.

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥

ਗੁਰਬਾਣੀ ਦੇ ਸਹੀ ਅਰਥ ਕਰਨ ਅਤੇ ਸਮਝਣ ਵਾਸਤੇ ਗੁਰਮਤਿ ਦੇ ਮੂਲ ਸਿੱਧਾਂਤਾਂ ਨੂੰ ਸਮਝਣ ਅਤੇ ਧਿਆਨ ਵਿੱਚ ਰੱਖਣ ਦੀ ਲੋੜ ਹੈ। ਜਿਹੜੇ ਅਰਥ ਗੁਰਮਤਿ ਦੇ ਨਿਯਮਾਂ ਦੀ ਕਸੌਟੀ ਉੱਤੇ ਪੂਰੇ ਨਹੀਂ ਉਤਰਦੇ, ਉਹ ਅਰਥ, ਨਿਰਸੰਦੇਹ, ਅਸ਼ੁੱਧ, ਗ਼ਲਤ ਅਤੇ ਗੁਮਰਾਹਕੁਨ ਹਨ। ਦੂਜਾ, ਬਾਣੀ ਵਿੱਚ ਬਹੁਤ ਸਾਰੇ ਪਦ/ਸ਼ਬਦ/ਲਫ਼ਜ਼ (words) ਅਜਿਹੇ ਹਨ ਜਿਨ੍ਹਾਂ ਦੇ ਕਈ ਕਈ ਅਰਥ ਨਿਕਲਦੇ ਹਨ। ਇਸ ਲਈ, ਗੁਰਸਬਦਾਂ ਦੇ ਅਰਥ ਕਰਨ ਲੱਗਿਆਂ ਇਸ ਗੱਲ ਵੱਲ ਵੀ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਕਿਸ ਤੁਕ/ਸ਼ਬਦ ਵਿੱਚ ਕਿਹੜਾ ਅਰਥ ਢੁੱਕਵਾਂ ਤੇ ਸਹੀ ਹੈ। ਤੀਜਾ, ਸਰਬਸਾਂਝੀ ਗੁਰਬਾਣੀ ਵਿੱਚ ਦੇਸ-ਵਿਦੇਸ ਦੀਆਂ ਕਈ ਭਾਸ਼ਾਵਾਂ (ਸੰਸਕ੍ਰਿਤ, ਅਰਬੀ, ਫ਼ਾਰਸੀ, ਅਪਭ੍ਰੰਸ਼, ਸਿੰਧੀ, ਪ੍ਰਾਂਤਕ, ਖੇਤਰੀ ਅਤੇ ਯੂਰਪੀ ਆਦਿ) ਦੀ ਸ਼ਬਦਾਵਲੀ ਵਰਤੀ ਗਈ ਹੈ। ਗੁਰਬਾਣੀ ਵਿੱਚ ਵਰਤੇ ਗਏ ਕਈ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਵੱਖ ਵੱਖ ਬੋਲੀਆਂ ਵਿੱਚ ਅਲੱਗ ਅਲੱਗ ਅਰਥ ਨਿਕਲਦੇ ਹਨ। ਇਸ ਲਈ, ਗੁਰੁਸਬਦਾਂ ਦੇ ਅਰਥ ਕਰਨ ਸਮੇਂ ਇਸ ਤੱਥ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਸ ਪ੍ਰਸੰਗ ਵਿੱਚ ਕਿਸ ਭਾਸ਼ਾ ਦੇ ਅਰਥ ਢੁੱਕਦੇ ਹਨ।

ਸ਼ੁਰੂ ਤੋਂ ਹੀ ਬਹੁਤੇ ਵਿੱਦਵਾਨ, ਜਾਣੇ-ਅਣਜਾਣੇ, ਗੁਰੁਸ਼ਬਦਾਂ ਦੇ ਅਰਥ ਕਰਨ ਸਮੇਂ ਗੁਰੁਫ਼ਲਸਫ਼ੇ ਨੂੰ ਪਰੋਖੇ ਰੱਖਦੇ ਆਏ ਹਨ। ਦੂਜਾ, ਕਈ ਵਿਦਵਾਨ ਆਪਣੀ ਊਰੀ ਮਤਿ ਦੇ ਪ੍ਰਭਾਵ ਹੇਠ ਆਪਣੀ ਮਰਜ਼ੀ ਦੇ ਅਰਥ ਕਰ ਲੈਂਦੇ ਰਹੇ ਹਨ। ਗੁਰਮਤਿ ਦੇ ਪ੍ਰਚਾਰਕ ਵੀ, ਬਿਨਾ ਸੋਚੇ-ਬੀਚਾਰੇ, ਗੁਰਮਤਿ ਦਾ ਪ੍ਰਚਾਰ ਉਨ੍ਹਾਂ ਅਸ਼ੁੱਧ ਅਰਥਾਂ ਨਾਲ ਕਰਦੇ ਆ ਰਹੇ ਹਨ। ਇਹੀ ਕਾਰਣ ਹੈ ਕਿ ਗੁਰਬਾਣੀ ਦੇ ਕਈ ਪਦਾਂ/ਲਫ਼ਜ਼ਾਂ, ਤੁਕਾਂ ਅਤੇ ਸ਼ਬਦਾਂ ਦੇ ਗ਼ਲਤ ਅਰਥ ਪ੍ਰਵਾਣਿਤ ਅਤੇ ਪ੍ਰਚੱਲਿਤ ਹੋ ਚੁੱਕੇ ਹਨ।

ਇਕ ਪਦ/ਲਫ਼ਜ਼ (word) ਦੇ ਗ਼ਲਤ ਕੀਤੇ ਅਰਥ ਸਾਰੀ ਤੁਕ ਅਤੇ ਪੂਰੇ ਸ਼ਬਦ ਦੇ ਅਰਥਾਂ ਨੂੰ ਬਦਲ ਕੇ ਰੱਖ ਦਿੰਦੇ ਹਨ। ਇਹੀ ਵਜ੍ਹਾ ਹੈ ਕਿ ਗੁਰਮਤਿ ਦੇ ਪਾਕ-ਪਵਿੱਤਰ ਸਿੱਧਾਂਤਾਂ ਨੂੰ ਮਨਮਤਿ ਨਾਲ ਰਲਗੱਡ ਕੀਤਾ ਜਾਂਦਾ ਰਿਹਾ ਹੈ। ਜਾਣ ਬੁਝ ਕੇ ਕੀਤੀ ਜਾਂਦੀ ਇਸ ਬਜਰ ਭੁੱਲ ਦਾ ਹੀ ਨਤੀਜਾ ਹੈ ਕਿ, ਹਮੇਸ਼ਾ ਤੋਂ, ਗੁਰਮਤਿ ਦੀ ਬਜਾਏ ਮਨਮਤਿ ਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ।

ਗੁਰਬਾਣੀ ਤ੍ਰੈਗੁਣੀ ਸੰਸਾਰ ਤੋਂ ਉਚੇਰੀ ਆਤਮਗਿਆਨ ਦੀ ਰਚਨਾ ਹੈ। ਅਰਸ਼ੀ ਮੰਡਲ ਦੀ ਬਾਣੀ ਦੇ ਜਿਹੜੇ ਅਰਥ ਸਾਨੂੰ ਸੰਸਾਰਕਤਾ ਨਾਲ ਜੋੜਦੇ ਹਨ, ਉਹ ਅਰਥ, ਬਿਨਾ ਸ਼ੱਕ, ਗ਼ਲਤ, ਅਸ਼ੁੱਧ, ਭੁਲੇਖਾ ਪਾਊ ਅਤੇ ਗੁਮਰਾਹਕੁਨ ਹਨ। ਇਹ ਭੁਲੇਖਾ ਪਾਊ ਅਸ਼ੁੱਧ ਅਰਥ ਗੁਰਮਤਿ ਦੇ ਸ਼੍ਰੱਧਾਲੂਆਂ ਨੂੰ ਸੱਚ ਦਾ ਮਾਰਗ ਦਿਖਉਣ ਦੀ ਬਜਾਏ ਉਨ੍ਹਾਂ ਨੂੰ ਕੁਰਾਹੇ ਪਾਉਂਦੇ ਹਨ।

ਗੁਰਬਾਣੀ ਰਚਯਤਿਆਂ ਦੇ ਅਣਮੋਲ ਬੋਲਾਂ-ਬਚਨਾਂ ਦਾ ਸੰਬੰਧ ਸਿਰਫ਼ ਤੇ ਸਿਰਫ਼ ਇੱਕ ਅਲੌਕਿਕ ਕਰਤਾਰ ਅਤੇ ਉਸ ਦੀ ਅੰਸ਼ ਮਨੁੱਖੀ ਆਤਮਾ ਨਾਲ ਹੈ, ਸੰਸਾਰਕਤਾ ਨਾਲ ਨਹੀਂ! ਗੁਰਸਬਦਾਂ ਦੇ ਕੀਤੇ ਜਿਹੜੇ ਅਰਥ ਸਾਨੂੰ, ਰਬ ਦੇ ਰਾਹ ਵੱਲੋਂ ਭਟਕਾ ਕੇ, ਸੰਸਾਰਕਤਾ ਨਾਲ ਜੋੜਣ ਜਾਂ ਤ੍ਰੈਗੁਣੀ ਮਾਇਆ ਦੇ ਚਿੱਕੜ ਵਿੱਚ ਡਿੱਗਣ ਲਈ ਪ੍ਰੇਰਿਤ ਕਰਦੇ ਹਨ, ਉਹ ਅਰਥ, ਬਿਨਾ ਸ਼ੱਕ, ਅਸ਼ੁੱਧ ਅਤੇ ਟਪਲਾ ਲਾਉਣ ਵਾਲੇ ਹਨ।

ਇਸ ਲੇਖ ਵਿੱਚ ਅਸੀਂ ਕਬੀਰ ਜੀ ਦੇ ਨਿਮਨ ਲਿਖਿਤ ਦੋ ਸਲੋਕਾਂ ਦੇ ਪ੍ਰਚੱਲਿਤ ਕੀਤੇ ਜਾ ਚੁੱਕੇ ਅਤੇ ਪ੍ਰਚਾਰੇ ਜਾ ਰਹੇ ਅਸ਼ੁੱਧ ਅਰਥਾਂ ਅਤੇ ਉਨ੍ਹਾਂ ਅਰਥਾਂ ਦੀ ਕੀਤੀ ਜਾ ਰਹੀ ਗ਼ਲਤ ਅਤੇ ਅਣਉਚਿੱਤ ਵਰਤੋਂ ਉੱਤੇ ਵਿਚਾਰ ਕਰਨੀ ਹੈ। ਕਬੀਰ ਜੀ ਫ਼ਰਮਾਉਂਦੇ ਹਨ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥

ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ ੧॥

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ੨॥ ਸਲੋਕ ਕਬੀਰ ਜੀ

ਉਕਤ ਸਲੋਕਾਂ ਦੇ ਭਾਵ-ਅਰਥਾਂ ਵਿੱਚ ਮਿਲਾਈ ਜਾ ਰਹੀ ਖੋਟ ਅਤੇ ਇਨ੍ਹਾਂ ਅਨਮੋਲ ਤੁਕਾਂ ਦੀ ਕੀਤੀ ਜਾ ਰਹੀ ਗ਼ਲਤ ਵਰਤੋਂ ਦਾ ਮੁੱਖ ਕਾਰਣ ਸਲੋਕਾਂ ਵਿੱਚ ਵਰਤੇ ਦੀਨ, ਸੂਰਮਾ ਅਤੇ ਸੂਰਾ ਪਦਾਂ ਦੇ, ਗੁਰਮਤਿ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ, ਕੀਤੇ ਜਾਂਦੇ ਆਪ-ਹੁਦਰੇ ਅਰਥ ਹਨ। ਇਸ ਲਈ, ਆਓ! ਪਹਿਲਾਂ ਗੁਰਮਤਿ ਦੇ ਸਿੱਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਪ੍ਰਸੰਗ ਅਨੁਸਾਰ ਉਕਤ ਪਦਾਂ/ਲਫ਼ਜ਼ਾਂ ਦੇ ਅਰਥਾਂ ਉੱਤੇ ਬੀਚਾਰ ਕਰੀਏ।

ਪਦ ਅਰਥ:-

ਸੂਰਾ: ਦੁਸ਼ਮਨਾਂ ਨਾਲ ਲੜ ਮਰਨ ਦਾ ਨਿਸ਼ਚਾ ਤੇ ਹੌਸਲਾ ਕਰਨ ਵਾਲਾ। (ਨੋਟ:-ਗੁਰਬਾਣੀ ਵਿੱਚ ਸੂਰਾ, ਸੂਰਮਾ, ਸੂਰਤਣ ਅਤੇ ਵਰੀਆਮ ਆਦਿ ਪਦ ਵਿਕਾਰਾਂ ਨਾਲ ਲੜ ਕੇ ਮਨ ਨੂੰ ਮਾਇਆ ਵੱਲੋਂ ਜਿੱਤਣ ਵਾਲੇ ਆਤਮਿਕ ਪੱਖੋਂ ਬਲਵਾਨ ਮਨੁੱਖ ਵਾਸਤੇ ਵਰਤੇ ਗਏ ਹਨ।)

ਦੀਨ: ਭਾਰਤੀ ਭਾਸ਼ਾਵਾਂ ਵਿੱਚ ਇਸ ਪਦ ਦੇ ਅਰਥ ਹਨ: ਗ਼ਰੀਬ, ਦੁਖਾਂ-ਦ੍ਰਿਦਰਾਂ ਵਿੱਚ ਘਿਰਿਆ ਹੋਇਆ, ਨਿਮਾਣਾ, ਅਭਾਗਾ; ਦੇਣਾ ਜਾਂ ਦਿੱਤਾ। (ਨੋਟ:- ਗੁਰਬਾਣੀ ਵਿੱਚ ਦੀਨ ਪਦ ਦੀ ਵਰਤੋਂ, ਅਧਿਕਤਰ, ਇਨ੍ਹਾਂ ਅਰਥਾਂ ਵਿੱਚ ਹੀ ਕੀਤੀ ਗਈ ਹੈ। ਪਰੰਤੂ ਇਹ ਤੱਥ ਵੀ ਧਿਆਨਯੋਗ ਹੈ ਕਿ ਗੁਰਬਾਣੀ ਵਿੱਚ ਦੀਨ ਪਦ ਵਾਲੀ, ਲਗ ਪਗ, ਹਰ ਤੁਕ ਵਿੱਚ, ਦੀਨ ਪਦ ਦੀ ਵਰਤੋਂ ਪ੍ਰਭੂ ਦੇ ਨਿਮਾਣੇ ਭਗਤ ਵਾਸਤੇ ਕੀਤੀ ਗਈ ਹੈ; ਅਤੇ ਪ੍ਰਭੂ ਲਈ ਦੀਨਦਿਆਲ, ਦੀਨਬੰਧੁ ਅਤੇ ਦੀਨਾਨਾਥ ਆਦਿ ਵਿਸ਼ੇਸ਼ਣ ਵਰਤੇ ਗਏ ਹਨ।)

ਦੀਨ: دِين ਫ਼ਾਰਸੀ/ਅਰਬੀ ਬੋਲੀ ਵਿੱਚ ਦੀਨ دين ਦੇ ਅਰਥ ਹਨ: ਮਜ਼੍ਹਬ, ਪੰਥ, ਈਮਾਨ, ਧਰਮ। (ਨੋਟ:- ਕਬੀਰ ਜੀ ਨੇ ਆਪਣੀ ਰਚੀ ਬਾਣੀ ਵਿੱਚ ਦੀਨ ਪਦ/ਲਫ਼ਜ਼ ਦੀ ਵਰਤੋਂ ਇਨ੍ਹਾਂ ਅਰਥਾਂ ਵਿੱਚ ਹੀ ਕੀਤੀ ਹੈ!)

