.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:03)

ਵੀਰ ਭੁਪਿੰਦਰ ਸਿੰਘ

11. ਲੋਕ-ਪਰਲੋਕ ਗਵਾਉਣਾ:

ਮੰਦੇ ਖਿਆਲਾਂ ਕਾਰਨ ਮੰਦੇ ਅਮਲਾਂ ਵਾਲੀ ਜ਼ਿੰਦਗੀ ਜਿਊਣਾ ਹੀ ‘ਲੋਕ-ਪਰਲੋਕ ਗਵਾਉਣਾ’ ਕਹਿਲਾਉਂਦਾ ਹੈ। ਰੱਬੀ ਗੁਣਾਂ ਤੋਂ ਮੁਨਕਰ ਹੋ ਕੇ, ਮੰਦੇ ਖਿਆਲਾਂ ਕਾਰਣ ਸਰੀਰ ਵਲੋਂ ਮੰਦੇ ਕਰਮ ਕਰਨਾ।

12.  ਲੋਕ ਸੁਖੀਏ ਪਰਲੋਕ ਸੁਹੇਲੇ:

ਵਿਕਾਰਾਂ ਅਧੀਨ ਮਨ, ਮਨੁੱਖ ਨੂੰ ਨਰਕੀ ਅਵਸਥਾ ਦਾ ਵਾਸੀ ਬਣਾਉਂਦਾ ਹੈ। ਪਰ ਜੇ ਇਹ ਮਨ ਰੱਬੀ ਗੁਣਾਂ ਦੇ ਅਧੀਨ ਹੋਵੇ ਤਾਂ ਇਹ ਪਰਲੋਕ ਦਾ ਵਾਸੀ ਬਣਦਾ ਹੈ। ਚੰਗੇ ਗੁਣਾਂ ਵਾਲੇ, ਰੱਬੀ ਇੱਕਮਿਕਤਾ ਵਾਲੇ ਖਿਆਲਾਂ ਦੀ ਮੱਤ ਪ੍ਰਾਪਤ ਕਰਨਾ ਹੀ ਪਰਲੋਕ ਕਹਿਲਾਉਂਦਾ ਹੈ।

ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1253)

ਭਾਵ ਜਦੋਂ ਮਨ ਸਤਿਗੁਰ ਦੀ ਮੱਤ ਅਧੀਨ ਹੋਵੇ ਤਾਂ ਇਹ ਪਰਲੋਕ ਦੀ ਅਵਸਥਾ ਦਾ ਲਖਾਇਕ ਹੈ।

ਪਰਲੌਕਿਕ (ਰੱਬੀ) ਗੁਣਾਂ ਦੇ ਸਦਕੇ ਮਨੁੱਖ ਦੇ ਸਰੀਰਕ ਕਰਮ ਭਾਵ ‘ਲੋਕ’ ਵੀ ਚੰਗਾ ਹੋ ਜਾਂਦਾ ਹੈ। ਇਸੇ ਅਵਸਥਾ ਨੂੰ ‘ਲੋਕ ਸੁਖੀਏ ਪਰਲੋਕ ਸੁਹੇਲੇ’ ਕਹਿੰਦੇ ਹਨ। ਵਿਚਾਰਨ ਯੋਗ ਗੱਲ ਇਹ ਹੈ ਕਿ ਜਿਸਦੀ ਸੁਰਤ, ਮੱਤ, ਮਨ, ਬੁੱਧੀ ਪਰਲੌਕਿਕ ਗੁਣਾਂ ਵਾਲੀ ਬਣ ਜਾਂਦੀ ਹੈ, ਉਸ ਮਨੁੱਖ ਦੀਆਂ ਚੰਗੀਆਂ ਅਤੇ ਉਸਾਰੂ ਕਰਨੀਆਂ ਕਰਕੇ ਲੋਕ ਵੀ ਸੰਵਰ ਗਿਆ ਹੁੰਦਾ ਹੈ। ‘ਪਰਲੋਕ’ ਸੁਹੇਲੇ ਕਾਰਨ ‘ਲੋਕ’ ਸੁਖੀ ਬਣਦਾ ਹੈ।

13. ਗਾਉਣਾ (ਗਾਵੈ):

