.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਨਿਰਮੋਹੀ ਹੋਣਾ

ਧਰਤੀ ਠੰਡੀ ਹੋਣ ਉਪਰੰਤ ਜੀਵ ਜੰਤੂ ਪੈਦਾ ਹੋਣੇ ਸ਼ੂਰੂ ਹੋਏ। ਹੌਲ਼ੀ ਹੌਲ਼ੀ ਵਿਕਾਸ ਹੁੰਦਿਆਂ ਮਨੁੱਖ ਦਾ ਰੂਪ ਵੀ ਪ੍ਰਗਟ ਹੋਣਾ ਸ਼ੁਰੂ ਹੋਇਆ। ਸੰਸਾਰ ਦੇ ਇਸ ਕੁਦਰਤੀ ਵਿਕਾਸ ਵਿਚ ਕਈ ਜਾਤਾਂ ਦੇ ਜੀਵ ਸਮੇਂ ਅਨੁਸਾਰ ਖਤਮ ਹੁੰਦੇ ਗਏ ਤੇ ਕਈ ਨਵੀਆਂ ਜਾਤੀਆਂ ਵੀ ਲੱਭੀਆਂ ਗਈਆਂ। ਜਿਵੇਂ ਜਿਵੇਂ ਸੰਸਾਰ ਤਰੱਕੀ ਕਰਦਾ ਗਿਆ ਹੈ ਤਿਵੇਂ ਤਿਵੇਂ ਰਹਿਣ ਸਹਿਣ ਵਿਚ ਵੀ ਤਬਦਲੀਆਂ ਆਉਂਦੀਆਂ ਗਈਆਂ। ਕਬੀਲਿਆਂ ਵਿਚ ਸਮਾਜ ਦੀ ਸਿਰਜਣਾ ਹੁੰਦੀ ਗਈ। ਸ਼ਕਤੀ ਸ਼ਾਲੀ ਰਾਜਿਆਂ ਨੇ ਹਕੂਮਤ ਸੰਭਾਂਲਣੀ ਸ਼ੁਰੂ ਕੀਤੀ ਤੇ ਲੋਕ ਭਲਾਈ ਵਲ ਧਿਆਨ ਦਿੱਤਾ। ਪਹੀਏ ਦੀ ਕਾਢ ਨੇ ਲੋਕਾਂ ਦੀ ਜ਼ਿੰਦਗੀ ਵਿਚ ਬਿਲਕੁਲ ਨਵਾਂ ਬਦਲਾਅ ਲਿਆਂਦਾ। ਚੰਗੀਆਂ ਸਰਕਾਰਾਂ ਨੇ ਆਪਣੀ ਪਰਜਾ ਨੂੰ ਸੁੱਖ ਦੇਣ ਦਾ ਯਤਨ ਅਰੰਭਿਆ। ਕਾਰਖਾਨੇ ਆਏ ਲੋਕਾਂ ਨੂੰ ਕਿਰਤ ਕਰਨ ਦਾ ਮੌਕਾ ਮਿਲਣ ਲੱਗਾ ਇਸ ਨਾਲ ਖੇਤੀ ਵਧੀ ਫੁੱਲੀ। ਫਿਰ ਰਾਜੇ ਇਕ ਦੂਜੇ 'ਤੇ ਹਮਲੇ ਵੀ ਕਰਨ ਲੱਗੇ ਤੇ ਆਪਣੇ ਵਿਰੋਧੀਆਂ ਨੂੰ ਦਬਾਉਣਾ ਸ਼ੁਰੂ ਕੀਤਾ। ਗੁਲਾਮੀ ਸਹਿਣ ਵਾਲੇ ਸਾਰਾ ਕੁਝ ਰੱਬ 'ਤੇ ਸੁੱਟ ਕੇ ਬੈਠ ਗਏ ਤੇ ਤੇ ਅਣਖਾਂ ਰੱਖਣ ਵਾਲੇ ਜ਼ੁਲਮ ਦੇ ਵਿਰੁੱਧ ਹੋ ਗਏ। ਸਰਕਾਰਾਂ ਦੇ ਬਦਇੰਤਾਜ਼ ਨੂੰ ਰੱਬ ਦੀ ਕਰੋਪੀ ਕਹਿਆ ਗਿਆ ਪਰ ਚੰਗੇ ਇੰਤਜ਼ਾਮ ਨੇ ਸਮਾਜ ਨੂੰ ਬਰਾਬਰੀ ਦੇ ਹੱਕ ਦਿੱਤੇ। ਚੰਗੇ ਪ੍ਰਬੰਧ ਕਾਰਨ ਲੋਕਾਂ ਦੇ ਮਨਾਂ ਵਿਚੋਂ ਨਿੱਜੀ ਲਾਲਸਾ ਵਾਲੀ ਬਿਰਤੀ ਖਤਮ ਹੁੰਦੀ ਹੈ। ਜਿਸ ਸਮਾਜ ਵਿਚ ਕੇਵਲ ਨਿੱਜੀ ਲਾਲਸਾ ਰਹਿ ਜਾਏ ਉਹ ਕਦੇ ਤਰੱਕੀ ਨਹੀਂ ਕਰ ਸਕਦਾ---
ਭਰਣ ਪੋਖਣ ਕਰੰਤ ਜੀਆ, ਬਿਸ੍ਰਾਮ ਛਾਦਨ ਦੇਵੰਤ ਦਾਨੰ॥
ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ॥
ਵਰਤੰਤਿ ਸੁਖ ਆਨੰਦ ਪ੍ਰਸਾਦਹ॥
ਸਿਮਰੰਤ ਨਾਨਕ ਹਰਿ ਹਰਿ ਹਰੇ॥
ਅਨਿਤ੍ਹ ਰਚਨਾ ਨਿਰਮੋਹ ਤੇ॥੨੩॥
ਅੱਖਰੀਂ ਅਰਥ:--ਸਮਰੱਥ ਚੇਤਨ-ਸਰੂਪ ਪਰਮਾਤਮਾ ਸ੍ਰੇਸ਼ਟ ਮਨੁੱਖਾ ਜਨਮ ਦੇਂਦਾ ਹੈ, ਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਕੱਪੜਾ ਆਸਰਾ ਆਦਿਕ ਦਾਤਾਂ ਦੇਂਦਾ ਹੈ। ਉਸ ਆਨੰਦ-ਰੂਪ ਪ੍ਰਭੂ ਦੀ ਕਿਰਪਾ ਨਾਲ ਜੀਵ ਸੁਖੀ ਰਹਿੰਦੇ ਹਨ। ਹੇ ਨਾਨਕ! ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ, ਉਸ ਇਸ ਨਾਸਵੰਤ ਰਚਨਾ ਤੋਂ ਨਿਰਮੋਹ ਰਹਿੰਦੇ ਹਨ।
ਵਿਚਾਰ ਚਰਚਾ--
੧ ਕੀ ਰੱਬ ਜੀ ਆਪਣੇ ਆਪ ਹੀ ਸਭ ਕੁਝ ਦੇਂਦੇ ਹਨ? ਕੀ ਸਾਨੂੰ ਮਿਹਨਤ ਨਹੀਂ ਕਰਨੀ ਚਾਹੀਦੀ? ਕੀ ਰੱਬ ਜੀ ਕਪੜਾ ਆਦ ਸਿੱਧਾ ਹੀ ਦੇਂਦੇ ਹਨ? ਕੀ ਨਿਰਾ ਨਾਮ ਸਿਮਰਿਆਂ ਪਰਵਾਰ ਦਾ ਨਿਰਭਾਹ ਹੋ ਜਾਏਗਾ? ਫਿਰ ਕਿਹੜੇ ਜੀਵ ਸੁੱਖੀ ਰਹਿੰਦੇ ਹਨ?
