.

ਅੱਧੋਗਿਤੀ ਦਾ ਸ਼ਿਕਾਰ ਸਿਖ ਭਾਈਚਾਰਾ
ਭਾਗ ਦੂਜਾ


ਵੱਖ-ਵੱਖ ਧਾਰਾਵਾਂ

ਸੰਪਰਦਾਈ ਸਿਖ ਭਾਈਚਾਰੇ ਵਿਚਲੀ ਸਥਿਤੀ ਭਾਵੇਂ ਕਿਹੋ ਜਿਹੀ ਵੀ ਰਹੀ ਹੈ ਸਮੇਂ-ਸਮੇਂ ਇਸ ਵਿਚ ਕਈ ਤਰ੍ਹਾਂ ਦੀਆਂ ਧਾਰਾਵਾਂ ਉਠਦੀਆਂ ਰਹੀਆਂ ਹਨ ਅਤੇ ਕਈ ਇਕ-ਦੂਜੇ ਦੇ ਸਮਾਨੰਤਰ ਵੀ ਚੱਲਦੀਆਂ ਆ ਰਹੀਆਂ ਹਨ। ਇਹਨਾਂ ਵਿੱਚੋਂ ਕੁਝ ਕੁ ਪ੍ਰਮੁੱਖ ਧਾਰਾਵਾਂ ਦਾ ਸੰਖੇਪ ਵਿਚ ਵੇਰਵਾ ਹੇਠਾ ਦਿੱਤੇ ਅਨੁਸਾਰ ਹੈ:

1.ਪਰੰਪਰਾਵਾਦੀ ਧਾਰਾ ਜਿਸ ਵਿਚ ਡੂੰਘੀ ਧਾਰਮਿਕ ਸ਼ਰਧਾ ਰੱਖਣ ਵਾਲੇ ਉਹ ਲੋਕ ਸ਼ਾਮਲ ਹਨ ਜੋ ਕਿਸੇ ਨਾ ਕਿਸੇ ਵਿਸ਼ੇਸ਼ ਜੱਥੇਬੰਦੀ ਨਾਲ ਜੁੜੇ ਵੀ ਹੋ ਸਕਦੇ ਹਨ ਅਤੇ ਨਹੀਂ ਵੀ। ਉਹ ‘ਸਿਖ ਧਰਮ’ ਨੂੰ ਆਪਣੇ ਮੂਲ ਰੂਪ ਵਿਚ ਮੰਨਣ ਦਾ ਦਾਵਾ ਕਰਦੇ ਹਨ। ਇਹ ਲੋਕ ਜ਼ਿਆਦਾ ਕਰਕੇ ਅੰਮ੍ਰਿਤਪਾਨ ਕਰਦੇ ਹਨ, ਕਕਾਰ ਪਹਿਨਦੇ ਹਨ, ਕਈ ਤਰ੍ਹਾ ਦੇ ਕਰਮ-ਕਾਂਡ ਅਤੇ ਰਹੁ-ਰੀਤਾਂ ਨਿਭਾਉਂਦੇ ਹਨ ਅਤੇ ਕਿਸੇ ਨਾ ਕਿਸੇ ‘ਰਹਿਤ ਮਰਯਾਦਾ’ ਨੂੰ ਮੰਨਦੇ ਹਨ। ਪਰੰਤੂ ਇਸ ਵਰਗ ਵਿਚਲੇ ਕੁਝ ਲੋਕ ਅੰਮ੍ਰਿਤਧਾਰੀ ਬਣਨ ਨੂੰ ਕਰੜਾ ਅਨੁਸ਼ਾਸਨ ਸਮਝਦੇ ਹੋਏ ਬਗੈਰ ਕਿਰਪਾਨ ਪਹਿਨੇ ਕੇਸਾਧਾਰੀ ਹੋ ਕੇ ਰਹਿਣ ਨੂੰ ਤਰਜੀਹ ਦਿੰਦੇ ਹਨ। ਇਸ ਧਾਰਾ ਵਿਚ ਸ਼ਾਮਲ ਧਿਰਾਂ ਨੂੰ ਮੁੱਖ ਤੌਰ ਤੇ ਪੰਜ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ।
i. ਕੱਟੜ ਸਿਖ ਸਮਾਜ ਜੋ ਸਿੰਘ ਸਭਾ ਲਹਿਰ ਅਤੇ ਚੀਫ ਖਾਲਸਾ ਦੀਵਾਨ ਦੇ ਯਤਨਾਂ ਦੇ ਅਸਰ ਹੇਠ, ਵੀਹਵੀਂ ਸਦੀ ਵਿਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੇ ਮਾਹੌਲ ਵਿਚ, ਇਸ ਤੋਂ ਅੱਗੇ ਉਪਜੀ ਅਕਾਲੀ ਲਹਿਰ ਦੇ ਪਰਭਾਵ ਥੱਲੇ ਅਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਕਾਇਮ ਹੋਇਆ। ਇਸ ਵਰਗ ਵਿਚ ਕਾਫੀ ਗਿਣਤੀ ਵਿਚ ‘ ਅੰਮ੍ਰਿਤਧਾਰੀ ਸਿਖ ’ ਸ਼ਾਮਲ ਸਨ ਜਾਂ ਫਿਰ ਗੈਰ-ਅੰਮ੍ਰਿਤਧਾਰੀ ਭਾਵ ‘ ਕੇਸਾਧਾਰੀ ਸਿਖ ’। ਬਦੇਸ਼ਾਂ ਵਿਚ ਵਿਸ਼ੇਸ਼ ਕਰਕੇ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ ਵਿਚ ਅਤੇ ਪੰਜਾਬੋਂ ਬਾਹਰ ਦੇ ਸੂਬਿਆਂ ਵਿਚ ਅਜ ਇਸ ਸਮਾਜ ਵਿਚ ਸ਼ਾਮਲ ‘ਸਿਖ’ ਕਾਫੀ ਗਿਣਤੀ ਵਿਚ ਮਿਲ ਜਾਣਗੇ ਜਦੋਂ ਕਿ ਭਾਰਤੀ ਪੰਜਾਬ ਵਿਚ ਅਜਿਹੇ ਵਿਅਕਤੀਆਂ ਦੀ ਗਿਣਤੀ ਲਗਾਤਾਰ ਘਟਦੀ ਚਲੀ ਗਈ ਹੈ।
ii.ਨਿਹੰਗ ਜੱਥੇਬੰਦੀਆਂ ਅਠਾਰ੍ਹਵੀਂ ਸਦੀ ਈਸਵੀ ਦੇ ਵਿਚ ਨਿਸਵਾਰਥ ਜੂਝਣ ਵਾਲੀ ‘ਮਿਸਲ ਸ਼ਹੀਦਾਂ’ ਵਿੱਚੋਂ ਨਿਕਲੀਆਂ ਹੋਈਆਂ ਹਨ। ਅਜੋਕੇ ਸਮੇਂ ਦੇ ਪੱਖੋਂ ਇਕ ਵੱਖਰੀ ਕਿਸਮ ਦੀ ਜੀਵਨ-ਜਾਚ ਦੀਆਂ ਧਾਰਨੀ ਇਹ ਜੱਥੇਬੰਦੀਆਂ ਕਾਫੀ ਹੱਦ ਤਕ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਦੀ ਪਰੰਪਰਾ ਦੀ ਨੁਮਾਇੰਦਗੀ ਕਰਦੀਆਂ ਕਹੀਆਂ ਜਾ ਸਕਦੀਆਂ ਹਨ। ਏਸੇ ਕਰਕੇ ਹੀ ਇਹ ਆਪਣੇ ਲਈ ‘ਗੁਰੂ ਕੀਆਂ ਲਾਡਲੀਆਂ ਫੌਜਾਂ’ ਦੇ ਲਕਬ ਦਾ ਵੀ ਇਸਤੇਮਾਲ ਕਰਦੀਆਂ ਹਨ। ‘ਨਿਹੰਗ’ ਫਾਰਸੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ‘ਮਗਰਮੱਛ’ ਤੋਂ ਹੈ। ਇਹ ਲਕਬ ਮੁਸਲਮਾਨ ਹਮਲਾਵਰਾਂ ਨੇ ਅਠਾਰ੍ਹਵੀ ਸਦੀ ਈਸਵੀ ਦੇ ਸਾਰੇ ‘ਸਿੱਖ’ ਜੁਝਾਰੂਆਂ ਨੂੰ ਉਹਨਾਂ ਦੀ ਅਚਨਚੇਤ ਹਮਲਾ ਕਰਨ ਵਾਲੀ (ਗੁਰੀਲਾ) ਰਣ-ਨੀਤੀ ਕਰਕੇ ਦਿੱਤਾ ਸੀ (ਗਿਆਰ੍ਹਾਂ ਮਿਸਲਾਂ ਵਿੱਚੋਂ ‘ਮਿਸਲ ਸ਼ਹੀਦਾਂ ’ ਇਕ ਅਜਿਹੀ ਮਿਸਲ ਸੀ ਜੋ ਰਾਜ-ਸੱਤਾ ਦੇ ਲਾਲਚ ਤੋਂ ਨਿਰਲੇਪ ਰਹਿੰਦੇ ਹੋਏ ਮੁਸਲਮਾਨ ਸ਼ਾਸਕਾਂ ਅਤੇ ਬਦੇਸ਼ੀ ਹਮਲਾਵਰਾਂ ਖਿਲਾਫ ਚਲਦੇ ਸੰਘਰਸ਼ ਵਿਚ ਸ਼ਾਮਲ ਸੀ)। ਉਨ੍ਹੀਵੀਂ ਸਦੀ ਈਸਵੀ ਤੋਂ ਲੈ ਕੇ ਮਿਸਲਾਂ ਵਿਚ ਸ਼ਾਮਲ ਜੁਝਾਰੂਆਂ ਦੀਆਂ ਜੰਗੀ ਮੁਹਿੰਮਾਂ ਤਾਂ ਖਤਮ ਹੋ ਗਈਆਂ, ਫਿਰ ਵੀ ‘ਮਿਸਲ ਸ਼ਹੀਦਾਂ’ ਨਾਲ ਸਬੰਧ ਰੱਖਣ ਵਾਲੇ ਟੋਲਿਆਂ (‘ ਜੱਥਿਆਂ ’) ਨੇ ਆਪਣੇ ਨਾਲ ‘ ਨਿਹੰਗ ’ ਵਾਲਾ ਇਹ ਲਕਬ ਲਗਾਉਣਾ ਜਾਰੀ ਰੱਖਿਆ। ਪਰੰਤੂ ਇਹਨਾਂ ‘ ਜੱਥਿਆਂ ’ ਵਿਚ ਕਿਸੇ ਹੋਰ ਸਿਹਤਮੰਦ ਰੁਝੇਵੇਂ ਨੂੰ ਅਪਣਾਉਣ ਦੀ ਰੁਚੀ ਪੈਦਾ ਨਾ ਹੋਣ ਕਰਕੇ ਸਮੇਂ ਨਾਲ ਇਹਨਾਂ ਵਿਚ ਵਿਹਲੜਪੁਣਾ ਆਣ ਵੜਿਆ ਅਤੇ ਇਹਨਾਂ ਵਿਚ ਸ਼ਾਮਲ ਲੋਕ ਆਲਸ, ਨਸ਼ਿਆਂ, ਅਪਹੁਦਰੇਪਨ, ਹੈਂਕੜਬਾਜ਼ੀ, ਬਾਗੀ-ਪ੍ਰਵਿਰਤੀ ਅਤੇ ਅਨੁਸ਼ਾਸਣਹੀਣਤਾ ਦਾ ਸ਼ਿਕਾਰ ਹੋ ਗਏ। ਉਂਜ ਇਹਨਾਂ ਦੀ ਸਮਾਜ ਵੱਲੋਂ ਨਿਰਲੇਪ ਰਹਿਣ ਦੀ ਪਰੰਪਰਾ ਵੀ ਚਲੀ ਆ ਰਹੀ ਹੈ। ਨਿਹੰਗ ਬਰਾਦਰੀ ਦੇ ਅੱਗੋਂ ਕਈ ਦਲ ਬਣੇ ਹੋਏ ਹਨ। ਕਈ ਚੰਗੀ ਖੁਲ੍ਹੀ ਜ਼ਮੀਨ-ਜਾਇਦਾਦ ਵਾਲੇ ਗੁਰਦੁਆਰੇ ਇਹਨਾਂ ਦਲਾਂ ਦੇ ਕਬਜ਼ੇ ਹੇਠਾਂ ਹਨ।
iii. ‘ਅਖੰਡ ਕੀਰਤਨੀ ਜੱਥਾ’ ਨਾਮ ਵਾਲੀ ਜੱਥੇਬੰਦੀ ਭਾਈ ਰਣਧੀਰ ਸਿੰਘ ਦੀ ਅਗਵਾਈ ਵਿਚ ਵੀਹਵੀਂ ਸਦੀ ਈਸਵੀ ਦੇ ਪਹਿਲੇ ਅੱਧ ਵਿਚ ਸਥਾਪਤ ਹੋਈ। ਇਹ ਜੱਥੇਬੰਦੀ ਆਪਣੀਆਂ ਕੱਟੜਤਾ ਭਰੀਆਂ ਵਿਸ਼ੇਸ਼ ਮਾਨਤਾਵਾਂ ਕਰਕੇ ਜਾਣੀ ਜਾਂਦੀ ਹੈ ਜਿਵੇਂ ਕੀਰਤਨ ਨੂੰ ਪ੍ਰਮੁੱਖਤਾ ਦੇਣੀ, ਨਾਮ-ਦ੍ਰਿੜਤਾ ਉੱਤੇ ਜ਼ੋਰ ਦੇਣਾ, ਸ਼ਾਕਾਹਾਰੀ ਅਤੇ ਸਰਬਲੋਹ ਭੋਜਨ ਨੂੰ ਸਖਤੀ ਨਾਲ ਅਪਣਾਉਣਾ, ਕੇਸਾਂ ਦੀ ਜਗਹ ਕੇਸਕੀ ਨੂੰ ਪੰਜਵੇਂ ਕਕਾਰ ਵਜੋਂ ਮਾਨਤਾ ਦੇਣੀ, ਰਹਿਤ-ਬਿਬੇਕ (‘ ਰਹਿਤ-ਮਰਿਯਾਦਾ ’ ਦੀ ਜਗਹ ਤੇ) ਨੂੰ ਧਾਰਨ ਕਰਨਾ ਆਦਿਕ। 1978 ਈਸਵੀ ਵਿਚ ਇਸ ਦੇ ਉਸ ਵੇਲੇ ਦੇ ਮੁਖੀ ਭਾਈ ਫੌਜਾ ਸਿੰਘ ਦੇ ਦੇਹਾਂਤ ਤੋਂ ਪਿੱਛੋਂ ਦਮਦਮੀ ਟਕਸਾਲ ਦੇ ਨਾਲ ਟਕਰਾਵ ਦੀ ਸਥਿਤੀ ਵਿਚ ਆਉਣ ਕਰਕੇ ਇਹ ਜੱਥੇਬੰਦੀ ਕਾਫੀ ਚਰਚਾ ਵਿਚ ਆਈ ਰਹੀ। ਇਸ ਜੱਥੇਬੰਦੀ ਦੇ ਕਾਰਕੁੰਨ ਕਈ ਬਾਹਰਲੇ ਦੇਸ਼ਾਂ ਵਿਚ ਵੀ ਵੱਸੇ ਹੋਏ ਹਨ। ਪ੍ਰਮੁੱਖ ਅੱਤਵਾਦੀ ਜੱਥੇਬੰਦੀ ‘ਬੱਬਰ ਖਾਲਸਾ’ ਅਖੰਡ ਕੀਰਤਨੀ ਜੱਥੇ ਨਾਲ ਸਬੰਧਤ ਰਹੀ ਹੈ।
iv.‘ਦਮਦਮੀ ਟਕਸਾਲ’ ਨਾਮ ਦੀ ਜੱਥੇਬੰਦੀ ਸੰਪਰਦਾਈ ਸਿੱਖੀ ਦੀ ਪ੍ਰਤੀਨਿਧ ਹੋਣ ਦਾ ਦਾਵਾ ਕਰਦੀ ਹੋਈ ਗੁਰਬਾਣੀ ਦੀ ਸੰਥਿਆ, ਵਿਆਖਿਆ ਅਤੇ ਪਾਠ ਕਰਨ ਦੀ ਵਿਧੀ ਦੀ ਸਿਖਿਆ ਦੇਣਾ ਆਪਣਾ ਟੀਚਾ ਮੰਨਦੀ ਹੈ ਅਤੇ ਨਾਲ ਹੀ ਗੁਰਦੁਆਰਿਆਂ ਵਿਚ ਸੇਵਾ ਨਿਭਾਉਣ ਵਾਲੇ ਗ੍ਰੰਥੀਆਂ ਨੂੰ ਸਿਖਲਾਈ ਦੇਣ ਦਾ ਕਾਰਜ ਕਰਦੀ ਹੈ। ਅਸਲ ਵਿਚ ‘ਦਮਦਮੀ ਟਕਸਾਲ’ ਸੰਤ ਕਰਤਾਰ ਸਿੰਘ ਦੀ ਅਗਵਾਈ ਵਾਲੇ ‘ਜੱਥਾ ਭਿੰਡਰਾਂ’ ਦਾ ਹੀ ਬਦਲਵਾਂ ਨਾਮ ਹੈ ਜਿਸ ਨੇ ਚੌਕ ਮਹਿਤਾ ਵਿਖੇ ਆਪਣਾ ਹੈੱਡ-ਕੁਆਰਟਰ ਬਣਾ ਲਿਆ ਸੀ। ਸੰਨ 1977 ਈਸਵੀ ਤੋਂ ਲੈਕੇ ਇਸ ਜੱਥੇ ਨੇ ਆਪਣਾ ਨਾਮ ‘ਦਮਦਮੀ ਟਕਸਾਲ’ ਕਰ ਲਿਆ ਇਹ ਦਾਵਾ ਕਰਦੇ ਹੋਏ ਕਿ ਇਹ ਸੰਸਥਾ ਬਾਬਾ ਦੀਪ ਸਿੰਘ ਵੱਲੋਂ ਚਲਾਈ ਗਈ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ-ਗ੍ਰੰਥ ਦੀਆਂ ਬੀੜਾਂ ਤਿਆਰ ਕਰਨ ਅਤੇ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਦਾ ਕਾਰਜ ਕਰਨ ਲਈ ਨਿਯੁਕਤ ਕੀਤਾ ਸੀ। ਪਰੰਤੂ ਆਮ ਕਰਕੇ ਇਸ ਦਾਵੇ ਨੂੰ ਸੱਚ ਨਹੀਂ ਮੰਨਿਆਂ ਜਾਂਦਾ। ਇਸ ਸੰਸਥਾ ਨੇ ਕਿਸੇ ਧਾਰਮਿਕ ਕਾਰਜ ਨੂੰ ਸੁਹਿਰਦਤਾ ਨਾਲ ਨਿਭਾਉਣ ਦੀ ਬਜਾਇ ਨਿਹੰਗ ਸਭਿਆਚਾਰ ਵਾਲੇ ਅਪਹੁਦਰੇਪਨ ਅਤੇ ਹੈਂਕੜਬਾਜ਼ੀ ਵਾਲੇ ਔਗੁਣਾਂ ਨੂੰ ਬੜੀ ਸ਼ਿੱਦਤ ਨਾਲ ਅਪਣਾ ਲਿਆ ਹੋਇਆ ਹੈ। ਇਸ ਜੱਥੇਬੰਦੀ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿਚ ਖਾਲਿਸਤਾਨ ਦੀ ਮੰਗ ਅਤੇ ਅੱਤਵਾਦ ਦੀਆਂ ਕਾਰਵਾਈਆਂ ਨੂੰ ਖੂਬ ਹੱਲਾਸ਼ੇਰੀ ਦਿੱਤੀ। ਭਿੰਡਰਾਂਵਾਲੇ ਦੇ ਸੰਨ 1984 ਈਸਵੀ ਵਿਚ ਉਸ ਨੂੰ ਭਾਰਤ ਸਰਕਾਰ ਵੱਲੌਂ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਖਦੇੜਨ ਲਈ ਕੀਤੀ ਗਈ ਫੌਜੀ ਕਾਰਵਾਈ ਦੌਰਾਨ ਹੋਏ ਦੇਹਾਂਤ ਪਿੱਛੋਂ ਉਸ ਨੂੰ ਸਮੁੱਚੇ ਸਿਖ ਭਾੲਚਾਰੇ ਵਿਚ ‘ਹੀਰੋ’ ਦੇ ਤੌਰ ਤੇ ਉਭਾਰਿਆ ਗਿਆ ਜਿਸ ਕਰਕੇ ਕੁਝ ਸਮਾਂ ਤਾਂ ਇਸ ਜੱਥੇਬੰਦੀ ਨੇ ਖੂਬ ਜ਼ੋਰ ਫੜ੍ਹਿਆ ਅਤੇ ਕਾਫੀ ਗਿਣਤੀ ਵਿਚ ਇਸ ਦੇ ਕਾਰਕੁੰਨ ਸਿਆਸੀ ਸ਼ਰਨ ਦੇ ਬਹਾਨੇ ਵਿਦੇਸ਼ਾਂ ਵਿਚ ਵੀ ਜਾ ਵੱਸੇ ਹਨ। ਉੱਤੋਂ-ਉੱਤੋਂ ਤਾਂ ਇਹ ਜੱਥੇਬੰਦੀ ਕੱਟੜ ਸਿੱਖੀ ਦੀ ਅਲੰਬਰਦਾਰ ਹੋਣ ਦਾ ਵਿਖਾਵਾ ਕਰਦੀ ਹੈ ਪਰੰਤੂ ਅੰਦਰੂਨੀ ਤੌਰ ਤੇ ਇਸ ਦੀਆਂ ਮਾਨਤਾਵਾਂ ਬ੍ਰਾਹਮਣਵਾਦੀ ਕਿਸਮ ਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਤਾਂ ਦਮਦਮੀ ਟਕਸਾਲ ਦੇ ਆਗੂਆਂ ਨੇ ਜ਼ਾਹਰਾ ਤੌਰ ਤੇ ਹਿੰਦੂਤਵੀ ਸੰਗਠਨਾਂ ਨਾਲ ਗੱਠਜੋੜ ਕਰ ਲਿਆ ਹੋਇਆ ਹੈ ਭਾਵੇਂ ਕਿ ਬਹੁਤੇ ਟਕਸਾਲੀਆਂ ਨੇ ਹਾਲੇ ਵੀ ਆਪਣੇ-ਆਪ ਨੂੰ ਅਸਲੀ ‘ਸਿਖ’ ਹੋਣ ਦਾ ਦਾਵਾ ਕਾਇਮ ਰੱਖਿਆ ਹੋਇਆ ਹੈ।
v.ਉੱਪਰ ਦਰਸਾਈਆਂ ਚਾਰ ਧਿਰਾਂ ਦੀ ਕੱਟੜਵਾਦੀ ਭੂਮਿਕਾ ਦੇ ਪ੍ਰਤੀਕਰਮ ਵਜੋਂ ਅਤੇ ਸਿਖਿਆ ਦਾ ਪਰਸਾਰ ਹੋ ਜਾਣ ਤੇ ਆਮ ਸੰਪਰਦਾਈ ਸਿਖ ਸੁਤੰਤਰ ਤੌਰ ਤੇ ਵਿਚਰਨ ਨੂੰ ਤਰਜੀਹ ਦੇਣ ਲੱਗ ਪਿਆ ਹੈ ਭਾਵੇਂ ਕਿ ਉਸ ਦੀ ਆਸਥਾ ਗੁਰਬਾਣੀ-ਗ੍ਰੰਥ, ਗੁਰਦੁਆਰੇ ਅਤੇ ਸ਼੍ਰੋਮਣੀ ਕਮੇਟੀ ਦੀ ਜਾਰੀ ਕੀਤੀ ਹੋਈ ਰਹਿਤ-ਮਰਿਯਾਦਾ ਵਿਚ ਵੀ ਬਣੀ ਆ ਰਹੀ ਹੈ। ਇਸ ਧਿਰ ਵਿਚ ਸ਼ਾਮਲ ਲੋਕਾਂ ਵਿਚ ਖੁਲ੍ਹਦਿਲੀ ਦੀ ਭਾਵਨਾ ਆ ਜਾਣ ਨਾਲ ਉਹਨਾਂ ਵਿਚ ਕੱਟੜਤਾ ਦੀ ਕਾਫੀ ਕਮੀ ਆਈ ਹੈ ਭਾਵੇਂ ਕਿ ਉਹਨਾਂ ਦੀ ਮਜ਼ਹਬ ਪ੍ਰਤੀ ਪ੍ਰਬਲ ਸ਼ਰਧਾ ਓਸੇ ਤਰ੍ਹਾਂ ਕਾਇਮ ਹੈ।
