.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅਠਾਰ੍ਹ੍ਹ੍ਰਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਸਤਾਰਾਂ ਭਾਗ ਵੀ ਪੜੋ ਜੀ)

ਪਉੜੀ ਨੰ: ੮ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ॥ ਜੋ ਸਹਿ ਰਤੇ ਆਪਣੈ, ਤਿਨ ਤਨਿ ਲੋਭ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ, ਲੋਭ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ॥ ੧ 

ਮਃ ੩॥ ਰਾਮਕਲੀ ਰਾਮੁ ਮਨਿ ਵਸਿਆ, ਤਾ ਬਨਿਆ ਸੀਗਾਰੁ॥ ਗੁਰ ਕੈ ਸਬਦਿ ਕਮਲੁ ਬਿਗਸਿਆ, ਤਾ ਸਉਪਿਆ ਭਗਤਿ ਭੰਡਾਰੁ॥ ਭਰਮੁ ਗਇਆ ਤਾ ਜਾਗਿਆ, ਚੂਕਾ ਅਗਿਆਨ ਅੰਧਾਰੁ॥ ਤਿਸ ਨੋ ਰੂਪੁ ਅਤਿ ਅਗਲਾ, ਜਿਸੁ ਹਰਿ ਨਾਲਿ ਪਿਆਰੁ॥ ਸਦਾ ਰਵੈ ਪਿਰੁ ਆਪਣਾ, ਸੋਭਾਵੰਤੀ ਨਾਰਿ॥ ਮਨਮੁਖਿ ਸੀਗਾਰੁ ਨ ਜਾਣਨੀ, ਜਾਸਨਿ ਜਨਮੁ ਸਭੁ ਹਾਰਿ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ, ਨਿਤ ਜੰਮਹਿ ਹੋਇ ਖੁਆਰੁ॥ ਸੈਸਾਰੈ ਵਿਚਿ ਸੋਭ ਨ ਪਾਇਨੀ, ਅਗੈ ਜਿ ਕਰੇ ਸੁ ਜਾਣੈ ਕਰਤਾਰੁ॥ ਨਾਨਕ ਸਚਾ ਏਕੁ ਹੈ, ਦੁਹੁ ਵਿਚਿ ਹੈ ਸੰਸਾਰੁ॥ ਚੰਗੈ ਮੰਦੈ ਆਪਿ ਲਾਇਅਨੁ, ਸੋ ਕਰਨਿ ਜਿ ਆਪਿ ਕਰਾਏ ਕਰਤਾਰੁ॥ ੨ 

ਮਃ ੩॥ ਬਿਨੁ ਸਤਿਗੁਰ ਸੇਵੇ, ਸਾਂਤਿ ਨ ਆਵਈ ਦੂਜੀ ਨਾਹੀ ਜਾਇ॥ ਜੇ ਬਹੁਤੇਰਾ ਲੋਚੀਐ, ਵਿਣੁ ਕਰਮਾ ਪਾਇਆ ਨ ਜਾਇ॥ ਅੰਤਰਿ ਲੋਭੁ ਵਿਕਾਰੁ ਹੈ, ਦੂਜੈ ਭਾਇ ਖੁਆਇ॥ ਤਿਨ ਜੰਮਣੁ ਮਰਣੁ ਨ ਚੁਕਈ, ਹਉਮੈ ਵਿਚਿ ਦੁਖੁ ਪਾਇ॥ ਜਿਨੀ ਸਤਿਗੁਰ ਸਿਉ ਚਿਤੁ ਲਾਇਆ, ਸੋ ਖਾਲੀ ਕੋਈ ਨਾਹਿ॥ ਤਿਨ ਜਮ ਕੀ ਤਲਬ ਨ ਹੋਵਈ, ਨਾ ਓਇ ਦੁਖ ਸਹਾਹਿ॥ ਨਾਨਕ ਗੁਰਮੁਖਿ ਉਬਰੇ, ਸਚੈ ਸਬਦਿ ਸਮਾਹਿ॥ ੩ 

