.

{ਗੁਰੂ ਨਾਨਕ ਦਾ ਚਿੰਤਨ ਅਤੇ ਡੇਰਾਵਾਦ}


ਮਨੁੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਖੂਬਸੂਰਤ ਜਿੰਦਗੀ ਜੀਊਣ ਦੇ ਪੂਰਨੇ ਪਾਏ, ਖੁਦ ਨਿਰਭੈਤਾ ਅਤੇ ਨਿਰਵੈਰਤਾ ਨਾਲ ਦੁਨੀਆਂ ਵਿੱਚ ਵਿਚਰਦੇ ਹੋਏ ਸਾਰਿਆਂ ਵਿੱਚ ਇੱਕ ਜੋਤ ਨੂੰ ਪਹਿਚਾਣ ਕੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲਿਆ ਅਤੇ ਇੱਕ ਐਸਾ ਮਾਰਗ ਦਿਖਾਇਆ ਜਿਸ ਤੇ ਚੱਲ ਕੇ ਕਿਸੇ ਵੀ ਸਮੇ ਕੋਈ ਵੀ ਵਿਅਕਤੀ ਅੰਦਰੋਂ ਬਾਹਰੋਂ ਵਿਗਸਦਾ ਹੋਇਆ ਦੁਜਿਆਂ ਦੇ ਦੁੱਖ ਦੂਰ ਕਰਦਾ ਹੋਇਆ ਖਲਕਤ ਵਿੱਚ ਰਮੇ ਹੋਏ ਖਾਲਕ ਨਾਲ ਇੱਕ ਮਿੱਕ ਹੋ ਸਕਦਾ ਹੈ। ……
ਧਰਮ ਇੱਕ ਸੁਚੱਜੀ ਜੀਵਨ-ਜਾਚ ਦਾ ਨਾਂ ਹੈ, ਜੋ ਸਾਰੀ ਕਾਇਨਾਤ ਵਿੱਚ ਓਤ-ਪਰੋਤ ਬ੍ਰਹਿਮੰਡੀ-ਏਕਤਾ ਨੂੰ ਪਹਿਚਾਣ ਕੇ ਸਾਰੀ ਮਨੁੱਖਤਾ ਨੂੰ ਇੱਕ ਸਮਝੇ। ਗੁਰੂ ਨਾਨਕ ਚਿੰਤਨ ਦਾ ਆਧਾਰ ਹੀ ਸਮਦ੍ਰਿਸ਼ਟੀ ਹੈ। ਇਸ ਆਧਾਰ ਦਾ ਠੋਸ ਕਾਰਨ “ਸਰਬ ਜੋਤ ਤੇਰੀ ਪਸਰ ਰਹੀ। ਜਹ ਜਹ ਦੇਖਾ ਤਹ ਨਰਹਰੀ।” ਅਤੇ “ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ।” ਵਿੱਚ ਦ੍ਰਿੜ ਵਿਸ਼ਵਾਸ ਹੈ। ਇੱਕ ਪਿਤਾ ਦੀ ਸੰਤਾਨ ਸਮਝਣਾ ਬਹੁਤ ਡੂੰਘੀ ਸੂਝ ਤੋਂ ਬਿਨਾਂ ਸੰਭਵ ਨਹੀਂ। ਅਤੇ ਇਸ ਸੂਝ ਦੇ ਮਿਲਦਿਆਂ ਹੀ ਜਾਤ, ਰੰਗ, ਨਸਲ, ਲਿੰਗ, ਦੇਸ਼, ਮਜਹਬ ਆਦਿ ਦੇ ਵਿਤਕਰੇ ਸਿਰਫ ਕੂੜ ਹੀ ਨਹੀਂ ਦਿਸਦੇ ਸਗੋਂ ਇਹ ਵਿਤਕਰੇ ਆਪਾ-ਚੀਨਣ ਅਤੇ ਪ੍ਰਭੂ-ਮਿਲਾਪ ਵਿੱਚ ਬੜੀ ਵੱਡੀ ਰੁਕਾਵਟ ਮਹਿਸੂਸ ਹੋਣ ਲੱਗਦੇ ਹਨ। ……
ਸੰਖੇਪ ਵਿੱਚ ਗੁਰੂ ਨਾਨਕ ਚਿੰਤਨ ਨੂੰ ਸਮਝਣ ਲਈ ਤਿੰਨ ਪੱਖਾਂ ਤੇ ਵਿਚਾਰ ਕਰਾਂਗੇ-1. ਪਰਮਾਤਮਾ ਬਾਰੇ 2. ਸ੍ਰਿਸ਼ਟੀ ਬਾਰੇ 3. ਨਿੱਜ ਬਾਰੇ।
1. ਪਰਮਾਤਮਾ ਬਾਰੇ:- ਗੁਰੂ ਨਾਨਕ ਦਾ ਪਰਮਾਤਮਾ ਕਿਸੇ ਅਣਦੇਖੀ ਥਾਂ ਤੇ ਨਹੀਂ। ਉਸ ਨੂੰ ਲੱਭਣ ਲਈ ਕਿਸੇ ਜਪ, ਤਪ, ਸਮਾਧੀ, ਚਿਲੇ-ਕੱਟਣ, ਸਰੀਰਾਂ ਨੂੰ ਕਸ਼ਟ ਦੇਣ, ਕੋਈ ਖਾਸ ਆਸਣ ਲਗਾਣ, ਜੰਗਲਾਂ ਵਿੱਚ ਜਾਣ, ਦੁਨੀਆਂ ਤੋ ਬੈਰਾਗੀ ਹੋ ਕੇ ਭੋਰਿਆਂ ਵਿੱਚ ਭਗਤੀ ਕਰਨ ਦੀ ਲੋੜ ਨਹੀਂ। ਉਹ ਤਾਂ ਆਪਣੀ ਰਚੀ ਦੁਨੀਆਂ ਵਿੱਚ ਇੰਝ ਸਮਾਇਆ ਹੋਇਆ ਏ, ਜਿਵੇਂ ਫੁੱਲਾਂ ਵਿੱਚ ਮਹਿਕ। ਉਹ ਸਦਾ ਸੱਚ ਹੈ, ਜਨਮ-ਮਰਨ ਤੋਂ ਰਹਿਤ ਹੈ, ਨਿਰਭਉ ਹੈ, ਨਿਰਵੈਰ ਹੈ, ਅਤੇ ਉਸ ਕਣ-ਕਣ ਵਿੱਚ ਰਮੇ ਹੋਏ ਪ੍ਰਭੂ ਨੂੰ ਕੇਵਲ ਗਰੂ ਦੀ ਬਖਸ਼ਿਸ਼ ਨਾਲ ਪਾਇਆ ਜਾ ਸਕਦਾ ਹੈ। ਗੁਰੁ ਦੀ ਮੱਤ ਗੁਰ-ਸ਼ਬਦ ਵਿੱਚੋਂ ਪ੍ਰਾਪਤ ਕਰਕੇ ਹੀ ਇਨਸਾਨ ਆਪਣੇ ਮੂਲ਼ ਨੂੰ ਪਛਾਣ ਸਕਦਾ ਹੈ ਅਤੇ ਅਪਣੀਆਂ ਦੁਨਿਆਵੀ ਜਿੰਮੇਵਾਰੀਆਂ ਨਿਭਾਉਂਦਾ ਹੋਇਆ ਮਨ ਵਿੱਚ ਉਸ ਨਿਰੰਕਾਰ ਦੀ ਯਾਦ ਰੱਖਦਾ ਹੋਇਆ ਉਸ ਏਕੇ ਵਿੱਚ ਸਮਾ ਸਕਦਾ ਹੈ। ਖਲਕਤ ਦੀ ਸੇਵਾ ਕਰਦੇ ਹੋਏ, ਕਿਰਤ ਕਰਦਿਆਂ ਵੀ ਕਰਤੇ ਨੂੰ ਯਾਦ ਰੱਖਦੇ ਹੋਏ, ਸਾਰੀ ਮਨੁੱਖਤਾ ਨੂੰ ਇੱਕ ਸਮਾਨ ਸਮਝਦੇ ਹੋਏ, ਮੋਹ ਮਾਇਆ ਅਤੇ ਵਿਕਾਰਾਂ ਤੋ ਬਚ ਕੇ ਉਸ ਪ੍ਰਭੂ ਨੂੰ ਪ੍ਰੇਮ ਨਾਲ ਸਹਿਜੇ ਹੀ ਪਾਇਆ ਜਾ ਸਕਦਾ ਹੈ। ……. .
2. ਸ਼੍ਰਿਸ਼ਟੀ ਬਾਰੇ:- ਲੋਕਾਈ ਬਾਰੇ ਗੁਰੂ ਨਾਨਕ ਦਾ ਉਪਦੇਸ਼ ਬਹੁਤ ਸਪਸ਼ਟ ਹੈ। ਗੁਰੂ ਨਾਨਕ ਜੀ ਦਾ ਸਿਧਾਂਤ ਅਤੇ ਚਿੰਤਨ ਲੋਕਾਂ ਦੇ ਨਾਲ ਸਿੱਧਾ ਸੰਬੰਧ ਰੱਖਦਾ ਹੈ। ਧਰਮ ਹੈ ਹੀ ਉਹ, ਜਿਹੜਾ ਲੋਕਾਈ ਦੇ ਦਰਦ ਦਾ ਅਹਿਸਾਸ ਕਰਵਾ ਦੇਵੇ। ਜੇ ਜਗਤ ਜਲੰਦਾ ਦੇਖ ਕੇ ਵੀ ਕੋਈ ਧਰਮ ਸਿਰਫ ਨਾਮ ਜਪਣ-ਜਪਾਉਣ ਤੋਂ ਅੱਗੇ ਨਾ ਵਧੇ, ਗੁਰੂ ਨਾਨਕ ਉਸ ਧਰਮ ਨੂੰ ਧਰਮ ਹੀ ਨਹੀਂ ਮੰਨਦੇ। ਸਿੱਧਾਂ ਨਾਲ ਹੋਈ ਚਰਚਾ ਵਿੱਚ ਗੁਰੂ ਜੀ ਦੀ ਸਿੱਧਾਂ ਬਾਰੇ ਰਾਇ ਨੂੰ ਭਾਈ ਗੁਰਦਾਸ ਜੀ ਬਿਆਨ ਕਰਦੇ ਹਨ – “ਸਿੱਧ ਛੁਪ ਬੈਠੇ ਪਰਬਤੀਂ ਕੌਣ ਜਗਤ ਕੋ ਪਾਰ ਉਤਾਰਾ” (ਭਾਈ ਗੁਰਦਾਸ)। ਇਸੇ ਤਰਾਂ ਬਾਬਰ ਦੇ ਹਮਲੇ ਸਮੇਂ ਪੰਡਿਤਾਂ ਵਲੋਂ ਸਿਰਫ ਮੰਤਰ ਪੜ੍ਹੇ ਜਾਣ ਦਾ ਵਿਰੋਧ ਕਰਦੇ ਹੋਏ ਆਖਦੇ ਹਨ – “ਕੋਈ ਮੁਗਲੁ ਨਾ ਹੋਆ ਅੰਧਾ, ਕਿਨੈ ਨ ਪਰਚਾ ਲਾਇਆ” (ਬਾਬਰ-ਵਾਣੀ, ਆਸਾ ਮਹਲਾ 1, ਪੰਨਾ 417)। ਇਸ ਤਰਾਂ ਗੁਰੂ ਨਾਨਕ ਵਿਚਾਰਧਾਰਾ ਸਾਰੀ ਲੋਕਾਈ ਨੂੰ ਆਪਣੇ ਭੈਣ-ਭਰਾ ਸਮਝਦੇ ਹੋਏ ਉਨ੍ਹਾਂ ਨਾਲ ਪ੍ਰੇਮ ਕਰਨ ਅਤੇ ਹਰ ਜੁਲਮ, ਧੱਕੇ ਅਤੇ ਵਿਤਕਰੇ ਦਾ ਵਿਰੋਧ ਕਰਨ ਦੀ ਵਕਾਲਤ ਕਰਦੀ ਹੈ। ਗੁਰੂ ਨਾਨਕ ਜੀ ਨੇ ਆਪ ਜੀਵਨ ਵਿੱਚ ਵੀ ਅਤੇ ਆਪਣੀ ਬਾਣੀ ਵਿੱਚ ਵੀ ਰਾਜਿਆਂ, ਮਕੱਦਮਾਂ, ਨਵਾਬਾਂ, ਸਰਮਾਏਦਾਰਾਂ, ਲੋਟੂ ਹਾਕਮਾਂ, ਅਤੇ ਜਨਤਾ ਨੂੰ ਲੁੱਟਣ ਵਾਲੇ ਸਾਰੇ ਭੇਖੀ ਸਾਧੂਆਂ, ਪੁਜਾਰੀਆਂ, ਪੰਡਿਤਾਂ, ਮੁਲਾਣਿਆਂ, ਕਾਜੀਆਂ ਆਦਿ ਦਾ ਡਟ ਕੇ ਵਿਰੋਧ ਕੀਤਾ ਹੈ। ਅਤੇ ਗਰੀਬਾਂ, ਲਿਤਾੜਿਆਂ, ਮਜਲੂਮਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਆਵਾਜ ਉਠਾ ਕੇ ਉਨ੍ਹਾਂ ਨੂੰ ਨਿਵਾਜਿਆ ਹੈ। ……. .
