.

ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥


ਗੁਰਬਾਣੀ ਲੇਖ ਲਿਖਣੇ ਮੇਰਾ ਕੋਈ ਪੇਸ਼ਾ ਨਹੀਂ ਹੈ ਅਤੇ ਨਾ ਹੀ ਮੈਂ ਕੋਈ ਕਥਾਵਾਚਕ ਵੀ ਨਹੀਂ। ਮੇਰਾ ਇਸ਼ਟ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਮੈਂ ਕਿਸੇ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਜਨਮ ਸਾਖੀ, ਸੰਤ ਅਤੇ ਬਾਬੇ ਆਦਿ ਨੂੰ ਨਹੀਂ ਮੰਨਦਾ। ਮੇਰਾ ਸੰਤ, ਬਾਬਾ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਕੋਈ ਬੰਦਾ ਸੰਤ ਹੋ ਹੀ ਨਹੀਂ ਸਕਦਾ।
ਸਾਡੇ ਪ੍ਰਚਾਰਕ, ਰਾਗੀ, ਢਾਡੀ ਆਦਿ ਗੁਰਬਾਣੀ ਨਾਲ ਨਿਆਂ ਨਹੀਂ ਕਰਦੇ। ਉਹ ਆਪਣੀ ਮਰਜ਼ੀ ਮੁਤਾਬਕ ਗੁਰਬਾਣੀ ਦੇ ਅਰਥ ਕਰਦੇ ਹਨ। ਇਸ ਦੇ ਉਲਟ ਮੈਂ ਕਿਸੇ ਵੀ ਸ਼ਬਦ ਦੀ ਵਿਆਖਿਆ ‘ਰਹਾਉ’ ਦੀ ਤੁੱਕ ਨਾਲ ਹੀ ਕਰਦਾ ਹਾਂ ਕਿਉਂਕਿ ‘ਰਹਾਉ’ ਦੀ ਤੁੱਕ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਤੋਂ ਇਲਾਵਾ ਮੈਂ ਕੋਈ ਵੀ ਪ੍ਰਮਾਣ ਇੱਕ ਤੁੱਕ ਦਾ ਨਹੀਂ ਦਿੰਦਾ ਜਿਸ ਕਰਕੇ ਲੇਖ ਤਾਂ ਵੱਡਾ ਹੋ ਸਕਦਾ ਹੈ ਪਰ ਸ਼ਬਦ ਦੀ ਪੂਰੀ ਸਮਝ ਆ ਜਾਂਦੀ ਹੈ ਅਰਥਾਂ ਦੇ ਅਨਰਥ ਨਹੀਂ ਹੁੰਦੇ। ਆਓ ਹੁਣ ਆਪਾਂ ਇਸ ਲੇਖ ਵਲ ਆਈਏ।
ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਇੱਕ ਨਵਾਂ ਸਿਧਾਂਤ ਦਿੱਤਾ ਹੈ ਕਿ ਕੇਵਲ ਵਾਹਿਗੁਰੂ, ਅੱਲਾ, ਰਾਮ ਆਦਿ ਨਾਮ ਜਪਣ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਜਾਂ ਧਾਰਮਿਕ ਲਬਾਸ ਪਾ ਕੇ ਕੋਈ ਜੀਵ ਧਰਮੀ ਨਹੀਂ ਹੋ ਜਾਂਦਾ। ਧਰਮੀ ਹੋਣ ਵਾਸਤੇ ਧਰਮ ਦੇ ਸਿਧਾਂਤ ਸਮਝਣੇ, ਕਮਾਉਣੇ ਅਤੇ ਉਨ੍ਹਾਂ ਮੁਤਾਬਕ ਆਪਣਾ ਜੀਵਨ ਬਤਾਉਣ ਦੀ ਲੋੜ੍ਹ ਹੁੰਦੀ ਹੈ। ਵਾਰ ਆਸਾ ਵਿੱਚ ਗੁਰੂ ਨਾਨਕ ਸਾਹਿਬ ਕੁੱਝ ਉਦਾਹਰਣਾਂ ਦੇ ਕੇ ਇਸ ਗੱਲ ਨੂੰ ਸ਼ਪਸ਼ਟ ਕਰਦੇ ਹਨ ਕਿ;
ਮਃ ੧ ॥
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥ ਪੰਨਾਂ ੪੬੯

ਅਰਥ: ਸੰਸਾਰ ਵਿੱਚ ਜੀਵਾਂ ਵਾਸਤੇ ਜੀਭ ਦਾ ਚਸਕਾ ਮਾਨੋ ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ। ਇਸ ਲੋਭ ਅਤੇ ਪਾਪ ਦੇ ਦਰਬਾਰ ਵਿੱਚ ਕਾਮ ਨਾਇਬ ਹੈ ਜਿਸ ਨੂੰ ਸੱਦ ਕੇ ਸਲਾਹ ਪੁੱਛੀ ਜਾਂਦੀ ਹੈ। ਕਾਮ ਹੀ ਇਨ੍ਹਾਂ ਦਾ ਵੱਡਾ ਸਲਾਹਕਾਰ ਹੈ। ਇਨ੍ਹਾਂ ਦੀ ਪਰਜਾ ਗਿਆਨ ਤੋਂ ਸੱਖਣੀ ਹੋਣ ਦੇ ਕਰਕੇ ਮਾਨੋ ਅੰਨ੍ਹੀ ਹੋ ਗਈ ਹੈ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਚੱਟੀ ਭਰ ਰਹੀ ਹੈ।
ਜੋ ਜੀਵ ਆਪਣੇ-ਆਪ ਨੂੰ ਗਿਆਨ-ਵਾਨ ਅਤੇ ਉਪਦੇਸ਼ਕ ਅਖਵਾਉਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਉਂਦੇ ਅਤੇ ਸ਼ਿੰਗਾਰ ਕਰਦੇ ਹਨ। ਗਿਆਨੀ ਉੱਚੀ-ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਉਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ।
ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਅਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ ਅਤੇ ਕੇਵਲ ਮਾਇਆ ਇਕੱਠੀ ਕਰਨ ਵਿੱਚ ਜੁੱਟੇ ਹੋਏ ਹਨ।
ਜੋ ਜੀਵ ਆਪਣੇ-ਆਪ ਨੂੰ ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ ਤਾਂ ਧਰਮ ਦਾ ਕੰਮ ਕਰਦੇ ਹਨ, ਪਰ ਸਾਰੀ ਮਿਹਨਤ ਗਵਾ ਬੈਠਦੇ ਹਨ, ਕਿਉਂਕਿ ਇਸ ਦੇ ਵੱਟੇ ਵਿੱਚ ਉਹ ਮੁਕਤੀ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਈਏ ਭਾਵ ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਵਿੱਚ ਬੱਧੇ ਹੋਏ ਹਨ।
ਕਈ ਜੀਵ ਅਜਿਹੇ ਹਨ ਜੋ ਆਪਣੇ ਆਪ ਨੂੰ ਜਤੀ ਅਖਵਾਉਂਦੇ ਹਨ, ਪਰ ਜਤੀ ਹੋਣ ਦੀ ਜੁਗਤੀ ਨਹੀਂ ਜਾਣਦੇ ਐਵੇਂ ਵੇਖੋ-ਵੇਖੀ ਆਪਣਾ ਘਰ-ਘਾਟ ਛੱਡ ਦਿੰਦੇ ਹਨ।
ਸੰਸਾਰ ਵਿੱਚ ਲੋਭ, ਪਾਪ, ਕੂੜ ਅਤੇ ਕਾਮ ਦਾ ਇਨ੍ਹਾਂ ਜ਼ੋਰ ਹੈ, ਜਿਧਰ ਦੇਖੋ ਹਰ ਜੀਵ ਆਪਣੇ-ਆਪ ਨੂੰ ਪੂਰਨ ਅਤੇ ਸਿਆਣਾ ਸਮਝਦਾ ਹੈ। ਕੋਈ ਜੀਵ ਇਹ ਨਹੀਂ ਆਖਦਾ ਕਿ ਮੇਰੇ ਵਿੱਚ ਕੋਈ ਊਣਤਾ ਹੈ।
ਪਰ ਹੇ ਨਾਨਕ! ਤਾਂ ਹੀ ਜੀਵ ਪਰਖ ਵਿੱਚ ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿੱਚ ਰੱਬ ਦੀ ਦਰਗਾਹ ਵਿੱਚ ਮਿਲੀ ਹੋਈ ਇੱਜ਼ਤ ਰੂਪੀ ਵੱਟਾ ਪਾਇਆ ਜਾਵੇ। ਭਾਵ ਉਹ ਹੀ ਜੀਵ ਊਣਤਾ ਤੋਂ ਰਹਿਤ ਹੈ, ਜਿਸ ਜੀਵ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲ ਜਾਂਦੀ ਹੈ।
ਅਗਲੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਮੈਂ ਪ੍ਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ। ਨਾਮ ਤੋਂ ਬਿਨ੍ਹਾਂ ਦੁਨੀਆਂ ਮਾਇਆ ਵਿੱਚ ਅੰਨ੍ਹੀ ਹੋ ਰਹੀ ਹੈ। ਕੇਵਲ ਪ੍ਰਭੂ ਆਪ ਹੀ ਸੁਜਾਖਾ ਹੈ। ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਹੀ ਜ਼ਿੰਦਗੀ ਦਾ ਸਹੀ ਰਸਤਾ ਲਭ ਸਕਦਾ ਹੈ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਜਗਾਹ ਮਿਲਦੀ ਹੈ।