ਪਉੜੀ॥ ਆਪਿ ਅਲਿਪਤੁ ਸਦਾ ਰਹੈ, ਹੋਰਿ ਧੰਧੈ ਸਭਿ ਧਾਵਹਿ॥ ਆਪਿ ਨਿਹਚਲੁ ਅਚਲੁ ਹੈ, ਹੋਰਿ ਆਵਹਿ ਜਾਵਹਿ॥ ਸਦਾ ਸਦਾ ਹਰਿ ਧਿਆਈਐ, ਗੁਰਮੁਖਿ ਸੁਖੁ ਪਾਵਹਿ॥ ਨਿਜ ਘਰਿ ਵਾਸਾ ਪਾਈਐ, ਸਚਿ ਸਿਫਤਿ ਸਮਾਵਹਿ॥ ਸਚਾ ਗਹਿਰ ਗੰਭੀਰੁ ਹੈ, ਗੁਰ ਸਬਦਿ ਬੁਝਾਈ॥ ੮ 

(ਪਉੜੀ ਨੰ: ੮ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਵਿਸ਼ੇਸ਼ ਧਿਆਣ ਯੋਗ:- ਰਾਮਕਲੀ ਰਾਗ ਵਿੱਚਲੀ ਮ: ਤੀਜੇ ਦੀ ਇਸ ਵਾਰ ਦੀ ਵਿਚਾਰ-ਅਧੀਨ ਅੱਠਵੀਂ ਪਉੜੀ ਨਾਲ ਸੰਬੰਧਤ ਦੂਜੇ ਸਲੋਕ ਅਤੇ ਪਉੜੀ ਦੀ ਵਿਚਾਰ ਕਰਣ ਤੋਂ ਪਹਿਲਾਂ "ਗੁਰਮੱਤ ਆਧਾਰਤ" ਕੁੱਝ ਵਿਸ਼ੇ, ਵਿਸ਼ੇਸ਼ ਧਿਆਣ ਮੰਗਦੇ ਹਨ। ਇਸ ਲਈ ਉਨ੍ਹਾਂ ਸੰਬੰਧਤ ਗੁਰਮੱਤ ਵਿਸ਼ਿਆਂ ਅਤੇ ਸਿਧਾਂਤਾਂ ਦੀ ਲੜੀ `ਚ ਅਸੀਂ ਗੁਰਮੱਤ ਸਿਧਾਂਤ ਨੰ: ੧, ੨, ੩, ੪ ਲੈ ਚੁੱਕੇ ਹਾਂ ਅਤੇ ਹੁਣ ਉਸ ਤੋਂ ਅੱਗੇ:-

ਗੁਰਮੱਤਸਿਧਾਂਤ (੫) - "ਜੀਵ-ਇਸਤ੍ਰੀਆਂ" ਬਨਾਮ ਨਾਰੀਆਂ ਅਤੇ ਪੁਰਖ? :- "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸਮੂਚੀ ਗੁਰਬਾਣੀ `ਚ "ਨਾਰੀ" ਅਤੇ "ਪੁਰਖ" ਵਾਲੀ ਸ਼ਬਦਾਵਲੀ ਸਾਧਾਰਨ ਅਰਥਾਂ ਤੋਂ ਇਲਾਵਾ ਉਸ ਇਕੋਇਕ "ਪ੍ਰਭੂ" ਲਈ (ੁ) ਔਂਕੜ ਨਾਲ ਇਕੱਲਾ ਲਫ਼ਜ਼ "ਪੁਰਖੁ" ਵੀ ਆਇਆ ਹੈ।

