.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:02)

ਵੀਰ ਭੁਪਿੰਦਰ ਸਿੰਘ

6. ਤਨ ਅਰਪਨਾ:
ਆਪਣੇ ਪਿਆਰੇ ਅੱਗੇ ਆਪਣੀ ਮਨ ਦੀ ਮੱਤ, ਚਤੁਰਾਈ ਅਤੇ ਹਉਮੈ ਤਿਆਗ ਕੇ ਉਸ ਦੀ ਦੱਸੀ ਕਾਰ ਅਮਲੀ ਤੌਰ ’ਤੇ ਕਮਾਉਣੀ ‘ਤਨ ਅਰਪਨਾ’ ਕਹਿਲਾਉਂਦਾ ਹੈ।
7. ਸਭ ਦੇਸ਼ ਅਰਪਨਾ:
ਸੁਰਤ, ਮੱਤ, ਮਨ, ਬੁੱਧੀ ਅਤੇ ਤਨ ਦੇ ਸਾਰੇ ਅੰਗ ਭਾਵ ਰੋਮ-ਰੋਮ ਉਸ ਵਲ ਤੋਰਨਾ ਜਿਸ ਪਾਸੇ ਮਨ ਨੇ ਆਪਣੇ ਆਪ ਨੂੰ ਅਰਪਣ ਕੀਤਾ ਹੈ। ਇਹੋ ‘ਸਭ ਦੇਸ਼ ਅਰਪਨਾ’ ਕਹਿਲਾਉਂਦਾ ਹੈ।
8. ਧਨ ਅਰਪਨਾ:
ਮਨ ਨੂੰ ਆਪਣੀ ਮੱਤ, ਚਤੁਰਾਈ ਅਤੇ ਸਿਆਣਪ ਰੂਪੀ ਧਨ ਦਾ ਮਾਣ ਹੁੰਦਾ ਹੈ। ਲੇਕਿਨ ਮਨ ਦੀ ਮਤ ਦਾ ਧਨ ਕਾਚਾ ਧਨ ਹੁੰਦਾ ਹੈ। ਜਦੋਂ ਮਨ ਆਪਣੀ ਕੁਮਤ
(satanic, demonic thoughts) ਨੂੰ ਸਤਿਗੁਰ (ਸੱਜਣ) ਅੱਗੇ ਸਮਰਪਣ ਕਰਦਾ ਹੈ, ਇਹੋ ‘ਧਨ ਅਰਪਨਾ’ ਕਹਿਲਾਉਂਦਾ ਹੈ।
9. ਮੂੰਹ ਫੇਰਨਾ (ਮੂੰਹ ਮੋੜਨਾ):
ਜਦੋਂ ਕਿਸੇ ਦੀ ਗੱਲ ਨਾਲ ਸਹਿਮਤੀ ਨਾ ਹੋਵੇ ਤਾਂ ਮਨ ਕਰਕੇ ਮੂੰਹ ਫੇਰਨਾ ਜਾਂ ਮੂੰਹ ਉਲਟੇ ਪਾਸੇ ਕਰਨਾ ਕਹਿਲਾਉਂਦਾ ਹੈ। ਜਦੋਂ ਕੋਈ ਸਾਡੀ ਗਲ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ ਤਾਂ ਅਸੀਂ ਸੁਭਾਵਕ ਹੀ ਕਹਿੰਦੇ ਹਾਂ ਕਿ ਉਸਨੇ ਤਾਂ ‘ਮੂੰਹ ਹੀ ਫੇਰ ਲਿਆ’। ਇਸੀ ਤਰ੍ਹਾਂ ਜਦੋਂ ਸਾਡਾ ਮਨ ਸਤਿਗੁਰ ਦੀ ਗੱਲ ਨਾ ਮੰਨੇ ਤਾਂ ਇਸ ਨੂੰ ‘ਮੂੰਹ ਫੇਰਨਾ’ ਕਹਿੰਦੇ ਹਨ। ਸਤਿਗੁਰ ਦੇ ਨਜ਼ਰੀਏ (ਨਦਰਿ) ਤੋਂ ਮਨ ਦਾ ਸੁਭਾਅ ਉਲਟੇ ਪਾਸੇ ਹੋਵੇ ਤਾਂ ਇਸ ਨੂੰ ‘ਨਦਰਿ ਉਪਠੀ’ ਕਰਨਾ ਜਾਂ ‘ਮੂੰਹ ਫੇਰਨਾ’ ਵੀ ਕਹਿੰਦੇ ਹਨ। ਜਦੋਂ ਪੁੱਠੇ ਪਾਸੇ ਤੋਂ ਮੂੰਹ ਫੇਰ ਕੇ ਸਿੱਧੇ ਪਾਸੇ ਕਰ ਲਿਆ ਜਾਂਦਾ ਹੈ ਤਾਂ ਇਸ ਅਵਸਥਾ ਨੂੰ ਮੂੰਹ ਪਿਆਰੇ ਵੱਲ ਫੇਰਿ ਲੈਣਾ ਕਹਿੰਦੇ ਹਨ। ਭਾਵ ਮਨ ਨੇ ਅਪਣੀ ਮਤ ਅਨੁਸਾਰ ਬਣਾਈ ਸੋਚਣੀ ਤੋਂ ਮੂੰਹ ਫੇਰ ਕੇ (ਘੁਮਾ ਕੇ) ਸਤਿਗੁਰ ਦੀ ਗੱਲ ਸੁਣਨ ਵੱਲ ਕਰ ਲਿਆ ਹੈ। ਜਦੋਂ ਮੂੰਹ ਪੁੱਠੇ ਪਾਸੇ ਫੇਰਿਆ ਹੋਵੇ ਤਾਂ ਮਨ ਸਤਿਗੁਰ ਦੀ ਗੱਲ ਨਹੀ ਸੁਣਦਾ। ਮੂੰਹ ਫੇਰ ਕੇ (ਘੁਮਾ ਕੇ) ਸਿੱਧੇ ਪਾਸੇ ਨਾ ਕਰਨਾ ਹੀ ਸੱਚ ਨੂੰ ਪਿੱਠ ਦੇਣੀ ਹੁੰਦੀ ਹੈ। ਇਹੋ ਨਿੰਦਕ ਸੁਭਾਅ ਕਹਿਲਾਉਦਾ ਹੈ। ਸੱਚ ਤੋਂ ਮੁਨਕਰ ਹੋਣਾ ਹੀ ਨਿੰਦਾ ਕਰਨੀ ਹੈ।
ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 484)
10. ਚੁਰਾਸੀ ਭੁਗਤਣਾ:
ਜਦੋਂ ਕੋਈ ਮਨੁੱਖ ਮੁਸੀਬਤਾਂ ’ਚ ਫਸ ਕੇ ਦਿਨ-ਰਾਤ ਕਈ ਵਰ੍ਹੇ ਭਾਵ ਲੰਬੇ ਸਮੇਂ ਤਕ ਮੁਸੀਬਤਾਂ ਸਹਾਰਦਾ ਰਹਿੰਦਾ ਹੈ। ਮਨੁੱਖ ਦੀ ਇਸੇ ਦੁਖੀ ਅਵਸਥਾ ਨੂੰ ਚੁਰਾਸੀ ਭੁਗਤਣਾ ਕਹਿੰਦੇ ਹਨ। ਦਰਅਸਲ ਸਦਗੁਣਾਂ ਤੋਂ ਥਿੜਕਿਆ ਜੀਵਨ ਜਿਊਣ ਕਾਰਨ ਆਪਣੇ ਅੰਦਰ ਡਰ, ਫਿਕਰ, ਬੇਚੈਨੀ ਅਤੇ ਅਸੁਰੱਖਿਅਤਾ ਦੀ ਕਸ਼ਮਕਸ਼ ਚਲਦੀ ਰਹਿੰਦੀ ਹੈ। ਮਨ ਦੀ ਐਸੀ ਦਸ਼ਾ ਨੂੰ ਵੀ ਚੁਰਾਸੀ ਭੁਗਤਣਾ ਕਹਿੰਦੇ ਹਨ।




.