2.ਸਮਾਂ ਬੀਤਣ ਨਾਲ, ਵਿਸ਼ੇਸ਼ ਕਰਕੇ ਵੀਹਵੀਂ ਸਦੀ ਈਸਵੀ ਦੇ ਅੱਧ ਤੋਂ ਪਿੱਛੋਂ, ‘ਸਿਖ ਭਾਈਚਾਰੇ ‘ ਵਿਚਲੇ ਸਾਰੇ ਵਰਗਾਂ ਵਿੱਚੋਂ ਉਹਨਾਂ ਲੋਕਾਂ ਦੀ ਇਕ ਵੱਖਰੀ ਜਮਾਤ ਹੋਂਦ ਵਿਚ ਆ ਗਈ ਜਿਸ ਵਿਚਲੇ ਲੋਕ ਰਹਿਤ-ਮਰਯਾਦਾ ਤੋਂ ਆਕੀ ਹੋ ਗਏ ਸਨ ਅਤੇ ਸਿਰ-ਮੂੰਹ ਦੇ ਵਾਲ ਕਟਵਾਉਣ ਲੱਗ ਪਏ ਸਨ ਭਾਵੇਂ ਕਿ ਇਹਨਾਂ ਵਿੱਚੋਂ ਕਈਆਂ ਨੇ ਪੱਗਾਂ ਬੰਨ੍ਹਣੀਆਂ ਵੀ ਜਾਰੀ ਰੱਖੀਆਂ। ਇਸ ਰੁਝਾਨ ਦੇ ਕਈ ਕਾਰਨ ਸਨ ਜਿਵੇਂ ਹਿੰਦੂਆਂ ਅਤੇ ਅੰਗਰੇਜ਼ਾਂ ਦੇ ਸਭਿਆਚਾਰ ਦੀ ਨਕਲ ਦੀ ਪ੍ਰਵਿਰਤੀ, ਫੈਸ਼ਨਪ੍ਰਸਤੀ ਦਾ ਸ਼ਿਕਾਰ ਹੋਣਾ, ਜੱਟ ਮਾਨਸਿਕਤਾ ਦੇ ਗੁਲਾਮ ਬਣਕੇ ਅਪਹੁਦਰਾਪਨ ਵਿਖਾਉਣਾ, ਫਿਲਮਾਂ-ਟੀਵੀ-ਸਟੇਜੀ ਕਲਾਕਾਰਾਂ ਵੱਲੋਂ ਪੈਦਾ ਕੀਤੇ ਸਭਿਆਚਾਰ ਦਾ ਪਰਭਾਵ ਕਬੂਲਣਾ, ਖੇਡਾਂ ਵਿਚ ਹਿੱਸਾ ਲੈਣ ਵਾਲੇ ਵਿਅਕਤੀਆਂ ਵੱਲੋਂ ਵਾਲ ਕਟਵਾ ਲੈਣਾ, ਬਿਦੇਸ਼ਾਂ ਵਿਚ ਜਾਣ ਉਪਰੰਤ ਪਰਵਾਸੀ ਜੀਵਨ-ਸ਼ੈਲੀ ਨੂੰ ਤਰਜੀਹ ਦੇਣੀ ਆਦਿਕ। ਸੰਨ 1984 ਈਸਵੀ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਵਾਪਰੇ ਸਿਖ ਵਿਰੋਧੀ ਦੰਗਿਆਂ ਤੋਂ ਪਰਭਾਵਿਤ ਕਈ ਲੋਕ ਵੀ ਇਸ ਧਾਰਾ ਵਿਚ ਆ ਸ਼ਾਮਲ ਹੋਏ ਹਨ। ਹੈਰਾਨੀਜਨਕ ਤੱਥ ਇਹ ਹੈ ਕਿ ਇਹ ਸਾਰੇ ਲੋਕ ਆਪਣੇ-ਆਪ ਨੂੰ ‘ ਸਿੱਖਾਂ ’ ਦੇ ਤੌਰ ਤੇ ਪੇਸ਼ ਕਰਦੇ ਹਨ ਅਤੇ ਆਪਣੇ ਲਈ ‘ਸਹਿਜਧਾਰੀ ਸਿਖ’ ਦਾ ਲਕਬ ਵਰਤਦੇ ਹਨ। ਏਥੋਂ ਤਕ ਕਿ ਉਹ ਸੰਗਠਿਤ ਹੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੋਟ ਦਾ ਹੱਕ ਪਰਾਪਤ ਕਰਨ ਲਈ ਵੀ ਯਤਨਸ਼ੀਲ ਹਨ। ਵੱਡਾ ਅਚੰਭਾ ਓਦੋਂ ਹੁੰਦਾ ਹੈ ਜਦੋਂ ਵਿਦੇਸ਼ਾਂ ਵਿਚ ਬੈਠੇ ਕੁਝ ਘੋਨ-ਮੋਨ ਵਿਅਕਤੀ ‘ ਖਾਲਿਸਤਾਨ ’ ਦੀ ਜੋਰ-ਸ਼ੋਰ ਨਾਲ ਮੰਗ ਕਰਦੇ ਵੀ ਵਿਖਾਈ ਦਿੰਦੇ ਹਨ। (ਉਂਜ ‘ਸਹਿਜਧਾਰੀ ਸਿਖ’ ਦਾ ਕਦੀ ਕੋਈ ਸੰਕਲਪ ਪਰਚਲਤ ਨਹੀਂ ਰਿਹਾ ਜਦੋਂ ਕਿ ‘ਸਹਜਧਾਰੀ’ ਲਕਬ ਉਹਨਾਂ ਹਿੰਦੂ ਵਿਅਕਤੀਆਂ ਲਈ ਵਰਤਿਆ ਜਾਂਦਾ ਰਿਹਾ ਹੈ ਜੋ ਹਿੰਦੂ ਗ੍ਰੰਥਾਂ ਦੀ ਜਗਹ ਉੱਤੇ ਗੁਰਬਾਣੀ-ਗ੍ਰੰਥ ਨੂੰ ਹੀ ਆਪਣਾ ਧਾਰਮਿਕ ਗ੍ਰੰਥ ਮੰਨਦੇ ਹੋਣ। ਸੰਨ 1947 ਈਸਵੀ ਦੀ ਦੇਸ਼ ਵੰਡ ਤੋਂ ਪਹਿਲਾਂ ਸਿੰਧ ਪ੍ਰਾਂਤ ਵਿਚ ਅਜਿਹੇ ‘ਸਹਿਜਧਾਰੀ ਹਿੰਦੂ ’ ਵੱਡੀ ਗਿਣਤੀ ਵਿਚ ਵੱਸੇ ਹੋਏ ਸਨ। ਪਰੰਤੂ 1947 ਈਸਵੀ ਤੋਂ ਬਾਦ ਇਹ ਭਾਈਚਾਰਾ ਖਿੰਡ-ਪੁੰਡ ਗਿਆ ਅਤੇ ਹੁਣ ਤਕ ਇਹ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ।)
3.ਉਨ੍ਹੀਵੀਂ ਸਦੀ ਤੋਂ ਲੈਕੇ ਅਨੇਕ ਡੇਰਾ-ਨੁਮਾ ਸੰਪਰਦਾਵਾਂ ਹੋਂਦ ਵਿਚ ਆ ਗਈਆਂ ਹਨ ਜੋ ਉਪਰੋਂ-ਉਪਰੋਂ ਸਿਖ ਜੱਥੇਬੰਦੀਆਂ ਹੋਣ ਦਾ ਵਿਖਾਵਾ ਕਰਦੀਆਂ ਹਨ ਪਰੰਤੂ ਅੰਦਰੋ-ਅੰਦਰੀ ਸਿਖ ਵਿਰੋਧੀ ਮਾਨਤਾਵਾਂ ਦੀ ਸਥਾਪਤੀ ਲਈ ਯਤਨਸ਼ੀਲ ਹਨ। ਪੰਜਾਬ ਅਤੇ ਪੰਜਾਬੋਂ ਬਾਹਰ ਸਥਾਪਤ ਅਜਿਹੀਆਂ ਸੰਪਰਦਾਵਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਜਿਹਨਾਂ ਵਿੱਚੋਂ ਪ੍ਰਮੁੱਖ ਹਨ ਨਾਮਧਾਰੀ ਸਮਾਜ, ਰਾਧਾਸੁਆਮੀ ਸਤਿਸੰਗ, ਸੰਤ ਨਿਰੰਕਾਰੀ ਮਿਸ਼ਨ, ਡੇਰਾ ਵਡਭਾਗ ਸਿੰਘ, ਗੋਬਿੰਦ ਸਦਨ ਦਿੱਲੀ, ਹਰਭਜਨ ਸਿੰਘ ਯੋਗੀ ਵੱਲੋਂ ਅਮਰੀਕਾ ਵਿਚ ਵਿਦੇਸ਼ੀਆਂ ਲਈ ਚਲਾਈ ਗਈ
3HO ਸੰਸਥਾ, ਵੱਖ-ਵੱਖ ਸੰਤ-ਬਾਬਿਆਂ ਦੇ ਡੇਰੇ ਅਤੇ ਠਾਠਾਂ ਜਿਵੇਂ ਨਾਨਕਸਰੀਏ, ਕਲੇਰਾਂ ਵਾਲੇ, ਰਾੜੇ ਵਾਲੇ, ਰਤਵਾੜੇ ਵਾਲੇ ਆਦਿਕ, ਅਸਿੱਧੇ ਤੌਰ ਤੇ ਡੇਰਾ ਸੱਚਾ-ਸੌਦਾ ਸਿਰਸਾ ਅਤੇ ਆਰ.ਐਸ. ਐਸ. ਵੱਲੋਂ ਸਥਾਪਤ ਕੀਤੀ ਹੋਈ ‘ਰਾਸ਼ਟਰੀ ਸਿਖ ਸੰਗਤ ’।