ਜਦਕਿ (ੁ) ਔਂਕੜ ਨਾਲ ਉਹ ਇਕੱਲਾ ਲਫ਼ਜ਼ "ਪੁਰਖੁ" ਉਸ ਇਕੋ-ਇਕ ਅਕਾਲਪੁਰਖ ਲਈ ਹੀ ਆਇਆ ਹੈ। ਉਹ "ਪੁਰਖੁ" -ਪ੍ਰਭੂ ਜਿਹੜਾ ਸੰਸਾਰ ਤਲ `ਤੇ ਨਰ ਹੋਣ ਜਾਂ ਮਾਦਾ, ਇਸਤ੍ਰੀਆਂ ਹੋਣ ਜਾਂ ਮਰਦ, ਸਮੂਚੀ ਮਨੁੱਖ ਜਾਤੀ ਸਮੇਤ ਸਮੂਚੀ ਰਚਨਾ `ਚ ਰਮਿਆ, ਸਮਾਇਆ, ਹੋਇਆ ਤੇ ਵਿਆਪਕ ਅਤੇ ਕਰਤਾ-ਪੁਰਖ ਵੀ ਉਹੀ ਹੈ

ਫ਼ਿਰ ਇਤਨਾ ਹੀ ਨਹੀਂ, ਉਸਦੇ ਨਾਲ-ਨਾਲ, ਗੁਰਬਾਣੀ ਅਨੁਸਾਰ ਅਸੀਂ ਸਾਰੇ ਭਾਵ ਸਮੂਚੀ ਮਾਨਵ ਜਾਤੀ ਉਸ ਇਕੋ-ਇਕ ਪ੍ਰਭੂ-ਪਤੀ ਦੀਆਂ ਜੀਵ ਇਸਤ੍ਰੀਆਂ ਹੀ ਹਾਂ।

ਇਸੇ ਲਈ ਸੰਸਾਰ ਤਲ `ਤੇ ਨਰ ਹੋਣ ਜਾਂ ਮਾਦਾ, ਇਸਤ੍ਰੀਆਂ ਭਾਵੇਂ ਮਰਦ, ਸਮੂਚੀ ਮਨੁੱਖ ਜਾਤੀ ਲਈ ਲਫ਼ਜ਼ ਉਸ ਇਕੋ-ਇਕ ਪ੍ਰਭੂ ਦੀਆਂ "ਸਹੇਲੀਆਂ" "ਨਾਰੀਆਂ", "ਦਾਸੀਆਂ" ਆਦਿ ਵੀ ਬੇਅੰਤ ਵਾਰ ਇਸੇ ਸੰਬੰਧ `ਚ ਆਏ ਹਨ।

ਇਸਲਈ ਲੋੜ ਹੈ ਤਾਂ ਗੁਰਬਾਣੀ ਦੀ ਅਰਥ-ਵਿਚਾਰ ਕਰਦਿਆਂ ਪ੍ਰਕਰਣ ਅਨੁਸਾਰ ਗੁਰਬਾਣੀ ਵਿੱਚਲੀ ਇਸ ਸਚਾਈ ਨੂੰ ਦੇਖਣ, ਘੋਖਣ ਤੇ ਵਿਚਾਰਣ ਦੀ ਕਿ ਗੁਰਬਾਣੀ ਅਨੁਸਾਰ ਅਸੀਂ ਸਾਰੇ ਭਾਵ ਸਮੂਚੀ ਮਾਨਵ ਜਾਤੀ ਉਸ ਇਕੋ-ਇਕ ਪ੍ਰਭੂ-ਪਤੀ ਦੀਆਂ ਜੀਵ ਇਸਤ੍ਰੀਆਂ, "ਸਹੇਲੀਆਂ" "ਨਾਰੀਆਂ" ਅਤੇ "ਦਾਸੀਆਂ" ਆਦਿ ਹੀ ਹਾਂ। ਯਥਾ:-

ੱ () "ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ, ਅਲਿਪਤੁ ਰਹੈ, ਅਲਖੁ ਨ ਲਖਣਾ ਜਾਈ॥ ਪੂਰੈ ਗੁਰਿ ਵੇਖਾਲਿਆ, ਸਬਦੇ ਸੋਝੀ ਪਾਈ" (ਪੰ: ੫੯੧)

