.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪੂਰਬਲੇ ਜਨਮ


ਬੁੱਧੀ ਦਾ ਵਿਕਾਸ ਨਾ ਹੋਣ ਕਰਕੇ ਮਨੁੱਖ ਅਗਿਆਨਤਾ ਦੇ ਹਨ੍ਹੇਰੇ ਵਿੱਚ ਰਹਿੰਦਾ ਹੋਇਆ ਹਰੇਕ ਚੀਜ਼ ਕੋਲੋਂ ਡਰਦਾ ਹੈ। ਮਨੁੱਖ ਦੀ ਡਰਨ ਵਾਲੀ ਬਿਰਤੀ ਦਾ ਪੁਜਾਰੀ ਨੇ ਬਹੁਤ ਫਾਇਦਾ ੳਠਾਇਆ ਹੈ। ਪੁਜਾਰੀ ਇਹ ਗੱਲ ਸਮਝਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਕਿ ਜਿਹੜੇ ਹੁਣ ਰਾਜੇ ਜਾਂ ਅਮੀਰ ਹਨ ਇਹਨਾਂ ਆਪਣੇ ਪਿੱਛਲੇ ਜਨਮ ਵਿੱਚ ਬੰਦਗੀ ਕਰਦਿਆਂ ਦਾਨ ਪੁੰਨ ਵੀ ਬਹੁਤ ਕੀਤਾ ਹੋਇਆ ਸੀ ਜਿਸ ਕਰਕੇ ਇਹ ਰਾਜੇ ਬਣ ਗਏ ਹਨ। ਜਿਹੜੇ ਗਰੀਬੀ ਨਾਲ ਘੁਲ਼ ਰਹੇ ਹਨ ਜਾਂ ਕੋਈ ਬਿਮਾਰੀਆਂ ਨਾਲ ਤੜਫ ਰਹੇ ਹਨ ਇਹਨਾਂ ਨੇ ਪਿੱਛਲੇ ਜਨਮ ਵਿੱਚ ਦਾਨ ਪੁੰਨ ਨਹੀਂ ਕੀਤਾ, ਇਸ ਲਈ ਇਹ ਹੁਣ ਦੁਖ ਭੋਗ ਰਹੇ ਹਨ। ਦੂਸਰਾ ਜੇ ਰਾਜਿਆਂ ਨੇ ਹੁਣ ਦਾਨ ਪੁੰਨ ਨਾ ਕੀਤਾ ਤਾਂ ਅਗਾਂਹ ਇਹ ਵੀ ਗਰੀਬ ਬਣ ਜਾਣਗੇ। ਵਰਤਮਾਨ ਜੀਵਨ ਸਵਾਰਨ ਦੀ ਥਾਂ `ਤੇ ਲੋਕ ਪੁਜਾਰੀਆਂ ਦੇ ਇਹਨਾਂ ਝੂਠਿਆਂ ਲਾਰਿਆਂ ਵਿੱਚ ਫਸ ਕੇ ਰਹਿ ਗਏ ਹਨ। ਸਿੱਖੀ ਵਿੱਚ ਵੀ ਜ਼ਿਆਦਾ ਪ੍ਰਚਾਰ ਏਸੇ ਬਿਨਾਅ ਦਾ ਹੀ ਕੀਤਾ ਗਿਆ ਹੈ। ਸਿੱਖੀ ਭੇਸ ਵਿੱਚ ਸਾਧਾਂ ਤਥਾ ਹੋਰ ਬਿੱਪਰੀ ਸੋਚ ਵਾਲੇ ਪ੍ਰਚਾਰਕਾਂ ਨੇ ਵੀ ਏਸੇ ਕਿਸਮ ਦਾ ਹੀ ਪ੍ਰਚਾਰ ਕੀਤਾ ਹੈ----
ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ॥
ਬਿਪਰੀਤ ਬੁਧ੍ਯ੍ਯੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ॥ ੨੪॥
