.

ਸਾਧਾਂ ਨੂੰ ਚਮਲਾਇਆ ਵੀ ਤਾਂ ਤੁਸੀਂ ਹੀ ਹੈ

ਕੁੱਝ ਦਿਨ ਪਹਿਲਾਂ ਭਾਵ ਕਿ 24 ਅਕਤੂਬਰ 2019 ਨੂੰ, ਸਪੋਕਸਮੈਨ ਵਿੱਚ ਇੱਕ ਖਬਰ ਛਪੀ ਸੀ। ਜਿਸ ਦਾ ਸਿਰਲੇਖ ਸੀ, “ਪ੍ਰਕਾਸ਼ ਪੁਰਬ ਸਮਾਗਮਾਂ ਲਈ ਸਾਧ ਯੂਨੀਅਨ ਨੇ ਵੀ ਖਿੱਚੀ ਤਿਆਰੀ, ਅਕਾਲੀ ਦਲ ਬਾਦਲ ਰਾਹੀਂ ਸ਼੍ਰੋਮਣੀ ਕਮੇਟੀ `ਤੇ ਬਣਾਇਆ ਦਬਾਅ ਕਿ ਮੂਲ ਮੰਤਰ ਵੱਡਾ ਕੀਤਾ ਜਾਵੇ”। ਇਹ ਖਬਰ ਛਪਣ ਤੋਂ ਅਗਲੇ ਦਿਨ ਇਸ ਦੇ ਪ੍ਰਤੀਕਰਮ ਵਜੋਂ ਕਈ ਵਿਦਵਾਨਾਂ ਦੇ ਵਿਚਾਰ ਛਪੇ ਸਨ। ਇਹ ਸਾਰਾ ਕੁੱਝ ਸਿੱਖ ਮਾਰਗ ਦੇ ਪਾਠਕਾਂ ਨੇ ਪੜ੍ਹਿਆ ਹੋਵੇਗਾ। ਜੇ ਕਰ ਕਿਸੇ ਨੇ ਨਹੀਂ ਪੜ੍ਹਿਆ ਤਾਂ ਉਹ ਰੋਜ਼ਾਨਾ ਸਪੋਕਸਮੈਨ ਦੀ ਵੈੱਬ ਸਾਈਟ ਤੇ ਜਾ ਕੇ ਪੜ੍ਹ ਸਕਦਾ ਹੈ। ਡੇਰਿਆਂ ਨਾਲ ਸੰਬੰਧਿਤ ਸਿੱਖਾਂ ਤੋਂ ਬਿਨਾ ਹੋਰ ਜਿਤਨੇ ਵੀ ਸਿੱਖ ਹਨ ਭਾਵੇਂ ਉਹ ਵਿਦਵਾਨ ਸਿੱਖ ਹਨ ਜਾਂ ਆਮ ਸਾਧਾਰਣ ਸਿੱਖ ਹਨ, ਇਹ ਸਾਰੇ ਰੌਲਾ ਤਾ ਬਹੁਤ ਪਉਂਦੇ ਹਨ ਕਿ ਸਾਧਾਂ ਨੇਂ ਆਹ ਕਰਤਾ ਸਾਧਾਂ ਨੇ ਔਹ ਕਰਤਾ। ਇਨ੍ਹਾਂ ਨੇ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ। ਇਹ ਆਰ. ਐੱਸ. ਐੱਸ. ਨਾਲ ਮਿਲੇ ਹੋਏ ਹਨ ਜਾਂ ਇਨ੍ਹਾਂ ਤੇ ਉਨ੍ਹਾਂ ਦਾ ਬਹੁਤ ਦਬਾਅ ਹੈ। ਕਿਉਂਕਿ ਇਨ੍ਹਾਂ ਦੀ ਬਾਦਲਾਂ ਨਾਲ ਯਾਰੀ ਹੈ ਅਤੇ ਬਾਦਲਾਂ ਦੀ ਅੱਗੋਂ ਭਾਜਪਾ ਨਾਲ ਅਤੇ ਭਾਜਪਾ ਨੂੰ ਅੱਗੋਂ ਆਰ. ਐੱਸ. ਐੱਸ. ਚਲਾਉਂਦੀ ਹੈ। ਭਾਵੇਂ ਇਹ ਸਾਰੀਆਂ ਗੱਲਾਂ ਠੀਕ ਹਨ ਪਰ ਸਵਾਲਾਂ ਦਾ ਸਵਾਲ ਤਾਂ ਅੱਗੋਂ ਇਹ ਹੈ ਕਿ ਤੁਸੀਂ ਸਾਰੇ ਵੀ ਸਾਧਾਂ ਨੂੰ ਚਮਲਾਉਣ ਵਿੱਚ ਆਪਣਾ ਪੂਰਾ ਯੋਗਦਾਨ ਨਹੀਂ ਪਾ ਰਹੇ? ਜੇ ਨਹੀਂ ਪਾ ਰਹੇ ਤਾਂ ਦੱਸੋ? ਹੇਠ ਲਿਖੇ ਕੁੱਝ ਸਵਾਲ ਹਨ ਜੇ ਕਰ ਕਿਸੇ ਕੋਲ ਕੋਈ ਜਵਾਬ ਹੋਇਆ ਤਾਂ ਜਰੂਰ ਦਿਓ।
1- ਕੀ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਡੇਰੇਵਾਲਾ ਸਾਧ ਸੀ ਜਾਂ ਨਹੀਂ?