3. ਨਿੱਜ ਬਾਰੇ:-ਗੁਰੂ ਨਾਨਕ ਜੀ ਦਾ ਸਿਧਾਂਤ ਨਿੱਜ ਨੂੰ ਪਹਿਚਾਨਣ, ਚੀਨਣ, ਸਵਾਰਨ ਅਤੇ ਵਿਕਸਿਤ ਕਰਨ ਉੱਤੇ ਤਾਂ ਜੋਰ ਦਿੰਦਾ ਹੈ ਪਰ ਨਿੱਜ ਨੂੰ ਦਿਖਾਣ, ਨਿਜੀ ਸਵਾਰਥਾਂ ਲਈ ਦੂਜਿਆਂ ਨੂੰ ਲਿਤਾੜਨ, ਨਿੱਜ ਨੂੰ ਕਿਸੇ ਵੀ ਕਾਰਨ ਕਰਕੇ ਦੂਜਿਆਂ ਤੋਂ ਉਚਾ ਸਮਝਣ ਦੀ ਇਜਾਜਤ ਨਹੀਂ ਦਿੰਦਾ। ਸ਼ਬਦ-ਸੋਝੀ ਪਾ ਕੇ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਈ ਰੱਖਣਾ, ਸਭ ਨੂੰ ਬਰਾਬਰ ਸਮਝਣਾ, ਹੱਕ ਦੀ ਕਮਾਈ ਕਰਨੀ ਅਤੇ ਉਸ ਵਿੱਚੋਂ ਵੀ ਆਪਣੀਆਂ ਲੋੜਾਂ ਤੋਂ ਵੱਧ ਜਮ੍ਹਾਂ ਨਾ ਕਰਨਾ ਲੋਕਾਈ ਦੀ ਸੇਵਾ ਕਰਨਾ ਅਤੇ ਆਪਣੇ ਘਰ ਨੂੰ ਧਰਮਸਾਲ ਸਮਝਣਾ। ਗ੍ਰਹਿਸਥ ਵਿੱਚ ਵਿਚਰਦਿਆਂ ਆਪਣੀਆਂ ਦੁਨਿਆਵੀ ਜਿੰਮੇਵਾਰੀਆਂ ਨਿਭਾਂਦੇ ਹੋਏ ਨਾ ਕਿਸੇ ਤੋਂ ਡਰਨਾ ਅਤੇ ਨਾ ਕਿਸੇ ਨੂੰ ਡਰਾਉਣਾ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਗੁਰੂ ਨਾ ਸਮਝਣਾ ਅਤੇ ਗਿਆਨ ਦੀ ਕਾਤੀ ਨਾਲ ਹੀ ਆਪਣੇ ਸਾਰੇ ਭਰਮਾਂ ਅਤੇ ਭੁਲੇਖਿਆਂ ਨੂੰ ਕੱਟਣਾ। ਪ੍ਰੇਮ ਦੇ ਮਾਰਗ ਤੇ ਤੁਰਦੇ ਹੋਏ ਗਿਆਨ ਦੇ ਦੀਵੇ ਤੋਂ ਚਾਨਣਾ ਲੈਣਾ ਅਤੇ ਲੋੜ ਪੈਣ ਤੇ ਸਿਰ ਦੇਣ ਤੋਂ ਵੀ ਪਿੱਛੇ ਨਾ ਹਟਣਾ। ………. .
ਗੁਰੁ ਨਾਨਕ ਦੇ ਪਿਆਰ ਭਿੱਜੇ ਬੋਲ. ਬਾਣੀ ਦੇ ਅਣੀਆਲੇ ਤੀਰ ਆਪਣੇ ਸਮੇਂ ਦੇ ਲੋਟੂ ਹਾਕਮਾਂ, ਪਾਖੰਡੀ, ਸਾਧੂਆਂ, ਪੰਡਤਾਂ, ਜੋਗੀਆਂ, ਮੁਲਾਣਿਆਂ, ਨਾਥਾਂ ਆਦਿ ਦੇ ਹਿਰਦਿਆਂ ਨੂੰ ਛਲਣੀ ਕਰਦੇ ਗਏ ਅਤੇ ਕਈ ਮਲਕ ਭਾਗੋਆਂ ਦਾ ਹੰਕਾਰ ਤੋੜਦ ਹੋਏ ਠੱਗਾਂ ਨੂੰ ਸੱਜਣ ਬਣਾਂਦੇ ਗਏ। ਗੁਰੂ ਨਾਨਕ ਸਾਹਿਬ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਇਸੇ ਮਾਰਗ ਤੇ ਤੁਰਨਾ ਜਾਰੀ ਰੱਖਿਆ ਅਤੇ ਇਹ ਕਾਫਲਾ ਵੱਡਾ ਹੋ ਕੇ ਖਾਲਸਾ ਪੰਥ ਦੇ ਰੂਪ ਵਿੱਚ ਸਾਹਮਣੇ ਆਇਆ। ਢੇਰ ਸਮਾਂ ਖਾਲਸਾ ਪੰਥ ਨੇ ਵੀ ਇਸ ਮਿਸ਼ਾਲ ਨੂੰ ਝੱਖੜਾਂ ਤੂਫਾਨਾਂ ਵਿੱਚ ਵੀ ਜਗਦਿਆਂ ਰੱਖਿਆ ਅਤੇ ਆਪਣੇ ਖੂਨ ਦੀ ਆਹੂਤੀ ਦੇ ਕੇ ਸਿਧਾਂਤਾਂ ਦੀ ਰਾਖੀ ਵੀ ਕੀਤੀ। ਪਰ ਅੱਜ ਇਸ ਮਾਰਗ ਦੇ ਪਾਂਧੀਆਂ ਲਈ ਕੁੱਝ ਨਵੀਆਂ ਚੁਣੌਤੀਆਂ ਆ ਰਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਵਰਤੀ ਜਾਣ ਵਾਲੀ ਗਿਆਨ-ਖੜਗ ਨੂੰ ਸਿੱਖ ਭੁੱਲਦੇ ਜਾ ਰਹੇ ਹਨ। ਇੱਕ ਵੱਡੀ ਚੁਣੌਤੀ ਡੇਰਾਵਾਦ ਦੀ ਹੈ, ਜਿਸ ਤੇ ਵਿਚਾਰ ਕਰਦੇ ਹਾਂ।
ਡੇਰਾਵਾਦ ਅਤੇ ਇਸ ਦੀਆਂ ਵਿਸ਼ੇਸ਼ਤਾਈਆਂ:---ਕੁਝ ਵਿਦਵਾਨ ਡੇਰਾਵਾਦ ਨੂੰ ਦੋ ਮੋਟੀਆਂ ਸ਼੍ਰੇਣੀਆਂ ਵਿੱਚ ਵੰਡਦੇ ਹਨ-
1. ਗੁਰੂਡੰਮ ਜੋ ਇੱਕ ਦੇਹਧਾਰੀ ਵਿਅਕਤੀ ਨੂੰ ਗੁਰੂ ਮੰਨਦਾ ਹੈ। ਇਸ ਸ਼੍ਰੇਣੀ ਵਿੱਚ ਮੋਟੇ ਤੌਰ ਤੇ ਤਿੰਨ ਸ਼੍ਰੇਣੀਆਂ ਹਨ, ਜਿਨਾਂ ਦਾ ਸਿੱਧਾ-ਅਸਿੱਧਾ ਸੰਬੰਧ ਸਿੱਖ ਧਰਮ ਨਾਲ ਰਿਹਾ ਏ —
ੳ. ਰਾਧਾ ਸੁਆਮੀ
ਅ. ਨਕਲੀ ਨਿਰੰਕਾਰੀ
ੲ. ਨਾਮਧਾਰੀ

ੳ. ਰਾਧਾ ਸੁਆਮੀ:-ਇਨ੍ਹਾਂ ਤਿੰਨਾਂ ਵਿੱਚੋ ਰਾਧਾ ਸੁਆਮੀ ਸਭ ਤੋਂ ਵੱਧ ਫੈਲਾਅ ਕਰਨ ਵਿੱਚ ਕਾਮਯਾਬ ਹਨ। ਆਪਣੇ ਉਪਦੇਸ਼ਾਂ ਵਿੱਚ ਇਹ ਗੁਰਬਾਣੀ ਦੀ ਭਰਪੂਰ ਵਰਤੋਂ ਕਰਦੇ ਹਨ ਪਰ ਉਸਦੀ ਵਿਆਖਿਆ ਇਸ ਤਰਾਂ ਕਰਦੇ ਹਨ ਜਿਸ ਤੋਂ ਅਗਿਆਨੀ ਲੋਕ ਸਮਝਦੇ ਹਨ ਕਿ ਗੁਰਬਾਣੀ ਦੇਹਧਾਰੀ-ਗੁਰੂ ਦੀ ਲੋੜ ਤੇ ਜੋਰ ਦਿੰਦੀ ਹੈ। ਇਹ ਬਹੁਤ ਹੀ ਨਵੀਨ-ਤਰੀਕੇ ਨਾਲ ਆਪਣੇ ਵਪਾਰਕ ਅੱਡਿਆਂ ਦਾ ਵਿਸਥਾਰ ਕਰਦੇ ਹਨ ਅਤੇ ਗਾਹਕਾਂ ਦੀ ਸ਼੍ਰੇਣੀ ਅਨੁਸਾਰ ਉਨ੍ਹਾਂ ਨੂੰ ਸਹੂਲਤਾਂ ਅਤੇ ਸੇਵਾਵਾਂ ਦਿੰਦੇ ਹਨ। ਇਨ੍ਹਾਂ ਦਾ ਹੈਡ-ਕੁਆਰਟਰ ਬਿਆਸ (ਪੰਜਾਬ) ਵਿੱਚ ਹੈ ਪਰ ਇਨ੍ਹਾਂ ਦੀਆਂ ਸ਼ਾਖਾਵਾਂ ਨਾ ਸਿਰਫ ਭਾਰਤ ਵਿੱਚ ਹੀ, ਸਗੋ ਵਿਦੇਸ਼ਾਂ ਵਿੱਚ ਵੀ ਫੈਲੀਆਂ ਹੋਈਆਂ ਹਨ। ਇਨ੍ਹਾਂ ਦੇ ਪ੍ਰਚਾਰ ਵਿੱਚ ‘ਸ਼ਬਦ’ ਤੇ ਬਹੁਤ ਜੋਰ ਦਿੱਤਾ ਜਾਂਦਾ ਹੈ. ਪਰ ਸਿਰਫ ਧੁਨਾਤਮਕ ਪੱਖ ਨੂੰ ਗੁਰੂ ਕਹਿ ਕੇ ‘ਅਨਹਦ ਸ਼ਬਦ’ ਪ੍ਰਾਪਤ ਕਰਨ ਲਈ ਕਈ ਤਰਾਂ ਦੇ ਆਸਣ ਤੇ ਸਮਾਧੀਆਂ ਦੀ ਗੱਲ ਹੈ, ਪਰ ਅੰਤ ਪ੍ਰਾਪਤੀ ਸਿਰਫ ਦੇਹਧਾਰੀ ਬਾਬਾ ਜੀ ਦੀ ਕਿਰਪਾ ਨਾਲ ਹੀ ਹੋ ਸਕਦੀ ਹੈ, ਜਿਸ ਲਈ ਉਨ੍ਹਾਂ ਤੋਂ ‘ਨਾਮ’ ਲੈਣਾ ਪੈਂਦਾ ਹੈ।