੨ ਉਪਰੋਕਤ ਵਿਚਾਰਾਂ ਦਾ ਉੱਤਰ ਹੈ ਕਿ ਮਿਹਨਤ ਤਾਂ ਮਨੁੱਖ ਨੂੰ ਹੀ ਕਰਨੀ ਪੈਣੀ ਹੈ। ਸੱਚੀ ਲਗਨ ਨਾਲ ਮਿਹਨਤ ਕਰਨ ਨਾਲ ਹੀ ਸਾਨੂੰ ਕੁਝ ਪ੍ਰਾਪਤ ਹੋ ਸਕਦਾ ਹੈ ਤੇ ਇਹ ਹੀ ਰੱਬ ਜੀ ਦੀ ਬੰਦਗੀ ਹੈ।
੩ ਇਸ ਦਾ ਭਾਵ ਅਰਥ ਹੈ ਕਿ ਸਾਰੀ ਕਾਇਨਾਤ ਇਕ ਬੱਝਵੇਂ ਨਿਯਮ ਵਿਚ ਚੱਲ ਰਹੀ ਹੈ। ਕੁਦਰਤੀ ਨਿਯਮ ਅਨੁਸਾਰ ਸਾਰਾ ਪਸਾਰਾ ਹੋ ਰਿਹਾ ਹੈ। ਪਸ਼ੂ ਪੰਛੀਆਂ ਦਾ ਜਨਮ ਹੁੰਦਾ ਹੈ ਤਾਂ ਨਾਲ ਉਹਨਾਂ ਦੀ ਖੁਰਾਕ ਵੀ ਓਦਾਂ ਦੀ ਪੈਦਾ ਹੋ ਜਾਂਦੀ ਹੈ।
੪ ਜੇ ਠੰਡ ਪੈਂਦੀ ਹੈ ਤਾਂ ਕੁਦਰਤੀ ਪਸ਼ੂਆਂ ਪੰਛੀਆਂ ਦੀ ਖੱਲ ਖੰਭ ਵੀ ਓਦਾਂ ਦੇ ਹੀ ਹੋ ਜਾਂਦੇ ਹਨ ਤੇ ਪਸ਼ੂ ਪੰਛੀ ਵੀ ਆਪਣੇ ਆਪ ਨੂੰ ਓਸੇ ਤਰ੍ਹਾਂ ਦਾ ਢਾਲ਼ ਲੈਂਦੇ ਹਨ।
੫ ਕੁਦਰਤ ਨੂੰ ਸਮਝਦਿਆਂ ਹੋਇਆਂ ਮਨੱਖ ਨੇ ਵੀ ਆਪਣੇ ਕਪੜੇ ਅਤੇ ਖਾਣਾ ਪੀਣਾ ਮੌਸਮ ਦੇ ਅਨੁਕੂਲ ਕਰ ਲਿਆ ਹੈ।
੬ ਜਿਹੜਿਆਂ ਮੁਲਕਾਂ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਲਿਆ ਹੈ ਓੱਥੇ ਮਨੁੱਖ ਨੂੰ ਹਰੇਕ ਸਹੂਲਤ ਪ੍ਰਾਪਤ ਹੰਦੀ ਹੈ ਜਿੱਥੇ ਕੇਵਲ ਇਹ ਹੀ ਕਹਿਆ ਜਾਂਦਾ ਹੈ ਕਿ ਰੱਬ ਜੀ ਆਪੇ ਦੇ ਦੇਣਗੇ ਓੱਥੇ ਮਿਹਨਤ ਵਰਗੀ ਅਵਸਥਾ ਖਤਮ ਹੋ ਜਾਂਦੀ ਹੈ ਤੇ ਕੌਮਾਂ ਕੰਮਜ਼ੋਰ ਪੈ ਜਾਂਦੀਆਂ ਹਨ ਤੇ ਸਦਾ ਲਈ ਗੁਲਾਮ ਹੋ ਜਾਂਦੀਆਂ ਹਨ।
੭ ਸਭ ਤੋਂ ਵੱਡਾ ਨੁਕਤਾ ਹੈ ਕਿ ਅਨੰਦ ਰੂਪ ਪ੍ਰਭੂ ਦੀ ਕ੍ਰਿਪਾ ਨਾਲ ਸਾਰੇ ਸੁੱਖੀ ਰਹਿੰਦੇ ਹਨ ਦਾ ਇਸ ਦਾ ਭਾਵ ਹੈ ਕਿ ਜਿਸ ਸਮਾਜ ਨੇ ਹਰੇਕ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੋਵੇ ਓੱਥੇ ਲਾਲਚ ਵਰਗੀ ਬਿਮਾਰੀ ਜਨਮ ਨਹੀਂ ਲੈਂਦੀ। ਸੱਚ ਵਲੋਂ ਉਤਸ਼ਾਹਤ ਹੋ ਕੇ ਹਮੇਸ਼ਾਂ ਚੰਗਿਆਂ ਕੰਮਾਂ ਨੂੰ ਪਹਿਲ ਦੇਣੀ ਹੀ ਰੱਬ ਦੀ ਅਨੰਦ ਮਈ ਕਿਰਪਾ ਹੈ।