() "ਸਗਲੀ ਦਾਸੀ ਠਾਕੁਰੈ, ਸਭ ਕਹਤੀ ਮੇਰਾ॥ ਜਿਸਹਿ ਸੀਗਾਰੇ ਨਾਨਕਾ, ਤਿਸੁ ਸੁਖਹਿ ਬਸੇਰਾ" (ਪੰ: ੪੦੦)

() "ਨਾਨਕੁ ਕਹੈ ਸਹੇਲੀਹੋ, ਸਹੁ ਖਰਾ ਪਿਆਰਾ॥ ਹਮ ਸਹ ਕੇਰੀਆ ਦਾਸੀਆ, ਸਾਚਾ ਖਸਮੁ ਹਮਾਰਾ" (ਪੰ: ੭੨੯)

() "ਠਾਕੁਰੁ ਏਕੁ ਸਬਾਈ ਨਾਰਿ" (ਪੰ: ੯੩੩)

() "ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ" (ਪੰ: ੮੭੯)

() "ਸਭਨਾ ਪਿਰੁ ਵਸੈ ਸਦਾ ਨਾਲੇ॥ ਗੁਰ ਪਰਸਾਦੀ ਕੋ ਨਦਰਿ ਨਿਹਾਲੇ" (ਪੰ: ੧੧੧)

() "ਧਰਣਿ ਗਗਨ ਨਹ ਦੇਖਉ ਦੋਇ॥ ਨਾਰੀ ਪੁਰਖ ਸਬਾਈ ਲੋਇ" (ਪੰ: ੨੨੩)

() "ਸਭੇ ਕੰਤ ਮਹੇਲੀਆ, ਸਗਲੀਆ ਕਰਹਿ ਸੀਗਾਰੁ॥ ਗਣਤ ਗਣਾਵਣਿ ਆਈਆ, ਸੂਹਾ ਵੇਸੁ ਵਿਕਾਰੁ॥ ਪਾਖੰਡਿ ਪ੍ਰੇਮੁ ਨ ਪਾਈਐ, ਖੋਟਾ ਪਾਜੁ ਖੁਆਰੁ॥ ੧ ਹਰਿ ਜੀਉ ਇਉ ਪਿਰੁ ਰਾਵੈ ਨਾਰਿ॥ ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ॥ ੧ ਰਹਾਉ॥ ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ॥ ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ॥ ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ" (ਪੰ: ੫੩-੫੪) ਆਦਿ

ਗੁਰਮੱਤ ਸਿਧਾਂਤ (੬) - "ਸੁਹਾਗਣ, ਦੁਹਾਗਣ" - ਸਪਸ਼ਟ ਹੋਇਆ ਕਿ "ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ" ਗੁਰਬਾਣੀ ਅਨੁਸਾਰ ਪ੍ਰਭੂ ਦੀ ਸਮੂਚੀ ਰਚਨਾ `ਚ "ਪੁਰਖੁ" ਕੇਵਲ ਸਰਵ-ਵਿਆਪਕ ਇਕੋ-ਇਕ "ਅਕਾਲਪ੍ਰੁਰਖ" ਹੀ ਹੈ ਜਿਹੜਾ ਸਮੂਚੀ ਮਨੁੱਖ-ਜਾਤੀ ਸਮੇਤ ਆਪਣੀ ਸਮੂਚੀ ਰਚਨਾ ਦੇ ਜ਼ਰੇ-ਜ਼ਰੇ `ਚ ਮੌਜੂਦ ਅਤੇ ਰਚਨਾ ਦੀ ਸੰਬਾਲ ਵੀ ਕਰ ਰਿਹਾ ਹੈ।