ਅ. ਨਕਲੀ ਨਿਰੰਕਾਰੀ:-ਜਦੋਂ ਤੋਂ ਖਾਲਸਾ ਪੰਥ ਨਾਲ ਟਕਰਾ ਹੋਇਆ ਏ, ਉਦੋਂ ਤੋਂ ਇਨ੍ਹਾਂ ਦਾ ‘ਕਾਰੋਬਾਰ’ ਮੰਦਾ ਪੈ ਗਿਆ ਹੈ। ਉਂਝ ਅੱਜ ਵੀ ਨਿਰੰਕਾਰੀ ਸਤਸੰਗ ਹੁੰਦੇ ਹਨ ਅਤੇ ਚੇਲੇ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਹਨ। ਇਹ ਦੋ ਹੱਥਾਂ ਵਿਚਾਲੇ ਰੱਬ ਦਿਖਾਣ ਦਾ ਦਾਅਵਾ ਕਰਨ ਵਾਲੇ ਭੋਗ-ਵਿਲਾਸ ਵੱਲ ਪ੍ਰੇਰਿਤ ਸੁਣੇ ਜਾਂਦੇ ਹਨ।
ੲ. ਤੀਸਰਾ ਗੁਰੂਡੰਮ:- ਨਾਮਧਾਰੀ ਸੰਪਰਦਾ - ਇਨਾਂ ਦੇ ਮੁਢਲੇ ਬਾਬਾ ਰਾਮ ਸਿੰਘ ਜੀ ਇੱਕ ਪੂਰਨ ਗੁਰਸਿੱਖ ਰਹੇ ਹਨ। ਉਨ੍ਹਾਂ ਦਾ ਕਾਫੀ ਯੋਗਦਾਨ ਸਿੱਖ ਪੰਥ ਦੇ ਵਿਕਾਸ ਵਿੱਚ ਵੀ ਰਿਹਾ ਹੈ, ਔਰਤ ਦੇ ਸਤਿਕਾਰ ਵਿੱਚ ਵੀ ਅਤੇ ਸੁਤੰਤਰਤਾ ਸੰਗਰਾਮ ਵਿੱਚ ਵੀ। ਪਰ ਉਨ੍ਹਾਂ ਤੋਂ ਬਾਅਦ ਇਸ ਸੰਪਰਦਾ ਵਿੱਚ ਦੇਹਧਾਰੀ ਗੁਰੂਡੰਮ ਭਾਰੂ ਹੋ ਗਿਆ ਹੈ। ਇਹ ਵੀ ਗੁਰਬਾਣੀ ਵਿਚੋਂ ਹਵਾਲੇ ਦਿੰਦੇ ਹਨ, ਸਤਿਕਾਰ ਵੀ ਕਰਦੇ ਹਨ. ਪਰ ‘ਗੁਰੂ ਮਾਨਿਓ ਗਰੰਥ’ ਵਿੱਚ ਵਿਸ਼ਵਾਸ਼ ਨਹੀਂ ਕਰਦੇ। ਵੱਖਰਾ ਪਹਿਰਾਵਾ, ਵੱਖਰੇ ਬੋਲੇ, ਸੁੱਚ-ਜੂਠ, ਜਾਤ-ਪਾਤ ਦੇ ਵਿਤਕਰੇ, ਹਵਨ ਵਰਗੇ ਬ੍ਰਾਹਮਣੀ ਕਰਮ-ਕਾਂਡ ਆਦਿ ਨਾਮਧਾਰੀਆਂ ਵਿੱਚ ਪ੍ਰਚੱਲਿਤ ਹਨ। ਸਰਕਾਰੇ ਦਰਬਾਰੇ ਅੱਛਾ ਰਸੂਖ ਹੈ। …. .
ਦੂਜੀ ਸ਼੍ਰੇਣੀ ਹੈ ਬਾਬਾਵਾਦ-
2. ਬਾਬਾਵਾਦ:-
ਇਹ ਬਾਬੇ ਸਿੱਧੇ ਤੌਰ ਤੇ ਸਿੱਖੀ ਤੋਂ ਅਲੱਗ ਥਲੱਗ ਨਹੀਂ ਹਨ। ਆਮ ਸਿੱਖ ਤੇ ਇਹੀ ਪ੍ਰਭਾਵ ਹੈ ਕਿ ਇਹ ਸਭ ਗੁਰੂ ਨਾਨਕ ਵਿਚਾਰਧਾਰਾ ਦਾ ਹੀ ਪ੍ਰਚਾਰ ਕਰਦੇ ਹਨ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਡੇਰਿਆਂ ਜਾਂ ਠਾਠਾਂ ਵਿੱਚ ਗੁਰੂ ਗਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਹਨ। ਗੁਰਬਾਣੀ ਦਾ ਪਾਠ ਅਤੇ ਕੀਰਤਨ ਵੀ ਹੁੰਦਾ ਹੈ। ਓਪਰੀ ਨਜਰੇ ਦੇਖਿਆਂ ਸਭ ਕਾਰਜ ਸਿੱਖੀ ਵਾਲੇ ਹੀ ਲਗਦੇ ਹਨ, ਕਈ ਡੇਰਿਆਂ ਨੂੰ ਤਾਂ ਗੁਰਦੁਆਰਾ ਸਾਹਿਬ ਹੀ ਅਖਿਆ ਜਾਂਦਾ ਹੈ, ਪਰ ਅਸਲ ਵਿੱਚ ਕੋਈ ਇੱਕ ਵਿਅਕਤੀ (ਬਾਬਾ/ਸੰਤ) ਇਸ ਦਾ ਮਾਲਿਕ ਹੁੰਦਾ ਹੈ, ਭਾਵੇਂ ਦਿਖਾਵੇ ਲਈ ਪ੍ਰਬੰਧ ਕਰਨ ਲਈ ਟਰੱਸਟ ਵੀ ਬਣਾਇਆ ਹੁੰਦਾ ਹੈ। ਇਨ੍ਹਾਂ ਡੇਰਿਆਂ ਵਿੱਚ ਬਹੁਤ ਸਾਰੀਆਂ ਗੱਲਾਂ ਗੁਰਮਤਿ ਵਿਰੋਧੀ ਹੁੰਦੀਆਂ ਹਨ ਪਰ ਇਹ ‘ਧਰੀਆਂ ਖੰਡਿ ਲਿਬਾੜ’ ਅਨੁਸਾਰ ਹੋਣ ਕਰਕੇ ਆਮ ਅਗਿਆਨੀ ਅਤੇ ਭੋਲੇ ਸਿੱਖ ਇਸ ਨੂੰ ਗੁਰਮਤਿ ਹੀ ਸਮਝ ਬੈਠਦੇ ਹਨ। ਅਤੇ ਇਹਨ੍ਹਾਂ ਡੇਰਿਆਂ ਨਾਲ ਜੁੜ ਕੇ ਇਨ੍ਹਾਂ ਦੇ ਆਰਥਿਕ –ਖਜਾਨੇ ਤੇ ਸਮਾਜਿਕ ਮਾਣ ਨੂੰ ਵਧਾਉਣ ਵਿੱਚ ਆਪਣਾ ਹਿੱਸਾ ਪਾਉਂਦੇ ਰਹਿੰਦੇ ਹਨ। ਅਤੇ ਆਪਣੀ ਆਰਥਿਕ ਅਤੇ ਸਮਾਜਿਕ ਲੁੱਟ ਕਰਵਾਉਂਦੇ ਰਹਿੰਦੇ ਹਨ। ਇਹਨਾਂ ਦੀ ਗਿਣਤੀ ਬੇਸ਼ੁਮਾਰ ਹੈ। ਪਿੰਡਾਂ ਵਿੱਚ ਖਾਸ ਕਰਕੇ ਬੀਬੀਆਂ ਵਿੱਚ ਇਹਨਾਂ ਦਾ ਅੱਛਾ ਖਾਸਾ ਪ੍ਰਭਾਵ ਹੈ। …. .
ਵਿਸ਼ੇਸ਼ਤਾਈਆਂ:--ਬਿਨਾਂ ਕਿਸੇ ਦਾ ਨਾਮ ਲਏ ਅਸੀਂ ਕੁੱਝ ਵਿਸ਼ੇਸ਼ਤਾਈਆਂ ਦਾ ਜਿਕਰ ਕਰ ਰਹੇ ਹਾਂ, ਜੋ ਇਹਨਾਂ ਡੇਰਿਆਂ ਵਿੱਚ ਹੁੰਦੀਆਂ ਹਨ ਅਤੇ ਗੁਰਮਤਿ ਵਿਰੋਧੀ ਹਨ। ਕਿਸੇ ਵਿੱਚ ਘੱਟ, ਕਿਸੇ ਵਿੱਚ ਔਸਤ ਅਤੇ ਕਿਸੇ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਹੁੰਦੀਆਂ ਹਨ। ਗੁਰਬਾਣੀ ਦੇ ਸਿਧਾਤਾਂ ਤੋ ਉਲਟ ਜੋ ਜੋ ਰੀਤਾਂ/ਰਸਮਾਂ/ਕਾਰਵਾਈਆਂ ਇਨਾਂ ਡੇਰਿਆਂ ਤੇ ਹੋ ਰਹੀਆਂ ਹਨ, ਉਨ੍ਹਾਂ ਦਾ ਸੰਖੇਪ ਵਰਣਨ ਹੇਠਾਂ ਕਰ ਰਹੇ ਹਾਂ—
• ਗੁਰਬਾਣੀ ਦੇ ਭਾਂਤ ਭਾਂਤ ਦੇ ਪਾਠ-ਸੰਪਟ ਪਾਠ, ਇਕੋਤਰੀਆਂ, 21, 51, 101 ਪਾਠਾਂ ਦੀਆਂ ਲੜੀਆਂ। ਪਾਠ ਕਰਦੇ ਸਮੇ ਬੇਅੰਤ ਪ੍ਰਕਾਰ ਦੇ ਕਰਮ-ਕਾਂਡ ਸੁੱਚ-ਜੂਠ ਦਾ ਭਰਮ, ਧੂਫਾਂ, ਕੁੰਭ, ਜੋਤ, ਨਾਰੀਅਲ ਆਦਿ ਜਰੂਰੀ, ਨਾਲ ਨਾਲ ਜਪਜੀ ਸਾਹਿਬ ਦਾ ਨਿਰੰਤਰ ਪਾਠ ਆਦਿ ਜਰੂਰੀ।
• ਹਰ ਡੇਰੇ ਦੀ ਮਰਯਾਦਾ ਅਲੱਗ ਅਲੱਗ ਹੈ। ਹਰ ਇੱਕ ਦੇ ਅਪਣੇ ਵੱਖਰੇ ਬੋਲੇ, ਵੱਖਰੀ ਅਰਦਾਸ, ਵੱਖਰਾ ਨਿੱਤਨੇਮ ਹੈ, ਜੋ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਤੋ ਬਿਲਕੁਲ ਵੱਖਰਾ ਹੈ।
