.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੋਵੀਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਤੇਈ ਭਾਗ ਵੀ ਪੜੋ ਜੀ)

ਪਉੜੀ ਨੰ: ੧੨ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੧॥ ਨਾ ਸਤਿ ਦੁਖੀਆ, ਨਾ ਸਤਿ ਸੁਖੀਆ, ਨਾ ਸਤਿ ਪਾਣੀ ਜੰਤ ਫਿਰਹਿ॥ ਨਾ ਸਤਿ ਮੂੰਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ॥ ਨਾ ਸਤਿ ਰੁਖੀ ਬਿਰਖੀ ਪਥਰ, ਆਪੁ ਤਛਾਵਹਿ ਦੁਖ ਸਹਹਿ॥ ਨਾ ਸਤਿ ਹਸਤੀ ਬਧੇ ਸੰਗਲ, ਨਾ ਸਤਿ ਗਾਈ ਘਾਹੁ ਚਰਹਿ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ, ਜਿਸ ਨੋ ਦੇਇ ਤਿਸੁ ਆਇ ਮਿਲੈ॥ ਨਾਨਕ ਤਾ ਕਉ ਮਿਲੈ ਵਡਾਈ, ਜਿਸੁ ਘਟ ਭੀਤਰਿ ਸਬਦੁ ਰਵੈ॥ ਸਭਿ ਘਟ ਮੇਰੇ, ਹਉ ਸਭਨਾ ਅੰਦਰਿ, ਜਿਸਹਿ ਖੁਆਈ ਤਿਸੁ ਕਉਣੁ ਕਹੈ॥ ਜਿਸਹਿ ਦਿਖਾਲਾ ਵਾਟੜੀ, ਤਿਸਹਿ ਭੁਲਾਵੈ ਕਉਣੁ॥ ਜਿਸਹਿ ਭੁਲਾਈ ਪੰਧ ਸਿਰਿ, ਤਿਸਹਿ ਦਿਖਾਵੈ ਕਉਣੁ॥   

ਮਃ ੧॥ ਸੋ ਗਿਰਹੀ, ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ, ਭੀਖਿਆ ਕਰੈ॥ ਪੁੰਨ ਦਾਨ ਕਾ ਕਰੇ ਸਰੀਰੁ, ॥ ਸੋ ਗਿਰਹੀ ਗੰਗਾ ਕਾ ਨੀਰੁ, ॥ ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥   

ਮਃ ੧॥ ਸੋ ਅਉਧੂਤੀ, ਜੋ ਧੂਪੈ ਆਪੁ॥ ਭਿਖਿਆ ਭੋਜਨੁ ਕਰੈ ਸੰਤਾਪੁ॥ ਅਉਹਠ
ਪਟਣ ਮਹਿ ਭੀਖਿਆ ਕਰੈ॥ ਸੋ ਅਉਧੂਤੀ ਸਿਵ ਪੁਰਿ ਚੜੈ॥ ਬੋਲੈ ਗੋਰਖੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥
  

ਮਃ ੧॥ ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ॥ ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ॥ ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥   

ਮਃ ੧॥ ਸੋ ਪਾਖੰਡੀ ਜਿ ਕਾਇਆ ਪਖਾਲੇ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ॥ ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ ਜਰਾ ਨ ਮਰਣਾ॥ ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥   

ਮਃ ੧॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ॥ ਗਗਨ ਮੰਡਲ ਮਹਿ ਰੋਪੈ ਥੰਮੁ॥ ਅਹਿਨਿਸਿ ਅੰਤਰਿ ਰਹੈ ਧਿਆਨਿ॥ ਤੇ ਬੈਰਾਗੀ ਸਤ ਸਮਾਨਿ॥ ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥   

ਮਃ ੧॥ ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ॥ ਕੰਨ ਪੜਾਇ ਕਿਆ ਖਾਜੈ ਭੁਗਤਿ॥ ਆਸਤਿ ਨਾਸਤਿ ਏਕੋ ਨਾਉ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ॥ ਧੂਪ ਛਾਵ ਜੇ ਸਮ ਕਰਿ ਸਹੈ॥ ਤਾ ਨਾਨਕੁ ਆਖੈ ਗੁਰੁ ਕੋ ਕਹੈ॥ ਛਿਅ ਵਰਤਾਰੇ ਵਰਤਹਿ ਪੂਤ॥ ਨਾ ਸੰਸਾਰੀ ਨਾ ਅਉਧੂਤ॥ ਨਿਰੰਕਾਰਿ ਜੋ ਰਹੈ ਸਮਾਇ॥ ਕਾਹੇ ਭੀਖਿਆ ਮੰਗਣਿ ਜਾਇ॥   

ਪਉੜੀ॥ ਹਰਿ ਮੰਦਰੁ ਸੋਈ ਆਖੀਐ, ਜਿਥਹੁ ਹਰਿ ਜਾਤਾ॥ ਮਾਨਸ ਦੇਹ ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ, ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ॥  ੧੨ 

(ਪਉੜੀ ਨੰ: ੧੨ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

(ਵਿਸ਼ੇਸ਼) - ਇਸ ਪਉੜੀ ਨੰ: ੧੨ ਨਾਲ ਸੱਤ ਸਲੋਕ ਆਏ ਹਨ। ਇਨ੍ਹਾਂ ਚੋਂ ਅਤਿ ਲੋੜੀਂਦੇ ਗੁਰਮੱਤ-ਵਿਚਾਰ ਦਰਸ਼ਨ ਸਹਿਤ ਅਸੀਂ ਪਹਿਲੇ ਦੋ ਸਲੋਕਾਂ ਦੀ ਵਿਚਾਰ ਕਿਸ਼ਤ ਨੰ: ਤੇਈ (੨੩) `ਚ ਕਰ ਆਏ ਹਾਂ ਇਸ ਲਈ ਹੁਣ ਉਸ ਤੋਂ ਅੱਗੇ।)