ਗਗਨ: ਦਸਮਦੁਆਰਾ, ਅੰਤਹਕਰਣ, ਹਿਰਦਾ, ਦਿਮਾਗ਼, ਬੋਧਿਕ ਸ਼ਕਤੀ; ਆਸਮਾਨ। ਦਮਾਮਾ: ਫ਼ਾ: دمأمہ: ਨਗਾਰਾ, ਧੌਂਸਾ। ਬਾਜਿਓ: ਵੱਜਿਆ। ਨੀਸਾਨੈ: ਨਿਸ਼ਾਨੇ `ਤੇ, ਸੋਚ-ਬਿੰਦੂ ਉੱਤੇ, ਅੰਤਹਕਰਣ ਵਿੱਚ, ਟੀਚੇ ਉੱਤੇ। ਘਾਉ: ਚੋਟ। ਖੇਤ: ਰਣਭੂਮੀ, ਯੁੱਧ ਦਾ ਮੈਦਾਨ, ਹਿਰਦਾ, ਅੰਤਹਕਰਣ। ਜੁ: ਜੋ, ਜਿਹੜਾ। ਮਾਂਡਿਓ: ਪੱਕਾ ਇਰਾਦਾ ਕਰਕੇ, ਪੱਕੇ ਨਿਸ਼ਚੇ ਨਾਲ। ਸੂਰਮਾ: ਯੋਧਾ, ਵੈਰੀਆਂ ਨਾਲ ਲੋਹਾ ਲੈਣ ਵਾਲਾ। ਜੂਝਨ: ਲੜ ਮਰਨ ਦਾ। ਦਾਉ: ਸਮਾਂ, ਅਵਸਰ, ਮੌਕਾ। ੧।

ਲਰੈ: ਲੜਦਾ ਹੈ। ਪਹਿਚਾਨੀਐ: ਪਛਾਣਿਆ/ਕਿਹਾ ਜਾਂਦਾ ਹੈ। ਹੇਤ: ਵਾਸਤੇ। ਛਾਡੈ ਖੇਤੁ: ਯੁੱਧ-ਭੂਮੀ ਛੱਡ ਕੇ ਭੱਜਦਾ ਨਹੀਂ, ਹਾਰ ਨਹੀਂ ਮੰਨਦਾ। ੨।

ਭਾਵ ਅਰਥ:- ਦਸਮਦੁਆਰੇ/ਦਿਮਾਗ਼/ਸੋਚ/ਹਿਰਦੇ/ਅੰਤਹਕਰਣ `ਚ (ਵੈਰੀ ਵਿਕਾਰਾਂ ਨਾਲ ਜੰਗ ਦੇ ਐਲਾਨ ਦਾ) ਧੌਂਸਾ ਵੱਜਿਆ; ਅਤੇ ਨਿਸ਼ਾਨੇ ਉੱਤੇ ਚੋਟ ਵੱਜੀ (ਅਰਥਾਤ ਅੰਤਰਆਤਮੇ ਇਹ ਗਿਆਨ ਹੋ ਗਿਆ ਕਿ ਮਨ ਦੀ ਸ਼ੁੱਧਤਾ ਅਤੇ ਸਚਿਆਰਤਾ ਵਾਸਤੇ ਮਨ ਵਿੱਚੋਂ ਵਿਕਾਰਾਂ ਨੂੰ ਮਾਰ ਮੁਕਾਉਣਾ ਜ਼ਰੂਰੀ ਹੈ)। (ਇਹ ਗਿਆਨ ਵੀ ਹੋ ਗਿਆ ਕਿ) ਦੀਨ/ਧਰਮ ਦੇ ਵੈਰੀ (ਵਿਕਾਰਾਂ) ਨਾਲ ਪੱਕੇ ਨਿਸ਼ਚੇ, ਨਿਸ਼ਠਾ ਅਤੇ ਦ੍ਰਿੜਤਾ ਨਾਲ ਸੰਘਰਸ਼ ਕਰਨ ਦਾ ਇਹ ਮਨੁੱਖਾ ਜੀਵਨ ਹੀ ਸਹੀ ਮੌਕਾ/ਅਵਸਰ ਹੈ। ੧।

ਦਿਲੇਰ ਯੋਧਾ ਉਸੇ ਜੁਝਾਰ ਨੂੰ ਹੀ ਕਿਹਾ ਜਾਂਦਾ ਹੈ ਜਿਹੜਾ ਆਪਣੇ ਦੀਨ/ਧਰਮ/ਜੀਵਨ ਮਨੋਰਥ ਦੀ ਖ਼ਾਤਿਰ ਜੂਝਦਾ ਹੈ। (ਮਨ ਨੂੰ ਜਿੱਤਣ ਵਾਸਤੇ, ਸਚਿਆਰ ਜੀਵਨ ਦੇ ਦੁਸ਼ਮਨ, ਵਿਕਾਰਾਂ ਨਾਲ) ਉਹ ਸੁਆਸ ਸੁਆਸ ਆਖ਼ਰੀ ਦਮ ਤਕ ਲੜਦਾ ਹੈ ਅਤੇ (ਦੀਨ/ਧਰਮ ਦੇ ਵੈਰੀ ਵਿਕਾਰਾਂ ਦੇ ਹੱਥੋਂ) ਕਦੇ ਵੀ ਹਾਰ ਨਹੀਂ ਮੰਨਦਾ। ੨।

ਉਪਰ ਕੀਤੇ ਭਾਵਅਰਥਾਂ ਦੀ ਪੁਸ਼ਟੀ ਹੇਠ ਲਿਖੀਆਂ ਦਲੀਲਾਂ ਤੋਂ ਭਲੀਭਾਂਤ ਹੁੰਦੀ ਹੈ:

ਗੁਰੁਫ਼ਲਸਫ਼ੇ ਅਨੁਸਾਰ, ਮਨੁੱਖ ਦਾ ਜੀਵਨ-ਮਨੋਰਥ ਹੈ: ਸੱਚੇ ਸਿਰਜਨਹਾਰ ਨਾਲ ਸਦੀਵੀ ਸਾਂਝ ਪਾਉਣੀ; ਸੱਚੇ ਨਾਲ ਸਾਂਝ ਪਾਉਣ ਵਾਸਤੇ ਸਚਿਆਰ ਬਣਨ ਦੀ ਲੋੜ ਹੈ; ਸਚਿਆਰ ਬਣਨ ਲਈ ਮਨ ਵਿੱਚੋਂ ਬਲਵਾਨ ਵੈਰੀ ਵਿਕਾਰਾਂ ਨੂੰ ਆਤਮਿਕ ਬਲ ਨਾਲ ਖਦੇੜ ਕੇ ਉਨ੍ਹਾਂ ਵਿਕਾਰਾਂ ਦੀ ਥਾਂ ਦੈਵੀ ਗੁਣਾਂ ਨੂੰ ਵਸਾਉਣਾ ਹੈ। ਸਾਰੀ ਗੁਰਬਾਣੀ ਇਸੇ ਪਰਕ੍ਰਿਆ ਦੁਆਲੇ ਹੀ ਘੁੰਮਦੀ ਹੈ। ਇਸ ਪਰਕ੍ਰਿਆ ਨੂੰ ਪੂਰੀ ਦ੍ਰਿੜਤਾ ਅਤੇ ਨਿਸ਼ਠਾ ਨਾਲ ਨਜਿੱਠਣ ਵਾਲਾ ਹੀ ਅਸਲੀ ਸੂਰਾ ਹੈ। ਜੇ ਬਿਬੇਕ ਨਾਲ ਬੀਚਾਰੀਏ ਤਾਂ ਕਬੀਰ ਜੀ ਦੇ ਉਕਤ ਸ਼ਲੋਕਾਂ ਵਿੱਚ ਇਸੇ ਪਰਕ੍ਰਿਆ ਦਾ ਹੀ ਵਰਣਨ ਤੇ ਸਮਰਥਨ ਹੈ!

ਸਮੁੱਚੀ ਗੁਰਬਾਣੀ ਦੇ ਸੰਦਰਭ ਵਿੱਚ ਵੇਖੀਏ ਤਾਂ ਵੀ ਕਬੀਰ ਜੀ ਦੀ ਰਚੀ ਤੁਕ ਵਿੱਚ ਵਰਤਿਆ ਲਰੈ ਪਦ ਜਿਸਮਾਨੀ ਲੜਾਈ ਅਤੇ ਸਰੀਰਕ ਮੌਤ ਨਾਲ ਸੰਬੰਧ ਨਹੀਂ ਰੱਖਦਾ। ਸਾਰੀ ਗੁਰਬਾਣੀ ਵਿੱਚ ਸਰੀਰਕ/ਸੰਸਾਰਕ ਲੜਾਈ ਦਾ ਸਮਰਥਨ ਨਹੀਂ ਹੈ। ਇਸ ਕਥਨ ਦਾ ਇੱਕ ਪੁਖ਼ਤਾ ਪ੍ਰਮਾਣ ਹੇਠ ਲਿਖੇ ਤੱਥ ਤੋਂ ਭਲੀਭਾਂਤ ਹੁੰਦਾ ਹੈ:

ਵਾਰ ਦੇ ਅਰਥ ਹਨ: (ਦੋ ਧਿਰਾਂ ਵਿੱਚ) ਜੰਗ/ਯੁੱਧ/ਲੜਾਈ; ਉਹ ਕਾਵਿ-ਰਚਨਾ ਜਿਸ ਵਿੱਚ ਕਿਸੇ ਯੁੱਧ ਦਾ ਬ੍ਰਿਤਾਂਤ, ਸੂਰਬੀਰਤਾ ਦਾ ਵਰਣਨ ਅਤੇ ਸੂਰਬੀਰ ਯੋਧਿਆਂ ਦਾ ਯੱਸ਼ ਹੋਵੇ। ਗੁਰਬਾਣੀ ਵਿੱਚ ਬਾਈ ਵਾਰਾਂ ਸੰਕਲਿਤ ਹਨ। ਇਨ੍ਹਾਂ ਵਾਰਾਂ ਵਿੱਚ ਸਰੀਰਕ ਤੌਰ `ਤੇ ਮਰਨ-ਮਾਰਨ ਦਾ ਵਰਣਨ ਅਤੇ ਸਮਰਥਨ ਬਿਲਕੁਲ ਨਹੀਂ ਹੈ। ਗੁਰਬਾਣੀ ਦੀਆਂ ਸਾਰੀਆਂ ਵਾਰਾਂ ਵਿੱਚ ਉਪਰ ਬੀਚਾਰੀ ਧਾਰਮਿਕ ਪਰਕ੍ਰਿਆ ਦਾ ਹੀ ਵਿਸਤਾਰ ਹੈ।