2- ਕੀ ਦੁਨੀਆ ਦੇ ਕਿਸੇ ਇੱਕ ਵੀ ਵਿਦਵਾਨ ਨੇ ਅੱਜ ਤੱਕ ਭਿੰਡਰਾਂਵਾਲੇ ਸਾਧ ਬਾਰੇ ਸੱਚੋ-ਸੱਚ ਬਿਆਨ ਕੀਤਾ ਹੈ ਕਿ ਉਹ ਦਰਬਾਰ ਸਾਹਿਬ ਵਿੱਚ ਕੀ ਕੁੱਝ ਕਰਦਾ ਰਿਹਾ ਹੈ? ਕੀ ਬਲਜੀਤ ਕੌਰ ਦੇ ਕਤਲ ਦਾ ਸੱਚੋ-ਸੱਚ ਕਿਸੇ ਨੇ ਬਿਆਨ ਕੀਤਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਕਤਲ ਕੀਤਾ ਗਿਆ ਸੀ? ਵਿਦਵਾਨ ਤੋਂ ਮੇਰਾ ਭਾਵ ਉਨ੍ਹਾਂ ਵਿਦਵਾਨਾ ਤੋਂ ਹੈ ਜਿਹੜੇ ਕਈ ਕਿਤਾਬਾਂ ਦੇ ਲੇਖਕ ਹਨ ਅਤੇ ਉਹ ਰੇਡੀਓ-ਟੀ. ਵੀ. ਤੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹਨ। ਉਹ ਗੁਰਦੁਆਰਿਆਂ ਅਤੇ ਸੈਮੀਨਾਰਾਂ ਵਿੱਚ ਜਾ ਕੇ ਵੀ ਬੋਲਦੇ ਹਨ। ਇਸ ਬਾਰੇ ਜੇ ਕਿਸੇ ਦਾ ਲਿਖਤੀ ਜਾਂ ਰਿਕਾਰਡ ਕੀਤਾ ਕੋਈ ਬਿਆਨ ਹੋਵੇ ਤਾਂ ਜਰੂਰ ਦੱਸਣਾ।
3- ਦਸਮ ਗ੍ਰੰਥ ਸਿੱਖਾਂ ਦੇ ਗੁਰੂਆਂ ਨੂੰ ਲਵ-ਕੁਸ਼ ਦੀ ਔਲਾਦ ਦੱਸਦਾ ਹੈ ਅਤੇ ਇਹ ਗੁਰਬਾਣੀ ਪਾਠ ਦਰਸ਼ਨ ਵਿੱਚ ਵੀ ਲਿਖਿਆ ਹੋਇਆ ਹੈ। ਸਾਰੇ ਸਾਧ ਵੀ ਦਸਮ ਗ੍ਰੰਥ ਨੂੰ ਮੰਨਦੇ ਹਨ ਅਤੇ ਭਿੰਡਰਾਂਵਾਲਾ ਸਾਧ ਵੀ ਮੰਨਦਾ ਸੀ। ਕੀ ਅੱਜ ਤੱਕ ਕਿਸੇ ਵੀ ਵਿਦਵਾਨ ਨੇ ਇਹ ਦੱਸਿਆ ਹੈ ਕਿ ਭਿੰਡਰਾਂਵਾਲੇ ਸਾਧ ਨੂੰ ਗੁਰਮਤਿ ਬਾਰੇ ਬਹੁਤਾ ਗਿਆਨ ਨਹੀਂ ਸੀ ਅਤੇ ਉਸ ਦਾ ਦਸਮ ਗ੍ਰੰਥ ਨੂੰ ਮੰਨਣਾ ਗਲਤ ਸੀ?