ਆਸਾ ਮਹਲਾ ੧ ॥
ਤਾਲ ਮਦੀਰੇ ਘਟ ਕੇ ਘਾਟ ॥
ਦੋਲਕ ਦੁਨੀਆ ਵਾਜਹਿ ਵਾਜ ॥
ਨਾਰਦੁ ਨਾਚੈ ਕਲਿ ਕਾ ਭਾਉ ॥
ਜਤੀ ਸਤੀ ਕਹ ਰਾਖਹਿ ਪਾਉ ॥੧॥
ਨਾਨਕ ਨਾਮ ਵਿਟਹੁ ਕੁਰਬਾਣੁ ॥
ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥
ਗੁਰੂ ਪਾਸਹੁ ਫਿਰਿ ਚੇਲਾ ਖਾਇ ॥
ਤਾਮਿ ਪਰੀਤਿ ਵਸੈ ਘਰਿ ਆਇ ॥
ਜੇ ਸਉ ਵਰ੍ਹਿਆ ਜੀਵਣ ਖਾਣੁ ॥
ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥
ਦਰਸਨਿ ਦੇਖਿਐ ਦਇਆ ਨ ਹੋਇ ॥
ਲਏ ਦਿਤੇ ਵਿਣੁ ਰਹੈ ਨ ਕੋਇ ॥
ਰਾਜਾ ਨਿਆਉ ਕਰੇ ਹਥਿ ਹੋਇ ॥
ਕਹੈ ਖੁਦਾਇ ਨ ਮਾਨੈ ਕੋਇ ॥੩॥
ਮਾਣਸ ਮੂਰਤਿ ਨਾਨਕੁ ਨਾਮੁ ॥
ਕਰਣੀ ਕੁਤਾ ਦਰਿ ਫੁਰਮਾਨੁ ॥
ਗੁਰ ਪਰਸਾਦਿ ਜਾਣੈ ਮਿਹਮਾਨੁ ॥
ਤਾ ਕਿਛੁ ਦਰਗਹ ਪਾਵੈ ਮਾਨੁ ॥੪॥ ਪੰਨਾਂ ੩੪੯-੫੦

ਅਰਥ: ਹੇ ਨਾਨਕ! ਮੈਂ ਪ੍ਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ। ਨਾਮ ਤੋਂ ਬਿਨ੍ਹਾਂ ਦੁਨੀਆਂ ਮਾਇਆ ਵਿੱਚ ਅੰਨ੍ਹੀ ਹੋ ਰਹੀ ਹੈ। ਕੇਵਲ ਪ੍ਰਭੂ ਹੀ ਸੁਜਾਖਾ ਹੈ। ਉਸ ਦੀ ਸ਼ਰਨ ਵਿੱਚ ਪੈ ਕੇ ਹੀ ਜ਼ਿੰਦਗੀ ਦਾ ਸਹੀ ਰਸਤਾ ਲੱਭ ਸਕਦਾ ਹੈ।੧। ਰਹਾਉ।
ਜੀਵ ਦੇ ਮਨ ਦੇ ਸੰਕਲਪ ਮਾਨੋ ਛੈਣੇ ਅਤੇ ਪੈਰਾਂ ਦੇ ਘੁੰਘਰੂ ਹਨ। ਦੁਨੀਆਂ ਦਾ ਮੋਹ ਢੋਲਕੀ ਹੈ। ਇਹ ਵਾਜੇ ਅਤੇ ਛੈਣੇ ਵੱਜ ਰਹੇ ਹਨ ਅਤੇ ਪ੍ਰਭੂ ਦੇ ਨਾਮ ਤੋਂ ਸੁੰਞਾ ਮਨ ਮਾਇਆ ਦੇ ਹੱਥਾਂ ਵਿੱਚ ਨੱਚ ਰਿਹਾ ਹੈ। ਅਜਿਹੀ ਹਾਲਤ ਨੂੰ ਹੀ ਕਲਜੁਗ ਅਤੇ ਝੂਠ ਦਾ ਪ੍ਰਭਾਵ ਕਿਹਾ ਜਾਂਦਾ ਹੈ। ਝੂਠ ਦੇ ਪ੍ਰਭਾਵ ਹੇਠ ਜਤ-ਸਤ ਲਈ ਕਿਤੇ ਕੋਈ ਥਾਂ ਨਹੀਂ।
ਚੇਲੇ ਨੇ ਹੀ ਹਮੇਸ਼ਾਂ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਪਰ ਲੋਭ ਦੇ ਪ੍ਰਭਾਵ ਵਿੱਚ ਹੁਣ ਗੁਰੂ ਚੇਲੇ ਦੀ ਪੂਜਾ ਕਰਦਾ ਹੈ ਅਤੇ ਰੋਟੀ ਦੀ ਖ਼ਾਤਰ ਹੀ ਉਹ ਚੇਲਾ ਬਣ ਜਾਂਦਾ ਹੈ। ਇਸ ਹਾਲਤ ਵਿੱਚ ਜੀਵ ਜੇ ਸੌ ਸਾਲ ਭੀ ਜਿਉਂ ਲਿਆ ਜਾਵੇ ਅਤੇ ਜੀਵ ਦਾ ਖਾਣ-ਪੀਣ ਸੌਖਾ ਬਣਿਆ ਰਹੇ ਤਾਂ ਭੀ ਉਸ ਚੇਲੇ ਦੀ ਇਹ ਉਮਰ ਵਿਅਰਥ ਹੀ ਸਮਝੋ। ਉਹ ਹੀ ਜ਼ਿੰਦਗੀ ਭਾਗਾਂ ਵਾਲੀ ਹੁੰਦੀ ਹੈ ਜਦੋਂ ਜੀਵ ਪ੍ਰਭੂ ਨਾਲ ਅਪਣੀ ਸਾਂਝ ਪਾਉਂਦਾ ਹੈ।
ਜੀਵ ਇੱਕ ਦੂਜੇ ਨੂੰ ਆਪਣਾ ਭਰਾ ਜਾਣ ਕੇ ਆਪਸ ਵਿੱਚ ਪਿਆਰ ਨਾਲ ਨਹੀਂ ਵਰਤਦੇ ਕਿਉਂਕਿ ਸਾਰਾ ਸੰਬੰਧ ਹੀ ਮਾਇਆ ਕਰਕੇ ਦਾ ਬਣਿਆ ਹੋਇਆ ਹੈ। ਜੀਵ ਰਿਸ਼ਵਤ ਲੈਣ-ਦੇਣ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ। ਇਥੋਂ ਤੱਕ ਕਿ ਰਾਜਾ ਅਤੇ ਹਾਕਮ ਭੀ ਉਸ ਵੇਲੇ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਰਿਸ਼ਵਤ ਦੇਣ ਲਈ ਜੀਵ ਕੋਲ ਮਾਇਆ ਹੋਵੇ। ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਵੇ ਤਾਂ ਉਸ ਦੀ ਕੋਈ ਪੁਕਾਰ ਨਹੀਂ ਸੁਣਦਾ।
ਹੇ ਨਾਨਕ! ਵੇਖਣ ਨੂੰ ਹੀ ਜੀਵ ਦੀ ਸ਼ਕਲ ਇਨਸਾਨਾਂ ਵਰਗੀ ਹੈ, ਪਰ ਆਪਣੇ ਆਚਰਨ ਕਰਕੇ ਉਹ ਕੁੱਤਾ ਹੋ ਗਿਆ ਹੈ ਜੋ ਆਪਣੇ ਮਾਲਕ ਦੇ ਦਰ ਤੇ ਰੋਟੀ ਦੀ ਖ਼ਾਤਰ ਹੀ ਹੁਕਮ ਮੰਨ ਰਿਹਾ ਹੈ।
ਜੀਵ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਉਸ ਵੇਲੇ ਹੀ ਇੱਜ਼ਤ ਮਿਲ ਸਕਦੀ ਹੈ ਜੇ ਉਹ ਸੰਸਾਰ ਵਿੱਚ ਆਪਣੇ-ਆਪ ਨੂੰ ਪਰਾਹੁਣਾ ਸਮਝੇ ਅਤੇ ਮਾਇਆ ਨਾਲ ਪਕੜ ਨਾ ਰੱਖੇ।
ਗੁਰੂ ਅੰਗਦ ਸਾਹਿਬ ਵੀ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਜੋ ਜੀਵ ਭਲਾ ਕੰਮ ਕਰਨ ਵਾਲੇ ਦਾ ਨਾਮ ਹੀ ਧਰਮੀ ਪੈ ਜਾਂਦਾ ਹੈ ਅਤੇ ਮੰਦੇ ਕੰਮ ਕਰਨ ਨਾਲ ਜੀਵ ਮੰਦਾ ਹੀ ਸਮਝਿਆ ਜਾਂਦਾ ਹੈ। ਭੇਖੀ ਬੰਦਾ ਧਰਮੀ ਨਹੀਂ ਹੋ ਸਕਦਾ।
ਮਃ ੨ ॥
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥ ਪੰਨਾਂ ੧੩੮

ਅਰਥ: ਮਨਮੁਖ ਨੂੰ ਦੇਣ ਵਾਲੇ ਪ੍ਰਮਾਤਮਾ ਨਾਲੋਂ ਉਸ ਪ੍ਰਮਾਤਮਾ ਦੀ ਦਿੱਤੀ ਦਾਤ ਚੰਗੀ ਲੱਗਦੀ ਹੈ। ਉਸ ਜੀਵ ਦੀ ਸੂਝ, ਅਕਲ ਅਤੇ ਸਿਆਣਪ ਇਨ੍ਹੀਂ ਨੀਵੀਂ ਹੈ ਕਿ ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਜੀਵ ਆਪਣੇ ਵਲੋਂ ਲੁਕ ਕੇ ਮੰਦੇ ਕੰਮ ਕਰਦਾ ਹੈ, ਪਰ ਜੋ ਕੁੱਝ ਉਹ ਕਰਦਾ ਹੈ ਉਹ ਹਰ ਥਾਂ ਪ੍ਰਗਟ ਹੋ ਜਾਂਦਾ ਹੈ। ਕੁਦਰਤ ਦਾ ਨੇਮ ਹੀ ਐਸਾ ਹੈ ਕਿ ਜੋ ਜੀਵ ਭਲਾ ਕੰਮ ਕਰਦਾ ਹੈ, ਉਸਦਾ ਨਾਮ ‘ਧਰਮੀ’ ਪੈ ਜਾਂਦਾ ਹੈ, ਮੰਦੇ ਕੰਮ ਕਰਨ ਨਾਲ ਜੀਵ ਮੰਦਾ ਹੀ ਸਮਝਿਆ ਜਾਂਦਾ ਹੈ।
