.

ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥

ਕੋਸ਼ ਅਨੁਸਾਰ ਪਤਿਤ ਦੇ ਅਰਥ ਪਾਪੀ, ਨੀਚ ਜਾਂ ਨੀਚ ਜਾਤ ਕੀਤੇ ਗਏ ਹਨ ਪਰ ਇਸ ਦੇ ਅਰਥ ਬੇਪੱਤ, ਵਿਭਚਾਰੀ ਜਾਂ ਦੁਸ਼ਕਰਮੀ ਕੀਤੇ ਵੀ ਸੁਣੇ ਹਨ। ਸੋ, ਮਾਧੋ (ਜਾਂ ਗੁਰੂ) ਦਾ ਸੁਭਾਉ ਪਤਿਤ ਨੂੰ ਪਾਵਨ ਕਰਨਾ (ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ 250), ਨੀਚਾਂ ਨੂੰ ਊਚ ਕਰਨਾ (ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥1106), ਜਾਂ ਪਾਪੀ (ਪਤਿਤ) ਨੂੰ ਪੁਨੀਤ ਕਰਨਾ ਹੈ (ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥623) ਉਸ ਦਾ ਇਹ ਸੁਭਾਉ (ਹੁਕਮ ਜਾਂ ਨਿਯਮ)) ਸਭਨਾਂ ਉਤੇ ਇੱਕ ਸਾਰ ਲਾਗੂ ਹੁੰਦਾ ਹੈ। ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥ ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥ ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥ 1252 ਪਰ ਇਹ ਤਾਂ ਪੱਖਪਾਤ ਲਗਦਾ ਹੈ। ਦੋਹਾਂ ਵਿੱਚੋਂ ਇੱਕ ਦੀ ਚੋਣ ਤਾਂ ਪੱਖਪਾਤ ਹੀ ਲਗਦੀ ਹੈ ਜਿਵੇਂ ਇੱਕ ਦੀ ਅਰਦਾਸ ਸਫਲ ਤੇ ਇੱਕ ਦੀ ਨਿਸਫਲ, ਇੱਕ ਦੇ ਕਾਰਜ ਪੂਰੇ ਤੇ ਇੱਕ ਦੇ ਅਧੂਰੇ, ਇੱਕ ਸੁਖੀ ਤੇ ਇੱਕ ਦੁਖੀ, ਇੱਕ ਧਰਮੀ ਤੇ ਇੱਕ ਅਧਰਮੀ। ਜੇ ਦੋ ਵੀ ਓਸੇ ਕਰਤੇ ਦੀ ਕਿਰਤ ਹੀ ਹਨ ਫਿਰ ਇੱਕ ਨਾਲੋਂ ਦੂਜਾ ਚੰਗਾ ਜਾਂ ਮਾੜਾ ਕਿਵੇਂ? ਜੇ ਉਸ ਨੂੰ (ਪਾਪੀ) ਮਾੜਾ ਕਬੂਲ ਨਹੀ ਸੀ ਤਾਂ ਉਸ ਨੇ ਬਣਾਇਆ ਹੀ ਕਿਉਂ? ਇਸ ਨੂੰ ਕੁੱਝ ਐਸੇ ਢੰਗ ਨਾਲ ਵੀ ਸਮਝਿਆ ਜਾ ਸਕਦਾ ਹੈ।

ਕਰਤੇ ਨੇ ਕੁਦਰਤ ਨੂੰ ਦੁਐਤ ਵਿੱਚ ਸਿਰਜਿਆ ਹੈ (ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥950) ਕਿਉਂਕਿ ਦੁਐਤ ਬਿਨਾ ਇੱਕ ਦੀ ਪਹਿਚਾਨ ਸੰਭਵ ਨਹੀ ਜਿਵੇਂ ਜੀਵਨ ਅਤੇ ਮੌਤ, ਸੁੱਖ ਅਤੇ ਦੁੱਖ, ਗੁਣ ਅਤੇ ਅਵਗੁਣ, ਪਾਪ ਅਤੇ ਪੁੰਨ --ਆਦਿਕ--, ਪਰ ਆਪ (ਸੱਚਾ) ਦੋਨਾਂ ਦੇ ਵਿਚਕਾਰਲੇ ਨੁਕਤੇ ਤੇ ਹੈ। ਇੱਕ ਤੋਂ ਹੀ ਦੋ ਉਪਜੇ ਹਨ ਅਤੇ ਦੋਨਾਂ ਵਿੱਚ ਇੱਕ ਸਮਾਇਆ ਹੋਇਆ ਹੈ। ਆਮ ਤੌਰ ਤੇ ਪੂਰਬ ਤੇ ਪੱਛਮ ਦੋ ਆਪਾਵਿਰੋਧੀ ਧਿਰਾਂ ਮੰਨੀਆਂ ਜਾਂਦੀਆਂ ਹਨ ਪਰ ਉਹ ਦੋ ਨਹੀ ਹਨ। ਪੂਰਬ ਹੀ ਪੱਛਮ ਬਣ ਜਾਂਦਾ ਹੈ ਤੇ ਪੱਛਮ ਹੀ ਪੂਰਬ, ਰਾਤ ਅਤੇ ਦਿਨ ਦੋ ਲਗਦੇ ਹਨ ਪਰ ਰਾਤ ਵਿੱਚ ਹੀ ਦਿਨ ਛੁਪਿਆ ਹੋਇਆ ਹੈ ਅਤੇ ਦਿਨ ਵਿੱਚ ਰਾਤ ਪਰ ਜਿਸ ਇੱਕ ਨੁਕਤੇ ਤੇ ਪਹੁੰਚ ਕੇ ਦੋਨਾਂ ਦਾ ਬਦਲਾਉ ਹੁੰਦਾ ਹੈ ਉਥੇ ਹੀ ਇੱਕ ਦਾ ਵਾਸਾ ਹੈ, ਜਾਂ ਇੰਝ ਕਿਹਾ ਜਾ ਸਕਦਾ ਹੈ ਕਿ ਉਸ ਇੱਕ ਨੁਕਤੇ ਤੋਂ ਹੀ ਦੋ ਉਪਜਦੇ ਅਤੇ ਮੁਕਦੇ ਹਨ। ਜਿਵੇਂ ਅਨੇਕਤਾ ਵਿੱਚ ਹੀ ਇੱਕ ਦਾ ਵਾਸਾ ਹੈ ਤੇ ਇੱਕ ਦੇ ਵਿੱਚ ਹੀ ਅਨੇਕਤਾ ਹੈ, ਇੱਕ (ਚਿੱਟੇ) ਰੰਗ ਵਿੱਚੋਂ ਹੀ ਅਨੇਕ ਰੰਗ ਪੈਦਾ ਹੁੰਦੇ ਹਨ ਤੇ ਇਹਨਾਂ ਅਨੇਕ ਰੰਗਾਂ ਵਿੱਚ ਇੱਕ ਚਿੱਟੇ (ਰੰਗ) ਦਾ ਵੀ ਵਾਸਾ ਹੈ, ਖਲਕ ਵਿੱਚ ਹੀ ਖਾਲਕ ਹੈ ਤੇ ਖਾਲਕ ਵਿੱਚ ਹੀ ਖਲਕ ਤਿਵੇਂ ਦੁੱਖ ਸੁੱਖ, ਮੌਤ ਜੀਵਨ, ਉਸਤਤ ਨਿੰਦਾ, ਪਤਿਤ ਪੁਨੀਤ --ਆਦ-- ਦੋ ਨਹੀ ਇੱਕ ਹੀ ਰੂਪ ਬਦਲਦਾ ਰਹਿੰਦਾ ਹੈ। ਦੋਹਾਂ ਵਿੱਚੋਂ ਕਿਸੇ ਇੱਕ ਨਾਲ ਜੁੜਨਾ ਤੱਕੜੀ ਦੇ ਇੱਕ ਪੱਲੇ ਵਿੱਚ ਭਾਰ ਪਾ ਕੇ ਪੱਲਿਆਂ ਵਿੱਚ ਊਚ ਨੀਚ ਪੈਦਾ ਕਰਨੀ ਹੈ। ਓਸੇ ਭਾਰ ਨੂੰ ਚੁੱਕ ਕੇ ਦੂਜੇ ਪੱਲੇ ਵਿੱਚ ਪਾਉਣ ਨਾਲ ਊਚ ਨੀਚ ਨਹੀ ਜਾਣੀ ਕੇਵਲ ਭਾਰ ਦੀ ਬਰਾਬਰਤਾ ਨਾਲ ਹੀ ਪੱਲਿਆਂ ਦੀ ਊਚ ਨੀਚ ਮਿਟ ਸਕਦੀ ਹੈ। ਆਤਮਿਕ ਤੌਰ ਤੇ ਇਸ ਬਰਾਬਰਤਾ (ਇੱਕ ਮਿਕਤਾ) ਨੂੰ ਹੀ ਗੁਰਬਾਣੀ ਸਮਤਾ ਆਖਦੀ ਹੈ ਜਿਥੇ ਦੁਐਤ ਮੁਕਦੀ (ਜਾਂ ਸ਼ੁਰੂ ਹੁੰਦੀ) ਹੈ। ਜਿਥੇ ਕੋਈ ਖਿੱਚ, ਕਸ਼ਿਸ਼ ਜਾਂ ਤਣਾਅ ਨਾ ਹੋਵੇ ਉਹੀ ਸਮਤਾ ਹੈ, ਓਸੇ ਨੂੰ ਮਨ ਦੀ ਅਡੋਲਤਾ ਕਿਹਾ ਹੈ। ਮਸਾਲ ਦੇ ਤੌਰ ਤੇ ਵਿਗਿਆਨੀਆਂ ਦੀ ਇੱਕ ਦਿਲਚਸਪ ਖੋਜ ਹੈ ਕਿ ਜੇ ਕੰਪਸ (compass), ਜੋ ਸਦਾ ਧਰਤੀ ਦੇ ਉਤਰ (North) ਵਲ ਇਸ਼ਾਰਾ ਕਰਦੀ ਹੈ, ਨੂੰ ਉਤਰੀ ਨੋਕ (North Pole) ਤੇ ਲਿਜਾਇਆ ਜਾਵੇ ਤਾਂ ਉਸ ਦਾ ਇਸ਼ਾਰਾ ਬਦਲ ਕੇ ਦੱਖਣ (South) ਵਲ ਹੋ ਜਾਂਦਾ ਹੈ ਤੇ ਇਸੇ ਤਰਾਂ ਉਸ ਨੂੰ ਦੱਖਣੀ ਨੋਕ (South Pole) ਤੇ ਲਿਜਾਇਆ ਜਾਵੇ ਤਾਂ ਉਸ ਦਾ ਇਸ਼ਾਰਾ ਫੇਰ ਉੱਤਰ ਵਲ ਹੋ ਜਾਵੇਗਾ ਪਰ ਜੇ ਕਿਸੇ ਤਰਾਂ ਉਸ ਨੂੰ ਧਰਤੀ ਦੇ ਵਿਚਕਾਰ ਨੁਕਤੇ (central point) ਤੇ ਲਿਜਾਇਆ ਜਾ ਸਕੇ ਤਾਂ ਉਸ ਦਾ ਇਸ਼ਾਰਾ ਵਿਚਕਾਰ ਥਿਰ ਹੋ ਜਾਵੇਗਾ, ਟਿਕ ਜਾਵੇਗਾ, ਸੂਈ ਹਿਲਣੋ ਬੰਦ ਹੋ ਜਾਵੇਗੀ, ਤੇ ਇਹੀ ਖੋਜ ਧਰਮ ਦੀ ਦੁਨੀਆ ਤੇ ਵੀ ਲਾਗੂ ਹੁੰਦੀ ਹੈ। ਸਮਤਾ ਜਾਂ ਸਹਿਜ ਵਿੱਚ ਆਏ ਬਿਨਾ, ਅਡੋਲ ਹੋਏ ਬਿਨਾ ਨਿਰਪੱਖ ਹੋਏ ਬਿਨਾ, ਬਰਾਬਰਤਾ ਨੂੰ ਅਪਨਾਏ ਬਿਨਾ ਇੱਕ (ਪ੍ਰਭੂ) ਨੂੰ ਨਹੀ ਪਾਇਆ ਜਾ ਸਕਦਾ, ਅਨੰਦ (ਸਦੀਵੀ ਸੁੱਖ) ਅਵਸਥਾ ਨੂੰ ਨਹੀ ਪਾਇਆ ਜਾ ਸਕਦਾ, ਜਾਂ ਧਰਮੀ ਨਹੀ ਹੋਇਆ ਜਾ ਸਕਦਾ, । ਇਸ ਮਸਾਲ ਤੋਂ ਦੋ ਗਲਾਂ ਜਾਨਣ ਨੂੰ ਮਿਲਦੀਆਂ ਹਨ। ਇੱਕ ਤਾਂ ਇਹ ਕਿ ਮਨ ਦੀ ਅਡੋਲਤਾ, ਨਿਰਪੱਖਤਾ ਜਾਂ ਥਿਰਤਾ ਲਈ ਵਿਚਕਾਰ ਦੇ ਨੁਕਤੇ ਸਮਤਾ ਵਿੱਚ ਆਉਣਾ ਪਵੇਗਾ, (ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਮਤਾ ਵਿੱਚ ਆਉਣ ਲਈ ਅਡੋਲ, ਨਿਰਪੱਖ ਜਾਂ ਥਿਰ ਹੋਣਾ ਪਵੇਗਾ) ਤੇ ਦੂਜਾ ਨੁਕਤਾ ਇਹ ਹੈ ਕਿ ਜੋ ਦੋ ਦਿਸਦੇ ਹਨ ਉਹ ਅਸਲ ਵਿੱਚ ਇੱਕ ਹੀ ਹੈ। ਅਨੇਕਤਾ ਵਿੱਚੋਂ ਇੱਕ (ਪ੍ਰਭੂ) (central point) ਨੂੰ ਪਛਾਨਣ ਦੇ ਨੁਕਤੇ ਨੂੰ ਗੁਰਬਾਣੀ ਬਾਰ ਬਾਰ ਸਮਝਾ ਰਹੀ ਹੈ।

(1) ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥ 219

(2) ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥ 1017

(3) ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥ ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ 300

ਸਮਤਾ ਵਿੱਚ (ਵਿਚਕਾਰਲੇ ਨੁਕਤੇ ਵਿੱਚ) ਹੀ ਕਰਤੇ ਦਾ ਵਾਸਾ ਹੈ ਅਤੇ ਜੋ ਮਨੁੱਖ ਸਮਤਾ ਵਿੱਚ ਆ ਗਿਆ ਉਸ ਨੇ ਪ੍ਰਭੂ ਨੂੰ ਪਾ ਲਿਆ, (ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥68) ਉਸ ਮਨੁੱਖ ਲਈ ਪੁੰਨ ਪਾਪ ਜਾਂ ਪਤਿਤ ਪੁਨੀਤ ਇੱਕ ਸਮਾਨ ਹੋ ਜਾਂਦੇ ਹਨ, ਉਹ ਨਿਰਲੇਪ ਜਾਂ ਨਿਰਪੱਖ ਹੋ ਜਾਂਦਾ ਹੈ ਤੇ ਕਿਸੇ ਇੱਕ ਦਾ ਪੱਖ ਨਹੀ ਪੂਰਦਾ ---ਗੁਰਬਾਣੀ ਇਸ ਨੂੰ ਸਹਿਜ ਅਵਸਥਾ ਜਾਂ ਚਉਥਾ ਪਦ ਵੀ ਆਖਦੀ ਹੈ ( ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥68) ਪਰ ਮਨ ਨੂੰ ਅਡੋਲ (ਨਿਰਪੱਖ) ਕਰਨਾ ਹੀ ਤਾਂ ਧਰਮ ਦੀ ਵਡ੍ਹੀ ਕਠਨਾਈ (ਖੇਲ ਕਠਨ) ਹੈ। ਹਰ ਮਨੁੱਖ ਅੰਦਰ ਜਿਥੇ ਗੁਣ ਤੇ ਅਵਗੁਣ ਪਏ ਹਨ ਉਥੇ ਪੁੰਨ ਤੇ ਪਾਪ ਵੀ ਪਏ ਹਨ ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥ 126 ਜਿਥੇ ਗੁਣ ਜਾਂ ਪੁੰਨ ਆਪਣਾ ਪ੍ਰਗਟਾਵਾ ਕਰਦੇ ਹਨ ਉਥੇ ਅਵਗੁਣਾਂ ਜਾਂ ਪਾਪਾਂ ਦਾ ਵੀ ਪ੍ਰਗਟਾਵਾ ਅਵੱਸ਼ ਹੋਵੇਗਾ। ਜਿਥੇ ਜੀਵਨ ਹੈ ਉਥੇ ਮੌਤ ਅਵੱਸ਼ ਆਵੇਗੀ, ਜਿਥੇ ਦਿਨ ਹੈ ਉਥੇ ਰਾਤ ਵੀ ਹੋਵੇਗੀ, ਇਹ ਜੋ ਦੋ ਦਾ ਭੁਲੇਖਾ ਲਗਦਾ ਹੈ, ਇਹ ਦੋ ਨਹੀ ਹਨ ਬਲਿਕੇ ਇੱਕ ਦੇ ਵਿੱਚ ਹੀ ਦੂਜਾ ਛੁਪਿਆ ਹੋਇਆ ਹੈ, ਸਮਾਇਆ ਹੋਇਆ ਹੈ, ਜਿਵੇਂ ਬੀਜ ਦੇ ਵਿੱਚ ਹੀ ਰੁੱਖ ਛੁਪਿਆ ਹੁੰਦਾ ਹੈ, ਦੁੱਧ ਵਿੱਚ ਘਿਉ ਸਮਾਇਆ ਹੁੰਦਾ ਹੈ, ਇੱਕ ਦੀ ਗੈਰਹਾਜ਼ਰੀ ਹੀ ਦੂਜੇ ਦਾ ਪ੍ਰਗਟਾਵਾ ਹੈ, ਇਹ ਕੁਦਰਤ ਦਾ ਨਿਯਮ ਹੈ। ਦੋ ਤੋਂ ਬਿਨਾ ਇੱਕ ਦੀ ਪਹਿਚਾਨ ਸੰਭਵ ਨਹੀ (ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥93) ਜਿਵੇਂ ਕੁਦਰਤ ਬਿਨਾ ਕਾਦਰ ਦੀ ਪਹਿਚਾਨ ਸੰਭਵ ਨਹੀ ਤੇ ਪਤਿਤ ਬਿਨਾ ਪਵਿੱਤ੍ਰਤਾ ਦੀ ਨਹੀ। ਇਸ ਲਈ ਹਰ ਮਨੁੱਖ ਵਿੱਚ ਜਿਥੇ ਪੁੰਨਾਂ ਦਾ ਵਾਸਾ ਹੈ ਉਥੇ ਪਾਪ ਵੀ ਮੌਜੂਦ ਹਨ, ਪੁੰਨ ਨੂੰ ਜਾਨਣ ਲਈ ਪਾਪ ਦੀ ਜਾਣਕਾਰੀ ਵੀ ਜ਼ਰੂਰੀ ਹੈ ਕਿਉਂਕਿ ਦੋਨੋਂ ਇੱਕ ਦੂਜੇ ਵਿੱਚ ਸਮਾਏ ਹੋਏ ਹਨ ਤੇ ਇਹਨਾਂ (ਦੋਨਾਂ) ਤੋਂ ਮੁਕਤੀ ਦਾ ਰਾਹ ਕੇਵਲ ਸਮਤਾ (ਨਿਰਪੱਖ ਹੋਣਾ) ਹੀ ਹੈ ਜੋ ਕਿਸੇ ਵਿਰਲੇ ਨੂੰ ਆਤਮਿਕ ਗਿਆਨ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਸੂਖ ਦੂਖ ਜਨ ਸਮ ਦ੍ਰਿਸਟੇਤਾ ॥ ਨਾਨਕ ਪਾਪ ਪੁੰਨ ਨਹੀ ਲੇਪਾ ॥ 266 ਇਸ ਲਈ ਜੇ ਸਭਨਾਂ ਅੰਦਰ ਪਾਪ ਪੁੰਨ ਦਾ ਵਾਸਾ ਹੈ, ਤਾਂ ਕਿਸੇ ਦੂਸਰੇ ਨੂੰ ਪਤਿਤ ਜਾਂ ਪਾਪੀ ਦਾ ਫਤਵਾ ਦੇਣਾ ਕਿਵੇਂ ਸਹੀ ਹੋ ਸਕਦਾ ਹੈ? ਦੂਸਰਿਆਂ ਨੂੰ ਮੰਦਾ, ਪਾਪੀ ਜਾਂ ਪਤਿਤ ਠਹਿਰਾਉਣ ਵਾਲਾ ਆਪ ਪਾਵਨ ਜਾਂ ਪੁਨੀਤ (ਧਰਮੀ) ਨਹੀ ਹੋ ਸਕਦਾ (ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ 1381)

ਕਿਸੇ ਦੂਸਰੇ ਨੂੰ ਮੰਦਾ ਕਹਿਣ ਵਾਲਾ ਆਪ ਕਿਵੇਂ ਚੰਗਾ ਹੋ ਸਕਦਾ ਹੈ? ਤੇ ਇਹੀ ਕਾਰਨ ਹੈ ਕਿ ਧਰਮੀ ਪੁਰਸ਼ ਮਨੁੱਖਤਾ ਨੂੰ ਸਦਾ ਜੋੜਦਾ ਹੈ, ਉਸ ਲਈ ਨਾ ਕੋਈ ਵੈਰੀ ਹੈ ਨਾ ਬੇਗਾਨਾ, ਨਾ ਕੋਈ ਬੁਰਾ ਹੈ ਤੇ ਨਾ ਭਲਾ, ਨਾ ਕੋਈ ਉਤਮ ਹੈ ਤੇ ਨਾ ਕੋਈ ਨੀਚ, ਸਭ ਨੂੰ ਇਕੋ ਜੇਹੀ ਨਿਗ੍ਹਾ ਨਾਲ ਵੇਖਦਾ ਹੈ। ਕਿਸੇ ਵੀ ਕਿਸਮ ਦੇ ਵਖਰੇਵੇਂ ਨਹੀ ਪਾਉਂਦਾ, ਪੱਖਪਾਤ ਨਹੀ ਕਰਦਾ। ਗੁਰਬਾਣੀ ਵਿੱਚ ਨੀਚਹੁ ਊਚ, ਭੇਖਾਰੀ ਤੋਂ ਰਾਜਾ ਤੇ ਰਾਜੇ ਤੋਂ ਭੇਖਾਰੀ, ਮੂਰਖ ਤੋਂ ਪੰਡਿਤ ਤੇ ਪੰਡਿਤ ਤੋਂ ਮੂਰਖ --ਆਦਿ-- ਕਰਨ ਤੋਂ ਭਾਵ ਸਮਤਾ ਜਾਂ ਸਹਿਜ ਵਿੱਚ ਲਿਆਉਣਾ ਹੀ ਹੈ ਜਿਥੇ ਇੱਕ ਵਿੱਚ ਸਮਾ ਕੇ ਦੁਬਿਧਾ ਅਲੋਪ ਹੋ ਜਾਂਦੀ ਹੈ। ਇੱਕ ਨਾਲ ਜੁੜਦਿਆਂ ਹੀ ਦੁਐਤ ਮੁਕ ਜਾਂਦੀ ਹੈ ਤੇ ਇੱਕ ਨੂੰ ਵਿਸਾਰਨ ਨਾਲ ਹੀ ਦੁਐਤ ਸ਼ੁਰੂ ਹੋ ਜਾਂਦੀ ਹੈ। ਕੇਵਲ ਪਾਪੀ ਤੋਂ ਪੁੰਨੀ ਹੋ ਜਾਣ ਨਾਲ ਛੁਟਕਾਰਾ ਨਹੀ ਕਿਉਂਕਿ ਜੇ ਪਾਪੀ ਤੋਂ ਪੁੰਨੀ ਹੋਇਆ ਜਾ ਸਕਦਾ ਹੈ ਤਾਂ ਪੁੰਨੀ ਤੋਂ ਪਾਪੀ ਹੋਣਾ ਭੀ ਸੰਭਵ ਹੈ, ਇਹਨਾਂ (ਪਾਪਾਂ ਤੇ ਪੁੰਨਾਂ) ਨੇ ਰੂਪ ਬਦਲਦੇ ਹੀ ਰਹਿਣਾ ਹੈ, ਇਸ ਲਈ ਛੁਟਕਾਰਾ ਕੇਵਲ ਸਮਤਾ ਜਾਂ ਸਹਿਜਤਾ ਵਿੱਚ ਹੀ ਹੈ। ਕਿਸੇ ਨੂੰ ਪਾਪੀ ਜਾਂ ਪਤਿਤ ਕਹਿਣਾ ਹੀ (ਬੁਰੀ ਸੋਚ) ਪਾਪ ਕਮਾਣਾ ਹੈ। ਗੁਰੂ ਤਾਂ ਬਿਨਾ ਕਿਸੇ ਪੱਖਪਾਤ ਦੇ ਜਿਥੇ ਭਰਾ ਨੂੰ ਭਾਈ ਆਖਦਾ ਹੈ ਉਥੇ ਚੋਰ ਨੂੰ ਵੀ ਭਾਈ ਆਖਦਾ ਹੈ, ਅਤੇ ਜਿਥੇ ਮਿੱਤਰ ਨੂੰ ਸੱਜਣ ਆਖਦਾ ਹੈ ਉਥੇ ਠੱਗ ਨੂੰ ਵੀ ਸੱਜਣ ਆਖਦਾ ਹੈ ਗੁਰੂ ਦੇ ਬੜੇ ਕੀਮਤੀ ਤੇ ਅਟੱਲ ਬਚਨ ਹਨ (1) ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥ 728 (2) ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥ ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥ 1015

ਇਹ ਇੱਕ ਨਾਲ ਸਾਂਝ ਪਾਉਣ ਦਾ ਬੜਾ ਕੀਮਤੀ ਫੌਰਮੂਲਾ (ਵਿਧੀ) ਹੈ, ਮੈਂ ਹੋਰਨਾਂ ਨਾਲੋਂ ਚੰਗਾ ਨਹੀ ਤੇ ਕੋਈ ਮੈਥੋਂ ਮਾੜਾ ਨਹੀ, ਇਹੀ ਸਮਤਾ (ਨਿਰਪੱਖਤਾ ਜਾਂ central point) ਹੈ ਤੇ ਇਸ ਵਿੱਚ ਹੀ ਕਰਤੇ ਦਾ ਮਿਲਾਪ ਸੰਭਵ ਹੈ। ਪਰ ਧਰਮ ਦੇ ਠੇਕੇਦਾਰ, ਜੋ ਕਿਸੇ ਦੂਸਰੇ ਨੂੰ ਧਰਮ ਵਿਚੋਂ ਛੇਕਣ ਦਾ ਫਤਵਾ ਜਾਰੀ ਕਰਦੇ ਹਨ, ਉਸ ਨੂੰ ਕਿਸੇ ਕਾਰਨ ਪਤਿਤ, ਪਾਪੀ, ਅਸਿੱਖ, ਅਧਰਮੀ ਠਹਿਰਾਉਂਦੇ ਹਨ, ਤਾਂ ਕੀ ਉਹ ਆਪ ਪਾਵਨ ਜਾਂ ਪੁਨੀਤ (ਧਰਮੀ) ਹੋ ਸਕਦੇ ਹਨ? ਕੀ ਕਿਸੇ ਬਾਹਰੀ ਦਿੱਖ ਦੇ ਅਧਾਰਿਤ ਪਤਿਤ ਜਾਂ ਪੁਨੀਤ, ਧਰਮੀ ਜਾਂ ਅਧਰਮੀ, ਪਾਪੀ ਜਾਂ ਪੁੰਨੀ ਨੂੰ ਐਲਾਨਿਆ ਜਾ ਸਕਦਾ ਹੈ? ਅਗਰ ਹਰ ਮਨੁੱਖ ਅੰਦਰ ਪਾਪਾਂ ਦਾ ਵਾਸਾ ਹੈ ਤਾਂ ਕਿਹੜਾ ਮਨੁੱਖ ਹੈ ਜੋ ਪੁੰਨੀ ਹੋਣ ਦਾ ਦ੍ਹਾਵਾ ਕਰ ਸਕਦਾ ਹੈ? ਦ੍ਹਾਵਾ ਹੀ ਪਾਪ ਦਾ ਸਬੂਤ ਬਣ ਜਾਵੇਗਾ।

ਮਸਾਲ ਦੇ ਤੌਰ ਤੇ ਇਸਾਈ ਧਰਮ ਵਿੱਚ ਪਤਿਤ (ਵਿਭਚਾਰੀ) ਨੂੰ ਸੰਗਸਾਰ ਕਰਨ (ਪੱਥਰਾਂ ਨਾਲ ਮਾਰਨ) ਦਾ ਫਤਵਾ ਲਾਇਆ ਜਾਂਦਾ ਸੀ, ਇੱਕ ਵੇਸਵਾ ਨੂੰ ਵੀ ਇਹ ਫਤਵਾ ਲਗਿਆ ਤਾਂ ਜਦੋਂ ਲੋਕ ਪੱਥਰ ਮਾਰਨ ਲਈ ਤਿਆਰ ਹੋਏ ਤਾਂ ਇੱਕ ਫਕੀਰ ਨੇ ਆਵਾਜ਼ ਦਿੱਤੀ ਕਿ ਪਹਿਲਾ ਪੱਥਰ ਉਹ ਮਾਰੇ ਜਿਸ ਨੇ ਕਦੇ ਕੋਈ ਪਾਪ ਨਹੀ ਕੀਤਾ (Let him that is without sin cast the first stone) ਜਾਂ ਜੋ ਪੂਰਨ ਤੌਰ ਤੇ ਪਾਵਨ ਤੇ ਪੁਨੀਤ ਹੈ। ਇਹ ਚਿਤਾਵਨੀ ਸੀ ਕਿ ਹਰ ਮਨੁੱਖ ਵਿੱਚ ਪਾਪ ਪੁੰਨ ਦਾ ਵਾਸਾ ਹੈ ਤੇ ਇਹ ਦੋ ਕਪੜੇ ਵੀ ਮਨੁੱਖ ਨੂੰ ਸੁੱਖ ਦੁੱਖ ਵਾਂਙ ਪਹਿਨਣੇ ਹੀ ਪੈਂਦੇ ਹਨ। ਇਹਨਾਂ ਨੂੰ ਅਲੱਗ ਨਹੀ ਕੀਤਾ ਜਾ ਸਕਦਾ ਕਿਉਂਕਿ ਇਹ ਦੋ ਨਹੀ ਇਕੋ ਹੀ ਹੈ (ਪਾਪ ਪੁੰਨ ਦੁਇ ਏਕ ਸਮਾਨ ॥325) ਇਹ ਕੁਦਰਤੀ ਨਿਯਮ ਸਭਨਾਂ ਤੇ ਲਾਗੂ ਹੈ। ਜਦੋਂ ਤਕ ਮਨੁੱਖੀ ਜੀਵਨ ਹੈ ਉਦੋਂ ਤੱਕ ਕਿਸ਼ਤੀ ਸਮੁੰਦਰ ਵਿੱਚ ਹੈ, ਵਿਕਾਰਾਂ ਦੇ ਤੁਫਾਨ ਵੀ ਮੰਡਲਾਉਂਦੇ ਹੀ ਰਹਿੰਦੇ ਹਨ ਤੇ ਕੋਈ ਵੀ ਇਹਨਾ ਨੂੰ ਰੋਕ ਨਹੀ ਸਕਦਾ। ਮਸਾਲ ਦੇ ਤੌਰ ਤੇ ਇੱਕ ਕਹਾਣੀ ਹੈ ਕਿ ਇੱਕ ਵੇਸਵਾ ਕਿਸੇ ਫਕੀਰ ਨੂੰ ਸਵਾਲ ਕਰਦੀ ਹੈ ਕਿ ਤੇਰੀ ਦ੍ਹਾੜੀ ਚਿੱਟੀ ਹੈ ਕਿ ਮੇਰੇ ਕੁੱਤੇ ਦੀ ਪੂਛ? ਫਕੀਰ ਨੇ ਕਿਹਾ ਕਿ ਸਮਾ ਆਉਣ ਤੇ ਉੱਤਰ ਦੇਵਾਂਗਾ। ਆਖਰੀ ਦਮਾਂ ਤੇ ਫਕੀਰ ਨੇ ਵੇਸਵਾ ਨੂੰ ਬੁਲਵਾ ਕੇ ਕਿਹਾ ਕਿ ਮੇਰੀ ਦ੍ਹਾੜੀ ਚਿੱਟੀ ਹੈ। ਵੇਸਵਾ ਨੇ ਪੁਛਿਆ ਕਿ ਇਹ ਜਵਾਬ ਤੂੰ ਪਹਿਲਾਂ ਕਿਉਂ ਨਹੀ ਦਿੱਤਾ ਤਾਂ ਫਕੀਰ ਨੇ ਕਿਹਾ ਕਿ ਪਹਿਲਾਂ ਕਿਸ਼ਤੀ ਸਮੁੰਦ੍ਰ ਵਿੱਚ ਸੀ, ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥ 1366

ਕਦੇ ਵੀ (ਵਿਕਾਰਾਂ ਦਾ) ਤੁਫਾਨ ਕਿਸ਼ਤੀ ਨੂੰ ਡੋਬ ਸਕਦਾ ਸੀ ਪਰ ਹੁਣ ਕਿਨਾਰਾ (ਅੰਤ ਸਮਾ) ਆ ਗਿਆ ਹੈ ਤੇ ਕਿਸ਼ਤੀ ਦੇ ਡੋਲਣ ਜਾਂ ਡੁੱਬਣ ਦੀ ਸੰਭਾਵਨਾ ਨਹੀ ਰਹੀ। ਗੁਰਬਾਣੀ ਸੁਚੇਤ ਕਰਦੀ ਹੈ ਕਿ ਧਰਮੀ, ਪੁਨੀਤ ਜਾਂ ਪਾਕ ਹੋਣ ਦਾ ਦ੍ਹਾਵਾ ਨਹੀ ਕੀਤਾ ਜਾ ਸਕਦਾ ਕਿਉਂਕਿ ਪਤਾ ਨਹੀ ਕਿ ਅੰਦਰ ਪਏ ਵਿਕਾਰ ਕਦੋਂ ਪ੍ਰਗਟ ਜਾਂ ਹਾਵੀ ਹੋ ਜਾਣ। ਇਸ ਲਈ ਧਰਮ ਦੇ ਪੱਖੋਂ ਦੂਸਰਿਆਂ ਨੂੰ ਪਤਿਤ ਕਰਾਰ ਦੇਣ ਵਾਲੇ ਨੂੰ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲੈਣੀ ਜ਼ਰੂਰੀ ਹੈ ਕਿਉਂਕਿ ਕੋਈ ਵੀ ਪਾਪਾਂ ਤੋਂ ਮੁਕਤ ਨਹੀ। ਪਾਪ ਪੁੰਨ ਵਰਤੈ ਸੰਸਾਰਾ ॥ ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥1052 ---- ਬੱਸ ਮੌਕਾ ਮਿਲਨ ਦੀ ਹੀ ਦੇਰ ਹੁੰਦੀ ਹੈ।