ਮਃ ੧॥ ਸੋ ਅਉਧੂਤੀ ਜੋ ਧੂਪੈ ਆਪੁ॥ ਭਿਖਿਆ ਭੋਜਨੁ ਕਰੈ ਸੰਤਾਪੁ॥ ਅਉਹਠ ਪਟਣ ਮਹਿ ਭੀਖਿਆ ਕਰੈ॥ ਸੋ ਅਉਧੂਤੀ ਸਿਵ ਪੁਰਿ ਚੜੈ॥ ਬੋਲੈ ਗੋਰਖੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੩॥ {ਪੰਨਾ ੯੫੨}

ਪਦ ਅਰਥ : —ਅਉਧੂਤੀ—ਅਵਧੂਤ, ਜਿਸ ਮਨੁੱਖ ਨੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਧੂਪੈ—ਧੁਖਾਂਦਾ ਹੈ, ਸਾੜ ਦਿੰਦਾ ਹੈ। ਆਪੁ—ਆਪਾ-ਭਾਵ। ਭਿਖਿਆ ਭੋਜਨੁ—ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ। ਸੰਤਾਪੁ—ਖਿੱਝ। ਸਿਵ—ਕਲਿਆਣ-ਰੂਪ ਪ੍ਰਭੂ। ਪੁਰਿ—ਪੁਰੀ `ਚ। ਅਉਹਠ—ਅਵਘੱਟ, ਹਿਰਦਾ। ਪਟਣ—ਸ਼ਹਿਰ।

ਅਰਥ : — "ਸੋ ਅਉਧੂਤੀ ਜੋ ਧੂਪੈ ਆਪੁ॥ ਭਿਖਿਆ ਭੋਜਨੁ ਕਰੈ ਸੰਤਾਪੁ" -ਅਸਲ ਅਵਧੂਤ ਉਹ ਹੁੰਦਾ ਹੈ ਜੋ ਆਪਾ-ਭਾਵ ਸਾੜ ਦਿੰਦਾ ਹੈ; ਜੋ ਆਪਣੀ ਖਿੱਝ ਨੂੰ, ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ ਭਾਵ ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਲੋਕਾਂ ਦੇ ਥਾਂ ਆਪਣੇ ਮਨ ਅੰਦਰੋਂ ਖਿੱਝ ਨੂੰ ਛੱਕ ਲਵੇ, ਮੁਕਾ ਦੇਵੇ ਭਾਵ ਜਿਹੜਾ ਸੁਭਾਅ ਕਰਕੇ ਮਿੱਠਬੋਲੜਾ ਤੇ ਸਹਿਨਸ਼ੀਲ਼ ਹੋ ਜਾਵੇ।

"ਅਉਹਠ ਪਟਣ ਮਹਿ ਭੀਖਿਆ ਕਰੈ॥ ਸੋ ਅਉਧੂਤੀ ਸਿਵ ਪੁਰਿ ਚੜੈ" -ਜਿਹੜਾ ਅਵਧੂਤ ਆਪਣੇ ਹਿਰਦੇ ਰੂਪ ਸ਼ਹਿਰ `ਚ ਟਿੱਕ ਕੇ ਕੇਵਲ ਤੇ ਕੇਵਲ ਇੱਕ ਪ੍ਰਭੂ ਤੋਂ ਹੀ ਖ਼ੈਰ ਮੰਗਦਾ ਹੈ, ਉਹ ਕਲਿਆਣ-ਰੂਪ ਪ੍ਰਭੂ ਦੇ ਦੇਸ `ਚ ਅੱਪੜ ਜਾਂਦਾ ਹੈ ਭਾਵ ਉਹ ਸੁਰਤ ਕਰਕੇ ਸਦਾ ਥਿਰ ਬ੍ਰਹਮ `ਚ ਲੀਨ ਹੋ ਜਾਂਦਾ ਅਤੇ ਜੀਂਦੇ ਜੀਅ ਪ੍ਰਭੂ `ਚ ਹੀ ਸਮਾਅ ਜਾਂਦਾ ਹੈ।

"ਬੋਲੈ ਗੋਰਖੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ"॥ ੩॥ - ਇਸ ਤਰ੍ਹਾਂ ਗੋਰਖ ਦਾ ਜਿਹੜਾ ਵੀ ਜੋਗੀ ਅਜਿਹੇ ਸਫ਼ਲ ਜੀਵਨ ਨੂੰ ਪ੍ਰਾਪਤ ਕਰ ਚੁੱਕੇ ਅਵਧੂਤ ਦੀ ਜੀਵਨ-ਜੁਗਤ ਨੂੰ ਅਪਣਾ ਕੇ ਕੇਵਲ ਤੇ ਕੇਵਲ ਸਤਿ-ਸਰੂਪ ਪ੍ਰਭੂ ਨੂੰ ਹੀ ਜਪੇ, ਪ੍ਰਭੂ ਦੇ ਰੰਗ `ਚ ਹੀ ਰੰਗਿਆ ਰਵੇ ਤਾਂ ਉਹ ਜੋਗੀ ਵੀ ਜੀਂਦੇ ਜੀਅ ਰੂਪ, ਰੰਗ, ਰੇਖ ਤੋਂ ਨਿਆਰੇ ਪ੍ਰਭੂ `ਚ ਸਮਾਅ ਜਾਵੇਗਾ। ੩।

ਮਃ ੧॥ ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ॥ ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ॥ ਬੋਲੈ ਗੋਪੀ ਚੰਦੁ, ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੪॥ {ਪੰਨਾ ੯੫੨}