ਜਦਕਿ ਦੂਜੇ ਪਾਸੇ ਸਮੂਚੇ ਨਰ ਭਾਵੇਂ ਮਾਦਾ, ਇਸਤ੍ਰੀਆਂ ਭਾਵੇਂ ਮਰਦ, ਅਸੀਂ ਸਾਰੇ, ਉਸ "ਪ੍ਰਭੂ ਪਤੀ" ਦੀਆਂ ਜੀਵ-ਇਸਤ੍ਰੀਆਂ, ਦਾਸੀਆਂ ਆਦਿ ਹੀ ਹਾਂ।

ਤਾਂ ਵੀ ਪ੍ਰਭੂ ਵੱਲੌਂ ਮਨੁੱਖਾ ਜਨਮ ਵਾਲੀ ਬਖ਼ਸ਼ਿਸ਼ ਪ੍ਰਾਪਤ ਹੋਣ ਤੋਂ ਬਾਅਦ ਜਿਹੜੀਆਂ ਜੀਵ-ਇਸਤ੍ਰੀਆਂ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ-ਅਕਾਲਪੁਰਖ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਸੁਆਸ-ਸੁਆਸ ਪ੍ਰਭੂ ਦੇ ਨਾਮ-ਰੰਗ `ਚ ਰੰਗੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਪ੍ਰਾਪਤ ਮਨੁੱਖਾ ਜਨਮ ਸਫ਼ਲ ਤੇ ਸਕਾਰਥ ਹੋ ਜਾਂਦਾ ਹੈ। ਉਹ ਸੁਰਤ ਕਰਕੇ ਜੀਂਦੇ-ਜੀਅ, ਅਪਣੇ ਅਸਲੇ ਅਕਾਲਪੁਰਖ, ਪ੍ਰਭੂ-ਪਤੀ `ਚ ਸਮਾਅ ਜਾਂਦੀਆਂ ਹਨ।

ਗੁਰਬਾਣੀ ਅਨੁਸਾਰ ਉਹ ਸਰੀਰ ਤਿਆਗਣ ਬਾਅਦ ਮੁੜ ਜੂਨਾਂ, ਜਨਮਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਂਦੀਆਂ। ਗੁਰਬਾਣੀ `ਚ ਉਨ੍ਹਾਂ ਨੂੰ "ਸੁਹਾਗਣ ਜੀਵ-ਇਸਤ੍ਰੀਆਂ" "ਗੁਰਮੁਖ ਜਨ" "ਸਚਿਆਰੇ", "ਜੀਵਨ-ਮੁਕਤ" ਆਦਿ ਸ਼ਬਦਾਵਲੀ ਨਾਲ ਵੀ ਸੰਸਾਰ ਤੇ ਲੋਕਈ ਵਿਚਾਲੇ ਪ੍ਰਗਟ ਕੀਤਾ ਹੋਇਆ ਹੈ।

ਤਾਂ ਵੀ ਜਿਹੜੇ- ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਦੁਰਲਭ ਮਨੁੱਖਾ ਜਨਮ ਪਾ ਕੇ ਵੀ ਸ਼ਬਦ-ਗੁਰੂ ਦੀ ਸ਼ਰਣ `ਚ ਨਹੀਂ ਆਉਂਦੇ ਜੀਵਨ ਭਰ ਨਿਗੁਰੇ ਹੀ ਰਹਿੰਦੇ ਹਨ। ਉਹ ਮਨੁੱਖਾ ਜਨਮ ਦੇ ਇਸ ਇਕੋ-ਇਕ ਪ੍ਰਭੂ-ਮਿਲਾਪ ਵਾਲੇ ਵਿਸ਼ੇਸ਼ ਮਕਸਦ ਤੋਂ ਅਣਜਾਨ ਹੁੰਦੇ ਹਨ। ਇਸਲਈ ਉਹ ਇਸ ਮਨੁੱਖਾ ਜਨਮ ਵਾਲੇ ਸੁ-ਅਵਸਰ ਤੇ ਦੁਰਲਭ ਅਵਸਰ ਦਾ ਲਾਭ ਲੈਣ ਤੋਂ ਵੀ ਵਾਂਝੇ ਅਤੇ ਉਸ ਤੋਂ ਕਾਸਿਰ ਹੀ ਰਹਿੰਦੇ ਹਨ।

