਕਰਨ ਵਾਲੀ ਅਤੇ ਉਸ ਨੂੰ ਕਾਬੂ ਹੇਠ ਰੱਖ ਕੇ ਚਲਾਉਣ ਵਾਲੀ ਸ਼ਕਤੀ ਦੇ ਤੌਰ ਤੇ ਵੀ ਉਭਾਰਿਆ ਗਿਆ। ਇਸ ਤਰ੍ਹਾਂ ਦੇ ਕਲਪਿਤ ਰੱਬ ਦੀ ਪ੍ਰਾਲੌਕਿਕ ਹੋਂਦ ਵਿਚ ਕੁਝ ਵਿਸ਼ੇਸ਼ ਅੰਸ਼ਾਂ ਦਾ ਹੋਣਾ ਵੀ ਜ਼ਰੂਰੀ ਸੀ। ਅਜਿਹੇ ਵਿਸ਼ੇਸ਼ ਅੰਸ਼ਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਅੰਸ਼ ਆਤਮਾ (soul) ਦਾ ਸੀ ਜਿਹਨਾਂ ਦਾ ਬਾਕੀ ਦੇਵੀ-ਦੇਵਤਿਆਂ ਅਤੇ ਧਰਤੀ ਉੱਤੇ ਵੱਸਦੇ ਲੋਕਾਂ ਵਿਚ ਮੌਜੂਦ ਹੋਣਾ ਵੀ ਕਿਆਸ ਲਿਆ ਗਿਆ ਸੀ। ਧਰਤੀ ਉਤਲੇ ਕੁਝ ਇਲਾਕਿਆਂ ਜਿਵੇਂ ਕਿ ਭਾਰਤੀ ਖਿੱਤੇ ਵਿਚ ਪਸ਼ੂਆਂ ਅਤੇ ਏਥੋਂ ਤਕ ਕਿ ਪੌਦਿਆਂ/ਬਿਰਖਾਂ ਵਿਚ ਵੀ ਆਤਮਾਂ ਦੀ ਹੋਂਦ ਦੀ ਮੌਜੂਦਗੀ ਮੰਨ ਲਈ ਗਈ ਸੀ। ‘ ਰੱਬ ’ ਨੂੰ ਉਹਨਾਂ ਸਾਰੀਆਂ ਕਲਪਿਤ ਆਤਮਾਵਾਂ ਵਿੱਚੋਂ ਸਰਵਸ੍ਰੇਸ਼ਟ (supreme) ਮੰਨਿਆ ਗਿਆ ਅਤੇ ਪ੍ਰਮਾਤਮਾ ( ਪਰਮ+ਆਤਮਾ) ਦਾ ਨਾਮ ਦਿੱਤਾ ਗਿਆ। ਕਲਪਿਤ ਆਤਮਾ, ਕਲਪਿਤ ਪਰਮ-ਆਤਮਾ (God) ਅਤੇ ਬਾਕੀ ਪ੍ਰਾਲੌਕਿਕ ਅੰਸ਼ਾਂ ਨੂੰ ਮਿਲਾ ਕੇ ਜੋ ਫਲਸਫਾਈ ਰੂਪ ਹੋਂਦ ਵਿਚ ਆਇਆ ਉਸ ਨੂੰ ‘ਆਤਮਵਾਦ’ (spirituality) ਦਾ ਨਾਮ ਦਿੱਤਾ ਗਿਆ ਅਤੇ ਉਸ ਨੂੰ ਵਿਵਹਾਰਿਕ ਰੂਪ ਦੇਣ ਲਈ ਜੋ ਸੰਸਥਾਗਤ ਢਾਂਚਾ ਹੋਂਦ ਵਿਚ ਲਿਆਂਦਾ ਗਿਆ ਉਸ ਨੂੰ ‘ ਮਜ਼ਹਬ/ਧਰਮ/ਰਿਲੀਜਨ ’ ਦਾ ਨਾਮ ਦੇ ਦਿੱਤਾ ਗਿਆ।

(ਚਲਦਾ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.