• ਹਰ ਸੰਤ/ਬਾਬਾ ਜੀ ਦਾ ਲਿਬਾਸ ਵੀ ਖਾਸ ਹੈ। ਗੋਲ ਪੱਗ, ਲੰਮੇ ਸਫੈਦ ਚੋਗੇ, ਹੱਥ ਵਿੱਚ ਸਿਮਰਨਾ (ਛੋਟੀ ਮਾਲਾ), ਗਲ ਵਿੱਚ ਮਾਲਾ, ਪੈਰੀਂ ਖੜਾਵਾਂ, ਖਾਸ ਆਸਣ, ਕੋਲ ਗੜਵਾ ਅਤੇ ਖੂਬਸੂਰਤ ਸੋਟੀ ਆਦਿ।
• ਨਾਨਕਸਰ ਸੰਪਰਦਾ ਵਾਲਿਆਂ ਨੇ ਤਾਂ ਵੱਖਰੇ ਗੁਟਕੇ ਛਾਪਣ ਦੀ ਕੁਚੇਸ਼ਟਾ ਵੀ ਕੀਤੀ ਹੋਈ ਹੈ, ਜਿਵੇ ਸੁਖਮਨੀ ਸਾਹਿਬ ਦੀ ਹਰ ਅਸ਼ਟਪਦੀ ਤੋਂ ਬਾਅਦ ‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੈ ਮਨਿ ਬਿਸ੍ਰਾਮ’। ਵਾਲੀ ਤੁਕ ਦਾ ਦੁਹਰਾਅ ਕਰਕੇ ਗੁਟਕਾ ਛਾਪਿਆ ਗਿਆ ਹੈ।
• ਹਰ ਡੇਰੇ ਦੇ ਮੌਜੂਦਾ ਬਾਬਾ ਜੀ ਇੱਕ ਖਾਸ ਸਮੇ ਤੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਬੈਠਦੇ ਹਨ, ਜਿੱਥੇ ਸ਼ਰਧਾਲੂ ਲੋਕ ਆਪਣੀਆਂ ਸਮੱਸਿਆਵਾਂ ਬਾਬਾ ਜੀ ਨੂੰ ਦੱਸਦੇ ਹਨ ਅਤੇ ਉਹ ਪ੍ਰਾਣੀ ਅਤੇ ਸਮੱਸਿਆ ਅਨੁਸਾਰ ਕਿਸੇ ਨੂੰ ਜਲ, ਕਿਸੇ ਨੂੰ ਪਤਾਸੇ ਆਦਿ ਕੁੱਝ ਮੰਤਰ ਪੜ੍ਹ ਕੇ ਦਿੰਦੇ ਹਨ। ਕਿਸੇ ਨੂੰ 5-7 ਚੌਕੀਆਂ ਆਣ ਲਈ ਕਿਹਾ ਜਾਂਦਾ ਹੈ। ਕਿਸੇ ਨੂੰ ਕੋਈ ਖਾਸ ਸ਼ਬਦ ਜਾਂ ਬਾਣੀ ਦਾ ਵਾਰ ਵਾਰ ਦੁਹਰਾਅ ਕਰਦੇ ਰਹਿਣ ਲਈ ‘ਹੁਕਮ’ ਹੁੰਦਾ ਹੈ ਅਤੇ ਕਿਸੇ ਨੂੰ ਕੋਈ ਖਾਸ ‘ਸੇਵਾ’ ਵੀ ਲਗਾਈ ਜਾਂਦੀ ਹੈ। ……
• ਲੱਗਭੱਗ ਸਾਰੇ ਸੰਤਾਂ ਨੇ ‘ਬਹੁਤ ਕਮਾਈ’ ਕੀਤੀ ਹੁੰਦੀ ਹੈ. ਜਿਸ ਕਾਰਨ ਕਿਸੇ ਵਿੱਚ ਗੁਰੂ ਸਾਹਿਬਾਨ ਦੀ ਜੋਤ ਹੁੰਦੀ ਹੈ। ਕਿਸੇ ਨੂੰ ਗੁਰੂ ਸਾਹਿਬਾਨ ਨੇ ਸ਼ਾਖਸ਼ਾਤ ਦਰਸ਼ਨ ਦਿੱਤੇ ਹੁੰਦੇ ਹਨ। ਕੋਈ ਸ਼ਹੀਦਾਂ ਦੀ ਜੋਤ ਦਾ ਦਾਅਵਾ ਕਰਦਾ ਹੈ। ਇਸ ਪਿਛਲੇ ਜਨਮ ਦੀ ‘ਘਾਲ ਕਮਾਈ’ ਤੋਂ ਬਿਨਾ ਇੱਥੇ ਵੀ ਬਾਬਾ ਜੀ ਦਾ ਸਿਮਰਨ/ਜਾਪ/ਭਗਤੀ ਬੇਹਿਸਾਬੀ ਹੁੰਦੀ ਹੈ। ਬਹੁਤਿਆਂ ਨੇ ਆਪਣੇ ਆਪਣੇ ਡੇਰਿਆ ਵਿੱਚ ਭੋਰੇ ਬਣਾਏ ਹੁੰਦੇ ਹਨ।
• ਇਸੇ ਕਮਾਈ ਅਤੇ ਭਗਤੀ ਦੇ ਕਾਰਨ ਇਹ ਸਾਰੇ ਸੰਤ ‘ਬਹੁਤ ਕਰਨੀ ਵਾਲੇ’ ‘ਪਹੁੰਚੇ ਹੋਏ’ ਅਤੇ ‘ਕਰਾਮਾਤੀ’ ਹੁੰਦੇ ਹਨ ਜਿਨ੍ਹਾਂ ਲਈ ‘ਸਾਧ ਬਚਨ ਅਟਲਾਧਾ’ ਵਰਗੇ ਗੁਰਵਾਕ ਵਰਤੇ ਜਾਂਦੇ ਹਨ। ਹਰ ਸੰਤ ਮਹਾਂਪੁਰਸ਼ ਦੀ ਜੀਵਨੀ ਵਿੱਚ ਬੇਅੰਤ ਕਿੱਸੇ ਅਜਿਹੇ ਸੁਣਨ ਪੜ੍ਹਨ ਨੂੰ ਮਿਲ ਜਾਂਦੇ ਹਨ ਜਿਨਾਂ ਰਾਹੀਂ ਬਾਬਾ ਜੀ ਦੀ ਤਾਰ ਪ੍ਰਮੇਸ਼ਰ ਨਾਲ ਜੁੜੀ ਹੋਈ ਸਿੱਧ ਹੋ ਜਾਂਦੀ ਹੈ। ਇਸ ਲਈ ਬਾਬਾ ਜੀ ਦੀ ‘ਮਿਹਰ ਦੀ ਨਜ਼ਰ’ ਪ੍ਰਾਪਤ ਕਰਨ ਲਈ ਸ਼ਰਧਾਲੂ ਸਭ ਕੁੱਝ ਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਕਰੋਪੀ ਤੋਂ ਬਚਣ ਲਈ ਉਨ੍ਹਾਂ ਦੇ ਵਿਰੁੱਧ ਇੱਕ ਵੀ ਸ਼ਬਦ ਬੋਲਣਾ ਤਾਂ ਦੂਰ, ਸੁਣਨਾ ਵੀ ਪਸੰਦ ਨਹੀਂ ਕਰਦੇ।
• ਬਹੁਤ ਸਾਰੇ ਡੇਰਿਆਂ ਵਿੱਚ ਮੂਰਤੀ-ਪੂਜਾ ਅਤੇ ਬੁੱਤ-ਪ੍ਰਸਤੀ ਆਮ ਦੇਖੀ ਜਾਂਦੀ ਹੈ।
• ਹਰ ਡੇਰੇ ਦਾ ਇੱਕ ਅਪਣਾ ਵਿਲੱਖਣ ‘ਸ਼ੋਸ਼ਾ’ ਵੀ ਹੁੰਦਾ ਹੈ ਮਸਲਨ ਇੱਥੇ ਮਾਇਆ ਨਹੀਂ ਚੜ੍ਹਦੀ। ਲੰਗਰ ਪਕਾਇਆ ਨਹੀਂ ਜਾਂਦਾ, ਘਰਾਂ ਤੋ ਬਣਿਆ ਹੋਇਆ ਹੀ ਆਉਂਦਾ ਏ। ਇਸ ਤਰਾਂ ਦੇ ਸ਼ੋਸ਼ੇ ਨਾਲ ਵਧੇਰੇ ‘ਗਾਹਕ’ ਖਿੱਚੇ ਆਉਂਦੇ ਹਨ।
• ਇਨ੍ਹਾਂ ਡੇਰਿਆਂ ਵਿੱਚ ਰਾਜਨੀਤੀਵਾਨ ਲੀਡਰ ਲੋਕ ਧੜਾ ਧੜ ਪੁੱਜਦੇ ਹਨ ਅਤੇ ‘ਬਾਬਾ ਜੀ’ ਦੀਆਂ ਅਸ਼ੀਰਵਾਦਾਂ ਲੈਂਦੇ ਦਿਖਾਈ ਦਿੰਦੇ ਹਨ। ਦੋਹਾਂ ਦਾ ਮਸਲਾ ਹੱਲ ਹੋ ਜਾਂਦਾ ਹੈ. ਲੀਡਰਾਂ ਨੂੰ ਵੋਟ ਚਾਹੀਦੀ ਹੁੰਦੀ ਹੈ ਅਤੇ ਬਾਬਾ ਜੀ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਕਾਰਨ ਉਨ੍ਹਾਂ ਦਾ ਸਤਿਕਾਰ, ਸੇਵਕੀ, ਮਾਇਆ ਸਭ ਕੁੱਝ ਵਿੱਚ ਵਾਧਾ ਹੋ ਜਾਂਦਾ ਹੈ। ਉਹ ਆਪਣੀ ਪਹੁੰਚ ਨਾਲ ਸੇਵਕਾਂ ਦੀਆਂ ਮੁਸ਼ਕਲਾਂ ਪਲ ਵਿੱਚ ਹੀ ਹੱਲ ਕਰ ਦਿੰਦੇ ਹਨ।
• ਇਨ੍ਹਾਂ ਡੇਰਿਆ ਵਿੱਚ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਦਿਨ ਪੂਰੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਵੱਡੇ ਬਾਬਾ ਜੀ ਦੀਆਂ ਬਰਸੀਆਂ ਬਹੁਤ ਸ਼ਰਧਾ ਨਾਲ ਮਨਾਈਆਂ ਜਾਂਦੀਆਂ ਹਨ। ਕੋਈ ਕੋਈ ਗੁਰਪੁਰਬ ਵੀ ਕਿਤੇ ਕਿਤੇ ਮਨਾ ਲਿਆ ਜਾਂਦਾ ਹੈ ਪਰ ਕਿਸੇ ਇੱਕ ਵੀ ਡੇਰੇ ਵਿੱਚ ਸ਼ਹੀਦਾਂ ਦਾ ਦਿਨ ਮਨਾਇਆ ਗਿਆ ਕਦੇ ਨਹੀਂ ਸੁਣਿਆ।