ਉਹ ਜੀਵਨ ਭਰ ਆਤਮਕ-ਮੌਤ ਦਾ ਸ਼ਿਕਾਰ ਡਰ-ਸਹਿਮ ਤੇ ਖ਼ਦਸ਼ਿਆਂ ਭਰਪੂਰ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦੇ ਜੀਵਨ `ਤੇ ਹਊਮੈ ਆਦਿ ਵਿਕਾਰ ਭਾਰੂ ਰਹਿੰਦੇ ਹਨ। ਇਸੇ ਕਾਰਣ ਉਨ੍ਹਾਂ ਦੇ ਜੀਵਨ ਅੰਦਰ ਮਨਮੱਤਾ, ਹੂੜਮੱਤਾ, ਆਪਹੁੱਦਰੇਪਣ ਦਾ ਬੋਲ-ਬਾਲਾ ਹੁੰਦਾ ਹੈ। ਬਹੁਤ ਵਾਰੀ ਤਾਂ ਉਨ੍ਹਾਂ ਦੇ ਜੀਵਨ ਅੰਦਰ ਹੇਰਾ ਫ਼ੇਰੀਆਂ, ਠਗੀਆਂ, ਮਜ਼ਲੂਮਾ ਨਾਲ ਜ਼ੁਲਮ, ਅਉਗੁਣਾ ਤੇ ਜੁਰਮਾ ਆਦਿ ਦੀ ਭਰਮਾਰ ਹੀ ਹੁੰਦੀ ਹੈ।

ਫ਼ਿਰ ਜੇ ਇਤਨਾ ਨਾ ਵੀ ਹੋਵੇ ਤਾਂ ਵੀ ਮਨੁੱਖਾ ਜਨਮ ਦੇ ਇਕੋ-ਇਕ ਪ੍ਰਭੂ-ਮਿਲਾਪ ਵਾਲੇ ਮਕਸਦ ਵਲੋਂ ਅਨਜਾਣ ਹੋਣ ਕਰਕੇ ਉਨ੍ਹਾਂ ਦੇ ਜੀਵਨ ਅੰਦਰ ਅਗਿਆਨਤਾ ਦਾ ਘੁੱਪ-ਹਨੇਰਾ ਛਾਇਆ ਰਹਿੰਦਾ ਹੈ। ਉਨ੍ਹਾਂ ਦੇ ਜੀਵਨ ਅੰਦਰ ਸਿਵਾਏ ਭੇਡਚਾਲ, ਫੋਕਟ ਕਰਮ-ਕਾਂਡਾਂ ਅਤੇ ਭੇਖਾਂ ਆਦਿ ਦੇ ਕੁੱਝ ਨਹੀਂ ਹੁੰਦਾ। ਇਸੇ ਕਾਰਣ ਉਨ੍ਹਾਂ ਦੇ ਜੀਵਨ ਅੰਦਰ ਸੱਚ-ਧਰਮ ਦਾ ਪ੍ਰਵੇਸ਼ ਤੇ ਇਲਾਹੀ ਗੁਣਾਂ ਦੀ ਖੁਸ਼ਬੂ ਵੀ ਪੈਦਾ ਨਹੀਂ ਹੁੰਦੀ। ਯਥਾ:-

() "ਕਾਂਇਆ ਸਾਧੈ ਉਰਧ ਤਪੁ ਕਰੈ. ਵਿਚਹੁ ਹਉਮੈ ਨ ਜਾਇ॥ ਅਧਿਆਤਮ ਕਰਮ ਜੇ ਕਰੇ, ਨਾਮੁ ਨ ਕਬਹੀ ਪਾਇ" (ਪੰ: ੩੩)

