.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਕਠਨ ਤਪਾਂ ਨਾਲ ਸੁੱਖ ਨਹੀਂ

ਭਾਰਤ ਦੀ ਭੂਗੋਲਿਕ ਸਥਿੱਤੀ ਜ਼ਿਆਦਾਤਰ ਵੱਖ ਵੱਖ ਮਤਾਂ ਨੂੰ ਮੰਨਣ ਵਾਲੀ ਹੈ। ਹਰੇਕ ਮਤ ਵਿਚ ਪੁਜਾਰੀਆਂ ਦਾ ਬੋਲ-ਬਾਲਾ ਰਿਹਾ ਹੈ। ਪੁਜਾਰੀ ਇਹ ਗੱਲ ਮਨਾਉਣ ਵਿਚ ਕਾਮਯਾਬ ਰਿਹਾ ਹੈ ਕਿ ਤੁਹਾਡੀ ਸਫਲਤਾ ਸਾਡੀਆਂ ਅਰਦਾਸਾਂ ਜਾਂ ਸਾਡੇ ਵਲੋਂ ਕੀਤੇ ਕਰਮ-ਕਾਂਡਾ ਦੁਆਰਾ ਹੀ ਹਨ, ਨਹੀਂ ਤਾਂ ਤੁਹਾਡੇ ‘ਤੇ ਬਹੁਤ ਵੱਡੀ ਸਾੜ੍ਹ ਸਤੀ ਵੀ ਆ ਸਕਦੀ ਹੈ। ਅਗਿਆਨਤਾ ਵੱਸ ਮਨੁੱਖ ਸਸਤੇ ਸੁੱਖਾਂ ਦੀ ਭਾਲ ਵਿਚ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਸਮਝ ਰਿਹਾ ਹੈ ਕਿ ਸ਼ਾਇਦ ਰੱਬ ਜੀ ਮੇਰੇ ਇੰਝ ਕਰਨ ਨਾਲ ਖੁਸ਼ ਹੋਣਗੇ। ਜਿੱਥੇ ਅਸੀਂ ਦੂਜਿਆਂ ਦੀ ਗੱਲ ਕਰਦੇ ਹਾਂ ਓੱਥੇ ਸਿੱਖ ਕੌਮ ਅੰਦਰ ਵੀ ਅਜੇਹੇ ਥੋਥੇ ਕਰਮ ਕਾਂਡਾਂ ਨੇ ਜਨਮ ਲੈ ਲਿਆ ਹੈ ਜਿਸ ਨਾਲ ਮਾਨਸਕ ਵਿਕਾਸ ਹੋਣ ਦੀ ਥਾਂ ‘ਤੇ ਸੁਭਾਅ ਵਿਚ ਕੁੜੱਤਣ ਨੇ ਹੀ ਜਨਮ ਲੈ ਲਿਆ ਹੈ। ਸਰੀਰਾਂ ਨੂੰ ਕਸ਼ਟ ਦੇਣ ਨਾਲ ਆਤਮਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਹਾਂ ਸਖਤ ਮਿਹਨਤ ਦੁਆਰਾ ਮਨੁੱਖ ਨੂੰ ਰੋਜ਼ੀ ਰੋਟੀ ਮਿਲ ਸਕਦੀ ਹੈ। ਸਰਲ ਤੇ ਸਿੱਧਾ-ਸਾਦਾ ਜੀਵਨ ਸਾਨੂੰ ਚੰਗੇਰੀਆਂ ਵਿਚਾਰਾਂ ਵਿਚੋਂ ਹੀ ਮਿਲ ਸਕਦਾ ਹੈ ਭਾਵ ਗਿਆਨ ਤਥਾ ਵਿਚਾਰ ਦੁਆਰਾ ਹੀ ਸੌਝੀ ਆ ਸਕਦੀ ਹੈ---
ਗਿਰੰਤ ਗਿਰਿ ਪਤਿਤ ਪਾਤਾਲੰ, ਜਲੰਤ ਦੇਦੀਪੵ ਬੈਸ੍ਵਾਂਤਰਹ॥
ਬਹੰਤਿ ਅਗਾਹ ਤੋਯੰ ਤਰੰਗੰ, ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ॥
ਅਨਿਕ ਸਾਧਨੰ ਨ ਸਿਧੵਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸ੍ਵਜਨਹ॥੧੭॥