• ਹਰ ਡੇਰੇ ਵਿੱਚ ਵੱਡੇ ਬਾਬਾ ਜੀ ਦੀਆਂ ਯਾਦਗਾਰਾਂ-ਜੁੱਤੀਆਂ, ਕੱਪੜੇ, ਮਾਲਾਵਾਂ, ਸੋਟੀਆਂ, ਫੋਟੋਆਂ ਆਦਿ ਦੀ ਭਰਮਾਰ ਹੈ। ਇੱਕ ਡੇਰੇ ਵਿੱਚ ਤਾਂ ਵੱਡੇ ਬਾਬਾ ਜੀ ਦਾ ‘ਲੈਟਰਿਨ ਕਰਨ ਵਾਲਾ ਪੌਟ’ ਵੀ ਰੱਖਿਆ ਹੈ, ਜਿੱਥੇ ਅਨਪੜ੍ਹ ਬੀਬੀਆਂ ਨੂੰ ਮੱਥਾ ਟੇਕਦਿਆਂ ਦੇਖਿਆ ਜਾ ਸਕਦਾ ਹੈ।
• ਇਹ ਬਾਬੇ ਆਪਣੇ ਦੀਬਾਨਾਂ ਵਿੱਚ ਧਾਰਨਾਵਾਂ ਨਾਲ ਕੀਰਤਨ ਕਰਦੇ ਹਨ। ਇਨ੍ਹਾਂ ਦੇ ਦੀਬਾਨਾਂ ਵਿੱਚ ਜਨਕ, ਵਿਸ਼ਿਸ਼ਿਟ, ਸੁਖਦੇਵ ਮੁਨੀ, ਰਾਮ ਆਦਿ ਦੀਆਂ ਕਹਾਣੀਆਂ ਸੁਣੀਆਂ ਜਾ ਸਕਦੀਆਂ ਹਨ। ਗੁਰ ਇਤਿਹਾਸ ਦਾ ਕਰਾਮਾਤੀ ਅੰਸ਼ ਪੂਰਾ ਉਭਾਰ ਕੇ ਸੁਣਾਇਆ ਜਾਵੇਗਾ। ਸ਼ਰਧਾ ਪੈਦਾ ਕਰਨ ਤੇ ਜੋਰ ਲਗਾਇਆ ਜਾਵੇਗਾ, ਗਿਆਨ ਦੀ ਗੱਲ ਨਾ ਦੇ ਬਰਾਬਰ ਹੋਵੇਗੀ। ਗਿਆਨ ਦੀ ਗੱਲ ਕਰਨ ਵਾਲਿਆ ਦਾ ਵਿਰੋਧ ਕੀਤਾ ਜਾਵੇਗਾ। ਬ੍ਰਹਮ ਗਿਆਨੀ/ ਸਾਧ/ ਸੰਤ ਆਦਿ ਸ਼ਬਦਾਂ ਦੀ ਵਿਆਖਿਆ ਆਪਣੇ ਅਨੁਸਾਰ ਕੀਤੀ ਜਾਂਦੀ ਹੈ। ਸ਼ਰਧਾਲੂ, ਬਾਣੀ ਵਿੱਚ ਆਏ ਇਨ੍ਹਾਂ ਸ਼ਬਦਾਂ ਨੂੰ ਇਨ੍ਹਾਂ ਬਾਬਿਆਂ ਲਈ ਢੁਕਾਉਂਦੇ ਹਨ।
• ਵਰਤ, ਪਿਤਰ, ਪੂਜਾ, ਸ਼ਰਾਧ, ਮੜ੍ਹੀ ਮਸਾਣਾਂ, ਦੀਵਾਲੀ, ਰੱਖੜੀ, ਆਦਿ ਵਰਗੇ ਅਨਮੱਤੀ ਕਰਮ-ਕਾਂਡ/ ਤਿਉਹਾਰ ਮਨਾਏ ਜਾਣ ਤੇ ਕੋਈ ਪਾਬੰਦੀ ਨਹੀਂ।
• ਕਈ ਡੇਰਿਆਂ ਵਿੱਚ ਜਾਤ-ਪਾਤ ਦਾ ਵਿਤਕਰਾ ਜਾਹਰਾ ਤੌਰ ਤੇ ਚੱਲਦਾ ਹੈ ਅਤੇ ਕਈਆਂ ਵਿੱਚ ਲੁਕਵਾਂ ਚੱਲਦਾ ਹੈ। ਕੁੱਝ ਡੇਰਿਆਂ ਵਿੱਚ ਲੰਗਰ ਵਿੱਚ ਵੀ ਦਲਿਤਾਂ ਲਈ ਅਲੱਗ ਪੰਕਤੀ ਲਗਾਏ ਜਾਣ ਦੀਆਂ ਖਬਰਾਂ ਹਨ। ਹੋਰ ਅਜਿਹੇ ਬੇਅੰਤ ਪਾਖੰਡ ਅਤੇ ਗੁਰਮਤਿ ਵਿਰੋਧੀ ਗੱਲਾਂ ਹੁੰਦੀਆ ਹਨ…. ।
ਡੇਰਾਵਾਦ ਅਤੇ ਬਾਬਾਵਾਦ ਫੈਲਣ ਦੇ ਕਾਰਨ ---ਬਹੁਤ ਜਰੂਰੀ ਹੈ ਕਿ ਉਨ੍ਹਾਂ ਕਾਰਨਾਂ ਦੀ ਪੜਚੋਲ ਕੀਤੀ ਜਾਵੇ ਜਿਨ੍ਹਾਂ ਕਾਰਨ ਡੇਰਾਵਾਦ ਤੇ ਬਾਬਾਵਾਦ ਫੈਲਿਆ ਹੈ ਅਤੇ ਹੋਰ ਵਿਕਸਿਤ ਹੋ ਰਿਹਾ ਹੈ। ਕੁੱਝ ਕਾਰਨ ਇਹ ਹਨ –
• ਹਰ ਵਿਅਕਤੀ ਆਪਣੀਆਂ ਦੁਨਿਆਵੀ ਲਾਲਸਾਵਾਂ ਨਾਲ ਜੁੜਿਆ ਹੈ। ਆਪਣੇ ਦੁੱਖਾਂ ਤੋ ਛੁਟਕਾਰਾ ਚਾਹੁੰਦਾ ਹੈ, ਆਪਣੇ ਅਤੇ ਪਰਿਵਾਰ ਲਈ ਖੁਸ਼ੀਆਂ, ਤਰੱਕੀਆ ਆਦਿ ਚਾਹੁੰਦਾ ਹੈ। ਡੇਰਿਆ ਅਤੇ ਬਾਬਿਆਂ ਨੇ ਇਹ ਪ੍ਰਭਾਵ ਪਾਉਣ ਵਿੱਚ (ਝੂਠੀ) ਸਫਲਤਾ ਹਾਸਲ ਕੀਤੀ ਹੈ ਕਿ ਇੱਥੋਂ ਸੁੱਖਾਂ ਵਰ ਆਉਂਦੀਆਂ ਹਨ ਅਤੇ ਮਨੋ-ਕਾਮਨਾ ਪੂਰੀ ਹੁੰਦੀ ਹੈ। ….
• ਅਨਪੜ੍ਹਤਾ, ਬੇਰੁਜਗਾਰੀ, ਅਗਿਆਨਤਾ, ਬੇਲੋੜੀ ਸ਼ਰਧਾ ਵੀ ਡੇਰਾਵਾਦ ਅਤੇ ਬਾਬਾਵਾਦ ਨੂੰ ਬੜਾਵਾ ਦਿੰਦੀ ਹੈ।
• ਮਨੁੱਖੀ ਮਨ ਦੀ ਕਮਜੋਰੀ ਹੈ ਕਿ ਉਹ ਸੂਖਮ ਨਾਲੋਂ ਸਥੂਲ ਵੱਲ ਛੇਤੀ ਖਿੱਚਿਆ ਜਾਂਦਾ ਹੈ। ਨਿਰਗੁਣ ਨਾਲੋਂ ਸਰਗੁਣ ਦਾ ਪ੍ਰਭਾਵ ਵੱਧ ਕਬੂਲਦਾ ਹੈ। ਸੂਖਮ ਵਿਚਾਰਾਂ ਨੂੰ ਸਮਝਣਾ ਅਤੇ ਅਮਲ ਕਰਨਾ ਔਖਾ ਕਾਰਜ ਹੈ, ਜਦ ਕਿ ਕਿਸੇ ਵਿਅਕਤੀ ਵਿਸ਼ੇਸ਼ (ਖਾਸ ਕਰਕੇ ਜਦੋਂ ਉਹ ਸਤਿਕਾਰਿਤ ਵਿਅਕਤੀ ਹੋਵੇ) ਦੀ ਆਖੀ ਗੱਲ ਮੰਨਣੀ ਸੌਖੀ ਹੈ। {ਇਹੀ ਕਾਰਨ ਹੈ ਕਿ ਅਜੋਕਾ ਨੌਜਵਾਨ ਭਟਕ ਰਿਹਾ ਹੈ ਕਿਉਂਕਿ ਸਵੈ-ਪ੍ਰੇਰਨਾ ਜਾਂ ਵਧੀਆ ਵਿਚਾਰਾਂ ਰਾਹੀਂ ਤਬਦੀਲੀ ਔਖੀ ਹੈ ਅਤੇ ਪਰਿਵਾਰ ਵਿੱਚ ਕਿਸੇ ਨੂੰ ਵੀ ਉਹ ‘ਸਤਿਕਾਰਯੋਗ’ ਮੰਨਦਾ ਹੀ ਨਹੀਂ।} ਇਸ ਤਰਾਂ ਗੁਰਬਾਣੀ-ਉਪਦੇਸ਼ਾਂ ਨੂੰ ਸਮਝਣਾ ਅਤੇ ਅਮਲ ਕਰਨ ਦੇ ਔਖੇ ਕਾਰਜ ਨਾਲੋ ਸਧਾਰਨ ਵਿਅਕਤੀ ਬਾਬਾ ਜੀ ਦੇ ਬਚਨ ਮੰਨ ਕੇ ਸੰਤੁਸ਼ਟ ਹੋ ਜਾਂਦਾ ਹੈ, ਉਹ ਜੋ ਵੀ ਆਖਣ, ਉਸੇ ਨੂੰ ਹੀ ਉਹ ਸਿੱਖੀ ਕਮਾਉਣਾ ਆਖਦਾ ਹੈ।
• ਇਨ੍ਹਾਂ ਡੇਰਿਆਂ ਤੋਂ ਮਨੁੱਖ ਦੀਆਂ ਦੁਨਿਆਵੀ ਲੋੜਾਂ ਪੂਰੀਆਂ ਹੁੰਦੀਆਂ ਹਨ। ਇੱਕ ਡੇਰੇ ਬਾਰੇ ਸੁਣਨ ਵਿੱਚ ਆਇਆ ਹੈ ਕਿ ਜੋ ਪਰਿਵਾਰ ਉਸ ਡੇਰੇ ਦਾ ਸ਼ਾਗਿਰਦ ਬਣਦਾ ਹੈ, ਉਸ ਨੂੰ ਉਸੇ ਵੇਲੇ 5 ਲੱਖ ਰੁਪਏ ਦੇ ਦਿੱਤੇ ਜਾਂਦੇ ਹਨ। ਜੇ ਉਹ ਆਰਾਮ ਨਾਲ ਮੋੜ ਦੇਵੇ, ਤਦ ਵੀ ਠੀਕ ਅਤੇ ਜੇ ਨਾ ਵੀ ਮੋੜ ਸਕਿਆ, ਤਾਂ ਵੀ ਕੋਈ ਗੱਲ ਨਹੀਂ। ਹਰ ਡੇਰੇ ਵਾਲੇ/ ਬਾਬਾ ਜੀ ਆਪਣੇ ਡੇਰੇ ਦੇ ਮੰਨਣ ਵਾਲਿਆਂ ਲਈ ਹਮੇਸ਼ ਹਾਜਰ ਹਨ।
• ਆਮ ਸਮਾਜ ਵਿੱਚ ਵਿਤਕਰਾ ਵੀ ਇੱਕ ਕਾਰਨ ਹੈ, ਜੋ ਡੇਰਾਵਾਦ ਨੂੰ ਵਧਾਉਂਦਾ ਹੈ। ਜਾਤ-ਪਾਤ ਦਾ, ਅਮੀਰੀ-ਗਰੀਬੀ ਦਾ ਵਿਤਕਰਾ ਬਹੁਤ ਵੱਡਾ ਵਿਤਕਰਾ ਹੈ। ਜਦੋਂ ਇਹ ਲੋਕ ਕਿਸੇ ਖਾਸ ਡੇਰੇ ਨਾਲ ਜੁੜਦੇ ਹਨ ਜਾਂ ਬਾਬਾ ਜੀ ਦੇ ਚੇਲੇ ਬਣਦੇ ਹਨ ਤਾਂ ਉਸ ਖਾਸ ਥਾਂ ਨਾਲ ਜੁੜੇ ਹਰ ਵਿਅਕਤੀ ਦੇ ਬਰਾਬਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਨਮਾਨ ਮਿਲਣ ਲੱਗਦਾ ਹੈ।