੮ ਜਿਸ ਸਮਾਜ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਸੀ ਉਸ ਸਮਾਜ ਦੀ ਝਲਕ ਵਿਕਸਤ ਮੁਲਕਾਂ ਵਿਚੋਂ ਦੇਖੀ ਜਾ ਸਕਦੀ ਹੈ। ਆਪਣੇ ਮੁਲਕ ਵਿਚ ਰੱਬ ਦੀ ਕਿਰਪਾ ਦੇ ਨਾਂ 'ਤੇ ਲੁੱਟਿਆ ਹੀ ਜਾ ਰਿਹਾ ਹੈ।
੯ ਸਭ ਤੋਂ ਅਹਿਮ ਗੱਲ ਹੈ ਕਿ ਅਨੰਦ ਮਈ ਜੀਵਨ ਦੀ ਪ੍ਰਾਪਤੀ ਲਈ ਮਨੁੱਖ ਨੂੰ ਖ਼ੁਦਗ਼ਰਜ਼ੀ ਤੋਂ ਊੋਪਰ ੳੱਠਣਾ ਪੈਣਾ ਹੈ।
੧੦ ਜਿਹੜੇ ਹਰੀ ਨੂੰ ਸਿਮਰਦੇ ਹਨ ਭਾਵ ਜਿਹੜੇ ਆਪਣੇ ਆਪ ਨੂੰ ਨਿਯਮ ਵਿਚ ਲੈ ਆਉਂਦੇ ਹਨ ਉਹ ਨਾਸ਼ਵੰਤ ਰਚਨਾ ਭਾਵ ਖ਼ੁਦਗਰਜ਼ੀ ਦੀ ਬਿਰਤੀ ਵਲੋਂ ਨਿਰਮੋਹ ਜਾਂਦੇ ਹਨ।
੧੧ ਹਰੀ ਨੂੰ ਸਿਮਰਣ ਤੋਂ ਭਾਵ ਸਵੈ ਪੜਚੋਲ਼, ਇਮਾਨਦਾਰੀ, ਸਖਤ ਮਿਹਨਤ, ਵਫ਼ਾਦਾਰੀ ਜਦੋਂ ਸੁਭਾਅ ਵਿਚ ਜਨਮ ਲੈਂਦੀ ਹੈ ਤਾਂ ਉਹ ਮਨੁੱਖ ਨਿੱਜੀ ਲਾਲਸਾਂ ਤੋਂ ਊਪਰ ਚਲਾ ਜਾਂਦਾ ਹੈ।
੧੨ ਸਿੱਖੀ ਦੀ ਖਾਸੀਅਤ ਹੈ ਕਿ ਸਾਰੇ ਕਾਰਜ ਮਨੁੱਖ ਆਪ ਕਰਦਾ ਹੈ ਪਰ ਧੰਨਵਾਦ ਪ੍ਰਭੂ ਦਾ ਨਾਂ ਲੈ ਕੇ ਕਰਦਾ ਹੈ ਕਿ ਕਿਤੇ ਮੇਰੇ ਵਿਚ ਹੰਕਾਰ ਨਾ ਆ ਜਾਏ।
੧੩ ਸਾਰਾ ਕੁਝ ਰੱਬ ਜੀ ਕਰਨਗੇ ਤਾਂ ਕੀ ਫਿਰ ਸਾਨੂੰ ਹੱਥ 'ਤੇ ਹੱਥ ਰੱਖ ਕੇ ਵਿਹਲੇ ਬੈਠ ਜਾਣਾ ਚਾਹੀਦਾ ਹੈ? ਰੱਬੀ ਗੁਣਾਂ ਦੀ ਮਹਾਨਤਾ ਹੈ ਕਿ ਮਨ ਮਾਰ ਕੇ ਮਿਹਨਤ ਕਰਨੀ ਚਾਹੀਦੀ ਹੈ ਤੇ ਇਹ ਹੀ ਰੱਬ ਜੀ ਦੀ ਬਖਸ਼ਸ਼ ਹੈ।
ਹੋਵੈ ਸੁਖੁ ਘਣਾ ਦਯਿ ਧਿਆਇਐ॥
ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ॥
ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ॥
ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥
ਪੰਨਾ ੫੨੦




.