4.ਵੀਹਵੀਂ ਸਦੀ ਈਸਵੀ ਦੇ ਦੂਸਰੇ ਅੱਧ ਦੇ ਸਮੇਂ ਤੋਂ ਆਪਣੇ-ਆਪ ਨੂੰ ‘ਜਾਗਰੂਕ’ ਅਖਵਾਉਣ ਵਾਲੀਆਂ ਕੁਝ ਧਿਰਾਂ ਵੀ ਕਾਰਜਸ਼ੀਲ ਹੋਈਆ ਹਨ ਜਿਹਨਾਂ ਨੂੰ ਅੱਗੇ ਤਿੰਨ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ।
i.ਪਹਿਲੀ ਸ਼ਾਖਾ ਵਿਚ ਉਹ ਬੁੱਧੀਜੀਵੀ ਅਤੇ ਲੇਖਕ ਸੱਜਣ ਸ਼ਾਮਲ ਹਨ ਜੋ ਸਾਰੇ ਦੇ ਸਾਰੇ ਸਿੰਘ ਸਭਾ ਲਹਿਰ ਦੇ ਭਾਈ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੂੰ ਆਪਣੇ ਰੋਲ-ਮਾਡਲ ਬਣਾ ਕੇ ‘ਸਿਖ ਧਰਮ’ ਦਾ ਸੁਧਾਰ ਕਰਨ ਦੇ ਮਨਸ਼ੇ ਨਾਲ ਮੈਦਾਨ ਵਿਚ ਉੱਤਰੇ ਹਨ ਅਤੇ ਆਪਣੀਆਂ ਲਿਖਤਾਂ ਅਤੇ ਕਥਾਕਾਰੀ ਰਾਹੀਂ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ। ਇਹਨਾਂ ਵਿੱਚੋਂ ਕਈਆਂ ਨੇ ਇੰਟਰਨੈਟ ਉੱਤੇ ਆਪਣੇ ਵੈਬਸਾਈਟ ਵੀ ਚਲਾ ਰੱਖੇ ਹਨ ਅਤੇ ਕਈ ਸੱਜਣ ਆਪਣੇ ਮੈਗਜ਼ੀਨ/ਰਸਾਲੇ/ਅਖਬਾਰ ਵੀ ਕੱਢਦੇ ਹਨ।
ii.ਦੂਸਰੀ ਸ਼ਾਖਾ ਉਹਨਾਂ ਪੇਸ਼ਾਵਰ ਲੋਕਾਂ ਦੀ ਹੈ ਜੋ ਪਰਚਾਰਕਾਂ, ਕਥਾ-ਵਾਚਕਾਂ, ਢਾਡੀਆਂ, ਕਵੀਸ਼ਰਾਂ ਅਤੇ ਕੀਰਤਨੀਆਂ ਦੇ ਤੌਰ ਤੇ ਕਾਰਜ ਕਰਦੇ ਹਨ ਪਰੰਤੂ ਆਪਣਾ ਲਹਿਜਾ ਸੁਧਾਰਕਾਂ ਵਾਲਾ ਰੱਖਦੇ ਹੋਏ ਉੱਪਰ ਦਰਸਾਈ ਧਿਰ ਵਾਲਾ ਕਾਰਜ ਆਪਣੇ-ਆਪਣੇ ਢੰਗ ਨਾਲ ਕਰਨ ਦਾ ਵਿਖਾਵਾ ਕਰਦੇ ਹਨ। ਇਹਨਾਂ ਵਿਚ ਪ੍ਰਮੁੱਖ ਤੌਰ ਤੇ ਅਜਿਹੇ ਪਰਚਾਰਕ/ਕਥਾ-ਵਾਚਕ ਸ਼ਾਮਲ ਹਨ ਜਿਹਨਾਂ ਨੇ ਅਖੰਡ-ਕੀਰਤਨ ਜੱਥੇ, ਦਮਦਮੀ ਟਕਸਾਲ ਅਤੇ ਮਿਸ਼ਨਰੀ ਕਾਲਜਾਂ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਪਰਾਪਤ ਕੀਤੀ ਹੋਈ ਹੈ।
iii.ਤੀਸਰੀ ਸ਼ਾਖਾ ਉਹਨਾਂ ਸੁਧਾਰਕਾਂ ਦੀ ਹੈ ਜੋ ਆਪਣੇ-ਆਪ ਨੂੰ ‘ਅੱਪਗ੍ਰੇਡ’
(upgrade ਭਾਵ advanced) ਅਖਵਾਉਂਦੇ ਹਨ। ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਹਰਨੇਕ ਸਿੰਘ ਨਿਊਜ਼ੀਲੈਂਡ ਇਸ ਸੁਧਾਰਕ ਸ਼ਾਖ ਦੇ ਆਗੂ ਹਨ ਅਤੇ ਉਹ ਸਿੰਘਸਭੀਆਂ ਤੋਂ ਅੱਗੇ ਜਾਂਦੇ ਹੋਏ ਯੂਰਪ ਵਿਚ ਸੋਲ੍ਹਵੀਂ ਸਦੀ ਈਸਵੀ ਦੌਰਾਨ ਕਾਰਜਸ਼ੀਲ ਰਹੇ ਇਸਾਈ ਸੁਧਾਰਕ ਮਾਰਟਿਨ ਲੂਥਰ ਨੂੰ ਆਪਣਾ ਰੋਲ-ਮਾਡਲ ਬਣਾਉਂਦੇ ਹਨ। ਉਹਨਾਂ ਦਾ ਨਿਸ਼ਾਨਾ ਹੈ ਕਿ ਇਸਾਈ ਮੱਤ ਦੀ ਪ੍ਰੋਟੈਸਟੈਂਟ (Protestant) ਸ਼ਾਖ ਵਾਂਗ ਪ੍ਰੰਪਰਾਗਤ ਸਿਖ ਧਰਮ ਦੇ ਵਿੱਚੋਂ ਹੀ ਇਕ ਨਵੀਂ ਸ਼ਾਖ ਖੜ੍ਹੀ ਕਰਨ ਦਾ ਸਿਹਰਾ ਪਰਾਪਤ ਕੀਤਾ ਜਾਵੇ। ਸੰਨ 2010 ਈਸਵੀ ਦੇ ਆਸ-ਪਾਸ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਬਾਬਿਆਂ ਵਾਲੀ ਭੂਮਿਕਾ ਨੂੰ ਅਲਵਿਦਾ ਕਹਿ ਕੇ ਸਿਖ ਭਾਈਚਾਰੇ ਵਿਚ ‘ਜਾਗਰੂਕ’ ਸੁਧਾਰਕ ਦਾ ਕਾਰਜ ਅਪਣਾਉਣ ਦਾ ਐਲਾਨ ਕਰ ਦਿੱਤਾ ਅਤੇ ਏਸੇ ਹੀ ਸਮੇਂ ਹਰਨੇਕ ਸਿੰਘ ਨੇ ਨਿਊਜ਼ੀਲੈਂਡ ਦੀ ਧਰਤੀ ਤੋਂ ਸੰਚਾਲਕ ਦੇ ਤੌਰ ਤੇ ‘ਰੇਡੀਓਵਿਰਸਾ NZ’ ਚਾਲੂ ਕੀਤਾ। ਇਹਨਾਂ ਦੋਵਾਂ ਵਿਅਕਤੀਆਂ ਨੇ ਆਪਣਾ ਗੱਠ-ਜੋੜ ਪੈਦਾ ਕਰ ਲਿਆ ਅਤੇ ਇਹ ਗੱਠ-ਜੋੜ ਪਰੰਪਰਾਗਤ ਸਿਖ ਧਰਮ ਵਿੱਚੋਂ ਇਕ ਨਵੀਂ ਸ਼ਾਖ ਖੜ੍ਹੀ ਕਰਨ ਦੇ ਇਸ ਏਜੰਡੇ ਉੱਤੇ ਬੜੇ ਯੋਜਨਾ-ਬੱਧ ਢੰਗ ਨਾਲ ਕੰਮ ਕਰਦਾ ਆ ਰਿਹਾ ਹੈ।