ਹੇ ਪ੍ਰਭੂ! ਕੋਈ ਵੀ ਜੀਵ ਮੰਦਾ ਨਹੀਂ ਹੈ ਕਿਉਂਕਿ ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੇਰੇ ਨਾਲੋਂ ਕਿਸੇ ਜੀਵ ਨੂੰ ਵੱਖਰਾ ਨਹੀਂ ਦੇਖਿਆ ਜਾ ਸਕਦਾ। ਜੀਵਾਂ ਦੇ ਅੰਦਰ ਜਿਨ੍ਹੀਂ ਦੇਰ ਤੇਰੀ ਜੋਤ ਮੌਜ਼ੂਦ ਹੈ ਉਨ੍ਹਾਂ ਚਿਰ ਉਸ ਜੋਤ ਵਿੱਚ ਤੂੰ ਆਪ ਹੀ ਬੋਲਦਾ ਹੈਂ। ਜਦੋਂ ਤੇਰੀ ਜੋਤ ਨਿਕਲ ਜਾਵੇ ਤਾਂ ਕੋਈ ਜੀਵ ਕੁੱਝ ਨਹੀਂ ਕਰ ਸਕਦਾ। ਮਨਮੁਖ ਅਤੇ ਗੁਰਮੁਖ ਭਾਵ ਸਭਨਾਂ ਵਿੱਚ ਤੇਰੀ ਹੀ ਜੋਤ ਹੈ। ਹੇ ਨਾਨਕ! ਗੁਰੂ ਦੀ ਸ਼ਰਨ ਆਏ ਹੋਏ ਜੀਵ ਨੂੰ ਹਰ ਥਾਂ ਇਕੋ ਸਿਆਣਾ ਅਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ।
ਗੁਰੂ ਅਮਰ ਦਾਸ ਸਾਹਿਬ ਉਪਦੇਸ਼ ਕਰਦੇ ਹਨ ਕਿ ਭੇਖ ਧਾਰਨ ਨਾਲ ਜੀਵ ਦੀ ਤ੍ਰਿਸ਼ਨਾਂ ਨਹੀਂ ਬੁਝ ਸਕਦੀ ਅਤੇ ਭੇਖ ਧਾਰਨ ਕਰਕੇ ਪ੍ਰਭੂ-ਪ੍ਰਾਪਤੀ ਨਹੀਂ ਹੋ ਸਕਦੀ।
ਮਃ ੩ ॥
ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥
ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥
ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥
ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥
ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥
ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥
ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥
ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ ਪੰਨਾਂ ੫੮੮
ਅਰਥ: ਭੇਖ ਧਾਰਨ ਨਾਲ ਜੀਵ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ ਅਤੇ ਮਨ ਵਿੱਚ ਚਿੰਤਾ ਟਿਕੀ ਰਹਿੰਦੀ ਹੈ। ਜਿਵੇਂ ਸੱਪ ਦੀ ਖੁੱਡ ਬੰਦ ਕਰਨ ਸੱਪ ਨਹੀਂ ਮਰ ਜਾਂਦਾ, ਉਸੇ ਤਰ੍ਹਾਂ ਹੀ ਉਹ ਜੀਵ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ; ਉਨ੍ਹਾਂ ਦੀ ਗੁਰੂ ਦੀ ਸ਼ਰਨ ਵਿੱਚ ਆ ਕੇ ਅਤੇ ਆਪਾ-ਭਾਵ ਮਿਟਾਉਣ ਤੋਂ ਬਿਨ੍ਹਾਂ, ਤ੍ਰਿਸ਼ਨਾ ਦੀ ਅੱਗ ਬੁੱਝ ਨਹੀਂ ਸਕਦੀ। ਜੇ ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਮੁਤਾਬਕ ਜੀਵਨ ਬਤੀਤ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿੱਚ ਆ ਵੱਸਦਾ ਹੈ, ਮਨ-ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਅਤੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ। ਗੁਰੂ ਦੀ ਸੇਵਾ ਵਿੱਚ ਜਦੋਂ ਜੀਵ ਹੰਕਾਰ ਦੂਰ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਸ੍ਰੇਸ਼ਟ ਸੁਖ ਮਿਲ ਜਾਂਦਾ ਹੈ। ਗੁਰੂ ਦੇ ਸਨਮੁਖ ਹੋਣ ਨਾਲ ਜੀਵ ਤ੍ਰਿਸ਼ਨਾ ਦਾ ਤਿਆਗ ਕਰ ਦਿੰਦਾ ਹੈ। ਜੋ ਜੀਵ ਸੱਚੇ ਨਾਮ ਵਿੱਚ ਸੁਰਤ ਜੋੜਦਾ ਹੈ, ਉਸ ਨੂੰ ਚਿੰਤਾ ਨਹੀਂ ਰਹਿੰਦੀ ਅਤੇ ਪ੍ਰਭੂ ਦੇ ਨਾਲ ਉਹ ਚੰਗੀ ਤਰ੍ਹਾਂ ਰੱਜ ਜਾਂਦਾ ਹੈ।
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨ੍ਹਾਂ ਜੀਵ ਤ੍ਰਿਸ਼ਨਾ ਦੀ ਅੱਗ ਤੋਂ ਬਚ ਨਹੀਂ ਸਕਦਾ ਅਤੇ ਨਾਮ ਤੋਂ ਬਿਨ੍ਹਾਂ ਜੀਵ ਹੰਕਾਰ ਵਿੱਚ ਸੜਦੇ ਰਹਿੰਦੇ ਹਨ।
ਗੁਰੂ ਤੇਗ ਬਹਾਦਰ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ-ਪ੍ਰਮਾਤਮਾ ਤਾਂ ਸਾਡੇ ਅੰਦਰ ਅਤੇ ਹਰ ਥਾਂ ਵਸਦਾ ਹੈ ਪਰ ਕਿਨ੍ਹੀਂ ਅਜੀਬ ਗੱਲ ਹੈ ਕਿ ਜੀਵ ਪ੍ਰਮਾਤਮਾ ਨੂੰ ਆਪਣੇ ਅੰਦਰ ਦੇਖਣ ਨਹੀਂ ਦੇਖਦਾ ਅਤੇ ਪ੍ਰਮਾਤਮਾ ਨੂੰ ਥਾਂ ਕਿਤੇ ਬਾਹਰ ਸੱਤਵੇਂ ਆਕਾਸ਼, ਜੰਗਲਾਂ ਆਦਿ ਵਿੱਚ ਵਸਦਾ ਸਮਝਦਾ ਹੈ ਅਤੇ ਪ੍ਰਮਾਤਮਾ ਨੂੰ ਪਾਉਣ ਲਈ ਜੰਗਲਾਂ, ਤੀਰਥ-ਇਸ਼ਨਾਨਾਂ ਤੇ ਲੱਭਣ ਲਈ ਘਰ-ਬਾਰ ਤਿਆਗ ਦਿੰਦਾ ਹੈ ਪਰ ਫਿਰ ਭੀ ਕਾਮਯਾਬ ਨਹੀਂ ਹੁੰਦਾ ਅਤੇ ਖੁਆਰ ਹੋ ਰਿਹਾ ਹੈ।
ੴ ਸਤਿਗੁਰ ਪ੍ਰਸਾਦਿ ॥
ਧਨਾਸਰੀ ਮਹਲਾ ੯ ॥
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥ {ਪੰਨਾ 684}
ਅਰਥ: ਹੇ ਭਾਈ! ਪ੍ਰਮਾਤਮਾ ਨੂੰ ਲੱਭਣ ਵਾਸਤੇ ਤੈਨੂੰ ਜੰਗਲਾਂ ਵਿੱਚ ਜਾਣ ਦੀ ਲੋੜ੍ਹ ਨਹੀਂ ਕਿਉਂਕਿ ਪ੍ਰਮਾਤਮਾ ਸਭ ਵਿੱਚ ਵੱਸਦਾ ਹੈ ਅਤੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ। ਹੇ ਭਾਈ! ਪ੍ਰਮਾਤਮਾ ਤੇਰੇ ਅੰਦਰ ਹੀ ਵੱਸਦਾ ਹੈ।੧। ਰਹਾਉ।
ਹੇ ਭਾਈ! ਜਿਵੇਂ ਫੁੱਲ ਵਿੱਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਵੱਸਦਾ ਹੈ, ਉਸੇ ਤਰ੍ਹਾਂ ਸਾਰਿਆਂ ਵਿੱਚ ਪ੍ਰਮਾਤਮਾ ਇਕ-ਰਸ ਵੱਸਦਾ ਹੈ। ਇਸ ਵਾਸਤੇ, ਉਸ ਨੂੰ ਆਪਣੇ ਹਿਰਦੇ ਵਿੱਚ ਹੀ ਲੱਭਣ ਦੀ ਲੋੜ੍ਹ ਹੈ।
ਹੇ ਭਾਈ! ਗੁਰੂ ਦਾ ਉਪਦੇਸ਼ ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਇਕ ਪ੍ਰਮਾਤਮਾ ਨੂੰ ਵੱਸਦਾ ਸਮਝੋ।
ਹੇ ਨਾਨਕ ! ਆਪਣਾ ਜੀਵਨ ਪਰਖਣ ਤੋਂ ਬਿਨ੍ਹਾਂ ਮਨ ਤੋਂ ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ ਅਤੇ ਸਰਬ-ਵਿਆਪਕ ਪ੍ਰਮਾਤਮਾ ਦੀ ਸੂਝ ਨਹੀਂ ਆ ਸਕਦੀ।