ਪਦ ਅਰਥ : —ਉਦਾਸੀ—ਵਿਰਕਤ, ਮਾਇਕ ਰਸਾਂ ਵੱਲੋਂ ਉਪਰਾਮ। ਉਦਾਸੁ— ਸੰਸਾਰਕ ਮੋਹ ਮਾਇਆ ਵਲੋਂ ਉਪਰਾਮ। ਪਾਲੇ—ਸਦਾ ਕਾਇਮ ਰੱਖਦਾ ਹੈ। ਅਰਧ ਉਰਧ—ਨੇੜੇ ਅਤੇ ਉੱਤੇ ਵੀ ਭਾਵ ਹਰ ਥਾਂ `ਤੇ। ਨਿਰੰਜਨ—ਮਾਇਆ ਤੋਂ ਰਹਿਤ। ਚੰਦ—ਸੀਤਲਤਾ, ਸ਼ਾਂਤੀ। ਸੂਰਜ— ਇਲਾਹੀ ਗਿਆਨ ਦਾ ਤੇਜ। ਪੜੈ ਨ—ਨਹੀਂ ਢਹਿੰਦਾ। ਕੰਧੁ—ਸਰੀਰ।

ਅਰਥ : — "ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ" -ਅਸਲ `ਚ ਉਹੀ ਮਨੁੱਖ ਵਿਰਕਤ ਤੇ ਉਦਾਸੀ ਹੁੰਦਾ ਹੈ ਜਿਹੜਾ ਆਪਣੇ ਜੀਵਨ ਅੰਦਰੋਂ ਸੰਸਾਰਕ ਮੋਹ ਮਾਇਆ ਦਾ ਤਿਆਗ ਕਰ ਦਿੰਦਾ ਹੈ ਅਤੇ ਜ਼ਰੇ-ਜ਼ਰੇ `ਚ ਹਰ ਥਾਂ `ਤੇ ਮਾਇਆ-ਰਹਿਤ ਪ੍ਰਭੂ ਦੇ ਦਰਸ਼ਨ ਕਰਦਾ ਤੇ ਉਸਦੀ ਹੋਂਦ ਦੀ ਪਛਾਣ ਕਰਦਾ ਹੈ।

"ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ" - ਇਹ ਵੀ ਕਿ ਜਿਹੜਾ ਉਦਾਸੀ ਆਪਣੇ ਹਿਰਦੇ ਘਰ `ਚ ਮਾਨਸਿਕ ਸ਼ਾਂਤੀ ਭਾਵ ਅਡੋਲਤਾ ਤੇ ਪ੍ਰਭੂ ਦੀ ਸਿਫ਼ਤ-ਸਲਾਹ ਰੂਪ ਸਦੀਵੀ ਤੇ ਸੱਚ ਗਿਆਨ ਦੋਨਾਂ ਨੂੰ ਇਕੱਠਾ ਚਲਾਂਦਾ ਹੈ; ਇਸ ਤਰ੍ਹਾਂ ਸੰਸਾਰਕ ਮੋਹ ਮਾਇਆ ਵਲੋਂ ਉਪਰਾਮ ਹੋ ਤੇ ਵਿਰਕਤ ਚੁੱਕੇ ਮਨੁੱਖ ਦਾ ਸਰੀਰ ਫ਼ਿਰ ਕਿਸੇ ਪ੍ਰਕਾਰ ਦੇ ਵਿਸ਼ੇ-ਵਿਕਾਰਾਂ ਤੇ ਅਉਗੁਣਾ ਤੇ ਮੋਹ-ਮਾਇਆ ਵਾਲੀ ਗੰਦਗੀ `ਚ ਨਹੀਂ ਡਿੱਗਦਾ।

"ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ"॥ ੪॥ - ਇਸ ਤਰ੍ਹਾਂ ਜੇ ਗੋਪੀ ਚੰਦ ਭਾਵ ਕੋਈ ਵੀ ਜੋਗੀ ਅਜਿਹੇ ਉਦਾਸੀ ਦੀ ਜੀਵਨ-ਜੁਗਤਿ ਨੂੰ ਅਪਣਾ ਕੇ ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ ਉਹ ਗੋਪੀ ਚੰਦ ਭਾਵ ਉਹ ਜਗੀ ਵੀ ਪਾਰਬ੍ਰਹਮ-ਪ੍ਰਭੂ `ਚ ਲੀਨ ਹੋ ਜਾਵੇਗਾ, ਤੇ ਉਹ ਵੀ ਜੀਂਦੇ-ਜੀਅ ਰੂਪ-ਰੰਗ-ਰੇਖ ਤੋਂ ਨਿਆਰੇ ਪ੍ਰਭੂ `ਚ ਸਮਾਅ ਜਾਵੇਗਾ। ੪।

ਮਃ ੧॥ ਸੋ ਪਾਖੰਡੀ ਜਿ ਕਾਇਆ ਪਖਾਲੇ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ॥ ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ ਜਰਾ ਨ ਮਰਣਾ॥ ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੫॥ {ਪੰਨਾ ੯੫੨}

ਪਦ ਅਰਥ : —ਪਾਖੰਡੀ—ਨਾਸਤਕ, ਵਾਮ-ਮਾਰਗੀਆਂ ਦਾ ਇੱਕ ਫ਼ਿਰਕਾ। ਪਖਾਲੇ—ਧੋਵੇ, ਪਾਪਾਂ ਵੱਲੋਂ ਸਾਫ਼ ਰੱਖੇ। ਅਗਨਿ ਬ੍ਰਹਮੁ—ਬ੍ਰਹਮ-ਅਗਨਿ, ਰੱਬੀ ਜੋਤਿ। ਪਰਜਾਲੇ—ਚੰਗੀ ਤਰ੍ਹਾਂ ਚਮਕਾਏ, ਰੌਸ਼ਨ ਕਰੇ। ਬਿੰਦੁ—ਵੀਰਜ। ਜਰਾ—ਬੁਢੇਪਾ।