ਪਰੰਤੂ ਇਹਨਾਂ ਤਿੰਨਾਂ ‘ ਜਾਗਰੂਕ’ ਧਿਰਾਂ ਵਿਚ ਸ਼ਾਮਲ ਵਿਦਵਾਨ ਸੁਧਾਰਕ ਆਪ ਹੀ ਦੁਬਿਧਾ ਦੇ ਸ਼ਿਕਾਰ ਹਨ। ਆਪਣੇ-ਆਪ ਨੂੰ ਸੰਪਰਦਾਈ ਸਿੱਖਾਂ ਦੇ ਤੌਰ ਤੇ ਪੇਸ਼ ਕਰਦੇ ਹੋਏ ਉਹ ਆਪਣਾ ਪੂਰਾ ਜ਼ੋਰ ਆਪਣੀ ਸਮਝ ਵਿਚ ਆਏ ‘ਗੁਰਮੱਤ ਦੇ ਸਿਧਾਂਤ’ ਦੀ ਵਿਆਖਿਆ ਕਰਨ ਅਤੇ ਪਰਚਲਤ ‘ ਸੰਪਰਦਾਈ ਸਿਖ ਧਰਮ ’ ਦੀਆਂ ਗੁਰਮੱਤ ਪੱਖੋਂ ਨਜ਼ਰ ਆਉਂਦੀਆਂ ਤਰੁੱਟੀਆਂ ਉੱਤੇ ਨਿਸ਼ਾਨਾ ਸਾਧਣ ਉੱਤੇ ਲਗਾਉਂਦੇ ਹਨ। ਉਹ ਇਹ ਨਹੀਂ ਸਮਝਦੇ ਕਿ ਕਿਸੇ ਵੀ ਸੰਪਰਦਾਈ ਧਰਮ ਦਾ ਕਦੀ ਕੋਈ ਤਰਕ-ਅਧਾਰਿਤ ਸੁਧਾਰ ਨਹੀਂ ਹੋਇਆ ਕਰਦਾ। ਸੁਧਾਰ ਦੀ ਲੋੜ ਤਾਂਹੀ ਪੈਣੀ ਸੀ ਜੇਕਰ ਗੁਰੂ ਨਾਨਕ ਜੀ ਜਾਂ ਉਹਨਾਂ ਦੇ ਉੱਤਰਅਧਿਕਾਰੀਆਂ ਨੇ ਕੋਈ ਮਜ਼ਹਬ ਚਲਾਇਆ ਹੁੰਦਾ ਅਤੇ ਆਧੁਨਿਕ ਸਮੇਂ ਦੀਆਂ ਲੋੜਾਂ ਮੁਤਾਬਿਕ ਉਸ ਵਿਚ ਕੁਝ ਤਬਦੀਲੀਆਂ ਲਿਆਉਣਾ ਜ਼ਰੂਰੀ ਹੋ ਜਾਂਦਾ। ਮੁੱਢਲਾ ਮਸਲਾ ‘ ਸਿਖ ਧਰਮ ’ ਦੇ ਸੁਧਾਰ ਦਾ ਨਹੀਂ ਸਗੋਂ ਇਹ ਸਮਝਣ ਦਾ ਹੈ ਕਿ ਅਠਾਰ੍ਹਵੀ ਸਦੀ ਈਸਵੀ ਵਿਚ ਪੈਦਾ ਕਰਕੇ ਗੁਰੂ ਸਾਹਿਬਾਨ ਦੇ ਨਾਮ ਉੱਤੇ ਮੜ੍ਹੇ ਗਏ ਇਸ ਹਿੰਦੂ ਵੰਨਗੀ ਦੇ ਮਜ਼ਹਬ ਨੂੰ ਸੁਧਾਰਨ ਦੀ ਬਜਾਇ ਮੁੱਢੋਂ ਹੀ ਨਕਾਰ ਦਿੱਤੇ ਜਾਣ ਦੀ ਲੋੜ ਹੈ। ਪਰੰਤੂ ਕਿਸੇ ਚੀਜ਼/ਸੰਸਥਾ ਨੂੰ ਸੁਧਾਰਨ ਬਾਰੇ ਸੋਚਣ ਦਾ ਸਿੱਧਾ ਅਰਥ ਹੈ ਪਹਿਲਾਂ ਉਸ ਨੂੰ ਮਾਨਤਾ ਦੇਣੀ। ਇਸ ਤਰ੍ਹਾਂ ਇਹ ‘ਜਾਗਰੂਕ’ ਅਖਵਾਉਂਦੇ ਤਿੰਨਾਂ ਵੰਨਗੀਆਂ ਦੇ ਸੁਧਾਰਕ ਦੂਜਿਆਂ ਨੂੰ ਤਾਂ ਗੁਰਮੱਤ ਦਾ ਪਾਠ ਪੜ੍ਹਾਉਂਦੇ ਨਹੀਂ ਥੱਕਦੇ ਪਰੰਤੂ ਉਹ ਭੁੱਲ ਜਾਂਦੇ ਹਨ ਕਿ ਉਹ ਆਪ ਹੀ ‘ਸਿਖ ਧਰਮ’ ਨੂੰ ਮਾਨਤਾ ਦਿੰਦੇ ਹੋਏ ਗੁਰਮੱਤ ਵੱਲੋਂ ਮੂੰਹ ਮੋੜੀ ਬੈਠੇ ਹਨ ਅਤੇ ਇਸ ਨਾਲ ਉਹਨਾਂ ਸਾਰਿਆਂ ਉੱਤੇ ਗੁਰੂ ਸਾਹਿਬਾਨ ਪ੍ਰਤੀ ਗੰਭੀਰ ਅਵੱਗਿਆ ਦਾ ਦੋਸ਼ ਸਾਬਤ ਹੁੰਦਾ ਹੈ।

ਸਿਖ ਸੰਪਰਦਾਈ ਧਰਮ ਵਿਚ ਸ਼ਾਮਲ ਸੰਸਥਾਵਾਂ ਆਮ ਕਰਕੇ ਇਸ ਵਿਚਲੇ ਦੂਸਰੇ ਵਰਗਾਂ ਨਾਲ ਟਕਰਾਓ ਦੀ ਸਥਿਤੀ ਪੈਦਾ ਕਰਨ ਤੋਂ ਗੁਰੇਜ਼ ਕਰਦੀਆਂ ਹਨ ਪਰੰਤੂ ਦੋ ਜੱਥੇਬੰਦੀਆਂ ਨੇ ਸਿਖ ਭਾਈਚਾਰੇ ਦਾ ਮਾਹੌਲ ਕਾਫੀ ਤਨਾਅ-ਪੂਰਨ ਬਣਾ ਛੱਡਿਆ ਹੈ। ਇਹਨਾਂ ਵਿੱਚੋਂ ਇਕ ਤਾਂ ਕੱਟੜ ਜੱਥੇਬੰਦੀ ਦਮਦਮੀ ਟਕਸਾਲ ਹੈ ਜਿਸ ਨਾਲ ਸਬੰਧਤ ਲੋਕਾਂ ਦਾ ਵਤੀਰਾ ਸਿਖ ਭਾਈਚਾਰੇ ਦੇ ਅਤੇ ਬਾਹਰ ਦੇ ਲੋਕਾਂ ਪ੍ਰਤੀ ਹਿੰਸਕ ਰੂਪ ਅਖ਼ਤਿਆਰ ਕਰਨ ਦਾ ਹੈ। ਦੂਸਰੇ ਪਾਸੇ ‘ਅੱਪਗ੍ਰੇਡ’ ਅਖਵਾਉਣ ਵਾਲੀ ਧਿਰ ਇਕ-ਟੱਕ ਸਾਰੀਆਂ ਹੀ ਪ੍ਰੰਪਰਾਗਤ ਅਤੇ ਜਾਗਰੂਕ ਧਿਰਾਂ ਪ੍ਰਤੀ ਵਿਰੋਧਤਾ ਵਾਲਾ ਵਤੀਰਾ ਵਿਖਾ ਰਹੀ ਹੈ ਅਤੇ ਇਹ ਵਤੀਰਾ ਟਕਸਾਲੀਆਂ ਦੇ ਵਤੀਰੇ ਨਾਲੋਂ ਭਿੰਨ ਨਹੀਂ ਕਿਹਾ ਜਾ ਸਕਦਾ, ਆਗੂਆਂ ਦੀ ਪੱਧਰ ਉੱਤੇ ਵੀ ਅਤੇ ਪੈਰੋਕਾਰਾਂ ਦੇ ਪੱਧਰ ਉੱਤੇ ਵੀ। ਅਤੀ-ਆਧੁਨਿਕ ਸਟੇਜ ਅਤੇ ਰੇਡੀਓ/ਟੀਵੀ ਮਾਧਿਅਮ ਦੀ ਵਰਤੋਂ ਕਰਦੇ ਹੋਏ ‘ਅੱਪਗ੍ਰੇਡ’ ਆਗੂ ਕਾਫੀ ਵੱਡੀ ਗਿਣਤੀ ਵਿਚ ਸਰੋਤਾ-ਵਰਗ ਪੈਦਾ ਕਰ ਚੁੱਕੇ ਹੋਏ ਹਨ। ਵੇਖਣ ਨੂੰ ਤਾਂ ਇਹ ਆਗੂ ਬੜੀਆਂ ਤਰਕਅਧਾਰਿਤ ਅਤੇ ਅਗਾਂਹਵਧੂ ਗੱਲਾਂ ਕਰਦੇ ਸੁਣਾਈ ਦਿੰਦੇ ਹਨ ਪਰੰਤੂ ਉਹ ਬਾਬਾਗੀਰੀ, ਕਰਮ-ਕਾਂਡ ਅਤੇ ਵਿਖਾਵੇ ਨੂੰ ਪੂਰੀ ਤਰ੍ਹਾਂ ਨਹੀਂ ਤਿਆਗ ਰਹੇ। ਇਸ ਧਿਰ ਦੇ ਆਗੂ ਅਤੇ ਉਹਨਾਂ ਦੇ ਚੇਲੇ ਵਿਸ਼ੇਸ਼ ਕਰਕੇ ਵਿਦਵਾਨਾਂ ਨੂੰ, ਅਤੇ ਉਹ ਵੀ ਥੋਕ ਵਿਚ, ਨਿਸ਼ਾਨਾ ਬਣਾਉਂਦੇ ਹਨ ਜਦੋਂ ਕਿ ਆਪ ਉਹ ਵਿਦਵਾਨਾਂ ਦੀਆਂ ਲਿਖਤਾਂ ਪੜ੍ਹ ਕੇ ਹੀ ਆਪਣੇ ਵਖਿਆਨ ਪੇਸ਼ ਕਰਦੇ ਹਨ। ਉਹਨਾਂ ਦਾ ਲਹਿਜਾ ਉਸ ਵੇਲੇ ਕੁਰੱਖਤ ਅਤੇ ਗਾਲੀਗਲੋਚ ਵਾਲਾ ਹੋ ਜਾਂਦਾ ਹੈ ਜਦੋਂ ਕਦੇ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੀ ਬੋਲ-ਚਾਲ ਦੇ ਵਾਰ ਤਿੱਖੇ ਹਥਿਆਰਾਂ ਨਾਲੋਂ ਵੀ ਵਧੇਰੇ ਹਿੰਸਕ ਪਰਤੀਤ ਹੁੰਦੇ ਹਨ। ਸਿੱਟੇ ਦੇ ਤੌਰ ਤੇ ਕੋਈ ਸਿਹਤਮੰਦ ਪਰੰਪਰਾ ਖੜ੍ਹੀ ਕਰਨ ਦੀ ਬਜਾਇ ‘ ਅਪਗ੍ਰੇਡ ’ ਧਿਰ ਵੀ ਸਭਿਆਚਾਰਕ ਪ੍ਰਦੂਸ਼ਣ ਹੀ ਫੈਲਾਉਂਦੀ ਨਜ਼ਰ ਆਉਂਦੀ ਹੈ। ਉਹਨਾਂ ਵੱਲੋਂ ਪਰਚਾਰੇ ਜਾਂਦੇ ਕਈ ਸੰਕਲਪ ਤਰਕ-ਅਧਾਰਿਤ ਨਹੀਂ ਅਤੇ ਨਾ ਹੀ ਇਹ ਗੁਰਬਾਣੀ ਦੇ ਆਸ਼ੇ ਦੇ ਅਨੁਸਾਰੀ ਹਨ ਜਿਵੇਂ, ਉਦਾਹਰਨ ਦੇ ਤੌਰ ਤੇ, ਕੁਦਰਤ ਨੂੰ ਰੱਬ ਕਹਿਣਾ, ਧਰਮ-ਤੰਤਰ ਨੂੰ ਸਿੱਧੇ ਤੌਰ ਤੇ ਨਕਾਰਨ ਦਾ ਹੌਸਲਾ ਵਿਖਾਉਣ ਦੀ ਬਜਾਇ ਕੇਵਲ ‘ਪੁਜਾਰੀ’ ਨੂੰ ਹੀ ਭੰਡੀ ਜਾਣਾ ਆਦਿਕ।

ਕੁੱਲ ਮਿਲਾ ਕੇ ਸਿਖ ਭਾਈਚਾਰਾ ਅੱਧੋਗਤੀ ਦੀ ਅਵਸਥਾ ਵਿੱਚੋਂ ਗੁਜ਼ਰ ਰਿਹਾ ਹੈ। ਇਸ ਅਵਸਥਾ ਵਿੱਚੋਂ ਉਪਜ ਰਹੀ ਘੋਰ ਨਿਰਾਸ਼ਾ ਕਰਕੇ ‘ ਸੰਪਰਦਾਈ ਸਿਖ ਧਰਮ’ ਵਿਚ ਸ਼ਾਮਲ ਕਈ ਵਿਅਕਤੀ ਇਸ ਮਜ਼ਹਬ ਨੂੰ ਤਿਲਾਂਜਲੀ ਦੇਈ ਜਾ ਰਹੇ ਹਨ। ਦੂਸਰੇ ਪਾਸੇ ਇੱਕੀਵੀਂ ਸਦੀ ਈਸਵੀ ਦੇ ਤੀਸਰੇ ਦਹਾਕੇ ਵਿਚ ਭਾਰਤ ਨੂੰ ਮਿਲੀ ਸਰਕਾਰ ਪਰਤੱਖ ਤੌਰ ਤੇ ਆਰ.ਐਸ.ਐਸ.ਦੇ ਕੰਟਰੋਲ ਹੇਠ ਹੈ। ਆਰ.ਐਸ.ਐਸ. ਇਕ ਹਿੰਦੁਤੱਵਵਾਦੀ ਜੱਥੇਬੰਦੀ ਹੈ ਜਿਸ ਦਾ ਨਿਸ਼ਾਨਾ ਬੁੱਧ ਅਤੇ ਜੈਨ ਧਰਮਾਂ ਵਾਂਗ ‘ ਸੰਪਰਦਾਈ ਸਿਖ ਧਰਮ ’ ਨੂੰ ਵੀ ਹਿੰਦੂ ਫਿਰਕੇ ਵਿਚ ਜਜ਼ਬ ਕਰ ਲੈਣ ਦਾ ਹੈ। ਸੰਪਰਦਾਈ ਸਿੱਖਾਂ ਵੱਲੋਂ ਆਮ ਕਰਕੇ ਕੀਤਾ ਜਾਂਦਾ ਆਪਣੇ ਫਿਰਕੇ ਦੇ ‘ ਨਿਵੇਕਲਾ ’ ਹੋਣ ਦਾ ਦਾਵਾ ਹੁਣ ਤਕ ਇਕ ਭੁਲੇਖੇ ਵਿਚ ਬਦਲ ਚੁੱਕਾ ਹੋਇਆ ਹੈ ਕਿਉਂਕਿ ਪਰਤੱਖ ਤੌਰ ਤੇ ਉਹ ‘ਹਿੰਦੂ’ ਬਣੇ ਹੋਏ ਹੀ ਨਜ਼ਰ ਆਉਂਦੇ ਹਨ। ਆਰ.ਐਸ.ਐਸ. ਕੇਵਲ ਇਸ ਯੋਜਨਾ ਤੇ ਕੰਮ ਕਰ ਰਹੀ ਹੈ ਕਿ ਦੋ ਕੁ ਦਹਾਕਿਆਂ ਦੇ ਸਮੇਂ ਤੋਂ ਬਾਦ ਭਾਰਤ ਵਿਚ ‘ ਸਿੱਖੀ ’ ਸਰੂਪ ਵਾਲਾ ਕੋਈ ਵੀ ਐਸਾ ਵਿਅਕਤੀ ਨਾ ਹੋਵੇ ਜੋ ਇਹ ਕਹਿਣ ਦਾ ਹੌਸਲਾ ਕਰ ਸਕੇ ਕਿ " ਹਮ ਹਿੰਦੂ ਨਹੀਂ "।

ਮਾਨਵਵਾਦੀ ਧਿਰ

ਪਿਛਲੇ ਇਕ ਦਹਾਕੇ ਦੇ ਸਮੇਂ ਤੋਂ ਉੱਪਰ ਦਰਸਾਈਆਂ ਸਾਰੀਆਂ ਧਿਰਾਂ ਤੋਂ ਬਿਲਕੁਲ ਵੱਖਰੀ ਇਕ ਧਿਰ ਉੱਭਰ ਕੇ ਸਾਹਮਣੇ ਆਈ ਹੈ ਜੋ ਗੁਰਬਾਣੀ ਨੂੰ ਆਪਣੀ ਕਾਰਜ-ਯੋਜਨਾ ਦਾ ਅਧਾਰ ਬਣਾਉਂਦੀ ਹੈ ਅਤੇ ਇਸ ਦੇ ਸੰਦੇਸ਼ ਨੂੰ ਪਰਚਾਰਨ ਦੇ ਕਾਰਜ ਨੂੰ ਸਮਰਪਿਤ ਹੇ। ਪਰੰਤੂ ਇਸ ਧਿਰ ਦੀ ਕਾਰਜ-ਸ਼ੈਲੀ ਜਾਗਰੂਕ ਧਿਰਾਂ ਤੋਂ ਵੀ ਬਿਲਕੁਲ ਵੱਖਰੀ ਕਿਸਮ ਦੀ ਹੈ। ਇਹ ਇਕ ਮਾਨਵਵਾਦੀ ਧਿਰ ਹੈ ਜੋ ਨਾਨਕ ਮਿਸ਼ਨ (ਰਜਿਟਡ.) ਸੰਸਥਾ ਰਾਹੀਂ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ-ਦਫਤਰ ਲੁਧਿਆਣਾ ਵਿਖੇ ਸਥਿਤ ਹੈ। ਇਹ ਧਿਰ ਐਲਾਨੀਆਂ ਤੌਰ ਤੇ ‘ਸੰਪਰਦਾਈ ਸਿਖ ਧਰਮ’ ਨੂੰ ਨਕਾਰਦੀ ਹੈ ਕਿਉਂਕਿ ਇਹ ਸਮਝਦੀ ਹੈ ਕਿ ਗੁਰੂ ਨਾਨਕ ਜੀ ਨੇ ਕੋਈ ਮਜ਼ਹਬ ਚਾਲੂ ਨਹੀਂ ਕੀਤਾ ਸੀ। ਇਹ ਧਿਰ ਇਹ ਵੀ ਮੰਨਦੀ ਹੈ ਕਿ ਗੁਰੂ ਨਾਨਕ ਜੀ ਨੇ, ਅਸਲ ਵਿਚ, ਮਾਨਵਵਾਦ ਦੀ ਲਹਿਰ ਚਲਾਈ ਸੀ। ਮਾਨਵਵਾਦ ਮੁਕੰਮਲ ਤੌਰ ਤੇ ਧਰਮ-ਨਿਰਪੇਖ ਵਿਚਾਰਧਾਰਾ ਹੈ ਜੋ ਤਰਕਸ਼ੀਲਤਾ ਅਧਾਰਿਤ ਜੀਵਨ ਜਾਚ ਨੁੰ ਅਪਣਾਉਣ ਤੇ ਜ਼ੋਰ ਦਿੰਦੀ ਹੈ। ਅਜੋਕੇ ਸਮੇਂ ਵਿਚ ਮਾਨਵਵਾਦ ਦੀ ਲਹਿਰ ਅੰਤਰਰਾਸ਼ਟਰੀ ਪੱਧਰ ਉੱਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਤੋਂ ਉੱਠੀ ਹੈ। ਇਹ ਸਵਾਲ ਉੱਠਣਾ ਕੁਦਰਤੀ ਹੈ ਕਿ ਜੇਕਰ ਮਾਨਵਵਾਦੀ ਧਿਰ ਧਰਮ-ਨਿਰਪੇਖ ਹੈ ਤਾਂ ਇਸ ਨੂੰ ਸੰਪਰਦਾਈ ਸਿਖ ਧਰਮ ਨਾਲ ਸਬੰਧਿਤ ਮਸਲਿਆਂ ਵਿਚ ਦਖਲ ਦੇਣ ਦੀ ਕੀ ਲੋੜ ਹੈ। ਇਸ ਸਬੰਧੀ ਮਾਨਵਵਾਦੀ ਧਿਰ ਦਾ ਉੱਤਰ ਹੈ ਕਿ
1. ਗੁਰੂ ਨਾਨਕ ਅਤੇ ਬਾਕੀ ਗੁਰੂ ਸਾਹਿਬਾਨ ਨੇ ਕੋਈ ਮਜ਼ਹਬ ਨਹੀਂ ਚਲਾਇਆ ਸੀ। ਇਸ ਲਈ ਇਹ ਧਿਰ ਆਪਣਾ ਇਤਰਾਜ਼ ਜ਼ਾਹਰ ਕਰਦੀ ਹੈ ਕਿ ‘ ਸੰਪਰਦਾਈ ਸਿਖ ਧਰਮ ’ ਰਾਹੀਂ ਗੁਰੂ ਸਾਹਿਬਾਨ ਨੂੰ ਮਜ਼ਹਬ ਦੇ ਮੁਦੱਈਆਂ ਦੇ ਰੂਪ ਵਿਚ ਪਰਗਟ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਨਾਮ ਨਾਲ ਇਕ ਵਿਸ਼ੇਸ਼ ਮਜ਼ਹਬ ਨੂੰ ਜੋੜਿਆ ਜਾ ਰਿਹਾ ਹੈ।
2. ਗੁਰੂ ਸਾਹਿਬਾਨ ਨੇ ਮਾਨਵਵਾਦ ਦੀ ਇਕ ਲਹਿਰ ਚਲਾਈ ਸੀ ਜੋ ਦਸ ਗੁਰੂ ਸਾਹਿਬਾਨ ਦੀ ਅਗਵਾਈ ਵਿਚ ਦੋ ਸਦੀਆਂ ਤੋਂ ਵੱਧ ਸਮੇਂ ਲਈ ਚੱਲੀ ਸੀ। ਮਾਨਵਵਾਦੀ ਧਿਰ ਦਾ ਯਤਨ ਹੈ ਕਿ ਗੁਰੂ ਸਾਹਿਬਾਨ ਦੇ ਮਾਨਵਵਾਦ ਪ੍ਰਤੀ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਪਰਦਾਨ ਹੋਵੇ ਅਤੇ ਗੁਰੂ ਨਾਨਕ ਨੂੰ ਸੰਸਾਰ ਪੱਧਰ ਉੱਤੇ ਮਾਨਵਵਾਦ ਦੇ ਮੋਢੀ ਦਾ ਦਰਜਾ ਦਿਲਵਾਇਆ ਜਾਵੇ।
3. ਮਾਨਵਵਾਦੀ ਧਿਰ ਦਾ ਯਤਨ ਹੈ ਕਿ ਆਪਣੇ-ਆਪ ਨੂੰ ਗੁਰੂ ਸਾਹਿਬਾਨ ਦੇ ਪੈਰੋਕਾਰ ਅਖਵਾਉਣ ਵਾਲੇ ਲੋਕ ਗੁਰੂ ਸਾਹਿਬਾਨ ਦੇ ਨਾਮ ਉੱਤੇ ਇਕ ਫਿਰਕਾ ਬਣਾਈ ਰੱਖਣ ਦੀ ਬਜਾਇ ਅੰਤਰ-ਰਾਸ਼ਟਰੀ ਪੱਧਰ ਉੱਤੇ ਚੱਲ ਰਹੀ ਮਾਨਵਵਾਦ ਦੀ ਲਹਿਰ ਦਾ ਹਿੱਸਾ ਬਣਨ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਨੂੰ ਪੁਨਰ-ਸੁਰਜੀਤ ਕਰਨ ਦੇ ਸੁਹਿਰਦ ਅਤੇ ਭਰਪੂਰ ਯਤਨ ਕੀਤੇ ਜਾਣ।

ਇਹਨਾਂ ਤਿੰਨ ਨੁਕਤਿਆਂ ਨੂੰ ਸਾਹਮਣੇ ਰੱਖਦੇ ਹੋਏ ਮਾਨਵਵਾਦੀ ਧਿਰ ਦਾ ਯਤਨ ਹੈ ਕਿ ਸੰਪਰਦਾਈ ਸਿਖ ਭਾਈਚਾਰੇ ਦੇ ਲੋਕ ਵੀ ਇਸ ਸਥਿਤੀ ਨੂੰ ਗੰਭੀਰਤਾ ਨਾਲ ਪਛਾਨਣ।

ਸਮੁੱਚੀ ਸਥਿਤੀ ਨੂੰ ਸਾਹਮਣੇ ਰੱਖਦੇ ਹੋਏ ਸੰਪਰਦਾਈ ਸਿਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਸ ਵਿਚ ਸ਼ਾਮਲ ਲੋਕ ਆਪਣੇ ਸੰਪਰਦਾਈ ਖਾਸੇ ਨੂੰ ਤਿਆਗਦੇ ਹੋਏ ਅਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਸ਼ੁਧ ਮਾਨਵਵਾਦੀ ਬਣਨ ਅਤੇ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਨੂੰ ਪੁਨਰ-ਸੁਰਜੀਤ ਕਰਨ ਵਿਚ ਆਪਣਾ ਯੋਗਦਾਨ ਪਾਉਣ। ਏਹੀ ਇੱਕੋ-ਇਕ ਤਰੀਕਾ ਹੈ ਜਿਸ ਰਾਹੀਂ ਇਸ ਭਾਈਚਾਰੇ ਨੂੰ ਅੱਧੋਗਤੀ ਦੀ ਅਵਸਥਾ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।
(ਸਮਾਪਤ)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ ।




.