ਹੇਠ ਲਿਖੇ ਸ਼ਬਦ ਵਿੱਚ ਭਗਤ ਪੀਪਾ ਜੀ ਮੂਰਤੀ-ਪੂਜਾ ਦਾ ਖੰਡਨ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਮੰਦਰ ਵਿੱਚ ਸਥਾਪਤ ਕੀਤੇ ਦੇਵਤੇ ਨੂੰ ਧੂਪ, ਦੀਵੇ ਅਤੇ ਨਈਵੇਦ ਪੱਤ੍ਰ ਆਦਿ ਦੀ ਭੇਟ ਰੱਖ ਕੇ ਪੂਜਣ ਦੀ ਵਜਾਏ ਆਪਣੇ ਸਰੀਰ-ਮੰਦਰ ਵਿੱਚ ਵੱਸਦੇ ਪ੍ਰਮਾਤਮਾ ਨੂੰ ਹੀ ਸਿਮਰੋ।
ਭਗਤ ਜੀ ਨੇ ਰੱਬ ਬਾਰੇ ਇਹ ਗੱਲ ਸਾਫ਼ ਦੱਸੀ ਹੈ ਕਿ ਰੱਬ ਸਾਡੇ ਸਰੀਰ ਵਿੱਚ ਅਤੇ ਸਾਰੇ ਬ੍ਰਹਮੰਡ ਵਿੱਚ ਵੱਸਦਾ ਹੈ ਅਤੇ ਪ੍ਰਭੂ ਪ੍ਰਮਾਤਮਾ ਹੀ ਸਾਰੀ ਰਚਨਾ ਦਾ ਮੂਲ-ਕਾਰਨ ਹੈ। ਪ੍ਰਭੂ ਬ੍ਰਹਮੰਡ ਵਿੱਚ ਨਿਰਾ ਵੱਸਦਾ ਹੀ ਨਹੀਂ ਸਗੋਂ ਪ੍ਰਭੂ ਸਾਰੇ ਬ੍ਰਹਮੰਡ ਨੂੰ ਬਣਾਉਣ ਵਾਲਾ ਭੀ ਹੈ।
ਭਗਤ ਪੀਪਾ ਜੀ ਫਰਮਾਉਂਦੇ ਹਨ ਕਿ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਮੇਰਾ ਜਨਮ-ਮਰਨ ਮਿਟ ਗਿਆ ਹੈ। ਇਸ ਲਈ ਮੈਂ ਹੁਣ ਪ੍ਰਭੂ ਦੇ ਨਾਮ ਸਿਮਰਨ ਤੋਂ ਬਗੈਰ ਹੋਰ ਕੋਈ ਧੂਪ, ਦੀਪ, ਨਈਵੇਦ, ਆਰਤੀ ਆਦਿ ਨਾਲ ਕਿਸੇ ਦੀ-ਦੇਵਤੇ ਦੀ ਪੂਜਾ ਅਤੇ ਕੋਈ ਕ੍ਰਮ-ਕਾਂਡ ਨਹੀਂ ਕਰਦਾ।
ਪੀਪਾ ॥
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥ ਪੰਨਾਂ ੬੯੫
ਅਰਥ: ਦੇਸ਼ ਦੇਸਾਂਤਰਾਂ ਨੂੰ ਖੋਜ ਕੇ ਮੈਂ ਆਖ਼ਰ ਆਪਣੇ ਸਰੀਰ ਵਿੱਚੋਂ ਹੀ ਪ੍ਰਭੂ ਦੇ ਨਾਮ ਦੀ ਨਿਧੀ ਲੱਭ ਲਈ ਹੈ। ਹੁਣ ਮੇਰੇ ਸਰੀਰ ਵਿੱਚ ਪ੍ਰਮਾਤਮਾ ਦੀ ਯਾਦ ਦਾ ਹੀ ਤੇਜ਼-ਪ੍ਰਤਾਪ ਹੈ। ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਮੇਰਾ ਜਨਮ-ਮਰਨ ਮਿਟ ਗਿਆ ਹੈ।੧। ਰਹਾਉ।
ਇਸ ਲਈ ਕਾਇਆਂ ਦੀ ਖੋਜ ਹੀ ਮੇਰਾ ਦੇਵਤਾ ਹੈ ਜਿਸ ਦੀ ਮੈਂ ਆਰਤੀ ਕਰਦਾ ਹਾਂ। ਸਰੀਰ ਦੀ ਖੋਜ ਹੀ ਮੇਰਾ ਮੰਦਰ ਹੈ ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ। ਕਾਇਆਂ ਦੀ ਖੋਜ ਹੀ ਮੈਂ ਜੰਗਮ ਅਤੇ ਜਾਤ੍ਰੂ ਲਈ ਤੀਰਥ ਦੀ ਜਾਤ੍ਰਾ ਹੈ। ਸਰੀਰ ਦੀ ਖੋਜ਼ ਹੀ ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ ਧੂਪ ਦੀਪ ਅਤੇ ਨੈਵੇਦ ਹੈ। ਕਾਇਆ ਦੀ ਖੋਜ਼ ਕਰ ਕੇ ਹੀ ਮੈਂ ਪੱਤੇ, ਫੁੱਲ ਆਦਿ ਦੀ ਭੇਟਾ ਰੱਖ ਕੇ ਆਪਣੇ ਅੰਦਰ ਵੱਸਦੇ ਪ੍ਰਭੂ ਦੇਵ ਦੀ ਪੂਜਾ ਕਰ ਰਿਹਾ ਹਾਂ।
ਭਗਤ ਪੀਪਾ ਜੀ ਬੇਨਤੀ ਕਰਦੇ ਹਨ ਕਿ ਜੋ ਸ੍ਰਿਸ਼ਟੀ ਦਾ ਰਚਣਹਾਰ ਪ੍ਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ ਉਹ ਹੀ ਸਾਡੇ ਸਰੀਰ ਵਿੱਚ ਹੈ। ਜੋ ਜੀਵ ਖੋਜ ਕਰਦਾ ਹੈ ਉਹ ਜੀਵ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ। ਜੇ ਸਤਿਗੁਰੂ ਮਿਲ ਜਾਵੇ ਤਾਂ ਸਰੀਰ ਅੰਦਰ ਹੀ ਪ੍ਰਮਾਤਮਾ ਦਾ ਦਰਸ਼ਨ ਕਰਾ ਦਿੰਦਾ ਹੈ।
ਹੇਠ ਦਿੱਤੇ ਸ਼ਬਦ ਤੋਂ ਇਹ ਸ਼ਪਸ਼ਟ ਹੁੰਦਾ ਹੈ ਕਿ ਭਗਤ ਕਬੀਰ ਜੀ ਦੋ ਵਾਰੀ ਮਗਹਰ ਜਾ ਕੇ ਰਹੇ ਸਨ ਅਤੇ ਉਨ੍ਹਾਂ ਆਪਣਾ ਸਰੀਰ ਭੀ ਮਗਹਰ ਵਿੱਚ ਹੀ ਤਿਆਗਿਆ ਸੀ। ਇਸ ਸ਼ਬਦ ਵਿੱਚ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਹੇ ਪ੍ਰਭੂ! ਕੇਵਲ ਤੂੰ ਹੀ ਮੇਰਾ ਸਹਾਰਾ ਹੈਂ। ਤੇਰੀ ਮਿਹਰ ਨਾਲ ਹੀ ਮੈਂ ਸਦਾ ਸੁਖੀ ਰਹਿੰਦਾ ਹਾਂ। ਮੈਂ ਕਿਸੇ ਨਰਕ-ਸੁਰਗ ਵਿੱਚ ਵਿਸ਼ਵਾਸ਼ ਨਹੀਂ ਰੱਖਦਾ।
ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥
ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥
ਅਬ ਤਬ ਜਬ ਕਬ ਤੁਹੀ ਤੁਹੀ ॥
ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥
ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥
ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥
ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥
ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥
ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥
ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ {ਪੰਨਾ 969}

ਅਰਥ: ਹੇ ਪ੍ਰਭੂ! ਤੂੰ ਹੀ ਕੇਵਲ ਤੂੰ ਹੀ ਮੇਰਾ ਸਹਾਰਾ ਹੈਂ। ਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਰਹਿੰਦਾ ਹਾਂ।੧। ਰਹਾਉ।
ਹੇ ਪ੍ਰਭੂ! ਤੂੰ ਹੀ ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ; ਇਸ ਲਈ ਮੈਂ ਕਿਸੇ ਤੀਰਥ ਉੱਤੇ ਜਾ ਕੇ ਵੱਸਣ ਦਾ ਮਨ ਨਹੀਂ ਬਣਾਇਆ। ਹੇ ਪ੍ਰਭੂ! ਤੂੰ ਸਦਾ ਅਡੋਲ ਰਹਿਣ ਵਾਲਾ ਹੈਂ। ਇਸ ਲਈ ਮੈਂ ਤੇਰਾ ਲੜ ਫੜ ਕੇ ਨਹੀਂ ਡੋਲਦਾ। ਹੇ ਪ੍ਰਭੂ! ਤੂੰ ਆਪ ਮੇਰੀ ਲਾਜ ਰੱਖ ਲਈ ਹੈ।
ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ ਮੈਂ ਤੇਰੇ ਤੇ ਭਰੋਸਾ ਕਰਕੇ ਮਗਹਰ ਜਾ ਵੱਸਿਆ, ਤੂੰ ਮਿਹਰ ਕੀਤੀ ਅਤੇ ਮੇਰੇ ਵਿਕਾਰਾਂ ਦੀ ਤਪਸ਼ ਮਗਹਰ ਵਿੱਚ ਹੀ ਬੁਝਾ ਦਿੱਤੀ। ਹੇ ਪ੍ਰਭੂ! ਮੈਂ ਤੇਰਾ ਦੀਦਾਰ ਪਹਿਲਾਂ ਉਸ ਵੇਲੇ ਕੀਤਾ ਜਦੋਂ ਮੈਂ ਮਗਹਰ ਵਿੱਚ ਰਹਿੰਦਾ ਸੀ ਅਤੇ ਤੇਰਾ ਦਰਸ਼ਨ ਕਰਨ ਤੋਂ ਬਾਅਦ ਮੈਂ ਕਾਸ਼ੀ ਵਿੱਚ ਵਾਪਿਸ ਆ ਗਿਆ।
ਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਵੇ, ਉਸੇ ਤਰ੍ਹਾਂ ਮੈਨੂੰ ਕੰਗਾਲ ਨੂੰ ਤੇਰਾ ਨਾਮ-ਧਨ ਮਿਲ ਗਿਆ ਹੈ, ਤੇਰੇ ਨਾਮ ਦੇ ਧਨ ਦੀ ਬਰਕਤ ਨਾਲ ਮੈਂ ਹੁਣ ਮਗਹਰ ਅਤੇ ਕਾਸ਼ੀ ਦੋਨ੍ਹਾਂ ਨੂੰ ਇੱਕੋ ਜਿਹਾ ਹੀ ਸਮਝ ਰਿਹਾ ਹਾਂ। ਪਰ ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵੱਸਣ ਦਾ ਮਾਣ ਹੈ ਉਹ ਹੰਕਾਰੀ ਜੀਵ ਹੰਕਾਰ ਵਿੱਚ ਦੁੱਖੀ ਰਹਿੰਦੇ ਹਨ।
ਮਾਣ ਭਾਵੇਂ ਕਿਸੇ ਵੀ ਗੱਲ ਦਾ ਹੋਵੇ; ਮਾਣ ਜੀਵ ਨੂੰ ਇਸ ਤਰ੍ਹਾਂ ਦੁਖੀ ਕਰਦਾ ਹੈ ਜਿਵੇਂ ਸੂਲਾਂ ਚੁੱਭਦੀਆਂ ਹਨ। ਕੋਈ ਵੀ ਉਨ੍ਹਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ। ਸਾਰੀ ਉਮਰ ਉਹ ਹੰਕਾਰੀ ਜੀਵ ਉਨ੍ਹਾਂ ਚੋਭਾਂ ਨਾਲ ਵਿਲਕਦੇ ਰਹਿੰਦੇ ਹਨ ਅਤੇ ਘੋਰ ਨਰਕ ਵਿੱਚ ਸੜਦੇ ਰਹਿਦੇ ਹਨ।
ਲੋਕ ਆਖਦੇ ਹਨ ਕਿ ਕਾਸ਼ੀ ਵਿੱਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ ਨਰਕ ਅਤੇ ਸੁਰਗ ਵਿਚਾਰੇ ਕੁਝ ਵੀ ਨਹੀਂ। ਮੈਂ ਤਾਂ ਨਰਕ ਅਤੇ ਸੁਰਗ; ਦੋਨ੍ਹੋਂ ਹੀ ਰੱਦ ਕਰ ਦਿੱਤੇ ਹਨ ਕਿਉਂਕਿ ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਕਿਸੇ ਸੁਰਗ ਜਾਂ ਨਰਕ ਵਿੱਚੋਂ ਕਿਸੇ ਦੇ ਭੀ ਮੁਥਾਜ ਨਹੀਂ ਰਿਹਾ।
ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਪਹੁੰਚ ਗਿਆ ਹਾਂ ਅਤੇ ਮੈਨੂੰ ਪ੍ਰਮਾਤਮਾ ਮਿਲ ਗਿਆ ਹੈ।
ਭਗਤ ਕਬੀਰ ਜੀ ਕਹਿੰਦੇ ਹਨ ਕਿ ਹੁਣ ਮੈਂ ਅਤੇ ਮੇਰਾ ਪ੍ਰਭੂ ਇੱਕ-ਰੂਪ ਹੋ ਗਏ ਹਾਂ, ਹੁਣ ਕੋਈ ਜੀਵ ਸਾਡੇ ਵਿੱਚ ਕੋਈ ਫ਼ਰਕ ਨਹੀ ਦੱਸ ਸਕਦਾ।
ਅਗਲਾ ਸ਼ਬਦ ਵੀ ਭਗਤ ਕਬੀਰ ਜੀ ਦਾ ਹੈ ਜੋ ਰਾਗ ਭੈਰਉ ਵਿੱਚ ਗੁਰੂ ਗ੍ਰੰਥ ਸਾਹਿਬ ਦੇ ੧੧੫੮ ਪੰਨੇ ਦੇ ਸ਼ਸ਼ੋਬਤ ਹੈ। ਇਸ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਕੋਈ ਸ਼ਕ ਨਹੀਂ ਰਹਿਣ ਦਿੱਤਾ ਅਤੇ ਸਾਨੂੰ ਦੱਸ ਦਿੱਤਾ ਹੈ ਕਿ ਰੱਬ ਦੀ ਪੂਜਾ ਲਈ ਕਿਸੇ ਵਸਤੂ ਦੀ ਲੋੜ੍ਹ ਨਹੀਂ । ਸੁਚੱਜੇ ਜੀਵਨ ਲਈ ਕੇਵਲ ਇੱਕ ਅਕਾਲ-ਪੁਰਖ ਤੇ ਭਰੋਸਾ ਰੱਖੋ।
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ ॥੧॥
ਜਉ ਹਉ ਬਉਰਾ ਤਉ ਰਾਮ ਤੋਰਾ ॥
ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥
ਤੋਰਉ ਨ ਪਾਤੀ ਪੂਜਉ ਨ ਦੇਵਾ ॥
ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥
ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥
ਐਸੀ ਸੇਵ ਦਰਗਹ ਸੁਖੁ ਪਾਵਉ ॥੩॥
ਲੋਗੁ ਕਹੈ ਕਬੀਰੁ ਬਉਰਾਨਾ ॥
ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥ ਪੰਨਾਂ ੧੧੫੮
ਅਰਥ: ਲੋਕਾਂ ਦੇ ਭਾਣੇ ਮੈਂ ਪਾਗਲ ਹਾਂ ਪਰ ਹੇ ਮੇਰੇ ਪ੍ਰਭੂ! ਮੈਨੂੰ ਇਹ ਵਿਸ਼ਵਾਸ਼ ਹੈ ਕਿ ਮੈਂ ਤੇਰਾ ਸੇਵਕ ਹਾਂ। ਦੁਨੀਆਂ ਮੇਰੇ ਦਿਲ ਦਾ ਭੇਤ ਨਹੀਂ ਜਾਣ ਸਕਦੀ।੧। ਰਹਾਉ।
ਦੁਨੀਆਂ ਮੈਨੂੰ ਇਸ ਲਈ ਪਾਗਲ ਆਖਦੀ ਹੈ ਕਿਉਂਕਿ ਮੈਂ ਕੋਈ ਧਾਰਮਿਕ ਪਹਿਰਾਵਾ ਨਹੀਂ ਪਹਿਨਦਾ ਅਤੇ ਨਾ ਹੀ ਮੈਂ ਮੰਦਰ ਆਦਿ ਵਿੱਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਕਰਦਾ ਹਾਂ। ਲੋਕ ਆਪਣੇ ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿੱਚ ਮਾਲਾ ਫੜ ਲੈਂਦੇ ਹਨ, ਧਾਰਮਿਕ ਭੇਖ ਬਣਾ ਲੈਂਦੇ ਹਨ ਅਤੇ ਇਹ ਸਮਝਦੇ ਹਨ ਕਿ ਉਹ ਪ੍ਰਮਾਤਮਾ ਦੇ ਭਗਤ ਬਣ ਗਏ ਹਨ। ਲੋਕਾਂ ਨੇ ਤਾਂ ਪ੍ਰਮਾਤਮਾ ਨੂੰ ਕੋਈ ਅਣਜਾਣ ਬੱਚਾ ਸਮਝ ਲਿਆ ਹੈ ਕਿ ਜਿਸ ਨੂੰ ਧਾਰਮਿਕ ਪਹਿਰਾਵੇ ਨਾਲ ਪਰਚਾਇਆ ਜਾ ਸਕਦਾ ਹੈ।
ਦੇਵਤਿਆਂ ਅੱਗੇ ਭੇਟਾ ਲਈ ਨਾ ਹੀ ਮੈਂ ਫੁੱਲ-ਪੱਤੇ ਤੋੜਦਾ ਹਾਂ, ਨਾ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਪ੍ਰਭੂ ਦੀ ਬੰਦਗੀ ਤੋਂ ਬਿਨ੍ਹਾਂ ਕਿਸੇ ਦੇਵੀ-ਦੇਵਤੇ ਦੀ ਪੂਜਾ ਵਿਅਰਥ ਹੈ।
ਮੈਂ ਆਪਣੇ ਸਤਿਗੁਰੂ ਅੱਗੇ ਸਿਰ ਨਿਵਾਉਂਦਾ ਹਾਂ। ਸਤਿਗੁਰੁ ਨੂੰ ਹੀ ਸਦਾ ਪ੍ਰਸੰਨ ਕਰਦਾ ਹਾਂ । ਸਤਿਗੁਰੁ ਦੀ ਇਸ ਸੇਵਾ ਨਾਲ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਜੁੜ ਕੇ ਸੁਖ ਮਾਣਦਾ ਹਾਂ।
ਲੋਕ ਆਖਦੇ ਹਨ ਭਗਤ ਕਬੀਰ ਪਾਗਲ ਹੋ ਗਿਆ ਹੈ ਕਿਉਂਕਿ ਨਾ ਮੈਂ ਤਿਲਕ ਆਦਿ ਲਾਉਂਦਾ ਹੈ ਅਤੇ ਨਾ ਹੀ ਫੁੱਲ ਪੱਤੇ ਲੈ ਕੇ ਕਿਸੇ ਮੰਦਰ ਵਿੱਚ ਭੇਟ ਕਰਦਾ ਹਾਂ ਪਰ ਮੇਰੇ ਦਿਲ ਦਾ ਭੇਤ ਹੇ ਪ੍ਰਮਾਤਮਾ! ਤੂੰ ਆਪ ਜਾਣਦਾ ਹੈ।
ਅਗਲੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਇਹ ਹੀ ਗੱਲ ਸਮਝਾਈ ਹੈ ਕਿ ਅਸੀਂ ਵੇਹਲੜ ਨਹੀਂ ਬਣਨਾ। ਕਿਸੇ ਨਾਲ ਧੋਖਾ ਜਾਂ ਰਿਸ਼ਵਤਖੋਰੀ ਨਹੀਂ ਕਰਨੀ। ਆਪਣੀ ਰੋਜ਼ੀ ਆਪ ਸੁਚੱਜੇ ਢੰਗ ਨਾਲ ਕਮਾਉਣੀ ਹੈ। ਇਸ ਕਮਾਈ ਵਿਚੋਂ ਲੋੜ੍ਹਵੰਦਾਂ ਦੀ ਸਹਾਇਤਾ ਵੀ ਕਰਨੀ ਹੈ ਅਤੇ ਆਪਣੀ ਟੇਕ ਅਤੇ ਭਰੋਸਾ ਕੇਵਲ ਇੱਕ ਰੱਬ ਤੇ ਰੱਖਣਾ ਹੈ।