ਅਰਥ : — "ਸੋ ਪਾਖੰਡੀ ਜਿ ਕਾਇਆ ਪਖਾਲੇ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ" -ਅਸਲੀ ਨਾਸਤਕ ਭਾਵ ਵਾਮ-ਮਾਰਗੀ ਉਹ ਹੈ ਜਿਹੜਾ ਪ੍ਰਭੂ-ਪ੍ਰਮਾਤਮਾ ਦੀ ਹਸਤੀ ਨੂੰ ਨਾ ਮੰਨਣ ਦੀ ਬਜਾਏ ਆਪਣੇ ਸਰੀਰ ਨੂੰ ਗੁਣਾਹਾਂ ਵੱਲੋਂ ਪਾਕ ਕਰਦਾ ਭਾਵ, ਆਪਣੇ ਸਰੀਰ `ਚੋਂ ਅਉਗੁਣਾ-ਵਿਸ਼ੇ ਵਿਕਾਰਾਂ ਤੇ ਪਾਪਾਂ ਦੀ ਹੋਂਦ ਨੂੰ ਮਿਟਾ ਦੇਵੇ, ਤਾਂ ਇਸ ਤਰ੍ਹਾਂ ਉਹ ਵਾਮ-ਮਾਰਗੀ ਵੀ ਆਪਣੇ ਸਰੀਰ `ਚ ਉਸ ਰੱਬੀ ਜੋਤ ਨੂੰ ਜਗਾ ਕੇ ਉਸਦਾ ਉਜਾਲਾ ਕਰ ਸਕਦਾ ਹੈ।

"ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ ਜਰਾ ਨ ਮਰਣਾ" - ਇਸ ਤਰ੍ਹਾਂ ਉਹ ਵਾਮ-ਮਾਰਗੀ ਵੀ ਜੇ ਸੁਪਨੇ `ਚ ਵੀ ਆਪਣੇ ਵੀਰਜ ਨੂੰ ਡਿੱਗਣ ਨਾ ਦੇਵੇ ਭਾਵ, ਜੇ ਉਹ ਸੁਪਨੇ `ਚ ਵੀ ਕਾਮ-ਵੱਸ ਨਹੀਂ ਹੁੰਦਾ ਤੇ ਵਿਸ਼ੇ –ਵਿਕਾਰਾਂ ਵਾਲੀ ਪ੍ਰਵ੍ਰਿਤੀ ਵਲੋਂ ਪੂਰਣਤਾ ਸੁਚੇਤ ਹੋ ਜਾਂਦਾ ਹੈ ਤਾਂ ਉਸ ਉਸ ਵਾਮ-ਮਾਰਗੀ ਨੂੰ ਜਿਸ ਨੇ ਆਪਣੇ ਅੰਦਰੋਂ ਵਿਸ਼ੇ-ਬਿਕਾਰਾਂ ਵਾਲੀ ਮਾਨਸਿਕਤਾ ਦਾ ਸਰਵਨਾਸ ਕਰ ਦਿੱਤਾ ਹੈ ਤਾਂ ਉਸ ਦੇ ਜੀਵਨ `ਤੇ ਵੀ ਬੁਢੇਪਾ ਤੇ ਮੌਤ ਆਦਿ ਭਾਰੂ ਨਹੀਂ ਹੋ ਸਕਦੇ ਭਾਵ ਉਸ ਨੂੰ ਵੀ ਇਨ੍ਹਾਂ ਦਾ ਡਰ ਤੇ ਸਹਿਮ ਨਹੀਂ ਰਹਿ ਜਾਂਦਾ।

"ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੫॥" - ਇਸ ਤਰ੍ਹਾਂ ਜੇ ਚਰਪਟ ਜੋਗੀ ਵੀ ਇਸ ਨਾਸਤਕ ਦੀ ਉੱਤਮ ਹੋ ਚੁੱਕੀ ਜੀਵਨ-ਜੁਗਤ ਨੂੰ ਅਪਣਾ ਕੇ ਸਤਿ-ਸਰੂਪ ਪ੍ਰਭੂ ਨੂੰ ਜਪੇ, ਉਸ ਸਦਾ ਥਿਰ ਪਭੂ ਦੇ ਰੰਗ `ਚ ਰੰਗਿਆ ਜਾਵੇ ਤਾਂ ਚਰਪਟ ਦਾ ਇਹ ਜੋਗੀ ਵੀ ਪਾਰਬ੍ਰਹਮ ਪ੍ਰਭੂ `ਚ ਲੀਨ ਹੋ ਸਕਦਾ ਤੇ ਇਹ ਵੀ ਜੀਂਦੇ-ਜੀਅ ਰੂਪ-ਰੰਗ-ਰੇਖ ਤੋਂ ਨਿਆਰੇ ਪ੍ਰਭੂ `ਚ ਸਮਾਅ ਸਕਦਾ ਅਤੇ ਇਸ ਦਾ ਵਜੂਦ ਵੀ ਪ੍ਰਭੂ ਤੋਂ ਵੱਖਰਾ ਨਹੀਂ ਰਹਿ ਜਾਵੇਗਾ, ਉਹ ਵੀ ਜੀਂਦੇ-ਜੀਅ ਸਦਾ ਥਿਰ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ। ੫।

ਮਃ ੧॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ॥ ਗਗਨ ਮੰਡਲ ਮਹਿ ਰੋਪੈ ਥੰਮੁ॥ ਅਹਿਨਿਸਿ ਅੰਤਰਿ ਰਹੈ ਧਿਆਨਿ॥ ਤੇ ਬੈਰਾਗੀ ਸਤ ਸਮਾਨਿ॥ ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੬॥ {ਪੰਨਾ ੯੫੩}