ਮਨ ਉੱਤੇ ਜਿਸ ਵੀ ਵਿਸ਼ੇ ਦੀ ਧੁੰਨ ਸਵਾਰ ਹੁੰਦੀ ਹੈ, ਮਨ ਉਸੇ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਸਰੀਰ ਕਰਕੇ ਉਸ ਧੁੰਨ ’ਤੇ ਨੱਚਣਾ ਸ਼ੁਰੂ ਕਰ ਦੇਂਦਾ ਹੈ। ਭਾਵ ਵੈਸੇ ਹੀ ਕੰਮ ਕਰਦਾ ਹੈ। ਉਦਾਹਰਣ ਦੇ ਤੌਰ ’ਤੇ ਸਾਡਾ ਬੱਚਾ ਸਾਰਾ ਦਿਨ ਕ੍ਰਿਕੇਟ, ਬੇਸ-ਬਾਲ ਜਾਂ ਫੁੱਟ-ਬਾਲ ਦੀਆਂ ਖੇਡਾਂ ਟੀ.ਵੀ ਰਾਹੀਂ ਤੱਕਦਾ ਹੈ ਤਾਂ ਬੱਚਾ ਮਨ ਕਰਕੇ ਜਿਸ ਖੇਡ ਨੂੰ ਪਸੰਦ ਕਰਦਾ ਹੈ ਉਸ ਦੀ ਧੁੰਨ ਹੀ ਉਸ ’ਤੇ ਸਵਾਰ ਹੋ ਜਾਂਦੀ ਹੈ। ਸਿੱਟੇ ਵਜੋਂ ਬੱਚਾ ਉਸੇ ਖੇਡ ਨੂੰ ਖੇਡਦਾ ਹੈ।

ਜੇ ਕਰ ਕਿਸੇ ਦੇ ਮਨ ’ਤੇ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਧੁੰਨ ਸਵਾਰ ਹੋਵੇ ਤਾਂ ਉਹ ਸ਼ਰਾਬ ਦੇ ਗੁਣ ਗਾਉਂਦਾ ਹੈ ਅਤੇ ਫਿਰ ਅਮਲੀ ਤੋਰ ਤੇ ਸ਼ਰਾਬ ਪੀਣ ਲਗ ਪੈਂਦਾ ਹੈ ਅਤੇ ਸ਼ਰਾਬੀਆਂ ਦੀ ਸੰਗਤ ’ਚ ਬੈਠਣਾ ਪਸੰਦ ਕਰਦਾ ਹੈ। ਜੇਕਰ ਟੀ.ਵੀ ਉੱਤੇ ਫਿਲਮਾਂ ਵੇਖ ਕੇ ਅਸ਼ਲੀਲ ਫੈਸ਼ਨ ਦੀ ਧੁੰਨ ’ਚ ਕੋਈ ਮਸਤ ਹੋਵੇ ਤਾਂ ਉਸੇ ਤਰ੍ਹਾਂ ਦਾ ਫੈਸ਼ਨ ਕਰਨਾ ਸ਼ੁਰੂ ਕਰ ਦੇਂਦਾ ਹੈ। ਅਸੀਂ ਸਾਰੇ ਉਸੀ ਕੰਮ ਨੂੰ ਕਰਨਾ ਪਸੰਦ ਕਰਦੇ ਹਾਂ ਜਿਸ ਦੀ ਧੁੰਨ ਸਾਡੇ ਮਨ ਉੱਤੇ ਸਵਾਰ ਹੋਵੇ।