ਸਲੋਕ ਮਃ ੧ ॥
ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥੧॥ ਪੰਨਾਂ ੧੨੪੫

ਅਰਥ: ਪੰਡਿਤ ਦਾ ਇਹ ਹਾਲ ਹੈ ਕਿ ਪ੍ਰਮਾਤਮਾ ਦਾ ਭਜਨ ਤਾਂ ਕਰਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ ਭਾਵ ਇਸ ਭਜਨ ਅਤੇ ਗਾਉਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ ਜਿਨ੍ਹਾਂ ਨਾਲ ਉਸ ਦੀ ਸਮਝ ਉੱਚੀ ਨਹੀਂ ਹੋ ਸਕੀ।
ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ ਭਾਵ ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ।
ਤੀਜਾ ਇਕ ਹੋਰ ਜੋਗੀ ਹੈ ਜੋ ਹੱਡ-ਹਰਾਮੀ ਕੰਨ ਪੜਵਾ ਕੇ ਫ਼ਕੀਰ ਬਣ ਜਾਂਦਾ ਹੈ ਅਤੇ ਅਪਣੀ ਕੁਲ ਦੀ ਅਣਖ ਗਵਾ ਬੈਠਦਾ ਹੈ। ਉਂਝ ਤਾਂ ਆਪਣੇ-ਆਪ ਨੂੰ ਗੁਰੂ ਪੀਰ ਅਖਵਾਂਦਾ ਹੈ ਪਰ ਰੋਟੀ ਦਰ-ਦਰ ਮੰਗਦਾ ਫਿਰਦਾ ਹੈ। ਅਜੇਹੇ ਬੰਦੇ ਦੇ ਕਦੇ ਵੀ ਪੈਰੀਂ ਭਾਵ ਮਗਰ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹ ਆਪ ਹੀ ਰੱਬੀ ਰਸਤੇ ਤੋਂ ਖੁੰਝਿਆ ਹੋਇਆ ਹੈ।
ਜੋ ਜੀਵ ਮਿਹਨਤ ਦੀ ਕਮਾਈ ਕਰਕੇ ਆਪ ਖਾਂਦਾ ਹੈ ਅਤੇ ਉਸ ਕਮਾਈ ਵਿੱਚੋਂ ਕੁੱਝ ਹੋਰ ਲੋੜ੍ਹਵੰਦ ਜੀਵਾਂ ਦੀ ਭੀ ਸਹਾਇਤਾ ਕਰਦਾ ਹੈ; ਹੇ ਨਾਨਕ! ਅਜਿਹੇ ਜੀਵ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ ਅਤੇ ਉਨ੍ਹਾਂ ਨੂੰ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ।
ਹੇਠ ਲਿਖੇ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਉਪਦੇਸ਼ ਕਰਦੇ ਹਨ ਕਿ ਜੇ ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹੇ ਅਤੇ ਵਿਸ਼ਨੂ-ਭਗਤੀ ਦੇ ਚਿਹਨ ਆਪਣੇ ਸਰੀਰ ਉੱਤੇ ਬਣਾਉਂਦਾ ਰਹੇ ਤਾਂ ਇਸ ਤਰੀਕੇ ਨਾਲ ਕਿਸੇ ਜੀਵ ਨੇ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ।
ਪ੍ਰਭਾਤੀ ਮਹਲਾ ੫ ॥
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥
ਪੂਜਾ ਕਰਹਿ ਬਹੁਤੁ ਬਿਸਥਾਰਾ ॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥
ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥
ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥
ਪਾਪ ਕਰਹਿ ਪੰਚਾਂ ਕੇ ਬਸਿ ਰੇ ॥
ਤੀਰਥਿ ਨਾਇ ਕਹਹਿ ਸਭਿ ਉਤਰੇ ॥
ਬਹੁਰਿ ਕਮਾਵਹਿ ਹੋਇ ਨਿਸੰਕ ॥
ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥
ਘੂਘਰ ਬਾਧਿ ਬਜਾਵਹਿ ਤਾਲਾ ॥
ਅੰਤਰਿ ਕਪਟੁ ਫਿਰਹਿ ਬੇਤਾਲਾ ॥
ਵਰਮੀ ਮਾਰੀ ਸਾਪੁ ਨ ਮੂਆ ॥
ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥
ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥
ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥
ਦੇਸੁ ਛੋਡਿ ਪਰਦੇਸਹਿ ਧਾਇਆ ॥
ਪੰਚ ਚੰਡਾਲ ਨਾਲੇ ਲੈ ਆਇਆ ॥੪॥
ਕਾਨ ਫਰਾਇ ਹਿਰਾਏ ਟੂਕਾ ॥
ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥
ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥
ਵੇਸਿ ਨ ਪਾਈਐ ਮਹਾ ਦੁਖਿਆਰੀ ॥੫॥
ਬੋਲੈ ਨਾਹੀ ਹੋਇ ਬੈਠਾ ਮੋਨੀ ॥
ਅੰਤਰਿ ਕਲਪ ਭਵਾਈਐ ਜੋਨੀ ॥
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥
ਹੁਕਮੁ ਨ ਬੂਝੈ ਵਿਆਪਿਆ ਮਮਤਾ ॥੬॥
ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥
ਪੂਛਹੁ ਸਗਲ ਬੇਦ ਸਿੰਮ੍ਰਿਤੇ ॥
ਮਨਮੁਖ ਕਰਮ ਕਰੈ ਅਜਾਈ ॥
ਜਿਉ ਬਾਲੂ ਘਰ ਠਉਰ ਨ ਠਾਈ ॥੭॥
ਜਿਸ ਨੋ ਭਏ ਗੋੁਬਿੰਦ ਦਇਆਲਾ ॥
ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥
ਕੋਟਿ ਮਧੇ ਕੋਈ ਸੰਤੁ ਦਿਖਾਇਆ ॥
ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥
ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥
ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥ {ਪੰਨਾ 1348}

ਪਦ ਅਰਥ: ਬਿਸਥਾਰਾ-ਖਿਲਾਰਾ; ਇਤੁ ਸੰਜਮਿ-ਇਸ ਤਰੀਕੇ ਨਾਲ; ਕਿਨ ਹੀ- ਕਿਸੇ ਨੇ ਭੀ; ਭਗਉਤੀ ਮੁਦ੍ਰਾ-ਵਿਸ਼ਨੂ-ਭਗਤੀ ਦੇ ਚਿਹਨ, ਘੂਘਰ-ਘੁੰਘਰੂ; ਵਰਮੀ-ਸੱਪ ਦੀ ਖੁੱਡ; ਮਾਰੀ-ਬੰਦ ਕਰ ਦਿੱਤੀ; ਅਪਦਾ-ਬਿਪਤਾ; ਫਰਾਇ-ਪੜਵਾ ਕੇ; ਹਿਰਾਏ-ਤੱਕਦਾ ਫਿਰਦਾ ਹੈ; ਟੂਕਾ-ਟੁੱਕਰ, ਮੋਨੀ-ਮੋਨਧਾਰੀ; ਪਰਮ ਗਤੇ-ਸਭ ਤੋਂ ਉੱਚੀ ਆਤਮਕ ਅਵਸਥਾ; ਬਾਲੂ-ਰੇਤ; ਠਉਰ ਠਾ-ਥਿੱਤਾ; ਪਾਲਾ-ਪੱਲੇ। ਕੋਟਿ; ਮਧੇ-ਕ੍ਰੋੜਾਂ ਵਿੱਚ; ਭਾਗੁ-ਕਿਸਮਤ; ਤਰੈ-ਪਾਰ ਲੰਘ ਜਾਂਦਾ ਹੈ।