ਪਦ ਅਰਥ : —ਬੈਰਾਗ—ਸੰਸਾਰ ਵਲੋਂ ਉਪਰਾਮਤਾ। ਬੈਰਾਗੀ—ਉਹ ਮਨੁੱਖ ਜਿਸ ਨੇ ਸੰਸਾਰਕ ਆਸ਼ਾਂਵਾਂ ਵਲੋਂ ਆਪਣੇ ਮਨ ਨੂੰ ਪਰਤਾ ਲਿਆ ਹੈ। ਉਲਟੇ—ਪਰਤਾਏ, ਫੇਰ ਲਵੇ। ਗਗਨ—ਆਕਾਸ਼, ਦਸਮ ਦੁਆਰ। ਮੰਡਲ—ਚੱਕਰ। ਗਗਨ ਮੰਡਲ—ਦਸਮ ਦੁਆਰ ਦਾ ਚੱਕਰ, ਮਨੁੱਖੀ ਮਨ ਦੀ ਉਹ ਪਰਮ ਅਵਸਥਾ ਜਿੱਥੇ ਮਨੁੱਖ ਦੀ ਸੁਰਤਿ ਪ੍ਰਭੂ `ਚ ਜੁੜ ਜਾਂਦੀ ਹੈ। ਰੋਪੈ—ਖੜਾ ਕਰਦਾ ਹੈ। ਅਹਿ—ਦਿਨ। ਨਿਸਿ—ਰਾਤ। ਧਿਆਨਿ—ਧਿਆਨ `ਚ। ਸਤ ਸਰੂਪੁ —ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਮਾਨਿ—ਵਰਗਾ।

ਅਰਥ : — "ਸੋ ਬੈਰਾਗੀ ਜਿ ਉਲਟੇ ਬ੍ਰਹਮੁ॥ ਗਗਨ ਮੰਡਲ ਮਹਿ ਰੋਪੈ ਥੰਮੁ" -ਅਸਲ ਵੈਰਾਗੀ ਉਹ ਹੈ ਜਿਹੜਾ ਪ੍ਰਭੂ ਨੂੰ ਆਪਣੇ ਹਿਰਦੇ-ਘਰ ਵੱਲ ਪਰਤਾਂਦਾ ਹੈ ਭਾਵ, ਜਿਹੜਾ ਪ੍ਰਭੂ-ਪਤੀ ਨੂੰ ਆਪਣੀ ਹਿਰਦੇ-ਸੇਜ ਤੇ ਲਿਆ ਵਸਾਂਦਾ ਹੈ; ਜਿਹੜਾ ਪ੍ਰਭੂ ਦਾ ਨਾਮ-ਰੂਪ ਥੰਮ੍ਹ ਆਪਣੇ ਦਸਮ ਦੁਆਰ ਰੂਪੀ ਸ਼ਾਮੀਆਨੇ `ਚ ਖੜ੍ਹਾ ਕਰ ਲੈਂਦਾ ਹੈ।

ਜਿਹੜਾ ਪ੍ਰਭੂ ਦੇ ਨਾਮ ਅਤੇ ਸਿਫ਼ਤ-ਸਲਾਹ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣ ਲੈਂਦਾ ਹੈ ਕਿ ਉਸ ਦੀ ਸੁਰਤਿ ਸਦਾ ਆਤਮਕਮੰਡਲ ਦੀਆਂ ਉਚਾਈਆਂ ਭਾਵ ਪ੍ਰਭੂ-ਚਰਨਾਂ `ਚ ਹੀ ਟਿਕੀ ਰਹਿੰਦੀ ਹੈ ਅਤੇ ਹੇਠਾਂ ਸ਼ੰਸਾਰਕ ਮਾਇਕ ਪਦਾਰਥਾਂ `ਚ ਨਹੀਂ ਡਿੱਗਦੀ ਤੇ ਮੁੜ ਉਨ੍ਹਾਂ ਸੰਸਾਰਕ ਰਸਾਂ `ਚ ਖੱਚਤ ਨਹੀਂ ਹੁੰਦੀ।

"ਅਹਿਨਿਸਿ ਅੰਤਰਿ ਰਹੈ ਧਿਆਨਿ॥ ਤੇ ਬੈਰਾਗੀ ਸਤ ਸਮਾਨਿ" -ਇਸ ਤਰ੍ਹਾਂ ਜਿਹੜਾ ਵੈਰਾਗੀ ਦਿਨ-ਰਾਤ ਭਾਵ ਸੁਆਸ-ਸੁਆਸ ਆਪਣੇ ਹਿਰਦੇ ਘਰ `ਚ ਹੀ ਪ੍ਰਭੂ ਦੀ ਯਾਦ `ਚ ਜੁੜਿਆ ਤੇ ਪ੍ਰਭੂ ਦੇ ਰੰਗ `ਚ ਰੰਗਿਆ ਰਹਿੰਦਾ ਹੈ; ਗੁਰਦੇਵ ਫ਼ੁਰਮਾਉਂਦੇ ਹਨ ਕਿ ਅਜਿਹਾ ਬੈਰਾਗੀ ਵੀ ਜੀਂਦੇ-ਜੀਅ ਪ੍ਰਭੂ ਦਾ ਰੂਪ ਹੋ ਜਾਂਦਾ ਅਤੇ ਪ੍ਰਭੂ `ਚ ਸਮਾਅ ਜਾਂਦਾ ਹੈ।

"ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੬॥" - ਤਾਂ ਤੇ ਇਥੋਂ ਤੀਕ ਕਿ ਜੇ ਭਰਥਰੀ ਵੀ ਐਸੇ ਬੈਰਾਗੀ ਦੀ ਜੀਵਨ ਜੁਗਤਿ ਨੂੰ ਅਪਣਾ ਕੇ ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ ਭਰਥਰੀ ਵੀ ਜੀਂਦੇ ਜੀਅ ਰੂਪ-ਰੰਗ-ਰੇਖ ਤੋਂ ਨਿਆਰੇ ਪਾਰਬ੍ਰਹਮ ਪ੍ਰਭੂ `ਚ ਲੀਨ ਹੋ ਜਾਏਗਾ ਤੇ ਇਸਦਾ ਵੀ ਪ੍ਰਭੂ ਤੋਂ ਵੱਖਰਾ ਵਜੂਦ ਨਹੀਂ ਰਹਿ ਜਾਵੇਗਾ। ੬।

ਮਃ ੧॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ॥ ਕੰਨ ਪੜਾਇ ਕਿਆ ਖਾਜੈ ਭੁਗਤਿ॥ ਆਸਤਿ ਨਾਸਤਿ ਏਕੋ ਨਾਉ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ॥ ਧੂਪ ਛਾਵ ਜੇ ਸਮ ਕਰਿ ਸਹੈ॥ ਤਾ ਨਾਨਕੁ ਆਖੈ ਗੁਰੁ ਕੋ ਕਹੈ॥ ਛਿਅ ਵਰਤਾਰੇ ਵਰਤਹਿ ਪੂਤ॥ ਨਾ ਸੰਸਾਰੀ ਨਾ ਅਉਧੂਤ॥ ਨਿਰੰਕਾਰਿ ਜੋ ਰਹੈ ਸਮਾਇ॥ ਕਾਹੇ ਭੀਖਿਆ ਮੰਗਣਿ ਜਾਇ॥ ੭॥ {ਪੰਨਾ ੯੫੩}

ਪਦ ਅਰਥ : —ਮਰੈ—ਦੂਰ ਹੋਵੇ। ਮੰਦਾ—ਬੁਰਾਈ। ਕਿਉ—ਕਿਵੇਂ? ਜੀਵੈ—ਸਹੀ ਜੀਵਨ ਜੀਵੇ। ਜੁਗਤਿ—ਇਸ ਤਰੀਕੇ ਨਾਲ। ਕਿਆ ਖਾਜੈ—ਖਾਣ ਦਾ ਕੀ ਲਾਭ? ਭੁਗਤਿ—ਜੋਗੀਆਂ ਦਾ ਚੂਰਮਾ। ਆਸਤਿ—ਮੌਜੂਦ ਹੈ। ਨਾਸਤਿ—ਨਹੀਂ ਹੈ। ਹਿਆਉ—ਹਿਰਦਾ। ਧੂਪ ਛਾਵ—ਸੰਸਾਰਕ ਦੁੱਖ ਤੇ ਸੁਖ। ਸਮ—ਬਰਾਬਰ, ਇੱਕ-ਸਮਾਨ। ਗੁਰੁ ਕਹੈ—ਗੁਰੂ-ਗੁਰੂ ਆਖਦਾ ਹੈ, ਹਰ ਸਮੇਂ ਗੁਰੂ ਨੂੰ ਚੇਤੇ ਰੱਖਦਾ ਹੈ। ਕੋ—ਉਹ ਮਨੁੱਖ। ਛਿਅ ਵਰਤਾਰੇ—ਛੇ ਭੇਖਾਂ `ਚ। ਪੂਤ—ਚੇਲੇ (ਜੋਗੀਆਂ ਦੇ)। ਨਿਰੰਕਾਰਿ—ਨਿਰੰਕਾਰ `ਚ।

ਅਰਥ : — "ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ॥ ਕੰਨ ਪੜਾਇ, ਕਿਆ ਖਾਜੈ ਭੁਗਤਿ" -ਕੰਨ ਪੜਵਾਉਣ ਤੇ ਚੂਰਮਾ ਖਾਣ ਦਾ ਕੋਈ ਆਤਮਕ ਲਾਭ ਨਹੀਂ ਕਿਉਂਕਿ ਇਸ ਜੁਗਤਿ ਨਾਲ ਨਾ ਮਨ `ਚੋਂ ਵਿਸ਼ੇ-ਵਿਕਾਰ ਦੂਰ ਹੁੰਦੇ ਹਨ ਤੇ ਨਾ ਜੀਵਨ ਰਹਿਣੀ ਉੱਤਮ ਹੁੰਦੀ ਹੈ।

"ਕਉਣੁ ਸੁ ਅਖਰੁ ਜਿਤੁ ਰਹੈ ਹਿਆਉ" -ਕੰਨ ਪੜਵਾਇਆਂ ਤੇ ਚੂਰਮਾ ਖਾਣ ਨਾਲ ਮਨ `ਚ ਟਿਕਾਓ ਨਹੀਂ ਆਉਂਦਾ ਤੇ ਤਾਂ ਫ਼ਿਰ ਉਹ ਕਿਹੜਾ ਢੰਗ ਹੈ ਜਿਸ ਨਾਲ ਮਨ `ਚੋਂ ਵਿਸ਼ੇ-ਵਿਕਾਰ ਦੂਰ ਹੁੰਦੇ ਹਨ ਤੇ ਮਨੁੱਖ ਦੀ ਜੀਵਨ ਰਹਿਣੀ ਉੱਤਮ ਹੁੰਦੀ ਹੈ?