ਆਮਤੋਰ ਉੱਤੇ ਅਸੀਂ ਗੁਰਬਾਣੀ ਵਿਚ ਆਈ ਸ਼ਬਦਾਵਲੀ ਜਿਵੇਂ ਕਿ ‘ਗਾਵੈ’, ‘ਗੁਣ ਗਾਵਉ’ ਜਾਂ ‘ਹਰਿ ਕੀਰਤਨੁ ਗਾਈਐ’ ਨੂੰ ਜ਼ਬਾਨ, ਮੂੰਹ ਜਾਂ ਗਲੇ ਨਾਲ ਗਾਉਣ ਜਾਂ ਕਿਸੇ ਸਾਜ਼ ਨੂੰ ਵਜਾ ਕੇ ਉਸ ਨਾਲ ਗਾਉਣ ਨੂੰ ਹੀ ਸਮਝ ਲੈਂਦੇ ਹਾਂ। ਦਰਅਸਲ, ਮਨ ਜਿਸ ਤਰ੍ਹਾਂ ਦੇ ਗੁਣ ਗਾਉਂਦਾ ਹੈ, ਤਨ ਵੀ ਵੈਸੇ ਹੀ ਕਰਮ ਕਰਦਾ ਹੈ। ਸਤਿਗੁਰ ਦੀ ਮਤ ਲੈ ਕੇ ਰੱਬੀ ਯਾਦ ਦੀ ਧੁੰਨ ’ਚ ਰੱਬੀ ਗੁਣ ਜਿਊਣਾ ਹੀ ਰੱਬੀ ਗੁਣ ਗਾਉਣਾ ਕਹਿਲਾਉਂਦਾ ਹੈ।

14.  ਵੇਲੇ ਦਾ ਰਾਗ ਗਾਉਣਾ (ਠੀਕ ਵਕਤ ਉੱਤੇ ਮੌਕੇ ਦਾ ਕੰਮ ਕਰਨਾ):

ਅਸੀਂ ਜਿਸ ਵੀ ਕੰਮ ਵਿਚ ਮੌਜੂਦ ਹੁੰਦੇ ਹਾਂ ਉੱਥੇ ਪੂਰੀ ਤਰ੍ਹਾਂ ਉਸੇ ਕੰਮ ਨੂੰ ਦ੍ਰਿੜਤਾ ਨਾਲ ਕਰੀਏ ਤਾਂ ਮਾਨੋ ਵੇਲੇ ਦਾ ਰਾਗ ਗਾਉਂਦੇ ਪਏ ਹਾਂ।

ਜ਼ਿੰਦਗੀ ਇੱਕ ਵਧੀਆ ਸਮਾਂ ਹੈ ਜਿਸ ਵਿਚ ਰੱਬੀ ਗੁਣਾਂ ਨੂੰ ਗਾਉਣ ਲਈ ਸਤਿਗੁਰ ਦੀ ਮੱਤ ਦੇ ‘ਤੱਤ ਗਿਆਨ’ ਦਾ ਰਾਗ ਗਾਉਣਾ ਹੀ ‘ਵੇਲੇ ਦਾ ਰਾਗ’ ਹੈ। ਜੇ ਸਾਡਾ ਜੀਵਨ ਕੁਵੇਲੇ ਭਾਵ ‘ਵਿਕਾਰੀ ਮੱਤ’ ਦਾ, ਮਾੜੇ ਖਿਆਲਾਂ ਦਾ ਰਾਗ ਗਾਉਂਦਾ ਹੈ ਤਾਂ ਸਿੱਟੇ ਵਜੋਂ ਸਾਡਾ ਜੀਵਨ ਬੇਤਾਲਾ ਬਣ ਜਾਂਦਾ ਹੈ ‘ਓਇ ਖਪਿ ਖਪਿ ਮੁਏ ਕਰਾਂਝਾ’ ਸਾਰਾ ਜੀਵਨ ਖੁਆਰ, ਅਸ਼ਾਂਤ ਕਰਨ ਵਾਲਾ ਦੁਖਦਾਈ, ਰਾਗ ਦੀ ਤਾਲ ਉੱਤੇ ਨੱਚਣ ਲਗ ਪੈਂਦਾ ਹੈ। ਮਨ ਅਤੇ ਤਨ ਬੇਚੈਨੀ ਦੇ ਭਾਗੀ ਬਣ ਜਾਂਦੇ ਹਨ। ‘ਸਚੁ ਸੁਣਾਇਸੀ ਸਚ ਕੀ ਬੇਲਾ’ ਭਾਵ ਜਿਉਂ-ਜਿਉਂ ਮਨ ਸਤਿਗੁਰ ਦੀ ਮੱਤ (ਸੱਚਾ ਨਾਮ, ਗਿਆਨ) ਸੁਣਦਾ ਹੈ ਤਾਂ ਵੈਸਾ ਜੀਵਨ ਹੀ ਰਾਗ-ਤਾਲ ਬਣ ਜਾਂਦਾ ਹੈ। ਵਰਨਾ ਸਾਡਾ ਮਨ ਸੱਚ ਨੂੰ ਝੂਠ, ਮਿੱਠੇ ਨੂੰ ਕੌੜਾ ਅਤੇ ਰਾਤ ਨੂੰ ਦਿਨ ਜਾਂ ‘ਕੂੜੁ ਫਿਰੈ ਪਰਧਾਨੁ ਵੇ ਲਾਲੋ’ ਵਾਲੇ ਕੁਵੇਲੇ ਦਾ ਰਾਗ ਗਾਉਂਦਾ ਰਹਿੰਦਾ ਹੈ।

15. ਟੇਢੀ ਚਾਲਾਂ ਚਲਨਾ (ਖੋਟੇ, ਉਲਟੇ, ਵਿੰਗੇ ਰਾਹਾਂ ਤੇ ਤੁਰਨਾ):

ਜੋ ਮਨ ਵਿਕਾਰਾਂ, ਚਤੁਰਾਈਆਂ, ਕਰਮਕਾਂਡਾਂ, ਪਾਖੰਡਾਂ ਵਾਲਾ ਜੀਵਨ ਜਿਊਂਦਾ ਹੈ, ਉਸਦੀ ਪਰਪੰਚੀ ਸੋਚ ਉਸ ਕੋਲੋਂ ਤਨ ਕਰਕੇ ਮਾੜੇ ਕਰਮ ਕਰਵਾਉਂਦੀ ਹੈ। ਮਨੁੱਖ ਸੋਚਦਾ ਹੈ ਕਿ, ਰੋਟੀ ਖਾਓ ਸ਼ੱਕਰ ਸੇ, ਦੁਨੀਆ ਲੂਟੋ ਮਕਰ ਸੇ’। ਪਰ ਐਸਾ ਮਨੁੱਖ ਦਾ ਭਰਮ ਹੁੰਦਾ ਹੈ ਕਿ ਮੈਂ ਹੋਰਨਾ ਨੂੰ ਮੂਰਖ ਬਣਾਕੇ ਸੁਆਰਥ ਪੂਰੇ ਕਰ ਲਵਾਂਗਾ। ਦਰਅਸਲ ਐਸਾ ਮਨੁੱਖ ਆਪਣੇ ਆਪ ਨੂੰ ਮੂਰਖ ਬਣਾ ਕੇ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਹੁੰਦਾ ਹੈ। ਟੇਢੀਆਂ ਅਤੇ ਕੋਝੀਆਂ ਚਾਲਾਂ ਦਾ ਵਿੰਗਾ ਰਾਹ ਫੜਨ ਵਾਲਾ ਮਨੁੱਖ ਸੱਚੇ ਮਾਰਗ `ਤੇ ਤੁਰਨ ਤੋਂ ਮੁਨਕਰ ਹੋ ਜਾਂਦਾ ਹੈ। ਕਮਜ਼ੋਰੀ ਕਾਰਨ ਆਪਣੀ ਦ੍ਰਿੜਤਾ ਗੁਆ ਬੈਠਦਾ ਹੈ। ਐਸਾ ਮਨੁੱਖ ਕਾਣ, ਡਿੰਗ, ਟੇਢ ਜਾਂ ਆਨਾਕਾਨੀ ਕਰਦਾ ਹੈ। ਦ੍ਰਿੜਤਾ ਨਾਲ ਸੱਚ ਨਾਲ ਪ੍ਰੀਤ ਨਹੀਂ ਕਰਦਾ। ਗੁਰਬਾਣੀ ਵਿਚ ਐਸੇ ਮਨੁੱਖ ਨੂੰ ਹੀ ਪੁੱਛਿਆ ਜਾਂਦਾ ਹੈ ‘ਚਲਤ ਕਤ ਟੇਢੇ ਟੇਢੇ ਟੇਢੇ’। ਸਿੱਧੇ ਰਾਹ ਉੱਤੇ ਤੁਰਨਾ ਸੌਖਾ ਹੁੰਦਾ ਹੈ, ਬਸ਼ਰਤੇ ਸਤਿਗੁਰ ਦੀ ਦੱਸੀ ਕਾਰ ਕਮਾਉਣ ਲਈ ਮਨੋਬਲ ਵਧਾਈਏ। ਇਨਸਾਨੀਅਤ ਭਰਪੂਰ ਜੀਵਨੀ ਜਿਊਣ ਲਈ ਹਰੇਕ ਮਨੁੱਖ ਨੂੰ ਮਨ ਅਤੇ ਤਨ ਕਰਕੇ ਸਿੱਧਾ-ਸਾਦਾ ਜੀਵਨ ਜਿਊਣਾ ਚਾਹੀਦਾ ਹੈ। ਮਨ ਨੀਵਾਂ ਤੇ ਮੱਤ ਨੂੰ ਉੱਚੀ ਕਰਨ ਵਾਲਾ ਜੀਵਨ ਹੀ ਸਾਦਾ, ਪਧਰਾ ਅਤੇ ਗਾਡੀ ਰਾਹ ਹੈ।