() "ਅਖਰ ਪੜਿ ਪੜਿ ਭੁਲੀਐ, ਭੇਖੀ ਬਹੁਤੁ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ" (ਪੰ: ੬੧)

() "ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮)

() "ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ॥ ਜਬ ਲਗੁ ਜੁਗਤਿ ਨ ਜਾਨੀਐ, ਭਾਉ ਭਗਤਿ ਭਗਵਾਨ" (ਪੰ: ੩੩੭) ਆਦਿ:

ਇਸ ਤਰ੍ਹਾਂ ਕੁਲ ਮਿਲਾ ਕੇ ਸੰਸਾਰ ਤਲ `ਤੇ ਨਰ ਭਾਂਵੇ ਮਾਦਾ, ਇਸਤ੍ਰੀਆਂ ਹੋਣ ਭਾਵੇਂ ਮਰਦ, ਜਿਨ੍ਹਾਂ ਪ੍ਰਭੂ ਵੱਲੋਂ ਦੁਰਲਭ ਮਨੁੱਖਾ ਜਨਮ ਵਾਲਾ ਅਵਸਰ ਪਾ ਕੇ ਵੀ ਗੁਰੂ-ਗੁਰਬਾਣੀ ਦੇ ਆਦੇਸ਼ਾਂ ਦਾ ਪਾਲਣ ਨਹੀਂ ਕੀਤਾ ਅਤੇ ਇਸ ਨੂੰ ਬਿਰਥਾ ਕਰ ਦਿੱਤਾ।

ਇਸਤਰ੍ਹਾਂ ਜਿਹੜੀਆਂ ਜੀਵ-ਇਸਤ੍ਰੀਆ ਮਨੁੱਖਾ-ਜਨਮ `ਚ ਆ ਕੇ ਵੀ ਆਪਣੇ ਇਕੋ-ਇਕ ਪ੍ਰਭੂ-ਪਤੀ ਦੇ ਨਾਮ ਰੰਗ `ਚ ਨਹੀਂ ਰੰਗੀਆਂ ਗਈਆਂ, ਉਨਾਂ ਲਈ ਗੁਰਬਾਣੀ `ਚ ਪ੍ਰਭੂ ਦੇ ਦਰ `ਤੇ ਮਨਮੁਖ ਤੋਂ ਇਲਾਵਾ "ਕੁਲਖਣੀ, ਕੁਨਾਰਿ ਅਤੇ ਦੋਹਾਗਣੀ" ਆਦਿ ਸ਼ਬਦਾਵਲੀ ਵਰਤੀ ਹੋਈ ਹੈ।

ਤਾਂ ਤੇ ਸੰਸਾਰ ਤੱਲ `ਤੇ ਗੁਰਬਾਣੀ ਦੀ ਸ਼ਬਦਤਵਲੀ `ਚ "ਸੁਹਾਗਣ ਤੇ ਦੁਹਾਗਣ" ਜੀਵ-ਇਸਤ੍ਰੀਆਂ ਦੇ ਜੀਵਨ ਦੀਆਂ ਵੱਖ-ਵੱਖ ਦੋ ਵਿਰੋਧੀ ਰਹਿਣੀਆਂ ਨੂੰ ਸਾਬਤ ਤੇ ਸਪਸ਼ਟ ਕਰਣ ਨਾਲ ਸੰਬੰਧਤ ਕੁੱਝ ਗੁਰਬਾਣੀ ਫ਼ੁਰਮਾਣ:-

() "ਕਾਪੜ ਪਹਿਰਿ ਕਰੇ ਚਤੁਰਾਈ। ਮਾਇਆ ਮੋਹਿ ਅਤਿ ਭਰਮਿ ਭੁਲਾਈ" (ਪੰ: ੨੩੦)