4- ਸ਼ੋਸ਼ਲ ਮੀਡੀਏ ਤੇ ਕਈ ਗਰੁੱਪ ਸਾਧਾਂ ਸੰਤਾ ਦੇ ਖਿਲਾਫ ਬਣੇ ਹੋਏ ਸਨ ਸ਼ਾਇਦ ਹੁਣ ਵੀ ਕੁੱਝ ਹੋਣ। ਮੈਨੂੰ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਮੇਰਾ ਕੋਈ ਅਕਾਉਂਟ ਸ਼ੋਸ਼ਲ ਮੀਡੀਏ ਤੇ ਹੈ। ਜਦੋਂ ਇਸ ਤਰ੍ਹਾਂ ਦੇ ਕਿਸੇ ਗਰੁੱਪ ਵਿੱਚ ਗੁਰਮੀਤ ਸਿੰਘ ਕਾਦੀਆਨੀ ਨੇ ਭਿੰਡਰਾਂਵਾਲੇ ਸਾਧ ਬਾਰੇ ਕੋਈ ਥੋੜਾ ਬਹੁਤ ਸੱਚ ਲਿਖਿਆ ਸੀ ਤਾਂ ਕਿੰਨੇ ਕੁ ਵਿਆਕਤੀਆਂ ਨੇ ਉਸ ਦੀ ਹਮਾਇਤ ਕੀਤੀ ਸੀ? ਜੇ ਕਰ ਨਹੀਂ ਸੀ ਕੀਤੀ ਤਾਂ ਇਸ ਤੋਂ ਸਾਫ ਸਿੱਧ ਨਹੀਂ ਹੁੰਦਾ ਕਿ ਸਾਧਾਂ ਦੇ ਖਿਲਾਫ ਲਿਖਣ ਵਾਲੇ ਖੁਦ ਵੀ ਸਾਧਾਂ ਦੇ ਚੇਲੇ ਹਨ?
5- ਜੇ ਕਰ ਬਾਦਲਾਂ ਦਾ ਅਤੇ ਆਰ. ਐੱਸ. ਐੱਸ. ਦਾ ਸਿੱਧਾ ਕੰਟਰੋਲ ਸ਼੍ਰੋਮਣੀ ਕਮੇਟੀ ਅਤੇ ਕਹੇ ਜਾਂਦੇ ਅਕਾਲ ਤਖ਼ਤ ਤੇ ਹੈ ਕੀ ਇਸੇ ਤਰ੍ਹਾਂ ਦਾ ਸਿੱਧਾ ਜਾਂ ਅਸਿੱਧਾ ਕੰਟਰੋਲ ਦੁਨੀਆ ਦੇ ਤਕਰੀਬਨ ਸਾਰੇ ਵੱਡੇ ਗੁਰਦੁਆਰਿਆਂ ਤੇ ਨਹੀਂ ਹੈ? ਇਨ੍ਹਾਂ ਵਿੱਚ ਇੱਕ ਤਾਂ ਉਹ ਹਨ ਜਿਹਨਾਂ ਦਾ ਸਿੱਧਾ ਹੀ ਹਿੰਦੋਸਤਾਨ ਦੀ ਸਰਕਾਰ ਦੇ ਕੌਂਸਲਰ ਜਰਨਲਾਂ ਨਾਲ ਰਾਬਤਾ ਬਣਿਆ ਹੋਇਆ ਹੈ। ਇਨ੍ਹਾਂ ਵਿੱਚ ਖਾਲਿਸਤਾਨੀ ਅਤੇ ਗੈਰ ਖਾਲਿਸਤਾਨੀ ਦੋਵੇਂ ਧਿਰਾਂ ਸ਼ਾਮਲ ਹਨ। ਦੂਸਰੇ ਉਹ ਹਨ ਜਿਹੜੇ ਭਿੰਡਰਾਂਵਾਲੇ ਸਾਧ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਕੀ ਇਹ ਤਕਰੀਬਨ ਸਾਰੇ ਹੀ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਰਾਹੀਂ, ਹਿੰਦੂ ਮਿਥਿਹਾਸ ਅਤੇ ਹੋਰ ਕੂੜ ਕਹਾਣੀਆਂ ਰਾਹੀਂ ਅਸਿੱਧੇ ਤੌਰ ਤੇ ਆਰ. ਐੱਸ. ਐੱਸ. ਦਾ ਏਜਂਡਾ ਹੀ ਲਾਗੂ ਨਹੀਂ ਕਰ ਰਹੇ?
6- ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਸਾਥੀ ਭਿੰਡਰਾਂਵਾਲੇ ਸਾਧ ਦੀ ਵਿਚਾਰ ਧਾਰਾ ਨੇ ਕਤਲ ਕਰ ਦਿੱਤਾ ਸੀ। ਆਪਣੇ ਸਾਥੀ ਦੇ ਕਤਲ ਹੋਣ ਤੋਂ ਬਾਅਦ ਵੀ ਢੱਡਰੀਆਂ ਵਾਲੇ ਦੇ ਸੰਘ ਵਿੱਚ ਜਰਨੈਲ ਸਿੰਘ ਫਸਿਆ ਹੋਇਆ ਸੀ। ਕੀ ਉਹ ਹੁਣ ਨਿੱਕਲ ਗਿਆ ਹੈ ਜਾਂ ਹਾਲੇ ਵੀ ਫਸਿਆ ਹੋਇਆ ਹੈ? ਜੇ ਕਰ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਵੇ ਤਾਂ ਜਰੂਰ ਦੱਸੇ।
7- ਭਿੰਡਰਾਂਵਾਲੇ ਸਾਧ ਬਾਰੇ ਜਾਹਲੀ ਕਿਤਾਬਾਂ ਛਪਵਾ ਕੇ ਉਸ ਸਾਧ ਦੀ ਝੂਠੀ ਵਡਿਆਈ ਕਰਨ ਵਿਚ, ਸਾਧਾਂ ਨੂੰ ਭੰਡਣ ਵਾਲਿਆਂ ਦਾ ਆਪਣਾ ਕਿੰਨਾ ਯੋਗਦਾਨ ਹੈ। ਕੀ ਸਾਰੇ ਚੁੱਪ ਨਹੀਂ ਰਹੇ ਜਾਂ ਝੂਠ ਬੋਲਣ ਵਾਲਿਆਂ ਦੀ ਹਾਂ ਵਿਚ ਹਾਂ ਨਹੀਂ ਮਿਲਾਈ?
8- ਮਾਈ ਭਾਗੋ ਬਾਰੇ ਵੀਡੀਓ ਦੇਖਦਿਆਂ ਇੱਕ ਵੀਡੀਓ ਡਾ: ਅਮਰਜੀਤ ਕੌਰ ਦੀ ਦੇਖਣ ਨੂੰ ਵੀ ਮਿਲੀ ਸੀ। ਇਸ ਬੀਬੀ ਨੂੰ ਮੈਂ ਚੰਗੀ ਤਰ੍ਹਾਂ ਪਹਿਲੀ ਵਾਰੀ ਸੁਣਿਆ ਹੈ। ਮੈਨੂੰ ਨਹੀਂ ਪਤਾ ਕਿ ਇਹ ਕਾਹਦੀ ਡਾਕਟਰ ਹੈ। ਪਰ ਵੀਡੀਓ ਦੇਖ ਕੇ ਇਹ ਪੱਕਾ ਯਕੀਨ ਹੋ ਗਿਆ ਕਿ ਇਹ ਵੀ ਸਾਧਾਂ ਨੂੰ ਅਤੇ ਹੋਰ ਕੂੜ ਗ੍ਰੰਥਾਂ ਨੂੰ ਪ੍ਰਮੋਟ ਕਰਨ ਵਾਲੀ ਹੈ। ਇਹ ਹੀ ਨਹੀਂ ਰੱਜ ਕੇ ਝੂਠ ਵੀ ਬੋਲਦੀ ਹੈ ਅਤੇ ਗੁੰਡਾ ਗਰਦੀ ਨੂੰ ਵੀ ਉਤਸ਼ਾਹਤ ਕਰਦੀ ਹੈ। ਹੇਠਾਂ ਦਿੱਤੀ ਵੀਡੀਓ ਧਿਆਨ ਨਾਲ ਸੁਣਿਓ ਕਿ ਅਖੀਰ ਜਿਹੇ ਤੇ ਜਾ ਕੇ ਇਹ ਕਿਵੇਂ ਮੂਲ ਮੰਤ੍ਰ ਅਥਵਾ ਮੰਗਲਾ ਚਰਨ ਦੀ ਸਹੀ ਥਾਂ ਬਾਰੇ ਗੁਮਰਾਹ ਕਰਦੀ ਹੈ।

ਨੋਟ:- ਮੰਗਲਾ ਚਰਨ ਬਾਰੇ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਸੰਖੇਪ ਜਿਹਾ ਲਿਖਦਾ ਹਾਂ।