(ਸੰਪਾਦਕੀ ਨੋਟ:- ਕੁੱਝ ਹਫਤੇ ਪਹਿਲਾਂ, ਅਕਤੂਬਰ ਦੇ ਪਹਿਲੇ ਹਫਤੇ ਮੇਰਾ ਕੰਪਿਊਟਰ ਅਚਾਨਕ ਹੀ ਡੈੱਡ ਹੋ ਗਿਆ ਸੀ ਜੋ ਕਿ ਠੀਕ ਨਹੀਂ ਸੀ ਹੋ ਸਕਦਾ। ਉਸੇ ਹਫਤੇ 6 ਅਕਤੂਬਰ ਨੂੰ ਮੈਂ ਤੁਹਾਡੇ ਆਪਣੇ ਪੰਨੇ ਤੇ ਇਸ ਬਾਰੇ ਇੱਕ ਨੋਟ ਪਾਇਆ ਸੀ ਅਤੇ ਇਹ ਵੀ ਲਿਖਿਆ ਸੀ ਕਿ ਜਿਨ੍ਹਾਂ ਦੇ ਲੇਖ ਤਕਰੀਬਨ ਹਰ ਹਫਤੇ ਛਪਦੇ ਹਨ ਅਤੇ ਉਹ ਆਪਣੇ ਲੇਖ ਇਕੱਠੇ ਹੀ ਭੇਜਦੇ ਹਨ, ਉਹ ਦੁਬਾਰਾ ਭੇਜ ਦੇਣ। ਪ੍ਰਿੰ: ਗੁਰਬਚਨ ਸਿੰਘ ਨੇ ਤਾਂ ਦੋ ਕੁ ਹਫਤੇ ਬਾਅਦ ਭੇਜ ਦਿੱਤੇ ਸਨ ਪਰ ਵੀਰ ਭੁਪਿੰਦਰ ਸਿੰਘ ਵਲੋਂ ਨਹੀਂ ਭੇਜੇ ਗਏ। ਜਿਹੜੇ ਸੱਜਣ ਇਨ੍ਹਾਂ ਦੇ ਲੇਖ ਭੇਜਦੇ ਹਨ ਸ਼ਾਇਦ ਉਨ੍ਹਾਂ ਨੇ ਨੋਟ ਨਾ ਪੜ੍ਹਿਆ ਹੋਵੇ। ਹਾਰਡ ਡਿਸਕ ਨੂੰ ਯੂ. ਐੱਸ. ਬੀ. ਨਾਲ ਪੜ੍ਹਨ ਵਾਲਾ ਹਾਰਡਵੇਅਰ ਕੁੱਝ ਦਿਨ ਪਹਿਲਾਂ ਹੀ ਮਿਲਿਆ ਹੈ ਜਿਸ ਨਾਲ ਪੁਰਾਣੇ ਕੰਪਿਊਟਰ ਦੀ ਡਿਸਕ ਪੜ੍ਹ ਹੋ ਗਈ ਹੈ ਅਤੇ ਵੀਰ ਭੁਪਿੰਦਰ ਸਿੰਘ ਦੇ ਇਹ ਲੇਖਾਂ ਵਾਲੀ ਫਾਈਲ ਲੱਭ ਗਈ ਹੈ। ਹੁਣ ਇਹ ਪੰਜ ਅਖਾਣ ਹਰ ਹਫਤੇ ਛਪਦੇ ਰਹਿਣਗੇ)




.