ਅੱਖਰੀਂ ਅਰਥ--—
ਪਹਾੜ ਤੋਂ ਡਿੱਗ ਕੇ ਪਾਤਾਲ ਵਿਚ ਜਾ ਪੈਣਾ, ਭੜਕਦੀ ਅੱਗ ਵਿਚ ਸੜਨਾ, ਡੂੰਘੇ ਪਾਣੀਆਂ ਦiਆਂ ਠਿੱਲਾਂ ਵਿਚ ਰੁੜ੍ਹ ਜਾਣਾ—ਅਜੇਹੇ ਅਨੇਕਾਂ (ਕਠਨ) ਸਾਧਨ, ਘਰ ਦੀ ਚਿੰਤਾ (ਮਾਇਆ ਦੇ ਮੋਹ) ਅਤੇ ਜਨਮ ਮਰਨ ਦੇ ਦੁੱਖਾਂ ਤੋਂ (ਬਚਣ ਲਈ) ਸਫਲ ਨਹੀਂ ਹੁੰਦੇ ।ਹੇ ਨਾਨਕ ! ਸਦਾ ਲਈ ਜੀਵ ਦਾ ਆਸਰਾ ਗੁਰ-ਸ਼ਬਦ ਹੀ ਹੈ ਜੋ ਸਾਧ ਸੰਗਤਿ ਵਿਚ ਮਿਲਦਾ ਹੈ।
ਵਿਚਾਰ ਚਰਚਾ—ਜਦੋਂ ਮਨੁੱਖ ਉਦਮ ਦੇ ਮਹੱਤਵ ਨੂੰ ਸਮਝ ਲਏਗਾ ਤਾਂ ਉਹ ਕਦੇ ਵੀ ਆਲਸੀ ਨਹੀਂ ਹੋਏਗਾ। ਮਨੁੱਖ ਸਖਤ ਅਭਿਆਸ ਕਰਦਾ ਹੈ ਤਾਂ ਮੰਜ਼ਿਲਾਂ ਵੀ ਉਹ ਹੀ ਹਾਸਲ ਕਰਦਾ ਹੈ।ਹਰ ਖੇਤਰ ਵਿਚ ਕੀਤੀ ਹੋਈ ਮਿਹਨਤ ਹੀ ਤਪੱਸਿਆ ਹੈ।
੧ ਸੁੱਖ ਦੀ ਪ੍ਰਾਪਤੀ ਲਈ ਸਰੀਰ ਨੂੰ ਕਸ਼ਟ ਦੇਂਦਿਆਂ ਹੋਇਆ ਮਨੁੱਖ ਪਹਾੜ ਤੋਂ ਛਾਲ ਮਾਰ ਲਏ, ਹੱਡੀਆਂ ਤਾਂ ਤੁੜਵਾ ਲਏਗਾ ਪਰ ਮਾਨਸਕ, ਪਰਵਾਰ ਜਾਂ ਸਮਾਜ ਨੂੰ ਕਿਸੇ ਪਰਕਾਰ ਦੇ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
੨ ਅੱਜ ਦੀ ਤਾਰੀਕ ਵਿਚ ਵੀ ਕਈ ਜੋਗੀ ਧੂਣੀਆਂ ਤਾਅ ਕੇ ਤੇ ਕਈ ਟੋਏ ਕੱਢ ਕੇ ਤਪ ਕਰ ਰਹੇ ਹਨ। ਅਜੇਹੇ ਕਰਮ ਕਰਨ ਨਾਲ ਮਨੁੱਖ ਆਪਣੇ ਨੂੰ ਕਸ਼ਟ ਤਾਂ ਦੇ ਸਕਦਾ ਹੈ ਪਰ ਸਮਾਜ ਦਾ ਇੰਝ ਕਰਨ ਨਾਲ ਕੋਈ ਭਲਾ ਨਹੀਂ ਹੋ ਸਕਦਾ।
੩ ਡੂੰਘੇ ਪਾਣੀਆਂ ਵਿਚ ਆਪਣੇ ਆਪ ਨੂੰ ਡੋਬ ਲੈਣ ਨਾਲ ਆਪਣੀ ਹੀ ਜਾਨ ਜਾਣੀ ਹੈ ਪਰ ਮੁਕਤੀ ਦੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ।
੪ ਵਰਤਮਾਨ ਜੀਵਨ ਜਿਉਣ ਦੀ ਥਾਂ ‘ਤੇ ਮਰਣ ਉਪਰੰਤ ਕਿ ਕਿਸੇ ਸਵਰਗ ਦੀ ਭਾਲ ਵਿਚ ਧਰਮ ਦੇ ਨਾਂ ਹੇਠ ਆਪਣੇ ਸਰੀਰ ਨੂੰ ਕਸ਼ਟ ਦੇਈ ਜਾਣੇ ਸਿਰੇ ਦੀ ਮੂਰਖਤਾ ਹੈ।