() "ਵੇਸੀ ਸਹੁ ਨ ਪਾਈਐ, ਕਰਿ ਕਰਿ ਵੇਸ ਰਹੀ" (ਪੰ: ੭੮)

() "ਜਾਇ ਪੁਛਹੁ ਸੋਹਾਗਣੀ, ਤੁਸੀ ਰਾਵਿਆ ਕਿਨੀ ਗੁਣੀ॥ ਸਹਜਿ ਸੰਤੋਖਿ ਸੀਗਾਰੀਆ, ਮਿਠਾ ਬੋਲਣੀ॥ ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ" (ਪੰ: ੧੭)

() "ਸਬਦਿ ਸਵਾਰੀ ਸੋਹਣੀ, ਪਿਰੁ ਰਾਵੈ ਗੁਣ ਨਾਲਿ" (ਪੰ: ੫੬)

() "ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ॥ ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ॥ ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ॥ ੧ ॥ ਹਰਿ ਜੀਉ ਇਉ ਪਿਰੁ ਰਾਵੈ ਨਾਰਿ॥ ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ॥ ੧ ਰਹਾਉ॥ ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ॥ ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ॥ ਲਾਲਿ ਰਤੀ ਸਚ ਭੈ ਵਸੀ, ਭਾਇ ਰਤੀ ਰੰਗਿ ਰਾਸਿ" (ਪੰ: ੫੩-੫੪)

() "ਚੂੜਾ ਭੰਨੁ ਪਲੰਘ ਸਿਉ ਮੁੰਧੇ, ਸਣੁ ਬਾਹੀ ਸਣੁ ਬਾਹਾ, ਏਤੇ ਵੇਸ ਕਰੇਦੀਏ ਮੁੰਧੇ, ਸਹੁ ਰਾਤੋ ਅਵਰਾਹਾ" (ਪੰ: ੫੫੭)

() "ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ॥ ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ॥ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ॥ ਨਾਨਕ ਬਿਨੁ ਨਾਵੈ, ਕੁਰੂਪਿ ਕੁਸੋਹਣੀ, ਪਰਹਰਿ ਛੋਡੀ ਭਤਾਰਿ" (ਪੰ: ੮੯-੯੦)

() "ਬਿਨੁ ਪਿਰ ਧਨ ਸੀਗਾਰੀਐ, ਜੋਬਨੁ ਬਾਦਿ ਖੁਆਰੁ॥ ਨਾ ਮਾਣੇ ਸੁਖਿ ਸੇਜੜੀ, ਬਿਨੁ ਪਿਰ ਬਾਦਿ ਸੀਗਾਰੁ॥ ਦੂਖੁ ਘਣੋ ਦੋਹਾਗਣੀ, ਨਾ ਘਰਿ ਸੇਜ ਭਤਾਰੁ" (ਪੰ: ੫੮-੫੯)

() "ਸਾਧ ਜਨਾ ਤੇ ਬਾਹਰੀ, ਸੇ ਰਹਨਿ ਇਕੇਲੜੀਆਹ॥ ਤਿਨ ਦੁਖੁ ਨ ਕਬਹੂ ਉਤਰੈ, ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ, ਸੇ ਦਿਸਨਿ ਨਿਤ ਖੜੀਆਹ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ" (ਪੰ: ੧੩੫)

() "ਭਰਤਾ ਕਹੈ ਸੁ ਮਾਨੀਐ, ਏਹੁ ਸੀਗਾਰੁ ਬਣਾਇ ਰੀ, ਦੁਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ, ਗੁਰ ਕਾ ਸਬਦੁ ਕਰਿ ਦੀਪਕੋ, ਇਹ ਸਤ ਕੀ ਸੇਜ ਵਿਛਾਇ ਰੀ, ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ (ਪੰ: ੪੦੦) ਆਦਿ (ਚਲਦਾ) #Instt.P.8 (contd.)-1instt.18th.v..Ramkali ki vaar M.-3-02.19-P.8#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਅਠਾਰ੍ਹਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.