ਸ਼੍ਰੋਮਣੀ ਕਮੇਟੀ ਦੇ ਮਤਾ ਨੰ: 728 ਮਿਤੀ 9-5-55 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਮੰਗਲਾ ਚਰਨ ਸਬੰਧੀ ਤਿੰਨ ਬੰਦਿਆਂ ਦੀ ਇੱਕ ਸਭ ਕਮੇਟੀ ਬਣਾਈ। ਜਿਹਨਾ ਵਿੱਚ ਜਸਟਿਸ ਹਰਨਾਮ ਸਿੰਘ ਜੱਜ, ਪ੍ਰੋ: ਸਾਹਿਬ ਸਿੰਘ ਅਤੇ ਪ੍ਰਿੰ: ਬਾਵਾ ਹਰਕਿਸ਼ਨ ਸਿੰਘ ਸਨ। ਇਹਨਾ ਨੇ ਪੜਤਾਲ ਕਰਕੇ ਦੱਸਿਆ ਕਿ ਕਰਤਾਰ ਪੁਰ ਵਾਲੀ ਬੀੜ ਵਿੱਚ ਮੰਗਲਾ ਚਰਨ ਨੂੰ ਰਾਗ ਦੇ ਸਿਰਲੇਖ ਨਾਲੋਂ ਹਰ ਥਾਂ ਤੇ ਪਹਿਲ ਦਿੱਤੀ ਹੋਈ ਹੈ। ਸੋ ਇਤਨਾ ਕੁ ਲਿਖਣ ਦਾ ਇਹ ਭਾਵ ਹੈ ਕਿ ਮੰਗਲਾ ਚਰਨ ਬਾਰੇ ਠੀਕ ਥਾਂ ਤੇ ਹੋਣ ਦਾ ਨਿਰਨਾ ਤਾਂ ਵਿਦਵਾਨ ਮੇਰੇ ਜੰਮਣ ਤੋਂ ਵੀ ਪਹਿਲਾਂ ਸਮਝ ਕੇ ਕਰ ਚੁੱਕੇ ਹਨ। ਪਾਠਕ ਜਨ ਇਹ ਸਾਰੀ ਜਾਣਕਾਰੀ ਪ੍ਰੋ: ਸਾਹਿਬ ਸਿੰਘ ਦੀ ਦਸਵੀਂ ਪੋਥੀ ਵਿੱਚ ਪੜ੍ਹ ਸਕਦੇ ਹਨ। ਐਵੇਂ ਹੀ ਤੀਰ-ਤੁੱਕੇ ਲਉਣੇ ਅਤੇ ਸਾਧਾਂ ਮਗਰ ਲੱਗ ਕੇ ਰੌਲੀ ਪਉਣੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਗਲਤੀਆਂ ਡੇਰਿਆਂ ਵਾਲੇ ਸਾਧਾਂ ਦੀਆਂ, ਬੀੜਾਂ ਛਾਪਣ ਵਾਲੇ ਦੁਕਾਨ ਦਾਰਾਂ ਦੀਆਂ ਅਤੇ ਜਾਂ ਫਿਰ ਲਿਖਾਰੀਆਂ ਅਤੇ ਬੂਝੜ ਸਿੱਖਾਂ ਦੀਆਂ। ਇਹ ਸਾਰਾ ਕੁੱਝ ਸ਼ਰਧਾ ਵੱਸ ਜੋੜਿਆ ਜਾ ਰਿਹਾ ਹੈ ਗੁਰੂ ਦੇ ਨਾਮ ਨਾਲ। ਕੀ ਗੁਰੂ ਜੀ ਐਸੀ ਬੇਤਰਤੀਬੀ ਕਰ ਸਕਦੇ ਸਨ? ਮੈਂ ਤਾਂ ਇਹ ਵੀ ਸੁਣਿਆ ਹੈ ਕਿ ਜਿਸ ਕਰਤਾਰ ਸਿੰਘ ਦੀ ਗੱਲ ਇਹ ਬੀਬੀ ਕਰ ਰਹੀ ਹੈ। ਉਸ ਕਰਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਪ੍ਰੈੱਸ ਦੀ ਭੰਨ-ਤੋੜ ਵੀ ਕੀਤੀ ਸੀ। ਭਾਵ ਕਿ ਸਿੱਧੀ ਹੁੱਲਬਾਜ਼ੀ ਅਤੇ ਗੁੰਡਾ ਗਰਦੀ ਵੀ ਕੀਤੀ ਸੀ।