ਅਰਥ: ਹੇ ਭਾਈ! ਜੇ ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹੇ ਪਰ ਆਪਣੇ ਸਰੀਰ ਉੱਤੇ ਵਿਸ਼ਨੂ-ਭਗਤੀ ਦੇ ਚਿਹਨ ਬਣਾਉਂਦਾ ਰਹੇ ਤਾਂ ਇਸ ਤਰੀਕੇ ਨਾਲ ਕਿਸੇ ਜੀਵ ਨੇ ਭੀ ਪ੍ਰਭੂਦਾ ਮਿਲਾਪ ਹਾਸਲ ਨਹੀਂ ਕੀਤਾ।੧। ਰਹਾਉ।
ਹੇ ਭਾਈ! ਜੇ ਮਨ ਵਿੱਚ ਕ੍ਰੋਧ ਟਿਕਿਆ ਰਹੇ, ਹੰਕਾਰ ਵੱਸਿਆ ਰਹੇ, ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ-ਖਿਲਾਰ ਕੇ ਜੀਵ ਦੇਵ ਪੂਜਾ ਕਰਦੇ ਰਹਿਣ ਜੇ ਤੀਰਥ-ਆਦਿ ਉੱਤੇ ਇਸ਼ਨਾਨ ਕਰ ਕੇ ਸਰੀਰ ਉੱਤੇ ਧਾਰਮਿਕ ਚਿਹਨਾਂ ਦੇ ਨਿਸ਼ਾਨ ਲਾਏ ਜਾਣ, ਇਸ ਤਰ੍ਹਾਂ ਵੀ ਕਦੇ ਮਨ ਤੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੁੰਦੀ।
ਹੇ ਭਾਈ! ਜਿਹੜੇ ਜੀਵ ਕਾਮਾਦਿਕ ਪੰਜਾਂ ਦੇ ਵੱਸ ਵਿੱਚ ਰਹਿ ਕੇ ਪਾਪ ਕਰਦੇ ਰਹਿੰਦੇ ਹਨ, ਫਿਰ ਕਿਸੇ ਤੀਰਥ ਉੱਤੇ ਇਸ਼ਨਾਨ ਕਰਕੇ ਆਖਦੇ ਹਨ ਕਿ ਸਾਡੇ ਸਾਰੇ ਪਾਪ ਲਹਿ ਗਏ ਹਨ ਪਰ ਮੁੜ ਮੁੜ ਉਹ ਹੀ ਪਾਪ ਕਰਦੇ ਰਹਿੰਦੇ ਹਨ ਤਾਂ ਉਹ ਤੀਰਥ-ਇਸ਼ਨਾਨ ਉਨ੍ਹਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ ਅਤੇ ਕੀਤੇ ਪਾਪਾਂ ਦੇ ਕਾਰਨ ਉਹ ਜਮਰਾਜ ਦੇ ਵੱਸ ਵਿੱਚ ਅਪੜਾਏ ਜਾਂਦੇ ਹਨ।
ਹੇ ਭਾਈ! ਜਿਹੜੇ ਜੀਵ ਘੁੰਘਰੂ ਬੰਨ੍ਹ ਕੇ ਕਿਸੇ ਮੂਰਤੀ ਅੱਗੇ ਜਾਂ ਰਾਸ ਆਦਿ ਵਿੱਚ ਤਾਲ ਵਜਾਉਂਦੇ ਹਨ; ਤਾਲ-ਸਿਰ ਨੱਚਦੇ ਹਨ, ਪਰ ਉਨ੍ਹਾਂ ਦੇ ਮਨ ਵਿੱਚ ਠੱਗੀ ਅਤੇ ਫ਼ਰੇਬ ਹੈ, ਉਹ ਜੀਵ ਅਸਲ ਵਿੱਚ ਸਹੀ ਜੀਵਨ-ਤਾਲ ਤੋਂ ਖੁੰਝੇ ਹੋਏ ਹਨ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਵੇ ਤਾਂ ਉਸ ਖੁੱਡ ਵਿੱਚ ਰਹਿਣ ਵਾਲਾ ਸੱਪ ਨਹੀਂ ਮਰਦਾ। ਹੇ ਭਾਈ! ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਹ ਤੇਰੇ ਦਿਲ ਦੀ ਹਰੇਕ ਗੱਲ ਜਾਣਦਾ ਹੈ।
ਹੇ ਭਾਈ! ਜਿਹੜਾ ਜੀਵ ਧੂਣੀਆਂ ਤਪਾਉਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ ਉਂਝ ਕਿਸੇ ਬਿਪਤਾ ਦਾ ਮਾਰਿਆ ਆਪਣੇ ਘਰੋਂ ਭੱਜ ਜਾਂਦਾ ਹੈ; ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿੱਚ ਭਟਕਦਾ ਫਿਰਦਾ ਹੈ, ਅਜਿਹਾ ਜੀਵ ਕਾਮਾਦਿਕ ਪੰਜ ਚੰਡਾਲਾਂ ਨੂੰ ਤਾਂ ਆਪਣੇ ਅੰਦਰ ਨਾਲ ਹੀ ਲਈ ਫਿਰਦਾ ਹੈ।
ਹੇ ਭਾਈ! ਜਿਹੜਾ ਜੀਵ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ ਕੰਨ ਪੜਵਾ ਕੇ ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਉਣ ਲਈ ਹੋਰਾਂ ਦੇ ਘਰ ਰੋਟੀਆਂ ਮੰਗਦਾ ਫਿਰਦਾ ਹੈ ਉਹ ਜੀਵ ਸਗੋਂ ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ। ਜੋ ਜੀਵ ਆਪਣੀ ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ ਉਸ ਦੀ ਤ੍ਰਿਪਤੀ ਨਹੀਂ ਹੁੰਦੀ।
ਹੇ ਭਾਈ! ਨਿਰੇ ਧਾਰਮਿਕ ਪਹਿਰਾਵੇ ਨਾਲ ਪ੍ਰਮਾਤਮਾ ਨਹੀਂ ਮਿਲਦਾ। ਇਸ ਤਰ੍ਹਾਂ ਸਗੋਂ ਜਿੰਦ ਬਹੁਤ ਦੁਖੀ ਹੁੰਦੀ ਹੈ।
ਹੇ ਭਾਈ! ਜਿਹੜਾ ਜੀਵ ਆਤਮਕ ਸ਼ਾਂਤੀ ਵਾਸਤੇ ਮੋਨਧਾਰੀ ਬਣ ਜਾਂਦਾ ਹੈ ਉਸਦੇ ਅੰਦਰ ਕਾਮਨਾ ਤਾਂ ਟਿਕੀ ਰਹਿੰਦੀ ਹੈ ਜਿਸ ਦੇ ਕਾਰਨ ਉਹ ਕਈ ਜੂਨਾਂ ਵਿੱਚ ਉਹ ਭਟਕਾਇਆ ਜਾਂਦਾ ਹੈ। ਅੰਨ ਖਾਣ ਤੋਂ ਪਰਹੇਜ਼ ਕਰਨ ਵਾਲਾ ਜੀਵ ਆਪਣੇ ਸਰੀਰ ਉੱਤੇ ਦੁੱਖ ਹੀ ਸਹਾਰਦਾ ਹੈ। ਜਦ ਤੱਕ ਜੀਵ ਪ੍ਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ, ਮਾਇਆ ਦੀ ਮਮਤਾ ਵਿੱਚ ਫਸਿਆ ਹੀ ਰਹਿੰਦਾ ਹੈ।
ਹੇ ਭਾਈ! ਬੇ-ਸ਼ੱਕ ਵੇਦ ਸਿਮ੍ਰਿਤੀਆਂ ਆਦਿ ਧਰਮ-ਪੁਸਤਕਾਂ ਨੂੰ ਭੀ ਵਿਚਾਰਦੇ ਰਹੋ, ਗੁਰੂ ਦੀ ਸ਼ਰਨ ਤੋਂ ਬਿਨ੍ਹਾਂ ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੀਵ ਜੋ ਭੀ ਧਾਰਮਿਕ ਕਰਮ ਕਰਦਾ ਹੈ ਉਸ ਦੇ ਇਹ ਸਾਰੇ ਧਾਰਮਿਕ ਕ੍ਰਮ ਵਿਅਰਥ ਹੀ ਜਾਂਦੇ ਹਨ, ਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਮਿਟ ਜਾਂਦਾ ਹੈ।
ਹੇ ਭਾਈ! ਜਿਸ ਜੀਵ ਉੱਤੇ ਪ੍ਰਮਾਤਮਾ ਦਇਆਵਾਨ ਹੋ ਜਾਵੇ, ਉਸ ਨੇ ਗੁਰੂ ਦਾ ਬਚਨ ਆਪਣੇ ਪੱਲੇ ਬੰਨ੍ਹ ਲਿਆ ਹੈ। ਪਰ ਇਹੋ ਜਿਹਾ ਜੀਵ ਕ੍ਰੋੜਾਂ ਵਿੱਚੋਂ ਕੋਈ ਵਿਰਲਾ ਹੀ ਵੇਖਣ ਵਿੱਚ ਆਉਂਦਾ ਹੈ।
ਹੇ ਨਾਨਕ ! ਮੈਂ ਤਾਂ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ।
ਹੇ ਭਾਈ! ਜੇ ਮੱਥੇ ਦਾ ਭਾਗ ਜਾਗ ਪਵੇ ਤਾਂ ਅਜਿਹੇ ਗੁਰਮੁਖਾਂ ਦਾ ਦਰਸ਼ਨ ਹੁੰਦਾ ਹੈ ਜਿਸ ਨਾਲ ਪ੍ਰਾਣੀ ਆਪ ਪਾਰ ਲੰਘਦਾ ਹੈ, ਆਪਣੇ ਸਾਰੇ ਪਰਵਾਰ ਨੂੰ ਭੀ ਪਾਰ ਲੰਘਾ ਲੈਂਦਾ ਹੈ। ਰਹਾਉ ਦੂਜਾ।੨।
ਇਸ ਲੇਖ ਦੀ ਸਮਾਪਤੀ ਅਸੀਂ ਗੁਰੂ ਅਰਜਨ ਸਾਹਿਬ ਇਸ ਹੇਠ ਦਿੱਤੇ ਸ਼ਬਦ ਨਾਲ ਕਰਦੇ ਹਾਂ ਜਿਸ ਵਿੱਚ ਉਪਦੇਸ਼ ਕਰਦੇ ਹਨ ਕਿ ਪ੍ਰਮਾਤਮਾ ਦਾ ਭਜਨ ਅਕਲ ਨਾਲ ਹੀ ਕੀਤਾ ਜਾ ਸਕਦਾ ਹੈ। ਪ੍ਰਮਾਤਮਾ ਦੇ ਉਸ ਭਜਨ ਵਿੱਚ ਕੋਈ ਵਿਖਾਵਾ, ਪੂਜਾ ਅਤੇ ਕ੍ਰਮ-ਕਾਂਡ ਆਦਿ ਨਹੀਂ ਹੁੰਦਾ।