ਧਾਰਮਿਕ ਤੌਰ ਤੇ ਬੁਰੀ ਸੋਚ ਦਾ ਉਤਪੰਨ ਹੋਣਾ ਹੀ ਪਾਪ (ਵਿਕਾਰਾਂ) ਦੀ ਜੜ੍ਹ ਮੰਨਿਆ ਜਾਂਦਾ ਹੈ ਤੇ ਇਸ ਸੋਚ ਨੂੰ ਵਰਤੋਂ ਵਿੱਚ ਲਿਆਉਣਾ ਅਪਰਾਧ ਬਣ ਜਾਂਦਾ ਹੈ। ਬੁਰੀ ਸੋਚ ਲਈ ਕੋਈ ਦੁਨਿਆਵੀ ਕਾਨੂੰਨ ਤੇ ਸਜ਼ਾ ਨਹੀ, ਪਰ ਅਪਰਾਧ ਦਾ ਦੰਡ ਜ਼ਰੂਰ ਹੈ। ਇਸ ਲਈ ਗੁਰਬਾਣੀ ਵਿਕਾਰੀ ਸੋਚ (ਪਾਪਾਂ ਦੀ ਜੜ੍ਹ) ਤੋਂ ਸੁਚੇਤ ਕਰਦੀ ਹੈ ਕਿ ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥1348 ਮਨੁੱਖੀ ਮਨ ਅੰਦਰ ਬੁਰੀ ਸੋਚ ਦਾ ਆਉਣਾ ਮਨੁੱਖੀ ਸੁਭਾਉ ਹੈ ਪਰ ਉਸ ਨੂੰ ਸਮਤਾ ਵਿੱਚ ਰੱਖਣ ਲਈ ਉਸ ਤੇ (ਗਿਆਨ ਦਾ) ਅੰਕੁਸ (ਕਾਬੂ) ਰੱਖਣਾ ਹੀ ਪਾਪਾਂ ਤੋਂ ਮੁਕਤੀ ਦਾ ਰਾਹ ਹੈ। ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ 4 ਜੋ ਪਾਪ ਹੋ ਗਿਆ ਉਹ ਤਾਂ ਭੂਤਕਾਲ ਵਿੱਚ ਚਲਾ ਗਿਆ, ਉਸ ਨੂੰ ਸਵਾਰਿਆ ਜਾਂ ਧੋਤਾ ਨਹੀ ਜਾ ਸਕਦਾ ਭਾਵੇਂ ਅਠਾਟ ਤੀਰਥਾਂ ਦਾ ਇਸ਼ਨਾਨ ਕੀਤਾ ਜਾਵੇ, ਪਰ ਗੁਰਗਿਆਨ ਦੁਆਰਾ ਅਗੇ ਤੋਂ ਸੁਚੇਤ ਹੋ ਕੇ ਸਮਤਾ ਵਿੱਚ ਆ ਜਾਣਾ ਹੀ ਪਾਪਾਂ ਨੂੰ ਧੋਣਾ ਹੈ। ਪਾਪ ਹੀ ਮਨ ਦੀ ਮੈਲ ਹਨ ਜਿਨ੍ਹਾਂ ਨੂੰ ਕੇਵਲ ਸੱਚ ਦਾ ਸਾਬਣ ਹੀ ਧੋ ਸਕਦਾ ਹੈ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥ 468 ਇਸ ਲਈ ਸਭਨਾਂ ਦਾ ਭਲਾ ਮਨਾਉਣ ਵਾਲੇ ਸਤਿਗੁਰੂ ਦਾ ਨਿਯਮ ਹੈ ਕਿ ਅਗਰ ਮਨੁੱਖ ਚਾਹੇ ਤਾਂ ਉਹ ਗੁਰੂ ਦੀ ਸਿਖਿਆ (ਗਿਆਨ) ਦੁਆਰਾ, ਦੁਐਤ ਵਿੱਚੋਂ ਨਿਕਲ ਕੇ ਸਹਿਜ (ਇੱਕ) ਵਿੱਚ ਸਮਾ ਸਕਦਾ ਹੈ। ਸੰਸਾਰ ਵਲੋਂ ਦੁਰਕਾਰੇ ਗਏ ਅਜਾਮਲ ਪਾਪੀ ਦਾ, ਨਾਮ (ਹੁਕਮ, ਗਿਆਨ) ਦੁਆਰਾ ਨਿਮਖ ਵਿੱਚ ਨਿਸਤਾਰਾ ਸਿੱਧ ਕਰਦਾ ਹੈ ਕਿ ਇਹ ਖੇਲ ਕਠਨ ਤਾਂ ਹੋ ਸਕਦਾ ਹੈ ਪਰ ਅਸੰਭਵ ਨਹੀ। ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥ 632

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ




.