• ਹਰ ਵਿਅਕਤੀ ਨੂੰ ਸਵੈ-ਪਹਿਚਾਣ ਦੀ ਜਰੂਰਤ ਹੁੰਦੀ ਹੈ। ਗਰੀਬਾਂ, ਦਲਿਤਾਂ, ਸਮਾਜ ਦੇ ਲਿਤਾੜੇ ਵਰਗ ਨੂੰ ਇਹ ਮਾਣ ਅਤੇ ਪਹਿਚਾਣ ਨਾ ਤਾਂ ਸਮਾਜ ਵਿੱਚ ਮਿਲਦੀ ਹੈ ਅਤੇ ਨਾ ਉਨ੍ਹਾਂ ਦੇ ਧਾਰਮਿਕ ਸਥਾਨਾਂ ਵਿੱਚ। ਇਸ ਲਈ ਇਹ ਅਜਿਹੇ ਡੇਰਿਆਂ ਵੱਲ ਖਿੱਚੇ ਜਾਂਦੇ ਹਨ ਜੋ ਇਨ੍ਹਾਂ ਦੀ ਹੋਂਦ ਨੂੰ ਸਵੀਕਾਰ ਕਰਦਾ ਹੈ (ਉਸ ਦੀ ਆਪਣੀ ਲੋੜ ਕਾਰਨ)।
• ਰਾਜਨੀਤਕ ਲੋਕ ਆਪਣੇ ਸਵਾਰਥਾਂ ਲਈ ਇਨ੍ਹਾਂ ਨੂੰ ਉਚਾ ਚੁੱਕਦੇ ਹਨ। ਹਰ ਰਾਜਨੀਤਿਕ ਪਾਰਟੀ ਨੂੰ ਇਨ੍ਹਾਂ ਦੀ ਲੋੜ ਹੈ। ਰਾਜ ਕਰਦੀ ਪਾਰਟੀ ਨੂੰ ਇਸ ਲਈ ਕਿਉਕਿ ਇਹ ਸਿਰਫ ‘ਭਗਤੀ ਦੇ ਘਰ’ ਹੀ ਹਨ। ਕੋਈ ਸ਼ਕਤੀ ਦੀ ਗੱਲ ਇਨ੍ਹਾਂ ਡੇਰਿਆਂ ਵਿੱਚ ਨਹੀਂ ਹੁੰਦੀ। ਸਗੋਂ ਲੋਕਾਂ ਨੂੰ ਕਿਸਮਤ ਦਾ ਪਾਠ ਪੜਾ ਕੇ ਹਰ ਗੱਲ ਨੂੰ ਬਰਦਾਸਤ ਕਰਨਾ ਸਿਖਾਇਆ ਜਾਂਦਾ ਹੈ। ਕਿਸੇ ਵੀ ਡੇਰੇ ਵਿੱਚ ਜੁਲਮ ਦੇ ਵਿਰੁੱਧ ਨਹੀਂ ਬੋਲਿਆ ਜਾਂਦਾ। ਕਿਸੇ ਬਾਬੇ ਨੇ ਸੰਘਰਸ਼ ਕਰਨ ਨੂੰ ਨਹੀਂ ਕਹਿਣਾ। ਬਾਣੀ ਨੂੰ ਮੰਤਰ ਵਾਂਗ ਜਪੀ ਚਲੋ, ਸਰਕਾਰ ਨੂੰ ਕੀ ਇਤਰਾਜ ਹੈ। ‘ਰਾਜੇ ਸ਼ੀਂਹ ਮੁਕਦਮ ਕੁੱਤੇ’ ਕਹਿਣ ਵਾਲੇ ਨਾਨਕ ਦਾ ਇਨਕਲਾਬ ਕਰਾਮਾਤੀ ਸ਼ਕਤੀਆਂ ਵਿੱਚ ਦੱਬ ਕੇ ਰੱਖ ਦਿੱਤਾ ਗਿਆ ਹੈ। ਸਾਡਾ ਤਾਂ ਇਹ ਮੰਨਣਾ ਹੈ ਕਿ ‘ਸੱਚ ਅਤੇ ਸਰਕਾਰ’ ਕਦੇ ਇਕੱਠੇ ਹੋ ਹੀ ਨਹੀਂ ਸਕਦੇ। ਸੱਚ ਦਾ ਪ੍ਰਚਾਰ ਕਰਨ ਵਾਲੇ ਲਈ ਜੇਲਾਂ ਅਤੇ ਗੋਲੀਆਂ ਹਨ, ਸਰਕਾਰਾਂ ਉਨ੍ਹਾਂ ਤੋਂ ਭੈਅ ਖਾਂਦੀਆਂ ਹਨ, ਉਨ੍ਹਾਂ ਦੇ ਚਰਨਾਂ ਵਿੱਚ ਨਹੀਂ ਪੈਂਦੀਆਂ।
• ਇਨ੍ਹਾਂ ਡੇਰਿਆਂ ਵਿੱਚ ਬਹੁਤੀਆਂ ਬੰਦਿਸ਼ਾਂ ਨਹੀਂ ਹੁੰਦੀਆਂ। ਅੰਮ੍ਰਿਤ ਛਕਣ ਜਾਂ ਕਕਾਰ ਧਾਰਨ ਕਰਨ ਆਦਿ ਦੀਆਂ। ਕਈ ਥਾਂ ਤਾਂ ਅਜਿਹੇ ਵੀ ਹਨ, ਜਿੱਥੇ ਤੁਸੀਂ ਜਿਸ ਨੂੰ ਮਰਜੀ ਮੰਨਦੇ ਰਹੋ, ਜੋ ਮਰਜੀ ਖਾਵੋ, ਪਹਿਨੋ, ਜੋ ਕੁੱਝ ਤੁਹਾਡਾ ਦਿਲ ਕਰਦਾ ਏ ਉਹ ਕਰਦੇ ਰਹਿ ਕੇ ਵੀ ਤੁਸੀਂ ਉਸ ਖਾਸ ਡੇਰੇ/ਬਾਬਾ ਜੀ ਦੇ ਚੇਲੇ ਬਣ ਸਕਦੇ ਹੋ। ਇਹ ਖੁੱਲ ਕਾਫੀ ਲੋਕਾਂ ਨੂੰ ਉਸ ਪਾਸੇ ਲੈ ਆਉਂਦੀ ਹੈ। ਬਹੁਤ ਸਾਰੇ ਡੇਰੇ ਆਪਣੇ ਸ਼ਰਧਾਲੂਆਂ ਦੇ ਬੱਚੇ-ਬੱਚੀਆ ਦੇ ਰਿਸ਼ਤੇ ਵੀ ਕਰਵਾ ਦਿੰਦੇ ਹਨ।
• ਗੁਰੂ-ਗਰੰਥ ਅਤੇ ਖਾਲਸਾ-ਪੰਥ ਦੇ ਵਿਰੋਧੀ ਭਾਵੇਂ ਉਹ ਸਰਕਾਰਾਂ ਹੋਣ, ਗੈਰ-ਸਿੱਖ ਤਾਕਤਾਂ ਹੋਣ, ਉਹ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਵੀ ਗੁਰੂ ਘਰ ਦੇ ਸ਼ਰੀਕ ਖੜ੍ਹੇ ਕਰਦੇ ਹਨ। ਇੱਕ ਵਿਚਾਰ ਅਨੁਸਾਰ ਬਹੁਤੇ ਬਾਬੇ ਅੰਗਰੇਜਾਂ ਨੇ ਜੁਝਾਰੂ-ਬਿਰਤੀ ਖਤਮ ਕਰਨ ਲਈ ਪੈਦਾ ਕੀਤੇ ਸਨ। ਜਿਨਾਂ ਨੇ ਸਿਰਫ ਮਾਲਾ ਜਪਣ, ਭਗਤੀ ਕਰਨ ਉਤੇ ਜੋਰ ਦਿੱਤਾ। ਖਾਲਸਾ ਤਾਂ ਸ਼ਿਕਾਰ ਕਰਨ ਦੇ ਵੀ ਹੱਕ ਵਿੱਚ ਰਿਹਾ ਏ ਅਤੇ ਸ਼ਸ਼ਤਰ ਵਿੱਦਿਆ ਲੈਂਦਾ ਰਿਹਾ ਏ, ਪਰ ਇਹ ਬਾਬੇ ਮਾਸ ਖਾਣ ਦੇ ਵਿਰੁੱਧ ਬ੍ਰਾਹਮਣਵਾਦੀ ਪ੍ਰਚਾਰ ਕਰਦੇ ਨੇ।
ਗੁਰਦੁਆਰੇ ਤੋਂ ਦੂਰ ਅਤੇ ਡੇਰੇ ਦੇ ਨੇੜੇ ਕਿਉਂ:--
ਸੋਚ ਵਿਚਾਰ ਕਰਨੀ ਬਣਦੀ ਹੈ ਕਿ ਅੱਜ ਪੜ੍ਹਿਆ ਲਿਖਿਆ ਵਰਗ ਵੀ ਗੁਰਬਾਣੀ ਨਾਲ, ਗੁਰ-ਸ਼ਬਦ ਨਾਲ ਜੁੜਨ ਦੀ ਥਾਂ ਤੇ ਰਾਧਾ ਸੁਆਮੀ, ਓਸ਼ੋਧਾਰਾ, ਆਰਟ ਆਫ ਲਿਵਿੰਗ, ਬ੍ਰਹਮ-ਕੁਮਾਰੀ ਆਦਿ ਵਰਗੇ ਅਦਾਰਿਆਂ ਨਾਲ ਜੁੜ ਰਿਹਾ ਹੈ। ਕੁੱਝ ਕਾਰਨ ਜੋ ਮਨ ਵਿੱਚ ਆ ਰਹੇ ਹਨ –
• ਪਹਿਲੀ ਵੱਡੀ ਗੱਲ ਕਿ ਗੁਰਦੁਆਰਿਆਂ ਵਿੱਚ ਵਿਗਿਆਨਕ ਜੀਵਨ-ਜਾਚ ਦੀ ਉਹ ਵਿਆਖਿਆ ਨਹੀਂ ਹੋ ਰਹੀ ਜੋ ਗੁਰਮਤਿ ਦ੍ਰਿੜ ਕਰਵਾਉਂਦੀ ਹੈ।
ਸਾਡੇ ਪ੍ਰਚਾਰਕ, ਕਥਾਵਾਚਕ, ਕੀਰਤਨੀਏ, ਆਪ ਗੁਰਮਤਿ ਦੇ ਅਸਲ ਤੱਤ ਤੋਂ ਅਣਜਾਣ ਹਨ ਅਤੇ ਸਾਜਿਸ਼ਾਂ ਨਾਲ ਅਤੇ ਬਿਪਰ ਦੇ ਕੀਤੇ ਰਲਾਅ ਤੋਂ ਸਿੱਖ ਇਤਿਹਾਸ ਨੂੰ ਵੱਖਰੇ ਨਹੀਂ ਕਰ ਸਕੇ।
• ਪੁਰਾਣੀਆਂ ਕਰਾਮਾਤੀ ਸਾਖੀਆਂ ਤੋਂ ਅਜੋਕੀ ਨੌਜਵਾਨ ਪੀੜ੍ਹੀ ਪ੍ਰਭਾਵਿਤ ਨਹੀਂ ਹੁੰਦੀ। ਜਦ ਜਾਹਰ ਚ’ ਕੋਈ ਕਰਾਮਾਤ ਨਹੀਂ ਦਿਸਦੀ, ਤਾਂ ਪੁਰਾਤਨ ਕਰਾਮਾਤਾਂ ਨੂੰ ਕਿਵੇਂ ਮੰਨਿਆ ਜਾਵੇ?