ਆਸਾ ਮਹਲਾ ੫ ॥
ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥
ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥੧॥
ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥
ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥੧॥ ਰਹਾਉ ॥
ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥
ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥੨॥
ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥੩॥
ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥
ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥ ਪੰਨਾਂ ੩੮੧

ਪਦ ਅਰਥ: ਬਾਹਰੁ-ਸਰੀਰ; ਖੋਏ-ਗਵਾ ਲਵੇ; ਈਹਾ-ਇਥੇ, ਇਸ ਸੰਸਾਰ ਵਿੱਚ, ਕਾਮਿ-ਕਾਮ ਵਿੱਚ; ਵਿਆਪਿਆ-ਫਸਿਆ ਰਿਹਾ; ਆਗੈ-ਪਰਲੋਕ ਭਾਵ ਪਰਾਏ ਦੇਸ਼ ਵਿੱਚ; ਮੁਸਿ ਮੁਸਿ-ਹਟਕੋਰੇ ਲੈ-ਲੈ ਕੇ; ਮਤਿ-ਸਮਝ ਅਤੇ ਅਕਲ; ਹੋਰਾ-ਹੋਰ ਕਿਸਮ ਦੀ; ਵਰਮੀ-ਖੁੱਡ; ਡੋਰਾ-ਬੋਲਾ; ਕਿਰਤਿ-ਮਿਹਨਤ; ਸਾਰ-ਸਮਝ; ਕਉ-ਨੂੰ; ਤਰਕਨ ਲਾਗਾ-ਤਰਕ ਭਾਵ ਬਹਿਸਣ ਲੱਗ ਪਿਆ; ਤਤੁ-ਅਸਲੀਅਤ; ਜੋਗੁ-ਮਿਲਾਪ; ਢਬੂਆ-ਚਾਂਦੀ ਦਾ ਰੁਪਇਆ; ਕੂੜਿ-ਝੂਠ ਭਾਵ ਮਾਇਆ ਦੇ ਮੋਹ ਵਿੱਚ; ਕਪਟਿ-ਠੱਗੀ ਵਿੱਚ; ਬੰਚਿ-ਠਗ ਕੇ; ਨਿੰਮੁਨੀਆਦਾ-ਜਿਸ ਦੀ ਪੱਕੀ ਨੀਂਹ ਨਹੀਂ ਹੁੰਦੀ; ਤਤਕਾਲੇ- ਜਲਦੀ ਹੀ; ਸਤਿ-ਸੱਚ; ਸਮਾਲੇ-ਸਮਾਲਿ, ਸੰਭਾਲ ਕੇ।
ਅਰਥ: ਹੇ ਭਾਈ! ਪ੍ਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ। ਉਸ ਭਜਨ ਵਿੱਚ ਵਿਖਾਵਾ ਨਹੀਂ ਹੁੰਦਾ। ਜੇ ਪ੍ਰਾਣੀ ਪ੍ਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਪ੍ਰਾਣੀ ਪ੍ਰਮਾਤਮਾ ਦੇ ਨਾਮ ਵਲੋਂ ਬੋਲਾ ਰਹਿੰਦਾ ਹੈ ਤਾਂ ਉਸ ਪ੍ਰਾਣੀ ਦੇ ਬਾਹਰਲੇ ਧਾਰਮਕ ਕਰਮ ਅਤੇ ਵਿਖਾਵੇ ਇਸ ਤਰ੍ਹਾਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਥੀ ਵਜਾਏ ਸੱਪ ਦੀ ਖੁੱਡ ਨੂੰ ਹੀ ਕੁੱਟਿਆ ਜਾਂਦਾ ਹੈ। ਪਰ ਜੇ ਸੱਪ ਦੀ ਖੁੱਡ ਨੂੰ ਹੀ ਕੁੱਟਦੇ ਰਹੀਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ। ਇਸੇ ਤਰ੍ਹਾਂ ਬਾਹਰਲੇ ਕਰਮਾਂ ਅਤੇ ਧਾਰਮਕ ਚਿਨ੍ਹਾਂ ਨਾਲ ਰੱਬ ਜੀਵ ਦੇ ਵੱਸ ਵਿਚ ਨਹੀਂ ਆਉਂਦਾ।੧। ਰਹਾਉ।
ਜਿਹੜਾ ਜੀਵ ਤੀਰਥ ਆਦਿ ਤੇ ਨਿਰਾ ਪਿੰਡਾ ਧੋ ਕੇ ਅੰਦਰਲਾ ਮਨ ਵਿਕਾਰਾਂ ਨਾਲ ਮੈਲਾ ਹੀ ਰੱਖਦਾ ਹੈ ਉਹ ਜੀਵ ਦੋਵੇਂ ਲੋਕ ਅਤੇ ਪਰਲੋਕ ਗਵਾ ਲੈਂਦਾ ਹੈ। ਇਸ ਲੋਕ ਵਿੱਚ ਰਹਿੰਦਿਆਂ ਹੋਇਆਂ ਜੀਵ ਕਾਮ-ਵਾਸ਼ਨਾ, ਕ੍ਰੋਧ, ਮੋਹ ਆਦਿ ਵਿੱਚ ਫਸਿਆ ਰਹਿੰਦਾ ਹੈ ਅਤੇ ਅਗਾਂਹ ਪਰਲੋਕ ਵਿੱਚ ਜਾ ਕੇ ਹਟਕੋਰੇ ਲੈ ਲੈ ਕੇ ਰੋਂਦਾ ਹੈ।
ਜਿਸ ਜੀਵ ਨੇ ਤਿਆਗ ਦੇ ਭੁਲੇਖੇ ਵਿੱਚ ਰੋਜ਼ੀ ਦੀ ਖ਼ਾਤਰ ਮਾਇਆ ਕਮਾਉਣ ਦਾ ਉੱਦਮ ਛੱਡ ਦਿੱਤਾ ਉਹ ਵੇਹਲੜ ਜੀਵ ਭਗਤੀ ਦੀ ਕਦਰ ਭੀ ਨਹੀਂ ਜਾਣ ਸਕਦਾ।
ਜਿਹੜਾ ਜੀਵ ਵੇਦ, ਸ਼ਾਸਤਰ ਆਦਿ ਧਰਮ-ਪੁਸਤਕਾਂ ਨੂੰ ਕੇਵਲ ਬਹਿਸਾਂ ਵਿੱਚ ਹੀ ਵਰਤਣਾ ਸ਼ੁਰੂ ਕਰ ਦਿੰਦਾ ਹੈ ਉਹ ਜੀਵ ਆਤਮਕ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਦਾ।
ਉਹ ਜੀਵ ਪ੍ਰਮਾਤਮਾ ਦੇ ਮਿਲਾਪ ਨੂੰ ਸਮਝ ਨਹੀਂ ਸਕਦਾ।
ਜਿਵੇਂ ਕੋਈ ਖੋਟਾ ਰੁਪਇਆ ਜਦੋਂ ਸਰਾਫ਼ਾਂ ਦੀ ਨਜ਼ਰ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ; ਉਸੇ ਤਰ੍ਹਾਂ ਜਿਹੜਾ ਜੀਵ ਆਪਣੇ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਕ ਭੇਖ ਧਾਰਦਾ ਹੈ ਉਹ ਜੀਵ ਪ੍ਰਮਾਤਮਾ ਤੋਂ ਆਪਣਾ ਅੰਦਰਲਾ ਖੋਟ ਲੁਕਾ ਨਹੀਂ ਸਕਦਾ। ਹਰੇਕ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਜੀਵ ਦੀ ਹਰੇਕ ਕਰਤੂਤ ਜਾਣਦਾ ਹੈ।
ਜੀਵ ਦੀ ਇਸ ਸੰਸਾਰ ਵਿੱਚ ਜ਼ਿੰਦਗੀ ਬਹੁਤ ਥੋੜ੍ਹੀ ਹੈ ਪਰ ਇਹ ਜੀਵ ਮਾਇਆ ਦੇ ਮੋਹ ਅਤੇ ਠੱਗੀ-ਫ਼ਰੇਬਾੰ ਵਿੱਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਪੰਵੇਂ ਸਰੂਪ, ਗੁਰੂ ਅਰਜਨ ਸਾਹਿਬ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਹੇ ਭਾਈ! ਤੂੰ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪ੍ਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਦੇਖ। ਇਹ ਹੀ ਆਤਮਕ ਜੀਵਨ ਹੈ ਅਤੇ ਇਹ ਹੀ ਮਨੁੱਖਾ ਜੀਵਨ ਦਾ ਸਹੀ ਮਨੋਰਥ ਹੈ।

ਆਓ ਸਾਰੇ ਪਾਖੰਡਾਂ ਅਤੇ ਧਾਰਮਕ ਵਿਖਾਵਿਆਂ ਨੂੰ ਛੱਡ ਕੇ ਇੱਕ ਅਕਾਲ-ਪੁਰਖ ਦੇ ਨਾਮ ਨਾਲ ਜੁੜੀਏ ਅਤੇ ਆਪਣਾ ਜੀਵਨ ਸਫਲਾ ਕਰੀਏ।

ਵਾਹਿ ਗੁਰੂ ਜੀ ਕਾ ਖਾਲਸਾ ।।
ਵਾਹਿ ਗੁਰੂ ਜੀ ਕੀ ਫ਼ਤਹਿ ।।
.