੫ ਅਜੇਹੇ ਫੋਟਕ ਦੇ ਕਰਮਾਂ ਨਾਲ ਸਰੀਰ ਨੂੰ ਦੁੱਖ ਦਿੱਤਿਆਂ ਕਿਸੇ ਵੀ ਮੁਕਾਮ ‘ਤੇ ਬੰਦਾ ਨਹੀਂ ਪਹੁੰਚ ਸਕਦਾ।
੬ ਅਸਲ ਸੁੱਖ ਗੁਰੂ ਦੇ ਸ਼ਬਦ ਵਿਚ ਰੱਖਿਆ ਗਿਆ ਹੈ ਜਿਸ ਦੀ ਪਰਾਪਤੀ ਸੰਗਤ ਵਿਚ ਆਇਆਂ ਹੀ ਹੋ ਸਕਦੀ ਹੈ। ਸੰਗਤ ਤੋਂ ਭਾਵ ਵਿਚਾਰਵਾਨ ਹੋਣਾ, ਕੁਝ ਸਿੱਖਣ ਦੀ ਤਮੰਨਾ ਰੱਖਣੀ ਤੇ ਸਾਰਥਕ ਕਰਮਾਂ ਨੂੰ ਤਰਜੀਹ ਦੇਣੀ ਹੈ।
੭ ਸੰਗਤ ਵਿਚ ਆਉਣ ਦਾ ਭਾਵ ਕੇਵਲ ਏੰਨਾ ਕੁ ਨਹੀਂ ਹੈ ਕਿ ਬੱਸ ਹਾਜ਼ਰੀ ਭਰੀ ਤੇ ਘਰ ਨੂੰ ਆ ਗਏ।
੮ ਇਸ ਦਾ ਅਰਥ ਹੈ ਕਿ ਗੁਰ-ਗਿਆਨ ਦੀ ਸੰਗਤ ਕਰਨੀ ਭਾਵ ਸਿਧਾਂਤ ਨੂੰ ਸਮਝ ਕੇ ਆਪਣੇ ਜੀਵਨ ਵਿਚ ਲਾਗੂ ਕਰਨ ਤੋਂ ਹੈ।
੯ ਸ਼ਬਦ ਦੇ ਸਿਧਾਂਤ ਨੂੰ ਸਮਝਣ ਦੀ ਥਾਂ ‘ਤੇ ਸਿੱਖ ਕੌਮ ਅੰਦਰ ਵੀ ਦੁਪਹਿਰੇ, ਚੁਪਹਿਰੇ, ਰੈਣ ਸਬਾਈਆਂ, ਢਾਈ ਵਜੇ ਉੱਠਣਾ ਦਾ ਭਰਮ ਪਾਲ਼ ਲੈਣਾ, ਅੱਖਾਂ ਮੀਚ ਕੇ ਗੁਰਦੁਆਰੇ ਬੈਠ ਜਾਣਾ ਆਦ ਦੇ ਕਰਮਾਂ ਨੂੰ ਧਰਮ ਸਮਝ ਲਿਆ ਹੋਇਆ ਹੈ।
੧੦ ਕੋਈ ਹਰ ਰੋਜ਼ ਕੇਸੀ ਇਸ਼ਨਾਨ ਕਰਨ ‘ਤੇ ਜ਼ੋਰ ਦੇ ਰਿਹਾ, ਕੋਈ ਢਾਈ ਘੰਟੇ ਨਾਲ ਜਪਣ ਨੂੰ ਕਹਿ ਰਿਹਾ ਹੈ ਤੇ ਕੋਈ ਗਿਣਤੀਆਂ ਦੇ ਪਾਠ ਕਰਨ ਨੂੰ ਕਹਿ ਰਿਹਾ ਹੈ। ਹੋਰ ਤਾਂ ਹੋਰ ਹੁਣ ਚਲੀਹੇ ਕੱਟਣ ਲਈ ਵੀ ਪ੍ਰੇਰਤ ਕੀਤਾ ਜਾ ਰਿਹਾ ਹੈ।
੧੧ ਇਹਨਾਂ ਫੋਕਟ ਦੇ ਸਾਧਨਾਂ ਨਾਲ ਕਿਸੇ ਨੂੰ ਕੋਈ ਸ਼ਾਂਤੀ, ਸੁੱਖ ਨਹੀਂ ਮਿਲ ਸਕਦਾ—
ਸਲੋਕੁ ਮਃ ੩ ॥ ਮਨ ਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥
ਮਨ ਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ॥
ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ॥੧॥
ਸਲੋਕ ਮ: ੩ ਪੰਨਾ ੫੯੩




.