ਅੱਖਰੀਂ ਅਰਥ--— ਪੂਰਬਲੇ ਜਨਮਾਂ ਵਿੱਚ ਕੀਤੇ ਪੁੰਨ-ਕਰਮਾਂ ਦਾ ਸਦਕਾ ਰਾਜੇ (ਇਥੇ ਰਾਜ-ਮਿਲਖ ਦੀ) ਮਾਲਕੀ ਮਾਣਦੇ ਹਨ ਪਰ, ਹੇ ਨਾਨਕ! ਇਥੇ ਨਾਸਵੰਤ ਜਗਤ ਵਿੱਚ (ਉਹਨਾਂ ਸੁਖਾਂ ਦੇ ਕਾਰਨ) ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ, ਉਹ ਚਿਰਕਾਲ ਤਕ ਦੁੱਖ ਭੋਗਦੇ ਹਨ।
ਵਿਚਾਰ ਚਰਚਾ—
੧ ਜੇ ਇਹ ਮੰਨ ਲਿਆ ਜਾਏ ਕਿ ਸਾਡੇ ਜਨਮ ਤੋਂ ਪਹਿਲਾਂ ਵਾਲਾ ਸਾਡਾ ਕੋਈ ਹੋਰ ਜੀਵਨ ਸੀ ਤੇ ਉਸ ਜੀਵਨ ਵਿੱਚ ਕੀਤੇ ਕਰਮਾਂ ਦਾ ਫਲ਼ ਹੁਣ ਭੋਗ ਰਹੇ ਹਾਂ ਤਾਂ ਵਰਤ ਮਾਨ ਜੀਵਨ ਵਿੱਚ ਜਿਸ ਬੱਚੀ ਨਾਲ ਬਲਾਤਕਾਰ ਹੋਇਆ ਹੈ ਤਾਂ ਕੀ ਉਸ ਨੂੰ ਕਿਸੇ ਪਿੱਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਫਲ਼ ਮਿਲਿਆ ਹੈ?
੨ ਜੇ ਪਿੱਛਲੇ ਜਨਮ ਦੇ ਕੀਤੇ ਕਰਮਾਂ ਦੀ ਸਜਾਅ ਸਾਨੂੰ ਹੁਣ ਮਿਲ ਰਹੀ ਹੈ ਤਾਂ ਫਿਰ ਸ਼ਹੀਦੀਆਂ ਨੂੰ ਕਿੱਥੇ ਰੱਖਾਂਗੇ? ਕੀ ਸ਼ਹੀਦੀਆਂ ਵਰਤਮਾਨ ਸਮੇਂ ਵਿੱਚ ਬੇ-ਇਨਸਾਫ਼ੀ, ਜ਼ੁਲਮ ਦੇ ਖ਼ਿਲਾਫ਼ ਸਨ ਜਾਂ ਕੋਈ ਪਿੱਛਲੇ ਜਨਮ ਵਿੱਚ ਕੀਤੇ ਹੋਏ ਕਰਮਾਂ ਦਾ ਫਲ਼ ਮਿਲਿਆ ਹੈ?
੩ ਜੇ ਪਿੱਛਲੇ ਜਨਮਾਂ ਦੇ ਕੀਤੇ ਕਰਮ ਹੀ ਅਸੀਂ ਭੋਗ ਰਹੇ ਹਾਂ ਤਾਂ ਫਿਰ ਕਿਸੇ ਨੂੰ ਵੀ ਕੋਟ ਕਚਹਿਰੀਆਂ ਵਿੱਚ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਹਰੇਕ ਮਨੁੱਖ ਪਿੱਛਲੇ ਜਨਮ ਵਿੱਚ ਕੀਤੇ ਹੋਏ ਕਰਮਾਂ ਦਾ ਹੀ ਫਲ਼ ਭੋਗ ਰਿਹਾ ਹੈ।
੪ ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਇਸ ਜਨਮ ਤੋਂ ਪਹਿਲਾਂ ਕੋਈ ਹੋਰ ਜਨਮ ਨਹੀਂ ਮੰਨਦੀ ਹੈ। ਇਹ ਜਨਮ ਹੀ ਪਹਿਲਾ ਅਤੇ ਅਖੀਰਲਾ ਹੈ। ਵਰਤਮਾਨ ਜੀਵਨ ਵਿੱਚ ਕੀਤਾ ਗਿਆ ਹਰ ਕਰਮ ਪੂਰਬਲ਼ਾ ਕਰਮ ਬਣਦਾ ਜਾਂਦਾ ਹੈ। ਪਿੱਛਲੀ ਪੜ੍ਹਾਈ ਕਰਨ ਨਾਲ ਹੀ ਵਿਦਿਆਰਥੀ ਅਗਲੀ ਜਮਾਤ ਵਿੱਚ ਜਾਂਦਾ ਹੈ।