ਮੰਗਲਾਚਰਨ ਬਾਰੇ ਦੋ ਪੰਨੇ ਪ੍ਰਿ: ਹਰਿਭਜਨ ਸਿੰਘ ਦੀ ਕਿਤਾਬ ਵਿਚੋਂ ਅਤੇ ਇਕ ਪੰਨਾ ਨੰ: 537 ਗੁਰੂ ਗ੍ਰੰਥ ਵਿਚੋਂ ਹੈ। ਇਸ ਇਕੋ ਪੰਨੇ ਤੇ ਮੰਗਲਾਚਰਨ ਤਿੰਨ ਤਰ੍ਹਾਂ ਛਪੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ, ਗੁਟਕਿਆਂ ਵਿੱਚ ਅਤੇ ਸ਼ਬਦਾਰਥ ਵਿਚ, ਜਿੱਥੇ ਬਾਣੀ ਸੁਖਮਨੀ ਸ਼ੁਰੂ ਹੁੰਦੀ ਹੈ ਉਥੇ ਧਿਆਨ ਨਾਲ ਪੜ੍ਹੋ ਤਾਂ ਸਹਿਜੇ ਹੀ ਸਮਝ ਆ ਸਕਦੀ ਹੈ। ਇੱਥੇ ਪਹਿਲਾਂ ਬਾਣੀ ਦਾ ਨਾਮ ਅਤੇ ਮਹਲਾ ਹੈ, ਫਿਰ ਸਲੋਕ ਲਿਖਿਆ ਹੈ, ਸਲੋਕ ਤੋਂ ਬਾਅਦ, ਸੰਖੇਪ ਮੰਗਲਾ ਚਰਨ ਹੈ ਅਤੇ ਫਿਰ ਸਲੋਕ ਹੈ। ਤਰਤੀਬ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਸਭ ਤੋਂ ਪਹਿਲਾਂ ਮੰਗਲਾ ਚਰਨ, ਫਿਰ ਬਾਣੀ ਦਾ ਨਾਮ ਅਤੇ ਮਹਲਾ, ਫਿਰ ਸਲੋਕ ਲਿਖਣ ਤੋਂ ਬਾਅਦ ਸਲੋਕ: ਆਦਿ ਗੁਰਏ ਨਮਹ॥ ਉਂਜ ਵੀ ਇੱਕ ਸਾਧਾਰਣ ਜਿਹੀ ਸਮਝਣ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਚਿੱਠੀ ਪੱਤਰ ਲਿਖਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਓਂਕਾਰ ਲਿਖਿਆ ਜਾਂਦਾ ਹੈ ਨਾ ਕਿ ਵਿੱਚ ਵਿਚਾਲੇ।
ਅਖੀਰ ਤੇ ਮੈਂ ਸਾਰੇ ਪਾਠਕਾਂ/ਲੇਖਕਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਕਦੀ ਆਪਣੇ ਆਪ ਨੂੰ ਗੁਰਮਤਿ ਦੇ ਜਾਣੂ ਅਤੇ ਜਾਗਰੂਕ ਕਹਾਉਣ ਵਾਲੇ ਭਾਂਵੇਂ ਕੋਈ ਵੀ ਹੋਣ, ਸਾਧਾਂ ਬਾਰੇ ਰੌਲਾ ਪਉਣ ਤਾਂ ਉਨ੍ਹਾਂ ਨੂੰ ਇਹ ਵੀ ਪੁੱਛ ਲਿਆ ਕਰੋ ਕਿ ਸਾਧਾਂ ਨੂੰ ਚਮਲਾਉਣ ਵਿੱਚ ਹੁਣ ਤੱਕ ਤੁਸੀਂ ਵੀ ਕਿੰਨਾ ਕੁ ਯੋਗਦਾਨ ਪਾ ਚੁੱਕੇ ਹੋ ਜ਼ਰਾ ਇਸ ਬਾਰੇ ਵੀ ਕੋਈ ਖੁਲਾਸਾ ਕਰ ਦਿਓ ਜੀ।
ਮੱਖਣ ਸਿੰਘ ਪੁਰੇਵਾਲ,
ਅਕਤੂਬਰ 27, 2019.




.