ਗੁਰਬਾਣੀ ਵਿੱਚ ਜਿਸਮਾਨੀ ਤੌਰ `ਤੇ ਮਰਨ-ਮਾਰਨ ਵਾਲੇ ਸੰਸਾਰਕ ਕਰਮ ਦਾ ਸਮਰਥਨ ਬਿਲਕੁਲ ਹੀ ਨਹੀਂ ਕੀਤਾ ਗਿਆ। ਜੰਗ-ਯੁੱਧ ਦਾ ਆਧਾਰ ਮਾਅਸੂਮ ਲੋਕਾਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦੇ ਸਰੀਰਾਂ ਉੱਤੇ ਰਾਜ ਕਰਨ ਦੀ ਪ੍ਰਬਲ ਇੱਛਾ, ਮਾਇਕ ਤ੍ਰਿਸ਼ਨਾ, ਹਿੰਸਕ ਬਿਰਤੀ, ਮਨ ਵਿੱਚ ਹਉਮੈ ਅਤੇ ਹੋਰ ਮਨੋ ਵਿਕਾਰਾਂ ਦੀ ਪ੍ਰਬਲਤਾ ਹੈ। ਗੁਰਮਤਿ ਅਨੁਸਾਰ, ਮਨੁੱਖੀ ਸੁਭਾਉ ਦੇ ਇਹ ਸਾਰੇ ਕੁਲੱਛਣ ਰੱਬ ਦੇ ਰਾਹ ਦੇ ਵੱਡੇ ਰੋੜੇ ਹਨ। ਇਸੇ ਲਈ ਗੁਰਬਾਣੀ ਵਿੱਚ ਇਨ੍ਹਾਂ ਸਾਰੀਆਂ ਖੋਟੀਆਂ ਤੇ ਭ੍ਰਸ਼ਟ ਮਾਨਸਿਕ ਬ੍ਰਿਤੀਆਂ ਨੂੰ ਮੂਲੋਂ ਹੀ ਨਕਾਰਿਆ ਗਿਆ ਹੈ। ਅਤੇ ਇਨ੍ਹਾਂ ਅਮਾਨਵੀ ਬਿਰਤੀਆਂ ਨੂੰ ਆਤਮ ਬਲ ਨਾਲ ਮਾਰ ਮੁਕਾਉਣ ਦੀ ਪ੍ਰੇਰਣਾ ਵੀ ਦਿੱਤੀ ਗਈ ਹੈ।

ਕਬੀਰ ਜੀ ਇੱਕ ਪ੍ਰਵਾਣਿਤ ਸੰਤ ਅਤੇ ਰਹੱਸਵਾਦੀ ਅਧਿਆਤਮਿਕ ਬਾਣੀਕਾਰ ਸਨ। ਕੋਈ ਵੀ ਅਧਿਆਤਮਵਾਦੀ ਸੱਚਾ ਸੰਤ ਮਰਨ-ਮਾਰਨ ਦਾ ਉਪਦੇਸ਼ ਉੱਕਾ ਹੀ ਨਹੀਂ ਦੇ ਸਕਦਾ। ਕਬੀਰ ਜੀ ਦੀ ਸਾਰੀ ਬਾਣੀ ਵਿੱਚ ਸਰੀਰਿਕ ਪੱਖੋਂ ਮਰਨ-ਮਾਰਨ ਵਾਲੀ ਲੜਾਈ ਨਾਲ ਜਿੱਤ ਪ੍ਰਾਪਤ ਕਰਨ ਦਾ ਜ਼ਿਕਰ ਕਿਤੇ ਵੀ ਨਹੀਂ ਹੈ। ਕਬੀਰ ਜੀ ਵਿਰਕਤ ਜੋਗੀਆਂ ਨੂੰ ਮਨ ਜਿੱਤਣ ਦਾ ਸੰਦੇਸ਼ ਦਿੰਦੇ ਹੋਏ ਕਥਨ ਕਰਦੇ ਹਨ:

ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ॥

ਮਨੁ ਜੀਤੈ ਜਗੁ ਜੀਤਿਆ ਜਾ ਤੇ ਬਿਖਿਆ ਤੇ ਹੋਇ ਉਦਾਸੁ॥ ਰਾਗੁ ਮਾਰੂ ਕਬੀਰ ਜੀ

ਕਬੀਰ ਜੀ ਨੇ ਆਪਣੀ ਰਚੀ ਬਾਣੀ ਦੀਆਂ ਕਈ ਤੁਕਾਂ ਵਿੱਚ ਦੀਨ ਪਦ ਵਰਤਿਆ ਹੈ। ਸਾਡੀ ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਦੀਨ ਪਦ ਦੀ ਵਰਤੋਂ ਅਰਬੀ/ਫ਼ਾਰਸੀ ਵਾਲੇ ਅਰਥਾਂ, ਧਰਮ/ਮਜ਼੍ਹਬ, ਅਨੁਸਾਰ ਹੀ ਕੀਤੀ ਹੈ। ਇਸ ਕਥਨ ਦੀ ਪੁਸ਼ਟੀ ਕਬੀਰ ਜੀ ਦੀਆਂ ਹੇਠ ਲਿਖੀਆਂ ਕੁੱਝ ਇੱਕ ਹੋਰ ਤੁਕਾਂ ਤੋਂ ਵੀ ਹੁੰਦੀ ਹੈ:

ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ॥

ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ॥ ਆਸਾ ਕਬੀਰ ਜੀ

ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ॥ ਆਸਾ ਕਬੀਰ ਜੀ

ਗੁਰਮਤਿ ਅਨੁਸਾਰ, ਸਤਿਨਾਮ ਦੇ ਸਦੀਵੀ ਦੁਸ਼ਮਨ ਵਿਕਾਰਾਂ ਨੂੰ ਮਨ ਵਿੱਚੋਂ ਮਾਰ ਕੇ ਗੁਰੂ ਦੀ ਸਿੱਖਿਆ ਉੱਤੇ ਚੱਲਣ ਵਾਲਾ ਮਨੁੱਖ ਹੀ ਅਸਲੀ ਬਹਾਦੁਰ ਯੋਧਾ/ਸੂਰਮਾ ਹੈ। ਸਾਰੀ ਗੁਰਬਾਣੀ ਵਿੱਚ ਸੂਰਾ ਪਦ/ਸ਼ਬਦ/ਲਫ਼ਜ਼ ਦੀ ਵਰਤੋਂ, ਕੇਵਲ ਅਤੇ ਕੇਵਲ, ਨਾਮ ਜਪਨ, ਗੁਰੂ ਦੀ ਸਿੱਖਿਆ ਉੱਤੇ ਚੱਲਦਿਆਂ ਰਬ ਦੇ ਰੰਗ ਵਿੱਚ ਰੰਗੇ ਜਾਣ, ਬਖ਼ਸ਼ਨਹਾਰ ਕਰਤਾਰ ਦੀ ਬਖ਼ਸ਼ਿਸ਼ ਦਾ ਹੱਕਦਾਰ ਬਣਨ, ਤ੍ਰੈਗੁਣੀ ਸੰਸਾਰ ਵੱਲੋਂ ਮਨ ਮਾਰਨ, ਮਨ ਉੱਤੇ ਕਾਬਿਜ਼ ਦੀਨ/ਧਰਮ ਦੇ ਦੁਸ਼ਮਨ ਵਿਕਾਰਾਂ ਨਾਲ ਜੂਝਣ ਅਤੇ ਜਿੱਤਣ ਵਾਲੇ ਯੋਧਿਆਂ ਵਾਸਤੇ ਹੀ ਕੀਤੀ ਗਈ ਹੈ:

ਗੁਰ ਕਾ ਸਬਦੁ ਮਨੇ ਸੋ ਸੂਰਾ॥ ਮਾਰੂ ਮ: ੧

ਆਪੇ ਸਤਿਗੁਰੂ ਮੇਲੇ ਪੂਰਾ॥ ਸਚੈ ਸਬਦਿ ਮਹਾਬਲ ਸੂਰਾ॥ …ਮਾਰੂ ਸੋਲਹੇ ਮ: ੩

ਸੂਰੇ ਏਹਿ ਨ ਆਖੀਅਹਿ ਅੰਹਕਾਰਿ ਮਰਹਿ ਦੁਖੁ ਪਾਵਹਿ॥

ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ॥ …. ਵਾਰ ਮਾਰੂ ਮਲ਼: ੩

ਨਾਨਕ ਸੋ ਸੂਰਾ ਵਰਿਆਮੁ ਜਿਨਿ ਵਿਚਹੁ ਦੁਸਟੁ ਅਹੰਕਰਣ ਮਾਰਿਆ॥ ਸਿਰੀ ਰਾਗੁ

ਮ: ੩

ਜੋ ਜਨ ਲੂਝਹਿ ਮਨੈ ਸਿਉਂ ਸੇ ਸੂਰੇ ਪਰਧਾਨਾ॥ …ਰਾਗੁ ਮਾਰੂ ਵਾਰ ਮ: ੩

ਜਿਸਹਿ ਨਿਵਾਜੇ ਸੋ ਜਨ ਸੂਰਾ॥ ਗਉੜੀ ਮ: ੫

ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ॥ ਗਉੜੀ ਮ: ੫

ਜਾ ਕਉ ਰੰਗਿ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥ ਧਨਾਸਰੀ ਮ: ੫

ਸੂਰਬੀਰ ਧੀਰਜ ਮਤਿ ਪੂਰਾ॥ ਸਹਜ ਸਮਾਧਿ ਧੁਨਿ ਗਹਿਰ ਗੰਭੀਰਾ॥

ਸਦਾ ਮੁਕਤੁ ਤਾ ਕੇ ਪੂਰੇ ਕਾਮ॥ ਜਾ ਕੈ ਰਿਦੈ ਵਸੈ ਹਰਿ ਨਾਮ॥ ਰਾਮਕਲੀ ਮ: ੫

ਜੋ ਇਸੁ ਮਾਰੈ ਸੋਈ ਸੂਰਾ॥ ਗਉੜੀ ਮ: ੫

ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ॥ ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾਦੂ ਹੋਇ॥ ਮਣੀ ਮਿਟਾਇ ਜੀਵਤ ਮਰੈ ਗੁਰ ਪੂਰੈ ਉਪਦੇਸ॥ ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ॥ ਗਉੜੀ ਬਾ: ਅ: ਮ: ੫

(ਹਉਮੈ ਅਨ: ਹਉਮੈ ਦੀ ਫ਼ੌਜ ਅਰਥਾਤ ਵਿਕਾਰਾਂ ਦੀ ਪਲਟਨ/ਫ਼ੌਜ। ਮਣੀ: ਹਉਮੈ। ਸੂਰਤਣ: ਯੋਧਿਆਂ/ਬਹਾਦੁਰਾਂ ਵਾਲਾ।)

ਗੁਰਬਾਣੀ ਵਿੱਚ ਵਿਕਾਰਾਂ ਨੂੰ ਵੀ ਬਹਾਦੁਰ ਯੋਧੇ ਕਿਹਾ ਗਿਆ ਹੈ। ਪੰਜ ਮੂਲ ਵਿਕਾਰਾਂ ਦੀ ਬਲਵਾਨ ਫ਼ੌਜ ਵਿੱਚ ਦਸ ਇੰਦ੍ਰੀਆਂ ਵੀ ਸ਼ਾਮਿਲ ਹਨ। ਇਸ ਸ਼ਕਤੀਸ਼ਾਲੀ ਫ਼ੌਜ ਦਾ ਕਰਤੱਵ ਕੇਵਲ ਆਮ-ਖ਼ਾਸ ਲੋਕਾਂ ਨੂੰ ਹੀ ਨਹੀਂ ਸਗੋਂ ਵਿਰਕਤ-ਵੈਰਾਗੀ ਅਤੇ ਤਿਆਗੀ ਮਨੁੱਖਾਂ ਨੂੰ ਵੀ ਆਪਣੇ ਬਲ ਨਾਲ ਤ੍ਰੈਗੁਣੀ ਮਾਇਆ ਦੇ ਅਧੀਨ ਕਰੀ ਰੱਖਣਾ ਹੈ।