੫ ਗੁਰਬਾਣੀ ਸਾਨੂੰ ਵਰਤਮਾਨ ਜੀਵਨ ਵਿੱਚ ਸਚਿਆਰ ਬਣਨ ਲਈ ਆਖ ਰਹੀ ਹੈ।
੬ ਬਹੁਤ ਸਾਰੇ ਗਪੌੜ ਅਕਸਰ ਸੁਣਦੇ ਰਹਿੰਦੇ ਹਾਂ ਕਿ ਜੀ ਫਲਾਣੇ ਨੇ ਆਪਣਾ ਪਿੱਛਲਾ ਜਨਮ ਦੱਸਿਆ ਸੀ ਜਿਹੜਾ ਬਿਲਕੁਲ ਗੈਰ ਕੁਦਰਤੀ ਵਰਤਾਰਾ ਤੇ ਅਨਹੋਣੀਆਂ ਗੱਲਾਂ ਹਨ।
੭ ਰਾਜਾ ਕੌਣ ਬਣਦਾ ਹੈ? ਕੀ ਸਾਰੀ ਮਨੁੱਖਤਾ ਰਾਜਾ ਬਣ ਸਕਦੀ ਹੈ? ਇਸ ਦਾ ਉੱਤਰ ਜਿਸ ਮਨੁੱਖ ਨੇ ਵੀ ਵਰਤਮਾਨ ਵਿੱਚ ਸਮੇਂ ਦੀ ਸੰਭਾਲ਼ ਕੀਤੀ ਹੈ ਉਹ ਹੀ ਦਿੱਲ ਦਾ ਰਾਜਾ ਬਣਦਾ ਹੈ- ਭਾਵ ਮਿੱਥੀ ਹੋਈ ਮੰਜ਼ਿਲ `ਤੇ ਪਹੁੰਚਦਾ ਹੈ। ਵਰਤਮਾਨ ਜੀਵਨ ਵਿੱਚ ਦੈਵੀ ਗੁਣਾਂ ਨੂੰ ਸੰਭਾਲਣ ਵਾਲਾ ਮਨ ਦਾ ਰਾਜਾ ਬਣਦਾ ਹੈ।
੮ ਵਿਕਸਤ ਮੁਲਕਾਂ ਵਿੱਚ ਹਰੇਕ ਮਿਹਨਤ ਕਰਨ ਵਾਲਾ ਮਨੁੱਖ ਜ਼ਿੰਦਗੀ ਦੀ ਹਰੇਕ ਸਹੂਲਤ ਲੈ ਸਕਦਾ ਹੈ।
੯ ਅਹਿਮ ਨੁਕਤਾ ਹੈ ਕਿ ਰੁਤਬਾ ਹਾਸਲ ਕਰਕੇ ਉਸ ਰੁਤਬੇ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣਾ ਹੈ ਜੇ ਮਾੜੀ ਜੇਹੀ ਵੀ ਕੋਈ ਢਿੱਲ ਆ ਗਈ ਤਾਂ ਅਰਸ਼ ਤੋਂ ਫਰਸ਼ `ਤੇ ਆ ਸਕਦਾ ਹੈ।
੧੦ ਏੱਥੇ ਇੱਕ ਹੋਰ ਨੁਕਤਾ ਵੀ ਕੰਮ ਕਰਦਾ ਹੈ ਕਿ ਕਈ ਵਾਰੀ ਮਨੁੱਖ ਗਲਤੀਆਂ ਕਰਦਾ ਪਕੜਿਆ ਨਹੀਂ ਜਾਂਦਾ ਪਰ ਅਜੇਹਾ ਮਨੁੱਖ ਆਪਣੇ ਅੰਤਰ ਆਤਮੇ `ਤੇ ਜਿਹੜਾ ਦੁੱਖ ਭੋਗ ਰਿਹਾ ਹੈ ਉਹ ਆਪ ਹੀ ਜਾਣਦਾ ਹੈ।
੧੧ ਗੱਲ ਸਾਰੀ ਸਮਝ ਵਿੱਚ ਆਉਂਦੀ ਹੈ ਕਿ ਜਦੋਂ ਬੁੱਧੀ ਭ੍ਰਿਸ਼ਟ ਹੋ ਜਾਏ ਤਾਂ ਮਨੁੱਖ ਵਰਤਮਾਨ ਜੀਵਨ ਵਿੱਚ ਲੰਬਾ ਸਮਾਂ ਦੁੱਖ ਭੋਗਦਾ ਹੈ—
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫॥
ਰਾਗ ਆਸਾ ਮਹਲਾ ੧ ਪੰਨਾ ੪੧੭
.