"ਆਸਤਿ ਨਾਸਤਿ ਏਕੋ ਨਾਉ" - ਤਾਂ ਇਸ ਦਾ ਉੱਤਰ ਇਹੀ ਹੈ ਕਿ ਉਹ ਕੇਵਲ ਤੇ ਕੇਵਲ ਉਸ ਸਦਾ ਥਿਰ ਪ੍ਰਭੂ ਦਾ ਨਾਮ ਤੇ ਸਿਫ਼ਤ-ਸਲਾਹ ਹੀ ਹੈ ਜਿਸ ਨਾਲ ਮਨ `ਚੋਂ ਅਉਗੁਣਾ-ਵਿਸ਼ੇ-ਵਿਕਾਰਾਂ ਆਦਿ ਦਾ ਨਾਸ ਹੁੰਦਾ ਹੈ ਤੇ ਮਨ `ਚੋਂ ਵਿਸ਼ੇ-ਵਿਕਾਰ ਦੂਰ ਹੁੰਦੇ ਹਨ ਤੇ ਮਨੁੱਖ ਦੀ ਜੀਵਨ ਰਹਿਣੀ ਉੱਤਮ ਹੁੰਦੀ ਹੈ।

"ਧੂਪ ਛਾਵ ਜੇ ਸਮ ਕਰਿ ਸਹੈ॥ ਤਾ ਨਾਨਕੁ ਆਖੈ ਗੁਰੁ ਕੋ ਕਹੈ" - ਹੇ ਨਾਨਕ! ਜਿਹੜਾ ਮਨੁੱਖ ਸਤਿਗੁਰੂ ਨੂੰ ਸਦਾ ਚੇਤੇ `ਚ ਰੱਖਦਾ ਤੇ ਸ਼ਬਦ-ਗੁਰੂ ਦੀ ਕਮਾਈ ਕਰਦਾ ਹੈ, ਉਹ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜਿਆ ਰਹਿ ਕੇ ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਸੰਸਾਰਕ ਦੁੱਖਾਂ-ਸੁਖਾਂ ਨੂੰ ਸਮਾਨ ਜਾਣਦਾ ਹੈ ਅਤੇ ਉਹ ਸਦਾ ਖਿੜੇ ਮੱਥੇ ਪ੍ਰਭੂ ਦੀ ਰਜ਼ਾ `ਚ ਰਹਿ ਕੇ ਹੀ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ।

"ਛਿਅ ਵਰਤਾਰੇ ਵਰਤਹਿ ਪੂਤ॥ ਨਾ ਸੰਸਾਰੀ ਨਾ ਅਉਧੂਤ" - ਜਦਕਿ ਗੋਰਖ ਦੇ ਚੇਲੇ, ਇਹ ਜੋਗੀ ਜੋ ਨਿਰੇ ਛੇ ਭੇਖਾਂ `ਚ ਹੀ ਰੁੱਝੇ ਰਹਿਨ ਕਰਕੇ ਮਨੁੱਖਾ ਜਨਮ ਦੇ ਪ੍ਰਭੂ ਪ੍ਰਾਪਤੀ ਵਾਲੇ ਇਕੋ-ਇਕ ਮਕਸਦ ਦੀ ਪਛਾਣ ਨਹੀਂ ਕਰ ਸਕਦੇ।

ਇਸਤਰ੍ਹਾਂ ਅਸਲ `ਚ ਨਾ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾ ਉਹ ਮਨ ਕਰਕੇ ਮੋਹ-ਮਾਇਆ ਵੱਲੋਂ ਵਿਰਕਤ ਹੁੰਦੇ ਹਨ।

"ਨਿਰੰਕਾਰਿ ਜੋ ਰਹੈ ਸਮਾਇ॥ ਕਾਹੇ ਭੀਖਿਆ ਮੰਗਣਿ ਜਾਇ॥ ੭॥" -ਜੋ ਮਨੁੱਖ ਸੁਰਤ ਕਰਕੇ ਨਿਰੰਕਾਰ ਨਾਲ ਜੁੜਿਆ ਰਹਿੰਦਾ ਤੇ ਸੁਆਸ-ਸੁਆਸ ਉਸ ਦੇ ਰੰਗ `ਚ ਰੰਗਿਆ ਰਹਿੰਦਾ ਹੈ ਉਹ ਜੋਗੀ ਆਦਿ ਬਣਕੇ ਭਲਾ ਭਿਖਿਆ ਮੰਗਨ ਕਿਉਂ ਜਾਵੇਗਾ?

ਉਸਨੂੰ ਮੰਗਤਾ ਬਣਨ ਤੇ ਘਰ-ਪ੍ਰਵਾਰ ਨੂੰ ਤਿਆਗਣ ਦੀ ਵੀ ਲੋੜ ਨਹੀਂ; ਉਹ ਆਪਣੇ ਹੱਥਾਂ-ਪੈਰਾਂ ਨਾਲ ਕਿਰਤ-ਕਾਰ ਕਰਦਾ ਹੋਇਆ ਮਨ ਕਰਕੇ ਪ੍ਰਭੂ ਦੇ ਚਰਨਾਂ `ਚ ਲੀਨ ਰਹਿਕੇ ਉਸ ਸਦਾ-ਥਿਰ ਪ੍ਰਭੂ ਦੇ ਰੰਗ `ਚ ਰੰਗਿਆ ਰਵੇਗਾ ਜਿਹੜਾ ਹਰ ਸਮੇਂ ਤੇ ਜ਼ਰੇ-ਜ਼ਰੇ `ਚ ਮੌਜੂਦ ਹੈ। ੭।

ਪਉੜੀ॥ ਹਰਿ ਮੰਦਰੁ ਸੋਈ ਆਖੀਐ, ਜਿਥਹੁ ਹਰਿ ਜਾਤਾ॥ ਮਾਨਸ ਦੇਹ ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ, ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ॥ ੧੨॥ {ਪੰਨਾ ੯੫੩}

ਪਦ ਅਰਥ : —ਮੰਦਰੁ—ਘਰ, ਰਹਿਣ ਦੀ ਥਾਂ। ਮਾਨਸ ਦੇਹ—ਮਨੁੱਖਾ ਸਰੀਰ। ਸਭੁ—ਹਰ ਥਾਂ, ਜ਼ਰੇ-ਜ਼ਰੇ `ਚ ਵਿਆਪਕ। ਬਿਧਾਤਾ—ਸਿਰਜਣਹਾਰ। ਹਰਿ ਮੰਦਰ—ਰੱਬ ਦੇ ਘਰ। ਸਾਰ—ਮੁੱਲ, ਕੱਦਰ।