ਸੂਰਬੀਰ ਵਰੀਆਮ ਕਿਨੈ ਨ ਹੋੜੀਐ॥ ਫਉਜ ਸਤਾਣੀ ਹਾਠ ਪੰਚਾ ਜੋੜੀਐ॥

ਦਸ ਨਾਰੀ ਅਉਧੂਤ ਦੇਨਿੑ ਚਮੋੜੀਐ॥ ਜਿਣਿ ਲੈਨਿੑ ਰਲਾਇ ਏਹੋ ਏਨਾ ਲੋੜੀਐ॥

ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ॥ …ਗੂਜਰੀ ਕੀ ਵਾਰ ਮ: ੫

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥ ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥ ……ਬਸੰਤ ਕੀ ਵਾਰ ਮ: ੫

 

ਪਾਠਕ ਸੱਜਨੋਂ! ਅਤਿਅੰਤ ਮਾਨਸਿਕ ਪੀੜਾ ਨਾਲ ਇਹ ਸੱਚ ਲਿਖਣਾ ਪੈ ਰਿਹਾ ਹੈ ਕਿ, ਬ੍ਰਹਮਗਿਆਨੀ ਬਾਣੀਕਾਰਾਂ ਦੁਆਰਾ ਬਖ਼ਸ਼ਿਆ ਹੋਇਆ ਅਧਿਆਤਮਿਕ ਗਿਆਨ ਬਿਬੇਕਹੀਣ ਅਗਿਆਨੀ ਅਤੇ ਲਫ਼ੌੜੀ ਧੰਧਲੀਆਂ ਨੇ ਆਪਣੇ ਅਧਿਕਾਰਾਧੀਨ ਕਰ ਰੱਖਿਆ ਹੈ। ਅਤੇ ਉਹ, ਆਪਣੀ ਥੋਥੀ ਧਾਂਕ ਜਮਾਉਣ ਵਾਸਤੇ, ਗੁਰਬਾਣੀ ਦੇ ਪਵਿੱਤਰ ਪਦਾਂ/ਸ਼ਬਦਾਂ ਤੇ ਤੁਕਾਂ ਦੇ ਗ਼ਲਤ ਅਰਥ ਕਰਕੇ ਆਪਣੀ ਮਨਮਤਿ ਦੀ ਡੁਗਡੁਗੀ ਵਜਾਈ ਜਾ ਰਹੇ ਹਨ; ਅਤੇ ਅਸੀਂ ( ‘ਗੁਰੂ ਕੀਆਂ ਸੰਗਤਾਂ’ ) ਵੀ ਸਿਧਾਏ ਹੋਏ ਮਾਅਸੂਮ ਬਾਂਦਰਾਂ ਦੀ ਤਰ੍ਹਾਂ ਉਨ੍ਹਾਂ ਦੀ ਡੁਗਡੁਗੀ ਦੀ ਬੇਸੁਰੀ ਤਾਨ `ਤੇ ਝੂਮੀ ਤੇ ਨੱਚੀ ਜਾ ਰਹੇ ਹਾਂ। ਗੁਰਮਤਿ-ਗਿਆਨ ਹੀਣੇ ਸੁਆਰਥੀ ਮਨਮਤੀਆਂ ਦੁਆਰਾ ਬੇਤਾਨ ਬਜਾਈ ਜਾ ਰਹੀ ਡੁਗਡੁਗੀ ਅਤੇ ਸਾਡਾ ਝੂਠਾ ਝੂਮਣਾ ਤੇ ਨੱਚਣਾ ਮਨ-ਪ੍ਰਚਾਵੇ ਦਾ ਤਾਂ ਚੰਗਾ ਸਾਧਨ ਹੈ, ਪਰੰਤੂ ਇਸ ਨਾਲ ਅਸੀਂ ਇੱਕੋ ਥਾਂ `ਤੇ ਹੀ ਭੁਆਂਟਣੀਆਂ ਖਾਈ ਜਾ ਰਹੇ ਹਾਂ। ਇੱਕੋ ਥਾਂ ਭੁਆਂਟਣੀਆਂ ਖਾਂਦੇ ਖਾਂਦੇ ਸਾਡੀ ਮਤਿ ਮਾਰੀ ਗਈ ਹੈ ਅਤੇ ਅਸੀਂ ਆਪਣੇ ਜੀਵਨ-ਮਨੋਰਥ ਵੱਲੋਂ ਪੂਰੀ ਤਰ੍ਹਾਂ ਅਵੇਸਲੇ ਹੋ ਚੁੱਕੇ ਹਾਂ। ਇਸ ਅਵੇਸਲੇਪਣ ਕਾਰਣ ਅਸੀਂ ਆਪਣੇ ਲਕਸ਼ ਤੀਕ ਕਦੀ ਵੀ ਨਹੀਂ ਪਹੁੰਚ ਸਕਦੇ! ਅਜਿਹੀ ਤਰਸਯੋਗ ਹਾਲਤ ਵਿੱਚ ਸਾਨੂੰ ਗੁਰਬਾਣੀ ਦਾ ਸਹੀ ਗਿਆਨ ਹਾਸਿਲ ਕਰਕੇ ਆਤਮਿਕ ਪੱਖੋਂ ਜਾਗਣ ਦੀ ਸਖ਼ਤ ਜ਼ਰੂਰਤ ਹੈ!

ਗੁਰਇੰਦਰ ਸਿੰਘ ਪਾਲ

13 ਅਕਤੂਬਰ, 2019.




.