• ਅਜੋਕੇ ਪੜ੍ਹੇ ਲਿਖੇ ਨੌਜਵਾਨ ਦੇ ਮਨ ਵਿੱਚ ਉਠਦੇ ‘ਕਿਉਂ’ ਅਤੇ ‘ਕਿਵੇ’ ਦਾ ਤਸੱਲੀਬਖਸ਼ ਜਵਾਬ ਨਹੀਂ ਮਿਲ ਰਿਹਾ।
• ਅਜੋਕੇ ਅੰਮ੍ਰਿਤਧਾਰੀ ਖਾਲਸੇ ਦਾ ਜੋ ਕਿਰਦਾਰ ਦੱਸਿਆ ਜਾਂਦਾ ਹੈ, ਉਹ ਸਾਡੇ ਧਾਰਮਿਕ ਕਹੇ ਜਾਂਦੇ ਆਗੂਆਂ ਵਿੱਚ ਵੀ ਨਜਰ ਨਹੀਂ ਆ ਰਿਹਾ। ਅਤੇ ਨਾ ਹੀ ਆਮ ਸਮਾਜ ਵਿੱਚ ਨਜਰ ਆ ਰਿਹਾ ਹੈ।
• ਮਿਸ਼ਨਰੀ, ਟਕਸਾਲੀ, ਅਖੰਡ ਕੀਰਤਨੀ ਜੱਥਾ, ਸੰਤ ਬਾਬੇ, ਵਿਦਵਾਨ, ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਦੇ ਪ੍ਰਚਾਰ ਵਿੱਚ ਬੇਸ਼ੁਮਾਰ ਭਿੰਨਤਾ ਹੈ। ਬਹੁਤ ਹੀ ਛੋਟੇ ਛੋਟੇ ਮਸਲੇ ਵੀ ਪੰਥ ਵੱਲੋ ਅਜੇ ਤੱਕ ਹੱਲ ਨਹੀਂ ਕੀਤੇ ਗਏ। ਵਿਚਾਰ ਦੀ ਥਾਂ ਤੇ ਵਿਵਾਦ ਹਰ ਰੋਜ ਵਧ ਰਿਹਾ ਹੈ ਅਤੇ ਭਰਾ-ਮਾਰੂ ਜੰਗ ਸ਼ੁਰੂ ਹੋ ਰਹੀ ਹੈ। ਜਨ-ਸਧਾਰਨ ਦੁਬਿਧਾ ਵਿੱਚ ਹੈ ਕਿ ਉਹ ਕਿਸ ਦੀ ਗੱਲ ਮੰਨੇ? ? ਨਤੀਜੇ ਵਜੋਂ ਉਹ ਇੱਕ ਨਵੇ ਥਾਂ ਤੇ ਜਾ ਪੁੱਜਦਾ ਹੈ।
• ਗੁਰਦੁਆਰਾ ਪ੍ਰਬੰਧਕਾਂ/ ਗਰੰਥੀਆਂ ਦਾ ਆਪਣਾ ਜੀਵਨ ਇੱਕ ਰੋਲ-ਮਾਡਲ ਨਹੀਂ ਬਣ ਸਕਿਆ। ਡੇਰੇਦਾਰਾਂ ਦੇ ਜੀਵਨ ਨੂੰ ਇੱਕ ਮਾਡਲ ਵਜੋਂ ਸਫਲਤਾ ਨਾਲ ਪ੍ਰਚਾਰਿਆ ਗਿਆ ਹੈ, ਅਸਲ ਵਿੱਚ ਹੈ ਉਹ ਵੀ ਨਹੀਂ।
• ਸਿੱਖ ਪੰਥ ਵਿੱਚ ਬੇਲੋੜੀ ਕੱਟੜਤਾ ਵੀ ਆ ਗਈ ਹੈ। ਅਸੀਂ ਸਿੱਖੀ ਨੂੰ ਪਿਆਰ ਨਾਲ ਪ੍ਰਚਾਰਦੇ ਨਜਰ ਨਹੀਂ ਆ ਰਹੇ। ਮਾੜੀ ਜਿਹੀ ਹੋਈ ਗਲਤੀ ਲਈ ਵੀ ਡਾਂਗਾਂ ਸੋਟੀਆਂ ਚੁੱਕ ਲੈਂਦੇ ਹਾਂ, ਲੜਨ ਮਾਰਨ ਲਈ ਤਿਆਰ ਹੋ ਜਾਂਦੇ ਹਾਂ। ਸਾਡੀ ਬੇਲੋੜੀ ਕੱਟੜਤਾ ਨੇ ਗੁਰਬਾਣੀ ਦੇ ਗਿਆਨ ਤੋ ਆਮ ਲੋਕਾਂ ਨੂੰ ਦੂਰ ਹੀ ਕੀਤਾ ਹੈ। ਮੁਆਫ ਕਰਨਾ, ਅੱਜ ਗੁਰੂ ਨਾਨਕ ਸਿਰਫ ਸਿੱਖਾਂ ਦਾ ਗੁਰੂ ਹੈ, ਕਦੇ ਉਹ ‘ਹਿੰਦੂ ਦਾ ਗੁਰੂ ਤੇ ਮੁਸਲਮਾਨ ਦਾ ਪੀਰ’ ਸੀ। ਅੱਜ ਗੁਰੂ ਗਰੰਥ ਸਾਹਿਬ ਸਿਰਫ ਸਿੱਖਾਂ ਦੇ ਗੁਰੂ ਹਨ, ਮਨੁੱਖਤਾ ਦੇ ਗੁਰੂ ਵਜੋਂ ਅਸੀਂ ਪੇਸ਼ ਨਹੀਂ ਕਰ ਸਕੇ। (ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ ਤੇ ਜਿਆਦਾ ਜੋਰ ਦੇਣ ਕਾਰਨ ਵੀ ਹੋ ਸਕਦਾ ਏ)। ਗੁਰਬਾਣੀ ਦੀ ਅੰਦਰਲੀ ਰਹਿਤ ਨਾਲੋਂ (ਸਬ ਕਿਛ ਜਾਨੈ ਆਤਮ ਕੀ ਰਹਤ) ਅਸੀਂ ਬਾਹਰਲੀ ਰਹਿਤ ਤੇ ਜਿਆਦਾ ਜੋਰ ਦੇਣ ਲੱਗੇ ਹਾਂ।
• ਅਸੀਂ ਕਿਰਤ ਨੂੰ ਵਡਿਆਈ ਨਹੀਂ ਦੇ ਸਕੇ। ਗੁਰਦੁਆਰਿਆਂ ਵਿੱਚ ਮਲਕ ਭਾਗੋ ਦੀ ਤੂਤੀ ਬੋਲਦੀ ਹੈ। ਭਾਈ ਲਾਲੋ ਦਾ ਸਤਿਕਾਰ ਨਹੀਂ। ਸਾਡੇ ਗੁਰਦੁਆਰੇ ਆਮ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਨਾਲੋਂ ਵਧੀਆ ਅਤੇ ਆਲੀਸ਼ਾਨ ਇਮਾਤਾਂ ਤੇ ਵਧੇਰੇ ਖਰਚ ਕਰਦੇ ਹਨ।
• ਅੱਜ ਗੁਰਦੁਆਰਿਆਂ ਵਿੱਚ ਵਪਾਰਕ ਬਿਰਤੀ ਭਾਰੂ ਹੋ ਗਈ ਹੈ। ਵੱਡੇ ਵੱਡੇ ਸੰਗਮਰਮਰ ਲੱਗੀਆਂ ਇਮਾਰਤਾਂ, ਸੋਨੇ ਦੇ ਗੁੰਬਦ, ਸ਼ੀਸ਼ਿਆਂ ਅਤੇ ਮੀਨਾਕਾਰੀਆਂ, ਵੱਡੇ ਵੱਡੇ ਕੀਰਤਨ ਦਰਬਾਰ, ਪ੍ਰਭਾਤ ਫੇਰੀਆਂ, ਨਗਰ ਕੀਰਤਨ, ਸ਼ਤਾਬਦੀਆਂ, ਮੁੱਲ ਦੇ ਅਖੰਡ ਪਾਠ ਆਦਿ ਬੇਅੰਤ ਕੁੱਝ ਐਸਾ ਹੋ ਰਿਹਾ ਹੈ, ਜਿਸ ਦੀ ਗੁਰਬਾਣੀ ਇਜਾਜਤ ਨਹੀਂ ਦਿੰਦੀ। ਇਨ੍ਹਾਂ ਗੁਰਦੁਆਰਿਆਂ ਨੇ ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਸਿਧਾਂਤ ਨੂੰ ਭੁਲਾ ਦਿੱਤਾ ਹੈ। ਰਾਜਨਤਿਕਾਂ ਅਤੇ ਸਰਮਾਏਦਾਰਾਂ ਦੇ ਹੋ ਰਹੇ ਸਨਮਾਨ ਕਿਸੇ ਪੱਖ ਤੋਂ ਵੀ ਗੁਰਮਤਿ ਅਨੁਸਾਰੀ ਨਹੀ ਹਨ।
• ਗੁਰਮਤਿ ਦੇ ਤੱਤ ਨੂੰ ਬਿਆਨ ਕਰਨ ਵਾਲੇ ਵਿਦਵਾਨ ਬਹੁਤ ਘੱਟ ਹਨ। ਜਿਹੜੇ ਹਨ ਵੀ, ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਨਹੀਂ ਦਿੱਤਾ ਜਾਂਦਾ ਅਤੇ ਉਨ੍ਹਾਂ ਦੀ ਗੱਲ ਤੇ ਪੰਥ ਵਿਚਾਰ ਵੀ ਨਹੀਂ ਕਰਦਾ।
ਗੁਰਮਤਿ ਅਨੁਸਾਰ ਗੁਰੂ ਦਾ ਸੰਕਲਪ:-ਗੁਰਬਾਣੀ ਅਨੁਸਾਰ ਗੁਰੂ ਕੌਣ ਹੈ, ਆਓ ਦੇਖੀਏ –
• ਸਿੱਧਾਂ ਨੇ ਜਦੋਂ ਬਾਬਾ ਨਾਨਕ ਜੀ ਤੋ ਉਨ੍ਹਾਂ ਦੇ ਗੁਰੂ ਬਾਰੇ ਪੁਛਿਆ, ਤਾਂ ਬਾਬੇ ਨੇ ਕਿਹਾ ਸੀ-
ਪਵਨ ਅਰੰਭੁ ਸਤਿਗੁਰ ਮਤਿ ਵੇਲਾ।।
ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ।। (ਗੁਰੂ ਨਾਨਕ –ਪੰਨਾ 943)
ਇਸ ਤੋ ਬਿਨਾ ਵੀ ਗੁਰਬਾਣੀ ਫੁਰਮਾਨ ਇਹੀ ਉਦੇਸ਼ ਦ੍ਰਿੜ ਕਰਵਾਉੰਦੇ ਹਨ-
ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ।
(ਕਾਨੜਾ ਮਹਲਾ 4, ਪੰਨਾ 1309)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।
ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਿਸਤਾਰੇ।
(ਨਟ ਮਹਲਾ 4 ਪੰਨਾ 982)

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ।
(ਸੂਹੀ ਲਲਿਤ ਕਬੀਰ ਜੀਉ ਪੰਨਾ 793)
ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ।
ਸਤਿਗੁਰੁ ਸੇਵੀ ਅਵਰੁ ਨ ਦੂਜਾ।
(ਮਾਰੂ ਸੋਲਹੇ ਮਹਲਾ 4 ਪੰਨਾ 1069)
ਸ਼ਬਦ ਗੁਰੁ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗੁ ਬਉਰਾਨੰ।
(ਸੋਰਠਿ ਮਹਲਾ 5 ਪੰਨਾ 635)
• ਗੁਰਬਾਣੀ ਮਨੁੱਖ ਨੂੰ ਬਿਨਸਨਹਾਰ ਮੰਨਦੀ ਹੈ।
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ।
ਦੇਵਨ ਕਉ ਏਕੈ ਭਗਵਾਨੁ।
(ਗਉੜੀ ਸੁਖਮਨੀ ਮਹਲਾ 5 ਪੰਨਾ 281)
ਸਦਾ ਸਦਾ ਸੋ ਸੇਵੀਐ ਜੋ ਸਭਿ ਮਹਿ ਰਹੈ ਸਮਾਇ।
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੇ ਮਰਿ ਜਾਇ।
(ਸਲੋਕ ਮਹਲਾ 3 ਪੰਨਾ 509)
• ਗੁਰਬਾਣੀ ਤਾਂ ਅਵਤਾਰਵਾਦ ਨੂੰ ਵੀ ਮੁਢੋਂ ਹੀ ਰੱਦ ਕਰਦੀ ਹੈ।
ਸਗਲ ਪਰਾਧ ਦੇਹਿ ਲੋਰੋਨੀ।
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।
(ਭੈਰਉ ਮਹਲਾ 5 ਪੰਨਾ 1136)

ਗੁਰਬਾਣੀ ਅਨੁਸਾਰ ਸੰਤ, ਸਾਧ, ਬ੍ਰਹਮ-ਗਿਆਨੀ ਸ਼ਬਦਾਂ ਬਾਰੇ ਵਿਚਾਰ:-ਡੇਰੇਦਾਰ ਅਕਸਰ ਗੁਰਬਾਣੀ ਵਿੱਚ ਆਏ ਸ਼ਬਦ ਸੰਤ, ਸਾਧ ਅਤੇ ਬ੍ਰਹਮ-ਗਿਆਨੀ ਦੇ ਹਵਾਲੇ ਦਿੰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਚੇਲੇ ਇਹ ਸ਼ਬਦ ਆਪਣੇ ‘ਬਾਬੇ’ ਲਈ ਵਰਤਿਆ ਜਾਣ ਕੇ ਉਨ੍ਹਾਂ ਦੀ ਹੋਰ ਇੱਜਤ ਕਰਦੇ ਹਨ।
• ਗੁਰਮਤਿ ਅਨੁਸਾਰ ਸੰਤ ਸ਼ਬਦ ਇਸ ਤਰਾਂ ਆਇਆ ਏ –
1. ਅਕਾਲ ਪੁਰਖ ਲਈ-
ਭਾਗੁ ਹੋਆ ਗੁਰਿ ਸੰਤੁ ਮਿਲਾਇਆ।
ਪ੍ਰਭੁ ਅਬਿਨਾਸੀ ਘਰਿ ਮਹਿ ਪਾਇਆ।
(ਮਾਝ ਮਹਲਾ 5 ਪੰਨਾ97)
(ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦੇ ਸੋਮੇ ਪਰਮਾਤਮਾ ਨਾਲ ਮਿਲਾ ਦਿੱਤਾ ਹੈ)।
ਇਸੇ ਤਰਾਂ-
ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖ ਸੁਜਾਣੁ ਜੀਉ।
ਗੁਰ ਮੇਲੇ ਸੰਤੁ ਹਰਿ ਸੁਘੜੁ ਸੁਜਾਣੁ ਜੀਉ।
(ਗਉੜੀ ਮਾਝ ਮਹਲਾ 4 ਪੰਨਾ175)
(ਮੈਨੂੰ ਯਕੀਨ ਬਣ ਚੁਕਾ ਹੈ ਕਿ ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ। ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ)
2. ਗੁਰੂ ਲਈ-
ਹਰਿ ਕਾ ਸੰਤੁ ਸਤਗੁਰੁ ਸਤਿ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ।
ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ।
(ਧਨਾਸਰੀ ਮਹਲਾ 4 ਪੰਨਾ 667)
(ਹੇ ਭਾਈ ਗੁਰੂ ਮਹਾਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹੈ। ਜੋ ਜੋ ਵੀ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋ ਮੁਕਤ ਹੋ ਜਾਂਦਾ ਹੈ। ਮੈ ਉਸ ਸੰਤ-ਗੁਰੂ ਤੋ ਕੁਰਬਾਨ ਜਾਂਦਾ ਹਾਂ)
‘ਵਡਭਾਗੀ ਹਰਿ ਸੰਤੁ ਮਿਲਾਇਆ’ (ਪੰਨਾ 95) ‘ਹਰਿ ਕਿਰਪਾ ਤੇ ਸੰਤ ਭੇਟਿਆ’ (ਪੰਨਾ 293) ‘ਸੰਤ ਕਾ ਕੀਆ ਸਤਿ ਕਰ ਮਾਨਿ’ (ਪੰਨਾ 177) ਆਦਿ ਥਾਵਾਂ ਤੇ ਵੀ ਸੰਤ ਸ਼ਬਦ ਗੁਰੂ ਲਈ ਵਰਤਿਆ ਗਿਆ ਹੈ।
• ਸਾਧ, ਸਾਧੂ ਸ਼ਬਦ ਜਿੱਥੇ ਗੁਰਬਾਣੀ ਵਿੱਚ ਇੱਕ ਬਚਨ ਰੂਪ ਵਿੱਚ ਆਇਆ ਹੈ, ਉਥੇ ਇਹ ਗੁਰੂ ਖਾਤਰ ਹੀ ਆਇਆ ਹੈ। ਫੁਰਮਾਨ ਹਨ-
ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ।
ਸਭਿ ਕਿਲਬਿਖ ਪਾਪ ਗਏ ਗਵਾਇਣੁ।
(ਰਾਗ ਭੈਰਉ ਮਹਲਾ 4 ਪੰਨਾ 1134)
ਹਰਿ ਹਰਿ ਆਨਿ ਮਿਲਾਵਹੁ ਗੁਰ ਸਾਧੂ ਜਿਸ ਅਹਿਨਿਸ ਹਰਿ ਉਰਿਧਾਰੀ।
(ਮਲਾਰ ਮਹਲਾ 4 ਪੰਨਾ 1263)
(ਹੇ ਹਰੀ ਮਿਹਰ ਕਰ, ਮੈਨੂੰ ਉਹ ਸਾਧੂ ਗੁਰੂ ਲਿਆ ਕੇ ਮਿਲਾ ਦੇ ਜਿਸ ਦੇ ਹਿਰਦੇ ਵਿੱਚ ਹੇ ਹਰੀ ਤੇਰਾ ਨਾਮ ਵਸਿਆ ਰਹਿੰਦਾ ਹੈ)।
• ਸੰਤ ਸਾਧੂ ਸ਼ਬਦ ਜਿਥੇ ਬਹੁ-ਵਚਨ ਰੂਪ ਵਿੱਚ ਆਏ ਹਨ, ਉਥੇ ਇਹ ਸੰਗਤ ਦੇ ਅਰਥਾਂ ਵਿੱਚ ਹਨ।
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ।
(ਸਲੋਕ ਮਹਲਾ 4 ਪੰਨਾ 302)
ਸੰਤ ਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ।
(ਸੂਹੀ ਮਹਲਾ 3 ਪੰਨਾ 771)
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ।
(ਆਸਾ ਮਹਲਾ 5 ਪੰਨਾ 400)
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ।
(ਬਿਲਾਵਲ ਮਹਲਾ 5 ਪੰਨਾ 811)
ਸਾਧੋ ਮਨ ਕਾ ਮਾਨੁ ਤਿਆਗਿਓ।
(ਰਾਗ ਗਉੜੀ ਮਹਲਾ 9 ਪੰਨਾ219)

ਉਪਰੋਕਤ ਸਾਰੇ ਗੁਰਵਾਕਾਂ ਵਿੱਚ ਸੰਤ, ਸਾਧ, ਸੰਤਨ ਸ਼ਬਦ ਦਾ ਭਾਵ ਸਤ –ਸੰਗਤ ਤੋਂ ਹੈ ਭਾਵ ਗੁਰਮੁਖਾਂ ਦੀ ਸੰਗਤ।
• ਸੁਖਮਨੀ ਸਾਹਿਬ ਵਿੱਚ ਜੋ ਸਾਧ ਦੇ ਗੁਣ ਦਰਸਾਏ ਹਨ, ਉਹ ਸਾਰੇ ਗੁਰੂ ਲਈ ਅਤੇ (ਬਹੁਵਚਨ ਵਿੱਚ) ਸੰਗਤ ਲਈ ਹਨ। ਪਰ ਇਨ੍ਹਾਂ ਬਾਬਿਆਂ ਦੇ ਚੇਲੇ ਸੰਤ ਦੇ ਗੁਣ ਸੁਣ ਕੇ ਬਾਬੇ ਵੱਲ ਹੋਰ ਝੁਕਦੇ ਹਨ ਅਤੇ ‘ਸੰਤ ਕਾ ਨਿੰਦਕ’ ਦੇ ਲੱਛਣ ਸੁਣ ਕੇ ਇਨ੍ਹਾਂ ਬਾਬਿਆਂ ਦੇ ਵਿਰੁੱਧ ਬੋਲਣ ਤੋਂ ਡਰਦੇ ਹਨ।
• ਬ੍ਰਹਮ-ਗਿਆਨੀ ਸਾਰੇ ਦੇਹਧਾਰੀ ਬਾਬੇ ਆਪਣੇ ਆਪ ਨੂੰ ਬ੍ਰਹਮ-ਗਿਆਨੀ ਅਖਵਾਉਂਦੇ ਹਨ। ਕਈਆਂ ਨੇ ਤਾਂ 101, 108, 1008 ਆਦਿ ਡਿਗਰੀਆਂ ਵੀ ਆਪਣੇ ਨਾਮ ਨਾਲ ਜੋੜ ਲਈਆਂ ਹਨ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨੀ ਦੇ ਜੋ ਗੁਣ ਅਤੇ ਲੱਛਣ ਦੱਸੇ ਹਨ, ਜਰਾ ਵਿਚਾਰ ਕਰਨੀ ਕਿ ਉਹ ਇਨ੍ਹਾਂ ਕਥਿਤ ਬਾਬਿਆਂ ਤੇ ਢੁਕ ਸਕਦੇ ਹਨ ਕਦੇ? ਗੁਰੂ ਸਾਹਿਬ ਜਿਸ ਬ੍ਰਹਮ ਗਿਆਨੀ ਨੂੰ ‘ਸ਼੍ਰਿਸ਼ਟਿ ਕਾ ਕਰਤਾ’, ‘ਕਦੇ ਨਾ ਮਰਨ ਵਾਲਾ’ ‘ਆਪ ਪਰਮੇਸ਼ਰ’ ਆਖੇ ਹਨ ਉਹ ਇੱਕ ਸਾਧਾਰਨ ਮਨੁੱਖ ਕਿਵੇ ਹੋ ਸਕਦਾ ਹੈ?
• ਇਸ ਤਰਾਂ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਬਾਬਿਆਂ ਨੇ ਗੁਰਬਾਣੀ ਦੇ ਗਲਤ ਅਰਥ ਕਰ ਕੇ ਇਸ ਦਾ ਘੋਰ ਅਪਮਾਨ ਕੀਤਾ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਆਰਥਿਕ, ਸਮਾਜਿਕ ਅਤੇ ਮਾਨਸਿਕ ਪੱਖ ਤੋਂ ਖੂਬ ਲੁੱਟਿਆ ਹੈ। ਇੱਕ ਸਵਾਲ ਹੈ ਕੀ ਕਦੇ ਕਿਸੇ ਸੰਤ ਬਾਬੇ ਦੇ ਦੀਬਾਨ ਵਿੱਚ ਆਪ ਨੇ ਭਗਤ ਕਬੀਰ ਜੀ ਦਾ ਇਹ ਸ਼ਬਦ ਅਤੇ ਇਸ ਦੀ ਵਿਆਖਿਆ ਸੁਣੀ ਹੈ? ?
“ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸ ਕੇ ਠਗ”।
(ਆਸਾ ਕਬੀਰ ਜੀ ਪੰਨਾ 476)
ਜਾਂ ਕਦੇ ਆਸਾ ਦੀ ਵਾਰ ਦੀ ਵਿਆਖਿਆ ਸੁਣੀ ਹੈ ਜਿਸ ਵਿੱਚ ਸੂਤਕ ਪਾਤਕ, ਸਰਾਧ, ਜਨੇਊ, ਸੁਚਿ ਜੂਠ, ਤੀਰਥਾਂ ਅਤੇ ਬੇਅੰਤ ਦਿਖਾਵੇ ਦੇ ਕਰਮ-ਕਾਂਡਾਂ ਦਾ ਵਿਰੋਧ ਹੈ?
ਅੰਤ ਵਿੱਚ ਬੇਨਤੀ ਹੈ ਕਿ ਵਿਚੋਲਿਆਂ ਦਾ ਖਹਿੜਾ ਛਡੀਏ, ਖੁਦ ਬਾਣੀ ਨੂੰ ਪੜ੍ਹੀਏ ਅਤੇ ਵਿਚਾਰੀਏ। ਆਪਣੇ ਰੋਜਾਨਾ ਦੇ ਕਾਰ ਵਿਹਾਰ ਨੂੰ ਗੁਰੂ-ਆਸ਼ੇ ਅਨੁਸਾਰ ਕਰੀਏ। ਗੁਰੂ ਨਾਨਕ ਨੇ ਧੰਦੇ ਨੂੰ ਧਰਮ ਅਨੁਸਾਰ ਕਰਨ ਲਈ ਕਿਹਾ ਸੀ. ਪਰ ਅਸੀਂ ਅੱਜ ਧਰਮ ਨੂੰ ਧੰਦਾ ਬਣਾ ਲਿਆ ਹੈ। ਅਸੀਂ ਧਰਮੀ ਬਣਨਾ ਨਹੀਂ ਚਾਹੁੰਦੇ, ਧਰਮੀ ਕਹਾਉਣਾ ਚਾਹੁੰਦੇ ਹਾਂ। ਪਾਤਸਾਹ ਬਖਸ਼ਿਸ਼ ਕਰਨ ਸਾਨੂੰ ਬਾਣੀ ਦੇ ਅਣੀਆਲੇ ਤੀਰ ਲੱਗ ਜਾਣ, ਸ਼ਬਦ ਸਾਡੇ ਹਿਰਦੇ ਨੂੰ ਬਿੰਨ੍ਹ ਜਾਵੇ ਅਤੇ ਸਾਨੂੰ ਨਿਰਭਉ ਅਤੇ ਨਿਰਵੈਰ ਮਨੁੱਖ ਬਣਨ ਦੀ ਜਾਚ ਆ ਜਾਵੇ। ਅਸੀਂ ਇਨ੍ਹਾਂ ਸੰਤ ਬਾਬਿਆਂ ਨੂੰ ਆਮ ਮਨੁੱਖ ਵਾਂਗ ਕਿਰਤ ਕਰਨ ਲਈ ਮਜਬੂਰ ਕਰ ਸਕੀਏ।
ਜਸਵਿੰਦਰ ਸਿੰਘ ਰੁਪਾਲ




.