ਅਰਥ : — "ਹਰਿ ਮੰਦਰੁ ਸੋਈ ਆਖੀਐ, ਜਿਥਹੁ ਹਰਿ ਜਾਤਾ" -ਉਂਞ ਤਾਂ ਸਾਰੇ ਸਰੀਰ ਹੀ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੀ ਥਾਂ ਹਨ, ਤਾਂ ਵੀ ਉਸੇ ਸਰੀਰ ਨੂੰ ਹੀ "ਹਰਿ ਮੰਦਰੁ" ਕਿਹਾ ਜਾ ਸਕਦਾ ਹੈ ਜਿਸ ਸਰੀਰ `ਚੋਂ ਇਲਾਹੀ ਤੇ ਰੱਬੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ।

"ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ" -ਤਾਂ ਤੇ ਐ ਭਾਈ! ਖੇਵਲ ਮਨੁੱਖਾ ਸਰੀਰ ਨੂੰ ਹੀ ‘ਹਰਿ ਮੰਦਰੁ’ ਕਿਹਾ ਜਾ ਸਕਦਾ ਹੈ, ਕਿਉਂਕਿ ਕੇਵਲ ਮਨੁੱਖਾ-ਸਰੀਰ ਰਾਹੀਂ ਹੀ ਸ਼ਬਦ-ਗੁਰੂ ਦੀ ਕਮਾਈ ਤੇ ਸਤਿਗ੍ਰੁਰੂ ਦੇ ਆਦੇਸ਼ਾਂ ਤੇ ਸਿਖਿਆਵਾਂ ਦਾ ਪਾਲਣ ਕਰਕੇ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜਿਆ ਜਾ ਸਕਦਾ ਤੇ ਰਚਨਾ ਦੇ ਜ਼ਰੇ-ਜ਼ਰੇ `ਚੋਂ ਪ੍ਰਭੂ ਨੂੰ ਪਾਇਆ ਅਤੇ ਪ੍ਰਭੂ ਦੀ ਹੋਂਦ ਦੀ ਪਛਾਣ ਕੀਤੀ ਜਾ ਸਕਦੀ ਹੈ।

"ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ" - ਪ੍ਰਭੂ ਨੂੰ ਪਾਉਣ ਲਈ ਉਸ ਬਾਹਰ ਜੰਗਲਾਂ ਆਦਿ `ਚ ‘ਜਾਣ, ਘਰ-ਪ੍ਰਵਾਰ ਨੂੰ ਤਿਆਗਣ ਤੇ ਭੇਖਾਂ ਨੂੰ ਧਾਰਨ ਕਰਣ ਦੀ ਲੋੜ ਨਹੀਂ ਕਿਉਂਕਿ ਉਹ ਸਿਰਜਣਹਾਰ ਪ੍ਰਭੂ ਤਾਂ ਹਰਸਮੇਂ ਇਸ ਸਰੀਰ ਰੂਪ ਘਰ `ਚ ਵੀ ਵੱਸ ਰਿਹਾ ਹੈ।

"ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ" -ਪਰ ਮਨ ਦੇ ਪਿੱਛੇ ਟੁਰਨ ਵਾਲੇ ਬੰਦੇ ਇਸ ਮਨੁੱਖਾ ਸਰੀਰ "ਹਰਿ ਮੰਦਰੁ" ਦੀ ਅਸਲ ਕੱਦਰ ਨੂੰ ਨਹੀਂ ਜਾਣਦੇ, ਇਸ ਲਈ ਉਹ ਆਪਣਾ ਦੁਰਲਭ ਮਨੁੱਖਾ ਜਨਮ ਆਪਣੇ ਮਨ ਦੇ ਪਿੱਛੇ ਟੁਰ ਕੇ ਗੁਆ ਲੈਂਦੇ ਤੇ ਬਿਰਥਾ ਕਰ ਦਿੰਦੇ ਹਨ।

"ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ॥ ੧੨॥" - ਉਂਞ ਪ੍ਰਭੂ ਤਾਂ ਸਾਰਿਆਂ `ਚ ਹੀ ਪ੍ਰਭੂ ਵਿਆਪਕ ਹੈ, ਪਰ ਉਸ ਦੀ ਪ੍ਰਾਪਤੀ ਸ਼-ਬਦ-ਗੁਰੂ ਦੀ ਕਮਾਈ ਰਾਹੀਂ ਹੀ ਹੁੰਦੀ ਹੈ ਉਂਝ ਨਹਂਿ। ੧੨। ਯਥਾ:-

() "ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ॥ ਬਹੁ ਅਭਿਮਾਨਿ ਅਪਣੀ ਪਤਿ ਖੋਇ॥ ਸੇ ਵਡਭਾਗੀ ਜਿਨ ਸਬਦੁ ਪਛਾਣਿਆ॥ ਬਾਹਰਿ ਜਾਦਾ ਘਰ ਮਹਿ ਆਣਿਆ" (ਪੰ: ੧੧੭੫)

() "ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ॥ ਬਹੁ ਸੰਜਮਿ ਸਾਂਤਿ ਨ ਪਾਵੈ ਕੋਇ॥ ਗੁਰਮਤਿ ਨਾਮੁ ਪਰਾਪਤਿ ਹੋਇ॥ ਵਡਭਾਗੀ ਹਰਿ ਪਾਵੈ ਸੋਇ" (ਪੰ: ੧੧੭੫) (ਚਲਦਾ) #Instt.Pau.12-23rd.v.. Ramkali ki vaar M.-3-02.20-P.12th

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਚੌਵੀਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.